.

ਰੱਬੀ ਮਿਲਨ ਦੀ ਬਾਣੀ

ਸਲੋਕ ਮ: ੯

ਦੀ ਵਿਚਾਰ

ਚੁਤਾਲੀਵਾਂ ਸਲੋਕ

ਵੀਰ ਭੁਪਿੰਦਰ ਸਿੰਘ

44. ਚੁਤਾਲੀਵਾਂ ਸਲੋਕ -

ਏਕ ਭਗਤਿ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨਿ ॥

ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹਿ ਤਨੁ ॥44॥

‘ਏਕ ਭਗਤਿ’ ਵੀ ਸਮਝਣਾ ਪਵੇਗਾ! ਅਸੀਂ ਸਾਰੇ ਕਹੀ ਜਾਂਦੇ ਹਾਂ ਕਿ ਰੱਬ ਇਕ ਹੁੰਦਾ ਹੈ ਪਰ ਫਿਰ ਅਸੀਂ ਸਾਰੇ ਇਕ ਦੂਜੇ ਨਾਲ ਲੜੇ ਕਿਉਂ ਹੋਏ ਹਾਂ। ਜੇ ਸਾਡੇ ਸਾਹਮਣੇ ਕੋਈ ਰਾਮ ਕਹਿ ਦੇਵੇ ਤਾਂ ਸਾਨੂੰ ਚੰਗਾ ਨਹੀਂ ਲਗਦਾ, ਰਾਮ ਕਹਿਣ ਵਾਲੇ ਦੇ ਸਾਹਮਣੇ ਕੋਈ ਖੁਦਾ ਕਹਿ ਦੇਵੇ ਉਹ ਵੀ ਸਾਨੂੰ ਚੰਗਾ ਨਹੀਂ ਲਗਦਾ, ਕਿਉਂਕਿ ਅਸੀਂ ਇਕ ਰੱਬ ਮੰਨ ਹੀ ਨਹੀਂ ਰਹੇ। ਅਸੀਂ ਇਸ ਸਿਧਾਂਤ ਨੂੰ ਜਿਊ ਹੀ ਨਹੀਂ ਰਹੇ! ਰੱਬ ਦਾ ਨਾਮ ਜੋ ਮਰਜ਼ੀ ਰੱਖ ਲਉ - ‘ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ’। ਅਸੀਂ ‘ਏਕ ਭਗਤਿ ਭਗਵਾਨ’ ਤੇ ਸਿੱਖੇ ਹੀ ਨਹੀਂ ਹਾਂ। ਧਾਰਮਕ ਸਥਾਨਾਂ ਤੇ ਜਾਂ ਧਾਰਮਕ ਸਥਾਨਾਂ ਤੋਂ ਬਾਹਰ ਵੀ ਰੱਬ ਦੇ ਨਾਮ ਤੇ ਲੜਾਈਆਂ ਹੁੰਦੀਆਂ ਹਨ। ਰੱਬ ਨੂੰ ਜਿਸ ਵੀ ਨਾਮ ਨਾਲ ਮੁਖਾਤਿਬ ਕਰੀਏ ਪਰ ਲੜੀਏ ਤੇ ਨਾ! ਰੱਬ ਜੀ ਤੇ ਨਹੀਂ ਲੜ ਰਹੇ ਹਨ ਤੇ ਨਾ ਹੀ ਲੜਾਨਾ ਚਾਹੁੰਦੇ ਹਨ।

‘ਭਗਤਿ’ ਦੇ ‘ਤ’ ਨੂੰ ਸਿਹਾਰੀ ਹੈ ਭਾਵ ਜਿਸ ਮਨ ਨੇ ਇਕ ਰੱਬ ਨਾਲ ਇਕਮਿਕਤਾ ਸਿਖ ਲਈ ਹੈ। ਕੁਦਰਤ ਵਿਚ ਵਾਪਰ ਰਹੇ ਰੱਬੀ ਨਿਯਮਾਂ ਦੇ ਨਾਲ ਇਕਮਿਕਤਾ ਜਿਸਨੇ ਪ੍ਰਾਪਤ ਕਰ ਲਈ ਉਹ ‘ਏਕ ਭਗਤਿ ਭਗਵਾਨ’ ਦੀ ਅਵਸਥਾ ਤੇ ਅੱਪੜ ਗਿਆ। ਜੇ ਐਸਾ ਜੀਵਨ ਨਾ ਜੀਵੋ ਤਾਂ ਉਸਨੂੰ ਕਹਿੰਦੇ ਹਨ - ‘ਜੈਸੇ ਸੂਕਰ ਸੁਆਨ’। ਹੁਣ ਮਰਨ ਤੋਂ ਮਗਰੋਂ ਕੁੱਤਾ-ਬਿੱਲੀ ਬਣਾਂਗੇ? ਗੁਰੂ ਸਾਹਿਬ ਕਹਿੰਦੇ ਹਨ ਕਿ ਉਹ ਮਨੁੱਖ ਹੁਣੇ ਹੀ ਸੂਰ ਅਤੇ ਕੁੱਤੇ ਸਮਾਨ ਹੈ। ਗੁਰ ਮੰਤ੍ਰ ਹੀਣਸੵ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ ॥ ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ ॥ (1356)

ਜਿਹੜਾ ਸੱਚ ਨੂੰ ਸਮਝੇ ਬਿਨਾ ਜਿਊਂਦਾ ਹੈ ਉਸਦਾ ਜੀਵਨ ਧ੍ਰਿਗਾਕਾਰ ਹੈ। ਜਿਸਦੀ ਜੀਵਨੀ ਧ੍ਰਿਗਾਕਾਰ ਹੈ, ਭ੍ਰਿਸ਼ਟੀ ਹੋਈ ਹੈ, ਉਹ ਮਨੁੱਖ ਨਹੀਂ ਹੈ। ਉਹ ਤੇ ‘ਕਰਤੂਤਿ ਪਸੂ ਕੀ ਮਾਨਸ ਜਾਤਿ ॥’ ਅਤੇ ਉਸ ਮਨੁੱਖ ਨੂੰ ਗੁਰੂ ਸਾਹਿਬ ਕਹਿੰਦੇ ਹਨ, ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ ॥ (1356) ਭਾਵ ਉਹ ਕੁੱਤੇ, ਸੱਪ, ਗਧੇ ਦੀ ਨਿਆਈ ਹੈ। ਗੁਰੂ ਸਾਹਿਬ ਕਹਿੰਦੇ ਹਨ ਐ ਮਨੁੱਖ ਜੇ ਰੱਬ ਨਾਲ ਇੱਕਮਿਕਤਾ ਪ੍ਰਾਪਤ ਨਹੀਂ ਕਰਦਾ ਤਾਂ ਸਮਝ ਤੂੰ ਹੁਣੇ ਹੀ ਕੁੱਤਾ ਜਾਂ ਸੂਰ ਹੈਂ। ‘ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹਿ ਤਨੁ ॥’ ਮਰਨ ਮਗਰੋਂ ਕੋਈ ਕੁੱਤਾ ਜਾਂ ਸੂਰ ਬਣੇਗਾ ਇਸ ਗਲ ਦੀ ਵਿਚਾਰ ਕਰਨੀ ਤੇ ਫਾਲਤੂ ਦੀ ਗਲ ਹੈ। ਪਰ ਵਿਚਾਰ ਕਰੀਏ ਕਿ ਜੇ ਮੈਂ ਆਪਣੇ ਅਵਗੁਣਾਂ, ਵਿਕਾਰਾਂ ਨਾਲ ਜਿਊਂਦਾ ਹਾਂ ਤਾਂ ਮੈਂ ਅੱਜ ਹੀ ਜਾਨਵਰਾਂ ਦੀ ਜੂਨੀ ਵਿਚ ਪੈ ਗਿਆ ਹਾਂ, ਜਿਸ ਕੈ ਅੰਤਰਿ ਰਾਜ ਅਭਿਮਾਨੁ ॥ ਸੋ ਨਰਕਪਾਤੀ ਹੋਵਤ ਸੁਆਨੁ ॥ (278)

ਜਿਸ ਮਨੁੱਖ ਨੂੰ ਅੰਦਰ ਹੁਣੇ ਹੀ ਰਾਜ ਦਾ ਅਭੀਮਾਨ ਹੈ ਉਹ ਅੱਜ ਹੀ ਨਰਕ ਵਿਚ ਹੈ ਤੇ ਕੁੱਤੇ ਦੀ ਜੂਨ ਭੋਗ ਰਿਹਾ ਹੈ। ਉਸਦੇ ਸਰੀਰ ਨੂੰ ਕੁੱਤਾ ਤੇ ਸੂਰ ਦੇ ਬਰਾਬਰ ਸਮਝ। ਹੁਣ ਅਸੀਂ ਇਹ ਸਮਝਣਾ ਹੈ ਕਿ ਜਿਊਂਦੇ ਜੀ ਮੈਂ ਜਾਨਵਰਾਂ ਵਾਲੀ ਕਰਤੂਤ ਨਾ ਕਰਾਂ। ਕਈ ਤੇ ਇਤਨਾ ਭੁਲੇਖਾ ਖਾ ਜਾਂਦੇ ਹਨ ਕਿ ਆਪਣੇ ਬਾਰੇ ਸੋਚਦੇ ਹੀ ਨਹੀਂ ਕਿ ਮੈਂ ਕੀ ਬਣ ਗਿਆ ਹਾਂ। ਸਾਨੂੰ ਗੁੱਸੇ ਵਿਚ ਪਤਾ ਹੀ ਨਹੀਂ ਲਗਦਾ ਕਿ ਮੈਂ ਕਿਹੜੀ ਸ਼ਬਦਾਵਲੀ ਵਰਤ ਰਿਹਾ ਹਾਂ ਜਾਂ ਵਰਤ ਰਹੀ ਹਾਂ। ਇਸ ਲਈ ਗੁਰਬਾਣੀ ਵਿਚ ਜਿਹੜੀ ਸ਼ਬਦਾਵਲੀ ਆਈ ਹੈ ਉਹ ਪ੍ਰਤੀਕ ਵੱਜੋਂ ਆਈ ਹੈ। ਸਰੀਰਕ ਤੌਰ ਤੇ ਅਸੀਂ ਕੁੱਤਾ ਨਹੀਂ ਬਣਦੇ ਹਾਂ ਬਲਕਿ ਸਾਡਾ ਵਿਵਹਾਰ ਉਸ ਵਾਂਗ ਹੋ ਜਾਂਦਾ ਹੈ ਤਾਂ ਮਾਨੋ ਕੁੱਤੇ ਦੀ ਜੂਨ ਵਿਚ ਪੈ ਗਏ ਹਾਂ। ਜੇ ਸੂਰ ਦੇ ਸੁਭਾ ਵਾਲੇ ਬਣ ਗਏ ਤਾਂ ਮਾਨੋ ਸੂਰ ਦੀ ਜੂਨ ਵਿਚ ਪੈ ਗਏ।

ਅਸੀਂ ਮਨੁੱਖ ਹਾਂ ਤੇ ਮਨੁੱਖ ਹੀ ਰਹੀਏ! ਕੀ ਕੁੱਤੇ ਨੂੰ ਅਸੀਂ ਕਹਿੰਦੇ ਹਾਂ - "ਓਏ ਕੁੱਤਿਆ, ਤੂੰ ਕੁੱਤਾ ਬਣ!" ਇਹ ਤੇ ਹਾਸੋਹੀਣੀ ਗਲ ਹੋਏਗੀ। ਕੁੱਤੇ ਨੂੰ ਕੀ ਕਹਿਣਾ ਕਿ ਤੂੰ ਕੁੱਤਾ ਬਣ! ਪਰ ਬੰਦੇ ਨੂੰ ਕਹਿਣਾ ਪੈਂਦਾ ਹੈ - "ਬੰਦਿਆ ਤੂੰ ਬੰਦਾ ਬਣ!" ਕੁੱਤਾ, ਬਿੱਲੀ, ਸੂਰ ਆਦਿ ਨਾ ਬਣ, ਆਪਣੀ ਬਿਰਤੀ ਬਦਲ। ਗੁਰਬਾਣੀ ਵਿਚ ਦਰਸਾਏ ਆਵਾਗਵਣ ਦਾ ਸਿਧਾਂਤ ਸਭ ਤੋਂ ਵੱਖ ਹੈ। ਆਉ ਇਸਨੂੰ ਥੋੜਾ ਹੋਰ ਗਹਿਰਾਈ ਨਾਲ ਸਮਝੀਏ, ਗੁਰਬਾਣੀ ਦਾ ਕਥਨ ਹੈ, ਗੁਰ ਸੇਵਾ ਤੇ ਭਗਤਿ ਕਮਾਈ ॥ ਤਬ ਇਹ ਮਾਨਸ ਦੇਹੀ ਪਾਈ ॥ (1159) ਭਾਵ, ਗੁਰ ਸੇਵਾ ਕੀਤਿਆਂ ਭਗਤੀ ਹੁੰਦੀ ਹੈ। ਪਰ ਇਹ ਭਗਤੀ ਕਿਵੇਂ ਹੋ ਸਕਦੀ ਹੈ? ਗੁਰਬਾਣੀ ਵਿਚੋਂ ਹੀ ਉੱਤਰ ਮਿਲਦਾ ਹੈ - ਵਿਣੁ ਗੁਣ ਕੀਤੇ ਭਗਤਿ ਨ ਹੋਇ ॥ (4) ਰੱਬੀ ਗੁਣ ਧਾਰਨ ਕੀਤੇ ਬਗੈਰ ਭਗਤੀ ਨਹੀਂ ਹੋ ਸਕਦੀ।

ਉਪਰਲੀਆਂ ਦੋਨਾਂ ਪੰਕਤੀਆਂ ਦੀ ਸਮੀਖਿਆ ਤੋਂ ਪਤਾ ਚਲਦਾ ਹੈ ਕਿ ਜੇਕਰ ਗੁਣ ਧਾਰਨ ਨਹੀਂ ਕੀਤੇ ਤਾਂ ਮਾਨਸ ਦੇਹੀ ਪ੍ਰਾਪਤ ਨਹੀਂ ਹੋਈ। ਰੱਬੀ ਗੁਣ (ਗੁਰ) ਧਾਰਨ ਕੀਤਿਆਂ (ਭਾਵ ਗੁਰ ਦਾ ਸੇਵਨ ਕੀਤਿਆਂ) ਭਗਤੀ ਹੁੰਦੀ ਹੈ ਤੇ ਸਿੱਟਾ ਇਹ ਨਿਕਲਦਾ ਹੈ ਕਿ ਮਨੁੱਖਾ ਦੇਹੀ, ਜਿਊਂਦੇ ਜੀ ਇਸੇ ਸਰੀਰਕ ਜਨਮ ਵਿਚ, ਪ੍ਰਾਪਤ ਹੁੰਦੀ ਹੈ। ਇਹ ਮਨੁੱਖਾ ਦੇਹੀ ਮਨ ਦੀ ਹੈ, ਜਿਸਦੇ ਆਪਣੇ ਅੰਦਰਲੇ ਹੱਥ, ਪੈਰ ਆਦਿ ਸਾਰੇ ਅੰਗ ਬਣਨਗੇ।

ਜੇ ਰੱਬੀ-ਗੁਣ ਧਾਰਨ ਨਾ ਕੀਤੇ ਤਾਂ - ‘ਕਰਤੂਤਿ ਪਸੂ ਕੀ ਮਾਨਸ ਜਾਤਿ’ ਹੈਂ। ਭਾਵ ਬਾਹਰੋਂ ਵੇਖਣ ਵਿਚ ਅਸੀਂ ਮਨੁੱਖ ਹਾਂ ਪਰ ਕਰਤੂਤਾਂ ਸਾਡੀਆਂ ਪਸ਼ੂਆਂ ਵਾਲੀਆਂ ਹੀ ਹਨ। ਐਸੀ ਹਾਲਤ ਵਿਚ ਗੁਰਬਾਣੀ ਮਨੁੱਖ ਨੂੰ ਮਾਨਸ ਦੇਹੀ ਮੰਨਦੀ ਹੀ ਨਹੀਂ ਹੈ। ਇਹ ਤਾਂ ਕੇਵਲ ‘ਪਸੂ ਮਾਣਸ ਚੰਮਿ ਪਲੇਟੇ’ ਹੈ। ਭਾਵ ਪਸ਼ੂ ਬਿਰਤੀ ਵਾਲੇ ਨੇ ਮਨੁੱਖ ਦਾ ਚਮੜਾ ਲਪੇਟਿਆ ਹੋਇਆ ਹੈ। ਗੁਰਬਾਣੀ ਤੋਂ ਸੇਧ ਲੈ ਕੇ ਜੇ ਇਹ ਨੁਕਤਾ ਸਮਝ ਆ ਜਾਏ ਤਾਂ ਰੱਬੀ ਗੁਣਾਂ ਵਾਲਾ ਜੀਵਨ ਜਿਊ ਕੇ ਰੱਬ ਜੀ ਨਾਲ ਇਕਮਿਕਤਾ ਮਹਿਸੂਸ ਕੀਤੀ ਜਾ ਸਕਦੀ ਹੈ।




.