.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਰੁਕਾਵਟਾਂ

ਰੁਪਏ, ਡਾਲਰ, ਪੋਂਡ ਹੀ ਮਾਇਆ ਨਹੀਂ ਸਗੋਂ ਮਾਇਆ ਦੇ ਹੋਰ ਅਨੇਕਾਂ ਰੂਪ ਹਨ। ਸੱਚ ਦੇ ਮਾਰਗ `ਤੇ ਤੁਰਨ ਲੱਗਿਆਂ ਜੋ ਵੀ ਰੁਕਾਵਟ ਖੜੀ ਹੁੰਦੀ ਹੈ ਉਹ ਸਾਰਾ ਮਾਇਆ ਦਾ ਰੂਪ ਹੀ ਗਿਣਿਆ ਗਿਆ ਹੈ। ਮਾਇਆ ਕਮਾਉਣੀ ਜਾਂ ਪਰਵਾਰ ਵਿੱਚ ਰਹਿਣਾ ਕੋਈ ਮਾੜੀ ਗੱਲ ਨਹੀਂ ਹੈ। ਪੂਰੀ ਜ਼ਿੰਮੇਵਾਰੀ ਨਾਲ ਮਿਹਨਤ ਕਰਦਿਆਂ ਜਦੋਂ ਮਨੁੱਖ ਪਰਵਾਰ ਪਾਲਦਾ ਹੈ ਤਾਂ ਉਹ ਇੱਕ ਸੁਚੱਜੇ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੁੰਦਾ ਹੈ। ਆਤਮਕ ਜੀਵਨ ਦਾ ਨੁਕਸਾਨ ਓਦੋਂ ਹੁੰਦਾ ਹੈ ਜਦੋਂ ਮਨੁੱਖ ਇਖਲਾਕੀ ਕਦਰਾਂ ਕੀਮਤਾਂ ਦਾ ਤਿਆਗ ਕਰਕੇ ਕੇਵਲ ਆਪਣਾ ਹੀ ਧਿਆਨ ਰੱਖਣਾ ਸ਼ੁਰੂ ਕਰ ਦੇਵੇ— ਜੀਵਨ ਨੂੰ ਸਫਲ਼ ਬਣਾਉਣ ਲਈ ਜਾਂ ਆਤਮਕ ਅਨੰਦ ਲੈਣ ਲਈ ਕੁੱਝ ਪਰਹੇਜ਼ ਕਰਨੇ ਪੈਣੇ ਹਨ। ਸਫਲ ਜੀਵਨ ਦੇ ਰਾਹ ਵਿੱਚ ਆ ਰਹੀਆਂ ਰੁਕਾਵਟਾਂ ਤੋਂ ਸੁਚੇਤ ਹੋਣ ਦੀ ਲੋੜ ਹੈ--
ਮਿਰਤ ਮੋਹੰ ਅਲਪ ਬੁਧ੍ਯ੍ਯੰ, ਰਚੰਤਿ ਬਨਿਤਾ ਬਿਨੋਦ ਸਾਹੰ।।
ਜੌਬਨ ਬਹਿਕ੍ਰਮ ਕਨਿਕ ਕੁੰਡਲਹ।।
ਬਚਿਤ੍ਰ ਮੰਦਿਰ ਸੋਭੰਤਿ ਬਸਤ੍ਰਾ ਇਤੰੵਤ ਮਾਇਆ ਬ੍ਹਾਪਿਤੰ।।
ਹੇ ਅਚੁਤ ਸਰਣਿ ਸੰਤ ਨਾਨਕ ਭੋ ਭਗਵਾਨਏ ਨਮਹ।। ੧੧।।

ਅੱਖਰੀਂ ਅਰਥ--— ਹੋਛੀ ਮੱਤ ਵਾਲਾ ਮਨੁੱਖ ਨਾਸਵੰਤ ਪਦਾਰਥਾਂ ਦੇ ਮੋਹ ਵਿੱਚ ਲੀਨ ਰਹਿੰਦਾ ਹੈ, ਇਸਤ੍ਰੀ ਦੇ ਕਲੋਲ ਤੇ ਚਾਵਾਂ ਵਿੱਚ ਮਸਤ ਰਹਿੰਦਾ ਹੈ। ਜੁਆਨੀ, ਤਾਕਤ, ਸੋਨੇ ਦੇ ਕੁੰਡਲ (ਆਦਿਕ), ਰੰਗਾ-ਰੰਗ ਦੇ ਮਹਲ-ਮਾੜੀਆਂ, ਸੋਹਣੇ ਬਸਤ੍ਰ—ਇਹਨਾਂ ਤਰੀਕਿਆਂ ਨਾਲ ਉਸ ਨੂੰ ਮਾਇਆ ਵਿਆਪਦੀ ਹੈ (ਆਪਣਾ ਪ੍ਰਭਾਵ ਪਾਂਦੀ ਹੈ)। ਹੇ ਨਾਨਕ! (ਆਖ—) ਹੇ ਅਬਿਨਾਸ਼ੀ! ਹੇ ਸੰਤਾਂ ਦੇ ਸਹਾਰੇ! ਹੇ ਭਗਵਾਨ! ਤੈਨੂੰ ਸਾਡੀ ਨਮਸਕਾਰ ਹੈ (ਤੂੰ ਹੀ ਮਾਇਆ ਦੇ ਪ੍ਰਭਾਵ ਤੋਂ ਬਚਾਣ ਵਾਲਾ ਹੈਂ)
ਵਿਚਾਰ ਚਰਚਾ--
੧ ਨੌਕਰੀ ਕਰਨ ਲਈ ਜਦੋਂ ਮਨੁੱਖ ਆਪਣੇ ਘਰੋਂ ਦੂਰ ਕਿਸੇ ਸ਼ਹਿਰ ਜਾਂਦਾ ਹੈ ਤਾਂ ਘਰ ਵਾਲੇ ਕੁੱਝ ਗੱਲਾਂ ਇਤਿਆਦ ਵਜੋਂ ਸਮਝਾਉਂਦੇ ਹਨ ਕਿ ਇਹਨਾਂ ਗੱਲਾਂ ਵਲ ਧਿਆਨ ਦੇਵੀ ਤਾਂ ਕਿ ਤੇਰੇ ਲਈ ਕੋਈ ਨਵੀਂ ਮੁਸੀਬਤ ਖੜੀ ਨਾ ਹੋ ਜਾਵੇ।
੨ ਇੰਜ ਹੀ ਗੁਰਦੇਵ ਪਿਤਾ ਜੀ ਸਮਝਾਉਂਦੇ ਹਨ ਕਿ ਮਨੁੱਖ ਤੈਨੂੰ ਵੀ ਸੁਚੇਤ ਹੋ ਕੇ ਚਲਣ ਦੀ ਜ਼ਰੂਰਤ ਹੈ ਤੇਰੀ ਆਤਮਕ ਤਰੱਕੀ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਖੜੀਆਂ ਹੋ ਸਕਦੀਆਂ ਹਨ, ਉਹਨਾਂ ਰੁਕਾਵਟਾਂ ਤੋਂ ਸੁਚੇਤ ਹੋਣ ਦੀ ਲੋੜ ਹੈ।
੩ ਜੀਵਨ ਨਿਰਬਾਹ ਲਈ ਪਦਾਰਥਾਂ ਨੂੰ ਇਕੱਠੇ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਪਰ ਧਿਆਨ ਇਹ ਦੇਣ ਦੀ ਲੋੜ ਹੈ ਕਿ ਕੀ ਮੈਂ ਕੇਵਲ ਆਪਣੀ ਤਨਖਾਹ ਨਾਲ ਗੁਜ਼ਾਰਾ ਕਰ ਰਿਹਾ ਹਾਂ ਜਾਂ ਕੋਈ ਆਪਣੇ ਅਹੁਦੇ ਦੀ ਦੁਰ ਵਰਤੋਂ ਕਰ ਰਿਹਾ ਹਾਂ? ਆਪਣੇ ਅਹੁਦੇ ਦੀ ਦੁਰ ਵਰਤੋਂ ਹੀ ਅਸਲ ਵਿੱਚ ਪਦਾਰਥ ਇਕੱਠੇ ਕਰਨੇ ਹਨ।
੪ ਹਰ ਵੇਲੇ ਕਾਮਕ ਬਿਰਤੀ ਵਿੱਚ ਵਿਚਰਨ ਵਾਲਾ ਮਾਨਸਕ ਵਿਕਾਸ ਖੋਹ ਲੈਂਦਾ ਹੈ। ਕਈ ਵਾਰ ਇਸਤ੍ਰੀ ਦੇ ਮੋਹ ਵਿੱਚ ਲੀਨ ਹੋਇਆ ਪਰਵਾਰ ਦੇ ਬਾਕੀ ਫ਼ਰਜ਼ ਭੁੱਲ ਜਾਂਦਾ ਹੈ। ਅਜੇਹਾ ਬੰਦਾ ਫਿਰ ਸਮਾਜ ਦੀ ਕੀ ਸੇਵਾ ਕਰੇਗਾ? ਇਸਤ੍ਰੀ ਮੋਹ ਵਿੱਚ ਕਈ ਵਾਰੀ ਤਾਂ ਲੋਕ ਆਪਣੀ ਨੌਕਰੀ ਹੀ ਛੱਡ ਆਉਂਦੇ ਹਨ। ਹਾਂ ਇਸਤ੍ਰੀ ਪੁਰਖ ਦੋਹਾਂ ਨੂੰ ਇੱਕ ਦੂਜੇ ਪ੍ਰਤੀ ਸਦ-ਭਾਵਨਾ ਪਿਆਰ ਦੇ ਸੁਨੇਹੇ ਵਿੱਚ ਭਰਪੂਰ ਹੋਣ ਤੋਂ ਨਹੀਂ ਰੋਕਿਆ ਜਾ ਰਿਹਾ ਸਗੋਂ ਖਚਤ ਹੋਣ ਤੋਂ ਸੁਚੇਤ ਕੀਤਾ ਹੈ।
੫ ਸਮਾਜਕ ਜੀਵਨ ਵਲ ਝਾਤ ਮਾਰਿਆਂ ਪਤਾ ਲਗਦਾ ਹੈ ਕਿ ਮਨੁੱਖ ਕਿਸੇ ਵਿਆਹ-ਸ਼ਾਦੀ ਆਦ ਵਿੱਚ ਸ਼ਾਮਲ ਹੋਣ ਲਈ ਜਾਂਦਾ ਹੈ ਤਾਂ ਓੱਥੇ ਪਰਵਾਰ ਨਾਲ ਹੱਥ ਵਟਾਉਣ ਦੀ ਥਾਂ `ਤੇ ਆਪਣੇ ਗਹਿਣਿਆਂ ਤੇ ਕਪੜਿਆਂ ਦਾ ਹੀ ਦਿਖਾਵਾ ਕਰੀ ਜਾਂਦਾ ਹੈ।
੬ ਵਿਆਹ ਸ਼ਾਦੀਆਂ ਵਿੱਚ ਵਿਖਾਵਾ ਭਾਰੀ ਹੁੰਦਾ ਹੈ--ਅਜੇਹਾ ਵਿਖਾਵਾ ਸਮਾਜਕ ਜੀਵਨ ਵਿੱਚ ਉਥਲ-ਪੁਥਲ ਨੂੰ ਜਨਮ ਦੇਂਦਾ ਹੈ।
੭ ਮਕਾਨ ਬਣਾਉਣਾ ਕੋਈ ਮਾੜੀ ਗੱਲ ਨਹੀਂ ਹੈ, ਮਕਾਨ ਮਨੁੱਖ ਦੀ ਮੁਢਲ਼ੀ ਲੋੜ ਹੈ। ਪਰ ਅੱਜ ਸਾਡੇ ਸਮਾਜ ਵਿੱਚ ਬਾਹਰਲੇ ਮੁਲਕਾਂ ਵਿੱਚ ਰਹਿਣ ਵਾਲੇ ਵੀਰਾਂ ਨੇ ਆਪਣੇ ਪਿੰਡ ਵਿੱਚ ਭੱਲ ਬਣਾਉਣ ਲਈ ਹੀ ਵੱਡਅਕਾਰੀ ਮਕਾਨ ਬਣਾਏ ਹਨ ਕਿ ਲੋਕ ਸਾਨੂੰ ਕਹਿਣ ਬਈ ਬੱਲੇ ਬੱਲੇ ਭਈ ਕੋਈ ਮਕਾਨ ਬਣਾਇਆ ਹੈ ਕਮਾਲ ਕਰ ਦਿੱਤੀ। ਬਸ ਏੰਨੀ ਕੁ ਗੱਲ ਸੁਣਨ ਲਈ ਬੇਲੋੜਾ ਮਕਾਨ ਬਣਾਇਆ ਹੁੰਦਾ ਹੈ ਜਦ ਕਿ ਮਨੁੱਖ ਦੀ ਲੋੜ ਥੋੜੇ ਵਿੱਚ ਸਰ ਜਾਂਦੀ ਹੈ।
੮ ਲੋਕ ਵਿਖਾਵਾ ਸਾਨੂੰ ਜੀਵਨ ਦੇ ਅਸਲ ਮਕਸਦ ਤੋਂ ਥਿੜਕਾ ਦੇਂਦਾ ਹੈ
੯ ਜਿਹੜੀ ਵਸਤੂ ਜਾਂ ਵਿਚਾਰ ਸਾਨੂੰ ਅਸਲੀਅਤ ਨਾਲੋਂ ਤੋੜਦੀ ਹੈ ਉਹ ਮਾਇਆ ਹੈ।
੧੦ ਰੱਬ ਜੀ ਹੀ ਸਾਨੂੰ ਅਜੇਹੀ ਅਵਸਥਾ ਵਿਚੋਂ ਬਾਹਰ ਕੱਢ ਸਕਦੇ ਹਨ। ਕੀ ਰੱਬ ਜੀ ਕੋਈ ਮਨੁੱਖ ਵਾਂਗ ਪ੍ਰਗਟ ਹੋ ਕੇ ਮੰਤ੍ਰ ਮਾਰਨਗੇ ਕਿ ਐ ਬੰਦੇ ਆਹ ਕੰਮ ਨਾ ਕਰ ਤੇ ਆਹ ਕੰਮ ਕਰ ਲੈ? ਫਿਰ ਗੱਲ ਏੱਥੇ ਆ ਕੇ ਮੁਕਦੀ ਹੈ ਕਿ ਗੁਰ-ਗਿਆਨ ਸਾਨੂੰ ਆਤਮਕ ਸੋਝੀ ਦੇਂਦਾ ਹੈ ਤੇ ਇਸ ਸੋਝੀ ਨੂੰ ਜਦੋਂ ਅਸੀਂ ਵਰਤੋਂ ਵਿੱਚ ਲਿਆਂਗੇ ਤਾਂ ਰੱਬ ਦਾ ਕਾਨੂੰਨ, ਹੁਕਮ ਸਾਡੇ ਨਾਲ ਹੋਏਗਾ ਜੋ ਸਾਨੂੰ ਨਿਰਣਾ ਕਰਨ ਦੀ ਜਾਚ ਸਿਖਾਏਗਾ ਕਿ ਗਲਤ ਕੀ ਹੈ ਤੇ ਠੀਕ ਕੀ ਹੈ? ਇਹ ਰੱਬੀ ਸਰਨ ਦਾ ਲਖਾਇਕ ਹੈ।
ਏਹ ਮਾਇਆ, ਜਿਤੁ ਹਰਿ ਵਿਸਰੈ, ਮੋਹੁ ਉਪਜੈ, ਭਾਉ ਦੂਜਾ ਲਾਇਆ।।
ਕਹੈ ਨਾਨਕੁ, ਗੁਰ ਪਰਸਾਦੀ ਜਿਨਾ ਲਿਵ ਲਾਗੀ, ਤਿਨੀ ਵਿਚੇ ਮਾਇਆ ਪਾਇਆ।। ੨੯।।
ਪੰਨਾ ੯੨੧
.