.

ਸਤਿਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਵਿਸਾਖ ਵਿੱਚ ਕਿਉਂ ਮਨਾਉਣਾ ਚਾਹੀਦਾ?

Why should we celebrate

The Birthday of Guru Nanak in Vaisakh?

ਕੁੱਝ ਇਤਿਹਾਸਕ ਤੱਥ

ਨਿਰੰਕਾਰੀ ਜੋਤ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਉਤਸਵ ਨੂੰ ਸਮਰਪਿਤ

ਡਾ. ਓਅੰਕਾਰ ਸਿੰਘ

ਪੀ. ਐਚ. ਡੀ.

ਦਰ ਅਸਲ ਸਿੱਖੀ ਦਾ ਇਹ ਬੂਟਾ ਜਦੋਂ ਮੌਲਣ ਲੱਗਾ ਤਾਂ ਇਸ ਦੇ ਦੋਖੀਆਂ ਨੇ ਮੁੱਢ ਤੋਂ ਹੀ ਬਹੁਤ ਸਾਰੇ ਭਰਮ ਭੁਲੇਖੇ ਖੜ੍ਹੇ ਕਰਕੇ ਇਸ ਨੂੰ ਮਸਲ ਦੇਣ ਦੀਆਂ ਕੋਸ਼ਿਸ਼ਾਂ ਆਰੰਭ ਦਿੱਤੀਆਂ ਸਨ। ਨਿਰੰਕਾਰ ਰੂਪ ਗੁਰੂ ਨਾਨਕ ਵੱਲੋਂ ਪ੍ਰਗਟਾਏ ਸੱਚ ਨੂੰ ਕੂੜ ਦੇ ਹਨ੍ਹੇਰੇ ਨਾਲ ਮਿਟਾਉਣ ਦੇ ਯਤਨ ਨਾਲੋ ਨਾਲ ਹੀ ਆਰੰਭ ਹੋ ਗਏ ਸਨ। ਕੂੜਿਆਰਾਂ ਵੱਲੋਂ ਕੀਤੇ ਬੱਜਰ ਕਰਮਾਂ ਵਿੱਚੋਂ ਇੱਕ ਦਾ ਆਰੰਭ ਗੁਰੂ ਘਰ ਦੇ ਮਸੰਦ ਬਾਬਾ ਹੰਦਾਲ ਦੀ ਸੰਤਾਨ ਅਤੇ ਉਸ ਦੇ ਪੈਰੋਕਾਰ ਨਿਰੰਜਨੀਆਂ ਵੱਲੋਂ, ਭਾਈ ਬਾਲੇ ਦਾ ਫਰਜ਼ੀ ਪਾਤਰ ਘੜ੍ਹ ਕੇ ਇੱਕ ਜਨਮ-ਸਾਖ਼ੀ ਲਿਖੀ ਗਈ, ਜਿਸ ਨੂੰ ਬਾਲੇ ਵਾਲੀ ਜਨਮ ਸਾਖ਼ੀ ਵੀ ਕਿਹਾ ਜਾਂਦਾ ਹੈ। ਨਿਰੰਕਾਰੀ ਜੋਤ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਅਤੇ ਵਿਚਾਰਧਾਰਾ ਨੂੰ ਧੁੰਧਲਾਉਣ ਲਈ, ਇੱਕ ਮਾਫ਼ੀਆ ਸਿਰਜ ਕੇ ਪੂਰੀ ਵਿਉਂਤਬੰਦੀ ਨਾਲ ਇਸ ਨੂੰ ਸਿੱਖ ਜਗਤ ਅੰਦਰ ਗਹਿਰਾ ਧੱਸ ਦਿੱਤਾ ਗਿਆ। ਸਤਿਗੁਰੂ ਨਾਨਕ ਸਾਹਿਬ ਜੀਓ ਦੇ ਜੀਵਨ ਤੇ ਬਹੁਤ ਕੋਝੀਆਂ ਊਜਾਂ ਲਗਾਈਆਂ ਗਈਆਂ। ਉਨ੍ਹਾਂ ਨੂੰ ਇੱਕ ਜਾਦੂਗਰ ਵਾਂਗ ਦਰਸਉਣ ਦਾ ਮੰਦ-ਯਤਨ ਕੀਤਾ ਗਿਆ। ਇਨ੍ਹਾਂ ਯਤਨਾਂ ਦੇ ਐਸੇ ਵਿਸ਼ੈਲੇ ਨਤੀਜੇ ਨਿਕਲੇ, ਜਿਨ੍ਹਾਂ ਦੀ ਭਰਪਾਈ ਸਿੱਖ ਜਗਤ ਸਦੀਆਂ ਤੱਕ ਨਹੀਂ ਕਰ ਸਕਿਆ। ਇਹ ਇੱਕ ਬਹੁਤ ਗਹਿਰ ਗੰਭੀਰ ਅਤੇ ਵਿਸਥਾਰ ਵਾਲਾ ਵਿਸ਼ਾ ਹੈ ਇਸ ਤੇ ਕਦੀ ਫਿਰ ਚਰਚਾ ਕਰਾਂਗੇ। ਇਹ ਹਥਲਾ ਸੰਖੇਪ ਉਪਰਾਲਾ ਸਿਰਫ਼ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਸੰਬੰਧੀ ਸੱਚ ਨੂੰ ਉਜਾਗਰ ਕਰਨਾ ਹੈ।

ਸਾਹਿਬ ਜੀ ਦੇ ਜਨਮ-ਦਿਹਾੜੇ ਸੰਬੰਧੀ ਦੋਖੀਆਂ ਵੱਲੋਂ ਉਸ ਸਮੇਂ ਖੜ੍ਹੇ ਕੀਤੇ ਗਏ ਬਹੁਤ ਸਾਰੇ ਵਹਿਮਾਂ-ਭਰਮਾਂ ਵਿੱਚੋਂ ਇੱਕ ਦਾ ਜ਼ਿਕਰ ਪ੍ਰਸਿੱਧ ਇਤਿਹਾਸਕਾਰ ਸ. ਕਰਮ ਸਿੰਘ ਜੀ ਹਿਸਟੋਰੀਅਨ ਨੇ ਆਪਣੀ ਪੁਸਤਕ ‘ਕੱਤਕ ਕਿ ਵਿਸਾਖ? ` ਵਿੱਚ ਕੀਤਾ ਹੈ। ਬ੍ਰਾਹਮਣਾਂ ਵੱਲੋਂ ਇਹ ਕਿਹਾ ਜਾਂਦਾ ਸੀ ਕਿ ਭਾਦਰੋਂ ਜਾਂ ਕੱਤਕ ਵਿਚ ਜਨਮ ਲੈਣ ਵਾਲਾ ਬਾਲਕ ਅਸ਼ੁਭ ਹੁੰਦਾ ਹੈ। ਲੋਕੀਂ ਇਸ ਭਰਮ ਵਿਚ ਉਲਝ ਕੇ ਭਾਦਰੋਂ ਜਾਂ ਕੱਤਕ ਵਿਚ ਜਨਮ ਲੈਣ ਵਾਲੇ ਬਾਲਕ ਨੂੰ ਘਰੋਂ ਕੱਢ ਦਿੰਦੇ ਸਨ। ਬਹੁਤ ਸਾਰੇ ਤਾਂ ਉਸ ਨੂੰ ਘਰੋਂ ਕੱਢ ਕੇ ਬ੍ਰਾਹਮਣ ਨੂੰ ਦਾਨ ਕਰ ਦਿੰਦੇ ਅਤੇ ਫਿਰ ਮੁੱਲ ਦੇ ਕੇ ਉਸ ਪਾਸੋਂ ਵਾਪਸ ਲੈ ਲੈਂਦੇ। ਇਸ ਤਰ੍ਹਾਂ ਕਰਨ ਨਾਲ ਉਸ ਬਾਲਕ ਦੀ ਅਸ਼ੁਭਤਾ ਖ਼ਤਮ ਹੋ ਗਈ ਮੰਨ ਲਈ ਜਾਂਦੀ ਸੀ। ਭਾਈ ਬਾਲਾ ਵਾਲੀ ਜਨਮ ਸਾਖੀ ਦੇ ਸਿਰਜਕਾਂ ਵੱਲੋਂ ਇਸੇ ਬ੍ਰਾਹਮਣੀ-ਭਰਮ ਅਧੀਨ ਸਤਿਗੁਰੂ ਨਾਨਕ ਸਾਹਿਬ ਦਾ ਜਨਮ ਵੀ ਵਿਸਾਖ ਦੀ ਬਜਾਏ ਕੱਤਕ ਵਿੱਚ ਹੋਣ ਦਾ ਭੁਲੇਖਾ ਖੜ੍ਹਾ ਕੀਤਾ ਗਿਆ। ਇਹ ਸਿੱਧ ਕਰਨ ਦਾ ਯਤਨ ਕੀਤਾ ਗਿਆ ਕਿ ਇਹ ਬਾਲਕ ਅਸ਼ੁੱਭ ਹੈ ਕਿਉਂਕਿ ਇਸ ਦਾ ਜਨਮ ਕੱਤਕ ਵਿੱਚ ਹੋਇਆ ਹੈ।

ਲਗਭਗ ਸਾਰੇ ਇਤਿਹਾਸਕ ਤੱਥਾਂ ਤੋਂ ਇਹ ਗੱਲ ਭਲੀ-ਭਾਂਤ ਸਪਸ਼ਟ ਹੁੰਦੀ ਹੈ ਕਿ ਸਤਿਗੁਰੂ ਜੀ ਦਾ ਪ੍ਰਕਾਸ਼ ਵੈਸਾਖ਼ ਸੁਦੀ 3, ਸੰਮਤ 1526 ਜਿਸ ਦੀ ਅੰਗਰੇਜ਼ੀ ਤਾਰੀਖ਼ 15 ਅਪ੍ਰੈਲ, 1469 (ਜੂਲੀਅਨ) ਬਣਦੀ ਹੈ ਨੂੰ ਹੋਇਆ। ਆਓ ਸੱਚ ਜਾਨਣ ਲਈ ਇਸ ਸੰਬੰਧੀ ਪ੍ਰਾਪਤ ਕੁੱਝ ਵਿਸ਼ੇਸ਼ ਤੱਥਾਂ ਤੇ ਨਜ਼ਰਸਾਨੀ ਕਰੀਏ।

ਸਭ ਨਾਲੋਂ ਪਹਿਲਾਂ ਅਸੀਂ ਗੁਰਮੁਖੀ ਦੀ ਅਣਮੋਲ ਇਤਿਹਾਸਕ ਹੱਥ ਲਿਖ਼ਤ ਸਾਖੀ ਮਹਲੁ ਪਹਿਲੇ ਕੀ ਜਿਸ ਨੂੰ ਲਿਖਣ ਵਾਲੇ ਸਾਖੀਕਾਰ ਭਾਈ ਸੀਹਾਂ ਉਪਲ, ਜੋ ਸਤਿਗੁਰੂ ਨਾਨਕ ਸਾਹਿਬ ਜੀ ਦੇ ਅਨਿਨ ਸਿੱਖ ਸਨ, ਦਾ ਹਵਾਲਾ ਦੇ ਰਹੇ ਹਾਂ। ਇਹ ਜਨਮ ਸਾਖੀ ਸਤਿਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਲਗਭਗ 30 ਸਾਲ ਬਾਅਦ ਲਿਖੀ ਗਈ। ਇਸ ਨੂੰ ਸ. ਸ. ਪਦਮ ਨੇ ਸੰਪਾਦਿਤ ਕੀਤਾ ਅਤੇ ਸਿੰਘ ਬਰਦਰਜ਼ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਬਾਰੇ ਇਉਂ ਲਿਖਿਆ ਹੋਇਆ ਹੈ:

ਸਂਮਤ 1526 ਬਾਬਾ ਨਾਨਕੁ ਜਨਮਿਆ।। ਵੈਸਾਖ ਦਿਨ ਤੀਜ ਚਾਨਣੀ ਰਾਤਿ ਅਂਮ੍ਰਿਤ ਵੇਲਾ ਪਹਰੁ ਰਾਤਿ ਰਹਦੀ ਜਨਮੁ ਲਇਆ।।

ਇਸ ਤੋਂ ਬਾਅਦ ਜਨਮ ਸਾਖ਼ੀ ਸ੍ਰੀ ਗੁਰੂ ਨਾਨਕ ਦੇਵ ਜੀ ਜਿਸ ਦੀ ਹੱਥ ਲਿਖ਼ਤ ਕਾਪੀ ਇੰਡੀਆ ਆਫ਼ਿਸ ਲਾਇਬ੍ਰੇਰੀ ਲੰਡਨ ਵਿਚ ਸਾਂਭੀ ਹੋਈ ਹੈ ਅਤੇ ਉਸ ਦਾ ਨੰਬਰ ਬੀ-40 ਹੈ ਅਤੇ ਜਿਸ ਨੂੰ ਡਾ. ਪਿਆਰ ਸਿੰਘ ਜੀ ਨੇ ਸੰਪਾਦਿਤ ਕੀਤਾ ਅਤੇ ਪਹਿਲੀ ਵਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਨਵੰਬਰ 1974 ਵਿਚ ਛਾਪਿਆ। ਇਸ ਵਿੱਚ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸੰਬੰਧੀ ਹੇਠ ਲਿਖੀਆਂ ਸਤਰਾਂ ਦਰਜ ਹਨ:

।। ਸੰਮਤ।। 1526. । ਬਾਬਾ ਨਾਨਕੁ ਜਨਮਿਆ।। ਵੈਸਾਖੋ ਦਿਨ ਤੀਜੈ ਚਾਨਣੀ ਰਾਤਿ ਅੰਮ੍ਰਿਤ ਵੇਲੈ ਪਹਰੁ ਰਾਤਿ ਰਹਦੀ (ਕਉ) ਜਨਮਿਆ।। …

ਪੁਰਾਤਨ ਜਨਮ ਸਾਖ਼ੀ ਜਿਸ ਨੂੰ H.T Cole Brooke ਵਾਲੀ ਜਨਮ ਸਾਖੀ ਵੀ ਕਿਹਾ ਜਾਂਦਾ ਹੈ, ਇਸ ਦੀ ਹੱਥ-ਲਿਖ਼ਤ ਵੀ ਇੰਡੀਆ ਆਫ਼ਿਸ, ਲੰਡਨ ਦੀ ਲਾਇਬ੍ਰੇਰੀ ਵਿਚ ਇੰਦਰਾਜ ਨੰਬਰ ਬੀ-6 ਤੇ ਸਾਂਭੀ ਹੋਈ ਹੈ। ਇਸ ਨੂੰ ਭਾਈ ਵੀਰ ਸਿੰਘ ਜੀ ਨੇ ਸੰਪਾਦਿਤ ਕਰਕੇ ਨਵੰਬਰ 1989 ਵਿਚ ਖਾਲਸਾ ਸਮਾਚਾਰ, ਹਾਲ ਬਾਜ਼ਾਰ, ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਕਰਵਾਇਆ। ਇਸੇ ਜਨਮ ਸਾਖੀ ਲੜੀ ਦੀਆਂ ਤਿੰਨ ਹੋਰ ਹੱਥ ਲਿਖਤਾਂ ਨੂੰ ਪ੍ਰਸਿੱਧ ਵਿਦਵਾਨ ਡਾ. ਰਤਨ ਸਿੰਘ ਜੱਗੀ ਨੇ ਆਪਣੀ ਪੁਸਤਕ, ‘ਪੁਰਾਤਨ ਜਨਮਸਾਖੀ ਦਾ ਵਿਸ਼ਲੇਸ਼ਣਾਤਮਕ ਅਧਿਐਨ` ਰਾਹੀਂ ਸੰਪਾਦਿਤ ਕੀਤਾ ਅਤੇ ਇਸ ਨੂੰ ਪੈਪਸੂ ਬੁੱਕ ਡਿਪੂ, ਪਟਿਆਲਾ ਨੇ ਛਾਪਿਆ। ਪਹਿਲੀ ਹੱਥ-ਲਿਖਤ ਦੀ ਕਾਪੀ ਨਿਰਮਲੇ ਸੰਤ ਗਿਆਨੀ ਚੰਦਾ ਸਿੰਘ ਰਿਖੀਕੇਸ਼ ਵਾਲਿਆਂ ਕੋਲ ਪਈ ਹੈ। ਦੂਸਰੀ ਹੱਥ ਲਿਖਤ ਪੰਜਾਬ ਹਿਸਟਾਰੀਕਲ ਸਟੱਡੀਜ਼ ਡਿਪਾਰਟਮੈਂਟ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਨੰ: 2665 ਤੇ ਸੁਰਖਿਅਤ ਹੈ। ਤੀਸਰੀ ਹੱਥ ਲਿਖਤ ਸੈਂਟ੍ਰਲ ਪਬਲਿਕ ਲਾਇਬ੍ਰੇਰੀ ਪਟਿਆਲਾ ਵਿੱਚ ਨੰ: 2913 ਤੇ ਸੁਰਖਿੱਅਤ ਹੈ। ਇਨ੍ਹਾਂ ਸਾਰੀਆਂ ਪੋਥੀਆਂ ਵਿੱਚ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸੰਬੰਧੀ ਹੇਠ ਲਿਖੀਆਂ ਸਤਰਾਂ ਅੰਕਿਤ ਹਨ:

… ਸੰਮਤ 1526 ਬਾਬਾ ਨਾਨਕੁ ਜਨਮਿਆ ਵੈਸਾਖ ਮਾਹਿ 3 ਤ੍ਰਿਤੀਆ, ਚਾਦਨੀ ਰਾਤਿ, ਅੰਮ੍ਰਿਤ ਵੇਲਾ, ਪਹਰੁ ਰਾਤਿ ਰਹਿੰਦੀ ਕਉ ਜਨਮਿਆ।। …

ਇਵੇਂ ਹੀ ਡਾ. ਪਿਆਰ ਸਿੰਘ ਜੀ ਨੇ ਜਨਮ ਸਾਖੀਆਂ ਸੰਬੰਧੀ ਆਪਣੀ ਪੁਸਤਕ ‘ਆਦਿ ਸਾਖੀਆਂ` ਨੂੰ ਸੰਪਾਦਿਤ ਕੀਤਾ ਜੋ ਕਿ 1969 ਵਿੱਚ ਪਹਿਲੀ ਵਾਰੀ ਲਾਹੌਰ ਬੁੱਕ ਸ਼ਾਪ, ਲੁਧਿਆਣਾ ਵੱਲੋਂ ਛਾਪੀ ਗਈ। ਇਸ ਵਿੱਚ ਉਨ੍ਹਾਂ ਨੇ ਤਿੰਨ ਹੱਥ ਲਿਖਤਾਂ ਨੂੰ ਆਧਾਰ ਬਣਾਇਆ। ਪਹਿਲੀ ਹੱਥ-ਲਿਖਤ ਮਾਹਰਾਜਾ ਪਟਿਆਲਾ ਦੇ ਨਿੱਜੀ ਪੁਸਤਕਾਲਯ ਵਿੱਚ ਸੁਰਖਿਅਤ ਹੈ ਜੋ 1701 ਵਿੱਚ ਲਿਖੀ ਮੰਨੀ ਜਾਂਦੀ ਹੈ। ਦੂਸਰੀ ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਦੀ ਨਿੱਜੀ ਲਾਇਬ੍ਰੇਰੀ ਵਿਚਲੀ ਹੱਥ ਲਿਖਤ ਹੈ ਅਤੇ ਤੀਸਰੀ ਸਿੱਖ ਰੈਫਰੈਂਸ ਲਾਇਬ੍ਰੇਰੀ, ਅੰਮ੍ਰਿਤਸਰ ਵਿਚਲੀ ਹੱਥ-ਲਿਖਤ ਪੋਥੀ ਨੰਬਰ 5465 ਹੈ। ਇਸ ਵਿੱਚ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਸੰਬੰਧੀ ਇਸ ਤਰ੍ਹਾਂ ਉਲੇਖ ਕੀਤਾ ਗਿਆ ਹੈ:

… ਕਲਜੁਗ ਵਿਚਿ ਬਾਬਾ ਨਾਨਕ ਹੋਇ ਜਨਮਿਆ।। ਪਾਰਬ੍ਰਹਮ ਕਾ ਭਗਤ।। ਸੰਮਤ 1526 ਬਾਬਾ ਨਾਨਕੁ ਜਨਮਿਆ ਪਾਰਬ੍ਰਹਮ ਕਾ ਭਗਤੁ।। ਵੈਸਾਖ ਮਾਹਿ ਦਿਨ ਤੀਜੇ ਪਹਰ ਰਾਤਿ ਰਹਦੀ (ਕਉ) ਜਨਮਿਆ।। …

ਭਾਈ ਮਿਹਰਬਾਨ ਜੀ ਜੋ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪੋਤਰੇ ਅਤੇ ਸਤਿਗੁਰੂ ਅਰਜਨ ਦੇਵ ਜੀ ਦੇ ਭਤੀਜੇ ਸਨ ਦੁਆਰਾ ਲਿਖੀ ਗਈ ਜਨਮ ਸਾਖ਼ੀ ਸੱਚ-ਖੰਡ ਪੋਥੀ, ਜਿਸ ਨੂੰ ਭਾਰਤ ਸਰਕਾਰ ਦੀ ਮਨਜ਼ੂਰੀ ਨਾਲ ਖਾਲਸਾ ਕਾਲਜ, ਅੰਮ੍ਰਿਤਸਰ ਨੇ ਛਪਵਾਇਆ ਅਤੇ ਇਸ ਦੀ ਹੱਥ-ਲਿਖ਼ਤ ਵੀ ਖਾਲਸਾ ਕਾਲਜ, ਅੰਮ੍ਰਿਤਸਰ ਦੀ ਲਾਇਬ੍ਰੇਰੀ ਵਿੱਚ ਸੁਰੱਖਿਅਤ ਹੈ। ਇਸ ਨੂੰ ਮਿਹਰਬਾਨ ਵਾਲੀ ਜਨਮ ਸਾਖੀ ਵੀ ਕਿਹਾ ਜਾਂਦਾ ਹੈ। ਇਸ ਅੰਦਰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਸੰਬੰਧੀ ਇਉਂ ਵਰਨਣ ਕੀਤਾ ਹੋਇਆ ਹੈ:

… ਤਬ ਗੁਰੂ ਬਾਬਾ ਨਾਨਕੁ ਕਾਲੂ ਕੈ ਘਰਿ ਤ੍ਰਿਪਤਾ ਕੈ ਉਦਰਿ, ਬੇਦੀ ਕੈ ਬੰਸਿ ਖਤ੍ਰੀ ਕੈ ਜਨਮਿ ਪੰਜਾਬ ਕੀ ਧਰਤੀ ਚਾਹਲਾ ਵਾਲੇ, ਸੰਮਤ 1526 ਵੈਸਾਖ ਮਾਸਿ ਥਿਤਿ ਤ੍ਰਿਤੀਏ ਚਾਂਨਣੀ ਕਂਉ, ਪਹਰੁ ਰਾਤਿ ਪਿਛਲੀ ਰਹਤੀ ਕਂਉ ਅੰਬ੍ਰਿਤ ਵੇਲਾ ਜਨਮੁ ਲਇਆ।। …

ਭਾਈ ਮਨੀ ਸਿੰਘ ਜੀ ਦੁਆਰਾ ਲਿਖੀ ਮੰਨੀ ਜਾਂਦੀ ਜਨਮ ਸਾਖੀ, ਜਿਸ ਦੇ ਹੱਥ ਲਿਖ਼ਤ ਖਰੜੇ ਦੀ ਕਾਪੀ ਨੂੰ ਡਾ. ਕਿਰਪਾਲ ਸਿੰਘ ਜੀ ਨੇ ਆਪਣੀ ਪੁਸਤਕ ਜਨਮ ਸਾਖੀ ਪਰੰਪਰਾ ਵਿਚ ਅੰਕਿਤ ਕੀਤਾ ਹੋਇਆ ਅਤੇ ਇਸ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ 1969 ਵਿਚ ਪ੍ਰਕਾਸ਼ਿਤ ਕੀਤਾ, ਵਿੱਚ ਸਤਿਗੁਰੂ ਜੀ ਦੇ ਪ੍ਰਕਾਸ਼ ਸੰਬੰਧੀ ਇਉਂ ਲਿਖਿਆ ਹੋਇਆ ਹੈ:

… ਸੰਮਤ 1526 ਸੁਭ ਦਿਨ ਮਾਹ ਵਿਸਾਖ ਸਾਖ ਸ਼ੁਕਲ ਤੀਜ ਸਵਾ ਪਹਰੁ ਰਾਤ ਰਹਿੰਦੀ ਸੁਭ ਮਾਸ ਸੁਭ ਨਿਖਤ੍ਰ ਸੁਭ ਵਾਰ ਸੁਭ ਸੁ ਥਿਤ ਸੁਭ ਮਹੂਰਤ ਸੁਭ ਘੜੀ ਮਾਤਾ ਤ੍ਰਿਪਤਾ ਅਰ ਪਿਤਾ ਕਾਲੂ ਕੇ ਗ੍ਰਿਹ ਆਣ ਅਵਤਾਰ ਧਾਰਿਆ। …

ਭਾਈ ਬਾਲੇ ਵਾਲੀ ਜਨਮ ਸਾਖ਼ੀ ਜਿਸ ਦੀ ਇੱਕ ਹੱਥ ਲਿਖ਼ਤ ਸੰਗਰੂਰ ਵਿਖੇ ਰਾਓ ਉੱਤਮ ਸਿੰਘ ਜੀ ਦੇ ਗ੍ਰਹਿ ਵਿਖੇ ਮੌਜੂਦ ਹੈ ਦੇ ਪੱਤਰਾ ਨੰਬਰ 5 ਉੱਤੇ ਸਤਿਗੁਰੂ ਜੀ ਦੇ ਪ੍ਰਕਾਸ਼ ਦਿਵਸ ਸੰਬੰਧੀ ਹੇਠ ਲਿਖੀਆਂ ਪੰਕਤੀਆਂ ਦਰਜ ਹਨ:

… ਵੈਸਾਖ ਤ੍ਰਿਤੀਆ ਚਾਨਣ ਕੋ ਗੁਰੂ ਬਾਬੇ ਨਾਨਕ ਜਨਮ ਲੀਆ ਸਵਾ ਪਹਿਰ ਰਾਤਿ ਪਿਛਲੀ ਰਂਹਿਦੀ ਕੋ ਅੰਮ੍ਰਿਤ ਵੇਲੇ ਜਨਮ ਲੀਆ।। ਸੰਮਤ 15 ਸੈ ਛਬੀ।। 1526. । ਬੈਸਾਖ ਦੀ ਤ੍ਰਿਆ ਕੇ ਦਿਨ ਅੰਮ੍ਰਿਤ ਵੇਲੇ ਪਹਿਰੁ ਰਾਤਿ ਪਿਛਲੀ ਰਹਿਣ ਕੋ ਜਨਮਿਆ …।।

ਵੈਰੋਵਾਲ ਵਾਲੀ ਜਨਮ ਸਾਖੀ ਜਿਸ ਦਾ ਜ਼ਿਕਰ ਸ. ਕਰਮ ਸਿੰਘ ਜੀ ਹਿਸਟੋਰੀਅਨ ਨੇ ਆਪਣੀ ਪੁਸਤਕ, ‘ਕੱਤਕ ਕਿ ਵਿਸਾਖ? ` ਵਿੱਚ ਕੀਤਾ ਹੈ। ਇਸ ਦੀ ਹੱਥ ਲਿਖਤ ਪੋਥੀ ਵੈਰੋਵਾਲ ਦੇ ਮੰਜੀ ਨਸ਼ੀਨਾਂ (ਭਾਈ ਮਾਣਕ ਚੰਦ ਜੀ ਮੁਰਗਾਈ ਦੀ ਸੰਤਾਨ) ਪਾਸ ਹੈ। ਉਸ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਬਾਰੇ ਇਉਂ ਲਿਖਿਆ ਹੋਇਆ ਹੈ:

… ਤਲਵੰਡੀ ਰਾਇ ਭੋਇ ਭਟੀ ਕੀ।। ਬਾਬੇ ਨਾਨਕ ਜਨਮ ਲਇਆ।। ਕਾਲੂ ਖਤਰੀ ਜਾਤ ਵੇਦੀ ਕੇ ਘਰ ਜਨਮ ਲਿਆ।। ਸੰਮਤ 1526, ਕਲਜੁਗ ਵਿਚ ਬਾਬਾ ਨਾਨਕ ਨਾਉਂ ਧਰਾਇਆ।। ਆਪਣਾ ਪੰਥ ਚਲਾਇਆ।। ਵੈਸਾਖ ਮਹਿ ਤੇ ਦਿਨ ਤੀਜ ਚਾਨਣੀ ਰਾਤਿ ਅੰਮ੍ਰਿਤ ਵੇਲਾ ਪਹਿਰ ਰਾਤ ਰਹਿੰਦੀ ਜਨਮਿਆ।। …

ਸਰੂਪ ਦਾਸ ਭੱਲਾ ਜੋ ਗੁਰੂ ਅਮਰਦਾਸ ਜੀ ਦੀ ਅੰਸ-ਬੰਸ ਵਿਚੋਂ ਸਨ ਅਤੇ ਜਿਨ੍ਹਾਂ ਦੁਆਰਾ ਲਿਖਿਆ ਮਹਿਮਾ ਪ੍ਰਕਾਸ਼ (ਛੰਦਬਧ) ਦਾ ਹੱਥ-ਲਿਖਤ ਖਰੜਾ ਭਾਸ਼ਾ ਵਿਭਾਗ, ਪਟਿਆਲਾ ਦੀ ਲਾਇਬ੍ਰੇਰੀ ਵਿੱਚ ਸੁਰਖਿਅਤ ਹੈ ਅਤੇ ਜੋ ਸੰਨ 1776 ਦੀ ਕ੍ਰਿਤ ਮੰਨੀ ਜਾਂਦੀ ਹੈ, ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਬਾਰੇ ਹੇਠ ਲਿਖੇ ਅਨੁਸਾਰ ਪੰਕਤੀਆਂ ਦਰਜ ਹਨ:

ਹਰਿ ਭਇਓ ਅਵਤਾਰ ਨਿਰੰਜਨੀ ਸੰਤ ਰੂਪ ਤਨ ਤਾਰ।।

ਕਾਰਨ ਤਾਰਨ ਜਗਤ ਕੋ ਕਰ ਹੈ ਭਗਤਿ ਪਰਚਾਰ।।

ਧੰਨ ਦੇਸ ਧੰਨ ਨਗਰ ਸੋ ਧੰਨ ਬਰਨ ਕੁਲ ਸੋਇ।।

ਧੰਨ ਸਮਾ ਧੰਨ ਮਾਤ ਪਿਤਾ ਸੰਤ ਜਨਮ ਗ੍ਰਹਿ ਹੋਇ।।

ਸੰਮਤ ਬਿਕ੍ਰਮ ਨਿਰਪ ਕੋ ਪੰਦਰਹ ਸਹਸ ਪਚੀਸ।।

ਵੈਸਾਖ ਸੁਦੀ ਥਿਤ ਤੀਜ ਕੋ ਧਰਉ ਸੰਤ ਬਪ ਈਸ।।

ਮਹਿਮਾ ਪ੍ਰਕਾਸ਼ (ਵਾਰਤਕ) ਜਿਸ ਦਾ ਜ਼ਿਕਰ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਆਪਣੀ ਪੁਸਤਕ ਗੁਰ ਨਾਨਕ ਸਾਗਰ ਜੋ ਕਿ ਉਨ੍ਹਾਂ ਵੱਲੋਂ 1993 ਵਿੱਚ ਛਾਪੀ ਗਈ ਵਿਚ ਕੀਤਾ ਹੈ। ਇਸ ਦਾ ਹੱਥ ਲਿਖ਼ਤ ਖਰੜਾ ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਡੇਹਰਾਦੂਨ ਵਿਖੇ ਸੁਰਖਿਅਤ ਹੈ ਵਿਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਬਾਰੇ ਇਉਂ ਲਿਖਿਆ ਹੋਇਆ ਹੈ:

ਸ੍ਰੀ ਪਾਰਬ੍ਰਹਿਮ ਅਬਿਨਾਸ਼ੀ … ਜਗਤ ਕੇ ਉਧਾਰਨੇ ਕੇ ਨਮਿਤ, ਸਰਬ ਕਲਾ ਸੰਪੂਰਨ, ਭਗਤਿ ਬੈਰਾਗ ਜੋਗ ਗਿਆਨ ਸੰਜੁਗਤ, ਸਰਬ ਉਪਮਾ-ਸੰਪੰਨ, ਸੰਬਤ 1526, ਮਾਸ ਬੈਸਾਖ ਤੀਜ, ਚਾਂਦਨੀ ਰਾਤ, ਅੰਮ੍ਰਿਤ ਵੇਲੇ ਪਹਰ ਰਾਤਿ ਰਹਿੰਦੀ ਤਿਲਵੰਡੀ ਰਾਇ ਭੋਇ ਭੱਟੀ ਦੇ ਵਿਚ ਕਾਲੂ ਬੇਦੀ ਕੇ ਘਰਿ ਅਉਤਾਰ ਲੀਆ, …

ਸਤਿਗੁਰੂ ਨਾਨਕ ਸਾਹਿਬ ਜੀ ਦੀ ਦਸਵੀਂ ਪੀੜ੍ਹੀ ਵਿਚੋਂ ਬਾਬਾ ਸੁਖਬਾਸੀ ਜੀ ਨੇ ਨਾਨਕ ਬੰਸ ਪ੍ਰਕਾਸ਼ ਗ੍ਰੰਥ ਦੀ ਰਚਨਾ ਕੀਤੀ ਜਿਸ ਨੂੰ ਸ. ਗੁਰਮੁਖ ਸਿੰਘ ਜੀ ਨੇ ਸੰਪਾਦਤ ਕੀਤਾ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ 1986 ਵਿਚ ਛਾਪਿਆ, ਵਿੱਚ ਵੀ ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ, ਵਿਸਾਖ ਸੁਦੀ 3 ਦਾ ਹੀ ਦਰਜ ਕੀਤਾ ਹੋਇਆ ਹੈ। ਇਸ ਦਾ ਹੱਥ-ਲਿਖਤ ਖਰੜਾ ਸੈਂਟਰਲ ਪਬਲਿਕ ਲਾਇਬ੍ਰੇਰੀ, ਪਟਿਆਲਾ ਵਿਚ ਨੰ: 2919 ਤੇ ਸੁਰੱਖਿਅਤ ਹੈ। ਇਸ ਪੁਸਤਕ ਦੇ ਪੰਨਾ 43 ਤੇ ਗੁਰੂ ਨਾਨਕ ਸਾਹਿਬ ਦੇ ਆਗਮਨ ਬਾਰੇ ਇਉਂ ਲਿਖਿਆ ਹੋਇਆ ਹੈ:

ਸ੍ਰੀ ਸਤਿਗੁਰ ਅਵਿਤਾਰ ਕੋ ਸਮਾ ਪਹੁਚਓ ਆਇ।।

ਬੇਦੀ ਸਭ ਉਜਲ ਰਹੇ ਈਸ ਭਕਤਿ ਅਧਿਕਾਇ।। 54. ।

ਸੰਬਤਿ ਬਿਕ੍ਰਮ ਨ੍ਰਿਪਤ ਕੋ ਪੰਦ੍ਰਹਿ ਸਤਿ ਖਟਿ ਬੀਸਿ।।

ਅਖਯ ਤੀਜਿ ਤਿਥ ਮਾਸ ਬਰਿ ਮਾਧਵ ਪ੍ਰਗਟੇ ਈਸ।। 5. ।

ਰਿਤੁ ਬਸੰਤਿ ਸੋਭਾ ਘਨੀ ਪੁਹਪ ਭਮ੍ਰ ਗੁੰਜਾਰ।।

ਏਕ ਜਾਮ ਰਜਨੀ ਰਹਿਤ ਆਵਰਭਾਵਿ ਮੁਰਾਰ।। 56. ।

ਸੁਕਲ ਪਖਿ ਉਤਪਤਿ ਭਏ ਆਤਮ ਰਾਮ ਅਨੰਤਿ।।

ਦਰਸਨ ਦੀਨੋ ਮਾਤ ਕੋ ਜਪਹਿ ਸਕਲ ਜਿਹ ਸੰਤਿ।। 57

ਇਸ ਦਾ ਅਰਥ ਇਹੋ ਬਣਦਾ ਹੈ ਕਿ ਸੰਮਤ 1526 ਵਿੱਚ ਵਿਸਾਖ (ਮਾਧਵ) ਸੁਦੀ 3 ਚਾਨਣੇ (ਸੁਕਲ) ਪੱਖ ਵਿੱਚ ਜਦੋਂ ਬੜਾ ਸੁਹਾਵਣਾ ਮੌਸਮ ਸੀ ਅਤੇ ਭੰਵਰੇ ਗੂੰਜਾਂ ਪਾਉਂਦੇ ਸਨ ਅਤੇ ਰਾਤ ਦਾ ਇੱਕ ਪਹਿਰ ਰਹਿੰਦਾ ਸੀ, ਸਤਿਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ।

ਭਾਈ ਗੁਲਾਬ ਸਿੰਘ ਰਚਿਤ ਗੁਰ ਰਤਨਾਵਲੀ (ਜਿਸ ਦਾ ਰਚਨਾ ਕਾਲ 1581 ਈਸਵੀ ਮੰਨਿਆ ਜਾਂਦਾ ਹੈ) ਵਿੱਚ ਵੀ ਗੁਰੂ ਨਾਨਕ ਪਾਤਸ਼ਾਹ ਹਜ਼ੂਰ ਦੇ ਪ੍ਰਕਾਸ਼ ਦਿਵਸ ਦੀ ਮਿਤੀ ਸੰਬੰਧੀ ਇਵੇਂ ਲਿਖਿਆ ਹੋਇਆ ਹੈ:

ਅਰ ਮਿਹਰਬਾਨ ਕ੍ਰਿਤ ਜਨਮ ਸਾਖੀ ਹੂੰ ਲਿਖਯੋ,

ਭਾਈ ਜੀ ਕੀ ਪਹਿਲੀ ਵਾਰ ਮਾਹਿ ਐਸੇ ਜਾਨੀਐ ।।

ਸੂਰਤ ਹੂੰ ਸਿੰਘ ਕ੍ਰਿਤ ਟੀਕੇ ਮਾਹਿ ਜੈਸੇ ਲਿਖਯੋ,

ਭਾਖਯੋ ਬਿਸਾਖ ਮਾਸ ਸੁਦੀ ਤੀਜ ਜਾਨੀਐ ।।

ਅਜੋਕੇ ਵਿਦਵਾਨਾਂ ਵਿੱਚੋਂ ਸਿੱਖ ਧਰਮ ਦੇ ਪ੍ਰਸਿੱਧ ਵਿਦਵਾਨ ਮੈਕਾਲਿਫ਼ ਸਾਹਿਬ ਵੀ ਸਤਿਗੁਰੂ ਜੀ ਦੀ ਜਨਮ-ਮਿਤੀ ਵੈਸਾਖ ਸੁਦੀ ਤਿੰਨ ਦੀ ਹੀ ਠੀਕ ਮੰਨਦੇ ਹਨ। ਡਾ. ਟਰੰਪ ਅਤੇ ਡਾ. ਮੈਕਲੋਡ ਆਦਿ ਵਿਦੇਸ਼ੀ ਵਿਦਵਾਨ ਵੀ ਵੈਸਾਖ ਸੁਦੀ ਤਿੰਨ ਦੇ ਹੱਕ ਵਿਚ ਹਨ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਜੀ ਨਾਭਾ, ਪ੍ਰਿੰਸੀਪਲ ਤੇਜਾ ਸਿੰਘ, ਪ੍ਰਸਿੱਧ ਹਿਸਟੋਰੀਅਨ ਡਾ. ਗੰਡਾ ਸਿੰਘ ਜੀ, ਮਹਾਨ ਇਤਿਹਾਸਕਾਰ ਅਤੇ ਗੁਰਬਾਣੀ ਦੇ ਟੀਕਾਕਾਰ ਪ੍ਰੋ. ਸਾਹਿਬ ਸਿੰਘ ਜੀ, ਪ੍ਰਸਿੱਧ ਇਤਿਹਾਸਕਾਰ ਸ. ਕਰਮ ਸਿੰਘ ਜੀ ਹਿਸਟੋਰੀਅਨ, ਭਾਈ ਸਾਹਿਬ ਵੀਰ ਸਿੰਘ ਜੀ, ਸਿੱਖ ਇਤਿਹਾਸ ਦੇ ਲਿਖਾਰੀ ਪ੍ਰੋ. ਕਰਤਾਰ ਸਿੰਘ ਜੀ, ਪ੍ਰਿੰਸੀਪਲ ਸਤਿਬੀਰ ਸਿੰਘ, ਸਥਾਪਿਤ ਵਿਦਵਾਨ ਡਾ. ਰਤਨ ਸਿੰਘ ਜੀ ਜੱਗੀ, ਇਨਸਾਈਕਲੋਪੀਡੀਆ ਦੇ ਕਰਤਾ ਡਾ. ਹਰਬੰਸ ਸਿੰਘ ਜੀ ਅਤੇ ਹੋਰ ਅਨੇਕਾਂ ਆਧੁਨਿਕ ਵਿਦਵਾਨ ਅਤੇ ਸਾਹਿਤਕਾਰ ਵੀ ਵੈਸਾਖ ਸੁਦੀ ਤਿੰਨ ਦੀ ਮਿਤੀ ਨੂੰ ਹੀ ਸਹੀ ਮੰਨਦੇ ਹਨ।

ਜਿਵੇਂ ਕਿ ਮੈਂ ਉਪਰ ਜ਼ਿਕਰ ਕੀਤਾ ਹੈ ਕਿ ਗੁਰੂ ਘਰ ਦੇ ਦੋਖੀਆਂ ਹੰਦਾਲੀਆਂ ਅਤੇ ਨਿਰੰਜਨੀਆਂ ਨੇ ਬਾਲੇ ਨਾਂ ਦੇ ਇੱਕ ਮਨਘੜਤ ਪਾਤਰ ਨੂੰ ਉਸਾਰ ਕੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਓਜਸਵੀ ਜੀਵਨ ਨੂੰ ਧੁੰਧਲਾਉਣ ਅਤੇ ਇਤਿਹਾਸ ਵਿੱਚ ਰੋਲ ਘਚੋਲਾ ਪਾਉਣ ਲਈ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਕੱਤਕ ਦੀ ਪੂਰਨਮਾਸ਼ੀ ਨੂੰ ਸਿੱਧ ਕਰਨ ਦਾ ਯਤਨ ਕੀਤਾ। ਭਾਈ ਸੰਤੋਖ਼ ਸਿੰਘ ਜੀ ਨੇ ਵੀ ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਹੀ ਆਧਾਰ ਬਣਾਉਂਦਿਆਂ ਸੂਰਜ ਪ੍ਰਕਾਸ਼ ਵਿਚ ਸਤਿਗੁਰੂ ਜੀ ਦਾ ਪ੍ਰਕਾਸ਼ ਦਿਵਸ ਕੱਤਕ ਦੀ ਪੂਰਨਮਾਸ਼ੀ ਨੂੰ ਲਿਖਣ ਦਾ ਯਤਨ ਕੀਤਾ ਹੈ। ਪਰ ਉਨ੍ਹਾਂ ਦੀ ਆਪਣੀ ਧਾਰਨਾਂ ਵੀ ਉਨ੍ਹਾਂ ਦੇ ਲਿਖੇ ਅਨੁਸਾਰ ਹੀ ਗਲਤ ਸਿੱਧ ਹੋ ਜਾਂਦੀ ਹੈ। ਉਨ੍ਹਾਂ ਵੱਲੋਂ ਸਤਿਗੁਰੂ ਜੀ ਦੇ ਜੋਤੀ ਜੋਤ ਸਮਾਉਣ ਬਾਰੇ ਹੇਠ ਲਿਖੀਆਂ ਸਤਰਾਂ ਲਿਖੀਆਂ ਹੋਈਆਂ ਹਨ:

ਸੰਮਤ ਸਤਰ ਪਛਾਣ ਪੰਚ ਮਾਸ ਬੀਤੇ ਬਹੁਰ।।

ਸਪਤ ਦਿਨਨ ਪਮਾਣ ਪਾਤਸ਼ਾਹੀ ਸ੍ਰੀ ਪ੍ਰਭ ਕਰੀ।।

ਇਸ ਦਾ ਅਰਥ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ 70 ਸਾਲ, 5 ਮਹੀਨੇ ਅਤੇ 7 ਦਿਨ ਇਸ ਸੰਸਾਰ ਦੀ ਪਾਤਸ਼ਾਹੀ ਯਾਤਰਾ ਕੀਤੀ। ਸਾਰੀਆਂ ਜਨਮ ਸਾਖੀਆਂ, ਆਦਿ ਸਾਖੀਆਂ ਅਤੇ ਹੋਰ ਸਰੋਤ ਅਤੇ ਸਾਰੇ ਵਿਦਵਾਨ ਸਤਿਗੁਰੂ ਜੀ ਦੀ ਜੋਤੀ ਜੋਤ ਸਮਾਉਣ ਦੀ ਤਾਰੀਖ਼ ਅਸੂ ਵਦੀ 10, ਭਾਵ 8 ਅੱਸੂ 1596 ਮੰਨਦੇ ਹਨ। ਇਸ ਹਿਸਾਬ ਨਾਲ ਜੋਤੀ ਜੋਤ ਸਮਾਉਣ ਦੀ ਮਿਤੀ ਵਿਚੋਂ ਕੁੱਲ ਆਯੂ ਘਟਾਇਆਂ ਸਤਿਗੁਰੂ ਜੀ ਵਿੱਸਾਖ ਵਿਚ ਹੀ ਪਰਗਟ ਹੋਏ ਸਿੱਧ ਹੁੰਦੇ ਹਨ ਨਾਂ ਕਿ ਕੱਤਕ ਵਿੱਚ। ਇਸ ਤਰ੍ਹਾਂ ਭਾਈ ਬਾਲੇ ਵਾਲੀ ਜਨਮ ਸਾਖੀ ਅਤੇ ਭਾਈ ਸੰਤੋਖ ਸਿੰਘ ਆਦਿਕ ਦੀਆਂ ਦਿੱਤੀਆਂ ਹੋਈਆਂ ਤਾਰੀਖਾਂ ਬਿਲਕੁਲ ਵੀ ਦਰੁਸਤ ਨਹੀਂ ਹਨ। (ਹੋਰ ਵਿਸਥਾਰ ਲਈ ਦੇਖੋ ਸ. ਕਰਮ ਸਿੰਘ ਹਿਸਟੋਰੀਅਨ ਦੀ ਪੁਸਤਕ ਕੱਤਕ ਕਿ ਵਿਸਾਖ ਪੰਨਾ 123 ਅਤੇ ਸ. ਸੁਰਿੰਦਰ ਸਿੰਘ ਕੋਹਲੀ ਦੀ ਪੁਸਤਕ ਜਨਮ ਸਾਖੀ ਭਾਈ ਬਾਲਾ ਪੰਨਾ 19)।

ਇਨ੍ਹਾਂ ਇਤਿਹਾਸਕ ਹਵਾਲਿਆਂ ਅਤੇ ਵਿਦਵਾਨਾਂ ਦੀ ਰੌਸ਼ਨੀ ਵਿਚ ਇਹ ਭਲੀ ਭਾਂਤ ਸਿੱਧ ਹੋ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਵੈਸਾਖ ਸੁਦੀ 3, 1526 ਨੂੰ ਹੋਇਆ ਜਿਸ ਦੀ ਅੰਗਰੇਜ਼ੀ ਮਿਤੀ 15 ਅਪ੍ਰੈਲ, 1469 ਬਣਦੀ ਹੈ।

ਅਸੀਂ ਸਤਿਗੁਰੂ ਜੀ ਦੇ ਸਿੱਖ ਕਹਾਉਣ ਵਾਲੇ ਅਜੇ ਵੀ ਬਹੁਤ ਸਾਰੀਆਂ ਗੱਲਾਂ ਵਿਚਾਰਨ ਤੋਂ ਬਗੈਰ ਹੀ ਕਰੀ ਅਤੇ ਕਰਵਾਈ ਜਾ ਰਹੇ ਹਾਂ। ਪਰ ਜਦੋਂ ਤੱਕ ਅਸੀਂ ਗਿਆਨ ਅਤੇ ਵਿਚਾਰ ਦੇ ਦਰਵਾਜ਼ੇ ਬੰਦ ਰੱਖ ਕੇ ਦੁਬਿਧਾ ਵਿੱਚ ਵਿਚਰਾਂਗੇ ਉਦੋਂ ਤੱਕ ਸਾਡੀਆਂ ਮੁਸ਼ਕਲਾਤਾਂ ਵਿੱਚ ਹੋਰ ਵੀ ਵਾਧਾ ਹੁੰਦਾ ਜਾਏਗਾ। ਦੁਬਿਧਾ ਹਮੇਸ਼ਾਂ ਕਿਸੇ ਵੀ ਕੌਮ ਅਤੇ ਇਨਸਾਨ ਵਾਸਤੇ ਬੇਅੰਤ ਹਾਨੀਕਾਰਕ ਹੋਇਆ ਕਰਦੀ ਹੈ। ਜ਼ਿੰਦਗੀ ਦਾ ਇਹੀ ਸਬਕ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਸਿਖਾਇਆ ਸੀ। ਭਰਮਾਂ ਦਾ ਜਿਹੜਾ ਜਾਲ ਮਨੁੱਖੀ ਜੀਵਨ ਦੇ ਦੁਆਲੇ ਉਸ ਸਮੇਂ ਉਣਿਆਂ ਹੋਇਆ ਸੀ ਉਸ ਵਿੱਚੋਂ ਉਨ੍ਹਾਂ ਨੇ ਸਾਨੂੰ ਕੱਢਣ ਦਾ ਯਤਨ ਕੀਤਾ ਹੈ। ਉਸ ਸਮੇਂ ਜੰਮਣ ਤੋਂ ਲੈਕੇ ਮਰਣ ਤਕ ਮਨੁੱਖ ਦੇ ਹਰ ਕਰਮ ਉੱਤੇ ਅਖੌਤੀ ਧਰਮ-ਕਰਮਾਂ ਦਾ ਪਰਛਾਵਾਂ ਪਿਆ ਹੋਇਆ ਸੀ। ਬ੍ਰਾਹਮਣ ਅਤੇ ਰਾਜ ਦੇ ਪੈਰੋਕਾਰਾਂ ਨੇ ਰਲਕੇ ਮਨੁੱਖਾਂ ਦਾ ਲਹੂ ਪੀਣ ਲਈ ਇੱਕ ਅਡੰਬਰ ਰਚਿਆ ਹੋਇਆ ਸੀ, ਜਿਵੇਂ ਸਾਡੇ ਧਰਮ ਵਿੱਚ ਪੰਜਾਬ ਅੰਦਰ ਹੁਣ ਵੀ ਬੇਈਮਾਨਾਂ ਨੇ ਮਿਲੀਭੁਗਤ ਕਰਕੇ ਇੱਕ ਲੋਟੂ ਟੋਲਾ ਬਣਾਇਆ ਹੋਇਆ ਹੈ। ਇਸ ਦੀ ਵਿਦਵਾਨ ਇਸ ਤਰ੍ਹਾਂ ਵਿਆਖਿਆ ਕਰਦੇ ਹਨ ਕਿ ਜਦੋਂ ਸਟੇਟ ਅਤੇ ਚਰਚ ਰਲ ਜਾਣ ਤਾਂ ਆਮ ਜਨਤਾ ਦੀ ਲੁੱਟ ਖਸੁੱਟ ਨੂੰ ਕੋਈ ਰੋਕ ਨਹੀਂ ਸਕਦਾ। ਯੂਰਪ ਅੰਦਰ ਵੀ ਇਹੋ ਵਰਤਾਰਾ ਵਰਤਿਆ ਸੀ। ਅਜਿਹੇ ਵਰਤਾਰੇ ਸਮੇਂ ਗੁਰੂ ਨਾਨਕ ਸਾਹਿਬ ਵਰਗੀ ਕਿਸੇ ਬਲਵਾਨ ਆਤਮਾ ਨੂੰ ਫਿਰ ਤੋਂ ਮਨੁੱਖ ਜਾਤੀ ਦੇ ਭਲੇ ਲਈ ਇਸ ਸੰਸਾਰ ਵਿਚ ਪ੍ਰਗਟ ਹੋਣਾ ਹੀ ਪੈਂਦਾ ਹੈ। ਖੈਰ ਆਪਣੀ ਗੱਲ ਵੱਲ ਆਈਏ। ਬ੍ਰਾਹਮਣਵਾਦੀ ਮਾਫ਼ੀਏ ਵੱਲੋਂ ਉਸ ਵੇਲੇ ਮਨੁੱਖੀ ਜੀਵਨ ਦੇ ਕਿਸੇ ਵੀ ਅਵਸਰ ਨੂੰ ਲੁੱਟ-ਖਸੁੱਟ ਤੋਂ ਬਖਸ਼ਿਆ ਨਹੀਂ ਸੀ ਜਾਂਦਾ। ਇਸ ਲੁੱਟ ਖਸੁੱਟ ਲਈ ਜ਼ਾਤ ਪਾਤ ਦੀਆਂ ਐਸੀਆਂ ਮਜ਼ਬੂਤ ਦੀਵਾਰਾਂ ਖੜ੍ਹੀਆਂ ਕਰ ਦਿੱਤੀਆਂ ਗਈਆਂ ਸਨ ਕਿ ਉਨ੍ਹਾਂ ਬਾਰੇ ਸੋਚ ਕੇ ਵੀ ਮਨੁੱਖੀ ਹਿਰਦਾ ਕੰਬ ਉਠਦਾ ਹੈ। ਮਨੁੱਖਾਂ ਨੂੰ ਮਨੁੱਖ ਹੋਣ ਦੇ ਅਧਿਕਾਰ ਤੋਂ ਵੀ ਵਾਂਝਿਆਂ ਕਰ ਦਿੱਤਾ ਗਿਆ ਸੀ।

ਸਤਿਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਨਾਲ ਮਨੁੱਖੀ ਸਮਾਜ ਨੇ ਇੱਕ ਸੱਜਰੀ ਸਵੇਰ ਦਾ ਅਹਿਸਾਸ ਕੀਤਾ। ਆਸ ਉਮੀਦ ਦੀ ਇੱਕ ਨਵੀਂ ਕਿਰਨ ਨਜ਼ਰ ਆਈ। ਇੱਕ ਨਵੇਂ ਮਨੁੱਖੀ ਇਨਕਲਾਬ ਨੇ ਅੰਗੜਾਈ ਭਰੀ। ਨਿਰਮਲ ਪੰਥ ਦਾ ਗਾਡੀ ਰਾਹ ਤੁਰ ਪਿਆ, ਜੋ ਨਨਕਾਣੇ ਤੋਂ ਕੇਸਗੜ੍ਹ ਦੀ ਧਰਤੀ ਤਕ ਪਹੁੰਚਿਆ। ਇਨਸਾਨਾਂ ਲਈ ਇੱਕ ਸੰਜਮ-ਮਈ ਜੀਵਨ ਦਾ ਰਸਤਾ ਸਿਰਜਿਆ ਗਿਆ ਜਿਸ ਰਸਤੇ ਤੇ ਤੁਰਦਿਆਂ ਉਹ ਆਪਣੀ ਹੋਣੀ ਦੇ ਆਪ ਮਾਲਕ ਬਣੇ। ਪ੍ਰਭੂ ਦੇ ਮਿਲਾਪ ਲਈ ਹੁਣ ਕਿਸੇ ਵਿਚੋਲੇ ਦੀ ਲੋੜ ਨਹੀਂ ਸੀ ਰਹਿ ਗਈ। ਬਿਲਕੁਲ ਇੱਕ ਨਵੀਂ ਨਰੋਈ ਜੀਵਨ-ਜਾਚ ਮਨੁੱਖੀ ਸਮਾਜ ਨੂੰ ਮਿਲੀ, ਜਿਸ ਵਿੱਚ ਸਭ ਮਨੁੱਖ ਅਤੇ ਔਰਤਾਂ ਵੀ ਬਰਾਬਰ ਦੇ ਹੱਕਦਾਰ ਸਨ।

ਸਤਿਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਉਂਦਿਆਂ ਆਪਣੇ ਗਿਆਨ ਦੇ ਦਰਵਾਜ਼ੇ ਖੋਲ੍ਹਕੇ, ਸਾਨੂੰ ਜੀਵਨ ਦੇ ਹਰ ਕਦਮ ਨੂੰ ਗੁਰੂ ਦੇ ਬਖਸ਼ੇ ਹੋਏ ਸ਼ਬਦ ਦੀ ਰੌਸ਼ਨੀ ਵਿੱਚ ਵਿਚਾਰਨ ਦੀ ਲੋੜ ਹੈ। ਬਹੁਤ ਸੁਚੇਤ ਹੋਕੇ ਇਹ ਚਿੰਤਨ ਕਰਨ ਦੀ ਜ਼ਰੂਰਤ ਹੈ ਕਿ ਜਿਹੜੇ ਭਰਮਾਂ ਦੇ ਕਿਲ੍ਹੇ ਵਿਚੋਂ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਕੱਢਿਆਂ ਸੀ ਉਹ ਦੁਬਾਰਾ ਕਿੰਨੀ ਕਿੰਨੀ ਮਾਤਰਾ ਵਿੱਚ ਮੁੜ ਅਸੀਂ ਆਪਣੇ ਦੁਆਲੇ ਉਸਾਰੀ ਜਾ ਰਹੇ ਹਾਂ। ਸਾਹਿਬ ਜੀ ਨੇ ਜਪੁਜੀ ਵਿੱਚ ਭਰਮਾਂ ਵਾਲੀ ਕੂੜ ਦੀ ਕੰਧ ਭੰਨ ਕੇ ਸੱਚਾ ਸੁੱਚਾ ਮਨੁੱਖ ਬਣਨ ਲਈ ਆਵਾਜ਼ ਮਾਰੀ ਸੀ। ਧੁਰ ਕੀ ਬਾਣੀ ਦੇ ਉਸ ਰੱਬੀ ਸੁਨੇਹੇ ਨੂੰ ਸੁਣਨ ਦਾ ਯਤਨ ਕਰੀਏ, ਜਿਸ ਨਾਲ ਚੜ੍ਹਦੀ ਕਲਾ ਦੇ ਨਾਲ ਨਾਲ ਸਾਡਾ ਆਪਣਾ ਅਤੇ ਸਰਬੱਤ ਦਾ ਭਲਾ ਹੋਏਗਾ।

ਭੁੱਲਾਂ ਚੁੱਕਾਂ ਲਈ ਖਿਮਾਂ। ਗੁਰੂ ਖਾਲਸਾ ਪੰਥ ਸਦ ਬਖਸ਼ਿੰਦ ਹੈ।
.