.

ਮਾਤ ਕੀਜੇ ਹਰਿ ਬਾਂਝਾ

ਜਰਨੈਲ਼ ਸਿੰਘ

ਸਿਡਨੀ ਅਸਟ੍ਰੇਲੀਆ

www.understandingguru.com

ਗੁਰੂ ਗ੍ਰੰਥ ਸਾਹਿਬ ਦੇ ਪੰਨਾ 697 ਤੇ ਗੁਰੂ ਰਾਮ ਦਾਸ ਜੀ ਦਾ ਇੱਕ ਸ਼ਬਦ ਹੈ ਜਿਸ ਦੀ ਪਹਿਲੀ ਤੁਕ ਵਿੱਚ ਮਾਂ ਦੇ ਬਾਂਝ ਹੋਣ ਦੀ ਗੱਲ ਕੀਤੀ ਗਈ ਹੈ। ਸ਼ਬਦ ਦੀ ਇਸ ਤੁਕ ਦੇ ਅਰਥ ਬੋਧ ਨੂੰ ਲੈ ਕੇ ਕਾਫੀ ਮੱਤ ਭੇਦ ਨੇ। ਇਸ ਲੇਖ ਵਿੱਚ ਇਸ ਮੁੱਦੇ ਤੇ ਵਿਚਾਰ ਕਰ ਸਹੀ ਅਰਥ ਸਮਝਣ ਦਾ ਯਤਨ ਕੀਤਾ ਗਿਆ ਹੈ। ਸ਼ਬਦ ਦਾ ਪੂਰਾ ਪਾਠ ਇਸ ਪ੍ਰਕਾਰ ਹੈ।

ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ॥ ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕੁਰਾਂਝਾ॥ 1॥ ਮੇਰੇ ਮਨ ਜਪਿ ਰਾਮ ਨਾਮੁ ਹਰਿ ਮਾਝਾ॥ ਹਰਿ ਹਰਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ ਗੁਰਿ ਗਿਆਨੁ ਦੀਓ ਮਨੁ ਸਮਝਾ॥ ਰਹਾਓ॥ ਹਰਿ ਕੀਰਤਿ ਕਲਜੁਗਿ ਪਦੁ ਉਤਮੁ ਹਰਿ ਪਾਇਐ ਸਤਿਗੁਰ ਮਾਝਾ॥ ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਗੁਪਤੁ ਨਾਮੁ ਪਰਗਾਝਾ॥ 2॥ ਦਰਸਨੁ ਸਾਧ ਮਿਲਿਓ ਵਡਭਾਗੀ ਸਭਿ ਕਿਲਬਿਖ ਗਏ ਗਵਾਝਾ॥ ਸਤਿਗੁਰੁ ਸਾਹੁ ਪਾਇਆ ਵਡ ਦਾਣਾ ਹਰਿ ਕੀਏ ਬਹੁ ਗੁਣ ਸਾਝਾ॥ 3॥ ਜਿਨ ਕਉ ਕ੍ਰਿਪਾ ਕਰੀ ਜਗਜੀਵਨਿ ਹਰਿ ਧਾਰਿਓ ਮਨ ਮਾਝਾ॥ ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ॥ 4॥

ਪ੍ਰੋ ਸਾਹਿਬ ਸਿੰਘ ਦੇ ਅਰਥ

ਪਹਿਲੀ ਤੁਕ ਦੇ ਅਰਥ ਪ੍ਰੋ ਸਾਹਿਬ ਸਿੰਘ ਹੁਰੀਂ ਦਰਪਨ ਵਿੱਚ ਇਸ ਤਰ੍ਹਾਂ ਕਰਦੇ ਨੇ। "ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ ਉਹਨਾ ਦੀ ਮਾਂ ਨੂ ਹਰੀ ਬਾਂਝ ਹੀ ਕਰ ਦਿਆ ਕਰੇ (ਤਾਂ ਚੰਗਾ ਹੈ, ਕਿਉਂਕਿ) ਉਹਨਾ ਦਾ ਸਰੀਰ ਹਰਿ-ਨਾਮ ਤੋਂ ਸੁੰਞਾ ਰਹਿੰਦਾ ਹੈ, ਉਹ ਨਾਮ ਤੋਂ ਵਾਜੇ ਹੀ ਤੁਰੇ ਫਿਰਦੇ ਹਨ, ਅਤੇ, ਉਹ ਕ੍ਰੁਝ ਕ੍ਰੁਝ ਕੇ ਖੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ।"

ਲਫ਼ਜ਼ "ਬਾਂਝਾ" ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ ਇੱਕ ਵਾਰ ਹੀ ਆਉਂਦਾ ਹੈ। ਭਾਈ ਕਾਨ੍ਹ ਸਿੰਘ ਹੁਰੀਂ ਮਹਾਨ ਕੋਸ਼ ਵਿੱਚ ਜਦੋਂ ਲਫ਼ਜ਼ "ਬਾਂਝਾ" ਦੇ ਅਰਥ ਕਰਦੇ ਹਨ ਤਾਂ ਉਹ ਇਸ ਤੁਕ ਦਾ ਹੀ ਹਵਾਲਾ ਦਿੰਦੇ ਨੇ ਅਤੇ ਨਾਲ ਹੀ ਹਦਾਇਤ ਕਰਦੇ ਨੇ ਕਿ ਇਸ ਲਫ਼ਜ਼ ਨੂੰ ਸਮਝਣ ਲਈ ਲਫ਼ਜ਼ "ਬਾਂਝ" ਦੇ ਅਰਥ ਦੇਖੇ ਜਾਣ। ਲਫ਼ਜ਼ ਬਾਂਝ ਦੇ ਅਰਥ ਉਹਨਾ "ਉਹ ਇਸਤ੍ਰੀ ਜੋ ਸੰਤਾਨ ਜਣਨ ਲਈ ਸਮਰਥ ਨ ਹੋਵੇ" ਕੀਤੇ ਨੇ ਜੋ ਪ੍ਰੋ ਸਾਹਿਬ ਸਿੰਘ ਵਾਲੇ ਅਰਥਾਂ ਨਾਲ ਮਿਲਦੇ ਨੇ। ਲਫ਼ਜ਼ "ਮਾਤ" ਦੇ ਅਰਥ ਪ੍ਰੋ ਸਾਹਿਬ ਸਿੰਘ ਹੁਰੀਂ ਇਸ ਤੁਕ ਵਿੱਚ ਮਾਂ ਕਰਦੇ ਨੇ। ਭਾਈ ਕਾਨ੍ਹ ਸਿੰਘ ਹੁਰੀ ਇਸ ਲਫ਼ਜ਼ ਦੇ 8 ਅਰਥ ਦੱਸਦੇ ਨੇ ਜੋ ਕਰਮਵਾਰ ਇਸ ਤਰ੍ਹਾਂ ਹਨ-ਮਾਂ, ਮਾਤ੍ਰਾ, ਮਾਤ੍ਰ, ਪ੍ਰਮਾਣ, ਥੋੜਾ ਜਾਂ ਤਨਿਕ, ਮਸਤ, ਹੈਰਾਨ ਹੋਇਆ, ਹਾਰਿਆ ਹੋਇਆ। ਸੋ ਇਸ ਲਫ਼ਜ਼ ਦੇ ਅਰਥਾਂ ਵਿੱਚ ਵੀ ਇਨ੍ਹਾਂ ਦੋਨਾਂ ਵਿਦਵਾਨਾਂ ਦੀ ਰਾਏ ਇੱਕ ਹੈ।

ਨਵੇਂ ਅਰਥ

ਪਰ ਅੱਜ ਕਲ ਬਹੁਤ ਸਾਰੇ ਵਿਦਵਾਨ ਲੋਕ ਪ੍ਰੋ ਸਾਹਿਬ ਸਿੰਘ ਦੇ ਉੱਪਰੋਕਤ ਅਰਥਾਂ ਨਾਲ ਸਹਿਮਤ ਨਹੀਂ ਹਨ। ਉਨ੍ਹਾ ਦੀ ਅਸਹਿਮਤੀ ਦੇ ਕਾਰਨ ਅਤੇ ਉਨ੍ਹਾ ਦੇ ਇਤਰਾਜ਼ ਕੁੱਝ ਇਸ ਤਰ੍ਹਾਂ ਹਨ।

  • ਅਗਰ ਕੋਈ ਇਨਸਾਨ ਬੁਰੇ ਰਾਹ ਤੇ ਚਲਦਾ ਹੈ ਤਾਂ ਇਸ ਵਿੱਚ ਉਸ ਦੀ ਮਾਂ ਦਾ ਕੀ ਕਸੂਰ ਹੈ।
  • ਅਗਰ ਕਸੂਰ ਬੱਚੇ ਦਾ ਹੈ ਨ ਕਿ ਉਸ ਦੀ ਮਾਂ ਦਾ ਤਾਂ ਫਿਰ ਮਾਂ ਨੂੰ ਸਜ਼ਾ ਕਿਸ ਗਲ ਦੀ ਦਿੱਤੀ ਜਾ ਰਹੀ ਹੈ।
  • ਹਰ ਮਾਂ ਆਪਣੇ ਬੱਚੇ ਨੂੰ ਪਿਆਰ ਤੇ ਕੁਰਬਾਨੀ ਨਾਲ ਪਾਲਦੀ ਪੋਸਦੀ ਹੈ ਉਹ ਉਸਦਾ ਬੁਰਾ ਕਿਵੇਂ ਸੋਚ ਸਕਦੀ ਹੈ। ਉਹ ਹਰਗਿਜ਼ ਉਸ ਨੂੰ ਗਲਤ ਰਾਹ ਤੇ ਨਹੀਂ ਤੋਰੇਗੀ। ਇਸ ਲਈ ਮਾਂ ਕਸੂਰਵਾਰ ਨਹੀਂ ਹੋ ਸਕਦੀ।
  • ਗੁਰੂ ਸਾਹਿਬ ਤਾਂ ਬਾਣੀ ਵਿੱਚ ਔਰਤ ਦਾ ਬਹੁਤ ਹੀ ਸਤਿਕਾਰ ਕਰਦੇ ਨੇ ਫਿਰ ਉਹ ਮਾਂ ਵਾਰੇ ਇਹੋ ਜਿਹੀ ਗੱਲ ਕਿਵੇਂ ਕਹਿ ਸਕਦੇ ਨੇ। ਇਸ ਕਰਕੇ ਇਹ ਅਰਥ ਸਹੀ ਨਹੀਂ ਮੰਨੇ ਜਾ ਸਕਦੇ।
  • ਬੱਚੇ ਦੀ ਪੈਦਾਇਸ਼ ਮਾਤਾ ਪਿਤਾ ਦੇ ਸੰਜੋਗ ਨਾਲ ਹੁੰਦੀ ਹੈ ਫਿਰ ਪਿਤਾ ਵੀ ਤਾਂ ਉਹਨਾਂ ਹੀ ਕਸੂਰਵਾਰ ਹੋਣਾ ਚਾਹੀਦਾ ਹੈ। ਅਗਰ ਇਹ ਅਰਥ ਸਹੀ ਨੇ ਤਾਂ ਗੁਰੂ ਸਾਹਿਬ ਪਿਤਾ ਨੂੰ ਸਜ਼ਾ ਦੇਣ ਦੀ ਗੱਲ ਕਿਉਂ ਨਹੀ ਕਰਦੇ।
  • ਅਗਰ ਕੋਈ ਆਦਮੀ ਵਡੇਰੀ ਉਮਰ ਵਿੱਚ ਗਲਤ ਕੰਮ ਕਰਦਾ ਹੈ ਤਾਂ ਉਸਦੀ ਮਾਂ ਨੂੰ ਕਿਵੇਂ ਬਾਂਝ ਕਰਾਂਗੇ ਕਿਉਕਿ ਉਹ ਤਾਂ ਬਹੁਤ ਹੀ ਬਿਰਧ ਹੋ ਚੁੱਕੀ ਹੋਵੇਗੀ ਜਾਂ ਮਰ ਚੁੱਕੀ ਹੋਵੇਗੀ। ਫਿਰ ਤਾਂ ਇਹ ਅਰਥ ਇੱਕ ਤਰ੍ਹਾ ਨਾਲ ਬੇਮਾਇਨਾ ਹੋ ਜਾਂਦੇ ਨੇ।
  • ਇਹ ਵੀ ਕਿਹਾ ਜਾ ਰਿਹਾ ਹੈ ਕਿ ਮਾਤਾ ਦਾ ਬਾਂਝ ਹੋਣਾ ਰਹਾਓ ਵਾਲੀ ਤੁਕ ਦੇ ਅਰਥਾਂ ਨਾਲ ਮੇਲ ਨਹੀਂ ਖਾਂਦਾ। ਰਹਾਓ ਵਾਲੀ ਤੁਕ ਦਾ ਵਿਸ਼ਾ ਗੁਰ ਗਿਆਨ ਹੈ। ਇਹ ਗਿਆਨ ਬੰਦੇ ਦੇ ਮਨ ਨੇ ਲੈਣਾ ਹੈ ਨ ਕਿ ਕਿਸੇ ਹੋਰ ਨੇ। ਇਸ ਕਰਕੇ ਕਸੂਰ ਉਸ ਬੰਦੇ ਦਾ ਆਪਣਾ ਹੈ ਨ ਕਿ ਉਸ ਦੀ ਮਾਂ ਦਾ।
  • ਇਹ ਵੀ ਕਿਹਾਂ ਜਾਂਦਾ ਹੈ ਕਿ ਇਤਿਹਾਸ ਗਵਾਹ ਹੈ ਕਿ ਗੁਰੂ ਸਹਿਬਾਨ ਦੇ ਆਪਣੇ ਬੱਚੇ ਵੀ ਕੁਰਾਹੇ ਪਏ ਰਹੇ ਨੇ। ਤਾਂ ਫਿਰ ਗੁਰੂ ਸਾਹਿਬ ਦੇ ਆਪਣੇ ਮਹਿਲ ਵੀ ਬਾਂਝ ਹੋ ਜਾਣੇ ਚਾਹੀਦੇ ਸਨ। ਅਗਰ ਜਿਵੇਂ ਉਪਰ ਕਿਹਾ ਗਿਆ ਹੈ ਕਿ ਪਿਤਾ ਵੀ ਬਰਾਬਰ ਦਾ ਕਸੂਰਵਾਰ ਹੋਣਾ ਚਾਹੀਦਾ ਹੈ ਤਾਂ ਫਿਰ ਗੁਰੂ ਸਾਹਿਬ ਖੁਦ ਵੀ ਇਸ ਵਿੱਚ ਬਰਾਬਰ ਦੇ ਕਸੂਰਵਾਰ ਹੋਏ।
  • ਇਹਨਾਂ ਗਲਤ ਅਰਥਾਂ ਦਾ ਕਾਰਣ ਲੱਭਦੇ ਹੋਏ ਮਰਦ ਪ੍ਰਧਾਨ ਸਮਾਜ ਵਲ ਵੀ ਉਂਗਲੀ ਉਠਾਈ ਜਾ ਰਹੀ ਹੈ। ਮਰਦ ਪ੍ਰਧਾਨ ਸਮਾਜ ਪਿਤਾ ਜਾਂ ਪੁੱਤਰ ਦੀ ਜਗ੍ਹਾ ਮਾਂ ਜਾਂ ਔਰਤ ਨੂੰ ਹੀ ਕਸੂਰਵਾਰ ਠਹਿਰਾ ਰਿਹਾ ਹੈ। ਇਹ ਗੱਲ ਸਮੁੱਚੀ ਗੁਰਬਾਣੀ ਦੇ ਸਨੇਹੇ ਦੇ ਉਲਟ ਜਾਂਦੀ ਹੈ ਕਿਉਂਕਿ ਗੁਰਬਾਣੀ ਇਸ ਤਰ੍ਹਾਂ ਦੇ ਸਮਾਜ ਨੂੰ ਮਾਨਤਾ ਨਹੀਂ ਦਿੰਦੀ ਇਸ ਕਰਕੇ ਇਹ ਅਰਥ ਗਲ਼ਤ ਨੇ।

ਇਹਨਾਂ ਕਾਰਨਾਂ ਕਰਕੇ ਪ੍ਰੋ ਸਾਹਿਬ ਸਿੰਘ ਦੇ ਅਰਥ ਰੱਦ ਕਰਕੇ ਇਹ ਵਿਦਵਾਨ "ਮਾਤ" ਲਫ਼ਜ਼ ਦੇ ਅਰਥ ਮੱਤ ਜਾਂ ਬੁਧੀ ਕਰਦੇ ਨੇ। ਇਹਨਾਂ ਅਰਥਾਂ ਦੇ ਸਮਰਥਣ ਵਜੋ ਇਹ ਲੋਕ ਗੁਰੂ ਗ੍ਰੰਥ ਸਾਹਿਬ ਦੇ ਪੰਨਾਂ 151 `ਤੇ ਗੁਰ ਨਾਨਕ ਸਾਹਿਬ ਦੇ ਇਸ ਸ਼ਬਦ ਦਾ ਹਵਾਲਾ ਵੀ ਅਕਸਰ ਦਿੰਦੇ ਨੇ। "ਮਾਤਾ ਮਤਿ ਪਿਤਾ ਸੰਤੋਖ॥ ਸਤੁ ਭਾਈ ਕਰਿ ਏਹਿ ਵਿਸੇਖੁ॥" ਇਹ ਅਰਥ ਕਰਨ ਵਾਲੇ ਵਿਦਵਾਨਾ ਦਾ ਵਿਚਾਰ ਹੈ ਕਿ ਮਾਤਾ ਦਾ ਬਾਂਝ ਹੋਣਾ ਨ ਤਾਂ ਗੁਰਮਤਿ ਅਨਾਸਾਰੀ ਹੈ ਅਤੇ ਨ ਹੀ ਇਹ ਸ਼ਬਦ ਦੀ ਰਹਾਓ ਵਾਲੀ ਪੰਗਤੀ ਨਾਲ ਮੇਲ ਖਾਂਦਾ ਹੈ। ਰਹਾਓ ਵਾਲੀ ਪੰਗਤੀ ਵਿੱਚ ਮਨ ਨੂੰ ਗੁਰੂ ਗਿਆਨ ਨਾਲ ਸਮਝਾਉਣ ਦੀ ਗੱਲ ਕੀਤੀ ਗਈ ਹੈ ਇਸ ਲਈ ਸਵਾਲ ਉਠਦਾ ਹੈ ਕਿ "ਬਲੇਮ ਮੇਰੇ ਤੇ ਹੈ ਜਾਂ ਮੇਰੀ ਮਾਂ ਤੇ" (4)। ਅਗਰ ਬਲੇਮ ਮੇਰੇ ਤੇ ਹੈ ਤਾਂ ਫਿਰ ਮਾਂ ਕਿਉਂ ਬਾਂਝ ਹੋਵੇ। ਇਹੋ ਜਿਹੇ ਵਿਚਾਰ ਸਿੱਖ ਮਾਰਗ ਤੇ ਵੀ ਪ੍ਰਗਟਾਏ ਗਏ ਨੇ। (1) ਮਲੇਸ਼ੀਆ ਦੇ ਸ਼ਹਿਰ ਕਲੈਂਙ ਦੇ ਗੁਰਦੁਆਰੇ ਵਿੱਚ ਕਥਾ ਕਰਦੇ ਹੋਏ ਗਿਆਨੀ ਜਸਵੰਤ ਸਿੰਘ ਮੋਰਜੰਡ ਕਹਿੰਦੇ ਨੇ ਕਿ ਮਾਤ ਦਾ ਅਰਥ ਇੱਥੇ ਮੱਤ ਹੈ। (2) ਮਾਤਾ ਦਾ ਬਾਂਝ ਹੋਣ ਦਾ ਮਤਲਬ ਮਨੁੱਖ ਵਿੱਚ ਚੰਗੇ ਗੁਣ ਨਾ ਪੈਦਾ ਹੋਣਾ ਹੈ। ਫੇਸਬੁੱਕ ਤੇ ਵੀ ਅਜਿਹੇ ਖਿਆਲ ਅਕਸਰ ਮਿਲ ਜਾਂਦੇ ਨੇ। (3) ਵੀਰ ਭੁਪਿੰਦਰ ਸਿੰਘ ਹੁਰਾਂ ਦੀ ਇਸ ਸ਼ਬਦ ਵਾਰੇ ਇੱਕ ਘੰਟੇ ਤੋਂ ਵੱਧ ਲੰਬੀ ਕਥਾ ਹੈ ਜਿਸ ਵਿੱਚ ਉਹ ਉਪਰੋਕਤ ਵਿਚਾਰ ਰੱਖ ਰਹੇ ਨੇ। (4) ਨਵੀਨ ਅਰਥਾਂ ਮੁਤਾਬਿਕ ਇਸ ਤੁਕ ਵਿੱਚ ਗੁਰੂ ਸਾਹਿਬ ਕਹਿ ਰਹੇ ਨੇ ਕਿ ਜਿਸ ਬੰਦੇ ਦੇ ਹਿਰਦੇ ਵਿੱਚ "ਅਕਾਲ ਪੁਰਖੀ ਗੁਣਾ, ਸਚਿਆਰਤਾ ਵਾਲੇ ਗੁਣਾ, ਸਾਤਵਿਕ ਗੁਣਾ ਦਾ ਵਾਸਾ ਨਹੀਂ ਹੈ, ਭਾਵ ਜਿਨ੍ਹਾ ਨੇ ਇਹਨਾ ਗੁਣਾ ਨੁੰ ਅਪਨਾਉਣਾ ਨਹੀਂ ਕੀਤਾ, ਉਹਨਾ ਦੀ ਮੱਤ ਵੀ ਬਾਂਝ ਹੋ ਜਾਂਦੀ ਹੈ। ਭਾਵ ਚੰਗਾ ਸੋਚਣ ਤੋਂ ਅਸਮਰਥ ਹੋ ਜਾਂਦੀ ਹੈ।" (1) ਵੀਰ ਭੁਪਿੰਦਰ ਸਿੰਘ ਜੀ ਔਰਤ ਦਾ ਬਾਂਝ ਹੋਣਾ ਵੀ ਤਿੰਨ ਤਰ੍ਹਾਂ ਦਾ ਦੱਸਦੇ ਨੇ। ਪਹਿਲਾ, ਜੋ ਔਰਤ ਆਪਣੇ ਗਰਭ ਵਿੱਚ ਬੱਚਾ ਨਹੀਂ ਧਾਰਣ ਕਰ ਸਕਦੀ, ਦੂਜਾ, ਜੋ ਗਰਭਵਤੀ ਤਾਂ ਹੁੰਦੀ ਹੈ ਪਰ ਬੱਚਾ ਗਰਭ ਵਿੱਚ ਹੀ ਮਰ ਜਾਂਦਾ ਹੈ ਅਤੇ ਤੀਜਾ ਜਿਸ ਮਾਂ ਦਾ ਬੱਚਾ ਜੰਮਦੇ ਸਾਰ ਹੀ ਮਰ ਜਾਂਦਾ ਹੈ। ਤਿੰਨ ਤਰ੍ਹਾਂ ਦੇ ਇਸ ਬਾਂਝਪੁਣੇ ਨੂੰ ਉਹ ਮੱਤ ਤੇ ਢੁਕਾ ਕੇ ਆਖਦੇ ਨੇ ਕਿ ਜਾਂ ਤਾਂ ਮੱਤ (ਮਨ) ਵਿੱਚ ਚੰਗਾ ਖਿਆਲ ਆਉਂਦਾ ਹੀ ਨਹੀ (ਭਾਵ ਗਰਭ ਠਹਿਰਦਾ ਹੀ ਨਹੀ), ਅਗਰ ਆਉਂਦਾ ਵੀ ਹੈ ਤਾਂ ਅਮਲ ਨਹੀਂ ਕਰਦੇ (ਭਾਵ ਗਰਭ ਸਿਰੇ ਨਹੀਂ ਚੜ੍ਹਦਾ), ਜੇ ਕਰਦਾ ਵੀ ਹੈ ਤਾਂ ਲੋਕਾਂ ਨੂੰ ਦੱਸਣ ਜਾਂ ਦਿਖਾਉਣ ਵਾਸਤੇ ਮਹਿਜ਼ ਲੋਕ ਪਚਾਰਾ ਹੀ ਕਰਦੇ ਨੇ (ਭਾਵ ਜੰਮਦੇ ਸਾਰ ਹੀ ਬੱਚੇ ਦੀ ਮੌਤ ਹੋ ਜਾਂਦੀ ਹੈ)। ਸਟੇਜ ਤੋਂ ਹੋਰ ਵੀ ਬਹੁਤ ਸਾਰੇ ਪ੍ਰਚਾਰਕਾਂ ਨੂੰ ਇਹਨਾਂ ਅਰਥਾਂ ਦਾ ਸਮਰਥਨ ਕਰਦੇ ਮੈਂ ਆਪ ਸੁਣਿਆ ਹੈ। ਇਹ ਸਾਰੇ ਪ੍ਰਚਾਰਕ "ਮਿਸ਼ਨਰੀ" ਸ਼੍ਰੇਣੀ ਵਿੱਚ ਹੀ ਗਿਣੇ ਜਾ ਰਹੇ ਨੇ।

ਨਵੇਂ ਅਰਥਾਂ ਦੀ ਪੁਣ ਛਾਣ

ਕੀ ਇਹ ਨਵੇਂ ਅਰਥ ਸਹੀ ਨੇ। ਆਉ ਜ਼ਰਾ ਇਨ੍ਹਾਂ ਅਰਥਾਂ ਦੀ ਪੁਣ ਛਾਣ ਕਰੀਏ। ਇਹਨਾਂ ਅਰਥਾਂ ਨਾਲ ਇਹ ਸਮੱਸਿਆ ਤਾਂ ਹੱਲ ਹੋ ਜਾਂਦੀ ਹੈ ਕਿ ਗੁਰੂ ਸਾਹਿਬ ਇੱਥੇ ਮਾਂ ਨੂੰ ਬਾਂਝ ਹੋਣ ਦਾ ਸਰਾਪ ਨਹੀਂ ਦੇ ਰਹੇ ਬਲਕਿ ਮੱਤ ਦੀ ਗੱਲ ਕਰ ਰਹੇ ਨੇ। ਪਰ ਇਸ ਦੇ ਨਾਲ ਹੀ ਕਈ ਹੋਰ ਸਮੱਸਿਆਵਾਂ ਸਿਰ ਚੁੱਕ ਲੈਂਦੀਆਂ ਹਨ।

  1. ਮੱਤ ਦਾ ਬਾਂਝ ਹੋਣਾ: ਨਵੇਂ ਅਰਥਾਂ ਮੁਤਾਬਿਕ ਮੱਤ ਬਾਂਝ ਹੋ ਜਾਂਦੀ ਹੈ ਪਰ ਸਵਾਲ ਉੱਠਦਾ ਹੈ ਕਿ ਕੀ ਮੱਤ ਕਦੀ ਬਾਂਝ ਹੋ ਸਕਦੀ ਹੈ। ਮੱਤ ਫਿਰ ਸਕਦੀ ਹੈ, ਫਿਟ ਸਕਦੀ ਹੈ ਪਰ ਕਦੀ ਇਹ ਨਹੀਂ ਸੁਣਿਆ ਕਿ ਕਿਸੇ ਦੀ ਮੱਤ ਬਾਂਝ ਹੋ ਗਈ ਹੋਵੇ। ਨਵੇਂ ਅਰਥ ਕਰਨ ਵਾਲੇ ਸੱਜਣ ਇਹ ਕਹਿੰਦੇ ਨੇ ਕਿ ਮੱਤ ਦੇ ਬਾਂਝ ਹੋਣ ਨਾਲ ਇਸ ਵਿੱਚ ਚੰਗੇ ਵਿਚਾਰ ਪੈਦਾ ਨਹੀ ਹੁੰਦੇ ਜਾਂ ਪੇਦਾ ਹੋਣੇ ਬੰਦ ਹੋ ਜਾਂਦੇ ਨੇ। ਕੀ ਇਹ ਸੰਭਵ ਹੈ? ਇਹ ਤਾਂ ਅਜੀਬ ਤਰ੍ਹਾ ਦਾ ਬਾਂਝਪੁਣਾ ਏ ਜੋ ਸਿਰਫ ਚੰਗੇ ਖਿਆਲਾਂ ਦੀ ਪੈਦਾਇਸ਼ ਨੂੰ ਰੋਕਦਾ ਹੈ। ਅਗਰ ਮੱਤ ਹੁਣ ਵੀ ਭੈੜੇ ਖਿਆਲਾਂ ਨੂੰ ਜਨਮ ਦੇ ਰਹੀ ਹੈ ਤਾਂ ਫਿਰ ਉਹ ਬਾਂਝ ਕਿਵੇਂ ਹੋਈ। ਆਪਾਂ ਮੰਦਬੁੱਧੀ ਬੱਚੇ ਪੈਦਾ ਹੁੰਦੇ ਸੁਣੇ ਸਨ, ਪਰ ਉਹਨਾ ਦੀ ਮੱਤ ਵੀ ਹਰ ਵਕਤ ਕਿਸੇ ਨ ਕਿਸੇ ਖਿਆਲ ਨੂੰ ਜਨਮ ਦਿੰਦੀ ਰਹਿੰਦੀ ਹੈ ਭਲੇ ਹੀ ਉਹ ਖਿਆਲ ਬਚਕਾਨਾ ਹੀ ਕਿਉਂ ਨ ਹੋਣ। ਵੀਰ ਭੁਪਿੰਦਰ ਸਿੰਘ ਜੀ ਨੇ ਤਾਂ ਆਪਣੇ ਨਵੇਂ ਅਰਥ ਫਿੱਟ ਕਰਨ ਲਈ ਬਾਂਝਪੁਣਾ ਵੀ ਤਿੰਨ ਤਰ੍ਹਾਂ ਦਾ ਬਣਾ ਦਿੱਤਾ। ਅਗਰ ਮੱਤ ਚੰਗੇ ਵਿਚਾਰ ਨਹੀਂ ਪੈਦਾ ਕਰਦੀ ਤਾਂ ਅਸੀਂ ਇਹ ਤਾਂ ਕਹਿ ਸਕਦੇ ਹਾਂ ਕਿ ਮੱਤ ਵਿਗੜ ਗਈ ਹੈ ਜਾਂ ਪੁੱਠੀ ਹੋ ਗਈ ਹੈ ਪਰ ਇਹ ਨਹੀਂ ਕਹਿ ਸਕਦੇ ਕਿ ਇਹ ਬਾਂਝ ਹੋ ਗਈ ਏ।
  2. ਬਾਂਝ ਮੱਤ ਇੱਕ ਭੈੜੀ ਬੀਮਾਰੀ ਹੈ: ਇਹ ਇੱਕ ਵਿਗਿਆਨਿਕ ਸੱਚ ਹੈ ਕਿ ਮੱਤ ਜਾਣੀ ਸਾਡਾ ਦਿਮਾਗ ਕਦੇ ਵੀ ਵਿਹਲਾ ਨਹੀਂ ਬੈਠਦਾ। ਸਾਡੇ ਸੁਤਿਆਂ ਪਿਆਂ ਵੀ ਕੰਮ ਲਗਾ ਰਹਿੰਦਾ ਹੈ। ਭਾਵ ਕਿਸੇ ਨ ਕਿਸੇ ਖਿਆਲ ਨੂੰ ਜਨਮ ਦਿੰਦਾ ਰਹਿੰਦਾ ਹੈ। ਦਿਮਾਗ ਦੇ ਅੱਡ ਅੱਡ ਹਿੱਸਿਆਂ ਵਿੱਚਕਾਰ ਤਾਲਮੇਲ ਦਾ ਇੱਕ ਤਾਣਾ ਬਾਣਾ ਹੈ ਜੋ ਖਿਆਲਾਂ ਨੂੰ ਜਨਮ ਦਿੰਦਾ ਹੈ ਜਿਸਦੇ ਟੁਟਦੇ ਸਾਰ ਹੀ ਜਾਂ ਤਾਂ ਬੰਦਾ ਆਪਣੀ ਚੇਤਨਤਾ ਖੋ ਬੈਠਦਾ ਹੈ ਜਾਂ ਕਿਸੇ ਹੋਰ ਭਿਆਨਿਕ ਬੀਮਾਰੀ ਦਾ ਸ਼ਿਕਾਰ ਹੋ ਜਾਂਦਾ ਏ। ਅਗਰ ਆਪਾਂ ਇਹ ਮੰਨ ਲਈਏ ਕਿ ਬੰਦਾ ਕੁੱਝ ਵੀ ਸੋਚਣ ਤੋਂ ਅਸਮਰੱਥ ਹੈ ਅਤੇ ਉਸਦੀ ਮੱਤ ਬਾਕਈ ਬਾਂਝ ਹੋ ਗਈ ਹੈ ਤਾਂ ਇਹ ਇੱਕ ਬਹੁਤ ਹੀ ਭੈੜੀ ਬੀਮਾਰੀ ਹੈ। ਮੈਡੀਕਲ ਸਾਇੰਸ ਵਿੱਚ ਇਸ ਨੂੰ ਦਿਮਾਗੀ ਧੁੰਦ (Brain Fog) ਆਖਦੇ ਨੇ। (5) ਇਹ ਧੁੰਦ ਆਮ ਕਰਕੇ ਮਲਟੀਪਲ ਸਕਲੋਰਸਿਸ (Multiple Sclerosis) ਜੋ ਕਿ ਬਹੁਤ ਹੀ ਨਾਮੁਰਾਦ ਬੀਮਾਰੀ ਹੈ ਕਰਕੇ ਵੀ ਪੈਦਾ ਹੋ ਜਾਂਦੀ ਹੈ। ਸਵਾਲ ਉਠਦਾ ਹੈ ਕਿ ਗੁਰੂ ਸਾਹਿਬ ਅਜਿਹੀ ਨਾਮੁਰਾਦ ਬੀਮਾਰੀ ਲੱਗਣ ਵਾਰੇ ਕਿਉਂ ਬਚਨ ਕਰਨਗੇ। ਅਗਰ ਇਹ ਵੀ ਮੰਨ ਲਈਏ ਕਿ ਇਥੇ ਬੰਦੇ ਦੇ ਮਨ ਵਾਰੇ ਗੱਲ ਹੋ ਰਹੀ ੲੈ ਤਾਂ ਗੁਰੂ ਜੋ ਹਰ ਪਾਸੇ "ਭਲਾ ਭਲਾ ਤੇਰਾ ਰੂਪ" ਦੇਖਦੇ ਨੇ ਅਜਿਹੇ ਬਚਨ ਕਿਉਂ ਕਰਨਗੇ।
  3. ਭਾਵਅਰਥ ਜਾਂ ਅੱਖਰੀ ਅਰਥ: ਲਫ਼ਜ਼ "ਮਾਤ" ਦੇ ਭਾਵਅਰਥ ਮੱਤ ਕਰਦੇ ਹੋਏ ਸਬੂਤ ਵਜੋਂ ਗੁਰ ਨਾਨਕ ਸਾਹਿਬ ਦੇ ਜਿਸ ਸ਼ਬਦ ਦਾ ਹਵਾਲਾ ਦਿੱਤਾ ਜਾਂਦਾ ਹੈ ਉਸ ਦਾ ਪੂਰਾ ਪਾਠ ਇਸ ਤਰ੍ਹਾਂ ਹੈ। "ਮਾਤਾ ਮਤਿ ਪਿਤਾ ਸੰਤੋਖੁ॥ ਸਤੁ ਭਾਈ ਕਰਿ ਏਹੁ ਵਿਸੇਖੁ॥ 1॥ ਕਹਣਾ ਹੈ ਕਿਛੁ ਕਹਣੁ ਨ ਜਾਇ॥ ਤਉ ਕੁਦਰਤਿ ਕੀਮਤਿ ਨਹੀ ਪਾਇ॥ ਰਹਾਓ॥ ਸਰਮ ਸੁਰਤਿ ਦਇ ਸਸੁਰ ਭਦੇ॥ ਕਰਣੀ ਕਾਮਣਿ ਕਰਿ ਮਨ ਲਏ॥ 2॥ ਸਾਹਾ ਸੰਜੋਗੁ ਵੀਆਹੁ ਵਿਜੋਗੁ॥ ਸਚੁ ਸੰਤਤਿ ਕਹੁ ਨਾਨਕ ਜੋਗੁ॥ 3॥" ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇੱਥੇ ਮਤਿ ਨੂੰ ਮਾਂ ਆਖਿਆ ਗਿਆ ਹੈ। ਗੁਰੂ ਰਾਮ ਦਾਸ ਸਾਹਿਬ ਵੀ ਆਪਣੇ ਇੱਕ ਹੋਰ ਸ਼ਬਦ ਵਿੱਚ ਮਤਿ ਨੂੰ ਮਾਂ ਆਖਦੇ ਨੇ। "ਗੁਰਮੁਖਿ ਜਿੰਦੁ ਜਪਿ ਨਾਮੁ ਕਰੰਮਾ॥ ਮਤਿ ਮਾਤਾ ਮਤਿ ਜੀਉ ਮੁਖਿ ਰਾਜਾ॥ ਸੰਤੋਖ ਪਿਤਾ ਕਰਿ ਗੁਰੁ ਪੁਰਖੁ ਅਜਨਮਾ॥ ਵਡਭਾਗੀ ਮਿਲੁ ਰਾਮਾ॥" ਪੰਨਾ 172. ਪਰ ਗੁਰੂ ਸਾਹਿਬ ਬਾਣੀ ਵਿੱਚ ਮਾਂ ਨੂੰ ਹੋਰ ਵੀ ਕਈ ਤਸ਼ਬੀਹਾਂ ਦਿੰਦੇ ਨੇ। ਜਿਵੇਂ ਮਾਂ ਨੂੰ ਧਰਤੀ ਵੀ ਆਖਦੇ ਨੇ। "ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥" ਪੰਨਾ 8. ਪ੍ਰਭੂ ਨੂੰ ਵੀ ਮਾਤਾ ਕਿਹਾ ਗਿਆ ਹੈ। "ਇਕੋ ਭਾਈ ਮਿਤ ਇੱਕ ਇਕੋ ਮਾਤ ਪਿਤਾ॥" ਪੰਨਾ 45. ਸਤਿਗੁਰ ਨੂੰ ਵੀ ਮਾਂ ਆਖਿਆ ਗਿਆ ਹੈ। "ਮੇਰਾ ਮਾਤ ਪਿਤਾ ਗੁਰੁ ਸਤਿਗੁਰੁ ਪੂਰਾ ਗੁਰ ਜਲ ਮਿਲਿ ਕਮਲ ਵਿਗਸੈ ਜੀਉ॥" ਪੰਨਾ 94. ਪ੍ਰਭੂ ਦੇ ਨਾਮ ਨੂੰ ਵੀ ਮਾਂ ਆਖਿਆ ਗਿਆ ਹੈ। "ਮੇਰਾ ਪਿਤਾ ਮਾਤਾ ਹਰਿ ਨਾਮੁ ਹੈ ਹਰਿ ਬੰਧਪੁ ਬੀਰਾ॥" ਪੰਨਾ 163. ਸਤਿਸੰਗੀਆਂ ਨੂੰ ਵੀ ਮਾਂ ਦਾ ਰੁਤਬਾ ਦਿੱਤਾ ਗਿਆ ਹੈ। "ਮਾਤ ਪਿਤਾ ਸਾਜਨ ਸੰਤ ਮੇਰੇ ਸੰਤ ਸਹਾਈ ਬੀਰ॥" ਪੰਨਾ 978. ਉੱਪਰ ਦਿੱਤੇ ਵੇਰਵੇ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਲਫ਼ਜ਼ "ਮਾਤ ਜਾਂ ਮਾਤਾ" ਨੂੰ ਅੱਡ ਅੱਡ ਜਗ੍ਹਾ ਲੋੜ ਅਨੁਸਾਰ ਢੁਕਵੇਂ ਭਾਵਅਰਥ ਦਿੱਤੇ ਨੇ ਅਤੇ ਇਹ ਨਹੀ ਕਿਹਾ ਜਾ ਸਕਦਾ ਕਿ ਇਸਦਾ ਭਾਵਅਰਥ ਸਿਰਫ ਮੱਤ ਹੀ ਹੈ। ਇਸਦੇ ਨਾਲ ਹੀ ਇਹ ਵੀ ਸੱਚ ਹੈ ਕਿ ਲਫ਼ਜ਼ "ਮਾਤ" ਅੱਖਰੀ ਅਰਥਾਂ ਵਿੱਚ ਵੀ ਬੇਅੰਤ ਵਾਰ ਵਰਤਿਆ ਗਿਆ ਹੈ। ਸੋ ਇੱਥੇ ਇਸ ਦੇ ਅੱਖਰੀ ਅਰਥਾਂ ਦੀ ਸੰਭਾਵਨਾ ਨੂੰ ਵੀ ਰੱਦ ਨਹੀਂ ਕੀਤਾ ਜਾ ਸਕਦਾ। ਆਪਾਂ ਸਿਰਫ ਇਹ ਨਿਰਣਾ ਕਰਨਾ ਹੈ ਕਿ ਅੱਖਰੀ ਅਰਥ ਚਲਦੇ ਸੰਦਰਭ ਵਿੱਚ ਸਹੀ ਬੈਠਦੇ ਨੇ ਜਾਂ ਨਹੀਂ।
  4. ਭਾਵਅਰਥਾਂ ਦੀ ਸ਼ਾਂਝ: ਉਪਰਲੇ ਪੈਰੇ ਵਿੱਚ ਲਫ਼ਜ਼ "ਮਾਤਾ" ਦੇ ਜੋ ਭਾਵਅਰਥ ਉੱਭਰ ਕੇ ਸਾਹਮਣੇ ਆਏ ਨੇ ਉਹਨਾਂ ਵਿੱਚ ਇੱਕ ਅਨੋਖੀ ਤੇ ਸੁਆਦਲੀ ਸ਼ਾਂਝ ਹੈ। ਗੌਰ ਕਰੋ ਕਿ ਮੱਤ ਜਾਣੀ ਦਿਮਾਗ, ਕਰਤਾਰ, ਨਾਮ, ਗੁਰ ਸਤਿਗੁਰ ਅਤੇ ਸਾਧ ਸੰਗਤ- ਇਸ ਸਾਰੇ ਭਾਵਅਰਥ ਇੱਕੋ ਲੜੀ ਦੇ ਮਣਕੇ ਨੇ ਜੋ ਮਿਲ ਕੇ ਗੁਰਮਤਿ ਦੇ ਮੂਲ ਸਿਧਾਂਤ ਨੂੰ ਬਿਆਨ ਕਰਦੇ ਨੇ। ਗੁਰਬਾਣੀ ਸਾਨੂੰ ਇਹੀ ਸਮਝਾਉਂਦੀ ਹੈ ਕਿ ਗੁਰ ਸਤਿਗੁਰ ਅਤੇ ਸਾਧ ਸੰਗਤ ਦੀ ਮਦਦ ਨਾਲ ਪ੍ਰਾਪਤ ਗਿਆਨ ਸਦਕਾ ਸਾਡੀ ਮੱਤ ਜਾਣੀ ਦਿਮਾਗ ਰਾਹੀਂ ਕਰਤਾਰ ਦੇ ਨਾਮ ਜਾਂ ਹੁਕਮ ਦੀ ਸੋਝੀ ਪੈ ਜਾਂਦੀ ਹੈ। ਸੋਚਣ ਵਾਲੀ ਗੱਲ ਇਹ ਵੀ ਹੈ ਕਿ ਮੱਤ ਜਾਣੀ ਦਿਮਾਗ ਜੋ ਬੰਦੇ ਕੋਲ ਕਰਤਾਰ ਦੇ ਹੁਕਮ ਨੂੰ ਸਮਝਣ ਦਾ ਇੱਕੋ ਇੱਕ ਵਸੀਲਾ ਏ ਉਸ ਨੂੰ ਬਾਂਝ ਕਰਨ ਦੀ ਗੱਲ ਗੁਰੂ ਸਾਹਿਬ ਕਿਵੇਂ ਕਰ ਸਕਦੇ ਨੇ। ਬਾਂਝ ਹੋਣ ਦਾ ਮਤਲਬ ਸਦਾ ਸਦਾ ਲਈ ਕਰਤਾਰ ਦੀ ਸੋਝੀ ਦਾ ਰਸਤਾ ਬੰਦ ਹੋਣਾ ਹੈ ਜੋ ਕਿ ਗੁਰਬਾਣੀ ਦੇ ਉਲਟ ਹੈ। ਗੁਰਬਾਣੀ ਵਿੱਚ ਤਾਂ ਕਿਹਾ ਗਿਆ ਹੈ ਕਿ ਗੁਰੂ ਦੀ ਬਖਸ਼ਿਸ਼ ਨਾਲ ਇੱਕ ਛਿਣ ਵਿੱਚ ਉਲਟੀ ਮੱਤ ਸਿੱਧੀ ਹੋ ਜਾਂਦੀ ਹੈ। ਸੱਜਣ ਠੱਗ ਇਸਦੀ ਇੱਕ ਮਿਸਾਲ ਹਨ। ਆਪੋ ਆਪਣੀ ਜ਼ਿੰਦਗੀ ਵਲ ਯਾਤ ਮਾਰ ਕੇ ਦੇਖੋ ਕਿਵੇਂ ਸਮੇਂ ਦੇ ਨਾਲ ਮੱਤ ਵਿੱਚ ਬਦਲਾਅ ਆ ਜਾਂਦਾ ਹੈ। ਅਸੀਂ ਆਮ ਜ਼ਿੰਦਗੀ ਵਿੱਚ ਵੀ ਦੇਖਦੇ ਹਾਂ ਕਿ ਸਾਡੇ ਆਲੇ ਦੁਆਲੇ ਸਾਡੀ ਜਾਣ ਪਛਾਣ ਵਾਲੇ ਬੰਦੇ ਵੀ ਅਚਾਨਿਕ ਸੋਝੀ ਹੋਣ ਤੇ ਇੱਕ ਦਮ ਬਦਲ ਜਾਂਦੇ ਨੇ। ਪਰ ਅਗਰ ਮੱਤ ਬਾਂਝ ਹੋ ਗਈ ਫਿਰ ਤਾਂ ਸੋਝੀ ਦਾ ਰਸਤਾ ਹਮੇਸ਼ਾਂ ਹਮੇਸ਼ਾਂ ਲਈ ਬੰਦ ਹੋ ਜਾਵੇਗਾ।
  5. ਮਾਂ ਦਾ ਵਿਧਵਾ ਹੋਣਾ: ਗੁਰਬਾਣੀ ਵਿੱਚ ਨਾਮ ਤੋਂ ਸੱਖਣੇ ਬੰਦਿਆਂ ਦੀ ਮਾਂ ਦੇ ਬਾਂਝ ਹੋਣ ਦੇ ਨਾਲ ਮਾਂ ਦੇ ਵਿਧਵਾ ਹੋ ਜਾਣ ਦੀ ਗੱਲ ਵੀ ਕੀਤੀ ਗਈ ਹੈ। ਅਗਰ ਅਸੀਂ ਇੱਥੇ ਵੀ ਮਾਂ ਦੇ ਅਰਥ ਮੱਤ ਕਰਦੇ ਹਾਂ ਤਾਂ ਉਸ ਨੂੰ ਵਿਧਵਾ ਕਰਨ ਲਈ "ਸੰਤੋਖ" ਦੀ ਮੌਤ ਹੋਣੀ ਚਾਹੀਦੀ ਹੈ। ਕਿਉਂਕਿ ਅਗਰ ਮੱਤ ਮਾਤਾ ਹੈ ਤਾਂ ਸੰਤੋਖ ਨੂੰ ਪਿਤਾ ਕਿਹਾ ਗਿਆ ਹੈ। ਆਉ ਪਹਿਲਾਂ ਉਹਨਾਂ ਸ਼ਬਦਾ ਦੇ ਦਰਸ਼ਨ ਕਰੀਏ ਜਿਥੇ ਮਾ ਦੇ ਵਿਧਵਾ ਹੋ ਜਾਣ ਦਾ ਜ਼ਿਕਰ ਕੀਤਾ ਗਿਆ ਹੈ। ਕਬੀਰ ਸਾਹਿਬ ਰਾਗ ਗਉੜੀ ਵਿੱਚ ਪੰਨਾ 328 ਤੇ ਬਚਨ ਕਰਦੇ ਨੇ ਕਿ "ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ॥ ਬਿਧਵਾ ਕਸ ਨ ਭਈ ਮਹਤਾਰੀ॥ 1॥ ਜਿਹ ਨਰ ਰਾਮ ਭਗਤਿ ਨਹਿ ਸਾਧੀ॥ ਜਨਮਤ ਕਸ ਨ ਮੁਓ ਅਪਰਾਧੀ॥ 1॥ ਰਹਾਓ॥ ਮੁਚੁ ਮੁਚੁ ਗਰਭ ਗਏ ਕੀਨ ਬਚਿਆ॥ ਬੁਡਭੁਜ ਰੂਪ ਜੀਵੇ ਜਗ ਮਝਿਆ॥ 2॥ ਕਹੁ ਕਬੀਰ ਜੈਸੇ ਸੁੰਦਰ ਸਰੂਪ॥ ਨਾਮ ਬਿਨਾ ਜੈਸੇ ਕੁਬਜ ਕੁਰੂਪ॥ 3॥ ਗੁਰੂ ਰਾਮ ਦਾਸ ਸਾਹਿਬ ਖੁਦ ਵੀ ਪੰਨਾ 1262 ਤੇ ਮਾਂ ਦੇ ਵਿਧਵਾ ਹੋਣ ਦੀ ਗੱਲ ਕਰਦੇ ਹਨ। "ਅਨਦਿਨੁ ਹਰਿ ਹਰਿ ਧਿਆਇਓ ਹਿਰਦੈ ਮਤਿ ਗੁਰਮਤਿ ਦੁਖ ਵਿਸਾਰੀ॥ ਸਭ ਆਸਾ ਮਨਸਾ ਬੰਧਨ ਤੂਟੇ ਹਰਿ ਹਰਿ ਪ੍ਰਭਿ ਕਿਰਪਾ ਧਾਰੀ॥ 1॥ ਨੈਨੀ ਹਰਿ ਹਰਿ ਲਾਗੀ ਤਾਰੀ॥ ਸਤਿਗੁਰੁ ਦੇਖਿ ਮੇਰਾ ਮਨ ਬਿਗਸਿਓ ਜਨੁ ਹਰਿ ਭੇਟਿਓ ਬਨਵਾਰੀ॥ ਰਹਾਓ॥ ਜਿਨਿ ਐਸਾ ਨਾਮੁ ਵਿਸਾਰਿਆ ਮੇਰਾ ਹਰਿ ਹਰਿ ਤਿਸ ਕੈ ਕੁਲਿ ਲਾਗੀ ਗਾਰੀ॥ ਹਰਿ ਤਿਸ ਕੈ ਕੁਲਿ ਪਰਸੂਤਿ ਨ ਕਰੀਅਹੁ ਤਿਸੁ ਬਿਧਵਾ ਕਰਿ ਮਹਤਾਰੀ॥ 2॥ ਹਰਿ ਹਰਿ ਆਨਿ ਮਿਲਾਵਹੁ ਗੁਰੁ ਸਾਧੂ ਜਿਸੁ ਅਹਿਨਿਸਿ ਹਰਿ ਉਰਿ ਧਾਰੀ॥ ਗੁਰਿ ਡੀਠੈ ਗੁਰ ਕਾ ਸਿਖੁ ਬਿਗਸੈ ਜਿਉ ਬਾਰਿਕੁ ਦੇਖਿ ਮਹਤਾਰੀ॥ 3॥ ਧਨ ਪਿਰ ਕਾ ਇੱਕ ਹੀ ਸੰਗਿ ਵਾਸਾ ਵਿਚਿ ਹਉਮੈ ਭੀਤਿ ਕਰਾਰੀ॥ ਗੁਰਿ ਪੂਰੈ ਹਉਮੈ ਭੀਤਿ ਤੋਰੀ ਜਨ ਨਾਨਕ ਮਿਲੇ ਬਨਵਾਰੀ॥ 4॥ ਇਹ ਦੋਨੋਂ ਸ਼ਬਦ ਅਤੇ ਪੰਨਾ 697 ਵਾਲਾ ਸ਼ਬਦ (ਜਿਸ ਵਿੱਚ ਮਾਂ ਦੇ ਬਾਂਝ ਹੋਣ ਦੀ ਗੱਲ ਕੀਤੀ ਗਈ ਹੈ) ਵਿਚਕਾਰ ਵਿਸ਼ੇ ਦੀ ਸਾਂਝ ਸਪੱਸ਼ਟ ਦਿਖਾਈ ਦੇ ਰਹੀ ਹੈ। ਤਿੰਨੇ ਸ਼ਬਦ ਸਾਨੂੰ ਦੱਸਦੇ ਨੇ ਕਿ ਜਿਹੜੇ ਬੰਦੇ ਕਰਤਾਰ ਦੇ ਨਾਮ ਨੂੰ ਵਿਸਾਰਦੇ ਨੇ ਚੰਗਾ ਹੁੰਦਾ ਅਗਰ ਉਹਨਾਂ ਦੀ ਮਾਂ ਵਿਧਵਾ ਜਾਂ ਬਾਂਝ ਹੋ ਜਾਂਦੀ ਤਾਂ ਜੋ ਉਹ ਪੈਦਾ ਹੀ ਨ ਹੋ ਸਕਦੇ। ਉੱਪਰ ਦਿੱਤੇ ਸ਼ਬਦਾਂ ਨੂੰ ਜ਼ਰਾ ਜਿੰਨੇ ਗੌਰ ਨਾਲ ਪੜ੍ਹਿਆਂ ਪਤਾ ਲਗਣ ਵਿੱਚ ਦੇਰ ਨਹੀਂ ਲਗਦੀ ਕਿ ਇਥੇ ਬੱਚੇ ਦੇ ਪੈਦਾ ਹੋਣ ਦਾ ਜ਼ਿਕਰ ਹੋ ਰਿਹਾ ਹੇ ਨ ਕਿ ਕਿਸੇ ਖਿਆਲ ਜਾਂ ਵਿਚਾਰ ਦਾ। ਕਬੀਰ ਸਾਹਿਬ ਤਾਂ ਇਹ ਵੀ ਕਹਿੰਦੇ ਨੇ ਜਿਥੇ ਹੋਰ ਅਣਗਿਣਤ ਸ਼ੁਕ੍ਰਾਣੂ (Sperm) ਬੱਚਾ ਬਣਨ ਤੋਂ ਪਹਿਲਾਂ ਹੀ ਖਤਮ ਹੋ ਗਏ ਉਥੇ ਇਸ ਨੂੰ ਵੀ ਖਤਮ ਹੋ ਜਾਣਾ ਚਾਹੀਦਾ ਸੀ। ਅਗਰ ਬੱਚਾ ਬਣ ਪੈਦਾ ਹੋ ਵੀ ਗਇਆ ਤਾਂ ਜੰਮਦੇ ਸਾਰ ਹੀ ਮਰ ਜਾਣਾ ਚਾਹੀਦਾ ਸੀ। ਇਸੇ ਤਰ੍ਹਾਂ ਗੁਰੂ ਰਾਮ ਦਾਸ ਸਾਹਿਬ ਵੀ "ਪਰਸੂਤਿ" ਜਾਣੀ ਗਰਭ ਠਹਿਰਨ ਅਤੇ ਬੱਚੇ ਦੇ ਜੰਮਣ ਦੀ ਹੀ ਗੱਲ ਕਰ ਰਹੇ ਨੇ। ਅਜਿਹੇ ਬੰਦਿਆਂ ਨੂੰ ਆਪਣੀ ਕੁਲ ਤੇ ਦਾਗ ਵੀ ਕਿਹਾ ਗਿਆ ਹੈ। ਕਬੀਰ ਸਾਹਿਬ ਇਹਨਾ ਬੰਦਿਆਂ ਨੂੰ ਅਪਰਾਧੀ ਦੱਸਦੇ ਨੇ। ਸੋ ਇੱਥੇ ਅਗਰ ਮਾਂ ਦੇ ਭਾਵਅਰਥ ਮੱਤ ਕਰਾਂਗੇ ਤਾਂ ਸਪੱਸ਼ਟ ਹੈ ਕਿ ਬੱਚੇ ਦੇ ਪੈਦਾ ਹੋਣ ਦੀ ਗੱਲ ਤਾਂ ਕਿਧਰੇ ਗੁਆਚ ਜਾਏਗੀ ਅਤੇ ਸਮੁੱਚੇ ਸ਼ਬਦ ਦੇ ਅਰਥ ਸਾਫ ਹੋਣ ਦੀ ਵਜਾਏ ਹੋਰ ਧੁੰਧਲੇ ਹੋ ਜਾਣਗੇ। ਆਉ ਹੁਣ ਦੇਖੀਏ ਕਿ ਅਗਰ ਅਸੀਂ ਮਾਂ ਦੇ ਅੱਖਰੀ ਅਰਥ ਕਰਦੇ ਹਾਂ ਤਾਂ ਕੀ ਹੁੰਦਾ ਹੈ।

ਅੱਖਰੀ ਅਰਥਾਂ ਵਿੱਚ ਟਪਲਾ

ਹੁਣ ਸਵਾਲ ਪੈਦਾ ਹੁੰਦਾ ਹੈ ਅਗਰ ਭਾਵਅਰਥ ਸਾਡੀ ਮਦਦ ਨਹੀਂ ਕਰਦੇ ਤਾਂ ਕੀ ਅੱਖਰੀ ਅਰਥਾਂ ਨਾਲ ਸ਼ਬਦ ਦਾ ਸੁਨੇਹਾ ਨਿੱਖਰ ਕੇ ਸਾਹਮਣੇ ਆਉਂਦਾ ਹੈ ਜਾਂ ਨਹੀਂ। ਅੱਖਰੀ ਅਰਥਾਂ ਨੂੰ ਨਕਾਰਦਿਆਂ ਬਹੁਤੇ ਵਿਦਵਾਨ ਇੱਕ ਟਪਲਾ ਖਾਂਦੇ ਨੇ। ਉਹ ਸਮਝਦੇ ਨੇ ਕਿ ਇਥੇ ਮਾਂ ਦੇ ਬਾਂਝ ਹੋਣ ਦੀ ਜਾਂ ਵਿਧਵਾ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਜਦਕਿ ਇਹਨਾਂ ਸ਼ਬਦਾਂ ਵਿੱਚ ਜ਼ੋਰ ਇਸ ਗੱਲ ਤੇ ਹੈ ਕਿ ਅਜਿਹਾ ਬੱਚਾ ਪੈਦਾ ਹੀ ਨ ਹੁੰਦਾ ਤਾਂ ਚੰਗਾ ਸੀ। ਪੈਦਾ ਉਹ ਤਾਂ ਹੀ ਨ ਹੁੰਦਾ ਅਗਰ ਉਸਦੀ ਮਾਂ ਬਾਂਝ ਹੋਵੇ ਜਾਂ ਵਿਧਵਾ ਹੋਵੇ। ਇਸ ਲਈ ਉਸਦੀ ਮਾਂ ਦੇ ਬਾਂਝ ਹੋਣ ਜਾਂ ਵਿਧਵਾ ਹੋਣ ਦੀ ਗੱਲ ਕੀਤੀ ਗਈ ਹੈ। ਗੁਰਬਾਣੀ ਬੇਸ਼ੱਕ ਉੱਚ ਪਾਏ ਦਾ ਫਲਸਫਾ (ਬ੍ਰਹਮ ਵਿਚਾਰ) ਹੈ ਪਰ ਇਹ ਸਾਡੇ ਤਕ ਪਹੁੰਚਦਾ ਸਾਹਿਤ (ਗੀਤ) ਦੇ ਜ਼ਰੀਏ ਹੀ ਹੈ। ਸੋ ਇਸ ਨੂੰ ਸਮਝਣ ਲਈ ਸਾਨੂੰ ਸਾਹਿਤ ਨੂੰ ਸਮਝਣ ਦੇ ਅਸੂਲ ਹੀ ਅਪਨਾਉਣੇ ਪੈਣਗੇ। ਸਾਹਿਤ ਵਿੱਚ ਲਿਖਾਰੀ ਆਪਣੀ ਗੱਲ਼ ਕਹਿਣ ਲਈ ਅਕਸਰ ਪ੍ਰਚਲਤ ਮੁਹਾਵਰੇ, ਅਖਾਣ ਅਦਿਕ ਦੀ ਵਰਤੋ ਕਰਦਾ ਹੈ। ਪੰਜਾਬੀ ਅਤੇ ਭਾਰਤੀ ਸਮਾਜ ਵਿੱਚ ਅਸੀਂ ਅਕਸਰ ਦੇਖਦੇ ਸੁਣਦੇ ਹਾਂ ਕਿ ਅਗਰ ਔਲਾਦ ਭੈੜੀ ਨਿਕਲਦੀ ਹੈ ਤਾਂ ਅਕਸਰ ਇਹ ਕਿਹਾ ਜਾਂਦਾ ਏ।

  • ਇਹਦੇ ਨਾਲੋਂ ਤਾਂ ਤੂੰ ਜੰਮਦਾ ਹੀ ਨਾ
  • ਜਿਹਾ ਤੂੰ ਜੰਮਿਆ ਜਿਹਾ ਨ ਜੰਮਿਆ
  • ਤੇਰੇ ਜੰਮਣ ਖੁਣੋ ਕੀ ਥੁੜਿਆ ਸੀ
  • ਤੇਰੇ ਜੰਮਣ ਖੁਣੋਂ ਕਿਹੜਾ ਗੱਡਾ ਖੜਾ ਸੀ
  • ਜੰਮ ਕੇ ਕਿਹੜਾ ਚੰਦ ਚਾੜ੍ਹ ਤਾ

ਇਸ ਤਰ੍ਹਾਂ ਦੀਆਂ ਗੱਲਾਂ ਲੋਕ ਆਮ ਕਰਦੇ ਸੁਣੇ ਜਾ ਸਕਦੇ ਨੇ। ਜਦੋਂ ਉਹ ਇਹ ਸਭ ਕਹਿੰਦੇ ਨੇ ਤਾਂ ਉਹਨਾਂ ਦਾ ਮਤਲਬ ਮਾਂ ਬਾਪ ਨੂੰ ਨਿੰਦਣਾ ਨਹੀਂ ਹੁੰਦਾ ਬਲਕਿ ਉਸ ਬੰਦੇ ਨੂੰ ਇਹ ਅਹਿਸਾਸ ਕਰਾਉਣਾ ਹੈ ਕਿ ਉਹ ਆਪਣੀ ਜ਼ਿੰਦਗੀ ਅਜਾਈਂ ਗੁਆ ਰਿਹਾ ਹੈ। ਬਸ ਇਹੀ ਗੱਲ ਇਹਨਾਂ ਸ਼ਬਦਾਂ ਵਿੱਚ ਕਹੀ ਜਾ ਰਹੀ ਹੈ। ਮਨੁੱਖਾ ਦੇਹੀ ਜੋ ਕਿ ਇੱਕ ਅਣਮੋਲ ਦਾਤ ਹੈ ਨੂੰ ਕੁਰਾਹੇ ਪੈ ਅਜਾਈਂ ਗੁਆਉਣ ਵਾਲਿਆਂ ਨੂੰ ਕਿਹਾ ਗਿਆ ਹੈ ਕਿ ਇਸ ਨਾਲੋ ਤਾਂ ਚੰਗਾ ਸੀ ਉਹ ਨ ਹੀ ਜੰਮਦੇ। "ਹੀਰੈ" ਜੈਸੈ ਜਨਮ ਨੂੰ "ਕੌਡੀ" ਦੇ ਭਾਅ ਗੁਆਉਣ ਵਾਲੇ ਨੂੰ ਤਾਂ ਚੰਗਾ ਸੀ ਕਰਤਾਰ ਇਹ "ਹੀਰਾ" ਨਾ ਹੀ ਦੇਵੇ। ਗੁਰੂ ਸਾਹਿਬ ਨ ਤਾਂ ਕਿਸੇ ਦੀ ਮਾਂ ਨੂੰ ਵਿਧਵਾ ਜਾ ਬਾਂਝ ਹੋਣ ਦੀ ਦੁਰਅਸੀਸ ਦੇ ਰਹੇ ਨੇ ਨ ਹੀ ਕਰਤਾਰ ਅਗੇ ਅਰਦਾਸ ਕਰ ਰਹੇ ਨੇ ਕਿ ਅਜਿਹੇ ਬੱਚੇ ਪੈਦਾ ਹੋਣੇ ਬੰਦ ਹੋ ਜਾਣ। ਇਹ ਦੋਨੋਂ ਗੱਲਾਂ ਗੁਰਮਤਿ ਦੇ ਉਲਟ ਨੇ। ਸ਼ਬਦ ਦਾ ਮਨੋਰਥ ਸਾਨੂੰ ਸਭ ਨੂੰ ਚੰਗੈ ਪਾਸੇ ਲਗਣ ਦੀ ਪ੍ਰੇਰਣਾ ਦੇਣਾ ਹੈ ਜਿਸ ਲਈ ਇਹ ਲੋਕੋਕਤੀ ਜਾਂ ਮੁਹਾਵਰੇ ਦੀ ਵਰਤੋਂ ਕੀਤੀ ਗਈ ਹੈ। ਲਿਖਾਰੀ ਆਪਣੇ ਪਾਠਕ ਨੂੰ ਜਗਾਉਣ ਲਈ ਅਕਸਰ ਕਈ ਵਾਰ ਕਰੜੀ ਬੋਲੀ ਦਾ ਵੀ ਇਸਤੇਮਾਲ ਕਰਦੇ ਨੇ। ਲਫ਼ਜ਼ "ਬਾਂਝ" ਅਤੇ "ਬਿਧਵਾ" ਇਸੇ ਵਿਧੀ ਦਾ ਹਿੱਸਾ ਨੇ। ਇਸ ਨੂੰ ਇੱਕ ਮਿਸਾਲ ਨਾਲ ਸਮਝਦੇ ਹਾਂ। ਕਬੀਰ ਸਾਹਿਬ ਆਪਣੇ ਇੱਕ ਸਲੋਕ ਵਿੱਚ ਆਖਦੇ ਨੇ ਕਿ ਜਿਹੜਾ ਗੁਰੂ ਭਰਮ ਨੂੰ ਨ ਮਿਟਾ ਸਕੇ ਉਸਦੀ ਮਾਂ ਦਾ ਸਿਰ ਮੁੰਨ ਦੇਣਾ ਚਾਹੀਦਾ ਹੈ। "ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮੁ ਨ ਜਾਇ॥ ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ॥ 104॥" ਪੰਨਾ 1370. ਮਾਂ ਦਾ ਸਿਰ ਮੁੰਨਣ ਦਾ ਸਹੀ ਭਾਂਵ ਸਮਝਣ ਲਈ ਸਾਨੂੰ ਇਹ ਯਾਦ ਰੱਖਣਾ ਪਵੇਗੀ ਕਿ ਕਬੀਰ ਸਾਹਿਬ ਜ੍ਹਿਨਾ ਲੋਕਾਂ ਨੂੰ ਸੰਬੋਧਿਤ ਸਨ ਉਹਨਾਂ ਲੋਕਾਂ ਵਿੱਚ ਕੇਸਾਂ ਨੂੰ ਕੱਟਣਾ ਸਹੀ ਨਹੀਂ ਸਮਝਿਆ ਜਾਂਦਾ ਸੀ। ਭਾਈ ਕਾਨ੍ਹ ਸਿੰਘ ਵੀ ਮਹਾਨਕੋਸ਼ ਵਿੱਚ ਇਸ ਗੱਲ ਦੀ ਗਵਾਹੀ ਦਿੰਦੇ ਲਿਖਦੇ ਨੇ ਕਿ "ਪੁਰਾਣੇ ਸਮੇ ਸਭ ਲੋਕ ਕੇਸ ਰੱਖਦੇ ਸਨ ਅਤੇ ਕੇਸਾਂ ਦਾ ਕੱਟਣਾ ਵੱਡਾ ਪਾਪ ਸੀ। ਦੇਖੋ ਅਥਰਵ ਵੇਦ ਅ: 6 ਮੰਤ੍ਰ 30 ਅਤੇ 136. ਯਮਸਿਮ੍ਰਿਤਿ ਸ਼: 53 ਤੋਂ 58, ਆਪਸਤੰਬ ਸਿਮ੍ਰਿਤਿ ਅ: 1 ਸ਼ਾਖਾ 32-33, ਪਰਾਸ਼ਰ ਸਿਮ੍ਰਿਤਿ ਅ: 9 ਸ਼ਾਖਾ 52 ਤੋਂ 54 ਅਤੇ ਅ: 10 ਸ਼: 12" (6)। ਕਿਸੇ ਦੇ ਕੇਸ ਕੱਟੇ ਜਾਣ ਤਾਂ ਇਹ ਬੇਹੱਦ ਬੇਇਜ਼ਤੀ ਵਾਲੀ ਗਲ ਮੰਨੀ ਜਾਂਦੀ ਸੀ। ਔਰ ਅਗਰ ਇਹ ਗਲ ਕਿਸੇ ਸ਼ਖਸ ਦੀ ਮਾਂ ਨਾਲ ਹੂੰਦੀ ਸੀ ਤਾਂ ਇਹ ਹੋਰ ਵੀ ਅਪਮਾਨਜਨਕ ਸਮਝੀ ਜਾਂਦੀ ਸੀ। ਬੰਦਾ ਆਪਣੀ ਬੇਇਜ਼ਤੀ ਤਾਂ ਬਰਦਾਸ਼ਤ ਕਰ ਲੈਂਦਾ ਪਰ ਆਪਣੀ ਮਾਂ ਦੀ ਬੇਇਜ਼ਤੀ ਨਹੀਂ ਸਹਾਰ ਸਕਦਾ। ਅਗਰ ਅਸੀਂ ਪਾਠਕ ਦੀ ਇਸ ਮਨੋਸਥਿਤੀ ਨੂੰ ਸਾਹਮਣੇ ਰੱਖ ਕੇ ਇਸ ਸ਼ਲੋਕ ਦੇ ਅਰਥ ਕਰਦੇ ਹਾਂ ਤਾਂ ਅਸੀਂ ਸਮਝ ਜਾਂਦੇ ਜਾਂ ਕਿ ਇਥੇ ਗੱਲ ਗੁਰੂ ਦੀ ਮਾਂ ਦੀ ਨਹੀਂ ਬਲਕਿ ਉਸ ਗੁਰੂ ਦੀ ਆਪਣੀ ਹੀ ਹੋ ਰਹੀ ਹੈ, ਉਸਦੇ ਸਤਿਕਾਰ ਦੀ ਹੋ ਰਹੀ ਹੈ, ਉਸਦੇ ਸਤਿਕਾਰ ਤੇ ਸਵਾਲੀਆ ਨਿਸ਼ਾਨ ਲਗ ਰਿਹਾ ਹੈ। ਜਿਹੜਾ ਗੁਰੂ ਚੇਲੇ ਦੀ ਭਟਕਣਾ ਨਹੀ ਦੂਰ ਕਰ ਸਕਦਾ ਉਸਦੇ ਚੇਲੇ ਦੇ ਮਨ ਵਿੱਚ ਉਸ ਦਾ ਕੋਈ ਸਤਿਕਾਰ ਨਹੀਂ ਹੋਣਾ ਚਾਹੀਦਾ। ਕਿਉਂਕਿ ਉਹ ਇਸਦੇ ਕਾਬਲ ਨਹੀਂ ਹੈ। ਉਹ ਆਪ ਤਾਂ ਡੁਬਿਆ ਹੋਇਆ ਹੈ ਹੀ ਪਰ ਨਾਲ ਆਪਣੇ ਚੇਲਿਆਂ ਨੂੰ ਵੀ ਡੁਬੋ ਰਿਹਾ ਹੈ। ਕਬੀਰ ਸਾਹਿ ਇਹ ਨਹੀਂ ਕਹਿ ਰਹੇ ਕਿ ਅਜਿਹੇ ਗੁਰੂ ਦੀ ਮਾਂ ਦਾ ਫੜ ਕੇ ਮੁੰਡਨ ਕਰ ਦਿਉ। ਬਲਕਿ ਕਬੀਰ ਸਾਹਿਬ ਦਾ ਇਸ਼ਾਰਾ ਇਥੇ ਪੰਡਿਤ ਵੱਲ ਹੈ ਜੋ ਸਮਾਜ ਵਿੱਚ ਬਹੁਤ ਹੀ ਸਤਿਕਾਰ ਵਾਲਾ ਰੁਤਬਾ ਰੱਖਦਾ ਸੀ। ਮੁੰਡਨ ਉਸ ਗੁਰੂ ਦੇ ਸਤਿਕਾਰ ਦੇ ਕਰਨ ਲਈ ਕਹਿ ਰਹੇ ਨੇ ਨਾ ਕਿ ਉਸ ਦੀ ਮਾਂ ਦਾ। ਪਾਠਕ ਨੂੰ ਹਲੂਣਾ ਦੇਣ ਲਈ ਉਹਨਾਂ ਇਹ ਕਰੜ੍ਹੇ ਲਫ਼ਜ਼ ਵਰਤੇ ਨੇ। ਵੀਰ ਭੁਪਿੰਦਰ ਸਿੰਘ ਜੀ ਕਹਿੰਦੇ ਨੇ ਕਿ "ਮਾਏ ਮੁੰਡਓ ਦੇ ਅ੍ਰਥ ਹਨ ਜਿਥੋ ਭੈੜੇ ਖਿਆਲ ਆਉਂਦੇ ਨੇ ਉਹ ਕੁਨੈਕਸ਼ਨ ਤੋੜ ਦੇ। ਕੁਸੰਗਤ ਨ ਕਰਿਆ ਕਰ"। (4) ਇਹ ਅਰਥ ਸਾਨੂੰ ਸੰਦਰਭ ਤੋਂ ਦੂਰ ਲਿਜਾਂਦੇ ਨੇ। ਇਹ ਭੈੜੈ ਖਿਆਲ ਸਮਾਜ ਵਿੱਚ ਪੰਡਤ ਸੋਚੀ ਸਮਝੀ ਚਾਲ ਤਹਿਤ ਜਬਰਦਸਤੀ ਠੋਸ ਰਿਹਾ ਹੈ ਅਤੇ ਆਪ ਸਤਿਕਾਰ ਵਾਲੀ ਪਦਵੀ ਤੇ ਵੀ ਸੁਸ਼ੋਬਿਤ ਹੈ। ਜਦੋਂ ਤਕ ਇਸ ਵਿਵਸਥਾ ਦਾ ਖੰਡਨ ਨਹੀਂ ਹੁੰਦਾ ਉਦੋ ਤਕ ਜੋ "ਕੁਨੈਕਸ਼ਨ" ਨੂੰ ਤੋੜਣ ਦੀ ਗਲ ਹੋ ਰਹੀ ਹੈ ਉਹ ਹਵਾ ਵਿੱਚ ਤੀਰ ਚਲਾਉਣ ਬਰਾਬਰ ਹੈ। ਇਹਨਾ ਅਰਥਾਂ ਨਾਲ ਪਾਠਕ ਸੇਧ ਮਿਲਣ ਦੀ ਬਜਾਏ ਕੁਰਾਹੇ ਪੈਂਦਾ ਹੈ। ਜਿਹੜਾ ਪੰਡਤ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ ਉਸਦੀ ਸਤਿਕਾਰ ਵਾਲੀ ਪਦਵੀ ਜਾਣੀ ਚਾਹੀਦੀ ਹੈ ਪਰ ਇਹ ਅਰਥ ਉਹ ਪਦਵੀ ਬਰਕਰਾਰ ਰੱਖ ਰਹੇ ਨੇ।

ਸ਼ਬਦ ਦੇ ਅਰਥ

ਇਸ ਸਾਰੀ ਵਿਚਾਰ ਤੋਂ ਬਾਅਦ ਅਸੀਂ ਇਸ ਸਿੱਟੇ ਤੇ ਪੁੱਜਦੇ ਹਾਂ ਕਿ ਇਸ ਸ਼ਬਦ ਵਿੱਚ "ਮਾਤ" ਦੇ ਅਰਥ ਮੱਤ ਕਰਨ ਨਾਲੋਂ ਅਗਰ ਮਾਂ ਕਰੀਏ ਤਾਂ ਹੀ ਸਹੀ ਰਹੇਗਾ। ਪ੍ਰੋ ਸਾਹਿਬ ਸਿੰਘ ਆਪਣੇ ਅਰਥ ਕਰਦਿਆਂ ਜੋ ਬ੍ਰੈਕਟਾਂ ਵਿੱਚ ਲਿਖਦੇ ਨੇ ਉਹ ਬਹੁਤ ਮਹੱਤਵ ਪੂਰਣ ਹੈ। ਉਹਨਾਂ ਦੇ ਕੀਤੇ ਅਰਥ ਫਿਰ ਦੁਹਰਾ ਰਿਹਾ ਹਾਂ। "ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ ਉਹਨਾ ਦੀ ਮਾਂ ਨੂ ਹਰੀ ਬਾਂਝ ਹੀ ਕਰ ਦਿਆ ਕਰੇ (ਤਾਂ ਚੰਗਾ ਹੈ, ਕਿਉਂਕਿ) ਉਹਨਾ ਦਾ ਸਰੀਰ ਹਰਿ-ਨਾਮ ਤੋਂ ਸੁੰਞਾ ਰਹਿੰਦਾ ਹੈ, ਉਹ ਨਾਮ ਤੋਂ ਵਾਜੇ ਹੀ ਤੁਰੇ ਫਿਰਦੇ ਹਨ, ਅਤੇ, ਉਹ ਕ੍ਰੁਝ ਕ੍ਰੁਝ ਕੇ ਖੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ।" ਮਾਂ ਦਾ ਬਾਂਝ ਹੋਣਾ ਹੀ ਚੰਗਾ ਹੈ ਤਾਂ ਜੋ ਅਜਿਹਾ ਬੰਦਾ ਪੇਦਾ ਹੀ ਨ ਹੋਵੇ। ਪ੍ਰੋ ਸਾਹਿਬ ਇਹ ਨਹੀ ਲਿਖ ਰਹੇ ਕਿ ਮਾਂ ਨੂੰ ਬਾਂਝ ਕਰ ਦੇਵੇ ਬਲਕਿ ਇਹ ਕਹਿੰਦੇ ਨੇ ਕਿ ਬਾਂਝ ਹੀ ਕਰ ਦੇਵੇ ਤਾਂ ਚੰਗਾ ਹੈ। ਇਹ ਸੂਖਮ ਅੰਤਰ ਬਹੁਤ ਮਾਇਨੇ ਰੋਖਦਾ ਹੈ।

ਵਿਦਵਾਨ ਸੱਜਣ ਇਹ ਵੀ ਦਾਅਵਾ ਕਰਦੇ ਨੇ ਕਿ ਅੱਖਰੀ ਅਰਥ ਕੀਤਿਆਂ ਰਹਾਓ ਵਾਲੀ ਤੁਕ ਅਤੇ ਬਾਕੀ ਸ਼ਬਦ ਦੇ ਅਰਥ ਆਪਸ ਵਿੱਚ ਮੇਲ ਨਹੀਂ ਖਾਂਦੇ। ਆਉ ਉਪਰਲੀ ਵਿਚਾਰ ਦੀ ਰੌਸ਼ਨੀ ਵਿੱਚ ਦੇਖੀਏ ਕਿ ਕੀ ਇਹ ਸੱਚ ਹੈ।

ਰਹਾਓ ਵਾਲੀ ਤੁਕ ਵਿੱਚ ਸ਼ਬਦ ਦਾ ਮੁਖ ਭਾਵ ਬਿਆਨ ਕਰਦੇ ਕਿਹਾ ਗਿਆ ਹੈ ਕਿ ਕਰਤਾਰ ਦੀ ਕ੍ਰਿਪਾ ਨਾਲ ਉਸ ਦੇ ਹੁਕਮ ਦੀ ਜੋ ਸੋਝੀ ਗੁਰੂ ਗਿਆਨ ਦੁਆਰਾ ਹੁੰਦੀ ਹੈ ਉਸ ਨੂੰ ਸਦਾ ਹੀ ਯਾਦ ਰੱਖਣਾ ਚਾਹੀਦਾ ਹੈ।

ਪਹਿਲੀ ਤੁਕ ਵਿੱਚ, ਜਿਹੜੇ ਬੰਦੇ ਕਰਤਾਰ ਦੇ ਹੁਕਮ ਨੂੰ ਬੁਝ ਜ਼ਿੰਦਗੀ ਨਹੀਂ ਬਸਰ ਕਰਦੇ ਉਹਨਾ ਦਾ ਜੰਮਣਾ ਹੀ ਨਕਾਰਥ ਦੱਸ ਕਿਹਾ ਗਿਆ ਹੈ ਕਿ ਉਹ ਨ ਹੀ ਜੰਮਦੇ ਤਾਂ ਚੰਗਾ ਸੀ ਕਿਉਂਕਿ ਉਹ ਮਨੁੱਖਾ ਜਨਮ ਦੀ ਇਸ ਵਡਮੁੱਲੀ ਦਾਤ ਨੂੰ ਅਜਾਈਂ ਗੁਆ ਰਹੇ ਨੇ ਇਸ ਲਈ ਕਰਤਾਰ ਉਹਨਾ ਦੀ ਮਾਂ ਨੂੰ ਬਾਂਝ ਹੀ ਕਰ ਦਿੰਦਾ ਤਾਂ ਚੰਗਾ ਸੀ। ਉਹਨਾਂ ਦਾ ਜਨਮ (ਮਨੁੱਖਾ ਦੇਹ) ਸੁੰਨ ਉਜਾੜ ਹੈ ਜਿੱਥੇ ਉਹ ਪਲ ਪਲ ਖਪਦੇ ਖਿਝਦੇ ਰਹਿੰਦੇ ਨੇ।

ਦੂਜੀ ਤੁਕ ਵਿੱਚ ਇਸ ਸੋਝੀ ਦੀ ਸਿਫਤ ਸਲਾਹ ਨੂੰ ਉਤਮ ਦੱਸ ਉਸ ਗੁਰੂ ਦੇ ਕੁਰਬਾਨ ਜਾਣ ਦੀ ਗੱਲ ਕੀਤੀ ਹੈ ਜਿਸ ਨੇ ਇਹ ਸੋਝੀ ਬਖਸ਼ੀ।

ਤੀਜੀ ਤੁਕ ਵਿੱਚ ਚੰਗੀ ਕਿਸਮਤ ਨਾਲ ਉਸ ਗੁਰੂ ਦੇ ਮਿਲਣ ਦੀ ਗੱਲ ਕੀਤੀ ਗਈ ਹੈ ਜਿਸ ਨੇ ਸਾਰੀ ਮੈਲ਼ ਦੂਰ ਕਰ ਮਨ ਗੁਣਾ ਨਾਲ ਭਰ ਦਿੱਤਾ।

ਚੌਥੀ ਤੁਕ ਵਿੱਚ ਦੱਸਿਆਂ ਗਿਆ ਹੈ ਕਿ ਜਦੋ ਇਹ ਸੋਝੀ ਮਨ ਵਿੱਚ ਬੈਠ ਜਾਂਦੀ ਹੈ ਤਾਂ ਕਿਸੇ ਧਰਮ ਰਾਜ ਜਾਂ ਮੌਤ ਦਾ ਡਰ ਨਹੀਂ ਰਹਿੰਦਾ। ਕਿਉਂਕਿ ਉਹ ਹੁਣ ਮੌਤ ਅਤੇ ਜ਼ਿੰਦਗੀ ਦੀ ਅਸਲੀਅਤ ਨੂੰ ਸਮਝ ਜਾਂਦੇ ਨੇ ਕਿ ਇਹ ਸਾਰਾ ਕੁੱਝ ਉਸ ਦੇ ਹੁਕਮ ਅਧੀਨ ਹੋ ਰਿਹਾ ਹੈ ਨ ਕਿ ਕਿਸੇ ਧਰਮ ਰਾਏ ਦੇ ਲੇਖੇ ਜੋਖੇ ਨਾਲ।

ਨੋਟ ਕਰਨ ਵਾਲੀ ਗੱਲ ਹੈ ਕਿ ਸ਼ਬਦ ਦੀ ਪਹਿਲੀ ਤੁੱਕ ਵਿੱਚ ਬੰਦੇ ਦੇ ਜਨਮ ਦੀ ਗਲ ਕੀਤੀ ਗਈ ਹੈ ਅਤੇ ਆਖਰੀ ਤੁਕ ਵਿੱਚ ਮੌਤ ਅਤੇ ਮੌਤ ਦੇ ਡਰ ਤੋਂ ਮੁਕਤ ਹੋਣ ਦੀ ਗਲ ਕੀਤੀ ਗਈ ਹੈ ਜਿਹੜਾ ਹੁਕਮ ਦੀ ਸੋਝੀ ਨਾਲ ਹੀ ਹੁੰਦਾ ਹੈ। "ਭਈ ਪਰਾਪਤ ਮਾਨੁਖ ਦੇਹੁਰੀਆ" ਦਾ ਇਹ ਹੀ ਅਸਲੀ ਮੰਤਵ ਵੀ ਹੈ। ਜਨਮ ਤੋਂ ਮੌਤ ਤਕ ਦਾ ਸਫਰ ਤਾਂ ਹੀ ਸਫਲ ਹੈ ਅਗਰ ਬੰਦਾ ਇਹ ਸਮਝ ਜਾਏ ਇਹ ਸਭ ਕਰਤਾਰ ਦੇ ਹੁਕਮ ਦੀ ਹੀ ਖੇਡ ਹੈ। ਅਗਰ ਨਹੀਂ ਸਮਝਿਆ ਤਾਂ ਇਸ ਸਫਰ ਅਸਫਲ ਹੈ। ਇਸ ਨਾਲੋਂ ਤਾਂ ਚੰਗਾ ਹੋਵੇ ਜੇ ਸਫਰ ਨ ਹੀ ਸ਼ੁਰੂ ਹੋਵੇ। ਜਨਮ ਨ ਹੀ ਹੋਵੇ। ਸਪੱਸ਼ਟ ਹੈ ਕਿ ਅੱਖਰੀ ਅਰਥ ਕਰਦਿਆਂ ਅਰਥ ਸਹੀ ਸੇਧ ਵਿੱਚ ਜਾਂਦੇ ਨੇ ਜਦਕਿ ਭਾਵਅਰਥ ਕਰਦਿਆਂ ਕਈ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਜਿਸ ਗੁਰੂ ਗਿਆਨ ਦੀ ਗੱਲ ਰਹਾਓ ਵਾਲੀ ਤੁਕ ਵਿੱਚ ਕੀਤੀ ਗਈ ਹੈ ਭਾਵਅਰਥ ਮੱਤ ਦੇ ਬਾਂਝ ਹੋਣ ਨਾਲ ਉਸ ਗੁਰੂ ਗਿਆਨ ਦਾ ਬੂਹਾ ਸਦਾ ਸਦਾ ਲਈ ਭੀੜਿਆ ਜਾਂਦਾ ਹੈ। ਮੱਤ (ਦਿਮਾਗ) ਤੋਂ ਬਿਨਾਂ ਗਿਆਨ ਦਾ ਹੋਰ ਕੋਈ ਰਸਤਾ ਹੀ ਨਹੀਂ ਹੈ। ਇੱਕ ਤਰ੍ਹਾਂ ਨਾਲ ਭਾਵਅਰਥ "ਮੱਤ" ਕਰਨ ਵਾਲੇ ਸੱਜਣ ਆਪਣੀ ਗੱਲ ਨੂੰ ਆਪ ਹੀ ਕੱਟ ਰਹੇ ਨੇ। ਅੱਖਰੀ ਅਰਥ ਬੰਦੇ ਨੂੰ ਉਸ ਦਾ ਜੰਮਣਾ ਨਕਾਰਥ ਦੱਸ, ਉਸ ਦੀ ਮਾਂ ਦੇ ਬਾਂਝ ਹੋ ਜਾਣ ਦਾ ਨਹੋਰਾ ਮਾਰ, ਸਹੀ ਰਸਤੇ ਤੇ ਚਲਣ ਲਈ ਪ੍ਰੇਰਦੇ ਨੇ। ਲਫ਼ਜ਼ "ਮਾਤ" ਦੇ ਭਾਵਅਰਥ ਕਰਨ ਦੀ ਬਜਾਏ "ਬਾਂਝ ਹੋ ਜਾਣ" ਜਾਂ "ਵਿਧਵਾ ਹੋ ਜਾਣ" ਦੇ ਭਾਵਅਰਥ ਸਮਝਣ ਦੀ ਜ਼ਰੂਰਤ ਹੈ ਜਿਸ ਨਾਲ ਸਾਰੇ ਅਰਥ ਨਿੱਖਰ ਕੇ ਸਾਹਮਣੇ ਆਉਂਦੇ ਨੇ।

ਹਵਾਲੇ ਅਤੇ ਨੋਟ

  1. ਕੁਝ ਹਫਤੇ ਪਹਿਲਾਂ ਹੀ ਇ: ਦਰਸ਼ਨ ਸਿੰਘ ਖਾਲਸਾ ਨੇ ਸਿੱਖ ਮਾਰਗ ਤੇ ਲਿਖਦਿਆਂ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ।
  2. ਗਿਆਨੀ ਜਸਵੰਤ ਮੋਰਜੰਡ ਦੀ ਇਸ ਸ਼ਬਦ ਦੀ ਕਥਾ ਵਿਚਾਰ ਹੇਠ ਦਿੱਤੇ ਜੂ ਟਿਊਬ ਲਿੰਕ ਤੇ ਸੁਣ ਸਕਦੇ ਹੋ। https://www.youtube.com/watch?v=vCtqP0CSIko
  3. ਇਹ ਫੇਸਬੁੱਕ ਪੇਜ ਦਾ ਨਾਮ ਮਨ ਨੀਵਾਂ ਮੱਤ ਉਚੀ ਹੈ। ਇਥੇ ਵੀ ਇਸ ਦੀ ਵਿਆਖਿਆ ਇਸ ਤਰ੍ਹਾਂ ਹੀ ਕੀਤੀ ਗਈ ਹੈ। ਫੇਸ ਬੁੱਕ ਦਾ ਲਿੰਕ ਹੈ। https://www.facebook.com/1mnmu/posts/gurbani-vichar-of-dayjin-har-hirde-nam-na-basyo-tin-maat-kije-har-banjha-ank-697/473083742853755/
  4. ਵੀਰ ਭੁਪਿੰਦਰ ਸਿੰਘ ਜੀ ਦੇ ਕੀਤੇ ਅਰਥ ਇਸ ਲਿੰਕ ਤੇ ਸੁਣੇ ਜਾ ਸਕਦੇ ਨੇ। https://www.youtube.com/watch?v=07zVDFLlsgk
  5. ਦਿਮਾਗੀ ਧੁੰਦ ਵਾਰੇ ਇਸ ਲਿੰਕ ਤੇ ਪੜ੍ਹ ਸਕਦੇ ਹੋ: https://www.medicalnewstoday.com/articles/320111.php
  6. ਮਹਾਨਕੋਸ਼ ਵਿੱਚ "ਮੁੰਡਨ" ਦੇ ਅਰਥ ਕਰਦਿਆਂ ਉਹਨਾਂ ਇਹ ਲਿਖਿਆ ਹੈ।

ਬੇਨਤੀ

ਮੇਰੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਲਿਖੇ ਹੋਰ ਲੇਖ ਅਤੇ ਗੁਰਬਾਣੀ ਦਾ ਅੰਗਰੇਜ਼ੀ ਵਿੱਚ ਉਲਥਾ ਪੜ੍ਹਨ ਲਈ ਮੇਰੀ ਵੈੱਬ ਸਾਈਟ www.understandingguru.com ਤੇ ਤੁਹਾਡਾ ਤਹਿਦਿਲੋਂ ਸਵਾਗਤ ਹੈ।




.