.

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਪੰਦ੍ਰਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ ਇਸ ਤੋਂ ਪਹਿਲਾਂ ਆ ਚੁੱਕੇ ਇਸਦੇ ਚੌਦਾਂ ਭਾਗ ਹੋਰ ਵੀ ਪੜੋ ਜੀ)

ਪਉੜੀ ਨੰ: ੬ ਦਾ ਮੂਲ ਪਾਠ ਸਲੋਕਾਂ ਸਹਿਤ:-

ਸਲੋਕ ਮਃ ੩॥ ਅਭਿਆਗਤ ਏਹਿ ਨ ਆਖੀਅਨਿ, ਜਿਨ ਕੇ ਚਿਤ ਮਹਿ ਭਰਮੁ॥ ਤਿਸ ਦੈ ਦਿਤੈ ਨਾਨਕ, ਤੇਹੋ ਜੇਹਾ ਧਰਮੁ॥ ਅਭੈ ਨਿਰੰਜਨੁ ਪਰਮ ਪਦੁ, ਤਾ ਕਾ ਭੂਖਾ ਹੋਇ॥ ਤਿਸ ਕਾ ਭੋਜਨੁ ਨਾਨਕਾ, ਵਿਰਲਾ ਪਾਏ ਕੋਇ॥   

ਮਃ ੩॥ ਅਭਿਆਗਤ ਏਹਿ ਨ ਆਖੀਅਨਿ, ਜਿ ਪਰ ਘਰਿ ਭੋਜਨੁ ਕਰੇਨਿ॥ ਉਦਰੈ ਕਾਰਣਿ ਆਪਣੇ, ਬਹਲੇ ਭੇਖਿ ਕਰੇਨਿ॥ ਅਭਿਆਗਤ ਸੇਈ ਨਾਨਕਾ, ਜਿ ਆਤਮ ਗਉਣੁ ਕਰੇਨਿ॥ ਭਾਲਿ ਲਹਨਿ ਸਹੁ ਆਪਣਾ, ਨਿਜ ਘਰਿ ਰਹਣੁ ਕਰੇਨਿ॥   

ਪਉੜੀ॥ ਅੰਬਰੁ ਧਰਤਿ ਵਿਛੋੜਿਅਨੁ, ਵਿਚਿ ਸਚਾ ਅਸਰਾਉ॥ ਘਰੁ ਦਰੁ ਸਭੋ ਸਚੁ ਹੈ, ਜਿਸੁ ਵਿਚਿ ਸਚਾ ਨਾਉ॥ ਸਭੁ ਸਚਾ ਹੁਕਮੁ ਵਰਤਦਾ, ਗੁਰਮੁਖਿ ਸਚਿ ਸਮਾਉ॥ ਸਚਾ ਆਪਿ, ਤਖਤੁ ਸਚ, ਬਹਿ ਸਚਾ ਕਰੇ ਨਿਆਉ॥ ਸਭੁ ਸਚੋ ਸਚੁ ਵਰਤਦਾ, ਗੁਰਮੁਖਿ ਅਲਖੁ ਲਖਾਈ॥   

(ਪਉੜੀ ਨੰ: ੬ ਦੀ ਸਟੀਕ-ਸਲੋਕਾਂ ਅਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਵਿਸ਼ੇਸ਼ ਨੋਟ-ਪਉੜੀ ਦੀ ਅਰਥ-ਵਿਚਾਰ ਵੱਲ ਵਧਣ ਤੋਂ ਪਹਿਲਾਂ- ਖਾਸਕਰ ਵਿਚਾਰ-ਅਧੀਨ ਪਉੜੀ ਨਾਲ ਸੰਬੰਧਤ ਸਲੋਕਾਂ ਦੀ ਅਰਥ-ਵਿਚਾਰ ਵੱਲ ਵਧਣ ਤੋਂ ਪਹਿਲਾਂ ਸਾਨੂੰ ਹੇਠ ਦਿੱਤੇ ਨੁੱਕਤਿਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ, ਤਾ ਕਿ ਸਾਨੂੰ ਇਨ੍ਹਾਂ ਸਲੋਕਾਂ ਵਿੱਚਲਾ ਮੂਲ ਵਿਸ਼ਾ ਸਪਸ਼ਟ ਹੋ ਜਾਵੇ। ਤਾਂ ਤੇ:-

ਨੁੱਕਤਾ ਨੰ: ੧- ਅਭਿਆਗਤ ਭਾਵੇਂ ਭਿਖਾਰੀ- ਜਿਵੇਂ ਕਿਸੇ ਘਰ-ਪ੍ਰਵਾਰ `ਚ ਕੋਈ ਵੀ ਪ੍ਰਾਹੁਣਾ ਭਾਵ ਅਭਿਆਗਤ ਰਹਿਣ ਨਹੀਂ ਆਉਂਦਾ ਇਸੇ ਤਰ੍ਹਾਂ ਹਰੇਕ ਭਿਖਾਰੀ ਵੀ

ਹਰੇਕ ਘਰ-ਪ੍ਰਵਾਰ `ਚ ਆਉਣ ਵਾਲਾ ਹਰੇਕ ਪ੍ਰਹੁਣਾ ਕੁੱਝ ਸਮੇਂ ਬਾਅਦ ਉਥੋਂ ਵਾਪਿਸ ਚਲਾ ਜਾਂਦਾ ਹੈ। ਇਸੇਤਰ੍ਹਾ ਹਰੇਕ ਭਿਖਾਰੀ ਤੇ ਸੁਆਲੀ ਵੀ, ਫ਼ਿਰ ਭਾਵੇਂ ਉਸ ਨੂੰ ਉਥੋਂ ਭੀਖ ਮਿਲੇ ਜਾਂ ਨਾ, ਅਭਿਲਾਖਾ ਪੂਰੀ ਹੋਵੇ ਜਾਂ ਨਾ ਉਹ ਉਥੇ ਟਿਕੇ ਨਹੀਂ ਰਹਿੰਦੇ ਤੇ ਚਲੇ ਜਾਂਦੇ ਹਨ।

ਠੀਕ ਉਸੇ ਤਰ੍ਹਾਂ ਅਸੀਂ ਵੀ ਇਸ ਸੰਸਾਰ `ਚ ਕੇਵਲ ਅਭਿਆਗਤ, ਪ੍ਰਾਹੁਣੇ ਤੇ ਪ੍ਰਭੂ ਦੇ ਦਰ ਦੇ ਸੁਆਲੀ ਦੀ ਨਿਆਈ ਹਾਂ। ਸਾਡੇ ਸਾਰਿਆਂ ਚੋਂ ਇੱਕ ਵੀ ਨਹੀਂ ਜਿਹੜਾ ਇਸ ਸੰਸਾਰ `ਚ ਸਦੀਵ-ਕਾਲ ਲਈ ਰਹਿਣ ਲਈ ਆਉਂਦਾ ਜਾਂ ਆਇਆ ਹੋਇਆ ਹੋਵੇ। "ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ" (ਪੰ: ੪੭੪) ਗੁਰਬਾਣੀ ਫ਼ੁਰਮਾਨਾਂ ਅਨੁਸਾਰ, ਪ੍ਰਭੂ ਦੇ ਅਟਲ ਨਿਯਮ `ਚ ਹਰੇਕ ਨੇ ਇਸ ਸੰਸਾਰ `ਚ ਆਉਣ ਤੋਂ ਬਾਅਦ ਇਥੋਂ ਵਾਪਸ ਜਾਣਾ ਤੇ ਅੰਤ ਆਪਣੇ ਅਸਲੇ ਪ੍ਰਭੂ `ਚ ਹੀ ਸਮਾਉਣਾ ਹੁੰਦਾ ਹੈ।

ਇਸ ਵਿਸ਼ੇ ਨੂੰ ਗੁਰਬਾਣੀ `ਚ ਫ਼ਰੀਦ ਸਹਿਬ ਨੇ ਵੀ ਇਸ ਤਰ੍ਹਾਂ ਬਿਆਣਿਆ ਹੈ:-

"ਫਰੀਦਾ ਪੰਖ ਪਰਾਹੁਣੀ, ਦੁਨੀ ਸੁਹਾਵਾ ਬਾਗੁ॥ ਨਉਬਤਿ ਵਜੀ ਸੁਬਹ ਸਿਉ, ਚਲਣ ਕਾ ਕਰਿ ਸਾਜੁ॥ ੭੯॥ {ਪੰ: ੧੩੮੨}

ਅਰਥ: — ਹੇ ਫਰੀਦ! ਇਹ ਦੁਨੀਆ (ਇਕ) ਸੋਹਣਾ ਬਾਗ਼ ਹੈ (ਇਥੇ ਮਨ ਵਿੱਚ ‘ਟੋਏ ਟਿੱਬੇ’ ਬਣਾਏ ਕਿਉਂ ਹੋਏ? ਇਥੇ ਤਾਂ ਸਾਰੇ ਜੀਵ-ਰੂਪ) ਪੰਛੀਆਂ ਦੀ ਡਾਰ ਪਰਾਹੁਣੀ ਹੈ। ਜਦੋਂ ਸਵੇਰ ਦਾ ਧੌਂਸਾ ਵੱਜਾ (ਸਭ ਨੇ ਜ਼ਿੰਦਗੀ ਦੀ ਰਾਤ ਕੱਟ ਕੇ ਤੁਰ ਜਾਣਾ ਹੈ)। (ਹੇ ਫਰੀਦ! ਇਹ ‘ਟੋਏ ਟਿੱਬੇ’ ਦੂਰ ਕਰ, ਤੇ ਤੂੰ ਭੀ) ਤੁਰਨ ਦੀ ਤਿਆਰੀ ਕਰ। ੭੯। -ਅਰਥ, ਧੰਨਵਾਦਿ ਸਹਿਤ ਪ੍ਰੋ: ਸਾਹਿਬ ਸਿੰਘ ਜੀ।

ਨੁੱਕਤਾ ਨੰ: ੨- "ਅਭਿਆਗਤ" ਏਹਿ ਨ ਆਖੀਅਨਿ. ."- ਤਾਂ ਵੀ ਇਸ ਸੰਸਾਰ `ਚ ਜਨਮ ਲੈਣ ਵਾਲੇ ਉਨ੍ਹਾਂ ਮਨੁੱਖ ਨੂੰ ਗੁਰਬਾਣੀ ਅਨੁਸਾਰ "ਅਭਿਆਗਤ" ਨਹੀਂ ਮੰਨਿਆ ਬਲਕਿ ਭਟਕੇ ਹੋਏ ਹੀ ਕਿਹਾ ਹੈ ਜਿਹੜੇ ਪ੍ਰਭੂ ਵਲੋਂ ਸੰਸਾਰ `ਚ ਦੁਰਲਭ ਮਨੁੱਖਾ ਜਨਮ ਨੂੰ ਪਾ ਕੇ ਵੀ, ਸ਼ਬਦ-ਗੁਰੂ ਦੀ ਕਮਾਈ ਨਹੀਂ ਕਰਦੇ ਤੇ ਪ੍ਰਭੂ ਦੇ ਮਿਲਾਪ ਲਈ ਬਖ਼ਸੇ ਹੋਏ ਪ੍ਰਭੂ ਵਲੋਂ ਮਨੁੱਖਾ ਜਨਮ ਦੇ ਇਕੋ-ਇਕ ਮਕਸਦ ਨੂੰ ਨਹੀਂ ਪਹਿਚਾਣਦੇ।

ਇਸ ਤਰ੍ਹਾਂ ਉਹ ਆਪਣੇ ਇਸ ਮਨੁੱਖਾ ਜਨਮ ਨੂੰ ਬਿਰਥਾ ਕਰਕੇ ਜਾਂਦੇ ਹਨ। ਇਸੇ ਤੋਂ ਉਹ ਮੁੜ ਭਿੰਨ-ਭਿੰਨ ਜੂਨਾਂ, ਜਨਮਾਂ ਤੇ ਗਰਭਾਂ ਦੇ ਲੰਮੇਂ ਗੇੜ `ਚ ਪਏ ਰਹਿ ਕੇ ਇਸ ਬਿਨਸਨਹਾਰ ਸੰਸਾਰ `ਚ ਹੀ ਲੰਮੇਂ ਸਮੇਂ ਤੀਕ ਭਟਕਦੇ ਤੇ ਖੁਆਰ ਹੁੰਦੇ ਰਹਿੰਦੇ ਹਨ। ਯਥਾ:-

() "ਸਭ ਇਕਠੇ ਹੋਇ ਆਇਆ॥ ਘਰਿ ਜਾਸਨਿ ਵਾਟ ਵਟਾਇਆ॥ ਗੁਰਮੁਖਿ ਲਾਹਾ ਲੈ ਗਏ, ਮਨਮੁਖ ਚਲੇ ਮੂਲੁ ਗਵਾਇ ਜੀਉ" (ਪੰ: ੭੪)

() "ਸਰਬ ਜੀਆ ਮਹਿ ਏਕੋ ਰਵੈ॥ ਮਨਮੁਖਿ ਅਹੰਕਾਰੀ ਫਿਰਿ ਜੂਨੀ ਭਵੈ   ਸੋ ਬੂਝੈ ਜੋ ਸਤਿਗੁਰੁ ਪਾਏ॥ ਹਉਮੈ ਮਾਰੇ ਗੁਰ ਸਬਦੇ ਪਾਏ" (ਪੰ: ੨੨੮)

() "ਮਨਮੁਖ ਭੂਖੇ ਦਹ ਦਿਸ ਡੋਲਹਿ, ਬਿਨੁ ਨਾਵੈ ਦੁਖੁ ਪਾਈ॥ ਜਨਮਿ ਮਰੈ ਫਿਰਿ ਜੋਨੀ ਆਵੈ, ਦਰਗਹ ਮਿਲੈ ਸਜਾਈ" (ਪੰ: ੬੦੭) ਆਦਿ

ਨੁੱਕਤਾ ਨੰ: ੩- "ਅਭਿਆਗਤ ਸੇਈ ਨਾਨਕਾ…" - ਗੁਰਬਾਣੀ ਅਨੁਸਾਰ ਅਭਿਆਗਤ, ਇਸ ਸੰਸਾਰ `ਚ ਪ੍ਰਾਹੁਣੇ ਤੇ ਪ੍ਰਭੂ ਦੇ ਦਰ ਦੇ ਸੁਆਲੀ ਕੇਵਲ ਉਹੀ ਅਤੇ ਅਖਵਾਉਣ ਦੇ ਹੱਕਦਾਰ ਮਰਜੀਵੜੇ ਤੇ ਗੁਰਮੁਖ ਜਨ ਹੁੰਦੇ ਹਨ ਜਿਹੜੇ ਪ੍ਰਭੂ ਮਿਲਾਪ ਵਾਲੇ ਮਨੁੱਖਾ ਜਨਮ ਦੇ ਇਕੋ-ਇਕ ਮਕਸਦ ਨੂੰ ਸਮਝਦੇ ਤੇ ਪਹਿਚਾਣਦੇ ਵੀ ਹਨ।

ਉਹ ਸ਼ਬਦ-ਗੁਰੂ ਦੀ ਕਮਾਈ ਰਾਹੀਂ ਆਪਣੇ ਇਸ ਮਨੁੱਖਾ ਜਨਮ ਨੂੰ ਸਫ਼ਲ ਕਰਕੇ ਜਾਂਦੇ ਹਨ। ਉਹ ਆਪਣਾ ਸਰੀਰ ਤਿਆਗਣ ਬਾਅਦ ਜਿਸ ਪ੍ਰਭੂ ਤੋਂ ਵਿਛੜੇ ਹੋਏ ਹੁੰਦੇ ਹਨ ਆਪਣੇ ਅਸਲੇ ਪ੍ਰਭੂ `ਚ ਹੀ ਸਮਾਅ ਜਾਂਦੇ ਹਨ।

ਉਨ੍ਹਾਂ ਨੂੰ ਸਰੀਰ ਤਿਆਗਣ ਬਾਅਦ ਭਿੰਨ-ਭਿੰਨ ਜੂਨਾਂ, ਜਨਮਾਂ ਤੇ ਗਰਭਾਂ ਦੇ ਲੰਮੇਂ ਗੇੜ `ਚ ਨਹੀਂ ਪੈਣਾ ਪੈੰਦਾ। ਬਲਕਿ ਉਹ ਮਨ ਕਰਕੇ ਜੀਂਦੇ-ਜੀਅ ਹੀ ਆਪਣੇ ਅਸਲੇ ਪ੍ਰਭੂ ਨਾਲ ਅਭੇਦ ਹੋ ਚੁੱਕੇ ਹੁੰਦੇ ਅਤੇ ਉਸ ਪ੍ਰਭੂ `ਚ ਹੀ ਸਮਾਅ ਚੁੱਕੇ ਹੁਂਦੇ ਹਨ। ਯਥਾ:-

() "ਸਫਲ ਸਫਲ ਭਈ ਸਫਲ ਜਾਤ੍ਰਾ॥ ਆਵਣ ਜਾਣ ਰਹੇ ਮਿਲੇ ਸਾਧਾ" (ਪੰ: ੬੮੭)

() "ਸਫਲੁ ਜਨਮੁ ਜਿਨਾ ਸਤਿਗੁਰੁ ਪਾਇਆ॥ ਦੂਜਾ ਭਾਉ ਗੁਰ ਸਬਦਿ ਜਲਾਇਆ" (ਪੰ: ੧੨੯) ਆਦਿ। ਉਪ੍ਰੰਤ ਸਲੋਕਾਂ ਅਤੇ ਪਉੜੀ ਦੀ ਅਰਥ ਵਿਚਾਰ ਵੱਲ ਵਧਦੇ ਹੋਏ:-

ਸਲੋਕ ਮਃ ੩॥ ਅਭਿਆਗਤ ਏਹਿ ਨ ਆਖੀਅਨਿ, ਜਿਨ ਕੇ ਚਿਤ ਮਹਿ ਭਰਮੁ॥ ਤਿਸ ਦੈ ਦਿਤੈ ਨਾਨਕਾ, ਤੇਹੋ ਜੇਹਾ ਧਰਮੁ॥ ਅਭੈ ਨਿਰੰਜਨੁ ਪਰਮ ਪਦੁ, ਤਾ ਕਾ ਭੂਖਾ ਹੋਇ॥ ਤਿਸ ਕਾ ਭੋਜਨੁ ਨਾਨਕਾ, ਵਿਰਲਾ ਪਾਏ ਕੋਇ॥ ੧॥ {ਪੰਨਾ ੯੪੯}

ਪਦ ਅਰਥ : —ਅਭਿਆਗਤ—ਪ੍ਰਾਹੁਣਾ, ਪ੍ਰਦੇਸੀ, ਸੁਆਲੀ, ਫ਼ਕੀਰ, ਮੰਗਤਾ, ਲੋੜਵੰਦ। ਭਰਮੁ—ਭਟਕਣਾ। ਨ ਆਖੀਅਨਿ— ਨਹੀਂ ਕਿਹਾ ਜਾ ਸਕਦਾ। ਤਿਸ ਦੈ ਦਿਤੈ ਨਾਨਕਾ, ਤੇਹੋ ਜੇਹਾ ਧਰਮੁ—ਪ੍ਰਭੂ ਵੱਲੋਂ ਮਨੁੱਖਾ ਜਨਮ ਪ੍ਰਦਾਨ ਕਰਣ `ਤੇ ਵੀ ਜਿਹੜੇ ਇਸ ਦਾ ਲਾਭ ਨਹੀਂ ਲੈਂਦੇ, ਉਹ ਮਨੁੱਖਾ ਜੂਨ ਪਾ ਕੇ ਵੀ ਭਟਕਦੇ ਰਹਿ ਕੇ ਆਂਪਣੇ ਇਸ ਦੁਰਲਭ ਜਨਮ ਨੂੰ ਵੀ ਬਿਰਥਾ ਕਰਕੇ ਜਾਂਦੇ ਹਨ, ਜਿਵੇਂ ਉਹੀ ਜੀਵ ਬਾਕੀ ਅਨਂਤ ਜੂਨਾਂ `ਚ ਭਟਕਦਾ ਰਹਿੰਦਾ ਹੈ। ਅਭੈ ਨਿਰੰਜਨੁ —ਮਾਇਕ ਪ੍ਰਭਾਵਾਂ ਤੋਂ ਰਹਿਤ, ਨਿਰਭਉ ਪ੍ਰਭੂ। ਭੂਖਾ—ਲੋੜਵੰਦ, ਅਭਿਲਾਖੀ, ਸੁਆਲੀ। ਪਰਮ ਪਦੁ—ਸਰਬ ਉੱਤਮ ਆਤਮਕ ਅਵਸਥਾ। ਪਾਏ—ਦਿੰਦਾ ਹੈ, ਪ੍ਰਭੂ ਆਪ ਮਿਹਰ ਕਰਕੇ ਦਿੰਦਾ ਹੈ। ਵਿਰਲਾ ਪਾਏ ਕੋਇ—ਪ੍ਰਭੂ ਦੀ ਮਿਹਰ ਨਾਲ ਵਿਰਲਿਆਂ ਨੂੰ ਹੀ ਪ੍ਰਾਪਤ ਹੁੰਦਾ ਹੈ।

ਅਰਥ : — "ਅਭਿਆਗਤ ਏਹਿ ਨ ਆਖੀਅਨਿ, ਜਿਨ ਕੇ ਚਿਤ ਮਹਿ ਭਰਮੁ" - ਮਨੁੱਖਾ ਜੂਨ ਪਾ ਕੇ ਵੀ ਜਿਨ੍ਹਾਂ ਦੇ ਹਿਰਦੇ `ਚ ਭਟਕਣਾ ਬਣੀ ਰਹਿੰਦੀ ਹੈ, ਜਿਹੜੇ ਦਰ-ਦਰ ਤੋਂ ਮੰਗਦੇ, ਭਿਖਾਰੀ ਤੇ ਦਦ-ਦਰ ਦੇ ਸੁਆਲੀ ਹੁੰਦੇ ਹਨ, ਗੁਰਬਾਣੀ ਦੀ ਪ੍ਰੀਭਾਸ਼ਾ `ਚ ਉਨ੍ਹਾਂ ਨੂੰ ‘ਅਭਿਆਗਤ’ ਨਹੀਂ ਕਿਹਾ ਜਾਂਦਾ।

ਦਰਅਸਲ ਅਜਿਹੇ ਲੋਕਾਂ ਦਾ ਜੀਵਨ ਉਸੇ ਤਰ੍ਹਾਂ ਹੀ ਭਟਕਣਾ `ਚ ਬੀਤਦਾ ਹੈ ਜਿਵੇਂ ਮਨੁੱਖਾ ਜੂਨ ਤੋਂ ਇਲਾਵਾ ਬਾਕੀ ਅਨੰਤ ਜੂਨਾਂ ਦੌਰਾਨ ਜੀਵ ਦਾ ਜੀਵਨ।

"ਤਿਸ ਦੈ ਦਿਤੈ ਨਾਨਕਾ, ਤੇਹੋ ਜੇਹਾ ਧਰਮੁ" -ਹੇ ਨਾਨਕ! ਪ੍ਰਭੂ ਰਾਹੀਂ ਜੀਵ ਨੂੰ ਦੁਰਲਭ ਮਨੁੱਖਾ ਜਨਮ ਪ੍ਰਦਾਨ ਕਰਣ `ਤੇ ਵੀ ਜੇ ਉਨ੍ਹਾਂ ਦੀ ਰਹਿਣੀ ੳ੍ਹੁਹੀ ਹੁੰਦੀ ਹੈ।

ਭਾਵ ਮਨੁੱਖਾ ਜਨਮ ਦੀ ਸੰਭਾਲ-ਸਫ਼ਲਤਾ ਦੇ ਇਕੋ-ਇਕ ਮਕਸਦ ਪੱਖੋਂ ਵੀ ਜੇਕਰ ਉਹ ਅਣਜਾਣ ਤੇ ਲਾਪ੍ਰਵਾਹ ਤੇ ਨਿਗੁਰੇ ਹੀ ਰਹਿੰਦੇ ਹਨ। ਇਸ ਤਰ੍ਹਾਂ ਪ੍ਰਭੂ ਵੱਲੋਂ ਪ੍ਰਾਪਤ ਇਸ ਵਿਸ਼ੇਸ਼ ਜਨਮ ਦਾ ਵੀ ਉਨ੍ਹਾਂ ਨੂੰ ਕੁੱਝ ਲਾਭ ਨਹੀਂ ਹੁੰਦਾ।

ਬਲਕਿ ਇਸ ਤਰ੍ਹਾਂ ਤਾਂ ਉਨ੍ਹਾਂ ਨੂੰ ਪ੍ਰਾਪਤ ਇਹ ਮਨੁੱਖਾ ਜੂਨ ਵਾਲਾ ਸੁ-ਅਵਸਰ ਵੀ ਨਿਹਫਲ ਤੇ ਬਿਰਥਾ ਹੀ ਜਾਂੰਦਾ ਹੈ। ਯਥਾ:-

() "ਲਖ ਚਉਰਾਸੀਹ ਫੇਰੁ ਪਇਆ ਕਾਮਣਿ ਦੂਜੈ ਭਾਇ॥ ਬਿਨੁ ਗੁਰ ਨੀਦ ਨ ਆਵਈ ਦੁਖੀ ਰੈਣਿ ਵਿਹਾਇ॥ ਬਿਨੁ ਸਬਦੈ ਪਿਰੁ ਨ ਪਾਈਐ ਬਿਰਥਾ ਜਨਮੁ ਗਵਾਇ" (ਪੰ: ੩੧)

() "ਭਾਈ ਰੇ! ਭਗਤਿਹੀਣੁ ਕਾਹੇ ਜਗਿ ਆਇਆ॥ ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮੁ ਗਵਾਇਆ" (ਪੰ: ੩੨)

"ਅਭੈ ਨਿਰੰਜਨੁ ਪਰਮ ਪਦੁ, ਤਾ ਕਾ ਭੂਖਾ ਹੋਇ" -ਪਰ ਜਿਸ ਨੂੰ ਸਰਬ-ਉੱਤਮ ਆਤਮਕ ਜੀਵਨ ਦੀ ਸੋਝੀ ਹੁੰਦੀ ਹੈ, ਮਨੁੱਖਾ ਜਨਮ ਪਾ ਕੇ ਉਸ ਨੂੰ ਮਨ ਕਰਕੇ ਕੇਵਲ, ਮਾਇਕ ਪ੍ਰਭਾਵਾਂ ਤੋਂ ਰਹਿਤ ਨਿਰਭਉ ਪ੍ਰਭੂ ਮਿਲਾਪ ਦੀ ਭੁਖ ਤੇ ਅਭਿਲਾਖਾ ਹੀ ਹੁੰਦੀ ਹੈੋ।

"ਤਿਸ ਕਾ ਭੋਜਨੁ, ਨਾਨਕਾ ਵਿਰਲਾ ਪਾਏ ਕੋਇ- ਹੇ ਨਾਨਕ! ਇਸ ਲਈ ਮਨੁੱਖਾ ਜਨਮ ਦੌਰਾਨ ਆਤਮਕ ਜੀਵਨ ਤੇ ਫ੍ਰਭੂ ਦੇ ਮਿਲਾਪ ਵਾਲੀ ਸਰਬ-ਉਤਮ ਸੋਝੀ ਵਾਲਾ ਭੋਜਨ, ਉਨ੍ਹਾਂ ਵਿਰਲਿਆਂ ਨੂੰ ਹੀ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਨੂੰ ਪ੍ਰਭੂ ਆਪਣੀ ਮਿਹਰ ਕਰਕੇ ਆਪ ਦਿੰਦਾ ਤੇ ਬਖ਼ਸ਼ਦਾ ਹੈ। ੧।

ਮਃ ੩॥ ਅਭਿਆਗਤ ਏਹਿ ਨ ਆਖੀਅਨਿ, ਜਿ ਪਰ ਘਰਿ ਭੋਜਨੁ ਕਰੇਨਿ॥ ਉਦਰੈ ਕਾਰਣਿ ਆਪਣੇ, ਬਹਲੇ ਭੇਖਿ ਕਰੇਨਿ॥ ਅਭਿਆਗਤ ਸੇਈ ਨਾਨਕਾ, ਜਿ ਆਤਮ ਗਉਣੁ ਕਰੇਨਿ॥ ਭਾਲਿ ਲਹਨਿ ਸਹੁ ਆਪਣਾ, ਨਿਜ ਘਰਿ ਰਹਣੁ ਕਰੇਨਿ॥ ੨॥

ਪਦ ਅਰਥ : —ਕਰੇਨਿ—ਕਰਦੇ ਹਨ। ਉਦਰ—ਪੇਟ। ਬਹਲੇ—ਬਹੁਤੇਰ। ਬਹਲ ਭੇਖਿ ਕਰੇਨਿ —ਕਈ ਤਰ੍ਹਾਂ ਦੇ ਭੇਖ ਤੇ ਪਖੰਡ। ਗਉਣੁ—ਸੈਰ। ਆਤਮ ਗਉਣੁ ਕਰੇਨਿ—ਉਹ ਪ੍ਰਭੂ ਮਿਲਾਪ ਦੀ ਭਾਵਨਾ ਨਾਲ ਆਤਮਕ ਉਡਾਰੀਆਂ ਲਾਉਂਦੇ ਹਨ। ਭਾਲਿ ਲਹਨਿ ਸਹੁ ਆਪਣਾ — ਆਪਣੇ ਅਸਲੇ ਪ੍ਰਭੂ ਪ੍ਰੀਤਮ ਨੂੰ ਢੂੰਡ ਲੈਂਦੇ ਹਨ, ਜੀਂਦੇ-ਜੀਅ ਆਪਣੇ ਅਸਲੇ ਪ੍ਰਭੂ ਨਾਲ ਅਭੇਦ ਹੋ ਜਾਂਦੇ ਹਨ, ਪ੍ਰਭੂ `ਚ ਸਮਾਅ ਜਾਂਦੇ ਹਨ, ਪ੍ਰਭੂ ਮਿਲਾਪ ਵਾਲਾ ਅਨੰਦ ੰਾਣਦੇ ਹਨ। ਰਹਣੁ—ਨਿਵਾਸ, ਵਾਸਾ, ਟਿਕਾਣਾ।

ਅਰਥ : — "ਅਭਿਆਗਤ ਏਹਿ ਨ ਆਖੀਅਨਿ, ਜਿ ਪਰ ਘਰਿ ਭੋਜਨੁ ਕਰੇਨਿ" - ਜਿਹੜੇ ਪਰਾਏ ਘਰ `ਚ ਰੋਟੀ ਖਾਂਦੇ ਹਨ ਭਾਵ ਜਿਹੜੇ ਮਨੁੱਖਾ ਜਨਮ ਪਾ ਕੇ ਵੀ ਪ੍ਰਭੂ ਦੇ ਦਰ ਨੂੰ ਛੱਡ ਕੇ ਦਰ-ਦਰ ਦੇ ਸੁਆਲੀ ਹੁੰਦੇ, ਆਸਰੇ ਲਭਦੇ ਤੇ ਉਥੋਂ ਮੰਗਦੇ ਫ਼ਿਰਦੇ ਹਨ। ਉਨ੍ਹਾਂ ਨੂੰ ਗੁਰਬਾਣੀ ਅਨੁਸਾਰ ‘ਅਭਿਆਗਤ’ ਭਾਵ ਉਨ੍ਹਾਂ ਨੂੰ ਆਪਣੇ ਅਸਲੇ ਪ੍ਰਭੂ ਦੇ ਦਰ ਨਾਲ ਜੁੜੇ ਹੋਏ ਤੇ ਉਸ ਪ੍ਰਭੂ ਦੇ ਰੰਗ `ਚ ਰੰਗੇ ਹੋਏ ਨਹੀਂ ਕਿਹਾ ਜਾਂਦਾ।

"ਉਦਰੈ ਕਾਰਣਿ ਆਪਣੇ, ਬਹਲੇ ਭੇਖਿ ਕਰੇਨਿ" - ਅਜਿਹੇ ਲੋਕ ਆਪਣੇ ਪੇਟ ਨੂੰ ਭਰਨ ਦੀ ਖ਼ਾਤਰ ਅਤੇ ਆਪਣੀਆਂ ਸੰਸਾਰਕ ਲੋੜਾਂ ਨੂੰ ਪੂਰਾ ਕਰਣ ਖਾਤਿਰ ਹੀ ਕਈ ਤਰ੍ਹਾਂ ਦੇ ਭੇਖ, ਦਿਖਾਵੇ, ਕਰਮ-ਕਾਂਡ ਤੇ ਪਖੰਡ ਕਰਮ ਆਦਿ ਕਰਦੇ ਰਹਿੰਦੇ ਹਨ। ਯਥਾ:-

() "ਫਾਹੀ ਸੁਰਤਿ ਮਲੂਕੀ ਵੇਸੁ॥ ਹਉ ਠਗ ਵਾੜਾ ਠਗੀ ਦੇਸੁ" (ਪੰ: ੨੪)

() "ਇਕ ਕੰਦ ਮੂਲੁ ਚੁਣਿ ਖਾਹਿ ਵਣ ਖੰਡਿ ਵਾਸਾ।। ਇਕਿ ਭਗਵਾ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ॥ ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ॥ ਬਿਰਥਾ ਜਨਮੁ ਗਵਾਇ ਨ ਗਿਰਹੀ ਨ ਉਦਾਸਾ" (ਪੰ: ੧੪੦)

() "ਗਿਆਨ ਵਿਹੂਣਾ ਗਾਵੈ ਗੀਤ॥ ਭੁਖੇ ਮੁਲਾਂ ਘਰੇ ਮਸੀਤਿ॥ ਮਖਟੂ ਹੋਇ ਕੈ ਕੰਨ ਪੜਾਏ॥ ਫਕਰੁ ਕਰੇ ਹੋਰੁ ਜਾਤਿ ਗਵਾਏ॥ ਗੁਰੁ ਪੀਰੁ ਸਦਾਏ ਮੰਗਣ ਜਾਇ॥ ਤਾ ਕੈ ਮੂਲਿ ਨ ਲਗੀਐ ਪਾਇ॥ ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ ੧॥" (ਪੰ: ੧੨੪) ਆਦਿ

"ਅਭਿਆਗਤ ਸੇਈ ਨਾਨਕਾ, ਜਿ ਆਤਮ ਗਉਣੁ ਕਰੇਨਿ-ਹੇ ਨਾਨਕ! ਦਰਅਸਲ ਗੁਰਬਾਣੀ ਅਨੁਸਾਰ ਕੇਵਲ ਉਨ੍ਹਾਂ ਨੂੰ ਪ੍ਰਭੁ ਦਰ ਦੇ ‘ਅਭਿਆਗਤ’ ਕਿਹਾ ਜਾ ਸਕਦਾ ਹੈ ਜਿਹੜੇ ਆਤਮਕ ਤਲ `ਤੇ ਪ੍ਰਭੂ ਮੰਡਲ ਦੀਆਂ ਉਡਾਰੀਆਂ ਲਾਂਦੇ ਭਾਵ ਸਦਾ ਪ੍ਰਭੂ ਪਿਆਰ ਦੇ ਰੰਗ `ਚ ਰੰਗੇ ਰਹਿੰਦੇ ਹਨ।

"ਭਾਲਿ ਲਹਨਿ ਸਹੁ ਆਪਣਾ, ਨਿਜ ਘਰਿ ਰਹਣੁ ਕਰੇਨਿ" -ਅਜਿਹੇ ਪ੍ਰਭੂ ਪਿਆਰੇ ਆਪਣੇ ਪ੍ਰਭੂ ਨੂੰ ਲਭ ਲੈਂਦੇ ਹਨ ਭਾਵ ਅਜਿਹੇ ਪ੍ਰਭੂ ਪਿਆਰੇ, ਗੁਰਮੁਖ ਜਨ ਪ੍ਰਭੂ ਦੀ ਸਿਫ਼ਤ-ਸਲਾਹ ਰਾਹੀਂ ਜੀਂਦੇ-ਜੀਅ ਆਪਣੇ ਅਸਲੇ ਪ੍ਰਭੂ `ਚ ਅਭੇਦ ਹੋ ਜਾਂਦੇ ਹਨ ਉਪ੍ਰੰਤ ਸਰੀਰ ਤਿਆਗਣ ਬਾਅਦ ਵੀ ਉਹ ਸਦਾ ਲਈ ਪ੍ਰਭੂ `ਚ ਹੀ ਸਮਾਅ ਜਾਂਦੇ ਹਨ।। ੨।

ਪਉੜੀ॥ ਅੰਬਰੁ ਧਰਤਿ ਵਿਛੋੜਿਅਨੁ, ਵਿਚਿ ਸਚਾ ਅਸਰਾਉ॥ ਘਰੁ ਦਰੁ ਸਭੋ ਸਚੁ ਹੈ ਜਿਸੁ ਵਿਚਿ ਸਚਾ ਨਾਉ॥ ਸਭੁ ਸਚਾ ਹੁਕਮੁ ਵਰਤਦਾ ਗੁਰਮੁਖਿ ਸਚਿ ਸਮਾਉ॥ ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ॥ ਸਭੁ ਸਚੋ ਸਚੁ ਵਰਤਦਾ ਗੁਰਮੁਖਿ ਅਲਖੁ ਲਖਾਈ॥ ੬॥ {ਪੰਨਾ ੯੪੯}

ਪਦ ਅਰਥ : —ਅੰਬਰੁ—ਆਕਾਸ਼। ਵਿਛੋੜਿਅਨੁ—ਵਿਛੋੜੇ ਹੋਏ ਹਨ, ਵੱਖ-ਵੱਖ ਕੀਤੇ ਹੋਏ ਹਨ। ਸਚਾ—ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਅਸਰਾਉ—ਅਸਰਾਜੁ, ਸ੍ਵਰਾਜੁ, ਆਪਣਾ ਹੁਕਮ। ਸਚਿ—ਸੱਚੇ `ਚ, ਸਦਾ ਥਿਰ ਪ੍ਰਭੂ ਦੇ ਹੁਕਮ `ਚ। ਸਭੁ—ਸਭ ਥਾਂਈਂ। ਅਲਖੁ—ਜਿਸ ਦਾ ਕੋਈ ਖ਼ਾਸ ਚਿਹਨ-ਲੱਛਣ ਨਹੀਂ, ਜਿਸ ਪ੍ਰਭੂ ਨੂੰ ਇਨ੍ਹਾਂ ਅਖਾਂ ਨਾਲ ਨਹੀਂ ਦੇਖਿਆ ਜਾ ਸਕਦਾ ਬਲਕਿ ਜਿਸ ਪ੍ਰਭੂ ਨੂੰ ਇਨ੍ਹਾਂ ਗਿਆਨ ਤੇ ਕਰਮ ਇੰਦ੍ਰਆਂ ਨਾਲ ਨਾ ਪਇਆ ਜਾ ਸਕਦਾ ਹੈ ਤੇ ਨਾ ਹੀ ਦੇਖਿਆ ਜਾ ਸਕਦਾ ਹੈ।

ਅਰਥ : — "ਅੰਬਰੁ ਧਰਤਿ ਵਿਛੋੜਿਅਨੁ, ਵਿਚਿ ਸਚਾ ਅਸਰਾਉ" -ਇਸ "ਭਾਤ-ਭਾਂਤ ਦੀ ਰਚਨਾ `ਚ ਆਕਾਸ਼ ਤੇ ਧਰਤੀ ਦੋਨਾਂ ਨੂੰ ਉਸ ਪ੍ਰਭੂ ਨੇ ਆਪ ਨਿਖੇੜਿਆ ਤੇ ਵੱਖ ਵੱਖ ਰਖਿਆ ਹੋਇਆ ਹੈ। ਉਪ੍ਰੰਤ ਇਹ ਵੀ ਕਿ ਸਮੂਹਿਕ ਤੌਰ `ਤੇ ਇਨ੍ਹਾਂ ਦੋਹਾਂ ਵਿਚਾਲੇ ਵੀ ਸਦਾ-ਥਿਰ ਉਸ ਪ੍ਰਭੂ ਦੇ ਆਪਣੇ ਹੁਕਮ ਵਾਲੀ ਖੇਡ ਹੀ ਵਰਤ ਰਹੀ ਹੈ।

"ਘਰੁ ਦਰੁ ਸਭੋ ਸਚੁ ਹੈ, ਜਿਸੁ ਵਿਚਿ ਸਚਾ ਨਾਉ" - ਪ੍ਰਭੂ ਦੀ ਅਨੰਤ ਰਚਨਾ ਵਿੱਚਲੇ ਹਰੇਕ ਘਰ ਤੇ ਹਰੇਕ ਦਰ `ਚ ਸਦਾ-ਥਿਰ ਪ੍ਰਭੂ ਦੀ ਆਪਣੀ ਹੋਂਦ, ਟਿਕਾਣਾ ਤੇ ਇਸ ਦੇ ਜ਼ਰੇ-ਜ਼ਰੇ `ਚ ਉਸ ਦਾ ਸਚਾ ਨਾਉ ਭਾਵ ਉਸ ਦੀਆਂ ਸਿਫ਼ਤਾਂ ਦੇ ਭੰਡਾਰ ਹਨ।

"ਸਭੁ ਸਚਾ ਹੁਕਮੁ ਵਰਤਦਾ, ਗੁਰਮੁਖਿ ਸਚਿ ਸਮਾਉ-ਹਰ ਥਾਂ ਪ੍ਰਭੂ ਦਾ ਸਦਾ ਥਿਰ ਰਹਿਣ ਵਾਲਾ ਹੁਕਮ ਹੀ ਵਰਤ ਰਿਹਾ ਹੈ। ਇਹ ਵੀ ਕਿ ਸ਼ਬਦ-ਗੁਰੂ ਦੀ ਕਮਾਈ ਰਾਹੀਂ ਮਨੁੱਖ ਜੀਂਦੇ ਜੀਅ ਉਸ ਪ੍ਰਭੂ `ਚ ਸਮਾਅ ਤੇ ਉਸ `ਚ ਲੀਨ ਵੀ ਹੋ ਸਕਦਾ ਹੈ। ਯਥਾ:-

() "ਜਿਨਿ ਏਹੁ ਜਗਤੁ ਉਪਾਇਆ ਤ੍ਰਿਭਵਣੁ ਕਰਿ ਆਕਾਰੁ॥ ਗੁਰਮੁਖਿ ਚਾਨਣੁ ਜਾਣੀਐ ਮਨਮੁਖਿ ਮੁਗਧੁ ਗੁਬਾਰੁ॥ ਘਟਿ ਘਟਿ ਜੋਤਿ ਨਿਰੰਤਰੀ ਬੂਝੈ ਗੁਰਮਤਿ ਸਾਰੁ" (ਪੰ: ੨੦)

() "ਏਕੋ ਪਵਨੁ ਮਾਟੀ ਸਭ ਏਕਾ, ਸਭ ਏਕਾ ਜੋਤਿ ਸਬਾਈਆ॥ ਸਭ ਇਕਾ ਜੋਤਿ ਵਰਤੈ, ਭਿਨਿ ਭਿਨਿ ਨ ਰਲਈ ਕਿਸੈ ਦੀ ਰਲਾਈਆ, ਗੁਰ ਪਰਸਾਦੀ ਇਕੁ ਨਦਰੀ ਆਇਆ, ਹਉ ਸਤਿਗੁਰ ਵਿਟਹੁ ਵਤਾਇਆ" (ਪੰ: ੯੬)

() "ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ॥ ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ॥ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ॥ ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ॥ ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ ਕੁਰਬਾਣਾ" (ਪੰ: ੧੧)

() "ਜਹ ਜਹ ਦੇਖਾ ਤਹ ਤਹ ਸੁਆਮੀ॥ ਤੂ ਘਟਿ ਘਟਿ ਰਵਿਆ ਅੰਤਰਜਾਮੀ॥ ਗੁਰਿ ਪੂਰੈ ਹਰਿ ਨਾਲਿ ਦਿਖਾਲਿਆ ਹਉ ਸਤਿਗੁਰ ਵਿਟਹੁ ਸਦ ਵਾਰਿਆ ਜੀਉ" (ਪੰ: ੯੬) ਆਦਿ

"ਸਚਾ ਆਪਿ ਤਖਤੁ, ਸਚਾ ਬਹਿ, ਸਚਾ ਕਰੇ ਨਿਆਉ" -ਪ੍ਰਭੂ ਆਪ ਸਦਾ ਥਿਰ ਹੈ ਅਤੇ ਉਸ ਦੀ ਇਹ ਸਮੂਹ ਰਚਨਾ ਹੀ ਉਸ ਦਾ ਅਜਿਹਾ ਤਖ਼ਤ ਹੈ ਜਿਸ `ਤੇ ਬੈਠ ਕੇ ਭਾਵ ਜਿਸ ਅੰਦਰ ਵਿਆਪਕ ਹੋ ਕੇ ਪ੍ਰਭੂ ਆਪਣੇ ਸੱਚ ਨਿਆਂ ਵਾਲੇ ਅਟੱਲ ਵਰਤਾਰੇ ਨੂੰ ਵੀ ਵਰਤਾ ਰਿਹਾ ਹੈ।

"ਸਭੁ ਸਚੋ ਸਚੁ ਵਰਤਦਾ, ਗੁਰਮੁਖਿ ਅਲਖੁ ਲਖਾਈ" - ਬੇਸ਼ੱਕ ਪ੍ਰਭੂ ਸਦਾ ਥਿਰ ਤੇ ਹਰ ਥਾਂ ਮੌਜੂਦ ਹੈ, ਤਾਂ ਵੀ ਉਸ ਨੂੰ ਇਨ੍ਹਾਂ ਅਖਾਂ ਨਹੀਂ ਦੇਖਿਆ ਜਾ ਸਕਦਾ। ਪਰ ਸ਼ਬਦ-ਗੁਰੂ ਦੀ ਕਮਾਈ ਅਤੇ ਉਸ ਦੇ ਅਦੇਸ਼ਾਂ ਅਨੁਸਾਰ ਮਨੁਖਾ ਜੀਵਨ ਦੀ ਸੰਭਾਲ ਰਾਹੀਂ, ਉਸ ਅਲਖ ਪ੍ਰਭੁ ਦੇ ਦਰਸ਼ਨ ਵੀ ਕੀਤੇ ਜਾ ਸਕਦੇ ਹਨ, ਉਸ `ਚ ਜੀਂਦੇ-ਜੀਅ ਸਮਾਇਆ ਤੇ ਉਸ ਦੇ ਰੰਗ’ ਚ ਰੰਗਿਆ ਵੀ ਜਾ ਸਕਦਾ ਹੈ। ੬। ਯਥਾ:-

() "ਗੁਰਮੁਖਿ ਤੋਲਿ ਤ+ਲਾਇਸੀ ਸਚੁ ਤਰਾਜੀ ਤੋਲੁ॥ ਆਸਾ ਮਨਸਾ ਮੋਹਣੀ ਗੁਰਿ ਠਾਕੀ ਸਚੁ ਬੋਲੁ॥ ਆਪਿ ਤੁਲਾਏ ਤੋਲਸੀ ਪੂਰੇ ਪੂਰਾ ਤੋਲੁ" (ਪੰ: ੫੯)

() "ਤੁਧੁ ਆਪੇ ਆਪੁ ਉਪਾਇਆ॥ ਦੂਜਾ ਖੇਲੁ ਕਰਿ ਦਿਖਲਾਇਆ॥ ਸਭੁ ਸਚੋ ਸਚੁ ਵਰਤਦਾ, ਜਿਸੁ ਭਾਵੈ ਤਿਸੈ ਬੁਝਾਇ ਜੀਉ (ਪੰ: ੭੨)

"ਆਪਿ ਬਹਿ ਕਰੇ ਨਿਆਉ, ਕੂੜਿਆਰ ਸਭ ਮਾਰਿ ਕਢੋਇ॥ ਸਚਿਆਰਾ ਦੇਇ ਵਡਿਆਈ ਹਰਿ ਧਰਮ ਨਿਆਉ ਕੀਓਇ॥ ਸਭ ਹਰਿ ਕੀ ਕਰਹੁ ਉਸਤਤਿ ਜਿਨਿ ਗਰੀਬ ਅਨਾਥ ਰਾਖਿ ਲੀਓਇ॥ ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ" (ਪੰ: ੮੯) ਆਦਿ (ਚਲਦਾ) #Instt.P.6-15th.v..Ramkali ki vaar M.-3-02.19-P6#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਪੰਦ੍ਰਵੀਂ))

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- gurbaniguru@yahoo.com & gianisurjitsingh@yahoo.com

web sites-

www.gurbaniguru.org

theuniqeguru-gurbani.com

gurmateducationcentre.com
.