.

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਚੌਥੀ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ ਪਹਿਲਾਂ ਆ ਚੁੱਕੇ ਤਿੰਨ ਭਾਗ ਵੀ ਪੜੋ ਜੀ)

ਗੁਰਬਾਣੀ ਵਿੱਚਲੀਆਂ ੨੦ ਵਾਰਾਂ ਦੀਆਂ ਪਉੜੀਆਂ ਨਾਲ ਸਾਰੇ ਸਲੋਕ ਪੰਜਵੇਂ ਪਾਤਸ਼ਹ ਨੇ "ਆਦਿ ਬੀੜ" ਦੀ ਸੰਪਾਦਨਾ ਸਮੇਂ ਆਪ ਜੋੜੇ ਸਨ, ਕੁੱਝ ਹੋਰ ਸਬੂਤ:-

(i) ਇਹ ਵੀ ਦੇਖ ਆਏ ਹਾਂ ਕਿ ਵਿਚਾਰ-ਅਧੀਨ ਹੱਥਲੀ "ਰਾਮਕਲੀ ਕੀ ਵਾਰ ਮ: ਤੀਜਾ" ਸਮੇਤ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ ਗੁਰੂ ਅਮਰਦਾਸ ਜੀ ਦੀਆਂ ਹੇਠ-ਲਿਖੇ ਅਨੁਸਾਰ ਕੁਲ ੪ ਰਾਗਾਂ `ਚ ੪ ਵਾਰਾਂ ਹਨ: —

(੧) ਰਾਗ ਗੂਜਰੀ, (੨) ਰਾਗ ਸੂਹੀ, (੩) ਰਾਗ ਰਾਮਕਲੀ, (੪) ਰਾਗ ਮਾਰੂ

ਉਪ੍ਰੰਤ ਪ੍ਰੋ: ਸਾਹਿਬ ਸਿੰਘ ਜੀ ਦੇ ਲਫ਼ਜ਼ਾਂ `ਚ: —

ਗੂਜਰੀ ਕੀ ਵਾਰ ਮ: ੩ ਵਿੱਚ ਪਉੜੀ ਨੰ: ੪ ਦੇ ਨਾਲ ਪਹਿਲਾ ਸ਼ਲੋਕ ਕਬੀਰ ਜੀ ਦਾ ਹੈ, ਬਾਕੀ ਸਾਰੇ ਸ਼ਲੋਕ ਗੁਰੂ ਅਮਰਦਾਸ ਜੀ ਦੇ ਹਨ। ਕੁੱਲ ਪਉੜੀਆਂ ੨੨ ਹਨ।

ਸੂਹੀ ਕੀ ਵਾਰ ਮ: ੩ ਦੀਆਂ ੨੦ ਪਉੜੀਆਂ ਹਨ। ਇਸ ਵਿੱਚ ੪੬ ਸ਼ਲੋਕ ਹਨ—ਸ਼ਲੋਕ ਮ: ੩=੧੪; ਸ਼ਲੋਕ ਮ: ੨=੧੧; ਸ਼ਲੋਕ ਮ: ੧=੨੧।

ਰਾਮਕਲੀ ਕੀ ਵਾਰ ਮ: ੩ ਦੀਆਂ ੨੧ ਪਉੜੀਆਂ ਹਨ। ਇਸ ਦੇ ਨਾਲ ਭੀ ਸ਼ਲੋਕ ਮ: ੩, ਮ: ੨, ਅਤੇ ਮ: ੧ ਦੇ ਹਨ ਅਤੇ ਦੋ ਸ਼ਲੋਕ ਕਬੀਰ ਜੀ ਦੇ ਹਨ।

ਇਹ ਠੀਕ ਹੈ ਕਿ ਗੁਰੂ ਅਮਰਦਾਸ ਜੀ ਕੋਲ ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਮੌਜੂਦ ਸੀ, ਗੁਰੂ ਅੰਗਦ ਦੇਵ ਜੀ ਦੀ ਭੀ ਸਾਰੀ ਬਾਣੀ ਮੌਜੂਦ ਸੀ। ਭਗਤਾਂ ਦੀ ਬਾਣੀ ਵੀ ਪਹਿਲੀ ‘ਉਦਾਸੀ’ ਸਮੇਂ ਗੁਰੂ ਨਾਨਕ ਦੇਵ ਜੀ ਲਿਆਏ ਸਨ; ਇਹ ਸਾਰੀ ਬਾਣੀ ਭੀ ਗੁਰੂ ਅਮਰਦਾਸ ਜੀ ਦੇ ਕੋਲ ਮੌਜੂਦ ਸੀ।

ਪਰ ਇਸ ਦਾ ਭਾਵ ਇਹ ਨਹੀਂ ਕਿ ਰਾਗ ਗੂਜਰੀ, ਸੂਹੀ ਅਤੇ ਰਾਮਕਲੀ ਦੀਆਂ ‘ਵਾਰਾਂ’ ਦੀਆਂ ‘ਪਉੜੀਆਂ’ ਦੇ ਨਾਲ ਸ਼ਲੋਕ ਗੁਰੂ ਅਮਰਦਾਸ ਜੀ ਨੇ ਆਪ ਹੀ ਦਰਜ ਕੀਤੇ ਸਨ।

ਇਹ ਘੁੰਡੀ ਖੁਲ੍ਹਦੀ ਹੈ "ਮਾਰੂ ਰਾਗ ਦੀ ਵਾਰ ਮ: ੩" ਵਿਚੋਂ।

ਇਸ ‘ਵਾਰ’ ਦੀਆਂ ੨੨ ਪਉੜੀਆਂ ਹਨ। ਇਸ ਦੇ ਨਾਲ ੪੭ ਸ਼ਲੋਕ ਹਨ। ਸ਼ਲੋਕਾਂ ਦਾ ਵੇਰਵਾ—ਮ: ੧=੧੮; ਮ: ੨=੧; ਮ: ੩=੨੨; ਮ: ੪=੩; ਮ: ੫=੨। ਜੋੜ=੪੭।

ਪਉੜੀ ਨੰ: ੧ ਦੇ ਨਾਲ ਇੱਕ ਸ਼ਲੋਕ ਮ: ੪ ਦਾ ਹੈ ਅਤੇ ਇੱਕ ਸ਼ਲੋਕ ਮ: ੩ ਦਾ। ਪਉੜੀ ਨੰ: ੨ ਦੇ ਨਾਲ ੨ ਸ਼ਲੋਕ ਮ: ੪ ਦੇ ਹਨ, ਅਤੇ ਇੱਕ ਸ਼ਲੋਕ ਮ: ੩ ਦਾ। ਪਉੜੀ ਨੰ: ੨੦ ਦੇ ਨਾਲ ਦੋਵੇਂ ਸ਼ਲੋਕ ਮ: ੫ ਦੇ ਹਨ; ਮ: ੩ ਦਾ ਇੱਕ ਭੀ ਨਹੀਂ।

ਜੇ ਇਹ ਸਾਰੇ ਸ਼ਲੋਕ ਗੁਰੂ ਅਮਰਦਾਸ ਜੀ ਨੇ ਆਪ ਹੀ ਦਰਜ ਕੀਤੇ ਹੁੰਦੇ, ਤਾਂ ਪਉੜੀ ਨੰ: ੨੦ ਖਾਲੀ ਨਾਹ ਰਹਿਣ ਦੇਂਦੇ, ਅਤੇ ਪਉੜੀ ਨੰ: ੧ ਅਤੇ ੨ ਦੇ ਨਾਲ ਸਿਰਫ਼ ਇੱਕ ਇੱਕ ਆਪਣਾ ਸ਼ਲੋਕ ਦਰਜ ਕਰ ਕੇ ਹੀ ਬੱਸ ਨਾਹ ਕਰ ਦੇਂਦੇ।

ਮ: ੪ ਅਤੇ ਮ: ੫ ਦੇ ਸ਼ਲੋਕ ਤਾਂ ਉਹਨਾਂ ਪਾਸ ਹੈ ਹੀ ਨਹੀਂ ਸਨ।

ਸੋ, ਇਸ ‘ਵਾਰ’ ਵਿੱਚ ਸਾਰੇ ਸ਼ਲੋਕ ਗੁਰੂ ਅਰਜਨ ਸਾਹਿਬ ਨੇ ਦਰਜ ਕੀਤੇ।

ਇਹ ਭੀ ਨਹੀਂ ਸੀ ਹੋ ਸਕਦਾ ਕਿ ਆਪਣੀਆਂ ੪ ‘ਵਾਰਾਂ’ ਵਿਚੋਂ ਗੁਰੂ ਅਮਰਦਾਸ ਜੀ ਇੱਕ ‘ਵਾਰ’ ਦੀਆਂ ਪਉੜੀਆਂ ਬਿਲਕੁਲ ਖ਼ਾਲੀ ਰਹਿਣ ਦੇਂਦੇ, ਤੇ, ਬਾਕੀ ਦੀਆਂ ੩ ‘ਵਾਰਾਂ’ ਦੀਆਂ ਪਉੜੀਆਂ ਨਾਲ ਸ਼ਲੋਕ ਦਰਜ ਕਰ ਦੇਂਦੇ। ਸਾਰਾ ਹੀ ਉੱਦਮ ਕਾਵਿ-ਨਿਯਮਾਂ ਦੇ ਦ੍ਰਿਸ਼ਟੀ-ਕੋਣ ਤੋਂ ਇੱਕ-ਸਮਾਨ ਸੀ।

ਸਾਰੀਆਂ ਹੀ ‘ਵਾਰਾਂ’ ਦੀਆਂ ਪਉੜੀਆਂ ਦੇ ਨਾਲ ਸ਼ਲੋਕ ਗੁਰੂ ਅਰਜਨ ਸਾਹਿਬ ਨੇ ਹੀ ਦਰਜ ਕੀਤੇ ਸਨ।

() ਬਾਣੀ ‘ਆਸਾ ਕੀ ਵਾਰ’ ਦੇ ਸਿਰਲੇਖ ‘ਆਸਾ ਮਹਲਾ ੧’ ਤੋਂ ਹੀ ਸਪਸ਼ਟ ਜਾਂਦਾ ਹੈ ਕਿ ਇਹ ਵਾਰ ਗੁਰੂ ਨਾਨਕ ਪਾਤਸ਼ਾਹ ਦੀ ਹੈ।

ਫ਼ਿਰ ਇਹ ਵੀ ਕਿ ਇਸ ਵਾਰ `ਚ ਸਲੋਕਾਂ ਦੀ ਕੁਲ ਗਿਣਤੀ ੫੯ ਹੈ। ਜਿਨ੍ਹਾਂ `ਚੋਂ ੧੫ ਸਲੋਕ ਦੂਜੇ ਪਾਤਸ਼ਾਹ ਦੇ ਹਨ, ਜਿਹੜੇ ਆਪਣੇ ਆਪ `ਚ ਇਸ ਗਲ ਦਾ ਸਬੂਤ ਹਨ ਕਿ ਇਨ੍ਹਾਂ ਸਲੋਕਾਂ ਦੀ ਪਹਿਲੇ ਪਾਤਸ਼ਾਹ ਦੇ ਸਮੇਂ `ਤੇ ਅਜੇ ਰਚਨਾ ਵੀ ਨਹੀਂ ਸੀ ਹੋਈ।

ਇਸ ਤੋਂ ਵੀ ਸਪਸ਼ਟ ਹੋ ਜਾਂਦਾ ਹੈ ਕਿ ਬਾਣੀ ‘ਆਸਾ ਕੀ ਵਾਰ’ `ਚ ਦੂਜੇ ਪਾਤਸ਼ਾਹ ਦੇ ੧੪ ਸਲੋਕ ਪਹਿਲੇ ਪਾਤਸਾਹ ਨੇ ਆਪ ਦਰਜ ਨਹੀਂ ਸਨ ਕੀਤੇ।

ਉਂਜ ਇਸ ਵਾਰ ਦਾ ਸਿਰਲੇਖ ਵੀ "ਆਸਾ ਮਹਲਾ ੧॥ ਵਾਰ ਸਲੋਕਾ ਨਾਲਿ, ਸਲੋਕ ਭੀ ਮਹਲੇ ਪਹਿਲੇ ਕੇ ਲਿਖੇ, ਟੁੰਡੇ ਅਸ ਰਾਜੈ ਕੀ ਧੁਨੀ" ਹੀ ਹੈ।

ਉਪ੍ਰੰਤ ਬਾਣੀ ‘ਆਸਾ ਕੀ ਵਾਰ’ ਦੇ ਸਿਰਲੇਖ ਬਾਰੇ ਵਿਦਵਾਨਾਂ ਅਨੁਸਾਰ "ਪੰਜਵੇਂ ਪਾਤਸ਼ਾਹ ਨੇ ਜਦੋਂ "ਆਦਿ ਬੀੜ" `ਚ ਗੁਰਬਾਣੀ ਨੂੰ ਤਰਤੀਬ ਦਿੱਤੀ ਅਤੇ "ਆਦਿ ਬੀੜ" ਦੀ ਸੰਪਾਦਨਾ ਕੀਤੀ ਤਾਂ ਕੁਲ ੨੨ ਵਾਰਾਂ `ਚੋਂ ੨੦ ਵਾਰਾ ਦੇ ਸਿਰਲੇਖਾਂ `ਚ ਨੌ ਧੁਨੀਆਂ ਸਹਿਤ ਵਾਰਾਂ ਨੂੰ ਬਹੁਤਾ ਕਰਕੇ ਸਿਰਲੇਖ ਵੀ ਪੰਜਵੇਂ ਪਾਤਸ਼ਾਹ ਨੇ ਹੀ ਦਿੱਤੇ ਸਨ।

ਇਸ ਤਰ੍ਹਾਂ ਉਸੇ ਲੜੀ `ਚ ਪੰਚਮ ਪਿਤਾ ਨੇ "ਬਾਣੀ ‘ਆਸਾ ਕੀ ਵਾਰ’ ਨੂੰ ਜਿਹੜਾ ਉਪ੍ਰੌਕਤ ਸਿਰਲੇਖ ਦਿੱਤਾ ਤਾਂ ਪੰਜਵੇਂ ਪਾਤਸ਼ਾਹ ਨੇ ਉਸ ਸਿਰਲੇਖ `ਚ ਹੀ ਸਪਸ਼ਟ ਕਰ ਦਿੱਤਾ ਕਿ ਬਾਣੀ ‘ਆਸਾ ਕੀ ਵਾਰ ਮ: ੧’ `ਚ ਉਨ੍ਹਾਂ ੫੯ ਸਲੋਕਾਂ `ਚੋਂ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਭਾਵ ਜਿਹੜੇ ੪੫ ਸਲੋਕ ਪਹਿਲੇ ਪਾਤਸ਼ਾਹ ਦੇ ਦਰਜ ਹਨ, ਦਰਅਸਲ ਇਹ ਸਲੋਕ ਉਹੀ ਹਨ ਜਿਹੜੇ "ਗੁਰੂ ਨਾਨਕ ਪਾਤਸ਼ਾਹ" ਆਪ ਇਸ ਵਾਰ ਦਾ ਗਾਇਣ ਕਰਣ ਸਮੇਂ ਇਨ੍ਹਾਂ ਪਉੜੀਆਂ ਦੇ ਨਾਲ ਜਾਂ ਉਂਜ ਆਪਣੇ ਸਤਿਸੰਗਾਂ ਦੌਰਾਨ ਵੀ ਕਰਿਆ ਕਰਦੇ ਸਨ।

(i) ਇਸੇ ਤਰ੍ਹਾਂ ‘ਸਿਰੀ ਰਾਗ ਕੀ ਵਾਰ ਮ: ੪’ `ਚ ਉਚੇਚੇ ਇੱਕ ਸਲੋਕ ਪੰਜਵੇਂ ਪਾਤਸ਼ਾਹ ਦਾ ਦਰਜ ਹੋਣ ਤੋਂ ਵੀ ਇਹੀ ਸਾਬਤ ਹੁੰਦਾ ਹੈ ਕਿ ਵਾਰਾਂ `ਚ ਪਉੜੀਆਂ ਦੀ ਲੋੜ ਅਤੇ ਸੰਬੰਧਤ ਪਉੜੀਆਂ ਦੀ ਵਿਆਖਿਆਂ ਵਜੋਂ ਸਲੋਕਾਂ ਦੀ ਵਰਤੋਂ, ਪੰਜਵੇਂ ਪਾਤਸ਼ਾਹ ਨੇ "ਆਦਿ ਬੀੜ" ਦੀ ਸੰਪਾਦਨਾ ਸਮੇਂ ਆਪ ਕੀਤੀ ਸੀ।

ਇਸੇ ਤਰ੍ਹਾਂ ਇਸ ਵਿਸ਼ੇ ਦੀ ਪ੍ਰੌੜਤਾ `ਚ ਗੁਰਬਾਣੀ ਵਿੱਚਲੀਆਂ ਸਲੋਕਾਂ ਸਹਿਤ ਵਾਰਾਂ `ਚੋਂ ਹੋਰ ਵੀ ਬਹੁਤੇਰੇ ਸਬੂਤ ਪ੍ਰਾਪਤ ਹਨ।

(iv) ਉਂਜ ਇਹ ਵੀ ਕਿ ਪੰਥ ਅੰਦਰ ਕਾਫੀ ਸਮੇਂ ਤੋਂ ਇਹ ਗੁੰਝਲ ਮੌਜੂਦ ਸੀ ਕਿ ਵਾਰਾਂ `ਚ ਵਿਦਵਾਨਾ ਤੇ ਗੁਰੂ ਕੀਆਂ ਸੰਗਤਾਂ ਨੂੰ ਬਹੁਤਾ ਕਰਕੇ ਪਉੜੀਆਂ ਵਿੱਚਾਲੇ ਮਜ਼ਮੂਨਾਂ ਦੀ ਆਪਸੀ ਸਾਂਝ ਨਹੀਂ ਸੀ ਮਿਲਦੀ।

ਜਦਕਿ ਉਸ ਦਾ ਮੂਲ ਕਾਰਨ ਵੀ ਵਾਰਾਂ `ਚ ਸਲੋਕਾਂ ਸਮੇਤ ਇਸ ਸਾਂਝ ਨੂੰ ਢੂੰਡਣਾ ਹੀ ਸੀ, ਜਿਹੜੀ ਕਿ ਮੂਲੋਂ ਹੀ ਅਨਹੋਣੀ ਗੱਲ ਸੀ। ਇਹ ਵੀ ਕਿ ਸਭ ਤੋਂ ਪਹਿਲਾਂ ਪੰਥ `ਚ ਇਹ ਮਾਨ ਵੀ ਕੇਵਲ ਪ੍ਰੋਫੈਸਰ ਸਾਹਿਬ ਸਿੰਘ ਜੀ ਨੂੰ ਹੀ ਪ੍ਰਾਪਤ ਹੋਇਆ ਜਿਹੜਾ ਕਿ ਉਨ੍ਹਾਂ ਨੇ ਇਸ ਵਿਸ਼ੇ `ਤੇ ਕਲਮ ਚੁੱਕੀ ਅਤੇ ਇਸ ਸਚਾਈ ਨੂੰ ਸੰਸਾਰ `ਚ ਪ੍ਰਗਟ ਕੀਤਾ।

(ਵ) ਇਸ ਬਾਰੇ ਵੀ ਖੁੱਲ ਕੇ ਜ਼ਿਕਰ ਆ ਚੁੱਕਾ ਹੈ ਤਾਂ ਵੀ ਦੌਰਾਅ ਦੇਵੀਏ ਕਿ ਗੁਰਬਾਣੀ ਨੂੰ ਤਰਤੀਬ ਦੇਣ ਅਤੇ "ਆਦਿ ਬੀੜ" ਦੀ ਸੰਪਾਦਨਾ ਦੌਰਾਨ, ਪੰਜਵੇਂ ਪਾਤਸ਼ਾਹ ਨੇ ੧੫੨ ਸਲੋਕ ਵਾਰਾਂ `ਚ ਦਰਜ ਨਹੀਂ ਸਨ ਕੀਤੇ।

ਪੰਚਮ ਪਿਤਾ ਨੇ ਉਨ੍ਹਾਂ ੧੫੨ ਸਲੋਕਾਂ ਨੂੰ ‘ਸਲੋਕ, ਵਾਰਾਂ ਤੇ ਵਧੀਕ’ ਵਾਲਾ ਵੱਖਰਾ ਸਿਰਲੇਖ ਦੇ ਕੇ "ਆਦਿ ਬੀੜ" ਦੇ ਅੰਤ `ਚ ਦਰਜ ਕਰ ਦਿੱਤਾ ਸੀ। ਜਿਹੜਾ ਕਿ ਆਪਣੇ ਆਪ `ਚ ਇਸ ਗਲ ਦਾ ਇਕੋ ਇੱਕ ਅਤੇ ਬਹੁਤ ਵੱਡਾ ਸਬੂਤ ਹੈ ਕਿ ਵਾਰਾਂ `ਚ ਸਲੋਕਾਂ ਨੂੰ ਪੰਜਵੇਂ ਪਾਤਸ਼ਾਹ ਨੇ ਹੀ ਦਰਜ ਕੀਤਾ ਸੀ।

ਉਪ੍ਰੰਤ ਵਿਚਾਰ-ਅਧੀਨ "ਰਾਮਕਲੀ ਕੀ ਵਾਰ ਮ: ੩" ---ਜਿਸ `ਚ ਕੁਲ ੨੧ ਪਉੜੀਆਂ ਅਤੇ ੫੨ ਸਲੋਕ ਹਨ।

ਤਾਂ ਤੇ ਹੱਥਲੇ ਵਿਸ਼ੇ ਵੱਲ ਕੁੱਝ ਹੋਰ ਅੱਗੇ ਵੱਧਣ ਤੋਂ ਪਹਿਲਾਂ, ੫੨ ਸਲੋਕਾਂ ਸਮੇਤ ਉਨ੍ਹਾਂ ੨੧ ਪਉੜੀਆਂ ਦਾ ਨੰਬਰਵਾਰ ਅਤੀ ਸੰਖੇਪ "ਪਉੜੀ ਵਾਰ ਭਾਵ" ਇੰਨ-ਬਿੰਨ ਪ੍ਰੌ: ਸਾਹਿਬ ਸਿੰਘ ਜੀ ਦੇ ਲਫ਼ਜ਼ਾਂ `ਚ: —

੧. ਇਹ ਸਾਰੀ ਕੁਦਰਤਿ ਪਰਮਾਤਮਾ ਨੇ ਆਪ ਰਚੀ ਹੈ, ਆਪਣੇ ਬਹਿਣ ਲਈ ਤਖ਼ਤ ਬਣਾਇਆ ਹੈ।

੨. ਸ੍ਰਿਸ਼ਟੀ ਰੰਗਾ-ਰੰਗ ਦੀ ਹੈ।

੩. ਇਸ ਵਿੱਚ ਕਈ ਜੀਵਾਂ ਨੂੰ ਪਰਮਾਤਮਾ ਨੇ ਆਪਣੀ ਸਿਫ਼ਤਿ-ਸਾਲਾਹ ਵਿੱਚ ਲਾ ਰੱਖਿਆ ਹੈ।

੪. ਮਾਇਆ ਦਾ ਮੋਹ ਭੀ ਉਸ ਨੇ ਆਪ ਹੀ ਬਣਾਇਆ ਹੈ।

੫. -੬. ਜਿਹੜੇ ਮਨੁੱਖ ਗੁਰੂ ਦੀ ਸ਼ਰਨ ਆਉਂਦੇ ਹਨ, ਉਹ ਪਰਮਾਤਮਾ ਦਾ ਸਿਮਰਨ ਕਰਦੇ ਹਨ।

੭. ਸਰਗੁਣ ਰੂਪ ਤੋਂ ਪਹਿਲਾਂ ਕੀਹ ਸੀ—ਇਹ ਨਹੀਂ ਦੱਸਿਆ ਜਾ ਸਕਦਾ। ਜਦੋਂ ਪਰਮਾਤਮਾ ਨੇ ਸ੍ਰਿਸ਼ਟੀ ਰਚ ਦਿੱਤੀ, ਤਦੋਂ ਧਰਮ-ਪੁਸਤਕਾਂ ਦੀ ਰਾਹੀਂ ਭਲੇ ਬੁਰੇ ਦੀ ਸੂਝ ਪੈਣ ਲੱਗ ਪਈ।

੮. ਗੁਰੂ ਦੇ ਸ਼ਬਦ ਦੀ ਰਾਹੀਂ ਜੋ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹ ਸੁਖੀ ਹਨ।

੯. ਪਰਮਾਤਮਾ ਦਾ ਨਾਮ-ਅੰਮ੍ਰਿਤ ਮਨੁੱਖ ਦੇ ਅੰਦਰ ਹੀ ਹੈ, ਪਰ ਜਿਸ ਨੂੰ ਗੁਰੂ ਮਿਲਦਾ ਹੈ ਉਹੀ ਪੀਂਦਾ ਹੈ।

੧੦. ਸਭਨਾਂ ਦੀ ਸੰਭਾਲ ਪਰਮਾਤਮਾ ਆਪ ਕਰਦਾ ਹੈ। ‘ਕੂੜ’ ਵਿੱਚ ਲਾਣ ਵਾਲਾ ਭੀ ਆਪ ਹੀ ਹੈ, ਤੇ ਸਿਫ਼ਤਿ-ਸਾਲਾਹ ਵਿੱਚ ਜੋੜਨ ਵਾਲਾ ਭੀ ਆਪ ਹੀ ਹੈ।

੧੧. ਗੁਰੂ ਦੀ ਰਾਹੀਂ ਸਮਝ ਪੈਂਦੀ ਹੈ ਕਿ ਪਰਮਾਤਮਾ ਇਸ ਸਰੀਰ ਵਿੱਚ ਰਹਿੰਦਾ ਹੈ, ਇਹ ਸਰੀਰ ਉਸ ਦਾ ‘ਮੰਦਰ’ ਹੈ।

੧੨. ਸੋ, ਗੁਰੂ ਦੇ ਹੁਕਮ ਵਿੱਚ ਤੁਰ ਕੇ ਇਸ ‘ਘਰ’ ਵਿੱਚ ਹੀ ਉਸ ਨੂੰ ਲੱਭਣਾ ਚਾਹੀਦਾ ਹੈ।

੧੩. ਉਂਞ ਤਾਂ ਪ੍ਰਭੂ ਹਰੇਕ ਸਰੀਰ ਵਿੱਚ ਹੈ, ਪਰ ਲੱਭਦਾ ਗੁਰੂ ਦੀ ਰਾਹੀਂ ਹੀ ਹੈ। ਜਿਹੜਾ ਮਨੁੱਖ ਗੁਰੂ ਦੀ ਸਰਨ ਵਿੱਚ ਆਇਆ, ਉਸ ਦਾ ਅਹੰਕਾਰ ਦੂਰ ਹੋ ਗਿਆ, ਉਸ ਦਾ ਹਿਰਦਾ ਖਿੜਿਆ ਰਹਿੰਦਾ ਹੈ।

੧੪. ਪਰਮਾਤਮਾ ਸਭ ਦੇ ਅੰਦਰ ਹੈ ਪਰ ਗੁਪਤ ਹੈ। ਗੁਰੂ ਦੀ ਰਾਹੀਂ ਗੁਣ ਗਾਵਿਆਂ ਪਰਗਟਦਾ ਹੈ।

੧੫. ਪ੍ਰਭੂ ਇਸ ਸਰੀਰ-ਕਿਲ੍ਹੇ ਵਿੱਚ ਬੈਠਾ ਹੈ। ਪਰ ਮਾਇਆ ਦੇ ਕਰੜੇ ਕਿਵਾੜ ਲੱਗੇ ਪਏ ਹਨ ਜੋ ਗੁਰੂ ਦੇ ਸ਼ਬਦ ਦੀ ਰਾਹੀਂ ਖੁਲ੍ਹਦੇ ਹਨ।

੧੬. ਅੰਦਰ ਬਾਹਰ ਸਭ ਥਾਂ ਪਰਮਾਤਮਾ ਆਪ ਹੀ ਆਪ ਹੈ। ਗੁਰੂ ਦੇ ਹੁਕਮ ਵਿੱਚ ਤੁਰਿਆਂ ਇਹ ਸਮਝ ਪੈਂਦੀ ਹੈ।

੧੭. ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਹਨੇਰੇ ਵਿੱਚ ਰਹਿੰਦਾ ਹੈ, ਪਰ ਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲੇ ਮਨੁੱਖ ਨੂੰ ਆਤਮਕ ਜੀਵਨ ਦੀ ਸੂਝ ਪੈ ਜਾਂਦੀ ਹੈ ਚਾਨਣ ਹੋ ਜਾਂਦਾ ਹੈ।

੧੮. ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਹੁਕਮ ਵਿੱਚ ਤੁਰ ਕੇ ‘ਨਾਮ’ ਦਾ ਵਪਾਰ ਕੀਤਾ, ਉਹਨਾਂ ਦੀ ਤ੍ਰਿਸ਼ਨਾ ਮੁੱਕ ਗਈ।

੧੯. ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਨਾਮ ਸਿਮਰਦੇ ਹਨ ਉਹ ਪ੍ਰਭੂ ਦਾ ਰੂਪ ਹੀ ਹੋ ਜਾਂਦੇ ਹਨ।

੨੦. ਹਰਿ-ਨਾਮ ਹੀ ਸਦਾ ਨਾਲ ਨਿਭਣ ਵਾਲਾ ਧਨ ਹੈ, ਇਸ ਤੋਂ ਬਿਨਾ ਜੀਵਨ ਵਿਅਰਥ ਹੈ।

੨੧. ਮੰਦਾ ਕਿਸ ਨੂੰ ਆਖੀਏ? ਹਰੇਕ ਵਿੱਚ ਆਪ ਹੀ ਆਪ ਹੈ, ਗੁਰੂ ਦੀ ਰਾਹੀਂ ਉਹ ਆਪ ਹੀ ਭਗਤੀ ਵਿੱਚ ਜੋੜਦਾ ਹੈ।

ਲੜੀ-ਵਾਰ ਭਾਵ—

(ਪਉੜੀ ਨੰ: ੧ ਤੋਂ ੭ ਤੀਕ) ਇਹ ਰੰਗਾ-ਰੰਗ ਦੀ ਸ੍ਰਿਸ਼ਟੀ ਪਰਮਾਤਮਾ ਨੇ ਆਪ ਬਣਾਈ ਹੈ, ਇਸ ਵਿੱਚ ਹਰ ਥਾਂ ਆਪ ਮੌਜੂਦ ਹੈ। ਮਾਇਆ ਰਚਣ ਵਾਲਾ ਭੀ ਆਪ ਹੀ ਹੈ। ਉਸ ਦੀ ਰਜ਼ਾ ਅਨੁਸਾਰ ਹੀ ਕਈ ਜੀਵ ਮਾਇਆ ਦੇ ਮੋਹ ਵਿੱਚ ਫਸੇ ਰਹਿੰਦੇ ਹਨ, ਕਈ ਗੁਰੂ ਦੀ ਸਰਨ ਪੈ ਕੇ ਉਸ ਦਾ ਨਾਮ ਸਿਮਰਦੇ ਹਨ। ਇਹ ਕੋਈ ਜੀਵ ਨਹੀਂ ਦੱਸ ਸਕਦਾ ਕਿ ਇਸ ਜਗਤ-ਰਚਨਾ ਤੋਂ ਪਹਿਲਾਂ ਕੀਹ ਸੀ।

(ਪਉੜੀ ਨੰ: ਤੋਂ ੧੪ ਤੀਕ) ਪਰਮਾਤਮਾ ਹਰੇਕ ਮਨੁੱਖ ਦੇ ਸਰੀਰ ਦੇ ਅੰਦਰ ਹੀ ਵੱਸਦਾ ਹੈ, ਪਰ ਗੁਰੂ ਦੀ ਸਰਨ ਪਿਆਂ ਹੀ ਮਨੁੱਖ ਨੂੰ ਇਹ ਸਮਝ ਆਉਂਦੀ ਹੈ। ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਜੋ ਸਿਮਰਦਾ ਹੈ ਉਸ ਦਾ ਮਨ ਸਦਾ ਖਿੜਿਆ ਰਹਿੰਦਾ ਹੈ।

(ਪਉੜੀ ਨੰ: ੧੫ ਤੋਂ ੨੧ ਤੀਕ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਸਹੀ ਆਤਮਕ ਜੀਵਨ ਦੀ ਸੂਝ ਨਹੀਂ ਪੈਂਦੀ। ਭਾਵੇਂ ਪਰਮਾਤਮਾ ਹਰੇਕ ਮਨੁੱਖ ਦੇ ਸਰੀਰ-ਕਿਲ੍ਹੇ ਵਿੱਚ ਵੱਸਦਾ ਹੈ ਪਰ ਮਨਮੁਖ ਦੀ ਪਰਮਾਤਮਾ ਨਾਲੋਂ ਵਿੱਥ ਬਣੀ ਰਹਿੰਦੀ ਹੈ। ਗੁਰੂ ਦੀ ਸਰਨ ਪਿਆਂ ਇਹ ਸਮਝ ਆਉਂਦੀ ਹੈ ਕਿ ਸਦਾ ਨਾਲ ਨਿੱਭਣ ਵਾਲਾ ਪਰਮਾਤਮਾ ਦਾ ਨਾਮ ਹੀ ਹੈ। ਪਰ ਕਿਸੇ ਨੂੰ ਮੰਦਾ ਨਹੀਂ ਆਖਿਆ ਜਾ ਸਕਦਾ। ਪ੍ਰਭੂ ਆਪ ਹੀ ਗੁਰੂ ਦੀ ਸਰਨ ਪਾ ਕੇ ਮਨੁੱਖ ਨੂੰ ਆਪਣੀ ਭਗਤੀ ਵਿੱਚ ਜੋੜਦਾ ਹੈ।

"ਰਾਮਕਲੀ ਕੀ ਵਾਰ ਮ: ੩" ਦਾ ਮੁੱਖ ਭਾਵ—ਸਰਬ-ਵਿਆਪਕ ਸਿਰਜਣਹਾਰ ਪ੍ਰਭੂ ਆਪ ਹੀ ਮਨੁੱਖ ਨੂੰ ਗੁਰੂ ਦੀ ਸਰਨ ਪਾ ਕੇ ਮਾਇਆ ਦੇ ਮੋਹ ਵਿਚੋਂ ਕੱਢਦਾ ਹੈ ਤੇ ਆਪਣੀ ਭਗਤੀ ਵਿੱਚ ਜੋੜਦਾ ਹੈ। ਆਪਣੀ ਰਚੀ ਮਾਇਆ ਵਿੱਚ ਭੀ ਉਹ ਆਪ ਹੀ ਫਸਾਂਦਾ ਹੈ, ਤੇ ਆਪਣੀ ਭਗਤੀ ਵਿੱਚ ਭੀ ਆਪ ਹੀ ਜੋੜਦਾ ਹੈ। (ਚਲਦਾ) #Instt.4v.. Ramkali ki vaar M.-3-02.19-P00#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਚੌਥੀ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- gurbaniguru@yahoo.com & gianisurjitsingh@yahoo.com

web sites-

www.gurbaniguru.org

theuniqeguru-gurbani.com

gurmateducationcentre.com




.