.

ਰੱਬੀ ਮਿਲਨ ਦੀ ਬਾਣੀ
ਸਲੋਕ ਮ: ੯
ਦੀ ਵਿਚਾਰ

ਅਠਤਾਲੀਵਾਂ ਸਲੋਕ

ਵੀਰ ਭੁਪਿੰਦਰ ਸਿੰਘ


48. ਅਠਤਾਲੀਵਾਂ ਸਲੋਕ -
ਨਿਜ ਕਰਿ ਦੇਖਿਓ ਜਗਤੁ ਮੈ ਕੋ ਕਾਹੂ ਕੋ ਨਾਹਿ ॥
ਨਾਨਕ ਥਿਰੁ ਹਰਿ ਭਗਤਿ ਹੈ ਤਿਹ ਰਾਖੋ ਮਨ ਮਾਹਿ ॥48॥
ਇਸਦੇ ਪਰਚੱਲਤ ਅਰਥ ਹਨ ਕਿ ਮੈਂ ਸਾਰੇ ਜਗਤ ਨੂੰ ਆਪਣਾ ਬਣਾਕੇ ਵੇਖਿਆ ਪਰ ਕੋਈ ਵੀ ਇੱਥੇ ਆਪਣਾ ਨਹੀਂ ਹੈ। ਇਸ ਪ੍ਰਥਾਏ, ਇਸ ਤਰੀਕੇ ਦੇ ਨਾਲ ਇਸਦੇ ਅਰਥ ਕਰਦੇ ਹਾਂ, ‘ਜਗਤ ਮੈ ਝੂਠੀ ਦੇਖੀ ਪ੍ਰੀਤਿ ॥’ (536) ਇੱਥੇ ਜਗਤ ਵਿਚ ਸਾਰੀਆਂ ਝੂਠੀਆਂ ਪ੍ਰੀਤਾਂ ਹੀ ਹਨ। ‘ਅਪਨੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ॥’ (536)
ਇਸ ਤਰ੍ਹਾਂ ਅਸੀਂ ਕਹਿ ਦੇਂਦੇ ਹਾਂ।
ਅਸੀਂ ਇਸ ਵਿਸ਼ੇ ਤੇ ਇਹ ਸਾਂਝ ਕਰਨ ਦਾ ਜਤਨ ਕੀਤਾ ਹੈ ਕਿ ਇਸ ਸ਼ਬਦ ਵਿਚ ਗੁਰੂ ਸਾਹਿਬ ਇਹ ਨਹੀਂ ਕਹਿ ਰਹੇ ਕਿ ਲੋਕਾਂ ਦੀ ਪ੍ਰੀਤ ਝੂਠੀ ਹੁੰਦੀ ਹੈ। ਦਰਅਸਲ ਸਾਡੀ ਉਸ ਪਿੱਛੇ ਜਿਹੜੀ ਭਾਵਨਾ ਹੈ, ਜਿਹੜੀ ਭੈੜੀ ਬਿਰਤੀ ਹੈ ਉਸਦੇ ਕਾਰਨ ਉਹ ਪ੍ਰੀਤ ਝੂਠੀ ਹੋ ਜਾਂਦੀ ਹੈ। ਜੇ ਅਸੀਂ ਇਸ ਦੇ ਅਰਥ ਇਹ ਕਰਦੇ ਹਾਂ ਕਿ ਲੋਕਾਂ ਦੀ ਪ੍ਰੀਤ ਝੂਠੀ ਹੁੰਦੀ ਹੈ ਤਾਂ ਗੁਰੂ ਸਾਹਿਬ ਦਾ, ‘ਭਾਖਿਆ ਭਾਉ ਅਪਾਰੁ’ ਵਾਲਾ ਸੁਨੇਹਾ ਜੀਵਨ ਵਿਚ ਜਿਊ ਨਹੀਂ ਸਕਾਂਗੇ। ਜਦੋਂ ਕਿਸੇ ਪ੍ਰੀਤ ਪਿੱਛੇ ਕੋਈ ਦੂਜਾ ਭਾਉ ਹੁੰਦਾ ਹੈ ਤਾਂ ਪ੍ਰੀਤ ਝੂਠੀ ਹੋ ਜਾਂਦੀ ਹੈ। ਅਸੀਂ ਘਰ ਬੱਚਿਆਂ ਨੂੰ ਕਹਿੰਦੇ ਹਾਂ ਤੁਸੀਂ ਸਕੂਲ ਜਾਣਾ ਤੇ ਆਪਣੀ ਕਾਪੀ, ਪੈਂਸਿਲ ਦਾ ਧਿਆਨ ਰੱਖਣਾ ਹੈ, ਉੱਥੇ ਸਾਰੇ ਬੱਚੇ ਚੋਰ ਹੁੰਦੇ ਹਨ। ਹੁਣ ਜਦੋਂ ਬਚਪਨ ਤੋਂ ਹੀ ਬੱਚਾ ਸਾਰਿਆਂ ਨੂੰ ਚੋਰ ਸਮਝਦਾ ਹੈ ਉਹ ਵੱਡਾ ਹੋਕੇ ਸ਼ੱਕੀ ਅਤੇ ਨਫਰਤ ਵਾਲੀ ਬਿਰਤੀ ਦਾ ਧਾਰਨੀ ਹੋ ਜਾਂਦਾ ਹੈ। ਗੁਰੂ ਸਾਹਿਬ ‘ਘਟ ਘਟ ਮੈ ਹਰਿ ਜੂ ਬਸੈ’ ਸਿਖਾ ਰਹੇ ਹਨ। ਗੁਰੂ ਸਾਹਿਬ ‘ਨਾ ਕੋ ਬੈਰੀ ਨਹੀ ਬਿਗਾਨਾ’ ਸਿਖਾ ਰਹੇ ਹਨ, ਗੁਰੂ ਸਾਹਿਬ ਕਹਿੰਦੇ ਹਨ ‘ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥ ਰਾਮ ਬਿਨਾ ਕੋ ਬੋਲੈ ਰੇ ॥’ (988) ਜੇ ਸਭ ਦੇ ਵਿਚ ਰਾਮ ਬੋਲਦਾ ਹੈ ਤੇ ਕਿਵੇਂ ਸਾਰੇ ਚੋਰ ਹੁੰਦੇ ਹਨ। ਸਾਰੇ ਮਨੁੱਖ ਰੱਬ ਜੀ ਦੇ ਹੁੰਦੇ ਹਨ, ਕੋਈ ਭੈੜਾ ਨਹੀਂ ਹੁੰਦਾ, ਕੋਈ ਬੁਰਾ ਨਹੀਂ ਹੁੰਦਾ ‘ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮ੍ਾਰੇ ॥’ (383) ਤਾਂ ਅਸੀਂ ਕੀ ਸਾਰਿਆਂ ਨੂੰ ਚੋਰ ਸਮਝੀਏ? ਨਹੀਂ ਹੋ ਸਕਦਾ! ਧਰਮ ਅਤੇ ਧਾਰਮਕਤਾ ਤੋਂ ਸਾਨੂੰ ਡਿਗਾਇਆ ਜਾ ਰਿਹਾ ਹੈ। ਤਾਂ ਇਸਦੇ ਅਰਥ ਕਿਸੇ ਹੋਰ ਪੱਖੋ ਸਮਝਕੇ ਵੇਖੀਏ।
ਪਿਛਲੇ ਕੁਝ ਦਿਨਾਂ ਵਿਚ ਅਸੀਂ ਸਮਝਿਆ ਸੀ ਕਿ ਮਨ ਦਾ ਆਧਾਰ ਕੀ ਬਣਾਉਣਾ ਚਾਹੀਦਾ ਹੈ। ਉਸਨੂੰ ਦੁਬਾਰਾ ਸਮਝ ਲੈਂਦੇ ਹਾਂ-
ਜਿਹੜੇ ਮਾਤਾ-ਪਿਤਾ ਜਾਂ ਕੋਈ ਵੀ ਇਨਸਾਨ, ਆਪਣਾ ਕੰਮ-ਕਾਜ ਖੜਾ ਕਰਨ ਲਈ, ਆਪਣੀ ਪੜ੍ਹਾਈ ਕਰਕੇ ਚੰਗੀ ਨੌਕਰੀ ਹਾਸਲ ਕਰਨ ਲਈ, ਆਪਣਾ ਮਕਾਨ ਬਣਾਉਣ ਲਈ, ਮਾਂ ਆਪਣੇ ਬੱਚਿਆਂ ਨੂੰ ਪਾਲਣ ਲਈ ਸਾਰੀ ਉਮਰ ਇਨ੍ਹਾਂ ਵਿਚ ਖਚਿਤ ਰਹੇ ਤੇ ਬਿਬੇਕ ਬੁਧਿ ਨਾ ਲਵੇ ਤਾਂ ਇਹ ਸਾਰਾ ਹਾਸਲ ਤੇ ਹੋ ਜਾਏਗਾ ਪਰ ਇਹ ਸਾਰਾ ਕੁਝ ਬਾਹਰਲਾ ਹੈ। ਇਸਨੂੰ ਮਨਾ ਨਹੀਂ ਕੀਤਾ ਜਾ ਰਿਹਾ। ਪਰ ਮਨ ਦੇ ਹੇਠਾਂ ਕੋਈ ਆਧਾਰ ਨਹੀਂ ਹੈ। ਤੇਰਾ ਮਨ ਟਿਕਿਆ ਕਿੱਥੇ ਵੀ ਨਹੀਂ ਹੋਇਆ। ਮਨ ਨੂੰ ਆਧਾਰ ਸਿਰਫ ਦਿੱਤਾ ਜਾ ਸਕਦਾ ਹੈ ਆਤਮਕ! ਉਹ ਕੀ ਹੈ? ਸਤਿਗੁਰ ਦਾ ਗਿਆਨ, ਸੱਚ ਦਾ ਗਿਆਨ। ‘ਕਬੀਰਾ ਜਹਾ ਗਿਆਨੁ ਤਹ ਧਰਮੁ ਹੈ’। ਤੇਰਾ ਮਨ ਨਿਰਾਧਾਰ ਹੋਇਆ ਪਿਆ ਹੈ। ਇਸਨੂੰ ਆਧਾਰ ਦੇਣਾ ਹੈ ‘ਨਾਮੁ ਤੇਰਾ ਆਧਾਰੁ ਮੇਰਾ’।
‘ਨਿਜ ਕਰਿ ਦੇਖਿਓ ਜਗਤੁ ਮੈ’- ਮੈਂ ਪਤਾ ਕੀ ਕੀਤਾ? ਮੈਂ ਸੋਚਿਆ ਕਿ ਮੈਂ ਆਪਣੇ ਬੱਚੇ ਪੜ੍ਹਾ ਲਵਾਂ ਤਾਂ ਸੁਖੀ ਹੋ ਜਾਵਾਂਗੀ। ਮੈਂ ਸੋਚਿਆ ਕਿ ਜੇਕਰ ਅਸੀਂ ਮਕਾਨ ਬਣਾ ਲਈਏ ਤਾਂ ਅਸੀਂ ਸੁਖੀ ਹੋ ਜਾਵਾਂਗੇ। ਇਹ ਸਾਰੇ ਮੈਂ ਨਿਜ ਲਈ ਬਣਾ ਲਏ ‘ਨਿਜ ਕਰਿ ਦੇਖਿਓ’। ਮੈਂ ਬਾਹਰਲੇ ਪਦਾਰਥਾਂ ਨੂੰ ਆਪਣੇ ਨਿਜ ਲਈ ਸਮਝਿਆ ਤੇ ਵਰਤਿਆ। ਇਹ ਸਾਰੇ ਮੇਰੇ ਮਨ ਦੇ ਆਧਾਰ ਲਈ ਕੰਮ ਨਹੀਂ ਆਉਂਦੇ। ਮੈਂ ਮਨ ਲਈ ਕੁਝ ਕੰਮ ਨਹੀਂ ਕੀਤਾ ‘ਹਉ ਏਨੀ ਟੋਲੀ ਭੁਲੀਅਸੁ ਤਿਸੁ ਕੰਤ ਨ ਬੈਠੀ ਪਾਸਿ ਜੀਉ’ (762)। ਮੈਂ ਇੰਨਾ ਚੀਜ਼ਾ ਵਿਚ ਭੁੱਲੀ ਰਹੀ। ਪਿੱਛੇ ਮੈਂ ਇਕ ਗਲ ਸਾਂਝ ਕੀਤੀ ਸੀ ਇਕ ਬੀਬੀ ਜੀ ਕਹਿੰਦੇ ਕਿ ਤੁਸੀਂ ਸ਼ਬਦ ਵਿਚਾਰ ਕੀਤੀ ਹੈ ਮੈਨੂੰ ਕੁਝ ਤਾਕਤ ਜਿਹੀ ਮਿਲੀ ਹੈ। ਮੈਂ ਕਿਹਾ ਉਹ ਕਿਉਂ? ਕਹਿੰਦੇ ਕਿ ਮੈਂ ਇਕ ਸਾਲ ਤੋਂ ਡਿਪ੍ਰੈਸ਼ਨ ਦੀ ਗੋਲੀਆਂ ਖਾ ਰਹੀ ਹਾਂ। ਗੁਰਬਾਣੀ ਸੁਣੀ ਮੈਨੂੰ ਬਹੁਤ ਅੱਛਾ ਲੱਗਾ, ਥੋੜਾ ਜਿਹਾ ਤਾਕਤਵਰ ਮਹਿਸੂਸ ਕੀਤਾ। ਕਹਿੰਦੀ ਹੈ ਕਿ ਮੈਂ ਵੱਡੀ ਕੰਪਨੀ ਵਿਚ ਕੰਮ ਕਰਦੀ ਹਾਂ, 2 ਲੱਖ ਡਾਲਰ ਸਾਲ ਦੀ ਤਨਖਾਹ ਹੈ। ਮੇਰਾ ਪਤੀ ਵੀ ਇੰਜਿਨੀਅਰ ਹੈ ਉਹ ਵੀ ਬਹੁਤ ਵੱਡੀ ਤਨਖਾਹ ਲੈਂਦਾ ਹੈ। ਸਾਡਾ ਆਪਣਾ ਮਕਾਨ ਹੈ ਅਤੇ ਮੇਰੇ ਦੋ ਪੁੱਤਰ ਹਨ। ਪਰ ਮੈਨੂੰ ਇਕ ਸਾਲ ਤੋਂ ਡਿਪ੍ਰੈਸ਼ਨ ਆ ਗਿਆ। ਉਨ੍ਹਾਂ ਨੇ ਮੇਰੇ ਨਾਲ ਸਾਂਝ ਕੀਤੀ ਕਿ ਹੁਣ ਮੈਂ ਗੁਰਬਾਣੀ ਸੁਣਦੀ ਜਾ ਰਹੀ ਹਾਂ ਤੇ ਮੇਰੀ ਦਵਾਈ ਘਟਦੀ ਜਾ ਰਹੀ ਹੈ। ਉਸਦੇ ਮਨ ਦਾ ਆਧਾਰ ਨਹੀਂ ਸੀ ਬਣਿਆ ਇਸ ਕਰਕੇ ਢਹਿ ਪਿਆ ਮਨ। ਉਸ ਮਨ ਨੂੰ ਜਦੋਂ ਬਿਬੇਕ ਬੁਧਿ (ਸਤਿਗੁਰ) ਦਾ ਆਧਾਰ ਦੇਵੋ ਤਾਂ ਉਹ ਬਲਵਾਨ ਬਣ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ-
ਨਿਜ ਕਰਿ ਦੇਖਿਓ ਜਗਤੁ ਮੈ ਕੋ ਕਾਹੂ ਕੋ ਨਾਹਿ ॥ ਨਾਨਕ ਥਿਰੁ ਹਰਿ ਭਗਤਿ ਹੈ ਤਿਹ ਰਾਖੋ ਮਨ ਮਾਹਿ ॥
ਮੈਂ ਪਦਾਰਥਾਂ ਨੂੰ ਆਪਣਾ ਬਣਾਕੇ ਵੇਖਿਆ ਸਾਰੇ ਦੁਨੀਆਵੀ ਪਦਾਰਥਾਂ ਨੂੰ ਆਪਣੇ ਮਨ ਦਾ ਆਧਾਰ ਬਣਾਕੇ ਵੇਖਿਆ। ‘ਨਿਜ ਕਰਿ’ ਦਾ ਅਰਥ ਇਹ ਨਹੀਂ ਕਿ ਲੋਕਾਂ ਨੂੰ ਆਪਣਾ ਬਣਾਕੇ ਵੇਖਿਆ ਤੇ ਸਾਰੇ ਝੂਠੇ ਨਿਕਲੇ, ਸਾਰੇ ਚੋਰ ਹਨ। ਨਹੀਂ! ਗੁਰੂ ਸਾਹਿਬ ਤੇ ਹਰ ਕਿਸੇ ਨਾਲ ਪਿਆਰ ਸਿਖਾਉਂਦੇ ਹਨ। ਜਦੋਂ ਅਸੀਂ ਇਹ ਸਮਝ ਲਵਾਂਗੇ ਕਿ ਲੋਕੀ ਝੂਠੇ ਹਨ, ਕੋਈ ਕਿਸੇ ਦਾ ਨਹੀਂ ਹੈ ਤਾਂ ਫਿਰ ਅਸੀਂ ਕਿਸੇ ਨਾਲ ਪਿਆਰ ਹੀ ਨਹੀਂ ਕਰ ਪਾਵਾਂਗੇ। ਤਾਂ ਹੀ ਤੇ ਅਸੀਂ ਲੋਕਾਂ ਨੂੰ ਜੱਫੀ ਪਾਣ ਨੂੰ ਤਿਆਰ ਨਹੀਂ ਹਾਂ, ਨਾ ਅਸੀਂ ਲੋਕਾਂ ਨੂੰ ਹੱਸਕੇ ਮਿਲਣ ਨੂੰ ਤਿਆਰ ਹਾਂ। ਨਾ ਅਸੀਂ ਅੱਖਾਂ ਵਿਚ ਅੱਖਾਂ ਪਾਕੇ ਮਿਲਣ ਲਈ ਤਿਆਰ ਹਾਂ। ਫੋਨ ਤੇ ਦੂਰ-ਦੂਰ ਵਾਲਿਆਂ ਨਾਲ ਪ੍ਰੇਮ ਪਿਆਰ ਪਾਇਆ ਹੋਇਆ ਹੈ। ਦੂਰ-ਦੂਰ ਵਾਲਿਆਂ ਨੂੰ ਦਾਨ ਕਰਨ ਟੁਰ ਪੈਂਦੇ ਹਾਂ, ਦੂਰ ਵਾਲਿਆਂ ਲਈ ਪ੍ਰਚਾਰ ਕਰਕੇ ਧਾਰਮਕ ਸਥਾਨ ਬਣਾਈ ਫਿਰਦੇ ਹਾਂ। ਲੋਕੀ ਆਣਗੇ ਸਿੱਧੇ ਰਾਹ ਟੁਰਨਗੇ। ਐਸਾ ਕੁਝ ਕਰ ਜਾਈਏ ਕਿ ਆਉਣ ਵਾਲੀ ਪਨੀਰੀ ਸਿੱਧੇ ਰਾਹ ਪੈ ਜਾਏ। ਆਪਣੇ ਆਸ ਪਾਸ ਪਿਆਰ ਵਰਤਾਣ ਨੂੰ ਤਿਆਰ ਨਹੀਂ ਹਾਂ। ਇਨ੍ਹਾਂ ਲਫਜ਼ਾਂ ਦੇ ਭਾਵ ਅਰਥਾਂ ਦੀ ਗਹਿਰਾਈ ਵਿਚ ਜਾਵਾਂਗੇ ਤਾਂ ਪਤਾ ਲੱਗਾ ਕਿ ਮੇਰੀ ਖੁਦਗਰਜ਼ੀ ਨੂੰ ਕਹਿ ਰਹੇ ਹਨ ‘ਨਿਜ ਕਰਿ’। ਮੈਂ ਸਿਰਫ ਆਪਣੇ ਤਕ ਮਾਦੂਦ ਰਿਹਾ- ਮੇਰਾ ਸਰੀਰ, ਮੇਰਾ ਘਰ, ਮੇਰੇ ਬੱਚੇ। ਜਦੋਂ ਮੈਂ ਇਹ ਕਰਕੇ ਵੇਖਿਆ ਤਾਂ ਸਮਝ ਆਇਆ ‘ਕੋ ਕਾਹੂ ਕੋ ਨਾਹਿ’ ਮੇਰੇ ਮਨ ਦਾ ਆਧਾਰ ਨਹੀਂ ਬਣ ਸਕਦੇ। ਇਨ੍ਹਾਂ ਨੇ ਮੈਨੂੰ ਆਤਮਕ ਤਲ ਤੇ ਉੱਚਾ ਨਹੀਂ ਚੁਕਿਆ। ਸਿਹਤ ਨੂੰ ਸਭ ਕੁਝ ਸਮਝਣ ਵਾਲੇ ਐਸੇ ਲੋਕੀ ਮੈਂ ਵੇਖੇ ਹਨ ਜਿਹੜੇ ਕਹਿੰਦੇ ਹਨ ਕਿ ਸਵੇਰੇ ਮੈਂ ਉਠਦਾ ਹਾਂ, ਸੈਰ ਚਲਾ ਜਾਂਦਾ ਹਾਂ, ਫਿਰ ਮੈਂ ਯੋਗਾ ਕਰਦਾ ਹਾਂ, ਫਿਰ ਸਟੀਮ ਲੈਂਦਾ ਹਾਂ, ਫਿਰ ਨਹਾਉਂਦਾ ਹਾਂ, ਫਿਰ ਮੇਰਾ ਨਾਸ਼ਤਾ ਤਿਆਰ ਹੁੰਦਾ ਹੈ। ਫਿਰ ਕਹਿੰਦਾ ਹੈ ਉਸ ਮਗਰੋਂ ਮੈਂ ਕੰਮ ਤੇ ਜਾਂਦਾ ਹਾਂ, ਫਿਰ ਮੈਂ ਜਦੋਂ ਘਰ ਆਉਂਦਾ ਹਾਂ ਤਾਂ ਮੈਨੂੰ ਘੁੱਟਣ ਵਾਲਾ ਬੈਠਾ ਹੁੰਦਾ ਹੈ ਉਹ ਮਾਲ਼ਸ਼ ਕਰਕੇ ਜਾਂਦਾ ਹੀ ਹੈ ਤੇ ਰੋਟੀ ਤਿਆਰ ਹੁੰਦੀ ਹੈ। ਰੋਟੀ ਖਾਕੇ ਮੈਂ ਟੀ.ਵੀ ਵੇਖਦਾ ਹਾਂ ਫਿਰ ਮੈਂ ਸੌ ਜਾਂਦਾ ਹਾਂ। ਹੁਣ ਇਹ ਕਿਸੇ ਜੋਗਾ ਨਹੀਂ ਰਿਹਾ। ਤਾਂਹੀ ਅਸੀਂ ਇਹ ਸਾਂਝ ਕੀਤੀ ਸੀ-
ਜੋ ਆਪਣੇ ਜੋਗਾ ਹੈ ਉਹ ਪਰਿਵਾਰ ਜੋਗਾ ਨਹੀਂ ਹੋ ਸਕਦਾ- ‘ਕੋ ਕਾਹੂ ਕੋ ਨਾਹਿ’।
ਜੋ ਕੇਵਲ ਪਰਿਵਾਰ ਜੋਗਾ ਹੋਵੇ ਉਹ ਸੰਸਾਰ ਜੋਗਾ ਨਹੀਂ ਹੋ ਸਕਦਾ। ਪਰ ਇਸ ਤੋਂ ਉਲਟ ਜਿਹੜਾ ਸੰਸਾਰ ਜੋਗਾ ਹੋ ਜਾਂਦਾ ਹੈ ਉਹ ਕਰਤਾਰ ਜੋਗਾ ਹੋ ਸਕਦਾ ਹੈ। ਸੋ ਸਾਨੂੰ ਸੰਸਾਰ ਜੋਗ ਹੋਣਾ ਹੈ। ਦੂਜਿਆਂ ਲਈ ਜਿਊਣਾ ਹੈ।
ਖੁਦਗਰਜ਼ੀ ਅਤੇ ਆਪਣੇ ਫਾਇਦਿਆਂ ਦੇ ਪੱਖੋਂ ਕਹਿ ਰਹੇ ਹਨ। ਜਗਤ ਦੀ ਹਰ ਚੀਜ਼ ਨੂੰ ਮੈਂ ਆਪਣੇ ਨਿਜ ਕਰਕੇ ਵੇਖ ਲਿਆ, ਆਪਣੇ ਮਨ ਵਾਸਤੇ ਕਰਕੇ ਵੇਖ ਲਿਆ। ਇੱਥੇ ਕੁਝ ਵੀ ਸਥਿਰ ਨਹੀਂ ਹੈ- ‘ਕੋ ਕਾਹੂ ਕੋ ਨਾਹਿ’।
ਨਾਨਕ ਥਿਰੁ ਹਰਿ ਭਗਤਿ ਹੈ ਤਿਹ ਰਾਖੋ ਮਨ ਮਾਹਿ ॥ ਭਗਤਿ ਦਾ ਅਰਥ ਹੈ ਉਹ ਵਾਲਾ ਗਿਆਨ ਜਿਹੜਾ ਥਿਰ ਹੈ ਜਿਹੜਾ ਤੇਰੇ ਮਨ ਨੂੰ ਟਿਕਾਕੇ ਰੱਖ ਸਕਦਾ ਹੈ। ‘ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥
ਸਤਿਗੁਰਿ ਤੁਮਰੇ ਕਾਜ ਸਵਾਰੇ ॥’ (201) ‘ਸਤਿਗੁਰਿ’ ਮਨ ਦੇ ਕਾਜ ਸੰਵਾਰ ਦੇਂਦਾ ਹੈ। ‘ਥਿਰੁ ਘਰਿ ਬੈਸਹੁ’ ਭਾਵ ਟਿਕਾ ਦੇਂਦੇ ਹਨ। ‘ਨਾਨਕ ਥਿਰੁ ਹਰਿ ਭਗਤਿ ਹੈ ਤਿਹ ਰਾਖੋ ਮਨ ਮਾਹਿ’। ਸੋ ਸਾਨੂੰ ਆਪਣੇ ਮਨ ਬਾਰੇ ਸੋਚਣਾ ਹੈ ਕਿ ਮੈਂ ਆਪਣੇ ਮਨ ਦਾ ਕੀ ਆਧਾਰ ਬਣਾਵਾਂ। ਸੱਚ ਦੇ ਗਿਆਨ ਨਾਲ ਜੁੜ। ਸਤਿਗੁਰ ਦੀ ਮਤਿ ਲੈ ਤਾਂ ਕਿ ਵਿਕਾਰ ਤੇਰਾ ਮਨ ਡੋਲਾ ਨਾ ਸਕਣ। ਤੇਰੇ ਮਨ ਦੀ ਧਰਤੀ, ਸ਼ਾਂਤ, ਟਿਕਾਓ ਵਿਚ ਰਹਿ ਸਕੇ।
.