.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਜੂਨਾਂ ਭੋਗਣੀਆਂ

ਕਹਿਣ ਨੂੰ ਅਸੀਂ ਨਿਆਰੇ ਖਾਲਸਾ ਹਾਂ ਪਰ ਵਿਆਖਿਆ ਸਾਰੀ ਬਿੱਪਰੀ ਮਤ ਦੀ ਹੀ ਕਰਦੇ ਹਾਂ। ਗਰੜ ਪੁਰਾਣ ਨੇ ਮਰਨ ਉਪਰੰਤ ਜਿਹੜੀਆਂ ਜੂਨਾਂ ਨਿਰਧਾਰਤ ਕੀਤੀਆਂ ਹਨ ਉਹ ਸਾਰੀਆਂ ਅਸੀਂ ਗੁਰਬਾਣੀ ਦੀ ਮੋਹਰ ਲਾ ਕੇ ਪੇਸ਼ ਕਰ ਰਹੇ ਹਾਂ। ਬਹੁਤਾਤ ਵਿਚ ਅਸੀਂ ਅਜੇ ਤਕ ਇਹ ਵੀ ਫੈਸਲਾ ਨਹੀਂ ਕਰ ਸਕੇ ਕਿ ਨਾਨਕਈ ਫਲਸਫੇ ਦੀ ਵਿਲੱਖਣਤਾ ਕੀ ਹੈ? ਅਸੀਂ ਤਾਂ ਨਾਨਕਈ ਫਲਸਫ਼ੇ ਨੂੰ ਬਿੱਪਰੀ ਮਤ ਦਾ ਪਿੱਛਲੱਗ ਕਰਕੇ ਪੇਸ਼ ਕਰ ਰਹੇ ਹਾਂ। ਗਰੜ ਪੁਰਾਣ ਕਹਿੰਦਾ ਮਨੁੱਖ ਮਰਨ ਉਪਰੰਤ ਵੱਖ ਵੱਖ ਜੂਨਾਂ ਵਿਚ ਘੁੰਮਦਾ ਹੈ ਜਦ ਕਿ ਨਾਨਕਈ ਫਲਸਫ਼ਾ ਸਮਝਾਉਂਦਾ ਹੈ ਕਿ ਮਨੁੱਖ ਆਪਣੇ ਕਰਮਾਂ ਅਨੁਸਾਰ ਸੁਭਾਅ ਕਰਕੇ ਪਸ਼ੂ ਪੰਛੀਆਂ ਵਾਲੀਆਂ ਜੂਨਾਂ ਵਰਤਮਾਨ ਜੀਵਨ ਵਿਚ ਹੀ ਭੋਗ ਰਿਹਾ ਹੈ। ਨਾਨਕਈ ਫਲਸਫ਼ਾ ਵਰਤਮਾਨ ਜੀਵਨ ਨੂੰ ਸਚਿਆਰ ਬਣਨ ਲਈ ਆਖਦਾ ਹੈ। ਸਚਿਆਰ ਇਨਸਾਨ ਬਣਨ ਲਈ ਖ਼ੁਦਗਰਜ਼ੀ, ਆਪਾ ਭਾਵ, ਅਹੰਕਾਰ ਤੇ ਵਿਕਾਰੀ ਬਿਰਤੀ ਦਾ ਤਿਆਗ ਕਰਨਾ ਪੈਣਾ ਹੈ। ਆਤਮਕ ਜੀਵਨ ਵਿਚ ਜਿਹੜੀਆਂ ਰੁਕਾਵਟਾਂ ਆ ਰਹੀਆਂ ਹਨ ਉਹਨਾਂ ਕਰਕੇ ਮਨੁੱਖ, ਮਨੁੱਖਤਾ ਦੇ ਤਲ਼ ਤੋਂ ਥੱਲੇ ਵਾਲਾ ਜੀਵਨ ਬਤੀਤ ਕਰ ਰਿਹਾ ਹੈ--
ਅਨਿਤੵ ਵਿਤੰ, ਅਨਿਤੵ ਚਿਤੰ, ਅਨਿਤੵ ਆਸਾ ਬਹੁ ਬਿਧਿ ਪ੍ਰਕਾਰੰ॥
ਅਨਿਤੵ ਹੇਤੰ ਅਹੰ ਬੰਧੰ, ਭਰਮ ਮਾਇਆ ਮਲਨੰ ਬਿਕਾਰੰ॥
ਫਿਰੰਤ ਜੋਨਿ ਅਨੇਕ, ਜਠਰਾਗਨਿ ਨਹ ਸਿਮਰੰਤ ਮਲੀਣ ਬੁਧੵੰ॥
ਹੇ ਗੋਬਿੰਦ ਕਰਤ ਮਇਆ ਨਾਨਕ, ਪਤਿਤ ਉਧਾਰਣ ਸਾਧ ਸੰਗਮਹ॥੧੬॥
ਅੱਖਰੀਂ ਅਰਥ--— ਧਨ ਨਿੱਤ ਰਹਿਣ ਵਾਲਾ ਨਹੀਂ ਹੈ, (ਇਸ ਵਾਸਤੇ ਧਨ ਦੀਆਂ) ਸੋਚਾਂ ਵਿਅਰਥ (ਉੱਦਮ) ਹੈ, ਅਤੇ ਧਨ ਦੀਆਂ ਕਈ ਕਿਸਮ ਦੀਆਂ ਆਸਾਂ (ਬਣਾਣੀਆਂ ਭੀ) ਵਿਅਰਥ ਹੈ। ਨਿੱਤ ਨਾਹ ਰਹਿਣ ਵਾਲੇ ਪਦਾਰਥਾਂ ਦੇ ਮੋਹ ਦੇ ਕਾਰਨ ਹਉਮੈ ਦਾ ਬੱਧਾ ਜੀਵ ਮਾਇਆ ਦੀ ਖ਼ਾਤਰ ਭਟਕਦਾ ਹੈ, ਤੇ, ਮੈਲੇ ਮੰਦੇ ਕਰਮ ਕਰਦਾ ਹੈ। ਮੈਲੀ ਮਤਿ ਵਾਲਾ ਬੰਦਾ ਅਨੇਕਾਂ ਜੂਨਾਂ ਵਿਚ ਭੌਂਦਾ ਹੈ ਅਤੇ (ਮਾਂ ਦੇ) ਪੇਟ ਦੀ ਅੱਗ ਨੂੰ ਚੇਤੇ ਨਹੀਂ ਰੱਖਦਾ (ਜੋ ਜੂਨ ਵਿਚ ਪਿਆਂ ਸਹਾਰਨੀ ਪੈਂਦੀ ਹੈ)।
ਹੇ ਨਾਨਕ! (ਬੇਨਤੀ ਕਰ—) ਹੇ ਗੋਬਿੰਦ! ਮੇਹਰ ਕਰ, ਤੇ ਜੀਵ ਨੂੰ ਸਾਧ ਸੰਗਤਿ ਬਖ਼ਸ਼ ਜਿਥੇ ਵਡੇ ਵਿਕਰਮੀ ਵੀ ਬਚ ਨਿਕਲਦੇ ਹਨ।
ਵਿਚਾਰ ਚਰਚਾ—ਜ਼ਿੰਦਗੀ ਦੇ ਅਸਲੀ ਰਸਤੇ ਨੂੰ ਛੱਡ ਕੇ ਮਨੁੱਖ ਟੇਡੇ ਪਾਸੇ ਛੇਤੀ ਉਲਾਰੂ ਹੋ ਜਾਂਦਾ ਹੈ। ਜੇ ਕੁਦਰਤੀ ਨਿਯਮਾਵਲੀ ਅਨੁਸਾਰ ਵਿਚਰਨ ਦਾ ਯਤਨ ਕਰੇ ਤਾਂ ਮਨੁਖੀ ਸੁਭਾਅ ਵਿਚ ਗਿਰਾਵਟ ਨਹੀਂ ਆਏਗੀ।
੧ ਕੁਦਰਤ ਵਲੋਂ ਸਥਾਪਤ ਕੀਤੇ ਹੋਏ ਵਾਤਾਵਰਣ ਵਿਚ ਕੋਈ ਵੀ ਜੂਨ ਮਾੜੀ ਨਹੀਂ ਹੈ। ਇਹਨਾਂ ਜੂਨਾਂ ਦਾ ਰਹਿਣ ਸਹਿਣ ਵੀ ਕੁਦਰਤੀ ਹੈ। ਹਰੇਕ ਜੂਨ ਆਪੋ ਆਪਣੇ ਥਾਂ ‘ਤੇ ਖੁਸ਼ ਹੈ ਤੇ ਕੋਈ ਮਰਨ ਲਈ ਤਿਆਰ ਨਹੀਂ ਹੈ।
੨ ਇਹ ਜੂਨਾਂ ਕੇਵਲ ਖਾਣ ਅਤੇ ਭੋਗਣ ਤੱਕ ਹੀ ਸੀਮਤ ਹਨ ਪਰ ਮੱਝਾਂ ਗਾਵਾਂ ਘਾਹ ਖਾ ਕੇ ਵੀ ਮਿੱਠਾ ਦੁੱਧ ਦੇਂਦੀਆਂ ਹਨ। ਕਈ ਜੂਨਾਂ ਮਨੁੱਖ ਦੀਆਂ ਸਹਾਇਕ ਵੀ ਹਨ।
੩ ਫਿਰ ਵੀ ਇਹ ਜੂਨਾਂ ਮਨੁੱਖ ਨਾਲੌਂ ਥੱਲੇ ਹੀ ਰਹਿੰਦੀਆਂ ਹਨ। ਮਨੁੱਖ ਦਾ ਸੁਭਾਅ ਦੇਖ ਕਿ ਇਸ ਨੂੰ ਕਹਿਆ ਜਾਂਦਾ ਹੈ ਕਿ ਦੇਖਣ ਨੂੰ ਤੂੰ ਮਨੁੱਖ ਲਗਦਾ ਏਂ ਪਰ ਆਹ ਪੁੱਠੇ ਕੰਮ ਤੇਰੇ ਪਸ਼ੂਆਂ ਵਾਲੇ ਹੀ ਹਨ।
੪ ਮਨੁੱਖ ਅਸਲੀਅਤ ਨੂੰ ਛੱਡ ਕੇ ਵਿਅਰਥ ਵਾਲੇ ਕੰਮ ਕਰ ਰਿਹਾ ਹੈ। ਹਰ ਉਹ ਵਿਚਾਰ ਜਿਹੜਾ ਮਨੁੱਖ ਨੂੰ ਸਚਾਈ ਨਾਲੋਂ ਤੋੜਦਾ ਹੈ ਉਹ ਮਾਇਆ ਹੈ ਤੇ ਇਸ ਮਾਇਆ ਦੀ ਰੁਕਾਵਟ ਕਰਕੇ ਹੀ ਵੱਖ ਵੱਖ ਜੂਨਾਂ ਭੋਗ ਰਿਹਾ ਹੈ।
੫ ਮਨੁੱਖ ਨੇ ਬਹੁਤ ਸਾਰੇ ਭਰਮ ਪਾਲ਼ ਕੇ ਰੱਖੇ ਹੋਏ ਜਿਸ ਵਾਸਤੇ ਇਹ ਮਾਨਸਕ ਵਿਕਾਸ ਪੱਖੋਂ ਊਣਾ ਹੈ।
੬ ਸਹੀ ਰਸਤੇ ਨੂੰ ਛੱਡ ਕੇ ਵਿੰਗੇ ਟੇੱਢੇ ਢੰਗ ਨਾਲ ਜਿਹੜੀ ਕਮਾਈ ਕਰ ਰਿਹਾ ਹੈ ਉਹ ਇਸ ਨੂੰ ਡੂੰਘੇ ਭਰਮ ਵਿਚ ਪਾ ਦੇਂਦੀ ਹੈ।
੭ ਮਰਨ ਉਪਰੰਤ ਵਾਲੀਆਂ ਜੂਨਾਂ ਦੀ ਗੱਲ ਨਹੀਂ ਕੀਤੀ ਗਈ ਸਗੋਂ ਜਿਉਂਦੇ ਜੀਅ ਭੈੜੀ ਮਤ ਕਰਕੇ ਵੱਖ ਵੱਖ ਜਨਵਰਾਂ ਪਸ਼ੂਆਂ ਦੀਆਂ ਜੂਨਾਂ ਭੋਗ ਰਿਹਾ ਹੈ।
੮ ਜੇ ਮਨੁੱਖ ਗੁਰੂ ਦਾ ਪੱਲਾ ਫੜ ਲਏ ਭਾਵ ਉਪਦੇਸ਼ ਅਨੁਸਾਰੀ ਹੋ ਕੇ ਚੱਲੇ ਤਾਂ ਵਿਕਾਰਾਂ ਵਿਚ ਡਿੱਗੇ ਦਾ ਵੀ ਉਧਾਰ ਹੋ ਸਕਦਾ ਹੈ—ਗੁਰੂ ਗਿਆਨ ਤਿਲਕਣ ਬਾਜ਼ੀ ਤੋਂ ਬਚਾਉਂਦਾ ਹੈ ਤੇ ਸਿੱਧੇ ਰਸਤੇ ‘ਤੇ ਚੱਲਣ ਦੇ ਨੁਕਤੇ ਸਮਝਾਉਂਦਾ ਹੈ ਹਰਿ ਬਿਸਰਤ ਸਦਾ ਖੁਆਰੀ॥
ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ॥ ਰਹਾਉ॥
ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ॥
ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ॥੧॥
ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾ ਕਉ ਕਿਰਪਾ ਧਾਰੀ॥
ਸੋ ਸੁਖੀਆ ਧੰਨੁ ਉਸੁ ਜਨਮਾ ਨਾਨਕ ਤਿਸੁ ਬਲਿਹਾਰੀ॥੨॥੨॥
ਟੋਡੀ ਮਹਲਾ ੫ਨ ਪੰਨਾ ੭੧੧-੭੧੨




.