.

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਤੇਰ੍ਹਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ ਇਸ ਤੋਂ ਪਹਿਲਾਂ ਆ ਚੁੱਕੇ ਬਾਰਾਂ ਭਾਗ ਵੀ ਪੜੋ ਜੀ)

ਪਉੜੀ ਨੰ: ੪ ਦਾ ਮੂਲ ਪਾਠ ਸਲੋਕਾਂ ਸਹਿਤ:-

ਸਲੋਕੁ॥ ਕਬੀਰ ਕਸਉਟੀ ਰਾਮ ਕੀ, ਝੂਠਾ ਟਿਕੈ ਨ ਕੋਇ॥ ਰਾਮ ਕਸਉਟੀ ਸੋ ਸਹੈ, ਜੋ ਮਰਜੀਵਾ ਹੋਇ॥ ੧ ॥

ਮਃ ੩॥ ਕਿਉ ਕਰਿ ਇਹੁ ਮਨੁ ਮਾਰੀਐ, ਕਿਉ ਕਰਿ ਮਿਰਤਕੁ ਹੋਇ॥ ਕਹਿਆ ਸਬਦੁ ਨ ਮਾਨਈ, ਹਉਮੈ ਛਡੈ ਨ ਕੋਇ॥ ਗੁਰ ਪਰਸਾਦੀ ਹਉਮੈ ਛੁਟੈ, ਜੀਵਨ ਮੁਕਤੁ ਸੋ ਹੋਇ॥ ਨਾਨਕ ਜਿਸ ਨੋ ਬਖਸੇ ਤਿਸੁ ਮਿਲੈ, ਤਿਸੁ ਬਿਘਨੁ ਨ ਲਾਗੈ ਕੋਇ॥ ੨ ॥

ਮਃ ੩॥ ਜੀਵਤ ਮਰਣਾ ਸਭੁ ਕੋ ਕਹੇ, ਜੀਵਨ ਮੁਕਤਿ ਕਿਉ ਹੋਇ॥ ਭੈ ਕਾ ਸੰਜਮੁ ਜੇ ਕਰੇ, ਦਾਰੂ ਭਾਉ ਲਾਏਇ॥ ਅਨਦਿਨੁ ਗੁਣ ਗਾਵੈ ਸੁਖ ਸਹਜੇ, ਬਿਖੁ ਭਵਜਲੁ ਨਾਮਿ ਤਰੇਇ॥ ਨਾਨਕ ਗੁਰਮੁਖਿ ਪਾਈਐ, ਜਾ ਕਉ ਨਦਰਿ ਕਰੇਇ॥ ੩ ॥

ਪਉੜੀ॥ ਦੂਜਾ ਭਾਉ ਰਚਾਇਓਨੁ, ਤ੍ਰੈ ਗੁਣ ਵਰਤਾਰਾ॥ ਬ੍ਰਹਮਾ ਬਿਸਨੁ ਮਹੇਸੁ ਉਪਾਇਅਨੁ, ਹੁਕਮਿ ਕਮਾਵਨਿ ਕਾਰਾ॥ ਪੰਡਿਤ ਪੜਦੇ ਜੋਤਕੀ, ਨਾ ਬੂਝਹਿ ਬੀਚਾਰਾ॥ ਸਭੁ ਕਿਛੁ ਤੇਰਾ ਖੇਲੁ ਹੈ, ਸਚੁ ਸਿਰਜਣਹਾਰਾ॥ ਜਿਸੁ ਭਾਵੈ ਤਿਸੁ ਬਖਸਿ ਲੈਹਿ, ਸਚਿ ਸਬਦਿ ਸਮਾਈ॥ ੪ ॥

(ਪਉੜੀ ਨੰ: ੪ ਦੀ ਸਟੀਕ-ਸਲੋਕਾਂ ਅਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕੁ॥ ਕਬੀਰ ਕਸਉਟੀ ਰਾਮ ਕੀ, ਝੂਠਾ ਟਿਕੈ ਨ ਕੋਇ॥ ਰਾਮ ਕਸਉਟੀ ਸੋ ਸਹੈ, ਜੋ ਮਰਜੀਵਾ ਹੋਇ॥ ੧॥ {ਪੰਨਾ ੯੪੮} (ਕਬੀਰ ਸਾਹਿਬ ਦੇ ਸਲੋਕਾਂ ਦੀ ਲੜੀ `ਚ ਸਲੋਕ ਨੰ: ੩੩ ਪੰ: ੧੩੬੬)

ਪਦ ਅਰਥ : —ਕਸਉਟੀ—ਕਸ-ਵੱਟੀ, ਨਿੱਕਾ ਜਿਹਾ ਵੱਟਾ ਜਿਸ `ਤੇ ਸੋਨੇ ਨੂੰ ਕੱਸ ਲਾਈਦਾ ਹੈ, ਪਰਖ। ਮਰਜੀਵਾ—ਜੋ ਮਨੁੱਖ ਦੁਨੀਆ ਦੇ ਚੱਸਕਿਆਂ ਵਲੋਂ ਮਰ ਕੇ ਰੱਬ ਵਾਲੇ ਪਾਸੇ ਜੀਊ ਪਿਆ ਹੈ।

ਅਰਥ : — "ਕਬੀਰ ਕਸਉਟੀ ਰਾਮ ਕੀ, ਝੂਠਾ ਟਿਕੈ ਨ ਕੋਇ" -ਹੇ ਕਬੀਰ! ਪ੍ਰਮਾਤਮਾ ਦੀ ਕਸਵੱਟੀ ਐਸਾ ਨਿਖੇੜਾ ਕਰਨ ਵਾਲੀ ਹੈ ਕਿ ਜਿਸ `ਤੇ ਝੂਠਾ ਮਨੁੱਖ ਬਿਲਕੁਲ ਵੀ ਪੂਰਾ ਨਹੀਂ ਉਤਰ ਸਕਦਾ" ਯਥਾ:-

() "ਹਰਿ ਆਪਿ ਬਹਿ ਕਰੇ ਨਿਆਉ ਕੂੜਿਆਰ, ਸਭ ਮਾਰਿ ਕਢੋਇ॥ ਸਚਿਆਰਾ ਦੇਇ ਵਡਿਆਈ, ਹਰਿ ਧਰਮ ਨਿਆਉ ਕੀਓਇ" (ਪੰ: ੮੯)

() ਮਨਮੁਖ ਸਦਾ ਕੂੜਿਆਰ ਭਰਮਿ ਭੁਲਾਣਿਆ॥ ਵਿਸਟਾ ਅੰਦਰਿ ਵਾਸੁ ਸਾਦੁ ਨ ਜਾਣਿਆ॥ ਵਿਣੁ ਨਾਵੈ ਦੁਖੁ ਪਾਇ ਆਵਣ ਜਾਣਿਆ॥ ਨਾਨਕ ਪਾਰਖੁ ਆਪਿ ਜਿਨਿ ਖੋਟਾ ਖਰਾ ਪਛਾਣਿਆ (ਪੰ: ੧੪੪)

() ਨਾਨਕ ਬਦਰਾ ਮਾਲ ਕਾ, ਭੀਤਰਿ ਧਰਿਆ ਆਣਿ॥ ਖੋਟੇ ਖਰੇ ਪਰਖੀਅਨਿ, ਸਾਹਿਬ ਕੈ ਦੀਬਾਣਿ (ਪੰ: ੭੮੯) ਆਦਿ

"ਰਾਮ ਕਸਉਟੀ ਸੋ ਸਹੈ, ਜੋ ਮਰਜੀਵਾ ਹੋਇ" -ਪ੍ਰਮਾਤਮਾ ਦੀ ਪਰਖ `ਚ ਕੇਵਲ ਉਹੀ ਪੂਰਾ ਉਤਰਦਾ ਹੈ ਜਿਹੜਾ ਮਨੁੱਖ ਸੰਸਾਰਕ ਰਸਾਂ ਵਲੋਂ ਮਰ ਕੇ ਪ੍ਰਭੂ ਵਲ ਜੀਊ ਪਿਆ ਅਤੇ ਪ੍ਰਭੂ ਦੇ ਰੰਗ `ਚ ਹੀ ਰੰਗਿਆ ਜਾ ਚੁੱਕਾ ਹੋਵੇ। ੧। ਯਥਾ:-

() "ਕਾਇਆ ਕਾਗਦੁ ਮਨੁ ਪਰਵਾਣਾ॥ ਸਿਰ ਕੇ ਲੇਖ ਨ ਪੜੈ ਇਆਣਾ॥ ਦਰਗਹ ਘੜੀਅਹਿ ਤੀਨੇ ਲੇਖ॥ ਖੋਟਾ ਕਾਮਿ ਨ ਆਵੈ ਵੇਖੁ॥ ੧ ॥ ਨਾਨਕ ਜੇ ਵਿਚਿ ਰੁਪਾ ਹੋਇ॥ ਖਰਾ ਖਰਾ ਆਖੈ ਸਭੁ ਕੋਇ॥ ੧ ॥ ਰਹਾਉ॥" (ਪੰ: ੬੬੨)

ਮਃ ੩॥ ਕਿਉ ਕਰਿ ਇਹੁ ਮਨੁ ਮਾਰੀਐ, ਕਿਉ ਕਰਿ ਮਿਰਤਕੁ ਹੋਇ॥ ਕਹਿਆ ਸਬਦੁ ਨ ਮਾਨਈ, ਹਉਮੈ ਛਡੈ ਨ ਕੋਇ॥ ਗੁਰ ਪਰਸਾਦੀ ਹਉਮੈ ਛੁਟ, ਜੀਵਨ ਮੁਕਤੁ ਸੋ ਹੋਇ॥ ਨਾਨਕ ਜਿਸ ਨੋ ਬਖਸੇ ਤਿਸੁ ਮਿਲੈ, ਤਿਸੁ ਬਿਘਨੁ ਨ ਲਾਗੈ ਕੋਇ॥ ੨॥ {ਪੰਨਾ ੯੪੮}

ਪਦ ਅਰਥ : —ਮਿਰਤਕੁ—ਮੁਰਦਾ, ਸੰਸਾਰਕ ਚੱਸਕਿਆਂ ਵਲੋਂ ਹਟਿਆ ਹੋਇਆ। ਨ ਮਾਨਈ—ਨਹੀਂ ਮੰਨਦਾ। ਜੀਵਨ ਮੁਕਤੁ—ਸੰਸਾਰ ਤੇ ਮੋਹ-ਮਾਇਆ `ਚ ਜਿਊਂਦਾ ਤੇ ਵਿਚਰਦਾ ਹੋਇਆ ਵੀ ਮਨ ਕਰਕੇ ਮਾਇਕ ਬੰਧਨਾਂ ਤੋਂ ਆਜ਼ਾਦ। ਬਿਘਨੁ—ਰੁਕਾਵਟ।

ਅਰਥ : — "ਕਿਉ ਕਰਿ ਇਹੁ ਮਨੁ ਮਾਰੀਐ, ਕਿਉ ਕਰਿ ਮਿਰਤਕੁ ਹੋਇ" - ਤਾਂ ਤੇ ਕਿਵੇਂ ਇਸ ਮਨ ਨੂੰ ਮੋਹ-ਮਇਆ ਦੇ ਸੰਸਾਰਕ ਚੱਸਕਿਆਂ ਵੱਲੋਂ ਮਾਰੀਏ ਅਤੇ ਸਾਡਾ ਇਹ ਮਨ ਸੰਸਾਰਕ ਮੋਹ-ਮਾਇਆ ਦੇ ਚੱਸਕਿਆਂ ਵਲੋਂ ਕਿਵੇਂ ਹਟੇ?

"ਕਹਿਆ ਸਬਦੁ ਨ ਮਾਨਈ ਹਉਮੈ ਛਡੈ ਨ ਕੋਇ" - ਕਿਉਂਕਿ ਕੋਈ ਵੀ ਮਨੁੱਖ ਆਖਿਆਂ ਤੇ ਸਮਝਾਇਆਂ ਨਾ ਸ਼ਬਦ-ਗੁਰੂ ਦੀ ਅਗਵਾਹੀ ਨੂੰ ਸਵੀਕਾਰਦਾ ਤੇ ਸ਼ਬਦ-ਗੁਰੂ ਦੇ ਉਪਦੇਸ਼ਾਂ ਦਾ ਪਾਲਨ ਕਰਦਾ ਹੈ ਤੇ ਇਸੇ ਤੋਂ ਉਹ ਆਪਣੀ ਹਉੰਮੈ `ਤੇ ਕਾਬੂ ਪਾ ਸਕਦਾ ਹੈ।

"ਗੁਰ ਪਰਸਾਦੀ ਹਉਮੈ ਛੁਟੈ ਜੀਵਨ ਮੁਕਤੁ ਸੋ ਹੋਇ" - ਕਿਉਂਕਿ ਮਨੁੱਖਾ ਨੂੰ ਆਪਣੀ ਹਊਮੈ ਤੋਂ ਨਿਜਾਤ ਤਾਂ ਕੇਵਲ ਸਤਿਗੁਰੂ ਦੀ ਮਿਹਰ ਨਾਲ ਹੀ ਮਿਲਦੀ ਹੈ।

ਉਪ੍ਰੰਤ ਇਸ ਤਰ੍ਹਾਂ ਜਿਸ ਮਨੁੱਖ ਦੇ ਜੀਵਨ ਅੰਦਰੋਂ ਇਸ ਹਉਮੈ ਦਾ ਨਾਸ ਹਉਮੈ ਨਾਸ ਹਹੋ ਜਾਂਦਾ ਹੈ ਕੇਵਲ ਉਹੀ ਸੰਸਾਰ `ਚ ਵਿਚਰਦਾ ਹੋਇਆ ਵੀ ਸੰਸਾਰਕ ਮੋਹ-ਮਾਇਆ ਦੇ ਚੱਸਕਿਆਂ ਤੋਂ ਬਚਿਆ ਰਹਿ ਸਕਦਾ ਹੈ, ਉਸ ਤੋਂ ਬਿਨਾ ਅਜਿਹਾ ਸੰਭਵ ਨਹੀਂ।

"ਨਾਨਕ ਜਿਸ ਨੋ ਬਖਸੇ ਤਿਸੁ ਮਿਲੈ ਤਿਸੁ ਬਿਘਨੁ ਨ ਲਾਗੈ ਕੋਇ" -ਹੇ ਨਾਨਕ! ਤਾਂ ਤੇ ਜਿਸ ਮਨੁੱਖ `ਤੇ ਪ੍ਰਭੂ ਆਪ ਮਿਹਰ ਕਰਦਾ ਹੈ ਉਸ ਨੂੰ ਜੀਵਨ ਮੁਕਤ ਦਾ ਦਰਜਾ ਪ੍ਰਾਪਤ ਹੋ ਜਾਂਦਾ ਹੈ। ਉਹ ਸੰਸਾਰ `ਚ ਵਿਚਰਦਾ ਹੋਇਆ ਵੀ ਮੋਹ-ਮਾਇਆ ਤੇ ਵਿਕਾਰਾਂ ਸੀ ਮਾਰ ਤੋਂ ਬੱਚ ਜਾਂਦਾ ਹੈ।

ਇਸ ਤਰ੍ਹਾਂ ਤੌ ਉਹ ਸਾਹਜੇ ਹੀ ਸਫ਼ਲ ਮਨੁੱਖਾ ਜਨਮ ਨੂੰ ਪ੍ਰਾਪਤ ਹੋ ਜਾਂਦਾ ਤੇ ਉਹ ਜੀਂਦੇ ਜੀਅ ਆਪਣੇ ਅਸਲੇ ਪ੍ਰਭੂ `ਚ ਅਭੇਦ ਹੋ ਜਾਂਦਾ ਤੇ ਸਮਾਅ ਜਾਂਦਾ ਹੈ। ਉਪ੍ਰੰਤ ਮਾਇਕ ਬੰਧਨ ਉਸ ਦੇ ਪ੍ਰਾਪਤ ਮਨੁੱਖਾ ਜਨਮ ਦੀ ਸਫ਼ਲਤਾ `ਚ ਰੁਕਾਵਟ ਨਹੀਂ ਬਣਦੇ। ੨। ਯਥਾ:-

() "ਸਬਦਿ ਮਰੈ ਸੋ ਮਰਿ ਰਹੈ, ਫਿਰਿ ਮਰੈ ਨ ਦੂਜੀ ਵਾਰ॥ ਸਬਦੈ ਹੀ ਤੇ ਪਾਈਐ, ਹਰਿ ਨਾਮੇ ਲਗੈ ਪਿਆਰੁ॥ ਬਿਨੁ ਸਬਦੈ ਜਗੁ ਭੂਲਾ ਫਿਰੈ, ਮਰਿ ਜਨਮੈ ਵਾਰੋ ਵਾਰ" (ਪੰ: ੫੮)

() "ਗੁਰ ਕਾ ਸਬਦੁ ਕੋ ਵਿਰਲਾ ਬੂਝੈ॥ ਆਪੁ ਮਾਰੇ ਤਾ ਤ੍ਰਿਭਵਣੁ ਸੂਝੈ॥ ਫਿਰਿ ਓਹੁ ਮਰੈ ਨ ਮਰਣਾ ਹੋਵੈ, ਸਹਜੇ ਸਚਿ ਸਮਾਵਣਿਆ" (ਪੰ: ੧੨੦)

() "ਸੋ ਸੇਵਕੁ ਹਰਿ ਆਖੀਐ ਜੋ ਹਰਿ ਰਾਖੈ ਉਰਿ ਧਾਰਿ॥ ਮਨੁ ਤਨੁ ਸਉਪੇ ਆਗੈ ਧਰੇ ਹਉਮੈ ਵਿਚਹੁ ਮਾਰਿ॥ ਧਨੁ ਗੁਰਮੁਖਿ ਸੋ ਪਰਵਾਣੁ ਹੈ ਜਿ ਕਦੇ ਨ ਆਵੈ ਹਾਰਿ" (ਪੰ: ੨੮)

ਮਃ ੩॥ ਜੀਵਤ ਮਰਣਾ ਸਭੁ ਕੋ ਕਹੈ, ਜੀਵਨ ਮੁਕਤਿ ਕਿਉ ਹੋਇ॥ ਭੈ ਕਾ ਸੰਜਮੁ ਜੇ ਕਰੇ, ਦਾਰੂ ਭਾਉ ਲਾਏਇ॥ ਅਨਦਿਨੁ ਗੁਣ ਗਾਵੈ ਸੁਖ ਸਹਜੇ, ਬਿਖੁ ਭਵਜਲੁ ਨਾਮਿ ਤਰੇਇ॥ ਨਾਨਕ ਗੁਰਮੁਖਿ ਪਾਈਐ, ਜਾ ਕਉ ਨਦਰਿ ਕਰੇਇ॥ ੩॥ {ਪੰਨਾ ੯੪੮}

ਪਦ ਅਰਥ : —ਸਭੁ ਕੋ—ਹਰ ਕੋਈ, ਹਰੇਕ ਮਨੁੱਖ। ਸੰਜਮੁ—ਪਰਹੇਜ਼। ਦਾਰੂ—ਦਵਾਈ। ਨਾਮਿ—ਨਾਮ ਰਾਹੀਂ, ਪ੍ਰਭੂ ਦੀ ਸਿਫ਼ਤ ਸਲਾਹ ਰਾਹੀਂ। ਗੁਰਮੁਖਿ ਪਾਈਐ—ਸ਼ਬਦ-ਗੁਰੂ ਦੀ ਕਮਾਈ ਰਾਹੀਂ ਆਂਪਣੇ-ਆਪ ਸਹਿਜੇ ਹੀ ਪ੍ਰਾਪਤ ਹੋ ਜਾਂਦੀ ਹੈ।

ਅਰਥ : — "ਜੀਵਤ ਮਰਣਾ ਸਭੁ ਕੋ ਕਹੈ, ਜੀਵਨ ਮੁਕਤਿ ਕਿਉ ਹੋਇ" -ਸੰਸਾਰ `ਚ ਜਿਊਂਦਿਆਂ ਸੰਸਾਰਕ ਮੋਹ-ਮਾਇਆ ਵੱਲੋਂ ਵਿਰਕਤ ਹੋ ਕੇ ਸੰਸਾਰ `ਚ ਵਿਚਰਨ ਵਾਲੀਆਂ ਬਾਤਾਂ ਤਾਂ ਹਰੇਕ ਮਨੁੱਖ ਕਰਦਾ ਹੈ ਪਰ ਇਹ ‘ਜੀਵਨ-ਮੁਕਤੀ’ ਵਾਲੀ ਅਵਸਥਾ) ਪ੍ਰਾਪਤ ਕਿਵੇਂ ਹੋਵੇ?

"ਭੈ ਕਾ ਸੰਜਮੁ ਜੇ ਕਰੇ ਦਾਰੂ ਭਾਉ ਲਾਏਇ" -ਜੇ ਮਨੁੱਖ ਸੰਸਾਰਕ ਮੋਹ-ਮਾਇਆ ਦੇ ਚੱਸਕਿਆਂ ਦੇ ਵਿਸ਼ ਤੋਂ ਬਚਣ ਲਈ, ਮਨ ਕਰਕੇ ਪ੍ਰਭੂ ਨਾਲ ਪਿਆਰ ਕਰੇ ਅਤੇ ਪ੍ਰਭੂ ਦੇ ਨਿਰਮਲ਼ ਭਉ ਨੂੰ ਹੀ ਆਪਣੇ ਜੀਵਨ ਦੀ ਦਵਾਈ ਬਣਾ ਲਵੇ।

"ਅਨਦਿਨੁ ਗੁਣ ਗਾਵੈ ਸੁਖ ਸਹਜੇ" - ਇਸ ਤਰ੍ਹਾਂ ਮਨੁੱਖ ਜਿਉਂ ਜਿਉਂ ਪ੍ਰਭੂ ਦੇ ਨਿਰਮਲ ਭਉ `ਚ ਰਹਿ ਕੇ ਨੂੰ ਬਤੀਤ ਕਰਣ ਵਾਲਾ ਸੁਭਾਉ ਬਣਾਉਂਦਾ ਜਾਵੇਗਾ ਤਾਂ ਮਹਿਸੂਸ ਕਰੇਗਾ ਕਿ ਉਹ ਪ੍ਰਭੂ ਹਰ ਵੇਲੇ ਉਸ ਦੇ ਅੰਗ-ਸੰਗ ਹੈ ਇਸ ਲਈ ਉਸ ਪ੍ਰਭੂ ਤੋਂ ਕੋਈ ਲੁਕਾਅ ਵੀ ਨਹੀਂ ਕੀਤਾ ਜਾ ਸਕਦਾ।

"ਬਿਖੁ ਭਵਜਲੁ ਨਾਮਿ ਤਰੇਇ" - ਇਸਤਰ੍ਹਾਂ ਉਹ ਦਿਨ-ਰਾਤ ਪ੍ਰਭੂ ਦੇ ਰੰਗ `ਚ ਰੰਗਿਆ ਰਹਿ ਕੇ ਪ੍ਰਭੂ ਮਿਲਾਪ ਵਾਲਾ ਅਨੰਦ ਮਾਨਦਾ ਹੈ। ਉਹ ਮਨ ਦੀ ਅਡੋਲਤਾ `ਚ ਟਿਕਿਆ ਰਹਿਕੇ, ਸਹਿਜੇ ਹੀ ਵਿਕਾਰਾਂ ਦੇ ਵਿਸ਼ ਨਾਲ ਭਰੇ ਹੋਏ ਸੰਸਾਰ ਸਮੁੰਦਰ ਤੋ ਪਾਰ ਹੋ ਜਾਂਦਾ ਹੈ। ਉਸ ਦਾ ਪ੍ਰਪਤ ਮਨੁੱਖਾ ਜਨਮ ਸਫ਼ਲ ਹੋ ਜਾਂਦਾ ਤੇ ਉਹ ਜੀਦੇ-ਜੀਅ ਪ੍ਰਭੂ `ਚ ਅਭੇਦ ਹੋ ਜਾਂਦਾ ਹੈ।

"ਨਾਨਕ ਗੁਰਮੁਖਿ ਪਾਈਐ, ਜਾ ਕਉ ਨਦਰਿ ਕਰੇਇ"॥ ੩॥ - ਹੇ ਨਾਨਕ! ਜਿਸ `ਤੇ ਪ੍ਰਭੂ ਆਪਣੀ ਮਿਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਇਹ ਜੀਵਨ-ਮੁੱਕਤ ਵਾਲੀ ਅਵਸਥਾ ਸ਼ਬਦ-ਗੁਰੂ ਦੀ ਕਮਾਈ ਨਾਲ ਆਪਣੇ-ਆਪ ਤੇ ਸਹਿਜੇ ਹੀ ਪ੍ਰਪਤ ਹੋ ਜਾਂਦੀ ਹੈ। ੩। ਯਥਾਂ; -

() "ਮਾਰੇ ਪੰਚ ਬਿਖਾਦੀਆ॥ ਗੁਰ ਕਿਰਪਾ ਤੇ ਦਲੁ ਸਾਧਿਆ॥ ਬਖਸੀਸ ਵਜਹੁ ਮਿਲਿ ਏਕੁ ਨਾਮ॥ ਸੂਖ ਸਹਜ ਅਨੰਦ ਬਿਸ੍ਰਾਮ" (ਪੰ: ੨੧੦)

() "ਮਨ ਮੇਰੇ, ਹਉਮੈ ਮੈਲੁ ਭਰਨਾਲਿ॥ ਹਰਿ ਨਿਰਮਲੁ ਸਦਾ ਸੋਹਣਾ, ਸਬਦਿ ਸਵਾਰਣਹਾਰੁ" (ਪੰ: ੩੫-੩੬)

() "ਇਸੁ ਗੁਫਾ ਮਹਿ ਇਕੁ ਥਾਨੁ ਸੁਹਾਇਆ॥ ਪੂਰੈ ਗੁਰਿ ਹਉਮੈ ਭਰਮੁ ਚੁਕਾਇਆ॥ ਅਨਦਿਨੁ ਨਾਮੁ ਸਲਾਹਨਿ ਰੰਗਿ ਰਾਤੇ ਗੁਰ ਕਿਰਪਾ ਤੇ ਪਾਵਣਿਆ" (ਪੰ: ੧੨੬)

ਪਉੜੀ॥ ਦੂਜਾ ਭਾਉ ਰਚਾਇਓਨੁ, ਤ੍ਰੈ ਗੁਣ ਵਰਤਾਰਾ॥ ਬ੍ਰਹਮਾ ਬਿਸਨੁ ਮਹੇਸੁ ਉਪਾਇਅਨੁ, ਹੁਕਮਿ ਕਮਾਵਨਿ ਕਾਰਾ, ॥ ਪੰਡਿਤ ਪੜਦੇ ਜੋਤਕੀ, ਨਾ ਬੂਝਹਿ ਬੀਚਾਰਾ॥ ਸਭੁ ਕਿਛੁ ਤੇਰਾ ਖੇਲੁ ਹੈ, ਸਚੁ ਸਿਰਜਣਹਾਰਾ॥ ਜਿਸੁ ਭਾਵੈ ਤਿਸੁ ਬਖਸਿ ਲੈਹਿ ਸਚਿ ਸਬਦਿ ਸਮਾਈ॥ ੪॥ {ਪੰਨਾ ੯੪੮}

ਪਦ ਅਰਥ : —ਦੂਜਾ ਭਾਉ—ਪ੍ਰਭੂ ਨੂੰ ਵਿਸਾਰ ਕੇ ਕੇਵਲ ਕਰਤੇ ਪ੍ਰਭੂ ਦੀਆਂ ਦਾਤਾਂ, ਮਾਇਕ ਰਸਾਂ `ਚ ਹੀ ਖੱਚਤ ਹੋਣਾ। ਰਚਾਇਓਨੁ—ਉਸ ਦੂਜੇ ਭਾਉ ਦੀ ਰਚਨਾ ਵੀ ਪ੍ਰਭੂ ਨੇ ਆਪ ਕੀਤੀ, ਉਸ ਦੀ ਹੋਂਦ ਵੀ ਪ੍ਰਭੂ ਤੋਂ ਹੀ ਹੈ। ਉਪਾਇਅਨੁ—ਉਪਾਏ, ਬ੍ਰਹਮਾ ਬਿਸਨੁ ਮਹੇਸੁ ਆਦਿ ਨੂੰ ਵੀ ਪ੍ਰਭੂ ਨੇ ਹੀ ਪੈਦਾ ਕੀਤਾ। ਜੋਤਕੀ—ਜੋਤਸ਼ੀ। ਬਖਸਿ ਲੈਹਿ— ਹੇ ਪ੍ਰਭੂ! ਤੂੰ ਬਖ਼ਸ਼ ਲੈਂਦਾ ਹੈ। ਸਚਿ—ਸੱਚ `ਚ, ਸਦਾ ਥਿਰ ਪ੍ਰਭੂ ਦੀ ਸਿਫ਼ਤ ਸਲਾਹ `ਚ। ਸਚਿ ਸਬਦਿ ਸਮਾਈ— ਸ਼ਬਦ-ਗੁਰੂ ਦੀ ਕਮਾਈ ਰਾਹੀਂ, ਜੀਵ ਸਦਾਥਿਰ ਪ੍ਰਭੂ `ਚ ਹੀ ਸਮਾਅ ਜਾਂਦਾ ਹੈ।

ਅਰਥ : — "ਦੂਜਾ ਭਾਉ ਰਚਾਇਓਨੁ, ਤ੍ਰੈ ਗੁਣ ਵਰਤਾਰਾ" - ਸੰਸਾਰ `ਚ ਜੀਵਾਂ ਦਾ ਮਾਇਆ ਨਾਲ ਪਿਆਰ ਤੇ ਮਾਇਆ ਦੇ ਰਜੋ, ਤਮੋ, ਸਮੋ ਤਿੰਨਾਂ ਗੁਣਾਂ ਦਾ ਵਰਤਾਰਾ ਹੈ। ਭਾਵ ਮੂਲ ਰੂਪ `ਚ ਸੰਸਾਰ ਰਚਨਾ ਦੇ ਅਨੰਤ ਪ੍ਰਕਾਰ ਦੇ ਜੀਵਾਂ `ਤੇ ਮਾਇਆ ਦੇ ਉਨ੍ਹਾਂ ਰਜੋ, ਤਮੋ, ਸਮੋ ਤਿੰਨਾਂ ਗੁਣਾਂ ਦੇ ਪ੍ਰਭਾਵ ਹੁੰਦਾ ਹੈ। ਉਪ੍ਰੰਤ ਕਰਤੇ ਨੂੰ ਵਿਸਾਰ ਕੇ ਜੀਵਾਂ ਰਾਹੀਂ ਉਨ੍ਹਾਂ `ਚ ਹੀ ਉਲਝੇ ਰਹਿਣ ਵਾਲੀ ਸੰਸਾਰ ਦੀ ਖੇਡ ਵੀ ਸਿਰਜਣਹਾਰ ਨੇ ਆਪ ਬਣਾਈ ਹੋਈ ਹੈ।

"ਬ੍ਰਹਮਾ ਬਿਸਨੁ ਮਹੇਸੁ ਉਪਾਇਅਨੁ, ਹੁਕਮਿ ਕਮਾਵਨਿ ਕਾਰਾ" - ਇਹ ਵੀ ਕਿ ਮਾਇਆ ਦੇ ਉਨ੍ਹਾਂ ਤਿੰਨਾਂ ਗੁਣਾਂ ਤੋਂ ਹੀ ਬ੍ਰਹਮਾ ਵਿਸ਼ਨੂ ਤੇ ਸ਼ਿਵਜੀ ਆਦਿ ਦੇਵਤੇ ਵੀ ਉਸ ਪ੍ਰਭੂ ਦੇ ਹੀ ਉਪਾਏ, ਬਣਾਏ ਤੇ ਪੈਦਾ ਕੀਤੇ ਹੋਏ ਹਨ ਅਤੇ ਉਹ ਸਾਰੇ ਵੀ ਉਸ ਪ੍ਰਭੂ ਦੇ ਹੁਕਮ `ਚ ਹੀ ਕਾਰ ਕਰ ਰਹੇ ਹਨ, ਨਹੀਂ ਤਾਂ ਇਨ੍ਹਾਂ ਦੀ ਆਪਣੀ ਨਾ ਕੋਈ ਹੋਂਦ ਹੈ ਅਤੇ ਨਾ ਵਜੂਦ।

"ਪੰਡਿਤ ਪੜਦੇ ਜੋਤਕੀ, ਨਾ ਬੂਝਹਿ ਬੀਚਾਰਾ" - ਹੋਰ ਤਾਂ ਹੋਰ, ਜੋਤਸ਼ੀ ਆਦਿ ਸਮੂਹ ਵਿਦਵਾਨ ਲੋਕ ਵੀ ਵਿਦਵਤਾਂ ਤੇ ਵਿਚਾਰ ਯੁਕਤ ਪੁਸਤਕਾਂ ਨੂੰ ਪੜ੍ਹਦੇ ਤਾਂ ਹਨ ਪਰ ਰਜੋ, ਤਮੋ, ਸਮੋ ਉਨ੍ਹਾਂ ਤਿੰਨਾਂ ਗੁਣਾਂ ਦੇ ਪ੍ਰਭਾਵ `ਚ ਹੋਣ ਕਰਕੇ ਉਹ ਵੀ, ਉਨ੍ਹਾਂ ਨੂੰ ਘੋਖਣ, ਅਮਲਾਉਣ ਤੇ ਵਿਚਾਰਣ ਯੋਗ ਪ੍ਰਭੂ ਦੀੇ ਇਸ ਅਸਚਰਜ ਖੇਡ ਨੂੰ ਨਹੀਂ ਸਮਝਦੇ।

"ਸਭੁ ਕਿਛੁ ਤੇਰਾ ਖੇਲੁ ਹੈ, ਸਚੁ ਸਿਰਜਣਹਾਰਾ" - ਹੇ ਪ੍ਰਭੂ! ਇਹ ਜਗਤ-ਰਚਨਾ) ਸਾਰਾ ਤੇਰਾ ਹੀ ਖੇਲ ਹੈ, ਤੇ ਤੂੰ ਇਸ ਖੇਲ ਨੂੰ ਬਣਾਣ ਵਾਲਾ ਅਤੇ ਇਸ ਸਾਰੇ ਖੇਲ `ਚ ਸਚੁ ਭਾਵ ਆਪ ਸਦਾ ਕਾਇਮ ਰਹਿਣ ਵਾਲਾ ਵੀ ਹੈਂ।

"ਜਿਸੁ ਭਾਵੈ ਤਿਸੁ ਬਖਸਿ ਲੈਹਿ, ਸਚਿ ਸਬਦਿ ਸਮਾਈ"॥ ੪॥ -ਜੋ ਤੈਨੂੰ ਭਾਉਂਦਾ ਹੈ ਤੇ ਜਿਹੜਾ ਤੈਨੂੰ ਚੰਗਾ ਲਗਦਾ ਹੈ ਤੂੰ ਉਸ `ਤੇ ਬਖ਼ਸ਼ਸ਼ ਕਰਦਾ ਹੈਂ ਜਿਸ ਤੋਂ ਉਹ ਜੀਨਦੇ ਜੀਅ ਸ਼ਬਦ -ਗੁਰੂ ਦੀ ਕਮਾਈ ਰਾਹੀਂ, ਤੇਰੇ ਸੱਚੇ ਸਰੂਪ `ਚ ਹੀ ਟਿਕਿਆ ਰਹਿੰਦਾ ਹੈ। ੪। ਯਥਾ:-

() "ਸਦਾ ਸਦਾ ਤੂ ਏਕ ਹੈ, ਤੁਧੁ ਦੂਜਾ ਖੇਲੁ ਰਚਾਇਆ॥ ਹਉਮੈ ਗਰੁਬ ਉਪਾਇ ਕੈ, ਲੋਭੁ ਅੰਤਰਿ ਜੰਤਾ ਪਾਇਆ॥ ਜਿਉ ਭਾਵੈ ਤਿਉ ਰਖੁ ਤੂ, ਸਭ ਕਰੇ ਤੇਰਾ ਕਰਾਇਆ" (ਪੰ: ੧੩੯)

() "ਕਰਿ ਕਿਰਪਾ ਘਰੁ ਮਹਲੁ ਦਿਖਾਇਆ॥ ਨਾਨਕ ਹਉਮੈ ਮਾਰਿ ਮਿਲਾਇਆ" (ਪੰ: ੧੫੩)

() "ਹੳਮੈ ਮਾਰਿ ਗੁਰ ਸਬਦਿ ਪਛਾਤਾ॥ ਕ੍ਰਿਪਾ ਕਰੇ ਪ੍ਰਭ ਕਰਮ ਬਿਧਾਤਾ" (ਪੰ: ੧੫੯) ਯ

() "ਇਨ ਸਿਉ ਪ੍ਰੀਤਿ ਕਰੀ ਘਨੇਰੀ॥ ਜਉ ਮਿਲੀਐ ਤਉ ਵਧੈ ਵਧੇਰੀ॥ ਗਲਿ ਚਮੜੀ ਜਉ ਛੋਡੈ ਨਾਹੀ॥ ਲਾਗਿ ਛੁਟੋ ਸਤਿਗੁਰ ਕੀ ਪਾਈ॥ ੧॥ ਜਗ ਮੋਹਨੀ ਹਮ ਤਿਆਗਿ ਗਵਾਈ॥ ਨਿਰਗੁਨੁ ਮਿਲਿਓ ਵਜੀ ਵਧਾਈ…" (ਪੰ: ੩੯੨) ਆਦਿ -- (ਚਲਦਾ) #Instt.P.4v..-13th.Ramkali ki vaar M.-3-02.19-P4#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਤੇਰ੍ਹਵੀਂ))

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.