.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਆਤਮਕ ਸੂਝ ਹੀ ਰੱਬੀ ਮਿਲਾਪ ਆ

ਸਿੱਖ ਮਤ ਦੀ ਜ਼ਿਆਦਾ ਵਿਆਖਿਆ ਗਵਾਂਢੀਆਂ ਤੋਂ ਉਧਾਰੀ ਲੈ ਕੇ ਕੀਤੀ ਗਈ ਹੈ। ਗੁਰਬਾਣੀ ਦੇ ਤੱਤ ਗਿਆਨ ਨੂੰ ਸਮਝਣ ਦੀ ਥਾਂ `ਤੇ ਵੱਖ ਵੱਖ ਮੱਤਾਂ ਦੀਆਂ ਥਿਊਰੀਆਂ ਅਨੁਸਾਰ ਸਿੱਖ ਸਿਧਾਂਤ ਨੂੰ ਢਾਲਣ ਦਾ ਕੋਝਾ ਯਤਨ ਕੀਤਾ ਹੈ। ਇਹ ਉਹਨਾਂ ਲੋਕਾਂ ਵਲੋਂ ਕੰਮ ਕੀਤਾ ਹੈ ਜਿਹੜੇ ਪੁਜਾਰੀਵਾਦ ਨੂੰ ਖਤਮ ਨਹੀਂ ਕਰਨਾ ਚਹੁੰਦੇ। ਏਹੀ ਕਾਰਨ ਹੈ ਕਿ ਰੱਬ ਨੂੰ ਲੱਭਣ ਲਈ ਸਿਮਰਨ ਦੀਆਂ ਰੰਗ-ਬ-ਰੰਗੀਆਂ ਵੰਨਗੀਆਂ ਅਸਾਂ ਨਿਰਧਾਰਤ ਕਰ ਲਈਆਂ ਹਨ। ਅਜੋਕਾ ਸਿਮਰਣ ਯੋਗ ਮਤ ਦੀ ਹੀ ਵਿਆਖਿਆ ਕਰ ਰਿਹਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਨੂੰ ਸਮਝਣ ਦੀ ਥਾਂ `ਤੇ ਅਸਾਂ ਅੱਖਾਂ ਮੀਚ ਕੇ ਰੱਬ ਨੂੰ ਲੱਭਣ ਦਾ ਯਤਨ ਅਰੰਭ ਕਰ ਦਿੱਤਾ ਹੈ। ਜਦੋਂ ਅੱਖਾਂ ਹੀ ਮੀਚ ਲਈਆਂ ਤਾਂ ਰੱਬ ਖ਼ਾਕ ਦੇਖਣਾ ਹੈ। ਰੱਬ ਜੀ ਸਾਰੀ ਕੁਦਰਤ, ਉਸ ਦੇ ਨਿਯਮ, ਗੁਣ ਤੇ ਗਿਆਨ ਹੈ। ਅਸੀਂ ਗੁਰ-ਗਿਆਨ ਦੁਆਰਾ ਕੁਦਰਤੀ ਨਿਯਮਾਂ ਨੂੰ ਸਮਝ ਕੇ ਸਾਂਝ ਪਾ ਸਕਦੇ ਹਾਂ। ਕੁਦਰਤੀ ਨਿਯਮ ਦੇ ਮਹੱਤਵ ਨੂੰ ਸਮਝ ਕੇ ਜੀਵਨ ਨੂੰ ਅਨੰਦਮਈ ਬਣਾ ਸਕਦੇ ਹਾਂ-----
ਕਿਰਪੰਤ ਹਰੀਅੰ, ਮਤਿ ਤਤੁ ਗਿਆਨੰ।।
ਕਿਰਪੰਤ ਹਰੀਅੰ, ਮਤਿ ਤਤੁ ਗਿਆਨੰ॥
ਬਿਗਸੀਧਿੑ ਬੁਧਾ, ਕੁਸਲ ਥਾਨੰ॥
ਬਸਿੑੰਤ ਰਿਖਿਅੰ ਤਿਆਗਿ ਮਾਨੰ॥
ਸੀਤਲੰ ਤ ਰਿਦਯੰ, ਦ੍ਰਿੜੁ ਸੰਤ ਗਿਆਨੰ
॥ ਰਹੰਤ ਜਨਮੰ, ਹਰਿ ਦਰਸ ਲੀਣਾ॥
ਬਾਜੰਤ ਨਾਨਕ ਸਬਦ ਬੀਣਾਂ॥13॥
ਅੱਖਰੀਂ ਅਰਥ--ਜਿਥੇ ਪਰਮਾਤਮਾ ਦੀ ਕਿਰਪਾ ਹੋਵੇ ਉਥੇ ਮਨੁੱਖ ਦੀ ਅਕਲ ਨੂੰ ਸਹੀ ਜੀਵਨ ਦੀ ਸੂਝ ਆ ਜਾਂਦੀ ਹੈ, (ਅਜੇਹੀ ਬੁੱਧੀ) ਸੁਖ ਦਾ ਟਿਕਾਣਾ ਬਣ ਜਾਂਦੀ ਹੈ, (ਅਜੇਹੀ ਬੁੱਧੀ ਵਾਲੇ) ਗਿਆਨਵਾਨ ਲੋਕ ਸਦਾ ਖਿੜੇ ਰਹਿੰਦੇ ਹਨ। ਮਾਣ ਤਿਆਗਣ ਕਰ ਕੇ ਉਹਨਾਂ ਦੇ ਇੰਦ੍ਰੇ ਵੱਸ ਵਿੱਚ ਰਹਿੰਦੇ ਹਨ, ਉਹਨਾਂ ਦਾ ਹਿਰਦਾ (ਸਦਾ) ਸੀਤਲ ਰਹਿੰਦਾ ਹੈ, ਇਹ ਸ਼ਾਂਤੀ ਵਾਲਾ ਗਿਆਨ ਉਹਨਾਂ ਦੇ ਅੰਦਰ ਪੱਕਾ ਰਹਿੰਦਾ ਹੈ।
ਹੇ ਨਾਨਕ! ਪਰਮਾਤਮਾ ਦੇ ਦੀਦਾਰ ਵਿੱਚ ਮਸਤ ਅਜੇਹੇ ਬੰਦਿਆਂ ਦਾ ਜਨਮ (-ਮਰਨ) ਮੁੱਕ ਜਾਂਦਾ ਹੈ, ਉਹਨਾਂ ਦੇ ਅੰਦਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੇ ਵਾਜੇ (ਸਦਾ) ਵੱਜਦੇ ਹਨ।
ਵਿਚਾਰ ਚਰਚਾ
੧ ਜਿੱਥੇ ਪ੍ਰਾਮਤਮਾ ਦੀ ਕਿਰਪਾ ਹੋਵੇ ਓੱਥੇ ਮਨੁਖ ਨੂੰ ਜੀਵਨ ਦੀ ਸਹੀ ਸੇਧ ਦਾ ਪਤਾ ਲਗਦਾ ਹੈ—ਰੱਬੀ ਕਿਰਪਾ ਤੋਂ ਭਾਵ—ਉਦਮੀ ਹੋਣਾ, ਇਮਾਨਦਾਰੀ, ਸਿੱਖਣ ਦੀ ਚਾਹਨਾ ਰੱਖਣੀ, ਸੰਤੋਖੀ, ਪਿਆਰ ਦੀ ਭਾਵਨਾ ਦਾ ਜਾਗਣਾ ਮਨੁੱਖਤਾ ਦੀ ਸੇਵਾ ਵਿੱਚ ਜੁੜਨਾ ਆਦਕ ਦੈਵੀ ਗੁਣਾਂ ਅਨੁਸਾਰੀ ਹੋ ਕੇ ਚਲਣਾ ਹੀ ਰੱਬ ਦੀ ਕਿਰਪਾ ਹੈ।
੨ ਧਰਮ ਦੀ ਦੁਨੀਆਂ ਵਿੱਚ ਇਹ ਸਮਝ ਲਿਆ ਹੋਇਆ ਹੈ ਕਿ ਕਿ ਧਰਮ ਦੇ ਨਾਂ `ਤੇ ਕਰਮ-ਕਾਂਡ ਕਰਨ ਨਾਲ ਰੱਬ ਜੀ ਦੀ ਕ੍ਰਿਪਾ ਹੋ ਜਾਂਦੀ ਹੈ ਅਜੇਹੇ ਭਰਮ ਨੇ ਮਨੁੱਖਤਾ ਦਾ ਮਾਨਸਕ ਵਿਕਾਸ ਨਹੀਂ ਹੋਣ ਦਿੱਤਾ ਸਗੋਂ ਪੁਜਾਰੀਆਂ ਦਿਆਂ ਢਿੱਡਾਂ ਨੂੰ ਹੀ ਵਧਾਇਆ ਹੈ।
੩ ਮਨੁੱਖੀ ਦਿਮਾਗ ਨੇ ਸੱਚਾ ਗਿਆਨ ਹਾਸਲ ਕਰਨਾ ਹੈ ਤੇ ਇਹ ਗਿਆਨ ਕੁਦਰਤ ਦੇ ਰਹੱਸ ਸਬੰਧੀ ਜਾਣਕਾਰੀ ਦੇਂਦਾ ਹੈ।
੪ ਗਿਆਨ ਹਾਸਲ ਕਰਨ ਦੀ ਥਾਂ `ਤੇ ਧਾਰਮਕ ਰਸਮਾਂ ਨਿਬਾਹੁੰਣ ਨੂੰ ਅਸਾਂ ਤਰਜੀਹ ਦੇ ਕੇ ਏਸੇ ਨੂੰ ਰੱਬ ਦੀ ਬੰਦਗੀ ਮੰਨ ਲਿਆ ਹੈ ਜਿਸ ਨਾਲ ਸਮਾਜ ਦਾ ਕਲਿਆਣ ਹੋਣ ਦੀ ਥਾਂ `ਤੇ ਸਮਾਜ ਵਿੱਚ ਪੁਜਾਰੀ ਦੀਆਂ ਜੁਗਤੀਆਂ ਪ੍ਰਧਾਨ ਹੋ ਗਈਆਂ ਹਨ ਤੇ ਮਨੁੱਖ ਜੀਵਨ ਬੋਝਲ ਬਣ ਕੇ ਰਹਿ ਗਿਆ ਹੈ।
੫ ਉਪਰੋਕਤ ਸਲੋਕ ਅਨੁਸਾਰ ਮਨੁੱਖ ਨੂੰ ਸਹੀ ਜੀਵਨ ਦੀ ਸੂਝ ਗੁਰ-ਗਿਆਨ ਵਿਚੋਂ ਹੀ ਆ ਸਕਦੀ ਹੈ।
੬ ਕੁਦਰਤ ਦੇ ਰਹੱਸ ਦੀ ਸਮਝ ਆਉਣ ਦੁਆਰਾ ਮਨੁਖੀ ਸੁਭਾਅ ਵਿੱਚ ਸਦਾ ਖੇੜਾ ਬਣਿਆ ਰਹਿੰਦਾ ਹੈ, ਅੰਹਕਾਰ ਵਰਗੀ ਬਿਰਤੀ ਖਤਮ ਹੁੰਦੀ ਹੈ ਤੇ ਸਰੀਰਕ ਇੰਦ੍ਰੇ ਬੇ-ਮੁਹਾਰੇ ਨਹੀਂ ਹੁੰਦੇ। ਇਹ ਇੱਕ ਨਿਯਮ ਵਿੱਚ ਤੁਰਦੇ ਹਨ।
੭ ਜਦੋਂ ਆਤਮਕ ਸੂਝ ਜਨਮ ਲੈਂਦੀ ਹੈ ਤਾਂ ਮਨੁਖ ਦੇ ਮਨ ਵਿਚੋਂ ਹੰਕਾਰ ਮਰਨਾ ਤੇ ਤ੍ਰਿਸ਼ਨਾ ਵਿੱਚ ਜਿਉਣ ਵਾਲੀ ਬਿਰਤੀ ਸਦਾ ਲਈ ਖਤਮ ਹੁੰਦੀ ਹੈ।
੮ ਸੁਭਾਅ ਵਿਚੋਂ ਈਰਖਾ, ਨਫਰਤ, ਭੈੜੀ ਸੋਚ, ਗੁੱਸਾ, ਹੰਕਾਰ, ਕ੍ਰੋਧ ਤੇ ਬੇਈਮਾਨ ਵਰਗੀਆਂ ਕੁਸੈਲੀਆਂ ਵਿਚਾਰਾਂ ਖਤਮ ਹੁੰਦੀਆਂ ਹਨ ਨਤੀਜਨ ਅਸੀਂ ਗੁਰ-ਗਿਆਨ ਨੂੰ ਸਮਝ ਕੇ ਉਹਦੇ ਆਦੀ ਹੋਣ ਦਾ ਯਤਨ ਕਰਦੇ ਹਾਂ।
੯ ਦਿਮਾਗ ਕੁਦਰਤ ਵਲੋਂ ਬਖਸ਼ਿਆ ਹੋਇਆ ਇੱਕ ਤੋਅਫਾ ਹੈ ਜਿਸ ਦੀ ਵਰਤੋਂ ਸੱਚੇ ਗਿਆਨ ਦੁਆਰਾ ਕਰਨੀ ਹੈ ਤਾਂ ਕਿ ਅਸੀਂ ਆਪਣਾ ਜੀਵਨ ਸੋਹਣਾ ਬਣਾ ਸਕੀਏ ਤੇ ਚੰਗੇ ਸਮਾਜ ਦੀ ਸਿਰਜਣਾ ਕਰ ਸਕੀਏ।
੧੦ ਰਬ ਕੋਈ ਅੱਖਾਂ ਨਾਲ ਦੇਖਣ ਵਾਲੀ ਵਸਤੂ ਨਹੀਂ ਹੈ ਇਸ ਨੂੰ ਸਮਝ ਕੇ ਨਾਲ ਲੈ ਕੇ ਚਲਣ ਦੀ ਜ਼ਰੂਰਤ ਹੈ—
੧੧ ਕੁਦਰਤ ਦੇ ਰਹੱਸ ਨੂੰ ਸਮਝਣ ਵਾਲਾ ਜਿੱਥੇ ਆਤਮਕ ਖੇੜੇ ਵਿੱਚ ਰਹਿੰਦਾ ਹੈ ਓੱਥੇ ਮਾਨਸਕ ਜਨਮ ਮਰਣ ਦੇ ਗੇੜ ਤੋਂ ਮੁਕਤ ਹੁੰਦਾ ਹੈ
ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ।।
ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ।। ੧੫੫।।
ਪੰਨਾ ੧੩੭੨




.