.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਰੱਬੀ ਨਿਯਮਾਵਲੀ

ਵਿਕਸਤ ਮੁਲਕਾਂ ਨੇ ਕੁਦਰਤ ਦੀਆਂ ਨਿਆਮਤਾਂ ਵਲ ਬਹੁਤ ਧਿਆਨ ਦਿੱਤਾ ਹੈ। ਕੁਦਰਤੀ ਵਾਤਾਵਰਨ ਨੂੰ ਸੰਭਾਲਣ `ਤੇ ਪੂਰਾ ਜ਼ੋਰ ਦਿੱਤਾ ਹੋਇਆ ਹੈ। ਵਾਤਾਵਰਣ ਵਿਗਿਆਨੀ ਜਾਣਦੇ ਹਨ ਕਿ ਜੇ ਕੁਦਰਤੀ ਸਰੋਤਾਂ ਦੀ ਸੰਭਾਲ਼ ਕੀਤੀ ਜਾਏ ਤਾਂ ਮਨੁੱਖ ਵੱਧ ਤੋਂ ਵੱਧ ਸਮਾਂ ਇਹਨਾਂ ਸ੍ਰੋਤਾਂ ਤੋਂ ਲਾਭ ਲੈ ਸਕਦਾ ਹੈ। ਸਾਰੀ ਕਾਇਨਾਤ ਇੱਕ ਬੱਝਵੇਂ ਨਿਯਮ ਵਿੱਚ ਚੱਲ ਰਹੀ ਹੈ ਜਿਸ ਨੂੰ ਗੁਰਬਾਣੀ ਹੁਕਮ ਆਖਦੀ ਹੈ। ਦਿਸ ਰਹੇ ਸੰਸਾਰ ਦੀ ਹਰ ਵਸਤੂ ਸਮੇਂ ਅਨੁਸਾਰ ਘੱਟ ਰਹੀ ਹੈ। ਜੇ ਸੰਸਾਰ ਖਤਮ ਵੀ ਹੋ ਜਾਂਦਾ ਹੈ ਤਾਂ ਰੱਬੀ ਹੁਕਮ ਦੀ ਖੇਡ ਕਦੇ ਖਤਮ ਨਹੀਂ ਹੁੰਦੀ ਭਾਵ ਰੱਬੀ ਨਿਯਮ ਚੱਲਦਾ ਹੀ ਰਹਿਣਾ ਹੈ ਤੇ ਓਸੇ ਨਿਯਮ ਤਹਿਤ ਹੀ ਅਗਾਂਹ ਅਰਬਾਂ ਸਾਲਾਂ ਉਪਰੰਤ ਫਿਰ ਸੰਸਾਰ ਹੋਂਦ ਵਿੱਚ ਆਏਗਾ। ਭਾਵ ਸਦੀਵ ਕਾਲ ਰੱਬ ਜੀ ਦਾ ਹੁਕਮ, ਨਿਯਮ ਸਦਾ ਕਾਇਮ ਰਹਿਣ ਵਾਲਾ ਹੈ ਤੇ ਇਸ ਨੂੰ ਅਬਿਨਾਸ਼ੀ ਕਿਹਾ ਹੈ---
ਘਟੰਤ ਰੂਪੰ, ਘਟੰਤ ਦੀਪੰ, ਘਟੰਤ ਰਵਿ ਸਸੀਅਰ ਨਖ੍ਯ੍ਯਤ੍ਰ ਗਗਨੰ।।
ਘਟੰਤ ਬਸੁਧਾ ਗਿਰਿ ਤਰ ਸਿਖੰਡੰ।।
ਘਟੰਤ ਲਲਨਾ ਸੁਤ ਭ੍ਰਾਤ ਹੀਤੰ।।
ਘਟੰਤ ਕਨਿਕ ਮਾਨਿਕ ਮਾਇਆ ਸ੍ਵਰੂਪੰ।।
ਨਾਹ ਘਟੰਤ ਕੇਵਲ ਗੋਪਾਲ ਅਚੁਤ।।
ਅਸਥਿਰੰ ਨਾਨਕ ਸਾਧ ਜਨ।। ੯।।

ਅੱਖਰੀਂ ਅਰਥ--- ਰੂਪ ਨਾਸਵੰਤ ਹੈ, (ਸੱਤੇ) ਦੀਪ ਨਾਸਵੰਤ ਹਨ, ਸੂਰਜ ਚੰਦ੍ਰਮਾ ਤਾਰੇ ਆਕਾਸ਼ ਨਾਸਵੰਤ ਹਨ, ਧਰਤੀ ਉਚੇ ਉਚੇ ਪਹਾੜ ਤੇ ਰੁੱਖ ਨਾਸਵੰਤ ਹਨ, ਇਸਤ੍ਰੀ ਪੁਤ੍ਰ, ਭਰਾ ਤੇ ਸਨਬੰਧੀ ਨਾਸਵੰਤ ਹਨ, ਸੋਨਾ ਮੋਤੀ ਮਾਇਆ ਦੇ ਸਾਰੇ ਸਰੂਪ ਨਾਸਵੰਤ ਹਨ। ਹੇ ਨਾਨਕ! ਕੇਵਲ ਅਬਿਨਾਸੀ ਗੋਪਾਲ ਪ੍ਰਭੂ ਨਾਸਵੰਤ ਨਹੀਂ ਹੈ, ਅਤੇ ਉਸ ਦੀ ਸਾਧ ਸੰਗਤਿ ਭੀ ਸਦਾ-ਥਿਰ ਹੈ। ੯।
ਵਿਚਾਰ ਚਰਚਾ—ਸੰਸਾਰ ਵਿੱਚ ਕਈ ਜੀਵ ਜਾਤੀਆਂ ਹੁਣ ਖਤਮ ਹੋ ਗਈਆਂ ਹਨ ਤੇ ਕਈ ਨਵੀਆਂ ਜਾਤੀਆਂ ਵਿਗਿਆਨੀਆਂ ਨੇ ਲੱਭੀਆਂ ਵੀ ਹਨ।
੧ ਬੱਚਪਨ ਤੋਂ ਲੈ ਕੇ ਜਵਾਨੀ ਤਕ ਬੰਦਾ ਬੇਹੱਦ ਖੂਬਸੂਰਤ ਹੁੰਦਾ ਹੈ ਪਰ ਬੁਢੇਪੇ ਵਲ ਨੂੰ ਜਾਂਦਿਆਂ ਇਸ ਦੀ ਸੁੰਦਰਤਾ ਵੀ ਘਟਣੀ ਸ਼ੁਰੂ ਹੋ ਜਾਂਦੀ ਹੈ।
੨ ਸੰਸਾਰ ਦੇ ਜਜ਼ੀਰੇ, ਸੂਰਜ, ਚੰਦਰਮਾ, ਤਾਰੇ, ਅਕਾਸ਼, ਪਹਾੜ ਤੇ ਧਰਤੀ ਆਦ ਸਭ ਘੱਟ ਰਹੇ ਹਨ ਭਾਵ ਨਾਸ਼ਮਾਨ ਹਨ।
੩ ਇਸਤ੍ਰੀ, ਭਰਾ, ਸੰਤਾਨ, ਸੋਨਾ ਮੋਤੀ ਆਦ ਸਾਰੇ ਘਟ ਰਹੇ ਹਨ ਭਾਵ ਨਾਸ਼ਮਾਨ ਹਨ।
੪ ਸੰਸਾਰ ਦੀ ਬਣਤਰ ਏਦਾਂ ਦੀ ਹੈ ਕਿ ਪਰਵਾਰ ਦੇ ਤਾਂ ਘੱਟਦੇ ਦਿਸਦੇ ਹਨ ਪਰ ਚੰਦ ਸੂਰਜ ਧਰਤੀ ਜਾਂ ਪਹਾੜ ਇੰਜ ਲਗਦਾ ਹੈ ਕਿ ਸ਼ਾਇਦ ਨਾ ਘੱਟਦੇ ਹੋਣ ਜਦ ਕਿ ਇਹ ਵੀ ਘੱਟ ਰਹੇ ਹਨ।
੫ ਸੰਸਾਰ ਦੀ ਸਾਰੀ ਪ੍ਰਕਿਰਿਆ ਇੱਕ ਬੱਝਵੇਂ ਨਿਯਮ ਵਿੱਚ ਚੱਲ ਰਹੀ ਹੈ ਪਰ ਇਸ ਨਿਯਮ ਵਿੱਚ ਕਰਮ ਸਾਡਾ ਹੈ। ਅਸੀਂ ਆਪਣੇ ਕੀਤੇ ਕਰਮ ਹੀ ਭੋਗ ਰਹੇ ਹਾਂ।
੬ ਹੁਕਮ ਜਾਂ ਨਿਯਮ ਨੂੰ ਏਦਾਂ ਵੀ ਸਮਝ ਸਕਦੇ ਹਾਂ—ਮਿਸਾਲ ਦੇ ਤੌਰ `ਤੇ ਪੰਜਾਬ ਝੋਨੇ ਦੀ ਖੇਤੀ ਵਾਲਾ ਦੇਸ਼ ਨਹੀਂ ਸੀ। ਖੇਤੀ ਵਿਗਿਆਨੀਆਂ ਨੇ ਇੱਕ ਪੱਖ ਦੇਖ ਕੇ ਪੰਜਾਬ ਵਿੱਚ ਝੋਨੇ ਦੀ ਖੇਤੀ ਸ਼ੁਰੂ ਕਰਾ ਦਿੱਤੀ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਪੰਜਾਬ ਵਿਚੋਂ ਪਾਣੀ ਘੱਟ ਗਿਆ ਹੈ ਜੋ ਕਿ ਦੇਸ ਪੰਜਾਬ ਲਈ ਤਬਾਹੀ ਦਾ ਕਾਰਨ ਹੈ।
੭ ਕੁਦਰਤੀ ਨਿਯਮਾਵਲੀ ਅਨੁਸਾਰ ਪਾਣੀ ਘੱਟੇਗਾ ਤਬਾਹੀ ਹੋਏਗੀ ਪੰਜਾਬ ਨੂੰ ਹਰਿਆ ਭਰਿਆ ਹੋਣ ਲਈ ਕਿੰਨੀਆਂ ਸਦੀਆਂ ਲੱਗਣਗੀਆਂ ਇਹ ਵਿਗਿਆਨੀ ਹੀ ਦਸ ਸਕਦੇ ਹਨ।
੮ ਇਸ ਸਲੋਕ ਵਿੱਚ ਤੱਤ ਦੀ ਗੱਲ ਸਮਝਾਈ ਹੈ ਕਿ ਸੰਸਾਰ ਇੱਕ ਬੱਝਵੇਂ ਨਿਯਮ ਵਿੱਚ ਚੱਲ ਰਿਹਾ ਹੈ ਤੇ ਇਹ ਨਿਯਮ ਭਾਵ ਰੱਬ ਜੀ ਦਾ ਹੁਕਮ ਕਦੇ ਵੀ ਖਤਮ ਹੋਣ ਵਾਲਾ ਨਹੀਂ ਹੈ। ਇਸ ਦੀ ਸਮਝ ਸਤਿ ਸੰਗਤ ਭਾਵ ਰੱਬੀ ਗਿਆਨ ਨੂੰ ਸਮਝ ਕੇ ਹੀ ਆ ਸਕਦੀ ਹੈ।
੯ ਇਸ ਨਿਯਮ ਨੂੰ ਸਮਝ ਕਿ ਕੁਦਰਤੀ ਸਾਧਨਾਂ ਦੀ ਸਹੀ ਵਰਤੋਂ ਅਤੇ ਉਹਨਾਂ ਨੂੰ ਬਚਾਉਣ ਦੀ ਲੋੜ ਹੈ।
੧੦ ਕੁਦਰਤੀ ਦਾਤ ਦਰੱਖਤਾਂ ਨੂੰ ਸੰਭਾਲਣ ਦੀ ਲੋੜ ਹੈ ਪਰ ਭਾਰਤੀ ਪਿੱਪਲ ਨੂੰ ਪਾਣੀ ਪਉਣ ਦੀ ਥਾਂ `ਤੇ ਟਾਕੀਆਂ ਤੇ ਧਾਗੇ ਬੰਨ੍ਹੀ ਜਾ ਰਹੇ ਹਨ ਜੋ ਕੁਦਰਤ ਨਾਲ ਖਿਲਵਾੜ ਹੈ।
੧੧ ਬੇ-ਸ਼ੱਕ ਸੰਸਾਰ ਦੀ ਹਰ ਵਸਤੂ ਘੱਟਦੀ ਨਜ਼ਰ ਆਉਂਦੀ ਹੈ ਪਰ ਜੇ ਸੱਚ ਨੂੰ ਪਿਆਰ ਕਰਨ ਲਗ ਜਾਓ ਤਾਂ ਇਹ ਪ੍ਰੀਤ ਹਮੇਸ਼ਾਂ ਵੱਧਦੀ ਜਾਂਦੀ ਹੈ।
੧੨ ਝੂਠ ਦਾ ਬਣਾਇਆ ਹੋਇਆ ਮਹਿਲ ਢਹਿ ਜਾਂਦਾ ਹੈ ਪਰ ਸੱਚ ਦਾ ਕੱਚਾ ਮਕਾਨ ਵੀ ਦਸੀਆਂ ਤੀਕ ਜਿਉਂਦਾ ਹੈ।
ਜਿਮੀ ਵਸੰਦੀ ਪਾਣੀਐ ਈਧਣੁ ਰਖੈ ਭਾਹਿ।।
ਨਾਨਕ ਸੋ ਸਹੁ ਆਹਿ ਜਾ ਕੈ ਆਢਲਿ ਹਭੁ ਕੋ।। ੨।।
ਮ: ੫ ਪੰਨਾ ੫੨੧
.