.

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਛੇਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ ਇਸ ਤੋਂ ਪਹਿਲਾਂ ਆ ਚੁੱਕੇ ਪੰਜ ਭਾਗ ਵੀ ਪੜੋ ਜੀ)

ਸ਼ੱਕ ਨਹੀਂ ਕਿ ਵਿਚਾਰ-ਅਧੀਨ, "ਰਾਮਕਲੀ ਕੀ ਵਾਰ ਮਹਲਾ ੩" ਦੇ ਅਰੰਭ `ਚ ਪਾਤਸ਼ਾਹ ਨੇ ਗੁਰਬਾਣੀ ਦਾ ਜਿਹੜਾ ਮੰਗਲਾਚਰਣ ਵਰਤਿਆ ਹੋਇਆ ਹੈ ਉਹ ਗੁਰਬਾਣੀ ਦੇ ਸੰਪੂਰਣ ਮੰਗਲਾਚਰਣ ਦਾ ਅਤੀ ਸੰਖੇਪ ਅਤੇ ਚੌਥਾ ਸਰੂਪ ੴ ਸਤਿ ਗੁਰਪ੍ਰਸਾਦਿ ਹੀ ਹੈ; ਤਾਂ ਵੀ ਗੁਰੂ ਕੀਆਂ ਸੰਗਤਾਂ ਦੀ ਜਾਣਕਾਰੀ ਲਈ ਅਸੀਂ ਇੱਥੇ:-

"ਰਾਮਕਲੀ ਕੀ ਵਾਰ ਮਹਲਾ ੩" ਦੀ ਪਉੜੀ ਵਾਰ "ਗੁਰਮੱਤ ਵਿਚਾਰ ਦਰਸ਼ਨ ਸਹਿਤ" ਸਟੀਕ ਨੂੰ ਅਰੰਭ ਕਰਣ ਤੋਂ ਪਹਿਲਾਂ "ੴ" ਤੋਂ ਅਰੰਭ ਕੀਤੇ ਜਾ ਚੁੱਕੇ (ਬੇਸ਼ੱਕ ਅਤੀ ਸੰਖੇਪ `ਚ), "ਗੁਰਮੱਤ ਵਿਚਾਰ ਦਰਸ਼ਨ ਸਹਿਤ, "ੴ" ਤੋਂ "ਗੁਰਪ੍ਰਸਾਦਿ" ਤੀਕ "ਸੰਪੂਰਣ ਮੰਗਲਾਚਰਣ" ਦੇ ਅਰਥ ਵੀ ਦੇ ਰਹੇ ਹਾਂ, ਤਾਂ ਤੇ ਤੋਂ ਬਾਅਦ ਹੁਣ:-

ਸਤਿਨਾਮੁ- ਲਫ਼ਜ਼ ‘ਸਤਿਨਾਮੁ’, ‘ਸਤਿ’ ਅਤੇ ‘ਨਾਮ’ ਦੋ ਦੋ ਸ਼ਬਦਾਂ ਦੇ ਸੁਮੇਲ ਤੋਂ ਹੈ। ਉਪ੍ਰੰਤ ਲਫ਼ਜ਼ ‘ਸਤਿਨਾਮੁ’ `ਚ ‘ਮ’ ਦੇ ਪੈਰ ਹੇਠ ‘ੁ’ (ਔਂਕੜ) ਕਰਤੇ ਪ੍ਰਭੂ ਲਈ ਇਕਵਚਨ ਦਾ ਲਖਾਇਕ ਤੇ ਕਾਦਿਰ ਦੀ ‘ਇਕੋ ਇਕ’ ਹਸਤੀ ਤੇ ਹੋਂਦ ਨੂੰ ਸਪਸ਼ਟ ਕਰਦਾ ਹੈ।

ਇਹ ਵੀ ਕਿ ਸ਼ਬਦ ‘ਸਤਿ’ ਸੰਸਕ੍ਰਿਤ ਦੀ ‘ਅਸ’ ਧਾਤੂ ਤੋਂ ਹੈ ਜਿਸਦੇ ਅਰਥ ਹਨ-ਹੋਂਦ ਵਾਲਾ। ਭਾਵ ਅਕਾਲ ਪੁਰਖ ਸਦੀਵੀ, ਹੋਂਦ ਵਾਲਾ ਤੇ ਸਦਾ ਥਿੱਰ ਹੱਸਤੀ ਹੈ। ਉਸ ਪ੍ਰਭੂ ਦਾ ਕਦੇ ਵੀ ਨਾਸ ਨਹੀਂ ਹੁੰਦਾ। ਇਹ ਵੀ ਕਿ ਪ੍ਰਭੂ ਸਦਾ ਥਿੱਰ ਹਸਤੀ ਹੋਣ ਦੇ ਨਾਲ-ਨਾਲ ਰੂਪ, ਰੰਗ, ਰੇਖ ਤੋਂ ਨਿਆਰਾ ਹੈ। ਕੁਲ ਮਿਲਾ ਕੇ "ਸਤਿਨਾਮੁ" `ਚ ਲਫ਼ਜ਼ ‘ਸਤਿ’ ਕਰਤੇ ਪ੍ਰਭੂ ਦੇ ‘ਨਿਰਗੁਣ’ ਸਰੂਪ ਦਾ ਪ੍ਰਗਟਾਵਾ ਹੈ। ਉਪ੍ਰੰਤ ‘ਨਾਮ’ ਦੇ ਅਰਥ ਹਨ ਨਾਮਨਾ, ਵਡਿਆਈਆਂ, ਸਿਫ਼ਤਾਂ ਤੇ ਪ੍ਰਭੂ ਦੀ ਸਮੂਚੀ ਰਚਨਾ, ਪ੍ਰਭੂ ਦਾ ਸਰਗੁਣ ਸਰੂਪ।

ਭਾਵ ਉਹ ਪ੍ਰਭੂ ਸਮੂਚੀ ਰਚਨਾ `ਚ, ਜਿਸਨੂੰ ਛੂ ਤੇ ਦੇਖ ਵੀ ਸਕਦੇ ਹਾਂ ਅਸਲ `ਚ ਉਸ ਕਰਤੇ ਪ੍ਰਭੂ ਦੀ ਹੋਂਦ ਦਾ ਪ੍ਰਗਟਾਵਾ ਨਾਮਨਾ ਤੇ ਪ੍ਰਭੂ ਦਾ ਹੀ ‘ਸਰਗੁਣ’ ਸਰੂਪ ਹੈ।

ਇਹ ਵੀ ਕਿ ਕਰਤੇ ਪ੍ਰਭੂ ਦੀਆਂ ਸਮੂਹ ਸਿਫ਼ਤਾਂ ਤੇ ਵਡਿਆਈਆਂ ਪ੍ਰਭੂ ਦੀ ਅਨੰਤ ਰਚਨਾ `ਚੋਂ ਪ੍ਰਗਟ ਹੁੰਦੀਆਂ ਹਨ ਅਤੇ ਪ੍ਰਭੂ ਆਪ ਵੀ ਇਸ ਦੇ ਜ਼ਰੇ ਜ਼ਰੇ `ਚ ਵਿਆਪਕ ਹੈ। ਜਿਵੇਂ:-

() "ਆਪੀਨੈੑ ਆਪੁ ਸਾਜਿਓ ਆਪੀਨੈੑ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥ ਦਾਤਾ ਕਰਤਾ ਆਪਿ ਤੂੰ. ." (ਪੰ: ੪੬੩)

() "ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ॥ ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ" (ਪੰ: ੨੯੦)

() "ਨਿਰਗੁਣ ਰਾਮ ਗੁਣਹ ਵਸਿ ਹੋਇ, ਆਪੁ ਨਿਵਾਰਿ ਬੀਚਾਰੇ ਸੋਇ" (ਪੰ: ੨੨੨)

() ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥ ਜਲ ਤੇ ਤ੍ਰਿਭਵਣੁ ਸਾਜਿਆ, ਘਟਿ ਘਟਿ ਜੋਤਿ ਸਮੋਇ (ਪੰ: ੧੯)

() "ਨਿਰੰਕਾਰ ਆਕਾਰ ਆਪਿ, ਨਿਰਗੁਨ ਸਰਗੁਨ ਏਕ॥ ਏਕਹਿ ਏਕ ਬਖਾਨਨੋ, ਨਾਨਕ ਏਕ ਅਨੇਕ" (ਪੰ: ੨੫੦)

() ‘ਨਿਰਗੁਨੁ ਆਪਿ ਸਰਗੁਨੁ ਭੀ ਓਹੀ’ (ਪੰ: ੨੮੭) ਆਦਿ

ਇਸ ਤਰ੍ਹਾਂ ਅਣਗਿਣਤ ਗੁਰਬਾਣੀ ਫ਼ੁਰਮਾਨਾ ਅਨੁਸਾਰ ਕਰਤਾ-ਪ੍ਰਭੂ ਆਪ ਹੀ "ਸਤਿ" ਭਾਵ ਰੂਪ ਰੇਖ ਰੰਗ ਤੋਂ ਨਿਆਰਾ "ਨਿਰਗੁਣ" ਸਰੂਪ ਹੈ ਅਤੇ "ਨਾਮ" ਭਾਵ ਸਮੂਚੀ ਰਚਨਾ ਦੇ `ਚ ਪ੍ਰਭੂ ਆਪ ਆਪਣੇ ਸਰਗੁਣ ਸਰੂਪ `ਚ ਵਿਆਪਕ ਵੀ ਹੈਇਸ ਲਈ ‘ਸਰਗੁਣ’ ਤੇ ‘ਨਿਰਗੁਣ’ ਦੋ ਭਿੰਨ ਭਿੰਨ ਹੱਸਤੀਆਂ ਨਹੀਂ ਹਨ, ਪ੍ਰਭੂ ਦੇ ਆਪਣੇ ਹੀ ਦੋ ਪ੍ਰਗਟਾਵੇ ਹਨ।

ਤਾਂ ਤੇ ‘ਸਤਿਨਾਮੁ’ ਦੇ ਅਰਥ ਹਨ ਕਰਤਾ ਆਪ ਹੀ ਨਿਰਗੁਣ ਹੈ ਅਤੇ ਸਰਗੁਣ ਵੀ ਉਹ ਆਪ ਹੀ ਹੈ ਭਾਵ ਸਮੂਚੀ ਰਚਨਾ ਉਸ ਪ੍ਰਭੂ ਦੀ ਆਪਣੀ ਹੀ ਕਿਰਤ ਤੇ ਪ੍ਰਗਟਾਵਾ ਹੈ। ਇਹ ਵੀ ਕਿ ਪ੍ਰਭੂ ਆਪ, ਆਪਣੀ ਸਮੂਚੀ ਰਚਨਾ ਦੇ ਜ਼ਰੇ-ਜ਼ਰੇ `ਚ ਰੂਪ ਰੰਗ ਰੇਖ ਤੋਂ ਨਿਆਰਾ "ਕਰਿ ਆਸਣੁ ਡਿਠੋ ਚਾਉ" ਵੀ ਹੈ।

ਕਰਤਾਪੁਰਖੁ- ਪ੍ਰਭੂ ਆਪ ਸਾਰੀ ਰਚਨਾ ਦਾ ਕਰਤਾ (ਬਨਾਉਣ ਵਾਲਾ) ਹੈ। ਉਸ ਤੋਂ ਛੁੱਟ ਇਸ ਨੂੰ ਰਚਨ ਤੇ ਬਨਾਉਣ ਵਾਲਾ ਹੋਰ ਕੋਈ ਵੀ ਦੂਜਾ ਨਹੀਂ। ‘ਪੁਰਖੁ’ ਦੇ ਅਰਥ ਹਨ ਕਿ ਪ੍ਰਭੂਆਪਣੀ ਆਪਣੀ ਰਚਨਾ ਦੇ ਜ਼ੱਰੇ ਜ਼ੱਰੇ ਤੇ ਹਰੇਕ ਜੀਵਧਾਰੀ `ਚ ਵਿਆਪਕ ਵੀ ਹੈ।

ਇਸ ਤਰ੍ਹਾਂ ਲਫ਼ਜ਼ ‘ਕਰਤਾਪੁਰਖੁ’ ਨੂੰ ਵੀ ਗੁਰਦੇਵ ਨੇ ਕਰਤਾ ਅਤੇ ਪੁਰਖੁ, ਦੋ ਸਬਦਾਂ ਦੇ ਸੁਮੇਲ, ਸੰਧੀ ਅਥਵਾ ਜੋੜ ਤੋਂ ਬਣਾਇਆ ਹੋਇਆ ਹੈ।

ਇਹ ਵੀ ਕਿ ਇਸ ਲਫ਼ਜ਼ ‘ਕਰਤਾਪੁਰਖੁ’ `ਚ ‘ਖ’ ਦੇ ਪੈਰ ਹੇਠਾਂ ‘ੁ’ (ਓਂਕੜ) ਗੁਰਬਾਣੀ ਵਿਆਕਰਣ ਅਨੁਸਾਰ ਇਕਵਚਨ ਦਾ ਲਖਾਇਕ ਹੈ ਭਾਵ ਸਮੂਚੀ ਰਚਾਨ ਦਾ ਕਰਤਾ ਵੀ ਕੇਵਲ ਤੇ ਕੇਵਲ, ਇਕੋ ਇੱਕ ਪ੍ਰਭੂਹੀ ਹੈ, ਦੂਜਾ ਹੋਰ ਕੋਈ ਵੀ ਨਹੀਂ।

ਤਾਂ ਤੇ ਲਫ਼ਜ਼ ‘ਕਰਤਾਪੁਰਖੁ’ ਦੇ ਸਮੂਹਿਕ ਅਰਥ ਹਨ ਪ੍ਰਭੂ ਸਾਰੀ ਰਚਨਾ ਦਾ ਕਰਤਾ ਵੀ ਹੈ ਅਤੇ ਉਹ ਆਪਣੀ ਰਚਨਾ ਦੇ ਜ਼ਰੇ ਜ਼ਰੇ `ਚ ਵਿਆਪਕ ਵੀ ਹੈ। ਯਥਾ:-

() "ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ॥ ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ" (ਪੰ: ੨੭੨)

() ਕਰਣ ਕਾਰਣ ਏਕੁ ਓਹੀ, ਜਿਨਿ ਕੀਆ ਆਕਾਰੁ॥ ਤਿਸਹਿ ਧਿਆਵਹੁ ਮਨ ਮੇਰੇ ਸਰਬ ਕੋ ਆਧਾਰੁ" (ਪੰ: ੫੧)

() "ਪੂਰਨਮਾ ਪੂਰਨ ਪ੍ਰਭ ਏਕੁ, ਕਰਣ ਕਾਰਣ ਸਮਰਥੁ॥ ਜੀਅ ਜੰਤ ਦਇਆਲ ਪੁਰਖੁ, ਸਭ ਊਪਰਿ ਜਾ ਕਾ ਹਥੁ" (ਪ: ੩੦੦)

() "ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ…" (ਪੰ: ੪੬੩)

() "ਤੁਧੁ ਆਪੇ ਖੇਲੁ ਰਚਾਇ, ਤੁਧੁ ਆਪਿ ਸਵਾਰਿਆ॥ ਦਾਤਾ ਕਰਤਾ ਆਪਿ, ਆਪਿ ਭੋਗਣਹਾਰਿਆ॥ ਸਭੁ ਤੇਰਾ ਸਬਦੁ ਵਰਤੈ, ਉਪਾਵਣਹਾਰਿਆ" (ਪੰ: ੬੪੨) ਆਦਿ

ਨੋਟ:-ਉਂਜ ਇਕੱਲਾ ਸ਼ਬਦ ‘ਪੁਰਖ’, ਗੁਰਬਾਣੀ `ਚ ਅਕਾਲਪੁਰਖ, ਆਤਮਾ ਅਤੇ ਮਨੁੱਖ ਆਦਿ ਭਿੰਨ-ਭਿੰਨ ਅਰਥਾਂ `ਚ ਵੀ ਬਹੁਤ ਵਾਰੀ ਆਇਆ ਹੋਇਆ ਹੈ।

ਨਿਰਭਉ- ਲਫ਼ਜ਼ ਨਿਰਭਉ ਵੀ ਨਿਰ+ਭਉ ਦੋ ਲਫ਼ਜ਼ਾਂ ਦੀ ਸੰਧੀ ਤੋਂ ਬਣਿਆ ਹੋਇਆ ਹੈ। ਇਸ ਦੇ ਅਰਥ ਹਨ, ਅਕਾਲਪੁਰਖ ੴ ਹੀ ਇਕੋ-ਇਕ ਅਜਿਹੀ ਹਸਤੀ ਹੈ ਜਿਸ ਨੂੰ ਮੌਤ ਸਮੇਤ ਕਿਸੇ ਵੀ ਤਰ੍ਹਾਂ ਦਾ ਕਦੇ ਅਤੇ ਕੋਈ ਵੀ ਡਰ ਜਾਂ ਸਹਿਮ ਨਹੀਂ।

ਨਹੀਂ ਤਾਂ ਸੰਸਾਰ ਦਾ ਹਰੇਕ ਜੀਵ, ਜਿਸ ਨੇ ਇੱਕ ਵਾਰ ਜਨਮ ਲੈ ਲਿਆ ਹੈ, ਉਹ ਇੱਕ ਜਾਂ ਦੂਜੇ ਡਰ `ਚ ਹੀ ਜੀਊਂਦਾ ਤੇ ਜੀਵਨ ਬਤੀਤ ਕਰਦਾ ਹੈ। ਕਿਸੇ ਵੱਡੇ ਤੋਂ ਵੱਡੇ ਬਾਦਸ਼ਾਹ, ਮਹਾਬਲੀ ਯੋਧੇ ਨੂੰ ਵੀ ਹਰ ਸਮੇਂ ਡਰ ਸਤਾਉਂਦਾ ਹੈ ਕਿ ਕਿੱਧਰੇ ਅਚਣਚੇਤ ਹੀ ਉਸ `ਤੇ ਕੋਈ ਦੂਜਾ ਭਾਰੂ ਨਾ ਹੋ ਜਾਵੇ।

ਇਸ ਲਈ ਨਿਰਭਉ ਵਾਲੀ ਸਿਫ਼ਤ ਤੇ ਗੁਣ ਵੀ ਕੇਵਲ ਤੇ ਕੇਵਲ ੴ ਪ੍ਰਭੂ `ਚ ਹੀ ਹੈ, ਜਿਸ ਨੂੰ ਕਿਸੇ ਤਰ੍ਹਾਂ ਦਾ ਤੇ ਕਦੇ ਵੀ ਡਰ, ਸਹਿਮ ਜਾਂ ਖਤਰਾ ਨਹੀਂ। ਹੋਰ ਤਾਂ ਹੋਰ, ਮੌਤ ਦਾ ਡਰ ਤਾਂ ਹਰ ਸਮੇਂ ਹਰੇਕ `ਤੇ ਮੰਡਰਾਂਦਾ ਹੀ ਹੈ, ਜਦਕਿ ਕੇਵਲ ਤੇ ਕੇਵਲ ਰੂਪ ਰੰਗ ਰੇਖ ਤੋਂ ਨਿਆਰਾ ਉਹ ਅਵਿਨਾਸ਼ੀ ‘ਇਕੋ ਇਕ’ ਪ੍ਰਭੂ ਹੀ ਹੈ ਜਿਸ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਡਰ-ਖਤਰਾ ਨਹੀਂ। ਜਿਵੇਂ

() "ਭੈ ਵਿਚਿ ਸਭੁ ਆਕਾਰ ਹੈ, ਨਿਰਭਉ ਹਰਿ ਜੀਉ ਸੋਇ॥ ਸਤਿਗੁਰਿ ਸੇਵਿਐ ਹਰਿ ਮਨਿ ਵਸੈ, ਤਿਥੈ ਭਉ ਕਦੇ ਨ ਹੋਇ" (ਪੰ: ੫੮੬) ਆਦਿ

ਨਿਰਵੈਰੁ- ਲਫ਼ਜ਼ ਨਿਰਵੈਰੁ ਵੀ ਨਿਰ+ਵੈਰੁ, ਦੋ ਲਫ਼ਜ਼ਾਂ ਦੀ ਸੰਧੀ ਤੋਂ ਹੈ। ਭਾਵ ਕੇਵਲ ਤੇ ਕੇਵਲ ਹੀ ਅਜਿਹੀ ਤੇ ਨਿਵੇਕਲੀ ਹੱਸਤੀ ਹੈ ਜਿਸ ਨੂੰ ਰਤੀ ਮਾਤ੍ਰ ਵੀ ਕਿਸੇ ਨਾਲ ਵੈਰ ਨਹੀਂ। ਬਲਕਿ ਉਸਦੀ ਕਰਣੀ ਅੰਦਰ ਵੀ ਕਿਸੇ ਨਾਲ ਲੇਸ਼ ਮਾਤ੍ਰ ਅਨਿਆਯ ਨਹੀਂ ਹੁੰਦਾ।

ਨਹੀਂ ਤਾਂ ਸੰਸਾਰ ਭਰ ਦਾ ਕੋਈ ਵੱਡੇ ਤੋਂ ਵੱਡਾ ਇਨਸਾਫ਼-ਪਸੰਦ ਮਨੁੱਖ ਵੀ ਯਕੀਨ ਨਾਲ ਨਹੀਂ ਕਹਿ ਸਕਦਾ ਕਿ ਉਸ ਦੀ ਕਰਣੀ `ਚ, ਕਿਸੇ ਨਾਲ ਵੈਰ ਅਥਵਾ ਪਖਪਾਤ ਜਾਂ ਅਨਿਆਯ ਦਾ ਅੰਸ਼ ਨਹੀਂ। ਜਦਕਿ ਇਹ ਗੁਣ ਵੀ ਕੇਵਲ ਤੇ ਕੇਵਲ ਇਕੋ-ਇਕ `ਚ ਹੀ ਹੈ।

ਵਰਣਾ ਆਮ ਤੌਰ `ਤੇ ਇਮਾਨਦਾਰ ਤੋਂ ਇਮਾਨਦਾਰ ਜੱਜ ਵੀ ਕੁੱਝ ਘਟਨਾਵਾਂ `ਚ ਕਈ ਵਾਰੀ ਯੋਗ ਗਵਾਹੀਆਂ ਦੀ ਘਾਟ ਜਾਂ ਪੂਰੀ ਘੋਖ ਪੜਤਾਲ ਨਾ ਹੋ ਸਕਣ ਕਾਰਨ, ਕਈਆਂ ਨਾਲ ਅਚਣਚੇਤ ਹੀ ਵੈਰ ਕਮਾਉਣ ਦਾ ਕਾਰਣ ਵੀ ਬਣ ਜਾਂਦਾ ਹੈ। ਕਈ ਵਾਰ ਤਾਂ ਉਸ ਰਾਹੀਂ ਕਿਸੇ ਮਨੁੱਖ ਨੂੰ ਫਾਂਸੀ ਦੀ ਸਜ਼ਾ ਦੇਣ ਤੋਂ ਬਾਅਦ ਹੀ ਪਤਾ ਲਗਦਾ ਹੈ ਕਿ ਅਸਲ ਕਾਤਿਲ ਤਾਂ ਕੋਈ ਹੋਰ ਅਤੇ ਕੋਈ ਦੂਜਾ ਹੀ ਸੀ।

ਇਸ ਲਈ ਕੇਵਲ ਤੇ ਕੇਵਲ ਇਕੋ-ਇਕ ਹੀ ਅਜਿਹੀ ਹਸਤੀ ਹੈ ਜਿਸ ਦੀ ਕਰਣੀ ਤੇ ਨਿਆਂ ਅੰਦਰ ਕਿਸੇ ਨਾਲ ਲੇਸ਼ ਮਾਤ੍ਰ ਵੀ ਵੈਰ, ਵਿੱਤਕਰਾ, ਪਖਪਾਤ, ਬੇਇਨਸਾਫ਼ੀ ਆਦਿ ਨਹੀਂ ਹੁੰਦੀ। ਯਥਾ:-

() "ਨਿਰਹਾਰੀ ਕੇਸਵ ਨਿਰਵੈਰਾ॥ ਕੋਟਿ ਜਨਾ ਜਾ ਕੇ ਪੂਜਹਿ ਪੈਰਾ॥ ਗੁਰਮੁਖਿ ਹਿਰਦੈ ਜਾ ਕੈ ਹਰਿ ਹਰਿ ਸੋਈ, ਭਗਤੁ ਇਕਾਤੀ ਜੀਉ" (ਪੰ: ੯੮)

() "ਤੂੰ ਨਿਰਵੈਰੁ ਸੰਤ ਤੇਰੇ ਨਿਰਮਲ॥ ਜਿਨ ਦੇਖੇ ਸਭ ਉਤਰਹਿ ਕਲਮਲ॥ ਨਾਨਕ ਨਾਮੁ ਧਿਆਇ ਧਿਆਇ ਜੀਵੈ ਬਿਨਸਿਆ ਭ੍ਰਮੁ ਭਉ ਧੀਠਾ ਜੀਉ" (ਪੰ: ੧੦੮)

() "ਨਿਰਾਹਾਰ ਨਿਰਵੈਰ ਸੁਖਦਾਈ॥ ਤਾ ਕੀ ਕੀਮਤਿ ਕਿਨੈ ਨ ਪਾਈ॥ ਅਨਿਕ ਭਗਤ ਬੰਦਨ ਨਿਤ ਕਰਹਿ॥ ਚਰਨ ਕਮਲ ਹਿਰਦੈ ਸਿਮਰਹਿ" (ਪੰ: ੨੮੭)

() "ਕਸਿ ਕਸਵਟੀ ਲਾਈਐ, ਪਰਖੈ ਹਿਤੁ ਚਿਤੁ ਲਾਇ॥ ਖੋਟੇ ਠਉਰ ਨ ਪਾਇਨੀ, ਖਰੇ ਖਜਾਨੈ ਪਾਇ॥ ਆਸ ਅੰਦੇਸਾ ਦੂਰਿ ਕਰਿ ਇਉ ਮਲੁ ਜਾਇ ਸਮਾਇ" (ਪੰ: ੫੭)

() "ਖੋਟੇ ਖਰੇ ਤੁਧੁ ਆਪਿ ਉਪਾਏ॥ ਤੁਧੁ ਆਪੇ ਪਰਖੈ ਲੋਕ ਸਬਾਏ॥ ਖਰੇ ਪਰਖਿ ਖਜਾਨੈ ਪਾਇਹਿ ਖੋਟੇ ਭਰਮਿ ਭੁਲਾਵਣਿਆ "(ਪੰ: ੧੧੯)

() "ਵਡੀ ਵਡਿਆਈ ਜਾ ਵਡਾ ਨਾਉ॥ ਵਡੀ ਵਡਿਆਈ ਜਾ ਸਚੁ ਨਿਆਉ" (ਪੰ: ੪੬੩) ਆਦਿ

ਅਕਾਲਮੂਰਤਿ- ਲਫ਼ਜ਼ ‘ਅਕਾਲਮੂਰਤਿ’ ਵੀ ‘ਅਕਾਲ+ਮੂਰਤਿ’ ਦੋ ਲਫ਼ਜ਼ਾਂ ਦੇ ਸੁਮੇਲ ਤੋਂ ਹੈ। ‘ਅਕਾਲ’ ਭਾਵ ੴ ਹੀ ਅਜਿਹੀ ਹਸਤੀ ਜਿਹਵੀ ਸਮੇਂ ਦੀ ਸੀਮਾ `ਚ ਨਹੀਂ ਆਉਂਦੀ। ਪ੍ਰਭੂ ਦੀ ਰਚਨਾ `ਚ ਹਰੇਕ ਸ਼ੈ, ਜੜ੍ਹ ਭਾਵੇਂ ਚੇਤੰਨ ਜਿਸ ਨੂੰ ਅਸੀਂ ਦੇਖ ਜਾਂ ਛੂ ਸਕਦੇ ਹਾਂ, ਸਮੇਂ ਦੀ ਸੀਮਾ `ਚ ਹੈ। ਹਰੇਕ ਕਿਰਤਮ ਦਾ ਅਰੰਭ, ਬਚਪਣ, ਜੁਆਨੀ, ਬੁਢਾਪਾ ਉਸ ਦਾ ਅੰਤ ਅਵੱਸ਼ ਹੈ।

ਜਦਕਿ ਇਹ ਸਿਫ਼ਤ ਕੇਵਲ ਤੇ ਲੇਵਲ ਕਰਤੇ ਪ੍ਰਭੂ`ਚ ਹੀ ਹੈ ਕਿ ਨਾ ਉਸ ਦਾ ਨਾ ਆਦਿ ਹੈ ਤੇ ਨਾ ਅੰਤ ਅਤੇ ਨਾ ਹੀ ਉਸ `ਤੇ ਕਿਸੇ ਤਰ੍ਹਾਂ ਦਾ ਸਮੇਂ ਦਾ ਪ੍ਰਭਾਵ ਹੀ ਹੁੰਦਾ ਹੈ।

ਵਿਸ਼ੇਸ਼- ਇਥੇ ਸ਼ਬਦ ‘ਅਕਾਲਮੂਰਤਿ’ ਦਾ ਵਿਸ਼ੇਸ਼ਣ ਤਾਂ ਹੈ ਪਰ ਇਹ ਇਸਤ੍ਰੀਲਿੰਗ ਹੈ ਪੁਲਿੰਗ ਨਹੀਂ। ਜੇਕਰ ਇਥੇ ਦਾ ਵਿਸ਼ੇਸ਼ਣ ‘ਅਕਾਲਮੂਰਤਿ’ ਵੀ ਨਿਰਭਉ, ਨਿਰਵੈਰੁ ਵਾਂਙ ਪੁਲਿੰਗ ਹੁੰਦਾ ਤਾਂ ਇਸ `ਚ ਲਫ਼ਜ਼ ਅਕਾਲ ਦੀ ਬਜਾਇ ਅਕਾਲੁ ਭਾਵ ਇਥੇ ਵੀ ‘ਲ’ ਦੇ ਪੈਰ ਹੇਠਾਂ ਨਿਰਭਉ, ਨਿਰਵੈਰੁ ਦੀ ਤਰ੍ਹਾਂ ‘ੁ ‘(ਔਂਕੜ) ਹੋਣਾ ਸੀ।

ਇਥੇ ਮੂਰਤਿ ਸ਼ਬਦ `ਚ ‘ਤ’ ਨੂੰ ਸਿਆਰੀ ‘ਿ’ ਲਗਾ ਕੇ ਗੁਰਦੇਵ ਨੇ ਇਸਨੂੰ ਇਸਤ੍ਰੀਲਿੰਗ ਬਣਾ ਦਿੱਤਾ ਹੈ। ਇਸਤਰ੍ਹਾਂ ਇਥੇ ਮੂਰਤਿ ਦਾ ਅਰਥ ਕੋਈ ਮੂਰਤੀ ਆਦਿ ਨਾ ਹੋ ਕੇ ਇੱਥੇ ਗੁਰਬਾਣੀ ਵਿਆਕਰਣ ਅਨੁਸਾਰ ਮੂਰਤਿ ਦਾ ਅਰਥ ਬਣ ਜਾਂਦਾ ਹੈ ਸਰੂਪ ਅਥਵਾ ਹਸਤੀ ਵਾਲਾ। ਅਜਿਹੀ ਹੱਸਤੀ ਜਿਸਦਾ ਨਾ ਆਦਿ ਹੈ ਤੇ ਨਾ ਅੰਤ, ਜਿਸਦੀ ਹੋਂਦ ਤਾਂ ਹੈ ਪਰ ਉਹ ਹੱਸਤੀ ਸਦੀਵ ਕਾਲੀਨ ਹੈ।

ਭਾਵ, ‘ਕਰਤਾਪਰਖੁ’ , ਕਾਲਪਨਿਕ ਨਹੀਂ, ਨਿਸ਼ਚੇ ਹੀ ਉਸ ਦੀ ‘ਹਸਤੀ’ ਵੀ ਹੈ, ਅਤੇ ਉਸ ਦਾ ਵਜੂਦ ਵੀ ਹੈ। ਇਸ ਤਰ੍ਹਾਂ ‘ਅਕਾਲਮੂਰਤਿ’ ਦੇ ਸਮੂਚੇ ਅਰਥ ਹਨ ਕਿ ਕਾਦਿਰ ਹਸਤੀ ਵਾਲਾ ਹੈ, ਉਸ ਪ੍ਰਭੂ ਦੀ ਹੋਂਦ ਹੈ ਪਰ ਉਹ ਪ੍ਰਭੂ ਸਮੇਂ ਦੀ ਹੱਦ ਤੋਂ ਪਰੇ ਅਤੇ ਬਾਹਿਰ ਹੈ।

() "ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ" (ਬਾਣੀ ਜਪੁ)

() "ਗੁਰ ਪਰਸਾਦੀ ਬੂਝਿ ਲੇ ਤਉ ਹੋਇ ਨਿਬੇਰਾ॥ ਘਰਿ ਘਰਿ ਨਾਮੁ ਨਿਰੰਜਨਾ, ਸੋ ਠਾਕੁਰੁ ਮੇਰਾ" (ਪੰ: ੨੨੯)

() "ਸਗਲ ਸਮਿਗ੍ਰੀ ਏਕਸੁ ਘਟ ਮਾਹਿ॥ ਅਨਿਕ ਰੰਗ ਨਾਨਾ ਦ੍ਰਿਸਟਾਹਿ॥ ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ॥ ਦੇਹੀ ਮਹਿ ਇਸ ਕਾ ਬਿਸ੍ਰਾਮੁ॥ ਸੁੰਨ ਸਮਾਧਿ ਅਨਹਤ ਤਹ ਨਾਦ॥ ਕਹਨੁ ਨ ਜਾਈ ਅਚਰਜ ਬਿਸਮਾਦ॥ ਤਿਨਿ ਦੇਖਿਆ ਜਿਸੁ ਆਪਿ ਦਿਖਾਏ॥ ਨਾਨਕ ਤਿਸੁ ਜਨ ਸੋਝੀ ਪਾਏ" (ਚਲਦਾ) #Instt.P.1-6th.v. Ramkali ki vaar M.-3-02.19-P00#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਛੇਵੀਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- gurbaniguru@yahoo.com & gianisurjitsingh@yahoo.com

web sites-

www.gurbaniguru.org

theuniqeguru-gurbani.com

gurmateducationcentre.com
.