.

** ਮਨੁੱਖ ਦਾ ਆਪਣੇ-ਆਪ ਨੂੰ ਚੀਨਣਾ-ਪੜਚੋਲ। **

ਕਿਸ਼ਤ ਨੰਬਰ 2

(ਲੜੀ ਜੋੜਨ ਲਈ ਕਿਸ਼ਤ ਨੰਬਰ 1 ਪੜ੍ਹੋ ਜੀ।)

"ਆਇਓ ਸੁਨਨ ਪੜਨ ਕਉ ਬਾਣੀ"।।

** ਅਸੀਂ ਗੁਰੁ ਨਾਨਕ ਨਾਲ ਲੇਵਾ ਸਿੱਖ-ਸੰਗਤਾਂ ਨੇ ‘ਗੁਰਬਾਣੀ’ ਨੂੰ ਪੜ੍ਹ ਕੇ, ਸੁਣ ਕੇ, ਸਮਝ ਕੇ, ਮੰਨ ਕੇ, ਗਾ ਕੇ, ਵੀਚਾਰ ਕੇ ‘ਅਕਾਲ-ਪੁਰਖ, ਪਰਮ ਪਿਤਾ ਪ੍ਰਮੇਸ਼ਰ ਵਾਹਿਗੁਰੂ ਪਰਵਿਦਗਾਰ ਜੀ ਦੇ ਗੁਣਾਂ ਨੂੰ ਸਮਝਣਾਂ ਹੈ ਅਤੇ ਯਾਦ ਕਰਨਾ ਹੇ, ਯਾਦ ਰੱਖਣਾ ਹੈ, ਅਤੇ ਆਪਣੇ ਜੀਵਨ ਵਿਚ, ਆਪਣੇ ਅਮਲਾਂ ਵਿੱਚ ਲਿਆਉਣਾ ਹੈ। ਨਿਰਾ-ਪੁਰਾ ਤੋਤਾ-ਰਟਣ ਹੀ ਨਹੀਂ ਕਰਨਾ। ‘ਗੁਰਬਾਣੀ’ ਦੇ ਅਰਥਾਂ ਨੂੰ, ਭਾਵਾਂ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਧਾਰਨ ਕਰਨਾ ਹੀ ‘ਸਿੱਖੀ’ ਨੂੰ ਗਉਣਾ, ਕਮਾਉਣਾ ਅਤੇ ਧਿਆਉਣਾ ਹੈ।

** ਖੰਡੇ ਦੀ ਪਾਹੁਲ ਛਕਣਾ ਅਤੇ ਪੰਜ ਕਕਾਰੀ ਹੋਣਾ ਤਾਂ ਕੇਵਲ ‘ਸਿੱਖੀ’ ਦਾ ਦਾਖਲਾ ਮਾਤਰ ਹੈ। ਉਸ ਤੋਂ ਬਾਦ ਦੀ ਪੜ੍ਹਾਈ ਅਤੇ ਪਰੈਕਟੀਕਲ ਤਾਂ ਮਨੁੱਖਾ-ਜੀਵਨ ਵਿੱਚ ‘ਸਾਤਵਿੱਕ-ਗੁਣਾਂ’ ਨੂੰ ਜੀਵਨ ਵਿੱਚ ਧਾਰਨ ਕਰ ਉਹਨਾਂ ਅਨੁਸਾਰੀ ਜੀਵਨ ਬਤੀਤ ਕਰਨਾ ਅਤੇ ਵਿਚਰਨਾ ਹੈ।

"ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ॥ ਕਬੀਰ ਜੀ 1372॥

** ‘ਅਕਾਲ-ਪੁਰਖ-ਵਾਹਿਗੁਰੂ’ ਜੀ ਦੇ ਗੁਣਾਂ ਬਾਰੇ ਜਾਨਣਾ, ਮੰਨਣਾ ਅਤੇ ਆਪਣੇ ਜੀਵਨ ਵਿੱਚ ਇਹਨਾਂ ਗੁਣਾਂ ਨੂੰ ਧਾਰਨ ਕਰਨਾ ਹੀ ਅਸਲ ਵਿੱਚ ਸਿੱਖੀ-ਧਾਰਨ ਕਰਨਾ ਹੈ। ਅਕਾਲ-ਪੁਰਖ, ਪਰਮ ਪਿਤਾ ਪ੍ਰਮੇਸ਼ਰ ਵਾਹਿਗੁਰੂ ਪਰਵਿਦਗਾਰ ਜੀ ਦੇ ਸਤੋ-ਗੁਣ ਹਨ।

ਸੱਚ, ਪਿਆਰ, ਪਵਿੱਤਰਤਾ, ਸਾਂਤੀ, ਨਿਰਮਲਤਾ, ਸਹਿਜਤਾ, ਮਿੱਠਬੋਲੜਾ, ਮਿਲਾਪੜਾ, ਦਇਆਲਤਾ, ਨਿਰਭੳਤਾੁ, ਨਿਰਵੈਰਤਾ, ਨਿਸ਼ਕਾਮਤਾ, ਪਰਉਪਕਾਰਤਾ, ਦਾਤਾਰ, ਮਾਤ-ਪਿਤਾ।

ਸੱਚ: ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ ਮ1॥ ਪੰ 1॥

ਪਿਆਰ: ਘਰਿ ਲਾਲੁ ਆਇਆ ਪਿਆਰਾ ਸਭ ਤਿਖਾ ਬੁਝਾਈ॥ ਪੰਨਾ 247॥

ਪਵਿੱਤਰ: ਪਵਿਤ੍ਰ ਪਵਿਤ੍ਰ ਪਵਿਤ੍ਰ ਪੁਨੀਤ॥ ਪੰਨਾ279॥

ਸਾਂਤ: ਸਾਂਤਿ ਸਹਜ ਅਨੰਦ ਘਨੇਰੇ ਗੁਰ ਚਰਨੀ ਮਨੁ ਲਾਏ॥ ਮ5॥ ਪੰ780॥

ਦਇਆਲ: ਨਿਰਭਉ ਸਦਾ ਦਇਆਲੁ ਹੈ ਸਭਨਾ ਕਰਦਾ ਸਾਰ॥ ਪੰਨਾ 27॥

ਮਿੱਠਬੋਲੜਾ: ਮਿਠ ਬੋਲੜਾ ਜੀ ਹਰਿ ਸਜਣੁ ਮੋਰਾ॥ ਪੰਨਾ784॥

ਨਿਰਮਲ: ਮਨਿ ਨਿਰਮਲ ਨਾਮੁ ਧਿਆਈਐ ਤਾ ਪਾਏ ਮੋਖ ਦੁਆਰ॥ ਪੰਨਾ33॥

ਸਹਿਜ: ਜਿਨੀ ਗੁਰਮੁਖਿ ਚਾਖਿਆ ਸਹਜ ਰਹੇ ਸਮਾਇ॥ ਪੰਨਾ 26॥

ਨਿਹਕਾਮ: ਨਰਹਰ ਨਾਮ ਨਰਹਰ ਨਿਹਕਾਮ॥ ਪੰਨਾ 152॥

ਨਿਰਭਉ: ੴਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ

ਸੈਭੰ ਗੁਰ ਪ੍ਰਸਾਦਿ॥ ਪੰਨਾ 1॥

ਨਿਰਵੈਰ: ਨਿਰਹਾਰ ਨਿਰਵੈਰ ਸੁਖਦਾਈ॥ ਪੰ 287॥

ਦਾਤਾਰ: ਤੂੰ ਦਾਤਾ ਦਾਤਾਰ ਤੇਰਾ ਦਿਤਾ ਖਾਵਣਾ॥ ਪੰਨਾ 257

ਪਰਉਪਕਾਰੀ : ਜਨਮ ਮਰਣ ਦੁਹਹੁ ਮਹਿ ਨਾਹੀ ਜਨ ਪਰਉਪਕਾਰੀ ਆਏ॥ ਪੰਨਾ 749॥

"ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ॥" ਪੰਨਾ 735.

ਅਕਾਲ-ਪੁਰਖ, ਪਰਮ ਪਿਤਾ ਪ੍ਰਮੇਸ਼ਰ ਵਾਹਿਗੁਰੂ ਜੀ ਬੇਅੰਤ ਹਨ, ਸਰਬ ਵਿਆਪੱਕ ਹੈ। ਉਸਦੇ ਗੁਣਾਂ ਦਾ ਕੋਈ ਪਾਰਾਵਾਰ ਨਹੀਂ ਹੈ। ਉਹ ਤਾਂ ਸਰਬ ਗੁਣ ਸੰਪੰਨ ਹੈ। ਇਨਸਾਨ ਅਗਰ ਉੱਪਰ ਦਿੱਤੇ ‘ਸਤੋ-ਗੁਣ’ ਹੀ ਅਪਨਾ ਲਏ ਤਾਂ ਸਾਡਾ ਜਿਉਣਾ ਸਫਲ ਹੋ ਸਕਦਾ ਹੈ।

** ਬੱਸ ਇਹਨਾ ਗੁਣਾਂ ਨੂੰ ਜਿਉਂਣਾ ਹੈ, ਆਪਣੇ ਅੰਦਰ ਵਸਾਉਣਾ ਹੈ। ਇਹਨਾਂ ਗੁਣਾਂ ਅਨੁਸਾਰੀ ਆਪਾ ਬਨਾਉਣਾ ਹੈ। ਨਿਤਾਪ੍ਰਤੀ ਜੀਵਨ ਕਾਰ-ਵਿਹਾਰ ਵਿੱਚ ਇਹਨਾ ਗੁਣਾਂ ਦਾ ਅਸਰ ਮਹਿਸੂਸ ਕਰਨਾ ਅਤੇ ਇਹਨਾਂ ਗੁਣਾਂ ਦਾ ਅਮਲ ਦਿੱਖਣਾ ਚਾਹੀਦਾ ਹੈ। ਆਪਣੇ ਮਨ ਦੇ ਵਿਚਾਰਾਂ ਨੂੰ ਇਹਨਾਂ ਗੁਣਾਂ ਅਨੁਸਾਰੀ ਰੰਗਤ ਦੇਣੀ ਹੈ।

** ਉਸ ਪਰਮ ਪਿਤਾ ਪ੍ਰਮੇਸ਼ਰ ਵਾਹਿਗੁਰੂ ਦੀ ਯਾਦ ਵਿੱਚ ਜੀਵਨ ਗੁਜਾਰਨਾ ਹੀ ‘ਸਿਮਰਨ’ ਹੈ।

** ਉਸਦੀ ਯਾਦ ਵਿੱਚ ਰਹਿ ਕੇ ਕੰਮ ਕਰਨਾ ਹੀ ‘ਭਗਤੀ’ ਹੈ। ਇਹ ਯਾਦ/ਭਾਵ ਹਰ ਵਕਤ ਸਾਡੇ ਮਨਾਂ ਵਿੱਚ ਘਰ ਕਰ ਜਾਵੇ, ਕਿ ਮੈਂ ਆਪਣੇ ਪਰਮ ਪਿਤਾ ਪ੍ਰਮੇਸ਼ਰ ਵਾਹਿਗੁਰੂ ਨੂੰ ਹਰ ਵਕਤ ਆਪਣੇ ਅੰਗ ਸੰਗ ਮਹਿਸੂਸ ਕਰਦਾ ਹਾਂ, ਆਪਣੀ ਮਤਿ ਯਾਨੀ ਮਨਮਤਿ ਦਾ ਤਿਆਗ ਕਰਨਾ ਹੈ ਅਤੇ ‘ਗੁਰਮਤਿ’ ਗੁਰੂ ਦੀ ਮਤਿ ਦਾ ਧਾਰਨੀ ਹੋਣਾ ਹੈ.

"ਗੁਰ ਮੇਰੇ ਸੰਗ ਸਦਾ ਹੈ ਨਾਲੇ"। ਮ5॥ 394॥

** ਗੁਰ-ਪ੍ਰਮੇਸ਼ਰ ਦੇ ਇਹ ਸਾਰੇ ਗੁਣ ਇਸ਼ਕ-ਹਕੀਕੀ ਹਨ। ਸਿੱਖ ਇਤਿਹਾਸ ਇਸ ਇਸ਼ਕ-ਹਕੀਕੀ ਦਾ ਗਵਾਹ ਹੈ। ਸਿੱਖ ਕੌਮ ਵਿੱਚ ਆਪਣੇ ਗੁਰੂ ਲਈ, ਆਪਣੇ ਪਿਆਰੇ ਲਈ, ਆਪਣੇ ਫਰਜ਼ਾਂ ਲਈ, ਬਹਾਦਰ ਸਿੰਘਾਂ/ ਸਿੰਘਨੀਆਂ ਦੀਆਂ ਸ਼ਹੀਦੀਆਂ/ ਕੁਰਬਾਨੀਆਂ ਇਸ ਇਸ਼ਕ ਹਕੀਕੀ ਦੀਆਂ ਬੇਮਿਸਾਲ ਗਵਾਹੀਆਂ ਹਨ।

** ਆਪਾਂ ਇਨਸਾਨਾਂ ਦੇ ਅੰਦਰ ਕਿਤੇ ਕੋਈ ਸਲੇਟ ਜਾਂ ਡਿਸਕ ਨਹੀਂ, ਜਿਸ ਉੱਪਰ ਕੋਈ ਲਿਖਤ ਲਿਖੀ ਜਾ ਸਕੇ। ਪਰ ਫਿਰ ਭੀ ਸਾਡੇ ਅੰਦਰ, ਸਾਡੇ ਆਪਣੇ ਜੀਵਨ, ਆਪਨੀ ਪੂਰੀ ਉੱਮਰ ਦਾ ਸਾਰਾ ਸੋਚਿਆ/ਵਿਚਾਰਿਆ, ਬੋਲਿਆ, ਸਾਡੇ ਕਰਮ ਇੰਦਰਿਆਂ ਰਾਹੀਂ ਕੀਤੇ ਗਏ ਕੰਮਾਂ ਦੀ ਯਾਦ ਦਾ ਪੂਰਾ ਵੇਰਵਾ, ਪੂਰੀ ਪਿਕਚਰ ਸਾਡੇ ਅੰਦਰ ਰੀਕਾਰਡਿਡ ਹੈ। ਇਹ ਰੀਕਾਰਡਿੰਗ ਤੁਹਾਡੀ ਆਪਣੀ ਪਰੋਪਰਟੀ/ਜਾਇਦਾਦ ਹੈ।

** ਇਹ ਲੇਖਾ/ਰੀਕਾਰਡਿੰਗ ਸਿਰਫ ਅਸੀਂ ਆਪ ਖੁਦ, ਜਦ ਵੀ ਚਾਹੀਏ, ਵੇਖ ਸਕਦੇ ਹਾਂ, ਸੁਣ ਸਕਦੇ ਹਾਂ, ਕਿ ਅੱਜ ਤੱਕ ਅਸੀਂ ਕੀ ਕੀ ਕੀਤਾ ਹੈ?

** ਕੀ ਕੀ ਪੌਜੇਟਿਵ ਕੀਤਾ ਹੈ?

** ਅਤੇ ਕੀ ਕੀ ਨੈਗੇਟਿਵ ਕੀਤਾ ਹੈ?

** ਸਾਡਾ ਜੀਵਨ ਕਿਸ ਪੱਧਰ ਦਾ ਹੈ? ।

** ਅਸੀਂ ਆਪਣੇ ਇਸ ਜੀਵਨ ਦੀ ਪੜਚੋਲ ਕਰ ਸਕਦੇ ਹਾਂ, ਇਸ ਆਪਣੇ ਜੀਵਨ ਨੂੰ ਚੀਨ ਸਕਦੇ ਹਾਂ।

** ਅਸੀਂ ਆਪਣੇ ਦੁਆਰਾ ਸਾਰੀਆਂ ਲਿਖੀਆਂ/ਬਣਾਈਆਂ ਫਾਈਲਾਂ ਦੀ ਨਜ਼ਰਸਾਨੀ, ਜਦੋਂ ਚਾਹੀਏ ਕਰ ਸਕਦੇ ਹਾਂ। ਇਹ ਤੁਹਾਡਾ ਆਪਣਾ ਨਿਜ਼ੀ ਮਾਮਲਾ ਹੈ, ਆਪਣੇ ਆਪ ਨੂੰ ਚੀਨਣ ਦਾ, ਪੜਚੋਲਣ ਦਾ, ਜਦ ਚਾਹੋ, ਜਿਥੇ ਵੀ ਚਾਹੋ ਕਰ ਸਕਦੇ ਹੋ।

** "ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ॥ ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ"॥ ਪੰਨਾ 1378॥

** ਵਿਚਾਰਾਂ ਕਰਨ ਨਾਲ ‘ਗਿਆਨ’ ਵਿੱਚ ਵਾਧਾ ਹੁੰਦਾ ਹੈ, ਬਸ਼ਰਤੇ ਸਾਡੀਆਂ ਵਿਚਾਰਾਂ ਪੌਜੇਟਿਵ ਹੋਣ। ‘ਨੈਗੇਟਿਵਟੀ’ ਨਫਰਤ ਅਤੇ ਦੂਰੀਆਂ ਵਧਾਉਦੀ ਹੈ। ਵਾਹਿਗੁਰੂ ਸਾਨੂੰ ਸਾਰਿਆਂ ਵੀਰਾਂ ਭੈਣਾਂ ਨੂੰ ਗੁਰਬਾਣੀ ਦੀ ਗਹਿਰਾਈ ਤੱਕ ਸੱਮਝ ਆਉਣ ਲਈ ਸੂਝ ਅਤੇ ਸੁਮੱਤ ਬਖਸਣ। ਅਸੀਂ ਇਹਨਾਂ ਗੁਣਾਂ ਦੇ ਮਾਲਕ ਹਾਂ। ਇਹਨਾਂ ਗੁਣਾਂ ਨੂੰ ਆਪਣੀ ਜਿੰਦਗੀ ਦੇ ਕਾਰ-ਵਿਹਾਰ ਵਿੱਚ ਲਿਆਕੇ ਖੁਸ਼ੀਆਂ/ਖੇੜਿਆਂ/ਹਾਸਿਆਂ ਨੂੰ ਜੀਵੀਏ/ ਹੰਢਾਈਏ ਅਤੇ ਸੰਸਾਰ ਵਿੱਚ ਵੰਡੀਏ ਤਾਂ ਹੀ ਜ਼ਰੇ ਜ਼ਰੇ ਵਿੱਚ ਪ੍ਰਮਾਤਮਾ/ ਵਾਹਿਗੁਰੂ ਜੀ ਵੱਸਦੇ ਹਨ, ਵਾਲੀ ਸਚਾਈ ਪ੍ਰਤੱਖ ਨਜ਼ਰ ਆਵੇਗੀ ਅਤੇ ਆਉਦੀ ਹੈ।

** ੴ ਸਤਿਗੁਰ ਪ੍ਰਸਾਦਿ॥ ਧਨਾਸਰੀ ਮਹਲਾ 9॥

ਕਾਹੇ ਰੇ ਬਨ ਖੋਜਨ ਜਾਈ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ॥ ਰਹਾਉ॥

ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੂਸੇ ਛਾਈ॥

ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ॥

ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰਿ ਗਿਆਨੁ ਬਤਾਈ॥

ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨਾ ਭ੍ਰਮ ਕੀ ਕਾਈ॥ ਮ9॥ 684॥

** ਆਪਾ ਚੀਨਣ ਦਾ ਮਤਲਭ ਹੈ, ਆਪਣੇ ਮੂਲ ਦੀ ਜਾਣਕਾਰੀ, ਆਪਣੇ ਅੰਦਰ, ਅੰਤਰਮੁਖੀ ਹੋ ਕੇ ਆਪਣੇ ਆਪ ਬਾਰੇ ਜਾਣਕਾਰ ਹੋਣਾ ਕਿ ਮੈਂ ਕੌਣ ਹਾਂ? ? ? ਜਦ ਮੈਨੂੰ ਆਪਣੇ ਆਪ ਬਾਰੇ ਜਾਣਕਾਰੀ ਹੋ ਜਾਂਦੀ ਹੈ ਤਾਂ ਮੈਨੂੰ ਸਹਿਜੇ ਹੀ ਸਮਝ ਪੈਂਦਾ ਹੈ ਕਿ ਜੋ ਬਾਹਰ ਹੈ ਉਹੀ ਮੇਰੇ ਅੰਦਰ ਵੀ ਹੈ।

‘ਭਗਤ ਪੀਪਾ ਜੀ’ ਇਸ ਬਾਰੇ ਬੜੀ ਸਾਫ਼ ਤਸਵੀਰ ਵਿਖਾ ਰਹੇ ਹਨ/ਬਿਆਨ ਕਰ ਰਹੇ ਹਨ।

** ਹਾਂ! ! ‘ਸੱਚਾਈ ਨੂੰ ਮੰਨਣਾ ਜਾਂ ਨਾ-ਮੰਨਣਾ ਸਾਰੇ ਮਨੁੱਖਾਂ ਦੀ ਆਪਣੀ-ਆਪਣੀ ਮਰਜ਼ੀ ਹੈ।

** ਭਗਤ ਪੀਪਾ ਜੀ॥

ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ॥

ਕਾਇਅਉ ਧੁਪ ਦੀਪ ਨਈਬੇਦਾ ਕਾਇਅਉ ਪੂਜਉ ਪਾਤੀ॥ 1॥

ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ॥

ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ॥ 1॥ ਰਹਾਉ॥

ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥

ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ॥ 2॥ 3॥ 695॥

** ਕਾਇਆ – ਸਰੀਰ। (ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥ ਜੋ ਬਾਹਰ ਹੈ ਉਹੀ ਮੇਰੇ ਸਰੀਰ ਵਿੱਚ ਹੈ। ‘ਜੋ ਖੋਜੈ ਸੋ ਪਾਵੈ’ ਭਾਵ ਜੋ ਆਪਣੇ ਆਪ ਨੂੰ ਚੀਨਣ ਦਾ, ਜਾਨਣ ਦਾ ਪਰਿਆਸ/ਉਦਮ/ਉਪਰਾਲਾ ਕਰੇਗਾ, ਉਸਨੂੰ ‘ਗੁਰਮੱਤ-ਗਿਆਨ’ ਦੀ ਆਪਣੇ ਆਪ ਦੀ ਜਾਣਕਾਰੀ ਹੋ ਜਾਵੇਗੀ।

ਲੋੜ:

ਨਿਜ਼ ਪੱਧਰ ਲਈ (ਆਪਣੇ ਲਈ): ਆਪਣੀ ਮਤਿ ਤਿਆਗ ਕੇ, ਗੁਰੂ ਦੀ ਮਤਿ ‘ਗੁਰਮਤਿ’ ਦੇ ਧਾਰਨੀ ਹੋਣਾ। ਉੱਪਰ ਦਿੱਤੇ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਨਾ। ਗੁਣਾਂ ਅਨੁਸਾਰੀ ਬਨਣਾ ਅਤੇ ਇਹਨਾ ਤੇ ਪਹਿਰਾ ਦੇਣਾ। ਸਿਮਰਨ ਅਤੇ ਭਗਤੀ ਇਹਨਾਂ ਗੁਣਾਂ ਦੀ ਹੀ ਕਰਨੀ ਹੈ. (ਭਾਵ ਹਰ ਵਕਤ ਉਸਦੀ ਯਾਦ ਵਿੱਚ ਰਹਿਣਾ ਅੰਗ-ਸੰਗ ਸਮਝਣਾ ਅਤੇ ਜੀਵਨ ਵਿੱਚ ਕਾਰ-ਵਿਹਾਰ ਕਰਨ ਵੇਲੇ ਵੀ ਉਸ ਨਿਰਾਕਾਰ, ਗੁਰ ਦਾਤੇ ਦੇ ਸਾਤਵਿੱਕ ਗੁਣਾਂ ਦੇ ਅਨੁਸਾਰੀ ਆਪਣਾ ਜੀਵਨ ਨਿਰਬਾਹ ਕਰਨਾ ਅਤੇ ਹੋਰਨਾਂ ਜੀਵਾਂ ਮਨੁੱਖਾਂ ਨਾਲ ਵਰਤਣਾ।

ਪੰਥਕ ਪੱਧਰ ਲਈ: ਆਪਣੇ ਨਿਜ਼ੀ ਜੀਵਨ ਵਿੱਚ ਉਪਰ ਦਿੱਤੇ ਸਾਤਵਿੱਕ-ਗੁਣਾਂ ਦੀ ਪੱਰਪਕਤਾ/ਪਰੈਕਟੀਕਲਟੀ ਲਿਆਉਣ ਤੋਂ ਬਾਅਦ, ਆਪਣੇ ਘਰ, ਗਲੀ-ਮੁਹੱਲੇ, ਸਮਾਜ, ਪੰਥਕ ਪੱਧਰ ਉੱਪਰ ‘ਗੁਰਮੱਤ-ਗਿਆਨ’ ਬਾਰੇ ਜਾਗਰਤੀ ਅਤੇ ਤਰੱਕੀ ਲਈ ਹੰਭਲਾ ਮਾਰਨਾ, ਉਪਰਾਲੇ ਕਰਨੇ ਅਤੇ ਖਾਲਸਾ ਕੌਮ ਦੀ ਚੜ੍ਹਦੀ ਕਲਾ ਲਈ ਮਨ ਵਿੱਚ ਇਹ ‘ਗੁਰਮੱਤ’ ਅਨੁਸਾਰੀ ਬਦਲਾਅ ਲਿਆਉਣ ਲਈ ਸੰਕਲਪ ਬਣਾਈ ਰੱਖਣਾ।

"ਜਨ ਨਾਨਕ ਤਿਸੁ ਬਲਿਹਾਰਣੈ ਜੋ ਆਪਿ ਜਪੈ ਅਵਰਾ ਨਾਮੁ ਜਪਾਏ॥ ਪੰਨਾ140॥

"ਆਪ ਜਪਹੁ ਅਵਰਾ ਨਾਮੁ ਜਪਾਵਹੁ॥ ਪੰਨਾ 289.

"ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥ ਪੰਨਾ306

** ਅੱਜ ਦੇ ਮਨੁੱਖਾ ਸਮਾਜ ਵਿੱਚ ਆਪਣੇ ਆਪ ਦੀ ਪੜਚੋਲ/ਮੁਤਾਲਿਆ/ਚੀਨਣਾ ਕਰਨ ਨਾਲੋਂ, ਹੋਰਨਾਂ ਨੂੰ, ਦੂਸਰਿਆਂ ਨੂੰ ਸੁਧਾਰਨ ਦੇ, ਸਮਝਾਉਣ ਦੇ ਯਤਨ ਉਪਰਾਲੇ ਜਿਆਦਾ ਕੀਤੇ ਜਾਂਦੇ ਹਨ। ਹਰ ਕੋਈ ਲੋਚਦਾ ਹੈ/ਚਹੁੰਦਾ ਹੈ ਕਿ ਹੋਰ ਸਾਰੇ ਉਸਦੇ ਅਨੁਸਾਰੀ ਹੋ ਜਾਣ, ਦੂਸਰੇ ਸਾਰੇ ਬਦਲ ਜਾਣ, ਪਰ ਕੋਈ ਵੀ ਮਨੁੱਖ ਆਪਣੇ ਆਪ ਨੂੰ ਬਦਲਣ ਲਈ ਤਿਆਰ ਨਹੀਂ।

** ਕਿਸੇ ਮਨੁੱਖ ਵਿੱਚ ਅਗਰ ਕੋਈ ਬਦਲਾਅ ਆਉਣ ਦੀ ਕੋਈ ਗੁੰਜ਼ਾਇਸ਼ ਹੈ, ਤਾਂ ਉਹ ਸਿਰਫ ਆਪਣੇ ਆਪ ਦੀ ਪੜਚੋਲ/ਮੁਤਾਲਿਆ ਕਰਨ ਤੋਂ ਬਾਅਦ ਹੀ ਹੈ। ਵਰਨਾ ਨਾ-ਮੁੰਮਕਿੰਨ ਹੈ।

** ਹੋਰਨਾਂ ਨੂੰ, ਦੂਸਰਿਆਂ ਨੂੰ ਬਦਲਨਾ ਤਾਂ ਬਿੱਲਕੁੱਲ ਹੀ ਨਾ-ਮੁੰਮਕਿੰਨ ਕੋਸ਼ਿਸ ਹੈ, ਵਿਚਾਰ ਹੈ। ਹੋਰਨਾਂ ਨੂੰ/ ਦੂਸਰਿਆਂ ਨੂੰ ਬਦਲਣ ਦੇ ਨਾਲੋਂ ਆਪਣੇ ਆਪ ਵਿੱਚ ਬਦਲਾਅ ਲਿਆਉਣਾ ਬਹੁਤ ਹੀ ਸੌਖਾ ਹੈ। ਬਸ਼ਰਤੇ ਆਪ ਨੂੰ ਇਹ ਗਿਆਨ ਹੋ ਜਾਵੇ, ਸਮਝ ਆ ਜਾਵੇ ਕਿ ਮੈਂ ‘ਗਲਤ’ ਹਾਂ। ਫਿਰ ਆਪਣੇ ਆਪ ਵਿੱਚ ਬਦਲਾਅ ਲਿਆਉਣ ਵਿੱਚ ਕੋਈ ਸ਼ਰਮਸਾਰੀ ਪੇਸ਼ ਨਹੀਂ ਆਉਦੀਂ।

** ਮਨੁੱਖਾ ਸਮਾਜ ਵਿੱਚ ਹਰ ਮਨੁੱਖ ਆਪਣੇ ਦੁਆਰਾ ਕੀਤੇ ਚੰਗੇ ਕੰਮਾਂ ਲਈ ਤਾਂ ਆਪਣੀ ਪਿੱਠ ਠੋਕ ਲੈਂਦਾ ਹੈ। ਆਪਣਾ ਦੁਆਰਾ ਹੋਏ ਗਲਤ ਕੰਮਾਂ ਦੀ ਜਿੰਮੇਵਾਰੀ ਕਬੂਲਣ ਨੂੰ ਕੋਈ ਤਿਆਰ ਨਹੀਂ ਹੁੰਦਾ। ਜਦੋਂ ਕਿ ਸਾਨੂੰ ਆਪਣੇ ਦੁਆਰਾ ਕੀਤੇ ਹਰ ਕੰਮ ਦੀ ਜਿੰਮੇਵਾਰੀ ਕਬੂਲਣੀ ਬਣਦੀ ਹੈ, ਆਪਣੀ ਬਣਦੀ ਜਿੰਮੇਂਵਾਰੀ ਕਬੂਲ ਕਰ ਲੈਣੀ ਚਾਹੀਦੀ ਹੈ। ਚਾਹੇ ਉਸ ਕੀਤੇ ਕੰਮ ਦਾ ਰਜੱਲਟ ਚੰਗਾ ਸੀ ਜਾਂ ਮਾੜਾ।

** ਆਪਣੇ ਦੁਆਰਾ ਕੀਤੇ ਕੰਮ ਦੀ ਬਣਦੀ ਜਿੰਮੇਵਾਰੀ ਕਬੂਲ ਕਰ ਲੇਣਾ ਹੀ:

  • ਆਪਣ ਆਪ ਦੀ ਸਹੀ ਪੜਚੋਲ/ਚੀਨਣਾ ਹੈ।
  • ਆਪਣੇ ਆਪ ਨੂੰ ਸਹੀ ਪਹਿਚਾਨਣਾ ਹੈ।
  • ਆਪਣੇ ਆਪ ਨੂੰ ਜਾਨਣਾ ਹੈ।
  • ਆਪਣੇ ਆਪ ਦਾ ਗਿਆਨ ਹੈ।
  • ਫਿਰ ਮਨੁੱਖ ‘ਸੱਚ’ ਨੂੰ ਸੱਚ ਕਹੇਗਾ।
  • ‘ਝੂਠ’ ਨੂੰ ਝੂਠ ਕਹੇਗਾ।
  • ਬਾਹਰ ਸਮਾਜ ਵਿੱਚ ਅਤੇ ਆਪਣੇ ਅੰਦਰ ਵੀ ਇੱਕ ਸਮਾਨ ਰਹੇਗਾ।
  • ਅਜੇਹੇ ਮਨੁੱਖ ਹੀ ਇੱਕ ਚੰਗੇ ਸਮਾਜ ਦੀ ਸਿਰਜਨਾ ਕਰ ਸਕਦੇ ਹਨ।

** ਅੱਜ ਦੇ ਸਿੱਖ-ਸਮਾਜ ਦੇ ਘਰ-ਘਰ ਦੀ ਜੋ ਦਸ਼ਾ ਹੈ, ਉਸਦਾ ਅਸਲ ਕਾਰਨ ਹੀ ਸਾਡੀ ਕੌਮ ਦੇ ਮੈਂਬਰਾਂ/ਬਸਿੰਦਿਆਂ ਅਤੇ ਲੀਡਰਾਂ ਵਿੱਚ ਹੀਨਤਾ ਦਾ ਭਾਵ ਹੈ, ਆਪਣੇ-ਆਪ ਦੀ ਪੜਚੋਲ ਨਾ ਕਰਨਾ। ਆਪਣੇ ਆਪ ਦੀ ਪੜਚੋਲ ਨਾ ਹੋਣ ਕਰਕੇ, ਉਹ ਆਪਣੀ ਬਣਦੀ ਜਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹਨ।। ਚਾਹੇ ਉਹ ਧਾਰਮਿੱਕ ਸਮਾਜ/ਫੀਲਡ ਵਿੱਚ ਹਨ ਜਾਂ ਰਾਜਨੀਤਿੱਕ ਸਮਾਜ/ਫੀਲਡ ਹਨ।

** ਇਸ ਦੁਚਿੱਤੀ ਦੁਬਿੱਧਾ ਵਿਚੋਂ ਨਿਕਲਣ ਲਈ ਹਰ ਸਿੱਖ-ਗੁਰਸਿੱਖ ਵੀਰ ਭੈਣ ਨੂੰ ਆਪਣੇ ਆਪ ਨੂੰ ਚੀਨਣ/ਪੜਚੋਲਣ ਦੀ ਲੋੜ ਹੈ ਅਤੇ ਬਣਦੀ ਜਿੰਮੇਵਾਰੀ ਕਬੂਲਣ ਦੀ/ਲੈਣ ਦੀ ਲੋੜ ਹੈ। ਇਹਨਾਂ ਹਾਲਾਤਾਂ ਵਿਚੋਂ ਉਭਰਨ ਲਈ ਬਹੁਤ ਵੱਡਾ ਹੰਭਲਾ ਮਾਰਨ ਦੀ ਲੋੜ ਹੈ। ਜਾਗਰਤੀ ਗਰਾਊਂਡ ਲੈਵਲ ਆਪਣੇ ਆਪ, ਆਪਣੇ ਘਰ ਤੋਂ ਸੁਰੂ ਹੋਵੇਗੀ, ਤਾਂ ਹੀ ਖਾਲਸਾ-ਕੌਮ ਦਾ ਹਰ ਵੱਡਾ ਛੋਟਾ ਮੈਂਬਰ ਆਪਣੇ ਆਪ ਬਾਰੇ ਜਾਣ ਸਕੇਗਾ। ਆਪਣੇ ਬਣਦੇ ਫਰਜ਼ਾਂ ਦੀ ਪਹਿਚਾਣ ਕਰ ਸਕੇਗਾ। ਸਿੱਖੀ ਸਰੂਪ ਵਿੱਚ ਨਜ਼ਰ ਆਵੇਗਾ ਅਤੇ ਖਾਲਸਾ ਚੜ੍ਹਦੀ ਕਲਾ ਹੋਵੇਗਾ ਅਤੇ ਜੈਕਾਰੇ ਗੂੰਜਣਗੇ।

ਨਹੀਂ ਤਾਂ! ! ! ਗੁਰਬਾਣੀ ਫਰਮਾਨ ਹੈ।

** ਸਬਦੁ ਨ ਚੀਨੈ ਸਦਾ ਦੁਖੁ ਹਰਿ ਦਰਗਹਿ ਪਤਿ ਖੋਇ॥ ਮ3॥ 29॥

** ਕਾਚੀ ਪਿੰਡੀ ਸਬਦੁ ਨ ਚੀਨੈ ਉਦਰੁ ਭਰੈ ਜੈਸੇ ਢੋਰੈ॥ ਮ1॥ 1012॥

** ਭਰਮਿ ਭੁਲਾਣਾ ਸਬਦੁ ਨ ਚੀਨੈ ਜੂਐ ਬਾਜੀ ਹਾਰੀ॥ ਮ1॥ 1012

** ਸਿਖ ਕਰੇ ਕਰਿ ਸਬਦੁ ਨਾ ਚੀਨੈ ਲੰਪਟੁ ਹੈ ਬਾਜਾਰੀ॥ ਮ1॥ 1013॥

ਭੁੱਲ ਚੁੱਕ ਲਈ ਖਿਮਾ।

ਇੰਜ ਦਰਸਨ ਸਿੰਘ ਖਾਲਸਾ ਅਸਟਰੇਲੀਆ

22 ਮਾਰਚ 2019




.