.

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਨੌਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ ਇਸ ਤੋਂ ਪਹਿਲਾਂ ਆ ਚੁੱਕੇ ਇਸਦੇ ਅੱਠ ਭਾਗ ਵੀ ਪੜੋ ਜੀ)

ਉਪ੍ਰੰਤ "ਰਾਮਕਲੀ ਕੀ ਵਾਰ ਮਹਲਾ ੩" ਸਟੀਕ-ਸਲੋਕਾਂ ਸਹਿਤ, ਪਉੜੀ ਵਾਰ-:-

ਪਉੜੀ ਨੰ: ੧ ਦਾ ਮੂਲ ਪਾਠ ਸਲੋਕਾਂ ਸਹਿਤ:-

ਸਲੋਕੁ ਮਃ ੩॥ ਸਤਿਗੁਰੁ ਸਹਜੈ ਦਾ ਖੇਤੁ ਹੈ, ਜਿਸ ਨੋ ਲਾਏ ਭਾਉ॥ ਨਾਉ ਬੀਜੇ ਨਾਉ ਉਗਵੈ, ਨਾਮੇ ਰਹੈ ਸਮਾਇ॥ ਹਉਮੈ ਏਹੋ ਬੀਜੁ ਹੈ, ਸਹਸਾ ਗਇਆ ਵਿਲਾਇ॥ ਨਾ ਕਿਛੁ ਬੀਜੇ ਨ ਉਗਵੈ, ਜੋ ਬਖਸੇ ਸੋ ਖਾਇ॥ ਅੰਭੈ ਸੇਤੀ ਅੰਭੁ ਰਲਿਆ, ਬਹੁੜਿ ਨ ਨਿਕਸਿਆ ਜਾਇ॥ ਨਾਨਕ ਗੁਰਮੁਖਿ ਚਲਤੁ ਹੈ, ਵੇਖਹੁ ਲੋਕਾ ਆਇ॥ ਲੋਕੁ ਕਿ ਵੇਖੈ ਬਪੁੜਾ, ਜਿਸ ਨੋ ਸੋਝੀ ਨਾਹਿ॥ ਜਿਸੁ ਵੇਖਾਲੇ ਸੋ ਵੇਖੈ, ਜਿਸੁ ਵਸਿਆ ਮਨ ਮਾਹਿ॥ ੧ 

ਮਃ ੩॥ ਮਨਮੁਖੁ ਦੁਖ ਕਾ ਖੇਤੁ ਹੈ, ਦੁਖੁ ਬੀਜੇ ਦੁਖੁ ਖਾਇ॥ ਦੁਖ ਵਿਚਿ ਜੰਮੈ ਦੁਖਿ ਮਰੈ, ਹਉਮੈ ਕਰਤ ਵਿਹਾਇ॥ ਆਵਣੁ ਜਾਣੁ ਨ ਸੁਝਈ, ਅੰਧਾ ਅੰਧੁ ਕਮਾਇ॥ ਜੋ ਦੇਵੈ ਤਿਸੈ ਨ ਜਾਣਈ, ਦਿਤੇ ਕਉ ਲਪਟਾਇ॥ ਨਾਨਕ ਪੂਰਬਿ ਲਿਖਿਆ ਕਮਾਵਣਾ, ਅਵਰੁ ਨ ਕਰਣਾ ਜਾਇ॥ ੨ 

ਮਃ ੩॥ ਸਤਿਗੁਰਿ ਮਿਲਿਐ ਸਦਾ ਸੁਖੁ. ਜਿਸ ਨੋ ਆਪੇ ਮੇਲੇ ਸੋਇ॥ ਸੁਖੈ ਏਹੁ ਬਿਬੇਕੁ ਹੈ, ਅੰਤਰੁ ਨਿਰਮਲੁ ਹੋਇ॥ ਅਗਿਆਨ ਕਾ ਭ੍ਰਮੁ ਕਟੀਐ, ਗਿਆਨੁ ਪਰਾਪਤਿ ਹੋਇ॥ ਨਾਨਕ ਏਕੋ ਨਦਰੀ ਆਇਆ, ਜਹ ਦੇਖਾ ਤਹ ਸੋਇ॥ ੩ 

ਪਉੜੀ॥ ਸਚੈ ਤਖਤੁ ਰਚਾਇਆ, ਬੈਸਣ ਕਉ ਜਾਂਈ॥ ਸਭੁ ਕਿਛੁ ਆਪੇ ਆਪਿ ਹੈ, ਗੁਰ ਸਬਦਿ ਸੁਣਾਈ॥ ਆਪੇ ਕੁਦਰਤਿ ਸਾਜੀਅਨੁ, ਕਰਿ ਮਹਲ ਸਰਾਈ॥ ਚੰਦੁ ਸੂਰਜੁ ਦੁਇ ਚਾਨਣੇ, ਪੂਰੀ ਬਣਤ ਬਣਾਈ॥ ਆਪੇ ਵੇਖੈ ਸੁਣੇ ਆਪਿ, ਗੁਰ ਸਬਦਿ ਧਿਆਈ॥ ੧ 

(ਉਪ੍ਰੰਤ ਸਟੀਕ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕੁ ਮਃ ੩॥ ਸਤਿਗੁਰੁ ਸਹਜੈ ਦਾ ਖੇਤੁ ਹੈ, ਜਿਸ ਨੋ ਲਾਏ ਭਾਉ॥ ਨਾਉ ਬੀਜੇ ਨਾਉ ਉਗਵੈ, ਨਾਮੇ ਰਹੈ ਸਮਾਇ॥ ਹਉਮੈ ਏਹੋ ਬੀਜੁ ਹੈ, ਸਹਸਾ ਗਇਆ ਵਿਲਾਇ॥ ਨਾ ਕਿਛੁ ਬੀਜੇ ਨ ਉਗਵੈ, ਜੋ ਬਖਸੇ ਸੋ ਖਾਇ॥ ਅੰਭੈ ਸੇਤੀ ਅੰਭੁ ਰਲਿਆ, ਬਹੁੜਿ ਨ ਨਿਕਸਿਆ ਜਾਇ॥ ਨਾਨਕ ਗੁਰਮੁਖਿ ਚਲਤੁ ਹੈ, ਵੇਖਹੁ ਲੋਕਾ ਆਇ॥ ਲੋਕੁ ਕਿ ਵੇਖੈ ਬਪੁੜਾ, ਜਿਸ ਨੋ ਸੋਝੀ ਨਾਹਿ॥ ਜਿਸੁ ਵੇਖਾਲੇ ਸੋ ਵੇਖੈ, ਜਿਸੁ ਵਸਿਆ ਮਨ ਮਾਹਿ॥ ੧॥ {ਪੰਨਾ ੯੪੭}

ਪਦ ਅਰਥ : —ਸਹਜ—ਅਡੋਲਤਾ, ਮਨ ਦੀ ਅਡੋਲ ਅਵਸਥਾ। ਭਾਉ—ਪਿਆਰ। ਨਾਮੇ—ਨਾਮ `ਚ ਹੀ, ਪ੍ਰਭੂ ਦੀ ਸਿਫ਼ਤ-ਸਲਾਹ `ਚ ਹੀ। ਬੀਜੁ—ਮੂਲ, ਮੁੱਢ। ਗਇਆ ਵਿਲਾਇ—ਦੂਰ ਹੋ ਜਾਂਦਾ ਹੈ। ਅੰਭੁ—ਪਾਣੀ। ਬਹੁੜਿ—ਮੁੜ ਕੇ। ਨਿਕਸਿਆ ਨ ਜਾਇ—ਕੱਢਿਆ ਨਹੀਂ ਜਾ ਸਕਦਾ, ਵੱਖ ਨਹੀਂ ਕੀਤਾ ਜਾ ਸਕਦਾ। ਚਲਤੁ—ਖੇਡ। ਬਪੁੜਾ—ਵਿਚਾਰਾ।

ਅਰਥ : — "ਸਤਿਗੁਰੁ ਸਹਜੈ ਦਾ ਖੇਤੁ ਹੈ, ਜਿਸ ਨੋ ਲਾਏ ਭਾਉ" - ਸਤਿਗੁਰੂ, ਮਨੁੱਖੀ ਮਨ ਲਈ ਅਡੋਲਤਾ ਸ਼ਾਂਤੀ ਤੇ ਟਿਕਾਅ ਲਈ ਮਾਨੋ ਇੱਕ ਖੇਤ ਹੈ।

ਇਸ ਲਈ (ਪ੍ਰਭੂ) ਜਿਸ ਮਨੁੱਖ ਦਾ, ਇਸ ਅਡੋਲਤਾ ਦੇ ਖੇਤ ਰੂਪ ਗੁਰੂ ਨਾਲ ਪਿਆਰ ਤੇ ਸਾਂਝ ਪਾ ਦਿੰਦਾ ਹੈ ਉਸ ਦਾ ਜੀਵਨ ਵੀ "ਸਹਜੈ ਦਾ ਖੇਤੁ" ਹੀ ਬਣ ਜਾਂਦਾ ਹੈ।

ਭਾਵ ਉਸ ਮਨੁੱਖ ਦੇ ਜੀਵਨ ਅੰਦਰ ਵੀ ਅਡੋਲਤਾ, ਸਹਿਜ ਤੇ ਟਿਕਾਅ ਆ ਜਾਂਦਾ ਹੈ ਜਿਸ ਤੋਂ ਉਹ ਮਨੁੱਖ ਵੀ ਆਪਣੇ ਸਰੀਰ ਰੂਪੀ ਉਸ ਖੇਤ `ਚ:-

"ਨਾਉ ਬੀਜੇ ਨਾਉ ਉਗਵੈ, ਨਾਮੇ ਰਹੈ ਸਮਾਇ" - ਕੇਵਲ ਤੇ ਕੇਵਲ ਪ੍ਰਭੂ ਦਾ ਨਾਮ ਭਾਵ ਪ੍ਰਭੂ ਦੀ ਸਿਫ਼ਤ ਸਲਾਹ ਹੀ ਬੀਜਦਾ ਤੇ ਹੈ ਉਪ੍ਰੰਤ ਓਥੇ ਵੀ ਨਾਮ ਹੀ ਉਪਜਦਾ ਹੈ।

ਜਿਸਤੋਂ ਅਜਿਹਾ ਮਨੁੱਖਾ ਜੀਵਨ, ਪ੍ਰਭੂ ਦੀ ਸਿਫ਼ਤ-ਸਲਾਹ `ਚ ਹੀ ਗੜੁੱਚ ਰਹਿੰਦਾ ਤੇ ਸੁਆਸ-ਸੁਆਸ ਉਸ ਪ੍ਰਭੂ ਦੇ ਨਾਮ ਰੰਗ `ਚ ਹੀ ਰੰਗਿਆ ਰਹਿੰਦਾ ਹੈ। ਯਥਾ:-

() "ਭਾਈ, ਗੁਰ ਬਿਨੁ ਸਹਜੁ ਨ ਹੋਇ॥ ਸਬਦੈ ਹੀ ਤੇ ਸਹਜੁ ਊਪਜੈ, ਹਰਿ ਪਾਇਆ ਸਚੁ ਸੋਇ" (ਪੰ: ੬੮)

() "ਬਿਨੁ ਸਤਿਗੁਰ ਕਿਨੈ ਨ ਪਾਇਓ, ਬਿਨੁ ਸਤਿਗੁਰ ਕਿਨੈ ਨ ਪਾਇਆ॥ ਸਤਿਗੁਰ ਵਿਚਿ ਆਪੁ ਰਖਿਓਨੁ, ਕਰਿ ਪਰਗਟੁ ਆਖਿ ਸੁਣਾਇਆ॥ ਸਤਿਗੁਰ ਮਿਲਿਐ ਸਦਾ ਮੁਕਤੁ ਹੈ, ਜਿਨਿ ਵਿਚਹੁ ਮੋਹੁ ਚੁਕਾਇਆ॥ ਉਤਮੁ ਏਹੁ ਬੀਚਾਰੁ ਹੈ, ਜਿਨਿ ਸਚੇ ਸਿਉ ਚਿਤੁ ਲਾਇਆ॥ ਜਗਜੀਵਨੁ ਦਾਤਾ ਪਾਇਆ॥ ੬ ॥" (ਪੰ: ੪੬੬)

"ਹਉਮੈ ਏਹੋ ਬੀਜੁ ਹੈ, ਸਹਸਾ ਗਇਆ ਵਿਲਾਇ" - ਸਹਸਾ, ਦੁਚਿੱਤੀ ਆਦਿ ਦਾ ਮੂਲ ਹੀ ਹਉਮੈ ਹੈ, ਪਰ ਇਹ ਹਉਮੈ ਵਾਲਾ ਰੋਗ ਉਸ ਮਨੁੱਖ ਦੇ ਜੀਵਨ `ਚ ਰਹਿੰਦਾ ਹੀ ਨਹੀਂ।

ਉਸੇ ਤੋਂ ਉਸ ਮਨੁੱਖਾ ਜੀਵਨ ਅੰਦਰੋਂ ਵਿਕਾਰ, ਤ੍ਰਿਸ਼ਨਾ, ਭਟਕਣਾ, ਚਿੰਤਾ, ਸਹਿਮ ਆਦਿ ਸਾਰੇ ਰੋਗ ਹੀ ਮੁੱਕ ਜਾਂਦੇ ਹਨ ਤੇ ਇਹ ਉਸ ਮਨੁੱਖ ਦੇ ਜੀਵਨ ਦਾ ਹਿੱਸਾ ਨਹੀਂ ਰਹਿੰਦੇ।

"ਨਾ ਕਿਛੁ ਬੀਜੇ ਨ ਉਗਵੈ, ਜੋ ਬਖਸੇ ਸੋ ਖਾਇ" - "ਸਹਜੈ ਦਾ ਖੇਤੁ" ਗੁਰੂ ਦੀ ਸ਼ਰਣ `ਚ ਆ ਚੁੱਕਾ ਤੇ ਪ੍ਰਭੂ ਦੀ ਸਿਫ਼ਤ ਸਲਾਹ ਦੇ ਰੰਗ `ਚ ਰੰਗਿਆ ਜਾ ਚੁਕਾ ਜੀਵਨ ਨਾ ਹੀ ਕੋਈ ਐਸਾ ਬੀਜ ਬੀਜਦਾ ਹੈ ਤੇ ਨਾ ਹੀ ਓਥੇ ‘ਸਹਸਾ’ ਭਟਕਣਾ ਆਦਿ ਉੱਗਦੇ ਹਨ।

ਉਹ ਮਨੁੱਖ ਤਾਂ ਪ੍ਰਭੂ ਦੀ ਬਖ਼ਸ਼ਿਸ਼ ਦਾ ਫਲ ਹੀ ਖਾਂਦਾ, ਨਾਮ ਸਿਮਰਦਾ ਭਾਵ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਿਆ ਰਹਿੰਦਾ ਤੇ ਸੁਆਸ-ਸੁਆਸ ਉਸੇ `ਚ ਲੀਨ ਰਹਿੰਦਾ ਹੈ।

"ਅੰਭੈ ਸੇਤੀ ਅੰਭੁ ਰਲਿਆ, ਬਹੁੜਿ ਨ ਨਿਕਸਿਆ ਜਾਇ" -ਜਿਵੇਂ ਪਾਣੀ ਨਾਲ ਪਾਣੀ ਮਿਲ ਜਾਵੇ ਤਾਂ ਮੁੜ ਉਹ ਪਾਣੀ ਉਸ ਪਾਣੀ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਯਥਾ:-

() "ਜਿਉ ਜਲ ਮਹਿ ਜਲੁ ਆਇ ਖਟਾਨਾ॥ ਤਿਉ ਜੋਤੀ ਸੰਗਿ ਜੋਤਿ ਸਮਾਨਾ" (ਪੰ: ੨੭੮)

() "ਹਉ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮੰਨਿ ਵਸਾਵਣਿਆ॥ ਅੰਜਨ ਮਾਹਿ ਨਿਰੰਜਨੁ ਪਾਇਆ ਜੋਤੀ ਜੋਤਿ ਮਿਲਾਵਣਿਆ" (ਪੰ: ੧੧੨)

() "ਅੰਮ੍ਰਿਤ ਬਾਣੀ ਗੁਰ ਕੀ ਮੀਠੀ॥ ਗੁਰਮੁਖਿ ਵਿਰਲੈ ਕਿਨੈ ਚਖਿ ਡੀਠੀ॥ ਅੰਤਰਿ ਪਰਗਾਸੁ ਮਹਾ ਰਸੁ ਪੀਵੈ ਦਰਿ ਸਚੈ ਸਬਦੁ ਵਜਾਵਣਿਆ" (ਪੰ: ੧੧੩)

"ਨਾਨਕ ਗੁਰਮੁਖਿ ਚਲਤੁ ਹੈ"-ਇਸ ਤਰ੍ਹਾਂ, ਹੇ ਨਾਨਕ! ਇਹ ਤਾਂ ਉਸ ਮਨੁੱਖ ਦੇ ਜੀਵਨ ਦੀ ਅਵਸਥਾ ਹੁੰਦੀ ਹੈ, ਜਿਹੜਾ ਮਨੁੱਖ ਗੁਰੂ ਦੇ ਹੁਕਮ, ਆਗਿਆ `ਤੇ ਆਦੇਸ਼ਾਂ ਅਨੁਸਾਰ ਜੀਵਨ ਬਤੀਤ ਕਰਦਾ ਤੇ ਸ਼ਬਦ ਗੁਰੂ ਦੀ ਕਾਮਈ ਕਰਦਾ ਹੈ। ਯਥਾ:-

() "ਮਤਿ ਵਿਚਿ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿਖ ਸੁਣੀ" (ਬਾਣੀ ਜਪੁ)

() "ਗੁਰ ਕੈ ਸਬਦਿ ਬਣਾਵਹੁ ਇਹੁ ਮਨੁ॥ ਗੁਰ ਕਾ ਦਰਸਨੁ ਸੰਚਹੁ ਹਰਿ ਧਨੁ" (ਪੰ: ੩੭੭)

() "ਆਪੇ ਪ੍ਰਭੂ ਦਇਆਲੁ ਹੈ ਆਪੇ ਦੇਇ ਬੁਝਾਇ॥ ਗੁਰਮਤੀ ਸਦ ਮਨਿ ਵਸਿਆ ਸਚਿ ਰਹੇ ਲਿਵ ਲਾਇ" (ਪੰ: ੩੭)

"ਵੇਖਹੁ ਲੋਕਾ ਆਇ" -ਤਾਂ ਤੇ ਤੀਜੇ ਨਾਨਕ ਪਾਤਸਾਹ ਫ਼ੂਰਮਾਉਦੇ ਹਨ ਕਿ ਐ ਦੁਨਿਆ ਦੇ ਲੋਕੋ! ਬੇਸ਼ੱਕ ਤੁਸੀਂ ਵੀ ਅਜਿਹੇ ਸਫ਼ਲ ਮਨੁੱਖਾ ਜਨਮ ਗੁਰਮੁਖ ਜਨਾਂ ਦੇ ਸੰਪਰਕ `ਚ ਮਨੁੱਖਾ ਜੀਵਨ ਦੀ ਇਸ ਸਚਾਈ ਨੂੰ ਆ ਕੇ ਦੇਖ ਤੇ ਪਰਖ ਲਵੋ। ਯਯਯਯ

"ਲੋਕੁ ਕਿ ਵੇਖੈ ਬਪੁੜਾ, ਜਿਸ ਨੋ ਸੋਝੀ ਨਾਹਿ" -ਪਰ ਵਿਚਾਰਾ ਜਗਤ ਵੀ ਕੀ ਵੇਖੇ? ਇਸਨੂੰ ਤਾਂ (ਇਹ ਪਰਖਣ ਦੀ) ਸਮਝ ਹੀ ਨਹੀਂ ਹੈ।

"ਜਿਸੁ ਵੇਖਾਲੇ ਸੋ ਵੇਖੈ, ਜਿਸੁ ਵਸਿਆ ਮਨ ਮਾਹਿ"॥ ੧॥ -ਕਿਉਂਕਿ ਕਿਸੇ ਗੁਰਮੁਖ ਜਨ ਦੇ ਜੀਵਨ ਦੀ ਇਹ ਉੱਤਮ ਅਵਸਥਾ ਵੀ ਕੇਵਲ ਉਹੀ ਮਨੁੱਖ ਵੇਖ ਸਕਦਾ ਹੈ, ਜਿਸ ਨੂੰ ਪ੍ਰਭੂ ਆਪ ਵੇਖਣ ਦੀ ਜਾਚ ਸਿਖਾ ਦੇਵੇ ਅਤੇ ਜਿਸ ਦੇ ਮਨ `ਚ ਪ੍ਰਭੂ ਆਪ ਆ ਵੱਸੇ। ੧।

ਮਃ ੩॥ ਮਨਮੁਖੁ ਦੁਖ ਕਾ ਖੇਤੁ ਹੈ, ਦੁਖੁ ਬੀਜੇ ਦੁਖੁ ਖਾਇ॥ ਦੁਖ ਵਿਚਿ ਜੰਮੈ ਦੁਖਿ ਮਰੈ, ਹਉਮੈ ਕਰਤ ਵਿਹਾਇ॥ ਆਵਣੁ ਜਾਣੁ ਨ ਸੁਝਈ, ਅੰਧਾ ਅੰਧੁ ਕਮਾਇ॥ ਜੋ ਦੇਵੈ ਤਿਸੈ ਨ ਜਾਣਈ, ਦਿਤੇ ਕਉ ਲਪਟਾਇ॥ ਨਾਨਕ ਪੂਰਬਿ ਲਿਖਿਆ ਕਮਾਵਣਾ, ਅਵਰੁ ਨ ਕਰਣਾ ਜਾਇ॥ ੨॥ {ਪੰਨਾ ੯੪੭}

ਪਦ ਅਰਥ : —ਦੁਖਿ—ਦੁੱਖ `ਚ। ਵਿਹਾਇ—ਬੀਤਦੀ ਹੈ (ਉਮਰ)। ਅੰਧੁ—ਅੰਨ੍ਹਿਆਂ ਵਾਲਾ ਕੰਮ, ਅਗਿਆਨਤਾ ਦੇ ਹਨੇਰੇ `ਚ ਹੀ। ਲਪਟਾਇ—ਜੱਫਾ ਮਾਰਦਾ ਹੈ, ਮਾਇਕ ਰਸਾਂ ਤੇ ਪ੍ਰਾਪਤੀਆਂ `ਚ ਗ਼ਲਤਾਨ ਰਹਿੰਦਾ ਹੈ। ਪੂਰਬਿ—ਪਹਿਲੇ ਕੀਤੇ ਜਾ ਚੁੱਕਾ ਤੇ ਜਾ ਰਹੇ ਕਰਮਾਂ ਅਨੁਸਾਰ। ਲਿਖਿਆ—ਉੱਕਰਿਆ ਹੋਇਆ।

ਅਰਥ : — "ਮਨਮੁਖੁ ਦੁਖ ਕਾ ਖੇਤੁ ਹੈ, ਦੁਖੁ ਬੀਜੇ ਦੁਖੁ ਖਾਇ" -ਜਿਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਟੁਰਦਾ ਹੈ ਉਹ (ਸਮਝੋ) ਦੁੱਖਾਂ ਦੀ ਪੈਲੀ ਹੈ ਜਿਸ `ਚ ਉਹ ਆਪਣੇ ਲਈ ਕੇਵਲ ਦੁੱਖ ਹੀ ਬੀਜਦਾ ਹੈ ਤੇ ਦੁੱਖ ਉਨ੍ਹਾਂ ਦਾ ਫਲ ਵੀ ਉਹ ਦੁਖਾਂ ਨੂੰ ਹੀ ਵੱਢ ਕੇ ਖਾਂਦਾ ਹੈ।

"ਦੁਖ ਵਿਚਿ ਜੰਮੈ ਦੁਖਿ ਮਰੈ, ਹਉਮੈ ਕਰਤ ਵਿਹਾਇ" - ਉਹ ਦੁੱਖ `ਚ ਜੰਮਦਾ ਤੇ ਦੁੱਖ `ਚ ਮਰਦਾ ਹੈ, ਇਸ ਤਰ੍ਹਾਂ ਉਸ ਦੀ ਸਾਰੀ ਉਮਰ ਹਉਮੈ `ਚ ਹੀ ਬਤੀਤ ਹੁੰਦੀ ਹੈ।

"ਆਵਣੁ ਜਾਣੁ ਨ ਸੁਝਈ, ਅੰਧਾ ਅੰਧੁ ਕਮਾਇ" ਉਸ ਨੂੰ ਇਹ ਸਮਝ ਹੀ ਨਹੀਂ ਆਉਂਦੀ ਕਿ ਮੈਂ ਜਨਮ ਆਪਣੀ ਹਉਮੈ ਕਾਰਨ ਹੀ ਜੀਂਦੇ ਜੀਅ ਹੀ ਸੁਭਾਅ ਕਰਕੇ ਵੀ ਹਰ ਸਮੇਂ ਜਨਮ-ਮਰਨ, ਤੇ ਭਿੰ-ਭਿੰਨ ਜੂਨਾਂ ਦੇ ਗੇੜ `ਚ ਹੀ ਪਿਆ ਹੋਇਆ ਹਾਂ। ਇਸ ਆਪਣੀ ਇਸ ਅਗਿਆਨਤਾ ਵੱਸ ਉਹ ਅੰਨ੍ਹਾ ਜਹਾਲਤ `ਚ ਖੱਚਤ ਸਦਾ ਵਿਕਾਰਾਂ ਦੀਆਂ ਚੋਟਾਂ ਖਾਂਦਾ ਤੇ ਪ੍ਰੇਸ਼ਾਨਾਆਂ ਹੀ ਭੋਗਦਾ ਰਹਿੰਦਾ ਹੈ। ਯਥਾ:-

() "ਸਚਾ ਸਬਦੁ ਨ ਪਛਾਣਿਓ, ਸੁਪਨਾ ਗਇਆ ਵਿਹਾਇ॥ ਸੁੰਞੇ ਘਰ ਕਾ ਪਾਹੁਣਾ, ਜਿਉ ਆਇਆ ਤਿਉ ਜਾਇਮਨਮੁਖ ਜਨਮੁ ਬਿਰਥਾ ਗਇਆ, ਕਿਆ ਮੁਹੁ ਦੇਸੀ ਜਾਇ" (ਪੰ: ੩੪-੩੫)

() "ਮਨਮੁਖਿ ਭੁਲੈ ਭੁਲਾਈਐ ਭੂਲੀ ਠਉਰ ਨ ਕਾਇ॥ ਗੁਰ ਬਿਨੁ ਕੋ ਨ ਦਿਖਾਵਈ ਅੰਧੀ ਆਵੈ ਜਾਇ॥ ਗਿਆਨ ਪਦਾਰਥੁ ਖੋਇਆ ਠਗਿਆ ਮੁਠਾ ਜਾਇ" (ਪੰ: ੬੦)

"ਜੋ ਦੇਵੈ ਤਿਸੈ ਨ ਜਾਣਈ, ਦਿਤੇ ਕਉ ਲਪਟਾਇ" - ਅਜਿਹਾ ਮਨਮੁਖੀ ਆਪ-ਹੁੱਦਰੇ ਸੁਭਾਅ ਵਾਲਾ ਮਨੁੱਖ, ਉਸ ਮਾਲਕ ਨੂੰ ਨਹੀਂ ਪਛਾਣਦਾ ਜਿਹੜਾ ਉਸ ਨੂੰ ਸਾਰੀਆਂ ਦਾਤਾਂ ਦੇਣ ਵਾਲਾ ਹੈ ਪਰ ਉਹ ਤਾਂ ਉਸ ਦੇ ਦਿੱਤੇ ਹੋਏ ਪਦਾਰਥਾਂ `ਚ ਗ਼ਲਤਾਨ ਰਹਿੰਦਾ ਹੈ।

"ਨਾਨਕ ਪੂਰਬਿ ਲਿਖਿਆ ਕਮਾਵਣਾ, ਅਵਰੁ ਨ ਕਰਣਾ ਜਾਇ"॥ ੨॥ - ਤਾਂ ਤੇ ਹੇ ਨਾਨਕ! ਉਸ ਮਨਮੁਖ ਦੇ ਵੀ ਕੀ ਵੱਸ, ਕਿਉਂਕਿ ਪ੍ਰਭੂ ਦੇ ਸਚ ਨਿਆਂ `ਚ ਪਿਛਲੇ ਕੀਤੇ ਕਰਮਾਂ ਅਨੁਸਾਰ ਜਿਹੜੇ ਸੰਸਕਾਰ ਉਸਦੇ ਮਨ `ਤੇ ਉੱਕਰੇ ਹੁੰਦੇ ਤੇ ਨਾਲ-ਨਾਲ ਬਣਦੇ ਜਾਂਦੇ ਹਨ ਉਹ ਉਨ੍ਹਾਂ ਦੇ ਪ੍ਰਭਾਵ `ਚ ਹੀ ਸਬ ਕਰਦਾ ਹੈ ਅਤੇ ਉਹ ਉਨ੍ਹਾਂ ਸੰਸਕਾਰਾਂ ਦੇ ਦਬਾਅ ਤੋਂ ਬਾਹਿਰ ਹੋ ਕੇ ਆਪਣੇ ਆਪ `ਚ ਕੁੱਝ ਵੀ ਕਰਣ `ਚ ਅਸਮ੍ਰਥ ਹੁੰਦਾ ਹੈ। ੨।

(ਚਲਦਾ) #Instt.P.1-9th. Ramkali ki vaar M.-3-02.19-P1#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਨੌਵੀਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- gurbaniguru@yahoo.com & gianisurjitsingh@yahoo.com

web sites-

www.gurbaniguru.org

theuniqeguru-gurbani.com

gurmateducationcentre.com




.