.

"ਇਹ ਬਿਧਿ ਸੁਨਿ ਕੈ ਜਾਟਰੋ …

ਭਾਗ-ਛੇਵਾਂ

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ ਇਸ ਤੋਂ ਪਹਿਲੇ ਇਸ ਲੜੀ `ਚ ਆ ਚੁੱਕੇ ਪੰਜ ਭਾਗ ਵੀ ਜ਼ਰੂਰ ਪੜੋ ਜੀ)

ਇਸ ਤਰ੍ਹਾਂ ਗੁਰਬਾਣੀ ਆਧਾਰ `ਤੇ ਹੁਣ ਤੀਕ ਸਪਸ਼ਟ ਹੋ ਚੁੱਕਾ ਹੈ ਕਿ ਜਿਨ੍ਹਾਂ-ਜਿਨ੍ਹਾਂ ਮਹਾਪੁਰਸ਼ਾਂ ਲਈ ਗੁਰੂ ਪਾਤਸ਼ਾਹ ਨੇ ਗੁਰਬਾਣੀ `ਚ ਸ਼ਬਦਾਵਲੀ "ਭਗਤ" ਵਰਤੀ ਹੈ; ਸਮਝਣ ਦਾ ਵਿਸ਼ਾ ਹੈ ਕਿ ਉਹ ਸਾਰੇ ਦੇ ਸਾਰੇ ਭਗਤ-ਜਨ ਜਨਮਾਂਦਰੂ ਮਨੁੱਖਾ ਜਨਮ ਦੀ ਉਸ "ਪੰਚਾ ਕਾ ਗੁਰੁ ਏਕੁ ਧਿਆਨੁ" (ਬਾਣੀ ਜਪੁ) ਵਾਲੀ ਅਤੀ ਉੱਤਮ ਆਤਮਕ ਅਵਸਥਾ ਨੂੰ ਪ੍ਰਾਪਤ ਨਹੀਂ ਸਨ।

ਉਪ੍ਰੰਤ ਗੁਰੂ ਨਾਨਕ ਪਾਤਸ਼ਾਹ ਨੇ ਉਨ੍ਹਾਂ `ਚੋਂ ਜਦੌਂ ਵੀ ਜਿਸ ਕਿਸੇ ਮਹਾਪ੍ਰੁਰਸ਼ ਦੀਆਂ ਵਿਸ਼ੇਸ਼ ਰਚਨਾਵਾਂ ਜਾਂ ਰਚਨਾ ਨੂੰ ਆਪਣੇ ਪ੍ਰਚਾਰ ਦੌਰਿਆਂ (ਉਦਾਸੀਆਂ) ਦੌਰਾਨ ਗੁਰਬਾਣੀ ਦੇ ਖਜ਼ਾਨੇ ਲਈ ਪ੍ਰਵਾਣ ਕੀਤਾ ਤੇ ਸੰਭਾਲਿਆ ਬਲਕਿ ਉਨ੍ਹਾਂ ਨੂੰ ਗੁਰਬਾਣੀ ਦੇ ਖਜ਼ਾਨ `ਚ ਆਪਣੀ ਬਰਾਬਰੀ ਦਿੱਤੀ, ਤਾਂ ਉਸ ਸਮੇਂ ਤੀਕ ਉਨ੍ਹਾਂ `ਚੋਂ ਹਰੇਕ ਮਹਾਪੁਰਸ਼ ਆਪਣੇ-ਆਪਣੇ ਮਨੁੱਖਾ ਜਨਮ ਦੀ "ਪੰਚਾ ਕਾ ਗੁਰੁ ਏਕੁ ਧਿਆਨੁ" (ਬਾਣੀ ਜਪੁ) ਵਾਲੀ ਉਸ ਸਰਬ-ਉੱਤਮ ਆਤਮਕ ਅਵਸਥਾ ਨੂੰ ਪ੍ਰਾਪਤ ਹੋ ਚੁੱਕਾ ਹੋਇਆ ਸੀ।

ਇਹੀ ਕਾਰਣ ਹੈ ਕਿ ਆਪਣੇ-ਆਪਣੇ ਜੀਵਨ ਦੇ ਉਸ ਸਮੇਂ ਤੀਕ, ਗੁਰਬਾਣੀ ਵਿੱਚਲੇ ਹਰੇਕ ਗੁਰਬਾਣੀ ਫ਼ੁਰਮਾਣ, ਜਿਸ-ਜਿਸ `ਚ ਕਿਸੇ ਪ੍ਰਭੂ ਦੇ ਭਗਤ ਦੇ ਜੀਵਨ ਦੀ ਵਿਆਖਿਆ ਕੀਤੀ ਹੋਈ ਹੈ ਉਨ੍ਹਾਂ ਗੁਰਬਾਣੀ ਵਿੱਚਲੇ ੧੫ ਭਗਤਾਂ `ਚੋਂ ਹਰੇਕ ਭਗਤ `ਤੇ ਪੂਰੇ ਉਤਰਦੇ ਹਨ। ਉਪ੍ਰੰਤ ਇਸ ਵਿਸ਼ੇ ਦੀ ਪ੍ਰੌੜਤਾ `ਚ ਅਸੀਂ ਹੇਠ ਦਿੱਤੇ ਕੁੱਝ ਗੁਰਬਾਣੀ-ਫ਼ੁਰਮਾਣ ਲੈ ਰਹੇ ਹਾਂ। ਤਾਂ ਤੇ:-

() "ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ" (ਪੰ: ੪੬੮)

ਅਰਥ-ਹੇ ਪ੍ਰਭੂ! ਤੇਰੇ ਦਰ `ਤੇ ਕੇਵਲ ਉਹੀ ਭਗਤ ਕਹਿਲਵਾਉਣ ਦੇ ਹੱਕਦਾਰ ਤੇ ਪ੍ਰਵਾਣ ਹੁੰਦੇ ਹਨ ਜਿਹੜੇ ਸੁਆਸ-ਸੁਆਸ ਤੇ ਜੀਵਨ ਭਰ ਤੇਰੇ ਰੰਗ `ਚ ਹੀ ਰੰਗੇ ਰੰਹਿਦੇ ਤੇ ਤੈਨੂੰ ਭਾਅ ਜਾਂਦੇ ਹਨ।

ਇਸੇ ਤਰ੍ਹਾਂ ਇਸ ਲੜੀ `ਚ ਕੇਵਲ ਇਹੀ ਇੱਕ ਹੀ ਨਹੀਂ ਬਲਕਿ ਗੁਰਬਾਣੀ ਦੀ ਵਿਚਾਰਧਾਰਾ ਤੇ ਪੱਧਰ `ਤੇ ਅਜਿਹੇ ਭਗਤਾਂ ਲਈ ਹੋਰ ਵੀ ਬੇਅੰਤ ਸ਼ਬਦ ਤੇ ਗੁਰਬਾਣੀ ਫ਼ੁਰਮਾਣ ਹਨ ਜਿਵੇਂ:-

() "ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ॥ ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ" (ਪੰ: ੪੬੫)

ਭਾਵ ਗੁਰਬਾਣੀ ਅਨੁਸਾਰ ਪ੍ਰਭੂ ਅਥਵਾ ਦੇ ਭਗਤ ਕੇਵਲ ਉਹੀ ਹਨ ਜਿਨ੍ਹਾਂ ਅੰਦਰ ਦਿਨ-ਰਾਤ, ਸੁਆਸ-ਸੁਆਸ ਤੇ ਹਰ ਸਮੇਂ ਕੇਵਲ ਕਰਤੇ ਪ੍ਰਭੂ ਦੀ ਸਿਫ਼ਤ ਸਲਾਹ ਦੀ ਭੁਖ ਹੀ ਹੁੰਦੀ ਹੈ ਤੇ ਉਹ ਸਦਾ ਪ੍ਰਭੂ ਪਿਆਰ ਵਾਲੇ ਸਤਸੰਗੀਆਂ ਦਾ ਸੰਗ ਹੀ ਲੋਚਦੇ ਤੇ ਭਾਲਦੇ ਹਨ। ਇਸੇ ਤਰ੍ਹਾਂ ਹੋਰ:-

() "ਨਾਨਕ ਭਗਤਾ ਸਦਾ ਵਿਗਾਸੁ॥ ਸੁਣਿਐ ਦੂਖ ਪਾਪ ਕਾ ਨਾਸੁ" (ਬਾਣੀ ਜਪੁ) ਹੋਰ

() "ਤਿਥੈ ਭਗਤ ਵਸਹਿ ਕੇ ਲੋਅ॥ ਕਰਹਿ ਅਨੰਦੁ ਸਚਾ ਮਨਿ ਸੋਇ" (ਬਾਣੀ ਜਪੁ) ਪੁਨਾ:

() "ਹਰਿ ਜਨੁ ਊਤਮੁ ਭਗਤੁ ਸਦਾਵੈ, ਆਗਿਆ ਮਨਿ ਸੁਖੁ ਪਾਈ॥ ਜੋ ਤਿਸੁ ਭਾਵੈ ਸਤਿ ਕਰਿ ਮਾਨੈ, ਭਾਣਾ ਮੰਨਿ ਵਸਾਈ" (ਪੰ: ੪੮੦) ਪੁਨਾ:

() "ਭਗਤ ਜਨਾ ਕਉ ਸਦਾ ਅਨੰਦੁ ਹੈ, ਹਰਿ ਕੀਰਤਨੁ ਗਾਇ ਬਿਗਸਾਵੈ" (ਪੰ: ੩੭੩)

() "ਨਾਮੁ ਏਕੁ ਅਧਾਰੁ ਭਗਤਾ, ਈਤ ਆਗੈ ਟੇਕ॥ ਕਰਿ ਕ੍ਰਿਪਾ ਗੋਬਿੰਦ ਦੀਆ, ਗੁਰ ਗਿਆਨੁ ਬੁਧਿ ਬਿਬੇਕ" (ਪੰ: ੫੦੧)

ਸਪਸ਼ਟ ਹੋਇਆ ਕਿ ਗੁਰਬਾਣੀ ਆਧਾਰਤ ਭਗਤ-ਜਨ ਕੇਵਲ ਤੇ ਕੇਵਲ ਉਹੀ ਹੱਸਤੀਆਂ ਹੁੰਦੀਆਂ ਹਨ ਜੋ ਹਰ ਸਮੇਂ ਕਰਤੇ ਪ੍ਰਭੂ ਦੀ ਰਜ਼ਾ `ਚ ਅਨੰਦਤ ਰਹਿੰਦੀਆਂ ਤੇ ਸੁਰਤ ਕਰਕੇ ਉਸ ਪ੍ਰਭੂ `ਚ ਹੀ ਲੀਨ ਰਹਿੰਦੀਆਂ ਹਨ।

ਅਜਿਹੀ ਜੀਵਨ ਦੀ ਸਰਬ-ਉੱਤਮ ਆਤਮਕ ਅਵਸਥਾ ਨੂੰ ਪ੍ਰਾਪਤ ਉਹ ਪ੍ਰਭੂ ਪਿਆਰੇ ਪ੍ਰਭੂ ਦੇ ਕਿਸੇ ਪ੍ਰਕਾਰ ਦੇ ਕੀਤੇ `ਤੇ ਮੂਲੋਂ ਹੀ ਕਿਉਂ ਕਿੰਤੂ ਨਹੀਂ ਕਰਦੇ। ਦਰਅਸਲ ਮਨ ਤੇ ਸੁਰਤ ਕਰਕੇ ਸੁਆਸ-ਸੁਆਸ ਕਰਤੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜੇ ਰਹਿਣਾ ਹੀ ਉਨ੍ਹਾਂ ਦੇ ਜੀਵਨ ਦੀ ਇਕੋ-ਇਕ ਭੁਖ, ਲੋੜ ਤੇ ਖ਼ੁਰਾਕ ਹੁੰਦੀ ਹੈ। ਉਹ ਤਾਂ:-

() "ਭਾਣੈ ਉਝੜ, ਭਾਣੈ ਰਾਹਾ॥ ਭਾਣੈ ਹਰਿ ਗੁਣ ਗੁਰਮੁਖਿ ਗਾਵਾਹਾ॥ ਭਾਣੈ ਭਰਮਿ ਭਵੈ ਬਹੁ ਜੂਨੀ, ਸਭ ਕਿਛੁ ਤਿਸੈ ਰਜਾਈ ਜੀਉ" (ਪੰ: ੯੮)

() "ਤੂ ਮਾਰਿ ਜੀਵਾਲਹਿ ਬਖਸਿ ਮਿਲਾਇ॥ ਜਿਉ ਭਾਵੀ ਤਿਉ ਨਾਮੁ ਜਪਾਇ" (ਪੰ: ੧੫੪)

() ਜੌ ਰਾਜੁ ਦੇਹਿ ਤ ਕਵਨ ਬਡਾਈ॥ ਜੌ ਭੀਖ ਮੰਗਾਵਹਿ ਤ ਕਿਆ ਘਟਿ ਜਾਈ॥ ੧॥ ਤੂੰ ਹਰਿ ਭਜੁ ਮਨ ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ॥ ਜਹ ਜਹ ਰਖਹਿ ਆਪਿ ਤਹ ਜਾਇ ਖੜੋਵਣਾ॥ ਨਾਮ ਤੇਰੈ ਕੈ ਰੰਗਿ ਦੁਰਮਤਿ ਧੋਵਣਾ॥ ਜਪਿ ਜਪਿ ਤੁਧੁ ਨਿਰੰਕਾਰ ਭਰਮੁ ਭਉ ਖੋਵਣਾ (ਪੰ: ੫੨੩)

() "ਪ੍ਰਭ ਤੁਮ ਤੇ ਲਹਣਾ, ਤੂੰ ਮੇਰਾ ਗਹਣਾ॥ ਜੋ ਤੂੰ ਦੇਹਿ ਸੋਈ ਸੁਖੁ ਸਹਣਾ॥ ਜਿਥੈ ਰਖਹਿ ਬੈਕੁੰਠੁ ਤਿਥਾਈ, ਤੂੰ ਸਭਨਾ ਕੇ ਪ੍ਰਤਿਪਾਲਾ ਜੀਉ… ਆਠ ਪਹਰ ਤੇਰੇ ਗੁਣ ਗਾਇਆ॥ ਸਗਲ ਮਨੋਰਥ ਪੂਰਨ ਹੋਏ, ਕਦੇ ਨ ਹੋਇ ਦੁਖਾਲਾ ਜੀਉ" (ਪੰ: ੧੦੬)

() "ਪ੍ਰਭ ਮਿਲਣੈ ਕੀ ਏਹ ਨੀਸਾਣੀ॥ ਮਨਿ ਇਕੋ ਸਚਾ ਹੁਕਮੁ ਪਛਾਣੀ॥ ਸਹਜਿ ਸੰਤੋਖਿ ਸਦਾ ਤ੍ਰਿਪਤਾਸੇ, ਅਨਦੁ ਖਸਮ ਕੈ ਭਾਣੈ ਜੀਉ" (ਪੰ: ੧੦੬)

() "ਸੋਈ ਕਰਣਾ ਜਿ ਆਪਿ ਕਰਾਏ॥ ਜਿਥੈ ਰਖੈ ਸਾ ਭਲੀ ਜਾਏ॥ ਸੋਈ ਸਿਆਣਾ ਸੋ ਪਤਿਵੰਤਾ ਹੁਕਮੁ ਲਗੈ ਜਿਸੁ ਮੀਠਾ ਜੀਉ" (ਪੰ: ੧੦੮) ਆਦਿ

"ਭਗਤ ਜਨਾ ਕੈ ਮਨਿ ਬਿਸ੍ਰਾਮ" -ਚਲਦੇ ਪ੍ਰਕਰਣ `ਚ ਵਿਸ਼ੇ ਨੂੰ ਕੁੱਝ ਹੋਰ ਸਪਸ਼ਟ ਕਰਣ ਲਈ ਵਿਸ਼ੇ ਨਾਲ ਸੰਬੰਧਤ ਅਸ਼ੀਂ ਕੁੱਝ ਹੋਰ ਗੁਰਬਾਣੀ ਫ਼ੁਰਮਾਨ ਲੈ ਰਹੇ ਹਾਂ ਤਾਂ ਤੇ:-

() "ਭਗਤੁ ਭਗਤੁ ਸੁਨੀਐ ਤਿਹੁ ਲੋਇ॥ ਜਾ ਕੈ ਹਿਰਦੈ ਏਕੋ ਹੋਇ" (ਪੰ: ੨੮੩)

ਭਾਵ ਗੁਰਬਾਣੀ ਅਨੁਸਾਰ ਅਤੇ ਗੁਰਬਾਣੀ ਵਿਚਾਰਧਾਰਾ ਦੇ ਆਧਾਰ `ਤੇ ‘ਭਗਤ’ ਅਖਵਾਉਣ ਦੇ ਹੱਕਦਾਰ ਕੇਵਲ ਤੇ ਕੇਵਲ ਉਹੀ ਜੀਊੜੇ ਹੁੰਦੇ ਹਨ, ਜਿਨ੍ਹਾਂ ਦੀ ਹਰ ਸਮੇਂ ਲਿਵ ਤੇ ਸੁਰਤ ਕੇਵਲ ਤੇ ਕੇਵਲ ਇਕੋ ਇੱਕ ਕਰਤੇ ਪ੍ਰਭੂ, ਅਕਾਲ ਪੁਰਖ `ਚ ਹੀ ਜੁੜੀ ਰਹਿੰਦੀ ਹੈ। ਇਸੇ ਤਰ੍ਹਾਂ:-

() "ਆਦਿ ਪੁਰਖ ਕਾਰਣ ਕਰਤਾਰ॥ ਭਗਤ ਜਨਾ ਕੇ ਪ੍ਰਾਨ ਅਧਾਰ" (ਪੰ: ੨੯੦)

ਗੁਰਦੇਵ ਇਥੇ ਗੁਰਬਾਣੀ `ਚ, ਗੁਰਬਾਣੀ ਵਿਚਾਰਧਾਰਾ ਆਧਾਰਤ ‘ਭਗਤ’ ਕੇਵਲ ਉਸੇ ਸਰਬ-ਉੱਤਮ ਹੱਸਤੀ ਤੇ ਜੀਊੜੇ ਨੂੰ ਹੀ ਬਿਆਣਦੇ ਅਤੇ ਪ੍ਰਵਾਣ ਕਰਦੇ ਹਨ ਜਿਨ੍ਹਾਂ ਨੂੰ ਸਿਵਾਏ ਇਕੋ-ਇਕ ਅਕਾਲ ਪੁਰਖ਼ ਦੇ ਰੰਚਕ ਮਾਤ੍ਰ ਵੀ ਕਿਸੇ ਹੋਰ ਦਾ ਸਹਾਰਾ ਤੇ ਟੇਕ ਜਾਂ ਕਿਸੇ ਹੋਰ ਪਾਸੇ ਝਾਕ ਨਹੀਂ ਹੁੰਦੀ। ਜਿਹੜੇ ਉਸ ਇਕੋ-ਇਕ ਕਰਤੇ-ਪ੍ਰਭੂ ਦਾ ਓਟ-ਆਸਰਾ ਛੱਡ ਕੇ ਜੀਵਨ ਭਰ ਹੋਰ ਕਿਸੇ ਪਾਸੇ ਵੀ ਇਧਰ-ਓਧਰ ਨਹੀਂ ਭਟਕਦੇ। ਉਨ੍ਹਾਂ ਦੀ ਜੀਵਨ ਰਹਿਨੀ ਤਾਂ ਹੁੰਦੀ ਹੀ: -

"ਜਿਨੑ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ॥ ਤਿਨੑ ਨੇਹੁ ਲਗਾ ਰਬ ਸੇਤੀ ਦੇਖਨੑੇ ਵੀਚਾਰਿ॥ ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰਿ ਜਾਹਿ॥ ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ॥ ਦਰਿ ਵਾਟ ਉਪਰਿ ਖਰਚੁ ਮੰਗਾ ਜਬੈ ਦੇਇ ਤ ਖਾਹਿ" (ਪੰ: ੪੭੩) ਹੋਰ ਤਾਂ ਹੋਰ:-

"ਹਰਿ ਭਗਤਾ ਹਰਿ ਧਨੁ ਰਾਸਿ ਹੈ, ਗੁਰ ਪੂਛਿ ਕਰਹਿ ਵਾਪਾਰੁ॥ ਹਰਿ ਨਾਮੁ ਸਲਾਹਨਿ ਸਦਾ ਸਦਾ, ਵਖਰੁ ਹਰਿ ਨਾਮੁ ਅਧਾਰੁ" (ਪੰ: ੨੮)

ਇਥੇ ਵੀ ਦੇਖਣਾ ਹੈ ਕਿ ਗੁਰਬਾਣੀ ਅਨੁਸਾਰ ‘ਭਗਤ’ ਕੇਵਲ ਉਹੀ ਜੀਊੜੇ ਤੇ ਮਹਾਪੁਰਸ਼ ਹੁੰਦੇ ਹਨ ਜੋ ਆਪਣੀ ਜ਼ਿੰਦਗੀ ਦੇ ਹਰੇਕ ਦੁਨੀਆਵੀ ਵਰਤਣ-ਵਰਤਾਣ ਤੇ ਕਾਰ-ਵਿਹਾਰ ਕਰਦੇ ਹੋਏ ਵੀ, ਚਿੱਤ ਤੇ ਸੁਰਤ ਕਰਕੇ ਸੁਆਸ-ਸੁਆਸ ਕਰਤੇ ਪ੍ਰਭੂ ਨਾਲ ਹੀ ਇੱਕ-ਮਿਕ ਹੋਏ ਰਹਿੰਦੇ ਹਨ।

ਇਸੇ ਤਰ੍ਹਾਂ ਇਸ ਪੱਖੋਂ ਹੋਰ ਵੀ ਦੇਖ ਸਕਦੇ ਹਾਂ ਕਿ ਗੁਰਬਾਣੀ ਅਨੁਸਾਰ ਭਗਤ ਕਿਸ ਨੂੰ ਕਿਹਾ ਤੇ ਕਿਸ ਨੂੰ ਪ੍ਰਵਾਣ ਕੀਤਾ ਹੈ? ਚਲਦੇ ਵਿਸ਼ੇ ਨਾਲ ਸੰਬੰਧਤ ਗੁਰਬਾਣੀ ਦਾ ਹੀ ਇੱਕ ਹੋਰ ਫ਼ੁਰਮਾਣ:-

"ਦੁਕ੍ਰਿਤ ਸੁਕ੍ਰਿਤ ਮੰਧੇ ਸੰਸਾਰੁ ਸਗਲਾਣਾ॥ ਦੁਹਹੂੰ ਤੇ ਰਹਤ ਭਗਤੁ ਹੈ, ਕੋਈ ਵਿਰਲਾ ਜਾਣਾ" (ਪੰ: ੫੧)

ਅਰਥ-ਸਾਰਾ ਸੰਸਾਰ (ਸ਼ਾਸਤ੍ਰਾਂ ਅਨੁਸਾਰ ਮਿੱਥੇ ਹੋਏ) ਮੰਦੇ ਤੇ ਚੰਗੇ ਕੰਮਾਂ (ਦੀ ਉਧੇੜ ਬੁਣ) `ਚ ਹੀ ਪਿਆ ਤੇ ਫ਼ਸਿਆ ਰਹਿੰਦਾ ਹੈ।

ਜਦਕਿ ਪ੍ਰਭੂ ਦੇ ‘ਭਗਤ’ ਮਨ ਤੇ ਸੁਰਤ ਕਰਕੇ ਕਰਤਾ ਪੁਰਖ ਪ੍ਰਭੂ ਦੀ ਭਗਤੀ ਕਰਣ ਵਾਲੇ "ਦੁਕ੍ਰਿਤ ਸੁਕ੍ਰਿਤ", ਜੀਵਨ ਦੀਆਂ ਇਨ੍ਹਾਂ ਦੋਨਾਂ ਪੱਧਤੀਆਂ ਤੋਂ ਲਾਂਭੇ ਰਹਿੰਦੇ ਹਨ (ਭਾਵ ਸ਼ਾਸਤ੍ਰਾਂ ਅਨੁਸਾਰ ਕਿਹੜੇ ਕਰਮ ‘ਦੁਕ੍ਰਿਤ’ ਹਨ ਤੇ ਕਿਹੜੇ ‘ਸੁਕ੍ਰਿਤ’ )। ਜਦਕਿ ਤਾਂ ਵੀ ਸੱਚ ਇਹੀ ਹੈ ਕਿ ਅਜਿਹੇ ਪ੍ਰਭੂ ਪਿਆਰੇ ਵਿਰਲੇ ਹੀ ਹੁੰਦੇ ਹਨ, ਸਾਰੇ ਨਹੀਂ। ਇਸੇ ਤਰ੍ਹਾਂ ਬਾਣੀ "ਸੁਖਮਨੀ ਸਾਹਿਬ" `ਚ:-

"ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ॥ ਭਗਤ ਜਨਾ ਕੈ ਮਨਿ ਬਿਸ੍ਰਾਮ" (ਪੰ: ੨੬੨)

ਸਪਸ਼ਟ ਹੈ ਗੁਰਬਾਣੀ ਦੀ ਕਸਵਟੀ `ਤੇ ਪ੍ਰਭੂ ਦੇ ‘ਭਗਤ’ ਕੇਵਲ ਤੇ ਉਹੀ ਜਨ ਹਨ ਜਿਨ੍ਹਾਂ ਦੇ ਹਿਰਦੇ-ਘਰ `ਚ ਕੇਵਲ ਕਰਤੇ ਪ੍ਰਭੂ ਦੀ ਸਿਫ਼ਤ ਸਲਾਹ ਦਾ ਹੀ ਵਾਸਾ ਹੁੰਦਾ ਹੈ।

ਇਸ ਤਰ੍ਹਾਂ ਗੁਰਬਾਣੀ `ਚੋਂ ਬੇਸ਼ੱਕ ਇਸ ਲਫ਼ਜ਼ ਭਗਤ ਦੀ ਪ੍ਰੌੜਤਾ `ਚ ਸੈਂਕੜੇ ਪ੍ਰਮਾਣ ਵੀ ਕਿਉਂ ਨਾ ਲੈ ਲਏ ਜਾਣ, ਤਾਂ ਵੀ ਇੱਥੇ ਇੱਕ ਵੀ ਗੁਰਬਾਣੀ ਪ੍ਰਮਾਣ ਅਜਿਹਾ ਨਹੀਂ ਮਿਲੇਗਾ ਜਦੋਂ ਗੁਰਮੱਤ ਅਨੁਸਾਰ ਆਪਣੀ ਕਿਰਤ-ਕਾਰ ਤੇ ਪ੍ਰਵਾਰ ਨੂੰ ਤਿਆਗਣ ਵਾਲੇ ਕਿਸੇ ਵਿਹਲੜ ਜਾਂ ਵਿਸ਼ੇਸ਼ ਭੇਖਧਾਰੀ ਨੂੰ ਗੁਰੂ ਪਾਤਸ਼ਾਹ ਨੇ ਪ੍ਰਭੂ ਦੇ ਭਗਤ ਵੱਜੋਂ ਪ੍ਰਵਾਣਿਆ ਹੋਵੇ।

ਸਪਸ਼ਟ ਹੈ ਕਿ "ੴ" ਤੋਂ ਲੈ ਕੇ "ਤਨੁ ਮਨੁ ਥੀਵੈ ਹਰਿਆ" ਤੀਕ ਭਾਵ ਸਮੂਚੀ ਗੁਰਬਾਣੀ ਦੀ ਰਚਨਾ `ਚ ਕਿਸੇ ਵੀ ਅਜਿਹੇ ਮਨੁੱਖ ਨੂੰ ਭਗਤ ਕਰਕੇ ਪ੍ਰਵਾਣ ਨਹੀਂ ਕੀਤਾ ਜੋ ਆਪਣੀ ਦੁਨੀਆਦਾਰੀ, ਪ੍ਰਵਾਰ, ਆਪਣੇ ਕਾਰ ਰੁਜ਼ਗਾਰ ਤੇ ਗ੍ਰਿਹਸਤ ਆਦਿ ਤੋਂ ਕਿਨਾਰਾ ਕਰਕੇ ਅਖੌਤੀ ਬੈਰਾਗੀ, ਸਨਿੰਆਸੀ, ਬ੍ਰਹਮਚਾਰੀ, ਨਾਂਗਾ, ਮੋਨੀ, ਜੋਗੀ, ਆਦਿ ਦੇ ਰੂਪ `ਚ ਜੀਵਨ ਬਤੀਤ ਕਰ ਰਿਹਾ ਹੌਵੇ। ਇਸੇ ਤਰ੍ਹਾਂ ਕਿਸੇ ਵੀ ਮਨੁੱਖ ਨੂੰ, ਗੁਰੂ ਪਾਤਸ਼ਾਹ ਨੇ ਕਿਸੇ ਖਾਸ ਪਹਿਰਾਵੇ ਕਰ ਕੇ ਵੀ ਕਿਸੇ ਨੂੰ ਸਾਧੂ, ਭਗਤ, ਸੰਤ ਆਦਿ ਨਹੀਂ ਕਿਹਾ ਜਿਵੇਂ ਕਿ ਗੁਰਬਾਣੀ ਦੇ ਇਸ ਪੱਖੌਂ ਵੀ ਬੇਅੰਤ ਫ਼ੁਰਮਾਨ ਹਨ:-

() "ਇਕਿ ਕੰਦ ਮੂਲੁ ਚੁਣਿ ਖਾਹਿ ਵਣ ਖੰਡਿ ਵਾਸਾ॥ ਇਕਿ ਭਗਵਾ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ॥ ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ॥ ਬਿਰਥਾ ਜਨਮੁ ਗਵਾਇ ਨ ਗਿਰਹੀ ਨ ਉਦਾਸਾ॥ ਜਮਕਾਲੁ ਸਿਰਹੁ ਨ ਉਤਰੈ ਤ੍ਰਿਬਿਧਿ ਮਨਸਾ" (ਪੰ: ੧੪੦)

() "ਮਾਇਆ ਭੂਲੇ ਸਿਧ, ਫਿਰਹਿ ਸਮਾਧਿ ਨ ਲਗੈ ਸੁਭਾਇ" (ਪੰ: ੬੭)

() "ਹਉਮੈ ਕਰਤ ਭੇਖੀ ਨਹੀ ਜਾਨਿਆ॥ ਗੁਰਮੁਖਿ ਭਗਤਿ ਵਿਰਲੇ ਮਨੁ ਮਾਨਿਆ" (ਪੰ: ੨੨੬)

() "ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ" (ਪੰ: ੪੭੩)

() "ਗਿਆਨ ਵਿਹੂਣਾ ਗਾਵੈ ਗੀਤ॥ ਭੁਖੇ ਮੁਲਾਂ ਘਰੇ ਮਸੀਤਿ॥ ਮਖਟੂ ਹੋਇ ਕੈ ਕੰਨ ਪੜਾਏ॥ ਫਕਰੁ ਕਰੇ ਹੋਰੁ ਜਾਤਿ ਗਵਾਏ॥ ਗੁਰੁ ਪੀਰੁ ਸਦਾਏ ਮੰਗਣ ਜਾਇ॥ ਤਾ ਕੈ ਮੂਲਿ ਨ ਲਗੀਐ ਪਾਇ॥ ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ ੧॥" (ਪੰ: ੧੨੪)

() "ਕਾਜੀ ਸੇਖ ਭੇਖ ਫਕੀਰਾ॥ ਵਡੇ ਕਹਾਵਹਿ ਹਉਮੈ ਤਨਿ ਪੀਰਾ॥ ਕਾਲੁ ਨ ਛੋਡੈ ਬਿਣੁ ਸਤਿਗੁਰ ਕੀ ਧੀਰਾ" (ਪੰ: ੨੨੭)

() "ਬਹੁਤੇ ਭੇਖ ਕਰੈ ਭੇਖਧਾਰੀ।। ਅੰਤਰਿ ਤਿਸਨਾ ਫਿਰੈ ਅਹੰਕਾਰੀ॥ ਆਪੁ ਨ ਚੀਨੈ ਬਾਜੀ ਹਾਰੀ" (ਪੰ: ੨੩੦) ਆਦਿ

ਸਪਸ਼ਟ ਹੋਇਆ ਕਿ ਗੁਰਬਾਣੀ ਅਨੁਸਾਰ ਅਜਿਹੇ ਭੇਖਾਂ `ਚ ਫ਼ਸੇ ਹੋਏ ਤੇ ਤੀਰਥ ਇਸ਼ਨਾਨਾਂ ਆਦਿ ਦੇ ਫੋਕਟ ਵਿਸ਼ਵਾਸਾਂ `ਚ ਉਲਝੇ ਹੋਏ ਬਹੁਤਾ ਕਰਕੇ ਹਉਮੈ ਦਾ ਸ਼ਿਕਾਰ ਹੋਕੇ ਆਪਣਾ ਪ੍ਰਾਪਤ ਦੁਰਲਭ ਮਨੁੱਖਾ ਜਨਮ ਵੀ ਬਿਰਥਾ ਕਰਕੇ ਹੀ ਸੰਸਾਰ ਤੋਂ ਖਾਲੀ ਹੱਥ ਜਾਂਦੇ ਹਨ ਜਿਵੇਂ:-

() "ਤੀਰਥ ਬਰਤ ਅਰੁ ਦਾਨ ਕਰਿ, ਮਨ ਮੈ ਧਰੈ ਗੁਮਾਨੁ॥ ਨਾਨਕ ਨਿਹਫਲੁ ਜਾਤ ਤਿਹ ਜਿਉ ਕੁੰਚਰ ਇਸਨਾਨੁ॥ ੪੬ ॥" (ਪੰ: ੧੪੨੮)

() "ਪੂਜਹੁ ਰਾਮੁ ਏਕੁ ਹੀ ਦੇਵਾ॥ ਸਾਚਾ ਨਾਵਣੁ ਗੁਰ ਕੀ ਸੇਵਾ॥  ॥ ਰਹਾਉ॥ ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ॥ ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ" (ਪੰ: ੪੮੪)

() "ਬਿਨੁ ਪਿਰ ਧਨ ਸੀਗਾਰੀਐ, ਜੋਬਨੁ ਬਾਦਿ ਖੁਆਰੁ॥ ਨਾ ਮਾਣੇ ਸੁਖਿ ਸੇਜੜੀ, ਬਿਨੁ ਪਿਰ ਬਾਦਿ ਸੀਗਾਰੁ॥ ਦੂਖੁ ਘਣੋ ਦੋਹਾਗਣੀ, ਨਾ ਘਰਿ ਸੇਜ ਭਤਾਰੁ" (ਪੰ: ੫੮-੫੯)

() "ਕੋਟਿ ਕਰਮ ਕਰੈ ਹਉ ਧਾਰੇ॥ ਸ੍ਰਮੁ ਪਾਵੈ ਸਗਲੇ ਬਿਰਥਾਰੇ॥ ਅਨਿਕ ਤਪਸਿਆ ਕਰੇ ਅਹੰਕਾਰ॥ ਨਰਕ ਸੁਰਗ ਫਿਰਿ ਫਿਰਿ ਅਵਤਾਰ" (ਪੰ: ੨੭੮) ਆਦਿ

ਉਪ੍ਰੰਤ ਗੁਰਬਾਣੀ ਅਨੁਸਾਰ ਬਿਰਥਾ ਜਨਮ ਗਵੳਾੁਣ ਦੇ ਅਰਥ ਹਨ ਜੀਦੇ-ਜੀਅ ਵੀ ਆਤਮਕ ਮੌਤ ਸਹੇੜੀ ਰਖਣੀ, ਵਿਕਾਰਾਂ ਤ੍ਰਿਸ਼ਨਾ ਆਦਿ ਦੀਆਂ ਚੋਟਾਂ ਖਾਂਦੇ ਰਹਿਣਾ, ਉਪ੍ਰੰਤ ਸਰੀਰ ਤਿਆਗਣ ਬਾਅਦ ਵੀ ਜੀਵ ਮੁੜ ਉਸੇ ਭਿੰਨ-ਭਿੰਨ ਜੂਨਾਂ, ਜਨਮਾਂ ਤੇ ਗਰਭਾਂ ਦੇ ਗੇੜ `ਚ ਹੀ ਪੈਂਦਾ ਹੈ।

ਦੇਖਿਆ ਜਾਵੇ ਤਾਂ ਚਲਦੇ ਵਿਸ਼ੇ ਨਾਲ ਸੰਬੰਧਤ ਕੇਵਲ ਇਹੀ ਗੁਰਬਾਣੀ ਪ੍ਰਮਾਣ ਨਹੀਂ ਹਨ ਜਿਹੜੇ ਅਸੀਂ ਵਰਤ ਚੁੱਕੇ ਹਾਂ ਬਲਕਿ ਗੁਰਬਾਣੀ `ਚ ਇਸ ਪ੍ਰਥਾਏ ਵੀ ਸੈਂਕੜੇ ਪ੍ਰਮਾਣ ਮੌਜੂਦ ਹਨ ਜਿਹੜੇ ਸਾਬਤ ਕਰਦੇ ਹਨ ਕਿ ਗੁਰਬਾਣੀ ਅਨੁਸਾਰ ‘ਭਗਤ’ ਕਿਸ ਨੂੰ ਕਿਹਾ ਤੇ ਪ੍ਰਵਾਣ ਕੀਤਾ ਹੈ?

ਜਦਕਿ ਇਸ ਦੇ ਉਲਟ ਗੁਰਬਾਣੀ `ਚੋ ਇੱਕ ਵੀ ਅਜਿਹਾ ਪ੍ਰਮਾਣ ਨਹੀਂ ਮਿਲੇਗਾ ਜਦੋਂ ਗੁਰਬਾਣੀ ਅਨੁਸਾਰ ਕਿਸੇ ਵਿਹਲੜ ਜਾਂ ਕੇਵਲ ਕਿਸੇ ਭੇਖ ਤੇ ਪਹਿਰਾਵੇ ਕਾਰਣ ਹੀ ਕਿਸੇ ਨੂੰ ਭਗਤ ਮੰਨਿਆ ਤੇ ਗੁਰੂ ਪਾਤਸ਼ਾਹ ਨੈ ਪ੍ਰਵਾਣ ਕਰ ਲਿਆ ਹੋਵੇ।

ਇਸ ਤਰ੍ਹਾ ਗੁਰਬਾਣੀ ਅਨੁਸਾਰ ‘ਭਗਤ’ ਦਾ ਦਰਜਾ ਇਕੋ ਹੀ ਹੈ ਅਤੇ ਉਹ ਦਰਜਾ ਹੈ ਕਿ ਉਹ ਮਨੁੱਖ----ਜਿਹੜਾ ਆਪਣੀ ਕਿਰਤ ਕਾਰ ਵੀ ਕਰਦਾ ਹੋਵੇ ਤੋ ਬਾਲ ਪ੍ਰਵਾਰ ਵਾਲਾ ਵੀ ਹੋਵੇ। ਉਪ੍ਰੰਤ ਉਸ ਦੇ ਨਾਲ-ਨਾਲ ਉਹ ਆਪਣੇ ਸਾਰੇ ਸਾਮਾਜਿਕ ਤੇ ਸੰਸਾਰਕ ਫ਼ਰਜ਼ਾਂ ਨੂੰ ਵੀ ਨਿਬਾਹੁੰਦਾ ਹੋਇਆ ਮਨ ਤੇ ਸੁਰਤ ਕਰਕੇ ਹਰ ਸਮੇਂ ਕਰਤੇ ਪ੍ਰਭੁ ਨਾਲ ਵੀ ਜੁੜਿਆ ਰਵੇ, ਇਕ-ਮਿਕ ਰਵੇ।

ਹੋਰ ਤਾਂ ਹੋਰ, ਹੇਠਾਂ ਵਰਣਤ ਗੁਰਬਾਣੀ ਫ਼ੁਰਮਾਨ `ਚ ਵੀ ਦਰਸ਼ਨ ਕੀਤੇ ਜਾ ਸਕਦੇ ਹਨ ਕਿ ਗੁਰਬਾਣੀ ਆਧਾਰਤ ‘ਭਗਤ’ ਦੀ ਪਰਿਭਾਸ਼ਾ ਕੀ ਹੈ? ਇਹ ਵੀ ਕਿ ਗੁਰਬਾਣੀ ਅਨੁਸਾਰ ਭਗਤ-ਜਨਾ ਜੀਵਨ ਦੀ ਕਿਸ ਸਰਬ-ਉੱਤਮ ਆਤਮਕ ਅਵਸਥਾ ਦੇ ਧਾਰਨੀ ਹੁੰਦੇ ਹਨ, ਤਾਂ ਤੇ ਸੰਬੰਧਤ ਗੁਰਬਾਣੀ ਫ਼ੁਰਮਾਨ:-

"ਭਗਤ ਕਰਨਿ ਹਰਿ ਚਾਕਰੀ, ਜਿਨੀ ਅਨਦਿਨੁ ਨਾਮੁ ਧਿਆਇਆ॥

ਦਾਸਨਿਦਾਸ ਹੋਇ ਕੈ ਜਿਨੀ ਵਿਚਹੁ ਆਪੁ ਗਵਾਇਆ॥

ਓਨਾ ਖਸਮੈ ਕੈ ਦਰਿ ਮੁਖ ਉਜਲੇ, ਸਚੈ ਸਬਦਿ ਸੁਹਾਇਆ" (ਪੰ੧੪੫)

ਦੇਖਣਾ ਹੈ ਕਿ ਇਥੇ ਵੀ ਉਨ੍ਹਾਂ ਭਗਤਾਂ ਰਾਹੀਂ ਕਿਸੇ ਘਰ-ਪ੍ਰਵਾਰ ਜਾਂ ਆਪਣੇ ਕਾਰ-ਵਿਹਾਰ ਆਦਿ ਦੇ ਤਿਆਗਣ ਜਾਂ ਕਿਸੇ ਭੇਖ ਆਦਿ ਨੂੰ ਧਾਰਨ ਕਰਣ ਦਾ ਰਤੀ ਭਰ ਵੀ ਜ਼ਿਕਰ ਨਹੀਂ।

ਬਲਕਿ ਇੱਥੇ ਵੀ ਇਕੋ ਹੀ ਵਿਸ਼ਾ ਚਲ ਰਿਹਾ ਹੈ ਅਤੇ ਉਹ ਵਿਸ਼ਾ ਹੈ "ਅਨਦਿਨੁ ਨਾਮੁ ਧਿਆਇਆ" ਭਾਵ ਦਿਨ ਤੇ ਰਾਤ ਸੁਰਤ ਤੇ ਮਨ ਕਰਕੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜੇ ਰਹਿਣਾ।

ਤਾਂ ਤੇ ਹੁਣ ਤੀਕ ਵਿਚਾਰ-ਅਧੀਨ ਇਹ ਵਿਸ਼ਾ ਪੂਰੀ ਤਰ੍ਹਾਂ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਗੁਰਬਾਣੀ ਦੇ ਖਜ਼ਾਨੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" `ਚ ਤੇ "ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਮੇਸ਼ ਪਿਤਾ ਕਲਗੀਧਰ ਸੁਆਮੀ ਭਾਵ ਇਨ੍ਹਾਂ ਦਸੋਂ ਹੀ ਗੁਰੂ-ਪਾਤਸ਼ਾਹੀਆਂ ਤੇ ਹੱਸਤੀਆਂ ਅਤੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਲਈ ਸਮੂਚੇ ਤੌਰ `ਤੇ ਵਰਤੇ ਗਏ ਤੇ ਵਰਤੇ ਜਾਂਦੇ ਲਫ਼ਜ਼ ਗੁਰੂ ਅਤੇ ਗੁਰਬਾਣੀ ਵਿੱਚਲੇ ਗੁਰਦੇਵ ਰਾਹੀਂ ਆਪ ਪ੍ਰਵਾਣਿਤ ੧੫ ਭਗਤਾਂ ਲਈ ਲਫ਼ਜ਼ "ਭਗਤ" ਜਾਂ "ਬਾਣੀ ਭਗਤਾਂ ਕੀ: ਆਦਿ ਵਿਚਾਲੇ ਕੀ ਫ਼ਰਕ ਤੇ ਕਿਉਂ ਹੈ। (ਸਮਾਪਤ) ##432-VIv.-,11.18 ssgec##

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

All Rights Reserved Self Learning Topic-wise Gurmat Lesson No. 432-VI

"ਇਹ ਬਿਧਿ ਸੁਨਿ ਕੈ ਜਾਟਰੋ …

ਭਾਗ-ਛੇਵਾਂ

For all the Self Learning GuvWrmat Lessons written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distributions within the ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- gurbaniguru@yahoo.com & gianisurjitsingh@yahoo.com

web sites-

www.gurbaniguru.org

theuniqeguru-gurbani.com

gurmateducationcentre.com
.