.

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਸੋਲ੍ਹਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ ਇਸ ਤੋਂ ਪਹਿਲਾਂ ਆ ਚੁੱਕੇ ਇਸਦੇ ਪੰਦਰਾਂ ਭਾਗ ਹੋਰ ਵੀ ਪੜੋ ਜੀ)

ਪਉੜੀ ਨੰ: ੭ ਦਾ ਮੂਲ ਪਾਠ ਸਲੋਕਾਂ ਸਹਿਤ:-

ਸਲੋਕੁ ਮਃ ੩॥ ਰੈਣਾਇਰ ਮਾਹਿ ਅਨੰਤੁ ਹੈ ਕੂੜੀ ਆਵੈ ਜਾਇ॥ ਭਾਣੈ ਚਲੈ ਆਪਣੈ ਬਹੁਤੀ ਲਹੈ ਸਜਾਇ॥ ਰੈਣਾਇਰ ਮਹਿ ਸਭੁ ਕਿਛੁ ਹੈ ਕਰਮੀ ਪਲੈ ਪਾਇ॥ ਨਾਨਕ ਨਉ ਨਿਧਿ ਪਾਈਐ ਜੇ ਚਲੈ ਤਿਸੈ ਰਜਾਇ॥   

ਮਃ ੩॥ ਸਹਜੇ ਸਤਿਗੁਰੁ ਨ ਸੇਵਿਓ ਵਿਚਿ ਹਉਮੈ ਜਨਮਿ ਬਿਨਾਸੁ॥ ਰਸਨਾ ਹਰਿ ਰਸੁ ਨ ਚਖਿਓ ਕਮਲੁ ਨ ਹੋਇਓ ਪਰਗਾਸੁ॥ ਬਿਖੁ ਖਾਧੀ ਮਨਮੁਖੁ ਮੁਆ ਮਾਇਆ ਮੋਹਿ ਵਿਣਾਸੁ॥ ਇਕਸੁ ਹਰਿ ਕੇ ਨਾਮ ਵਿਣੁ ਧ੍ਰਿਗੁ ਜੀਵਣੁ ਧ੍ਰਿਗੁ ਵਾਸੁ॥

ਜਾ ਆਪੇ ਨਦਰਿ ਕਰੇ ਪ੍ਰਭੁ ਸਚਾ ਤਾ ਹੋਵੈ ਦਾਸਨਿ ਦਾਸੁ॥ ਤਾ ਅਨਦਿਨੁ ਸੇਵਾ ਕਰੇ ਸਤਿਗੁਰੂ ਕੀ ਕਬਹਿ ਨ ਛੋਡੈ ਪਾਸੁ॥ ਜਿਉ ਜਲ ਮਹਿ ਕਮਲੁ ਅਲਿਪਤੋ ਵਰਤੈ ਤਿਉ ਵਿਚੇ ਗਿਰਹ ਉਦਾਸੁ॥ ਜਨ ਨਾਨਕ ਕਰੇ ਕਰਾਇਆ ਸਭੁ ਕੋ ਜਿਉ ਭਾਵੈ ਤਿਵ ਹਰਿ ਗੁਣਤਾਸੁ॥   

ਪਉੜੀ॥ ਛਤੀਹ ਜੁਗ ਗੁਬਾਰੁ ਸਾ ਆਪੇ ਗਣਤ ਕੀਨੀ॥ ਆਪੇ ਸ੍ਰਿਸਟਿ ਸਭ ਸਾਜੀਅਨੁ ਆਪਿ ਮਤਿ ਦੀਨੀ॥ ਸਿਮ੍ਰਿਤਿ ਸਾਸਤ ਸਾਜਿਅਨੁ ਪਾਪ ਪੁੰਨ ਗਣਤ ਗਣੀਨੀ॥ ਜਿਸੁ ਬੁਝਾਏ ਸੋ ਬੁਝਸੀ ਸਚੈ ਸਬਦਿ ਪਤੀਨੀ॥ ਸਭੁ ਆਪੇ ਆਪਿ ਵਰਤਦਾ ਆਪੇ ਬਖਸਿ ਮਿਲਾਈ॥   

(ਪਉੜੀ ਨੰ: ੭ ਦੀ ਸਟੀਕ-ਸਲੋਕਾਂ ਅਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕੁ ਮਃ ੩॥ ਰੈਣਾਇਰ ਮਾਹਿ ਅਨੰਤੁ ਹੈ, ਕੂੜੀ ਆਵੈ ਜਾਇ॥ ਭਾਣੈ ਚਲੈ ਆਪਣੈ, ਬਹੁਤੀ ਲਹੈ ਸਜਾਇ॥ ਰੈਣਾਇਰ ਮਹਿ ਸਭੁ ਕਿਛੁ ਹੈ, ਕਰਮੀ ਪਲੈ ਪਾਇ॥ ਨਾਨਕ ਨਉਨਿਧਿ ਪਾਈਐ, ਜੇ ਚਲੈ ਤਿਸੈ ਰਜਾਇ॥ ੧॥ {ਪੰਨਾ ੯੪੯}

ਪਦ ਅਰਥ : —ਰੈਣਾਇਰ—ਸਮੁੰਦਰ (ਸੰਸਾਰ ਸਮੁੰਦਰ)। ਕੂੜੀ—ਸੰਸਾਰਕ ਮੋਹ ਮਾਇਆ ਅਤੇ ਨਾਸਵੰਤ ਪਦਾਰਥਾਂ `ਚ ਖੱਚਤ ਮਨੁੱਖ। ਆਵੈ ਜਾਇ—ਜਨਮ-ਮਰਨ ਦੇ ਗੇੜ `ਚ ਪਿਆ ਰਹਿੰਦਾ ਹੈ। ਕਰਮੀ— (ਪ੍ਰਭੂ ਦੀ) ਮਿਹਰ ਨਾਲ। ਨਉਨਿਧਿ—ਨੌ ਖ਼ਜ਼ਾਨੇ (ਪ੍ਰਭੂ ਦਾ ਨਾਮ ਜਿਹੜਾ ਅਪਣੇ ਆਪ `ਚ ਹੀ ਸ੍ਰਿਸ਼ਟੀ ਦੇ ਨੌ ਖ਼ਜ਼ਾਨੇ ਹਨ)।

ਅਰਥ : — "ਰੈਣਾਇਰ ਮਾਹਿ ਅਨੰਤੁ ਹੈ, ਕੂੜੀ ਆਵੈ ਜਾਇ" - ਬੇਅੰਤ ਪ੍ਰਭੂ, ਇਸ ਸੰਸਾਰ ਸਮੁੰਦ੍ਰ `ਚ ਆਪ ਵੱਸ ਰਿਹਾ ਹੈ, ਪਰ ਉਸ ‘ਅਨੰਤ’ ਪ੍ਰਭੂ ਨੂੰ ਵਿਸਾਰ ਕੇ ਨਾਸਵੰਤ ਪਦਾਰਥਕ ਤੇ ਮਾਇਕ ਰਸਾਂ `ਚ ਖੱਚਤ ਰਹਿਕੇ ਮਨੁੱਖ ਮੁੜ-ਮੁੜ ਜਨਮ-ਮਰਨ ਦੇ ਉਸੇ ਗੇੜ `ਚ ਪਿਆ ਰਹਿੰਦਾ ਹੈ।

"ਭਾਣੈ ਚਲੈ ਆਪਣੈ, ਬਹੁਤੀ ਲਹੈ ਸਜਾਇ" - ਮਨਮਤੀਆ ਆਪਹੁੱਦਰਾ ਮਨੁੱਖ ਨਿਗੁਰਾ ਰਹਿਕੇ ਉਸ ਸਰਬਵਿਆਪਕ "ਅਨੰਤ" ਪ੍ਰਭੂ ਦੀ ਸਿਫ਼ਤ ਸਲਾਹ ਨਾਲ ਨਹੀਂ ਜੁੜਦਾ। ਜਿਸ ਤੋਂ ਇਹ ਜੀਵਨ ਭਰ ਭਟਕਿਆ, ਕੁਰਾਹੇ ਪਿਆ ਮਾਇਕ ਰਸਾਂ `ਚ ਖੱਚਤ ਸਦਾ ਦੁਖੀ ਤੇ ਮਨ ਕਰਕੇ ਅਸ਼ਾਂਤ ਤੇ ਭਟਕਣਾ `ਚ ਹੀ ਪਿਆ ਰਹਿੰਦਾ ਹੈ। ਯਥਾ:-

() "ਕਰਿ ਅਨਰਥ ਦਰਬੁ ਸੰਚਿਆ ਸੋ ਕਾਰਜਿ ਕੇਤੁ॥ ਜੈਸਾ ਬੀਜੈ ਸੋ ਲੁਣੈ ਕਰਮ ਇਹੁ ਖੇਤੁ॥ ਅਕਿਰਤਘਣਾ, ਹਰਿ ਵਿਸਰਿਆ, ਜੋਨੀ ਭਰਮੇਤੁ" (ਪੰ: ੭੦੬)

() "ਮਨਮੁਖ ਖੋਟੀ ਰਾਸਿ, ਖੋਟਾ ਪਾਸਾਰਾ॥ ਕੂੜੁ ਕਮਾਵਨਿ ਦੁਖੁ ਲਾਗੈ ਭਾਰਾ॥ ਭਰਮੇ ਭੂਲੇ ਫਿਰਨਿ ਦਿਨ ਰਾਤੀ, ਮਰਿ ਜਨਮਹਿ, ਜਨਮੁ ਗਵਾਵਣਿਆ" (ਪੰ: ੧੧੬)

() "ਸਬਦੁ ਨ ਜਾਣਹਿ ਸੇ ਅੰਨੇ ਬੋਲੇ, ਸੇ ਕਿਤੁ ਆਏ ਸੰਸਾਰਾ॥ ਹਰਿ ਰਸੁ ਨ ਪਾਇਆ, ਬਿਰਥਾ ਜਨਮੁ ਗਵਾਇਆ, ਜੰਮਹਿ ਵਾਰੋ ਵਾਰਾ॥ ਬਿਸਟਾ ਕੇ ਕੀੜੇ ਬਿਸਟਾ ਮਾਹਿ ਸਮਾਣੇ, ਮਨਮੁਖ ਮੁਗਧ ਗੁਬਾਰਾ" (ਪੰ: ੬੦੧) ਆਦਿ

"ਰੈਣਾਇਰ ਮਹਿ ਸਭੁ ਕਿਛੁ ਹੈ, ਕਰਮੀ ਪਲੈ ਪਾਇ" - ਜਦਕਿ ਪ੍ਰਭੂ ਵੱਲੋਂ ਸਭ ਕੁੱਝ ਹੀ ਇਸ ਸੰਸਾਰ ਸਾਗਰ `ਚ ਪ੍ਰਾਪਤ ਹੈ, ਪਰ ਉਸਦਾ ਲਾਭ ਕੇਵਲ ਪ੍ਰਭੂ ਦੀ ਮਿਹਰ ਨਾਲ ਹੀ ਪ੍ਰਾਪਤ ਹੁੰਦਾ ਹੈ, ਉਸ ਤੋਂ ਬਿਨਾ ਨਹੀਂ।

"ਨਾਨਕ ਨਉਨਿਧਿ ਪਾਈਐ, ਜੇ ਚਲੈ ਤਿਸੈ ਰਜਾਇ॥ ੧॥" - ਤਾਂ ਤੇ ਹੇ ਨਾਨਕ! ਜਿਹੜਾ ਮਨੁੱਖ ਪ੍ਰਭੂ ਦੀ ਰਜ਼ਾ `ਚ ਚਲਦਾ ਹੈ, ਉਸ ਨੂੰ ਪ੍ਰਭੂ ਦੇ ਤੌਂ ਮੰਨੇ ਜਾਂਦੇ ਸਾਰੇ ਦੇ ਸਾਰੇ ਨੌ ਖ਼ਜ਼ਾਨੇ ਆਪਣੇ ਆਪ ਪ੍ਰਾਪਤ ਹੋ ਜਾਂਦੇ ਹਨ। ੧। ਯਥਾ:-

() "ਇਹੁ ਜਗਤੁ ਮਮਤਾ ਮੁਆ, ਜੀਵਣ ਕੀ ਬਿਧਿ ਨਾਹਿ॥ ਗੁਰ ਕੈ ਭਾਣੈ ਜੋ ਚਲੈ, ਤਾਂ ਜੀਵਣ ਪਦਵੀ ਪਾਹਿ" (ਪੰ: ੫੦੮)

() "ਸਭੁ ਕਿਛੁ ਵਸਗਤਿ ਸਾਹਿਬੈ, ਆਪੇ ਕਰਣ ਕਰੇਵ॥ ਸਤਿਗੁਰ ਕੈ ਬਲਿਹਾਰਣੈ, ਮਨਸਾ ਸਭ ਪੂਰੇਵ" (ਪੰ: ੪੪)

() "ਆਪੇ ਜਾਣੈ, ਆਪੇ ਦੇਇ॥ ਆਖਹਿ ਸਿ ਭਿ ਕੇਈ ਕੇਇ॥ ਜਿਸਨੋ ਬਖਸੇ ਸਿਫਤਿ ਸਾਲਾਹ॥ ਨਾਨਕ ਪਾਤਿਸਾਹੀ ਪਾਤਿਸਾਹੁ" (ਬਾਣੀ ਜਪੁ)

() "ਸਾਚੇ ਤੇ ਪਵਨਾ ਭਇਆ, ਪਵਨੈ ਤੇ ਜਲੁ ਹੋਇ॥ ਜਲ ਤੇ ਤ੍ਰਿਭਵਣੁ ਸਾਜਿਆ, ਘਟਿ ਘਟਿ ਜੋਤਿ ਸਮੋਇ" (ਪੰ: ੧੯) ਆਦਿ

ਮਃ ੩॥ ਸਹਜੇ ਸਤਿਗੁਰੁ ਨ ਸੇਵਿਓ, ਵਿਚਿ ਹਉਮੈ ਜਨਮਿ ਬਿਨਾਸੁ॥ ਰਸਨਾ ਹਰਿ ਰਸੁ ਨ ਚਖਿਓ, ਕਮਲੁ ਨ ਹੋਇਓ ਪਰਗਾਸੁ॥ ਬਿਖੁ ਖਾਧੀ ਮਨਮੁਖੁ ਮੁਆ, ਮਾਇਆ ਮੋਹਿ ਵਿਣਾਸੁ॥ ਇਕਸੁ ਹਰਿ ਕੇ ਨਾਮ ਵਿਣੁ, ਧ੍ਰਿਗੁ ਜੀਵਣੁ ਧ੍ਰਿਗੁ ਵਾਸੁ॥ ਜਾ ਆਪੇ ਨਦਰਿ ਕਰੇ ਪ੍ਰਭੁ ਸਚਾ, ਤਾ ਹੋਵੈ ਦਾਸਨਿ ਦਾਸੁ॥ ਤਾ ਅਨਦਿਨੁ ਸੇਵਾ ਕਰੇ ਸਤਿਗੁਰੂ ਕੀ, ਕਬਹਿ ਨ ਛੋਡੈ ਪਾਸੁ॥ ਜਿਉ ਜਲ ਮਹਿ ਕਮਲੁ ਅਲਿਪਤੋ ਵਰਤੈ, ਤਿਉ ਵਿਚੇ ਗਿਰਹ ਉਦਾਸੁ॥ ਜਨ ਨਾਨਕ ਕਰੇ ਕਰਾਇਆ ਸਭੁ ਕੋ, ਜਿਉ ਭਾਵੈ ਤਿਵ ਹਰਿ ਗੁਣਤਾਸੁ॥ ੨॥ {ਪੰਨਾ ੯੪੯}

ਪਦ ਅਰਥ : —ਸਹਜੇ—ਸਹਜ ਅਵਸਥਾ `ਚ, ਆਪ-ਮੁਹਾਰੇ, ਅਡੋਲਤਾ `ਚ। ਜਨਮਿ—ਜਨਮ ਲੈ ਕੇ, ਮਨੁੱਖਾ ਜਨਮ ਪ੍ਰਾਪਤ ਕਰਕੇ। ਜਨਮਿ ਬਿਨਾਸੁ— ਪ੍ਰਭੂ ਵਲੋਂ ਮਨੁੱਖਾ ਜਨਮ ਪਾ ਕੇ ਵੀ ਉਸ ਨੂੰ ਬਿਰਥਾ ਕਰ ਦੇਣਾ। ਰਸਨਾ—ਜੀਭ ਨਾਲ। ਪਰਗਾਸੁ—ਖਿੜਾਉ। ਮੋਹਿ—ਮੋਹ `ਚ। ਧ੍ਰਿਗੁ—ਫਿਟਕਾਰ-ਜੋਗ। ਵਾਸੁ—ਵਸੇਵਾ, ਵਾਸਾ। ਦਾਸਨਿ ਦਾਸੁ—ਦਾਸਾਂ ਦਾ ਦਾਸ। ਅਨਦਿਨੁ—ਹਰ ਰੋਜ਼, ਦਿਨ-ਰਾਤ। ਪਾਸੁ—ਪਾਸਾ, ਸਾਥ। ਅਲਿਪਤੋ—ਨਿਰਲੇਪ, ਨਿਰਾਲਾ। ਗਿਰਹੁ—ਗ੍ਰਿਹਸਤ। ਗੁਣਤਾਸੁ—ਗੁਣਾਂ ਦਾ ਖ਼ਜ਼ਾਨਾ।

ਅਰਥ : — "ਸਹਜੇ ਸਤਿਗੁਰੁ ਨ ਸੇਵਿਓ, ਵਿਚਿ ਹਉਮੈ ਜਨਮਿ ਬਿਨਾਸੁ" - ਜਿਹੜਾ ਮਨੁੱਖ ਸ਼ਬਦ-ਗੁਰੂ ਦੀ ਕਮਾਈ ਨਹੀਂ ਕਰਦਾ, ਦ੍ਰਿੜਤਾ ਨਾਲ ਸਤਿਗੁਰੁ ਦੇ ਆਦੇਸ਼ਾਂ ਦੀ ਪਾਲਨਾ ਨਹੀਂ ਕਰਦਾ, ਉਹ ਹਉਮੈ ਰੋਗ `ਚ ਗ੍ਰਸਿਆ ਰਹਿ ਕੇ, ਪ੍ਰਭੂ ਵੱਲੋਂ ਪ੍ਰਾਪਤ ਮਨੁੱਖਾ ਜਨਮ ਵਾਲੇ ਸੁ-ਅਵਸਰ ਨੂੰ ਵੀ ਬਿਰਥਾ ਕਰਕੇ ਜਾਂਦਾ ਹੈ। ਯਥਾ:-

() "ਤ੍ਰਿਹੁ ਗੁਣਾ ਵਿਚਿ ਸਹਜੁ ਨ ਪਾਈਐ, ਤ੍ਰੈ ਗੁਣ ਭਰਮਿ ਭੁਲਾਇ॥ ਪੜੀਐ ਗੁਣੀਐ ਕਿਆ ਕਥੀਐ, ਜਾ ਮੁੰਢਹੁ ਘੁਥਾ ਜਾਇ॥ ਚਉਥੇ ਪਦ ਮਹਿ ਸਹਜੁ ਹੈ, ਗੁਰਮੁਖਿ ਪਲੈ ਪਾਇ" (ਪੰ: ੬੮)

() "ਲਖ ਚਉਰਾਸੀਹ ਫੇਰੁ ਪਇਆ ਕਾਮਣਿ ਦੂਜੈ ਭਾਇ॥ ਬਿਨੁ ਗੁਰ ਨੀਦ ਨ ਆਵਈ ਦੁਖੀ ਰੈਣਿ ਵਿਹਾਇ॥ ਬਿਨੁ ਸਬਦੈ ਪਿਰੁ ਨ ਪਾਈਐ ਬਿਰਥਾ ਜਨਮੁ ਗਵਾਇ" (ਪੰ: ੩੧)

() "ਮਨਮੁਖਿ ਸਬਦੁ ਨ ਭਾਵੈ ਬੰਧਨਿ ਬੰਧਿ ਭਵਾਇਆ॥ ਲਖ ਚਉਰਾਸੀਹ ਫਿਰਿ ਫਿਰਿ ਆਵੈ ਬਿਰਥਾ ਜਨਮੁ ਗਵਾਇਆ" (ਪੰ: ੬੯) ਆਦਿ

"ਰਸਨਾ ਹਰਿ ਰਸੁ ਨ ਚਖਿਓ, ਕਮਲੁ ਨ ਹੋਇਓ ਪਰਗਾਸੁ" -ਜਿਹੜਾ ਮਨੁੱਖਾ ਜਨਮ ਪਾ ਕੇ ਵੀ ਜੀਭ ਨਾਲ ਭਾਵ ਮਨ ਕਰਕੇ ਸ਼ਬਦ-ਗੁਰੂ ਦੀ ਸ਼ਰਣ `ਚ ਨਹੀਂ ਆ ਕੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਨਹੀਂ ਜੁੜਦਾ ਤੇ ਲੀੜਨ ਦਾ ਅਸਲ ਆਨੰਦ ਨਹੀਂ ਮਾਣਦਾ ਉਸਦਾ ਹਿਰਦਾ ਰੂਪੀ ਕਮਲ ਨਹੀਂ ਖਿੜਦਾ ਭਾਵ ਉਸ ਦੇ ਜੀਵਨ ਅੰਦਰ ਕਦੇ ਸਦੀਵੀ ਟਿਕਾਅ ਤੇ ਆਤਮਕ ਆਨੰਦ ਵਾਲੀ ਅਵਸਥਾ ਵੀ ਪੈਦਾ ਨਹੀਂ ਹੁੰਦੀ।

"ਬਿਖੁ ਖਾਧੀ ਮਨਮੁਖੁ ਮੁਆ, ਮਾਇਆ ਮੋਹਿ ਵਿਣਾਸੁ" - ਆਪਣੇ ਮਨ ਪਿੱਛੇ ਟੁਰਨ ਵਾਲਾ ਅਜਿਹਾ ਮਨਮੁਖ, ਮਨਮਤੀਆ, ਆਪਹੁੱਦਰਾ ਮਨੁੱਖ, ਜੀਵਨ ਭਰ ਵਿਕਾਰਾਂ ਤੇ ਮਾਇਕ ਬੰਧਨਾ `ਚ ਗ੍ਰਸਿਆ ਰਹਿਕੇ ਮੋਹ-ਮਾਇਆ ਦਾ ਵਿਸ਼ ਹੀ ਭੁੰਚਦਾ ਹੈ।

ਇਸ ਤਰ੍ਹਾਂ ਉਹ ਮਨੁੱਖਾ ਜਨਮ ਦੇ ਪ੍ਰਭੂ ਮਿਲਾਪ ਦੇ ਇਕੋ-ਇਕ ਮਕਸਦ ਤੋਂ ਖੁੰਜਿਆ ਤੇ ਵਾਂਝਾ ਰਹਿਕੇ ਜੀਂਦੇ-ਜੀਅ ਆਪਣੇ ਲਈ ਆਤਮਕ ਮੌਤ ਸਹੇੜੀ ਰਖਦਾ ਹੈ।

ਜਿਸਤੋਂ ਉਸਦਾ ਪ੍ਰਾਪਤ ਮਨੁੱਖ ਜਨਮ ਵੀ ਨਿਹਫਲ ਜਾਂਦਾ ਹੈ; ਭਾਵ ਉਹ ਜੀਦੇ ਜੀਅ ਵੀ ਵਿਕਾਰਾਂ ਦੀ ਮਾਰ ਸਹਿਣ ਨੂੰ ਮਜਬੂਰ ਹੁੰਦਾ ਹੈ ਤੇ ਸਰੀਰ ਤਿਆਗਣ ਬਾਅਦ ਵੀ ਉਹ ਭਿੰਨ-ਭਿਂਨ ਜੂਨਾਂ-ਜਨਮਾਂ ਤੇ ਗਰਭਾਂ ਦੇ ਗੇੜ `ਚ ਪਿਆ ਰਹਿ ਕੇ ਪਛਤਾਉਂਦਾ ਹੈ।

"ਇਕਸੁ ਹਰਿ ਕੇ ਨਾਮ ਵਿਣੁ, ਧ੍ਰਿਗੁ ਜੀਵਣੁ ਧ੍ਰਿਗੁ ਵਾਸੁ" - ਕਿਉਂਕਿ ਪ੍ਰਭੂ ਦੀ ਬਖ਼ਸ਼ਿਸ਼ ਨਾਲ ਮਨੁੱਖਾ ਜਨਮ ਪ੍ਰਾਪਤ ਹੋ ਜਾਣ `ਤੇ ਵੀ ਪ੍ਰਭੂ ਦੀ ਸਿਫ਼ਤ ਸਲਾਹ ਤੇ ਨਾਮ ਸਿਮਰਨ ਤੋਂ ਬਿਨਾ ਮਨੁੱਖਾ ਜੀਵਨ ਜੀਊਣਾ ਫਿਟਕਾਰ-ਜੋਗ ਹੈ। ਯਥਾ:-

() "ਮਨਮੁਖੁ ਪ੍ਰਾਣੀ ਮੁਗਧੁ ਹੈ ਨਾਮਹੀਣ ਭਰਮਾਇ॥ ਬਿਨ ਗੁਰ ਮਨੂਆ ਨਾ ਟਿਕੈ, ਫਿਰਿ ਫਿਰਿ ਜੂਨੀ ਪਾਇ॥ ਹਰਿ ਪ੍ਰਭੁ ਆਪਿ ਦਇਆਲ ਹੋਹਿ, ਤਾਂ ਸਤਿਗੁਰੁ ਮਿਲਿਆ ਆਇ॥ ਜਨ ਨਾਨਕ ਨਾਮੁ ਸਲਾਹਿ ਤੂ, ਜਨਮ ਮਰਣ ਦੁਖੁ ਜਾਇ" (ਪੰ: ੩੧੩)

() "ਜਪੁ ਤਪੁ ਸੰਜਮੁ ਸਾਧੀਐ, ਤੀਰਥਿ ਕੀਚੈ ਵਾਸੁ॥ ਪੁੰਨ ਦਾਨ ਚੰਗਿਆਈਆ, ਬਿਨੁ ਸਾਚੇ ਕਿਆ ਤਾਸੁ॥ ਜੇਹਾ ਰਾਧੇ ਤੇਹਾ ਲੁਣੈ, ਬਿਨੁ ਗੁਣ ਜਨਮੁ ਵਿਣਾਸੁ" (ਪੰ: ੫੬-੫੭) ਆਦਿ

"ਜਾ ਆਪੇ ਨਦਰਿ ਕਰੇ ਪ੍ਰਭੁ ਸਚਾ, ਤਾ ਹੋਵੈ ਦਾਸਨਿ ਦਾਸੁ" -ਜਦੋਂ ਸੱਚਾ ਪ੍ਰਭੂ ਆਪ ਮਿਹਰ ਦੀ ਨਜ਼ਰ ਕਰਦਾ ਹੈ ਤਾਂ ਉਹੀ ਮਨੁੱਖ, ਪ੍ਰਭੂ ਦੇ ਸੇਵਕਾਂ ਦਾ ਸੇਵਕ ਬਣ ਜਾਂਦਾ ਹੈ।

"ਤਾ ਅਨਦਿਨੁ ਸੇਵਾ ਕਰੇ ਸਤਿਗੁਰੂ ਕੀ, ਕਬਹਿ ਨ ਛੋਡੈ ਪਾਸੁ" - ਜੀਵਨ ਦੀ ਅਜਿਹੀ `ਚ ਉਹ ਆਪਣੇ ਨਿਤ ਦੇ ਜੀਵਨ ਨੂੰ ਸ਼ਬਦ-ਗੁਰੂ ਦੇ ਆਦੇਸ਼ਾਂ ਅਨੁਸਾਰ ਢਾਲਦਾ ਹੈ ਅਤੇ ਕਦੇ ਵੀ ਸ਼ਬਦ-ਗੁਰੂ ਦੀ ਕਮਾਈ ਵਾਲਾ ਮਾਰਗ ਕਦੇ ਨਹੀਂ ਛੱਡਦਾ। ਯਥਾ:-

() "ਛਛੈ ਛਾਇਆ ਵਰਤੀ ਸਭ ਅੰਤਰਿ, ਤੇਰਾ ਕੀਆ ਭਰਮੁ ਹੋਆ॥ ਭਰਮ ਉਪਾਇ ਭੁਲਾਇਨੁ, ਆਪੇ ਤੇਰਾ ਕਰਮੁ ਹੋਆ, ਤਿਨ ਗੁਰੂ ਮਿਲਿਆ ਆਪੇ" (ਪੰ: ੪੩੩) ਆਦਿ

"ਜਿਉ ਜਲ ਮਹਿ ਕਮਲੁ ਅਲਿਪਤੋ ਵਰਤੈ, ਤਿਉ ਵਿਚੇ ਗਿਰਹ ਉਦਾਸੁ" -ਫਿਰ ਉਹ ਗ੍ਰਿਹਸਤ `ਚ ਰਹਿੰਦਾ ਹੋਇਆ ਵੀ ਇਉਂ ਉਪਰਾਮ ਜਿਹਾ ਰਹਿੰਦਾ ਹੈ ਜਿਵੇਂ ਪਾਣੀ `ਚ ਉੱਗਾ ਹੋਇਆ ਕਉਲ-ਫੁੱਲ, ਪਾਣੀ ਦੇ ਅਸਰ ਤੋਂ ਬਚਿਆ ਰਹਿੰਦਾ ਹੈ। ਯਥਾ:-

() "ਸਤਿਗੁਰ ਕੀ ਐਸੀ ਵਡਿਆਈ॥ ਪੁਤ੍ਰ ਕਲਤ੍ਰ ਵਿਚੇ ਗਤਿ ਪਾਈ" (ਪੰ: ੬੬)

() "ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ" (ਪੰ: ੫੨੨) ਆਦਿ

"ਜਨ ਨਾਨਕ ਕਰੇ ਕਰਾਇਆ ਸਭੁ ਕੋ, ਜਿਉ ਭਾਵੈ ਤਿਵ ਹਰਿ ਗੁਣਤਾਸੁ॥ ੨॥" -ਹੇ ਦਾਸ ਨਾਨਕ! ਜਿਵੇਂ ਗੁਣਾਂ ਦੇ ਖ਼ਜ਼ਾਨੇ ਪ੍ਰਮਾਤਮਾ ਨੂੰ ਭਾਉਂਦਾ ਹੈ ਤਿਵੇਂ ਹਰੇਕ ਜੀਵ ਉਸ ਦਾ ਕਰਾਇਆ ਕਰਦਾ ਹੈ। ੨। ਯਥਾ:-

() "ਇਹੁ ਸਰੀਰੁ ਮਾਇਆ ਕਾ ਪੁਤਲਾ, ਵਿਚਿ ਹਉਮੈ ਦੁਸਟੀ ਪਾਈ॥ ਆਵਣੁ ਜਾਣਾ ਜੰਮਣੁ ਮਰਣਾ, ਮਨਮੁਖਿ ਪਤਿ ਗਵਾਈ॥ ਸਤਗੁਰੁ ਸੇਵਿ ਸਦਾ ਸੁਖੁ ਪਾਇਆ, ਜੋਤੀ ਜੋਤਿ ਮਿਲਾਈ" (ਪੰ: ੩੧)

() "ਕਰਮੁ ਹੋਵੈ, ਸਤਿਗੁਰੂ ਮਿਲਾਏ॥ ਸੇਵਾ ਸੁਰਤਿ ਸਬਦਿ ਚਿਤੁ ਲਾਏ॥ ਹਉਮੈ ਮਾਰਿ ਸਦਾ ਸੁਖੁ ਪਾਇਆ, ਮਾਇਆ ਮੋਹੁ ਚੁਕਾਵਣਿਆ॥   ਹਉ ਵਾਰੀ ਜੀਉ ਵਾਰੀ, ਸਤਿਗੁਰ ਕੈ ਬਲਿਹਾਰਣਿਆ॥ ਗੁਰਮਤੀ ਪਰਗਾਸੁ ਹੋਆ ਜੀ, ਅਨਦਿਨੁ ਹਰਿ ਗੁਣ ਗਾਵਣਿਆ" (ਪੰ: ੧੦੯) ਆਦਿ

ਪਉੜੀ॥ ਛਤੀਹ ਜੁਗ ਗੁਬਾਰੁ ਸਾ, ਆਪੇ ਗਣਤ ਕੀਨੀ॥ ਆਪੇ ਸ੍ਰਿਸਟਿ ਸਭ ਸਾਜੀਅਨੁ ਆਪਿ ਮਤਿ ਦੀਨੀ॥ ਸਿਮ੍ਰਿਤਿ ਸਾਸਤ ਸਾਜਿਅਨੁ, ਪਾਪ ਪੁੰਨ ਗਣਤ ਗਣੀਨੀ॥ ਜਿਸੁ ਬੁਝਾਏ ਸੋ ਬੁਝਸੀ, ਸਚੈ ਸਬਦਿ ਪਤੀਨੀ॥ ਸਭੁ ਆਪੇ ਆਪਿ ਵਰਤਦਾ, ਆਪੇ ਬਖਸਿ ਮਿਲਾਈ॥ ੭॥ {ਪੰਨਾ ੯੪੯}

ਪਦ ਅਰਥ : —ਛਤੀਹ ਜੁਗ—ਬੇਅੰਤ ਸਮਾ। ਗੁਬਾਰੁ—ਹਨੇਰਾ ਭਾਵ, ਉਸ ਸਮੇ ਦੀ ਹਾਲਤ ਨੂੰ ਕੋਈ ਵੀ ਬਿਆਨ ਨਹੀਂ ਕਰ ਸਕਾਦਾ। ਸਾ—ਸੀ। ਗਣਤ—ਵਿਚਾਰ, ਸ੍ਰਿਸ਼ਟੀ ਦੀ ਰਚਣਾ ਕਰਣ ਦਾ ਖ਼ਿਆਲ। ਗਣੀਨੀ—ਲੇਖਾ, ਵਿਚਾਰ, ਨਿਰਨਾ। ਪਤੀਨੀ—ਪਤੀਜੇ। ਸਭੁ—ਹਰ ਥਾਂ, ਹਰੇਕ ਕਾਰਜ `ਚ।

ਅਰਥ : — "ਛਤੀਹ ਜੁਗ ਗੁਬਾਰੁ ਸਾ, ਆਪੇ ਗਣਤ ਕੀਨੀ" -ਪਹਿਲਾਂ ਜਦੋਂ ਪ੍ਰਭੂ ਆਪਣੇ ਨਿਰਗੁਣ ਸਰੂਪ `ਚ ਹੀ ਸੀ ਤਦੋਂ ਬੇਅੰਤ ਸਮਾ ਹਨੇਰਾ ਸੀ ਭਾਵ, ਤਦੋਂ ਕੀ ਸੀ—ਇਹ ਗੱਲ ਦੱਸੀ ਨਹੀਂ ਜਾ ਸਕਦੀ।

"ਆਪੇ ਸ੍ਰਿਸਟਿ ਸਭ ਸਾਜੀਅਨੁ ਆਪਿ ਮਤਿ ਦੀਨੀ" -ਫਿਰ ਉਸ ਪ੍ਰਭੂ ਨੇ ਆਪਣਾ ਸਰਗੁਣ ਸਰੂਪ ਰਚ ਕੇ ਜਗਤ-ਰਚਨਾ ਦੀ ਵਿਚਾਰ ਕੀਤੀ; ਤਾਂ ਉਸ ਪ੍ਰਭੂ ਨੇ ਆਪ ਸ੍ਰਿਸ਼ਟੀ ਪੈਦਾ ਕੀਤੀ ਤੇ ਆਪ ਹੀ ਜੀਵਾਂ ਨੂੰ ਅਕਲ ਦਿੱਤੀ।

"ਸਿਮ੍ਰਿਤਿ ਸਾਸਤ ਸਾਜਿਅਨੁ, ਪਾਪ ਪੁੰਨ ਗਣਤ ਗਣੀਨੀ" -ਇਸ ਤਰ੍ਹਾਂ ਬੁੱਧੀਵਾਨਾਂ ਰਾਹੀਂ ਉਸ ਨੇ ਆਪ ਹੀ ਸਿਮ੍ਰਿਤੀਆਂ, ਸ਼ਾਸਤ੍ਰ ਆਦਿ ਧਰਮ-ਪੁਸਤਕਾਂ ਬਣਾਈਆਂ, ਤੇ ਉਨ੍ਹਾਂ `ਚ ਪਾਪ-ਪੁੰਨ ਦਾ ਨਿਖੇੜਾ ਕੀਤਾ ਭਾਵ, ਦੱਸਿਆ ਕਿ ‘ਪਾਪ’ ਕੀ ਹਨ ਤੇ ‘ਪੁੰਨ’ ਕੀ ਹਨ। ਯਥਾ:-

() "ਅਰਬਦ ਨਰਬਦ ਧੁੰਧੂਕਾਰਾ॥ ਧਰਣਿ ਨ ਗਗਨਾ ਹੁਕਮੁ ਅਪਾਰਾ॥ ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ…… ਤਾ ਕਾ ਅੰਤੁ ਨ ਜਾਣੈ ਕੋਈ॥ ਪੂਰੇ ਗੁਰ ਤੇ ਸੋਝੀ ਹੋਈ॥ ਨਾਨਕ ਸਾਚਿ ਰਤੇ ਬਿਸਮਾਦੀ, ਬਿਸਮ ਭਏ ਗੁਣ ਗਾਇਦਾ ੧੬ ॥" (ਪੰ: ੧੦੩੫)

"ਜਿਸੁ ਬੁਝਾਏ ਸੋ ਬੁਝਸੀ, ਸਚੈ ਸਬਦਿ ਪਤੀਨੀ" -ਜਿਸ ਮਨੁੱਖ ਨੂੰ ਇਹ ਸਾਰਾ ਰਾਜ਼ ਸਮਝਾਂਦਾ ਹੈ ਉਹੀ ਸਮਝਦਾ ਹੈ, ਉਸ ਮਨੁੱਖ ਦਾ ਮਨ ਗੁਰੂ ਦੇ ਸੱਚੇ ਸ਼ਬਦ `ਚ ਸਰਧਾ ਧਾਰ ਲੈਂਦਾ ਹੈ।

"ਸਭੁ ਆਪੇ ਆਪਿ ਵਰਤਦਾ ਆਪੇ ਬਖਸਿ ਮਿਲਾਈ"॥ ੭॥ - ਸੰਸਾਰ ਰਚਨਾ ਦਹਰੇਕ ਕਾਰਜ `ਚ ਪ੍ਰਭੂ ਆਪ ਆਪ ਮੌਜੂਦ ਹੈ ਤੇ ਵਰਤ ਰਿਹਾ ਹੈ ਇਹ ਵੀ ਕਿ ਆਪ ਹੀ ਆਪਣੀ ਮਿਹਰ ਕਰ ਕੇ ਜੀਵ ਨੂੰ ਆਪਣੇ `ਚ ਵਾਪਿਸ ਮਿਲਾਂਉਂਦਾ ਵੀ ਹੈ। ੭। ਯਥਾ:-

"ਆਪੇ ਜਗਤੁ ਉਪਾਇਓਨੁ, ਕਰਿ ਪੂਰਾ ਥਾਟੁ॥ ਆਪੇ ਸਾਹੁ ਆਪੇ ਵਣਜਾਰਾ, ਆਪੇ ਹੀ ਹਰਿ ਹਾਟੁ॥ ਆਪੇ ਸਾਗਰੁ ਆਪੇ ਬੋਹਿਥਾ, ਆਪੇ ਹੀ ਖੇਵਾਟੁ॥ ਆਪੇ ਗੁਰੁ ਚੇਲਾ ਹੈ ਆਪੇ, ਆਪੇ ਦਸੇ ਘਾਟੁ॥ ਜਨ ਨਾਨਕ ਨਾਮੁ ਧਿਆਇ ਤੂ, ਸਭਿ ਕਿਲਵਿਖ ਕਾਟੁ" (ਪੰ: ੫੧੭)

() "ਆਪੀਨੈੑ ਆਪੁ ਸਾਜਿਓ ਆਪੀਨੈੑ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥ ਦਾਤਾ ਕਰਤਾ ਆਪਿ ਤੂੰ. ."(ਪੰ: ੪੬੩)

() "ਅਕੁਲ ਨਿਰੰਜਨ ਅਪਰ ਅਪਰੰਪਰੁ, ਸਗਲੀ ਜੋਤਿ ਤੁਮਾਰੀ" (ਪੰ: ੫੯੭)

() "ਓਅੰ ਗੁਰਮੁਖਿ ਕੀਓ ਅਕਾਰਾ॥ ਏਕਹਿ ਸੂਤਿ ਪਰੋਵਨਹਾਰਾ॥ ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ॥ ਨਿਰਗੁਨ ਤੇ ਸਰਗੁਨ ਦ੍ਰਿਸਟਾਰੰ" (ਪੰ: ੨੫੦) ਆਦਿ (ਚਲਦਾ) #Instt.P.7v.... -16th.Ramkali ki vaar M.-3-02.19-P.7#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ- ਸੋਲ੍ਹਵੀਂ))

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.