.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਅਸਲ ਵਿਦਿਆ

ਸਾਡੇ ਮੁਲਕ ਵਿੱਚ ਵਿਦਿਆ ਦਾ ਅਧਿਕਾਰ ਖੇਤਰ ਕੇਵਲ ਬ੍ਰਹਾਮਣ ਪਾਸ ਹੀ ਸੀ। ਬਾਕੀ ਲੋਕਾਂ ਨੂੰ ਵਿਦਿਆ ਲੈਣ ਦਾ ਕੋਈ ਹੱਕ ਨਹੀਂ ਸੀ। ਬ੍ਰਾਹਮਣ ਭਾਊ ਵਲੋਂ ਵਿਦਿਆ ਵੇਦਾਂ ਪੁਰਾਣਾਂ ਦੇ ਅਧਾਰਤ ਹੀ ਦਿੱਤੀ ਜਾਂਦੀ ਸੀ। ਦੂਸਰਾ ਬ੍ਰਾਹਮਣ ਨੇ ਵਿਦਿਆ ਦੀ ਰੂਪ ਰੇਖਾ ਸੰਸਕ੍ਰਿਤ ਵਿੱਚ ਹੀ ਨਿਰਧਾਰਤ ਕੀਤੀ ਹੋਈ ਸੀ। ਸੰਸਕ੍ਰਿਤ ਦੀ ਬੋਲੀ ਸਬੰਧੀ ਇਹ ਕਹਿੰਦਾ ਸੀ ਕਿ ਇਹ ਦੇਵ ਬੋਲੀ ਹੈ ਤੇ ਦੇਵਤੇ ਏਸੇ ਬੋਲੀ ਨਾਲ ਹੀ ਖੁਸ਼ ਹੁੰਦੇ ਹਨ। ਬ੍ਰਹਾਮਣ ਵੈਦਕ ਗ੍ਰੰਥਾਂ ਦੇ ਦੱਸੇ ਹੋਏ ਕਰਮ-ਕਾਂਡਾਂ ਵਾਲੀ ਹੀ ਵਿਦਿਆ ਪੜ੍ਹਦੇ ਪੜ੍ਹਾਉਂਦੇ ਸਨ। ਅਜੇਹੀ ਕਰਮ-ਕਾਂਡਾਂ ਵਾਲੀ ਵਿਦਿਆ ਨੂੰ ਸੁਣਨ ਵਾਲੇ ਵੀ ਇਹਨਾਂ ਦੇ ਚੇਲੇ ਸਾਰੀ ਸਾਰੀ ਜ਼ਿੰਦਗੀ ਧਰਮ ਦੇ ਨਾਂ `ਤੇ ਕਰਮ ਕਾਂਡ ਹੀ ਨਿਬਾਹੁੰਦੇ ਰਹੇ ਹਨ- ਉਹਨਾਂ ਦਾ ਪ੍ਰਭਾਵ ਅੱਜ ਵੀ ਦੇਖਿਆ ਜਾ ਸਕਦਾ ਹੈ। ਗੁਰੂ ਗਿਆਨ ਲੈਣ ਦੀ ਥਾਂ `ਤੇ ਸਿੱਖ ਵੀ ਵੈਦਕ ਗ੍ਰੰਥਾਂ ਵਾਲੇ ਕਰਮ-ਕਾਂਡਾ ਵਾਲੀ ਵਿਦਿਆ ਨੂੰ ਜ਼ਿਆਦਾ ਤਰਜੀਹ ਦੇਂਦੇ ਹਨ। ਵਿਦਿਆ ਮਨੁੱਖਤਾ ਦੇ ਭਲੇ ਲਈ ਵੀ ਵਰਤੀ ਜਾ ਸਕਦੀ ਹੈ ਤੇ ਨਕਲੀ ਦੁਆਈਆਂ ਪੈਦਾ ਕਰਨ ਲਈ ਵੀ ਵਰਤੀ ਜਾ ਸਕਦੀ ਹੈ। ਅੱਜ ਸੰਸਾਰ `ਤੇ ਵਿਦਿਆ ਦਾ ਪੂਰਾ ਬੋਲ-ਬਾਲਾ ਹੈ ਪਰ ਸਦਾਚਾਰਕ ਵਿਦਿਆ ਦੀ ਘਾਟ ਹਮੇਸ਼ਾਂ ਮਹਿਸੂਸ ਹੁੰਦੀ ਰਹਿੰਦੀ ਹੈ----
ਕਹੰਤ ਬੇਦਾ, ਗੁਣੰਤ ਗੁਨੀਆ, ਸੁਣੰਤ ਬਾਲਾ ਬਹੁ ਬਿਧਿ ਪ੍ਰਕਾਰਾ।।
ਦ੍ਰਿੜੰਤ ਸੁ ਬਿਦਿਆ ਹਰਿ ਹਰਿ ਕ੍ਰਿਪਾਲਾ।।
ਨਾਮ ਦਾਨੁ ਜਾਚੰਤ ਨਾਨਕ ਦੈਨਹਾਰ ਗੁਰ ਗੋਪਾਲਾ।। ੧੪।।
ਅੱਖਰੀਂ ਅਰਥ---- ਜੋ ਕੁੱਝ ਵੇਦ ਆਖਦੇ ਹਨ, ਉਸ ਨੂੰ ਵਿਦਵਾਨ ਮਨੁੱਖ ਕਈ ਢੰਗਾਂ ਤਰੀਕਿਆਂ ਨਾਲ ਵਿਚਾਰਦੇ ਹਨ, ਤੇ (ਉਹਨਾਂ ਦੇ) ਵਿਦਿਆਰਥੀ ਸੁਣਦੇ ਹਨ। ਪਰ ਜਿਨ੍ਹਾਂ ਉਤੇ ਪਰਮਾਤਮਾ ਦੀ ਕਿਰਪਾ ਹੋਵੇ, ਉਹ (ਪਰਮਾਤਮਾ ਦੇ ਸਿਮਰਨ ਦੀ) ਸ੍ਰੇਸ਼ਟ ਵਿਦਿਆ ਨੂੰ (ਆਪਣੇ ਹਿਰਦੇ ਵਿਚ) ਦ੍ਰਿੜ ਕਰਦੇ ਹਨ। ਹੇ ਨਾਨਕ! ਉਹ ਵਡਭਾਗੀ ਮਨੁੱਖ ਦੇਵਣਹਾਰ ਗੁਰੂ ਪਰਮਾਤਮਾ ਤੋਂ (ਸਦਾ) ਨਾਮਿ ਦੀ ਦਾਤਿ ਹੀ ਮੰਗਦੇ ਹਨ। ੧੪।
ਵਿਚਾਰ ਚਰਚਾ—ਬੜਾ ਘਸਿਆ ਪਿਟਿਆ ਖ਼ਿਆਲ ਤੁਰਿਆ ਆਉਂਦਾ ਹੈ ਕਿ ਜੀ ਰੱਬ ਨੂੰ ਏਵੇਂ ਹੀ ਮੰਜ਼ੂਰ ਸੀ। ਭਾਵ ਆਪ ਗਿਆਨ ਹਾਸਲ ਕਰਨ ਦੀ ਜ਼ਰੂਰਤ ਨਹੀਂ ਸਗੋਂ ਸਾਰਾ ਕੁੱਝ ਰੱਬ ਦੇ ਖਾਤੇ ਵਿੱਚ ਪਾ ਦਿਓ ਤੇ ਆਪ ਵਿਹਲੇ ਹੋ ਜਾਓ। ਇਸ ਦਾ ਸਭ ਤੋਂ ਵੱਧ ਲਾਭ ਪੁਜਾਰੀ ਵਰਗ ਨੂੰ ਹੀ ਹੋਇਆ ਹੈ।
੧ ਬ੍ਰਾਹਮਣ ਵੇਦਾਂ ਦੇ ਗਿਆਨ ਦਾ ਅਧਾਰ ਬਣਾ ਕੇ ਜੀਵਨ ਨੂੰ ਸਫਲ ਕਰਨ ਲਈ ਕਈ ਪਰਕਾਰ ਦੇ ਕਰਮ ਕਾਂਡ ਦਸਦਾ ਆ ਰਿਹਾ ਹੈ।
੨ ਅੱਗੇ ਇਸ ਦੇ ਸ਼ਰਧਾਲੂ ਵੀ ਅਜੇਹੇ ਹਨ ਜਿਹੜੇ ਸਿਰ ਸੁੱਟ ਕਿ ਬ੍ਰਾਹਮਣ ਭਾਊ ਦੀ ਹਰ ਗੱਲ ਨੂੰ ਧਰਮ-ਕਰਮ ਸਮਝ ਕੇ ਮੰਨ ਰਹੇ ਹਨ।
੩ ਸਿੱਖੀ ਵਿੱਚ ਵੀ ਏਦਾਂ ਦਾ ਭਰਮ ਪਾਲ਼ ਲਿਆ ਗਿਆ ਹੈ ਕਿ ਆਹ ਸ਼ਬਦ ਏਨੀ ਵਾਰੀ ਪੜ੍ਹਨ ਨਾਲ ਸਾਡੇ ਵਿਗੜੇ ਹੋਏ ਕੰਮ ਠੀਕ ਹੋ ਜਾਂਦੇ ਹਨ। ਸਾਡਾ ਸਾਧ ਲਾਣਾ ਵੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ ਵੇਦਾਂ ਦੇ ਕਰਮ ਕਾਂਡਾ ਵਾਂਗ ਹੀ ਪਰਚਾਰ ਰਿਹਾ ਹੈ।
੪ ਗੁਰਬਾਣੀ ਗਿਆਨ ਸਮਝਣ ਸਮਝਾਉਣ ਦੀ ਥਾਂ `ਤੇ ਕੀ ਅੱਜ ਕੌਮ ਸੰਪਟ ਪਾਠਾਂ ਦੇ ਰਾਹ ਨਹੀਂ ਤੁਰ ਪਈ? ਇਹ ਵਿਸ਼ਾ ਵਿਚਾਰ ਮੰਗਦਾ ਹੈ। ਕੀ ਅਜੇਹੀ ਵਿਚਾਰ ਬ੍ਰਾਹਮਣ ਦਾ ਨਾਂ ਲੈ ਕੇ ਕਰ ਦੇਣ ਨਾਲ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਸਕਦੇ ਹਾਂ?
੫ ਸਮੱਸਿਆ ਅੱਜ ਵੀ ਸਾਡੇ ਸਾਹਮਣੇ ਉਸੇ ਤਰ੍ਹਾਂ ਦੀ ਹੈ—ਕੋਈ ਸਾਧ ਗੁਰਬਾਣੀ ਦਾ ਸ਼ਬਦ ਲੈ ਕੇ ਪੁਰੀ ਮਨਮਤ ਸੁਣਾ ਰਿਹਾ ਹੈ ਤੇ ਕੋਈ ਇਤਿਹਾਸ ਦੀ ਵਿਦਿਆ ਨੂੰ ਪੁੱਠਾ ਗੇੜਾ ਦੇ ਰਿਹਾ ਹੈ।
੬ ਕੀ ਅਸੀਂ ਆਪਣੇ ਇਤਿਹਾਸ ਨਾਲ ਇਨਸਾਫ਼ ਕਰ ਰਹੇ ਹਾਂ?
੭ ਅਸਲ ਵਿਦਿਆ ਉਹ ਹੈ ਜਿਹੜੀ ਸਾਨੂੰ ਆਪੇ ਦੀ ਸੋਝੀ ਕਰਾਉਂਦੀ ਹੈ ਤੇ ਸਮਾਜ ਦੇ ਭਲੇ ਲਈ ਵਰਤੋਂ ਵਿੱਚ ਆਉਂਦੀ ਹੈ। ਸਦਾਚਾਰਕ ਕੀਮਤਾਂ ਜਨਮ ਲੈਂਦੀਆਂ ਹਨ।
੮ ਉਹ ਵਿਦਿਆ ਕਿਸ ਕੰਮ ਦੀ ਹੈ ਜਿਹੜੀ ਆਪਣੇ ਭਰਾਵਾਂ ਨੂੰ ਹੀ ਫਸਾ ਰਹੀ ਹੋਵੇ ਤੇ ਕੌਮ ਦੀ ਜੜ੍ਹੀਂ ਤੇਲ ਦੇ ਦੇਵੇ।
੯ ਵਿਦਿਆ ਦਾ ਅਧਾਰ ਸੱਚ ਦੇ ਅਧਾਰਤ ਹੋਣਾ ਚਾਹੀਦਾ ਹੈ। ਮੰਨ ਲਓ ਕਿਸੇ ਅਫ਼ਸਰ ਨੇ ਉਚ ਵਿਦਿਆ ਹਾਸਲ ਕੀਤੀ ਹੈ ਤੇ ਉਸ ਵਿਦਿਆ ਦੀ ਸਹੀ ਵਰਤੋਂ ਕਰਦਾ ਹੋਇਆ ਕਿਸੇ ਨਾਲ ਕੋਈ ਧੱਕਾ ਨਹੀਂ ਕਰਦਾ ਹੈ ਤੇ ਨਾ ਹੀ ਕਿਸੇ ਨਾਲ ਕੋਈ ਧੱਕਾ ਹੋਣ ਦੇਂਦਾ ਹੈ। ਅਸਲ ਵਿਦਿਆ ਦੀ ਉਹ ਸਹੀ ਵਰਤੋਂ ਕਰਦਾ ਨਜ਼ਰ ਆਉਂਦਾ ਹੈ।
੧੦ ਸੱਚੀ ਲਗਨ ਨਾਲ ਵਿਦਿਆ ਹਾਸਲ ਕਰਨੀ ਤੇ ਲੋਕ ਭਲਾਈ ਲਈ ਉਸ ਦੀ ਵਰਤੋਂ ਕਰਨੀ, ਕੁਦਰਤੀ ਦਾਤਾਂ ਦੀ ਖੋਜ ਕਰਕੇ ਤਰੱਕੀ ਦੀਆਂ ਪੈੜਾਂ ਨੱਪਣ ਵਾਲੀ ਵਿਦਿਆ ਹੀ ਅਸਲ ਰੱਬ ਜੀ ਦੀ ਭਗਤੀ ਹੈ।
੧੧ ਗੁਰਬਾਣੀ ਨੇ ਉਸ ਵਿਦਿਆ ਨੂੰ ਨਿਕਾਰਿਆ ਹੈ ਜਿਸ ਦੁਆਰਾ ਮਨੁੱਖਤਾ ਦਾ ਘਾਣ ਹੁੰਦੇ ਹੋਵੇ---
੧੨ ਪੜ੍ਹਾਈ ਕਰਨੀ ਬਹੁਤ ਜ਼ਰੂਰੀ ਹੈ ਪਰ ਇਹ ਜ਼ਰੂਰੀ ਨਹੀਂ ਕਿ ਪੜ੍ਹਾਈ ਕਰਨ ਨਾਲ ਅਕਲ ਵੀ ਆ ਜਾਏ। ਸਦਾਚਾਰਕ ਕਦਰਾਂ ਕੀਮਤਾਂ ਨੂੰ ਸਮਝਣ ਵਾਲਾ ਹੀ ਅਸਲ ਪੜ੍ਹਿਆ ਲਿਖਿਆ ਕਹਿਆ ਜਾ ਸਕਦਾ ਹੈ। ਅਜੇਹੀ ਸੋਚ ਗੁਰ-ਗਿਆਨ ਦੁਆਰਾ ਪ੍ਰਾਪਤ ਹੁੰਦੀ ਹੈ।
੧੩ ਸਭ ਤੋਂ ਸ੍ਰੇਸ਼ਟ ਵਿਦਿਆ ਰੱਬ ਨੂੰ ਯਾਦ ਕਰਨਾ ਤੋਂ ਹੈ ਜਿਹੜੀ ਸਾਫ਼ਗੋਈ, ਦਿਆਨਤਦਾਰੀ ਨਾਲ ਕਿਸੇ ਦੇ ਕੰਮ ਆ ਸਕਣਾ, ਆਪਣੇ ਆਪ ਨੂੰ ਵਿਕਾਰੀ ਸੋਚ ਤੋਂ ਬਚਾ ਕੇ ਰੱਖਣਾ, ਪੂਰੀ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆਂ ਹਮੇਸ਼ਾਂ ਵਿਕਾਸ ਕਰਦੇ ਰਹਿਣ ਵਿੱਚ ਪ੍ਰਗਟ ਹੁੰਦੀ ਹੈ।
ਪਾਧਾ ਗੁਰਮੁਖਿ ਆਖੀਐ, ਚਾਟੜਿਆ ਮਤਿ ਦੇਇ।।
ਨਾਮੁ ਸਮਾਲਹੁ, ਨਾਮੁ ਸੰਗਰਹੁ, ਲਾਹਾ ਜਗ ਮਹਿ ਲੇਇ।।
ਸਚੀ ਪਟੀ ਸਚੁ ਮਨਿ, ਪੜੀਐ ਸਬਦੁ ਸੁ ਸਾਰੁ।।
ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ, ਜਿਸੁ ਰਾਮ ਨਾਮੁ ਗਲਿ ਹਾਰੁ।। ੫੪।।
ਪੰਨਾ ੯੩੮




.