.

ਮੈਂ, ਯਹੂਦੀ ਬੱਚਾ ਕੇਲਬ ਅਤੇ ਮੇਰੀ ਕੌਮ

ਆਮ ਤੌਰ ਤੇ ਸਾਡੇ ਵਿਦਵਾਨਾਂ ਅਤੇ ਪ੍ਰਚਾਰਕਾਂ ਵਲੋਂ ਇਹ ਸੁਝਾੳ ਦਿੱਤਾ ਜਾਦਾਂ ਹੈ ਕਿ ਸਿੱਖ ਕੌਮ ਦਾ ਅਕਸ ਸੁਧਾਰਨ ਲਈ , ਕੌਮ ਨੂੰ ਚੜ੍ਹਦੀ ਕਲਾ ਵਿੱਚ ਲਿਆਉਣ ਲਈ ਹੰਭਲੇ ਮਾਰੋ । ਯਹੂਦੀਆਂ ਵੱਲ ਵੇਖੋ ਕਿਵੇਂ ਉਹਨਾਂ ਨੇ ਤਰੱਕੀ ਕੀਤੀ ਹੈ । ਪੜ੍ਹਾਈ ਅਤੇ ਵਪਾਰ ਨਾਲ, ਪੈਸੇ ਨਾਲ।

ਕੀ ਸਾਡੀ ਕੌਮ ਉਹਨਾਂ ਵਰਗੀ ਵਿਉਂਤਬੰਦੀ ਬਣਾ ਸਕਦੀ ਹੈ ? , ਜਥੇਬੰਧਕ ਢਾਂਚਾ ਅਪਣਾ ਸਕਦੀ ਹੈ ਇਸ ਸਵਾਲ ਲਈ ਯਹੂਦੀਆਂ ਬਾਰੇ ਬਹੁਤ ਜਾਣਕਾਰੀ ਪੜੀ, ਸੁਣੀ ਤੇ ਵੇਖੀ।

Munich, Operation Finale, The Red Sea Diving Resort ਵਰਗੀਆਂ ਫਿਲਮਾਂ ਬਣੀਆਂ ਹਨ ਜੋ ਯਹੂਦੀਆਂ ਦੀ ਦਲੇਰੀ ਤੇ ਆਪਣੀ ਕੌਮ ਲਈ ਪਿਆਰ ਦੀ ਬਾਤ ਪਾਉਂਦੀਆ ਹਨ , ਸਾਲਾਂ ਬਾਦ ਵੀ ਉਹ ਨਾਜ਼ੀਆਂ (ਹਿਟਲਰ) ਦੁਆਰਾ ਕੀਤੀ ਆਪਣੀ ਨਸਲਕੁਸ਼ੀ ਨਹੀਂ ਭੁੱਲੇ । ਆਪਣੇ ਲੋਕਾਂ ਦੇ ਕਾਤਲਾਂ ਨੂੰ ਉਹਨਾਂ ਸਾਲਾਂ ਬਾਦ ਵੀ ਨੂੰ ਲੱਭ ਲਿਆ ਤੇ ਸਜ਼ਾ ਦਿੱਤੀ । ਬਹੁਤ ਸਾਲਾਂ ਤੋਂ ਦਸਤਾਵੇਜ਼ੀ ਫਿਲਮਾਂ ਤੇ ਹੋਰ ਸਮੱਗਰੀ ਪੜੀ ਤੇ ਸੁਣੀ ਸੀ , ਯਹੂਦੀਆਂ ਬਾਰੇ । ਅੱਜ ਵੀ ਆਲੇ-ਦੁਆਲੇ ਅਰਬ ਦੇਸਾਂ ਦੇ ਬਾਵਜੂਦ ਉਹ ਕਿਵੇਂ ਆਪਣਾ ਦੇਸ਼ ਬਣਾਕੇ ਆਪਣੇ ਸੱਭਿਆਚਾਰ ਨੂੰ ਬਚਾ ਰਹੇ ਹਨ । ਕਈ ਵਿਚਾਰ ਹਨ , ਕਈ ਢੰਗ ਤਰੀਕੇ ਹਨ ਜੋ ਉਹ ਵਰਤਦੇ ਹਨ , ਠੀਕ ਹਨ ਜਾਂ ਗਲਤ ਇਸ ਬਾਰੇ ਚਰਚਾ ਚੱਲਦੀ ਰਹੇਗੀ ਉਹ ਵੱਖਰੀ ਬਹਿਸ ਦਾ ਵਿਸ਼ਾ ਹੈ ।

ਪਰ ਇੱਥੇ ਸਿਰਫ ਉਹਨਾਂ ਦੇ ਸਮਰਪਣ, ਉੱਦਮ, ਲਗਨ , ਮਿਹਨਤ ਦੀ ਗੱਲ ਕਰਨੀ ਹੈ ਤੇ ਸਾਡੀ ਕੌਮ ਦੇ ਨਾਲ ਤੁਲਨਾ ।

ਅਗਸਤ 07, 2019 ਨੂੰ ਮੈਂ , ਮੇਰੀ ਪਤਨੀ ਤੇ ਮੇਰਾ 11 ਸਾਲ ਦਾ ਭੁਝੰਗੀ ਨੇੜਲੇ ਸ਼ਹਿਰ ਕਲੋਨਾ ਦੇ ਸ਼ਾਪਿੰਗ ਸੈਂਟਰ ਵਿੱਚ ਘੁੰਮ ਰਹੇ ਸੀ । ਮੈਂ ਆਪਣੀ ਚਾਲੇ ਤੁਰਿਆ ਜਾ ਰਿਹਾ ਸੀ ਤਾਂ ਪਿੱਛੋਂ ਮੇਰੀ ਪਤਨੀ ਨੇ ਆਵਾਜ਼ ਮਾਰੀ, "ਕਿ ਦੂਜੇ ਪਾਸੇ ਧਿਆਨ ਦਿਓ ਉਹ ਬੱਚਾ ਤੁਹਾਨੂੰ ਵਾਰ-ਵਾਰ ਬੁਲਾ ਰਿਹਾ ਹੈ । ਮੁੜਕੇ ਦੇਖਿਆ ਤਾਂ 4-5 ਸਾਲ ਦਾ ਬੱਚਾ ਮੈਨੂੰ ਕਹਿ ਰਿਹਾ ਸੀ , excuse me please , excuse me please, ਮੈਨੂੰ ਆਣੇ ਕੋਲ ਬੁਲਾ ਲਿਆ , ਮੈਂ ਪੁੱਛਿਆ, ਜੀ ਦੱਸੋ , ਕਹਿਣ ਲੱਗਾ, ‘ਕੀ ਤੁਸੀਂ ਸਿੱਖ ਹੋ ? ਇਹ ਜੋ ਤੁਸੀਂ ਸਿਰ ਤੇ ਬੰਨੀ ਹੈ , ਕੀ ਇਹ ਟਰਬਨ (ਪੱਗ) ਹੈ ? ਮੈਂ ਜਵਾਬ ਦਿੱਤਾ, "ਹਾਂ ਬੱਚਿਆ ਮੈਂ ਸਿੱਖ ਹਾਂ" ਤੇ ਇਹ ਟਰਬਨ ( ਪੱਗ) ਹੀ ਹੈ । ਬੱਚਾ ਕਹਿਣ ਲੱਗਾ ਮੈਂ JEW ( ਯਹੂਦੀ) ਹਾਂ , ਦੇਖੋ ਮੇਰੀ ਟੋਪੀ, ਮੈਂ ਵੀ ਸਿਰ ਢੱਕਿਆ ਹੈ । ਉਸਦੀ ਮਾਂ ਅਤੇ ਮਾਸੀ ਵੀ ਨਾਲ ਬੈਠੀਆਂ ਸਨ , ਮਾਂ ਵੀ ਮੇਰੇ ਨਾਲ ਖੁਸ਼ ਹੋਕੇ ਗੱਲਾਂ ਕਰਨ ਲੱਗੀ । ਮਾਂ ਨੇ ਦੱਸਿਆ ਕਿ ਮੈਂ ਆਪਣੇ ਬੱਚੇ ਨੂੰ ਦੱਸਿਆ ਹੈ ਕਿ ਸਿੱਖ ਵੀ ਆਪਣੇ (ਯਹੂਦੀਆਂ ) ਵਾਂਗ ਰੱਬ ਨੂੰ ਆਪਣੇ ਤੋਂ ਸੁਪਰੀਮ ਮੰਨਦੇ ਹਨ , ABOVE ਮੰਨਦੇ ਹਨ ਤੇ ਆਪਣੇ ਵਾਂਗ ਸਿਰ ਢੱਕਕੇ ਰੱਖਦੇ ਹਨ । ਮੈਂ ਬੱਚੇ ਦਾ ਨਾਂ ਪੁੱਛਿਆ , ਉਸਨੇ Caleb (ਕੇਲਬ) ਦੱਸਿਆ , ਉਸਨੇ ਮੇਰਾ ਨਾਂ ਪੁੱਛਿਆ , ਹੱਥ ਮਿਲਾਇਆ ਤੇ ਫਿਰ good bye ਤੇ ਫੇਰ ਮਿਲਣਾ ਕਿਹਾ । ਕਿੰਨੀ ਦੂਰ ਤੱਕ ਉਹ ਮੈਨੂੰ ਅਲਵਿਦਾ ਕਹਿੰਦਾ ਰਿਹਾ , ਤੁਹਾਨੂੰ ਮਿਲਕੇ ਖੁਸ਼ੀ ਹੋਈ, ਕਹਿੰਦਾ ਰਿਹਾ ।

ਘਰ ਤੱਕ ਪਹੁੰਚਦਿਆਂ -ਪਹੁੰਚਦਿਆ ਉਹ ਬੱਚਾ ਮੇਰੇ ਦਿਲ ਦਿਮਾਗ ਵਿੱਚ ਘਰ ਕਰ ਗਿਆ , ਮੈਨੂੰ ਧੁਰ ਅੰਦਰ ਤੱਕ ਹਿਲਾ ਗਿਆ , ਮੈਨੂੰ ਉਹ ਜਿੰਨਾ ਪਿਆਰਾ ਲੱਗੇ ਉਨਾਂ ਹੀ ਮੇਰੀ ਕੌਮ ਦੇ ਹਾਲਾਤ ਤੇ ਰੋਣਾ ਆਵੇ । ਏਨੀ ਛੋਟੀ ਉਮਰ ਵਿੱਚ ਜਿੱਥੇ ਉਸਨੂੰ ਆਪਣਾ ਵਿਰਸਾ ਪਤਾ ਸੀ ਉੱਥੇ ਸੁਚੱਜੀ ਮਾਂ ਨੇ ਦੁਨੀਆਂ ਦੇ ਧਰਮਾਂ ਤੇ ਲੋਕਾਂ ਬਾਰੇ ਵੀ ਪਰਪੱਕ ਕਰ ਦਿੱਤਾ ਸੀ । 5 ਸਾਲ ਦੀ ਉਮਰ ਵਿੱਚ ਉਸ ਵਿੱਚ ਇੰਨਾ ਆਤਮ -ਵਿਸਵਾਸ਼ ਸੀ ਜੋ ਅਜਨਬੀ ਬੰਦੇ ਨੂੰ ਰੋਕਕੇ ਉਸਦੇ ਧਰਮ, ਰਹਿਣ -ਸਹਿਣ ਬਾਰੇ ਪੁੱਛਣਾ ਅਤੇ ਚਰਚਾ ਕਰਨੀ । ਧੰਨ ! ਸੀ ਉਹ ਮਾਂ ਜਿਸਨੇ ਆਪਣੇ ਬੱਚੇ ਨੂੰ ਇੰਨੀ ਛੋਟੀ ਉਮਰ ਵਿੱਚ ਹੀ ਸੰਸਾਰ ਦੇ ਹਾਣ ਦਾ ਕਰ ਦਿੱਤਾ ।

ਪਰ ਜਦੋਂ ਮੈਂ ਆਪਣੀ ਕੌਮ ਵੱਲ ਨਿਗਾ ਮਾਰਦਾ ਹਾਂ ਤਾਂ ਸਿਰਫ ਨਗਰ ਕੀਰਤਨ, ਅਖੰਡ- ਪਾਠ , ਪਕੌੜਿਆਂ ਦੇ ਲੰਗਰ । ਅਸੀਂ ਕੀ ਖਾਣਾ , ਕੀ ਪਹਿਨਣਾ , ਕਿੱਥੇ ਬੈਠਣਾ , ਕਿੱਥੇ ਖੜ੍ਹਨਾ ਦੇ ਮਸਲੇ ਤੇ ਹੀ ਅੜੇ ਬੈਠੇ ਹਾਂ ਜਿਸਦਾ ਸਿੱਖੀ ਵਿਚਾਰਧਾਰਾ ਨਾਲ ਕੋਈ ਵਾਹ -ਵਾਸਤਾ ਨਹੀਂ । ਵਿਦੇਸ਼ਾਂ ਵਿੱਚ ਵੀ ਗੁਰਦੁਵਾਰੇ ਪੰਜਾਬੀ ਕਲਾਸਾਂ ਲਾਉਂਦੇ ਹਨ ਪਰ ਪੜਾਉਣ ਵਾਲੇ ਬਹੁਤੇ ਆਪ ਪੰਜਾਬੀ ਤੋਂ ਗੁਰਬਾਣੀ ਤੋਂ ਅਣਜਾਣ ਹਨ । ਵਿਰਸੇ , ਸਿਧਾਂਤ ਤੋਂ ਅਣਜਾਣ ਹਨ । 8-10 ਸਾਲ ਦੇ ਬੱਚੇ ਕੀਰਤਨ ਕਲਾਸਾਂ ਵਿੱਚ ਤਬਲੇ ਤੇ ਵਾਜੇ ਸਿੱਖਦੇ ਹਨ ਪਰ ਨਾ ਤਾਂ ਉਹਨਾਂ ਨੂੰ ਗੁਰਬਾਣੀ ਦਾ ਮਤਲਬ ਪੜਾਇਆ ਜਾਦਾਂ ਤੇ ਨਾ ਹੀ ਸਿਧਾਂਤ ਤੋਂ ਜਾਣੂੰ ਕਰਾਇਆ ਜਾਦਾਂ ਹੈ । ਗੁਰਦੁਵਾਰੇ ਦੇ ਗ੍ਰੰਥੀ ਨੂੰ ਵਿਹਲਾ ਸਮਝ ਇਹ ਸੇਵਾ ਕਰਾਈ ਜਾਦੀਂ ਹੈ । ਮਾਪੇ ਆਪ ਆਪਣੇ ਬੱਚਿਆਂ ਨੂੰ ਸਿੱਖ ਸਿਧਾਂਤ ਵਿੱਚ ਨਿਪੁੰਨ ਕਰਨ ਵਿੱਚ ਅਸਮਰੱਥ ਹਨ ਕਿਉਂਕਿ ਉਹ ਆਪ ਹੀ ਕੁੱਝ ਨਹੀਂ ਜਾਣਦੇ । ਸੰਸਾਰਿਕ ਪੱਧਰ ਦੀ ਜਾਣਕਾਰੀ ਪੜਾਉਣੀ ਤਾਂ ਇੱਕ ਅਚੰਭਾ ਹੈ । ਉੱਚ ਵਿੱਦਿਆ ਦੀ ਤਾਂ ਬਾਤ ਹੀ ਨਹੀਂ ਪੈਂਦੀ । ਵਿੱਦਿਆ ਦੀ ਥਾਂ ਜ਼ਿਆਦਾ ਪੈਸੇ (ਜਿਹੜੇ ਮਰਜ਼ੀ ਤਰੀਕੇ ਨਾਲ ) ਕਿਵੇਂ ਬਣਾਏ ਜਾਂਦੇ ਹਨ ਉਧਰ ਜ਼ਿਆਦਾ ਝੁਕਾਅ ਹੈ । ਜਿੰਨਾ ਸਾਡਾ ਇਤਿਹਾਸ , ਸਿਧਾਂਤ ਨਿਆਰਾ ਸੀ ਅਸੀਂ ਉਨੇ ਹੀ ਨਿੱਘਰ ਗਏ । ਮਾਪੇ ਆਪਣੇ ਤੌਰ ਤੇ ਬੱਚੇ ਨੂੰ ਜਾਣਕਾਰ ਬਣਾ ਸਕਣ , ਅਤਿਕਥਨੀ ਜਾਪਦੀ ਹੈ ।

ਜਦੋਂ ਤੱਕ ਅਸੀਂ ਆਪਣੇ ਘਰਾਂ ਵਿੱਚ ਗੁਰੂ ਨਾਨਕ ਦਾ ਸਿਧਾਂਤ ਲਾਗੂ ਨਹੀਂ ਕਰ ਦਿੰਦੇ , ਬੱਚਿਆਂ ਨੂੰ ਗੁਰੂ ਤੇਗ ਬਹਾਦਰ ਜੀ ਦੀ ਮਨੁੱਖੀ ਹੱਕਾਂ ਲਈ ਦਿੱਤੀ ਸ਼ਹਾਦਤ ਨਹੀਂ ਪੜਾ ਦਿੰਦੇ , ਬਾਬਾ ਬੰਦਾ ਸਿੰਘ ਵਲੋਂ ਜਗੀਰਦਾਰੀ ਸਿਸਟਮ ਤੋੜਿਆ ਜਾਣਾ ਉਨਾਂ ਦੇ ਜੀਵਨ ਵਿੱਚ ਰਾਹ ਦਸੇਰਾ ਨਹੀਂ ਬਣਦਾ , ਸਭ ਵਿਅਰਥ ਜਾਪਦਾ ਹੈ । ਲੱਖਾਂ, ਕਰੋੜਾਂ ਰੁਪਏ , ਸ਼ਤਾਬਦੀਆਂ ਅਤੇ ਸੋਨੇ ਦੇ ਗੁਰਦੁਵਾਰਿਆਂ ਤੇ ਖਰਚਣ ਦੀ ਬਜਾਏ ਸਿੱਖੀ ਆਪਣੇ ਜੀਵਨ ਵਿੱਚ ਰਚ ਜਾਵੇ ਤਾਂ ਅਸੀਂ ਦੁਨੀਆਂ ਦੇ ਹਾਣਦੇ ਬਣਾਂਗੇ।

ਯਹੂਦੀਆਂ ਦੀਆ ਉਦਾਹਰਨਾਂ ਦੇਣ ਵਾਲੇ ਵਿਦਵਾਨ ਤੇ ਪ੍ਰਚਾਰਕ ਜੇ ਇਹ ਵੀ ਪ੍ਰਚਾਰ ਕਰਨ ਕਿ ‘ਮਾਂ ਤੂੰ ਹੀ ਆਪਣੇ ਬੱਚੇ ਨੂੰ ਸਿੱਖੀ ਸਭ ਤੋਂ ਵਧੀਆ ਸਮਝਾ ਸਕਦੀ ਹੈ ’ । ਸ਼ਾਇਦ ! ਕਿਤੇ ਮੇਰੀ ਕੌਮ 18ਵੀਂ ਸਦੀ ਦੇ ਪਰਵਾਨਿਆਂ ਵਾਲੇ ਰਾਹ ਤੁਰ ਪਵੇ । ਸ਼ਾਇਦ ! ਮੇਰੀ ਕੌਮ ਵਿੱਚ ਵੀ ‘ਕੇਲਬ’ ਤੇ ਉਸਦੀ ਮਾਂ ਵਰਗੇ ਹੋਣ ਜੋ ਸੰਸਾਰ ਪੱਧਰ ਤੇ ਵਿਚਾਰ ਕਰ ਸਕਦੇ ਹੋਣ , ‘ਨਾਪ ਜਪਣ’ ਦੇ ਨਾਂ ਤੇ ‘ਕੇਸ ਖਿਲਾਰਨ’ ਵਾਲੇ ਨਹੀਂ । ਅਸੀਂ ਰਸਮਾਂ ਵਿੱਚ ਐਸੇ ਉਲਝੇ ਕਿ ਆਪਣੀ ਨਿਅਰੀ ‘ਹੋਂਦ’ ਨੂੰ ਉਲਟਾ ਬੈਠੈ ।

ਮਨਦੀਪ ਸਿੰਘ ਵਰਨਨ




.