.

ਬਸੰਤ ਰਾਗ ਦੀ ਕੀਰਤਨ ਮਰਯਾਦਾ

ਡਾ ਗੁਰਨਾਮ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕਿ ਫ਼ਤਿਹ।

ਵਿਸ਼ਾ:- ਬਸੰਤ ਰਾਗ ਦੀ ਕੀਰਤਨ ਮਰਯਾਦਾ
ਡਾ ਗੁਰਨਾਮ ਸਿੰਘ ਜੀ, ਆਪ ਜੀ ਨੂੰ ਯਾਦ ਹੋਵੇਗਾ ਕਿ ਆਪ ਜੀ ਦਾ ਇਕ ਲੇਖ, “ਗੁਰਮਤਿ ਸੰਗੀਤ ਵਿੱਚ ਬਸੰਤ ਦੀ ਕੀਰਤਨ ਮਰਯਾਦਾ” ਕੌਮਾਂਤਰੀ ਅੰਮ੍ਰਿਤਸਰ ਟਾਈਮਜ਼ ਵਿੱਚ (ਫਰਵਰੀ 20, ਪੰਨਾ 24) ਛਪਿਆ ਸੀ। ਜਿਸ ਵਿੱਚ ਆਪ ਨੇ ਗੁਰਬਾਣੀ ਦੇ ਹਵਾਲਿਆਂ ਨਾਲ 6 ਰੁੱਤਾਂ ਵਿੱਚੋਂ ਸਭ ਤੋਂ ਖ਼ੂਬਸੂਰਤ ਰੁੱਤ, ਬਸੰਤ ਦੀ ਰੁੱਤ ਅਤੇ ਗੁਰੂ ਘਰ ਵਿਚ ਬਸੰਤ ਰਾਗ ਦੇ ਕੀਰਤਨ ਕਰਨ ਦੀ ਮਰਯਾਦਾ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਸੀ, “ਸਿੱਖ ਧਰਮ ਦੀ ਗੁਰਮਤਿ ਸੰਗੀਤ ਪਰੰਪਰਾ ਦੀ ਮਰਯਾਦਾ ਅਨੁਸਾਰ ਬਸੰਤ ਰਾਗ ਤੇ ਅਧਾਰਿਤ ਬਸੰਤ ਦੀ ਕੀਰਤਨ ਚੌਕੀ ਦਾ ਆਰੰਭ ਸ਼੍ਰੀ ਦਰਬਾਰ ਸਾਹਿਬ ਵਿਖੇ ਲੋਹੜੀ ਵਾਲੀ ਰਾਤ ਅਤੇ ਬਾਕੀ ਗੁਰੂ ਸਥਾਨਾਂ `ਤੇ ਮਾਘ ਦੀ ਸੰਗਰਾਂਦ ਵਾਲੇ ਦਿਨ ਤੋਂ ਕੀਤਾ ਜਾਂਦਾ ਹੈ। ਸ੍ਰੀ ਦਰਬਾਰ ਸਾਹਿਬ ਵਿਖੇ ਲੋਹੜੀ ਦੀ ਰਾਤ ਨੂੰ ਬਸੰਤ ਰਾਗ ਆਰੰਭ ਕਰਨ ਭਾਵ ਬਸੰਤ ਖੋਲ੍ਹਣ ਦੀ ਵਿਸ਼ੇਸ਼ ਅਰਦਾਸ ਵੀ ਕੀਤੀ ਜਾਂਦੀ ਹੈ।... ਇਸ ਤਰ੍ਹਾਂ ਗੁਰਮਤਿ ਸੰਗੀਤ ਦੀ ਪਰੰਪਰਾ ਵਿੱਚ ਹੋਲੇ ਮਹੱਲੇ ਤੱਕ ਇਸ ਰਾਗ ਦਾ ਗਾਇਨ ਹਰ ਕੀਰਤਨ ਚੌਕੀ ਵਿੱਚ ਕਰਨ ਦੀ ਪ੍ਰਥਾ ਹੈ”।
ਤੁਹਾਡੇ ਇਸ ਲੇਖ ਸਬੰਧੀ ਕੁਝ ਜਾਣਕਾਰੀ ਲੈਣ ਲਈ ਮੈਂ ਅਖ਼ਬਾਰ ਨੂੰ ਇਕ ਪੱਤਰ ਲਿਖਿਆ ਸੀ। ਉਹ ਪੱਤਰ ਆਪ ਨੂੰ ਵੀ 24 ਫਰਵਰੀ ਨੂੰ ਈ ਮੇਲ ਰਾਹੀ ਭੇਜ ਦਿੱਤਾ ਸੀ। ਜਿਸ ਦੇ ਸਬੰਧ ਵਿਚ ਆਪ ਦੀ ਹੇਠ ਲਿਖੀ ਈ ਮੇਲ ਪ੍ਰਾਪਤ ਹੋਈ ਸੀ।
On Wed, Mar 6, 2019 at 5:37 PM DR GURNAM SINGH <drgnam@yahoo.com> wrote:
Gur Fateh ji
Thanks dear I am open to discuss. Please call me anytime.
Regards
GS

ਕਿਸੇ ਕਾਰਨ ਮੇਰਾ ਪੱਤਰ ਅਖ਼ਬਾਰ ਵਿਚ ਨਹੀਂ ਛੱਪ ਸਕਿਆ, ਪਰ ਯਾਦ ਕਰਵਾਉਣ ਤੇ ਮੇਰਾ ਪੱਤਰ ਅੰਮ੍ਰਿਤਸਰ ਟਾਈਮਜ਼ ਵਿੱਚ (20 ਮਾਰਚ 2019 ਈ:, ਪੰਨਾ 29) ਛਪਿਆ ਸੀ। ਇਹ ਪੱਤਰ ਆਪ ਨੂੰ ਈ- ਮੇਲ ਰਾਹੀ 20 ਮਾਰਚ ਨੂੰ ਹੀ ਭੇਜ ਦਿੱਤਾ ਸੀ। ਜਿਸ ਦੇ ਜਵਾਬ ਵਿੱਚ ਆਪ ਨੇ ਜਦੋਂ ਕੋਈ ਹੁੰਗਾਰਾ ਨਹੀ ਭਰਿਆ ਤਾਂ 11 ਅਪ੍ਰੈਲ ਨੂੰ ਈ-ਮੇਲ ਰਾਹੀ ਆਪ ਨੂੰ ਫੇਰ ਬੇਨਤੀ ਕੀਤੀ ਸੀ ਕਿ ਸਾਡੀ ਜਾਣਕਾਰੀ ਵਿਚ ਵਾਧਾ ਕਰੋ ਜੀ। ਇਸ ਪਿਛੋਂ ਆਪ ਦੀ ਹੇਠ ਲਿਖੀ ਈ ਮੇਲ ਪ੍ਰਾਪਤ ਹੋਈ ਹੈ।
DR GURNAM SINGH
Apr 11, 2019, 10:55 PM

to me


Ji
I respect your scholarship.
Do you want to Samvad discussion on phone on email on media or personally
I am a humble sewadar of Gurmat Sangeet.
If you want to win then I am fully defeated if you want to discuss then I will try.
Regards
GS


ਡਾ ਗੁਰਨਾਮ ਸਿੰਘ ਜੀ, ਮੈਂ ਇਹ ਸਵਾਲ ਸ਼੍ਰੋਮਣੀ ਕਮੇਟੀ ਦੇ ਸਕੱਤਰ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ, ਦਰਬਾਰ ਸਾਹਿਬ ਦੇ ਮੁਖ ਗ੍ਰੰਥੀ ਸਮੇਤ ਕਈ ਹਜ਼ੂਰੀ ਰਾਗੀ ਜਥਿਆਂ ਨੂੰ ਪੁੱਛ ਚੁੱਕਾ ਹਾਂ ਕਿਸੇ ਨੇ ਵੀ ਤਸੱਲੀ ਬਖ਼ਸ਼ ਜਵਾਬ ਨਹੀ ਦਿੱਤਾ। “ਗੁਰਮਤਿ ਸੰਗੀਤ ਨਾਟਕ ਅਕੈਡਮੀ ਐਵਾਰਡ” ਪ੍ਰਾਪਤ ਡਾ ਗੁਰਨਾਮ ਸਿੰਘ, ਡੀਨ ਅਲੂਮਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ, ਇਹ ਸਵਾਲ ਇਸ ਆਸ ਨਾਲ ਕੀਤਾ ਸੀ ਕਿ ਤੁਹਾਡੇ ਤੋਂ ਤਾਂ ਸਹੀ ਜਾਣਕਾਰੀ ਜਰੂਰ ਮਿਲ ਜਾਵੇਗੀ। ਪਰ! ਬੜੇ ਦੁਖ ਨਾਲ ਲਿਖਣਾ ਪੈ ਰਿਹਾ ਹੈ ਕਿ ਆਪ ਵੱਲੋਂ ਵੀ ਨਿਰਾਸ਼ਾ ਹੀ ਪੱਲੇ ਪਈ ਹੈ।
ਡਾ ਗੁਰਨਾਮ ਸਿੰਘ ਜੀ, ਜਦੋਂ ਵੀ ਕੋਈ ਲਿਖਤ ਅਖ਼ਬਾਰ ਵਿਚ ਛਪਦੀ ਹੈ ਤਾਂ ਉਸ ਦਾ ਖੰਡਨ-ਮੰਡਨ, ਸਵਾਲ-ਜਵਾਬ ਵੀ ਉਸੇ ਅਖ਼ਬਾਰ ਵਿੱਚ ਹੀ ਛਪਦੇ ਹਨ। ਇਸੇ ਲਈ ਮੈਂ ਆਪਣਾ ਪੱਤਰ ਅਖ਼ਬਾਰ ਨੂੰ ਭੇਜਿਆ ਸੀ। ਅਤੇ ਆਪ ਜੀ ਨੂੰ ਵੀ ਬੇਨਤੀ ਕੀਤੀ ਸੀ ਕਿ ਸਾਡੀ ਜਾਣਕਾਰੀ ਵਿੱਚ ਵਾਧਾ ਕਰੋ। ਪਰ ਆਪ ਜੀ ਦੇ ਇਹ ਸ਼ਬਦ,
“If you want to win then I am fully defeated.” ਪੜ੍ਹ ਕਿ ਦੁਖ ਹੋਇਆ ਹੈ। ਮੈਂ ਇਹ ਸਮਝਣ ਤੋਂ ਅਸਮਰੱਥ ਹਾਂ ਕਿ ਇਕ ਸਧਾਰਨ ਸਵਾਲ, ਜਿੱਤ-ਹਾਰ ਦਾ ਵਿਸ਼ਾ ਕਿਵੇਂ ਬਣ ਗਿਆ? ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਅਤੇ ਸਿੰਘ ਸਾਹਿਬ, ਕਿਸੇ ਸਵਾਲ ਦਾ ਜਵਾਬ ਦੇਣਾ ਤਾਂ ਗੁਨਾਹ ਸਮਝਦੇ ਹੀ ਹਨ, ਜੇ ਹੁਣ ਯੂਨੀਵਰਸਿਟੀਆਂ ਦੇ ਵਿਦਵਾਨ ਵੀ ਜਾਣਕਾਰੀ ਲੈਣ ਲਈ ਕੀਤੇ ਗਏ ਸਵਾਲ ਦੇ ਜਵਾਬ ਵਿੱਚ ਇਹ ਲਿਖਣਗੇ, Do you want to Samvad discussion on phone on email on media or personally...If you want to win then I am fully defeated” ਤਾਂ ਦੱਸੋ ਮੇਰੇ ਵਰਗਾ ਜਗਿਆਸੂ ਕਿਧਰ ਜਾਵੇ? ਆਪ ਦਾ ਤਾਂ ਫਰਜ਼ ਬਣਦਾ ਹੈ ਕਿ ਗੁਰਮਤਿ ਸੰਗੀਤ ਸਬੰਧੀ ਹਰ ਸਵਾਲ ਦਾ ਜਵਾਬ ਦਿਓ, ਪਰ ਤੁਸੀਂ ਤਾਂ ਆਪਣੀ ਲਿਖਤ ਸਬੰਧੀ ਜਵਾਬ ਦੇਣ ਤੋਂ ਵੀ ਇਨਕਾਰੀ ਹੋ, ਅਜੇਹਾ ਕਿਉਂ?


ਆਪ ਦੀ ਲਿਖਤ ਮੁਤਾਬਕ ਬਸੰਤ ਰਾਗ ਦਾ ਸਮਾਂ, ਪੋਹ ਮਹੀਨੇ ਦਾ ਆਖਰੀ ਦਿਨ ਜਾਂ ਮਾਘ ਦੀ ਸੰਗਰਾਂਦ ਤੋਂ ਹੋਲੇ ਮਹੱਲੇ ਭਾਵ ਚੇਤ ਵਦੀ ਏਕਮ ਤਾਈਂ ਹੁੰਦਾ ਹੈ। ਹੋਲਾ ਮਹੱਲਾ 2017 ਈ: ਵਿੱਚ 30 ਫੱਗਣ ਨੂੰ ਆਇਆ ਸੀ। 2018 ਵਿੱਚ 18 ਫੱਗਣ ਅਤੇ ਇਸ ਸਾਲ 8 ਚੇਤ ਨੂੰ ਸੀ। ਅਗਲੇ ਸਾਲ ਭਾਵ 2020 ਵਿੱਚ ਹੋਲਾ ਮਹੱਲਾ 27 ਫੱਗਣ ਨੂੰ ਆਵੇਗਾ। ਇਸ ਅਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਬਸੰਤ ਰਾਗ ਦੇ ਕੀਰਤਨ ਦਾ ਸਮਾਂ ਮਾਘ ਅਤੇ ਫੱਗਣ ਦਾ ਮਹੀਨਾ ਹੀ ਬਣਦਾ ਹੈ। ਪਰ, ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਰੁੱਤੀ ਸਲੋਕ ਵਿੱਚ, ਜਿਥੇ 6 ਰੁੱਤਾਂ ਦੇ ਹਵਾਲੇ ਨਾਲ ਸਾਨੂੰ ਉਪਦੇਸ਼ ਦਿੱਤਾ ਗਿਆ ਹੈ, ਉਸ ਮੁਤਾਬਕ ਤਾਂ ਮਾਘ ਅਤੇ ਫੱਗਣ ਦੇ ਮਹੀਨੇ ਵਿੱਚ ਹਿਮਕਰ ਰੁੱਤ ਭਾਵ ਬਰਫ਼ਾਨੀ ਰੁੱਤ ਹੁੰਦੀ ਹੈ। “ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ” (ਪੰਨਾ 929) ਬਾਣੀ ਮੁਤਾਬਕ ਤਾਂ ਬਸੰਤ ਦੀ ਰੁੱਤ, ਚੇਤ ਅਤੇ ਵੈਸਾਖ ਵਿੱਚ ਮੰਨੀ ਗਈ ਹੈ। “ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ” (ਪੰਨਾ 927)
ਸਵਾਲ:- ਇਸ ਦਾ ਕੀ ਕਾਰਨ ਹੋ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਰੁੱਤੀ ਸਲੋਕ ਮੁਤਾਬਕ ਤਾਂ ਬਸੰਤ ਦੀ ਰੁੱਤ, ਚੇਤ ਅਤੇ ਵੈਸਾਖ ਮਹੀਨੇ ਵਿੱਚ ਹੁੰਦੀ ਹੈ ਪਰ ਦਰਬਾਰ ਸਾਹਿਬ ਵਿਖੇ ਇਹ ਰਾਗ ਮਾਘ ਅਤੇ ਫੱਗਣ (ਹਿਮਕਰ ਰੁੱਤ) ਵਿੱਚ ਗਾਇਆ ਜਾਂਦਾ ਹੈ? ਇਹ ਰਵਾਇਤ ਕਦੋਂ ਅਤੇ ਕਿਵੇਂ ਆਰੰਭ ਹੋਈ ਹੋਵੇਗੀ? ਕੀ ਇਸ ਤੇ ਮੁੜ ਵਿਚਾਰ ਨਹੀ ਕਰਨੀ ਚਾਹੀਦੀ?
ਡਾ ਗੁਰਨਾਮ ਸਿੰਘ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰਬਾਣੀ ਅਨੁਸਾਰ ਬਸੰਤ ਰੁੱਤ ਅਤੇ ਦਰਬਾਰ ਸਾਹਿਬ ਵਿੱਚ ਬਸੰਤ ਰਾਗ ਦੇ ਕੀਰਤਨ ਦੀ ਪ੍ਰਚੱਲਤ ਮਰਯਾਦਾ ਦੇ ਸਮੇਂ ਵਿੱਚ ਜੋ ਦੋ ਮਹੀਨੇ ਦਾ ਅੰਤਰ ਹੈ ਇਸ ਦੇ ਕਾਰਨਾਂ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਕ੍ਰਿਪਾਲਤਾ ਕਰਨੀ ਜੀ।
ਉਸਾਰੂ ਸੇਧਾਂ ਦੀ ਉਡੀਕ ਵਿੱਚ
ਸਰਵਜੀਤ ਸਿੰਘ ਸੈਕਰਾਮੈਂਟੋ
ਮਿਤੀ 27 ਅਪ੍ਰੈਲ 2019
.