.

ਧਰਮ

ਹਾਕਮ ਸਿੰਘ

ਧਰਮ ਅਧਿਆਤਮਕ ਵਿਚਾਰਧਾਰਾ ਤੇ ਆਧਾਰਤ ਸੋਚ, ਵਿਸ਼ਵਾਸ ਅਤੇ ਜੀਵਨ ਢੰਗ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਧਰਮ ਨੂੰ ਪ੍ਰਭੂ ਪ੍ਰਾਪਤੀ ਦੇ ਮਾਰਗ ਦਾ ਪਹਿਲਾ ਖੰਡ ਦਸਿੱਆ ਗਿਆ ਹੈ। ਗੁਰਬਾਣੀ ਦਾ ਕਥਨ ਹੈ: "ਰਾਤੀ ਰੁਤੀ ਥਿਤੀ ਵਾਰ॥ ਪਵਣ ਪਾਣੀ ਅਗਨੀ ਪਾਤਾਲ॥ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮਸਾਲ॥ ਤਿਸ ਵਿਚਿ ਜੀਅ ਜੁਗਤਿ ਕੇ ਰੰਗ॥ ਤਿਨ ਕੇ ਨਾਮ ਅਨੇਕ ਅਨੰਤ॥ ਕਰਮੀ ਕਰਮੀ ਹੋਇ ਵਿਚਾਰੁ॥ ਸਚਾ ਆਪਿ ਸਚਾ ਦਰਬਾਰੁ॥ ਤਿਥੈ ਸੋਹਿਨ ਪੰਚ ਪਰਵਾਣੁ॥ ਨਦਰੀ ਕਰਮਿ ਪਵੈ ਨੀਸਾਣੁ॥ ਕਚ ਪਕਾਈ ਓਥੈ ਪਾਇ॥ ਨਾਨਕ ਗਇਆ ਜਾਪੈ ਜਾਇ॥ ੩੪॥ ਧਰਮ ਖੰਡ ਕਾ ਏਹੋ ਧਰਮੁ॥" (ਪੰਨਾ ੭)। ਬਦਲਦੀਆਂ ਰੁਤਾਂ ਅਤੇ ਕੁਦਰਤੀ ਤੱਤਾਂ ਵਿੱਚ ਪ੍ਰਭੂ ਨੇ ਅਧਿਅਤਮ ਕਰਮ ਲਈ ਧਰਤੀ ਦੀ ਸਥਾਪਨਾ ਕੀਤੀ ਹੈ ਜਿਸ ਵਿੱਚ ਭਿੰਨ ਭਿੰਨ ਪ੍ਰਕਾਰ ਦੇ ਅਣਗਿਣਤ ਜੀਵ ਜੰਤ ਹਨ। ਉਨ੍ਹਾਂ ਸਭਨਾਂ ਦੇ ਕਰਮਾਂ ਦੀ ਪਰਖ ਧਰਮ ਦੀ ਕਸਵੱਟੀ ਤੇ ਹੁੰਦੀ ਹੈ। ਸਚੇ ਪ੍ਰਭੂ ਦੇ ਦਰਬਾਰ ਵਿੱਚ ਕੇਵਲ ਸੰਤ ਜਨ (ਪੰਚ) ਹੀ ਸੋਭਦੇ ਅਤੇ ਪ੍ਰਵਾਨ ਚੜ੍ਹਦੇ ਹਨ। ਜਿਨ੍ਹਾਂ ਤੇ ਪ੍ਰਭੂ ਦੀ ਮਿਹਰ ਹੁੰਦੀ ਹੈ ਉਹ ਪ੍ਰਭੂ ਮਿਲਾਪ ਦੇ ਪਾਤਰ ਬਣ ਜਾਂਦੇ ਹਨ। ਕੌਣ ਕਚਾ ਹੈ ਅਤੇ ਕੌਣ ਪਕਾ ਇਸ ਦਾ ਪਤਾ ਵੀ ਪ੍ਰਭੂ ਦੇ ਦਰਬਾਰ ਵਿੱਚ ਹੀ ਲਗਦਾ ਹੈ ਅਤੇ ਓਥੇ ਜਾ ਕੇ ਹੀ ਸੰਸਾਰ ਦੀ ਵਾਸਤਵਿਕਤਾ ਦੀ ਸਮਝ ਪੈਂਦੀ ਹੈ। ਗੁਰਬਾਣੀ ਅਨੁਸਾਰ ਧਰਤੀ ਐਸੀ ਥਾਂ ਹੈ ਜਿਥੇ ਧਰਮ ਦੇ ਮਾਰਗ ਤੇ ਚਲਦਿਆਂ ਮਨੁੱਖ ਪ੍ਰਭੂ ਦੇ ਦਰਬਾਰ ਵਿੱਚ ਪ੍ਰਵਾਨ ਅਤੇ ਉਸ ਦੀ ਮੇਹਰ ਨਾਲ ਉਸ ਦੇ ਮਿਲਾਪ ਦਾ ਪਾਤਰ ਬਣ ਜਾਂਦਾ ਹੈ।

ਜਿਸ ਧਰਮ ਨੂੰ ਧਾਰਨ ਕਰਨ ਨਾਲ ਪ੍ਰਭੂ ਦੇ ਦਰਬਾਰ ਵਿੱਚ ਪ੍ਰਵਾਨਗੀ ਮਿਲਦੀ ਹੈ, ਗੁਰਬਾਣੀ ਵਿੱਚ ਉਸ ਦੀ ਖਾਸੀਅਤ ਦਾ ਵੇਰਵਾ ਦਿੱਤਾ ਗਿਆ ਹੈ। ਗੁਰਬਾਣੀ ਅਨੁਸਾਰ ਸੰਸਾਰਕ ਲਗਾਓ ਜਾਂ ਉਪਰਾਮਤਾ ਦੋ ਰਾਹ ਹਨ ਜਿਨ੍ਹਾਂ ਦੀ ਚੋਣ ਵਿੱਚ ਧਰਮ ਮਨੁੱਖ ਦੀ ਰਾਹਬਰੀ ਕਰਦਾ ਹੈ: "ਪਰਵਿਰਤਿ ਨਿਰਵਿਰਤਿ ਹਾਠਾ ਦੋਵੈ ਵਿਚਿ ਧਰਮੁ ਫਿਰੈ ਰੈਬਾਰਿਆ॥" (ਪੰਨਾ ੧੨੮੦) ਅਤੇ ਫਿਰ ਉਸ ਦੇ ਚੰਗੇ ਬੁਰੇ ਕਰਮਾਂ ਦੀ ਪਰਖ ਕਰਦਾ ਹੈ: "ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ॥ ਕਰਮੀ ਆਪੋ ਆਪਣੈ ਕੇ ਨੇੜੇ ਕੇ ਦੂਰਿ॥" (ਪੰਨਾ ੧੪੬)। ਅਧਿਆਤਮ ਕਰਮ ਐਸੇ ਹਰੀਆਂ ਟਾਹਣੀਆਂ ਵਾਲੇ ਪੇੜ ਦੇ ਨਿਆਈਂ ਹੁੰਦੇ ਹਨ ਜਿਸ ਤੇ ਧਰਮ ਦੇ ਫੁਲ ਖਿੜਦੇ ਹਨ ਅਤੇ ਗਿਆਨ ਦਾ ਫਲ ਲਗਦਾ ਹੈ: "ਕਰਮ ਪੇਡੁ ਸਾਖਾ ਹਰੀ ਧਰਮੁ ਫੁਲੁ ਫਲੁ ਗਿਆਨੁ॥" (ਪੰਨਾ: ੧੧੮੬)। ਗੁਰਬਾਣੀ ਇਸ ਨੂੰ ਇਸ ਤਰ੍ਹਾਂ ਵੀ ਬਿਆਨ ਕਰਦੀ ਹੈ ਕਿ ਸੰਤੋਖ ਨਾਮੀ ਗੁਰੂ ਦੇ ਰੁਖ ਨੂੰ ਧਰਮ ਦੇ ਫੁਲ ਅਤੇ ਗਿਆਨ ਦੇ ਫਲ ਲਗਦੇ ਹਨ। ਉਹ ਰੁਖ ਪ੍ਰਭੂ ਦੇ ਪ੍ਰੇਮ ਰਸ ਵਿੱਚ ਹਰਾ ਰਹਿੰਦਾ ਹੈ ਅਤੇ ਪ੍ਰਭੂ ਵਿੱਚ ਧਿਆਨ ਲਗਾ ਕੇ ਅਧਿਆਤਮ ਕਰਮ ਕਰਨ ਨਾਲ ਉਸ ਦੇ ਫਲ ਪੱਕਦੇ ਹਨ। ਉਸ ਪੱਕੇ ਗਿਆਨ ਫਲ ਨੂੰ ਖਾਣ ਨਾਲ ਪਤੀ ਪ੍ਰਮੇਸ਼ਰ ਦੇ ਮਿਲਾਪ ਦਾ ਵਡਾ ਦਾਨ ਪ੍ਰਾਪਤ ਹੁੰਦਾ ਹੈ: "ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲੁ ਫਲ ਗਿਆਨੁ॥ ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ॥ ਪਤਿ ਕੇ ਸਾਦ ਖਾਦਾ ਲਹੈ ਦਾਨਾ ਕੈ ਸਿਰਿ ਦਾਨੁ॥" (ਪੰਨਾ ੧੪੭)। ਧਰਮ ਦੇ ਮਾਰਗ ਤੇ ਚਲਣਾ ਬਹੁਤ ਕਠਨ ਹੈ ਕਿਊਂਕੇ ਉਸ ਲਈ ਮਨੁੱਖ ਨੂੰ ਦਇਆ, ਸੰਤੋਖ, ਜਤ (ਮਨ ਨੂੰ ਵਸ ਵਿੱਚ ਰਖਣ) ਅਤੇ ਸਤ ਦਾ ਜਨੇਊ ਪਾਉਣਾ (ਅਨੁਸਾਸ਼ਨ ਰਖਣਾ) ਪੈਂਦਾ ਹੈ: "ਦਇਆ ਕਪਾਹ ਸੰਤੋਖ ਸੂਤੁ ਜਤੁ ਗੰਢੀ ਸਤੁ ਵਟੁ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥" (ਪੰਨਾ ੪੭੧)। ਪਰ ਸਚੇ ਪ੍ਰਭੂ ਵਿੱਚ ਧਿਆਨ ਲਗਾਉਣ ਵਾਲੇ ਸੰਤੋਖੀ ਮਨੁੱਖਾਂ ਦੀ ਸੇਵਾ ਪ੍ਰਵਾਨ ਚੜ੍ਹਦੀ ਹੈ ਕਿਊਂਕੇ ਉਹ ਬੁਰੇ ਕੰਮਾਂ ਤੋਂ ਦੂਰ ਰਹਿੰਦੇ ਹਨ ਅਤੇ ਭਲੇ ਧਾਰਮਕ ਕਰਮ ਕਰਦੇ ਹਨ। ਉਹ ਸੰਸਾਰਕ ਬੰਧਨਾਂ ਤੋਂ ਨਿਜਾਤ ਪਾ ਕੇ ਸੰਜਮ ਵਾਲਾ ਜੀਵਨ ਬਤੀਤ ਕਰਦੇ ਹਨ: "ਸੇਵ ਕੀਤੀ ਸੰਤੋਖੀਈ ਜਿਨੀ ਸਚੋ ਸਚੁ ਧਿਆਇਆ॥ ਓਨੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ॥ ਓਨੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ॥" (ਪੰਨਾ ੪੬੭)। ਐਸੇ ਧਰਮ ਦੇ ਅਧਿਆਤਮ ਕਰਮ ਕਰਨ ਵਾਲਾ ਮਨੁੱਖ ਹੀ ਪ੍ਰਭੂ ਨੂੰ ਜਾਨਣ ਵਾਲਾ ਬ੍ਰ੍ਰਾਹਮਣ ਹੁੰਦਾ ਹੈ। ਉਹ ਜਪ, ਤਪ ਅਤੇ ਸੰਜਮ ਵਾਲੇ ਕੰਮ ਕਰਦਾ ਹੈ, ਮਿਠੇ ਸੁਭਾ ਅਤੇ ਸੰਤੋਖ ਵਾਲੇ ਧਰਮ ਦਾ ਧਾਰਨੀ ਹੁੰਦਾ ਹੈ ਅਤੇ ਸੰਸਾਰਕ ਬੰਧਨਾਂ ਨੂੰ ਤੋੜ ਕੇ ਉਨ੍ਹਾਂ ਤੋਂ ਮੁਕਤ ਹੋ ਜਾਂਦਾ ਹੈ। ਐਸਾ ਬ੍ਰਾਹਮਣ ਹੀ ਸਤਕਾਰ ਦਾ ਪਾਤਰ ਹੁੰਦਾ ਹੈ: "ਸੋ ਬ੍ਰਹਮਣੁ ਜੋ ਬਿੰਦੈ ਬ੍ਰਹਮੁ॥ ਜਪ ਤਪੁ ਸੰਜਮੁ ਕਮਾਵੈ ਕਰਮੁ॥ ਸੀਲ ਸੰਤੋਖ ਕਾ ਰਖੈ ਧਰਮੁ॥ ਬੰਧਨ ਤੋੜੈ ਹੋਵੈ ਮੁਕਤ॥ ਸੋਈ ਬ੍ਰਹਮਣੁ ਪੂਜਣ ਜੁਗਤੁ॥" (ਪੰਨਾ ੧੪੧੧)। ਗੁਰਬਾਣੀ ਦਾ ਇਹ ਵੀ ਨਿਰਨਾ ਹੈ ਕਿ ਧਰਮ ਨੇ ਹੀ ਸੰਸਾਰ ਨੂੰ ਸਵੈਵਿਨਾਸ਼ ਤੋਂ ਬਚਾਇਆ ਹੋਇਆ ਹੈ: "ਧੌਲੁ ਧਰਮੁ ਦਇਆ ਕਾ ਪੂਤੁ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥" (ਪੰਨਾ ੩)। ਦਇਆ ਦਾ ਪੁਤਰ ਧੌਲ ਨਾਮੀ ਬਲ੍ਹਦ ਧਰਮ ਹੀ ਹੈ ਜਿਸ ਨੇ ਸੰਤੋਖ ਦੀ ਸਥਾਪਨਾ ਕਰਕੇ ਧਰਤੀ ਨੂੰ ਆਪਣੇ ਸਿੰਗ ਤੇ ਟਿਕਾ ਕੇ ਡਿਗਣ ਤੋਂ ਬਚਾਇਆ ਹੋਇਆ ਹੈ। ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਵਸ ਕੀਤੀਆਂ ਜਾਣ ਵਾਲੀਆਂ ਲੜਾਈਆਂ, ਝਗੜੇ ਅਤੇ ਜੰਗਾਂ ਮਨੁੱਖਤਾ ਨੂੰ ਸਵੈਵਿਨਾਸ਼ ਦੇ ਕੰਢੇ ਤੇ ਲਿਆ ਖੜ੍ਹਾ ਕਰਦੀਆਂ ਹਨ ਜਿਸ ਤੋਂ ਬਚਾਉਣ ਲਈ ਮਨੁੱਖੀ ਅੰਤਿਹਕਰਨ ਵਿੱਚ ਛੁਪੀ ਉਦਾਸੀਨ ਦਇਆ ਅਤੇ ਸੰਤੋਖ ਦੀ ਧਾਰਮਕ ਭਾਵਨਾ ਨੂੰ ਜਾਗਰੂਕ ਹੋਣਾ ਪੈਂਦਾ ਹੈ ਤਾਂ ਜੋ ਸੰਸਾਰ ਨੂੰ ਸੂਝ, ਸਾਂਝੀਵਾਲਤਾ ਅਤੇ ਪ੍ਰੇਮ ਦਾ ਸੁਨੇਹਾ ਦੇ ਕੇ ਸ਼ਾਂਤੀ ਦੇ ਰਾਹ ਤੇ ਪਾਇਆ ਜਾ ਸਕੇ। ਸਚਾ ਧਰਮ ਹੀ ਮਨੁਖਤਾ ਨੂੰ ਆਲਮੀ ਜੰਗਾਂ ਦੇ ਸਵੈਵਿਨਾਸ਼ ਤੋਂ ਬਚਾਉਂਦਾ ਆਇਆ ਹੈ।

ਧਰਮ ਦੀ ਅਧਿਆਤਮਕ ਵਿਚਾਰਧਾਰਾ ਅਦਿੱਖ, ਅਪਦਾਰਥ ਅਤੇ ਨਿਹਚਲ ਪ੍ਰਭੂ ਅਤੇ ਉਸ ਦੀਆਂ ਸਿਰਜੀਆਂ ਸ਼ਕਤੀਆਂ ਦਾ ਗਿਆਨ ਪ੍ਰਦਾਨ ਕਰਦੀ ਹੈ ਜਦੋਂ ਕਿ ਸਾਧਾਰਣ ਮਨੁੱਖ ਦਾ ਸਾਰਾ ਜੀਵਨ ਨਿਰੰਤਰ ਬਦਲਦੇ ਅਤੇ ਦਿਖਾਈ ਦੇ ਰਹੇ ਸਮਾਜ ਵਿੱਚ ਗੁਜ਼ਰਦਾ ਹੈ। ਮਨੁੱਖ ਦੀ ਸੋਚ, ਮੰਤਵ ਅਤੇ ਜੀਵਨ ਢੰਗ ਸਮਾਜ ਅਤੇ ਪਦਾਰਥਕ ਜਗਤ ਨਿਰਧਾਰਤ ਕਰਦਾ ਹੈ। ਸਮਾਜਕ ਅਤੇ ਪਦਾਰਥਕ ਸ਼ਕਤੀਆਂ ਦਾ ਅਸੀਮ ਪ੍ਰਭਾਵ ਮਨੁੱਖ ਨੂੰ ਅਦਿੱਖ ਪ੍ਰਭੂ ਨੂੰ ਜਾਨਣ ਅਤੇ ਸਮਝਣ ਵਿੱਚ ਰੁਕਾਵਟ ਬਣਿਆ ਰਹਿੰਦਾ ਹੈ ਅਤੇ ਉਸ ਦੀ ਕਾਲਪਨਿਕ ਯੋਗਤਾ ਨੂੰ ਵੀ ਸੀਮਤ ਕਰ ਦਿੰਦਾ ਹੈ। ਸਮਾਜ ਅਤੇ ਉਸ ਵਿੱਚ ਕਿਰਿਆਸ਼ੀਲ ਮਾਇਆ ਮਨੁੱਖ ਨੂੰ ਸਚੇ ਧਰਮ ਦੇ ਮਾਰਗ ਤੇ ਚਲਣੋਂ ਰੋਕੀ ਰੱਖਦੇ ਹਨ। ਬਹੁਤੇ ਧਾਰਮਕ ਵਿਦਵਾਨ ਅਤੇ ਧਰਮ ਸ਼ਾਸਤਰੀ ਇਸ ਵਾਸਤਵਿਕਤਾ ਨੂੰ ਅਣਡਿੱਠ ਕਰ ਦਿੰਦੇ ਹਨ।

ਪ੍ਰਭੂ ਨਾਲ ਸਬੰਧਤ ਹੋਣ ਕਾਰਨ ਅਧਿਆਤਮਕ ਵਿਚਾਰਧਾਰਾ ਆਮ ਲੋਕਾਂ ਨੂੰ ਬਹੁਤ ਆਕ੍ਰਸ਼ਤ ਕਰਦੀ ਹੈ ਅਤੇ ਉਹ ਅਧਿਆਤਮਕ ਗਿਆਨ ਪ੍ਰਾਪਤ ਕਰਨ ਲਈ ਉਤਾਵਲੇ ਹੋ ਜਾਂਦੇ ਹਨ। ਪਰ ਉਨ੍ਹਾਂ ਦੀ ਸਮਾਜਕ ਸੋਚ ਵਿੱਚ ਪ੍ਰਭੂ ਦਾ ਗਿਆਨ ਪ੍ਰਾਪਤ ਕਰਨ ਦੀ ਯੋਗਤਾ ਨਹੀਂ ਹੁੰਦੀ। ਉਹ ਤੇ ਸਮਾਜਕ ਜੀਵਨ ਅਤੇ ਸੋਚ ਦੇ ਅਨੁਕੂਲ ਧਾਰਮਕ ਵਿਚਾਰਧਾਰਾ ਨੂੰ ਸਮਝਣਯੋਗ ਹੀ ਹੁੰਦੇ ਹਨ। ਉਨ੍ਹਾਂ ਦੀ ਮਾਨਸਿਕ ਤ੍ਰਿਪਤੀ ਲਈ ਪੁਜਾਰੀ ਅਤੇ ਧਰਮ ਸ਼ਾਸਤਰੀ ਮਿਲ ਕੇ ਕਰਾਮਾਤੀ ਮਿਥਹਾਸ ਵਿੱਚ ਅਧਿਆਤਮਕ ਵਿਚਾਰਾਂ ਦੇ ਟੋਟਕੇ ਜੜ ਕੇ ਨਵਾਂ ਆਕਰਸ਼ਕ ਧਰਮ ਸਿਰਜ ਦਿੰਦੇ ਹਨ। ਉਸ ਮਿਥਹਾਸ ਨੂੰ ਮਨ ਲੁਭਾਊ ਧਾਰਮਕ ਵਿਹਾਰ ਵਿੱਚ ਪ੍ਰਗਟ ਕਰਨ ਲਈ ਮੂਰਤਾਂ, ਭਵਨਾਂ ਅਤੇ ਕਰਮ ਕਾਂਡਾਂ ਦਾ ਪ੍ਰਯੋਗ ਕਰਦੇ ਹਨ। ਇਹ ਪੁਜਾਰੀ ਕਿੱਤੇ ਦਾ ਕਮਾਲ ਹੀ ਆਖਿਆ ਜਾ ਸਕਦਾ ਹੈ ਕਿ ਉਹ ਅਦਿੱਖ ਪ੍ਰਭੂ ਦੇ ਅਧਿਆਤਮਕ ਗਿਆਨ ਨੂੰ ਮਿਥਹਾਸਕ ਅਖੌਤੀ ਅਧਿਆਤਮਵਾਦ ਵਿੱਚ ਬਦਲ ਕੇ ਸਤਕਾਰਯੋਗ ਬਣਾ ਦਿੰਦੇ ਹਨ। ਮੂਰਤੀਆਂ ਜਾਂ ਗ੍ਰੰਥਾਂ ਵਿੱਚ ਪ੍ਰਗਟ ਹੋਇਆ ਅਦਿੱਖ ਪ੍ਰਭੂ ਅਸਲ ਨਾਲੋਂ ਵਧੇਰੇ ਲੋਕ ਪਰੀਆ ਬਣ ਜਾਂਦਾ ਹੈ। ਪ੍ਰਭੂ ਬਾਰੇ ਸ਼ੰਕੇ ਨੂੰ ਪ੍ਰਭੂ ਦਾ ਅਨਾਦਰ ਗਰਦਾਨ ਕੇ ਹਰ ਮਿਥਹਾਸਕ ਅਖੌਤੀ ਅਧਿਆਤਵਾਦ ਅਤੇ ਉਸ ਨਾਲ ਸਬੰਧਤ ਕਰਮਕਾਂਡਾਂ ਨੂੰ ਪ੍ਰਸਿੱਧ ਬਣਾ ਦਿੱਤਾ ਜਾਂਦਾ ਹੈ। ਮਨੁੱਖਤਾ ਦੀ ਬੁਹਗਿਣਤੀ ਅਜਿਹੇ ਧਰਮਾਂ ਦੀ ਹੀ ਸ਼ਰਧਾਲੂ ਹੈ। ਵਿਰਲਿਆਂ ਦੀ ਅਧਿਆਤਮਕ ਵਿਚਾਰਧਾਰਾ ਨੂੰ ਵਿਚਾਰਣ ਅਤੇ ਸਮਝਣ ਦੀ ਰੁਚੀ ਹੁੰਦੀ ਹੈ।

ਆਮ ਲੋਕਾਂ ਦੇ ਜੀਵਨ ਦੀ ਰਖਿਆ, ਬੇਹਤਰੀ ਅਤੇ ਭਵਿਖ ਦੇ ਪ੍ਰਬੰਧ ਦੀ ਜ਼ਿਮੇਵਾਰੀ ਰਾਜਿਆਂ ਜਾਂ ਰਾਜਸੀ ਆਗੂਆਂ ਦੀ ਹੁੰਦੀ ਹੈ। ਰਾਜਿਆਂ ਅਤੇ ਰਾਜਸੀ ਆਗੂਆਂ ਦੀ ਸਫਲਤਾ ਉਨ੍ਹਾਂ ਦੇ ਪ੍ਰਬੰਧਾਂ ਅਤੇ ਕਾਨੂੰਨ ਪ੍ਰਤੀ ਲੋਕਾਂ ਦੇ ਭਰੋਸੇ, ਪ੍ਰਵਾਨਗੀ ਅਤੇ ਸਹਿਯੋਗ ਤੇ ਨਿਰਭਰ ਕਰਦੀ ਹੈ। ਆਮ ਲੋਕਾਂ ਨੂੰ ਅਕਸਰ ਰਾਜਿਆਂ ਅਤੇ ਰਾਜਸੀ ਆਗੂਆਂ ਦੀ ਯੋਗਤਾ ਅਤੇ ਕਥਨਾਂ ਤੇ ਵਿਸ਼ਵਾਸ ਨਹੀਂ ਹੁੰਦਾ ਅਤੇ ਉਹ ਉਨ੍ਹਾਂ ਵਿਰੁਧ ਸੰਘਰਸ਼ ਜਾਂ ਬਗਾਵਤ ਕਰਦੇ ਰਹਿੰਦੇ ਹਨ। ਸੰਘਰਸ਼ ਅਤੇ ਬਗਾਵਤਾਂ ਰੋਕਣ ਅਤੇ ਵਿਰੋਧੀਆਂ ਨੂੰ ਕਾਬੂ ਅਤੇ ਅਧੀਨ ਕਰਨ ਲਈ ਰਾਜੇ ਅਤੇ ਰਾਜਸੀ ਆਗੂ ਸਮਾਜ ਵਿਚੋਂ ਐਸੇ ਵਿਅਕਤੀਆਂ ਦੀ ਭਾਲ ਵਿੱਚ ਰਹਿੰਦੇ ਹਨ ਜੋ ਲੋਕਾਂ ਨੂੰ ਉਨ੍ਹਾਂ ਤੇ ਭਰੋਸਾ ਕਰਨ ਲਈ ਪ੍ਰੇਰਤ ਕਰਨ ਦੇ ਸਮ੍ਰਥ ਹੋਣ। ਪੁਜਾਰੀ ਇੱਕ ਐਸਾ ਵਰਗ ਹੈ ਜਿਸ ਤੇ ਲੋਕਾਂ ਦਾ ਅੰਨ੍ਹਾ ਵਿਸ਼ਵਾਸ ਹੁੰਦਾ ਹੈ। ਇਸ ਲਈ ਰਾਜੇ ਅਤੇ ਰਾਜਸੀ ਆਗੂ ਰਾਜ ਵਿੱਚ ਅਮਨ ਚੈਨ ਰਖਣ ਲਈ ਪੁਜਾਰੀਆਂ ਦੀ ਸਹਾਇਤਾ ਲਈ ਪਹੁੰਚ ਕਰਦੇ ਹਨ। ਪੁਜਾਰੀ ਵੀ ਆਪਣੀ ਸ਼ਕਤੀ ਅਤੇ ਸ਼ਰਧਾਲੂਆਂ ਵਿੱਚ ਵਾਧਾ ਕਰਨ ਅਤੇ ਲੋਕਾਂ ਨੂੰ ਪ੍ਰਭਾਵਤ ਕਰਨ ਦੇ ਚਾਹਵਾਨ ਹੁੰਦੇ ਹਨ ਅਤੇ ਰਾਜਿਆਂ ਜਾਂ ਰਾਜਸੀ ਆਗੂਆਂ ਦੇ ਪ੍ਰਸਤਾਵ ਦਾ ਸੁਆਗਤ ਕਰਦੇ ਹਨ। ਆਪਣੀਆਂ ਮਜਬੂਰੀਆਂ ਅਤੇ ਲੋੜਾਂ ਨੂੰ ਮੁੱਖ ਰਖਦੇ ਹੋਏ ਪੁਜਾਰੀ ਅਤੇ ਸਿਆਸਤਦਾਨ ਇੱਕ ਦੂਜੇ ਦੇ ਸਹਿਯੋਗੀ ਅਤੇ ਸਹਾਇਕ ਹੋ ਨਿਬੜਦੇ ਹਨ।

ਗੁਰਬਾਣੀ ਅਖੋਤੀ ਅਧਿਆਤਮਕ ਧਰਮ ਦੇ ਪਾਖੰਡਾਂ ਦਾ ਭਰਪੂਰ ਖੰਡਨ ਕਰਦੀ ਹੈ। ਦੂਜੇ ਧਰਮਾਂ ਵਾਂਗ ਸਿੱਖ ਧਰਮ ਵਿੱਚ ਵੀ ਪਾਖੰਡਵਾਦ ਅਤੇ ਦੋਗਲੇਪਣ ਦਾ ਬੋਲ ਬਾਲਾ ਹੈ। ਪਰ ਸਿੱਖ ਧਰਮ ਦੇ ਉਪਾਸ਼ਕ ਸਿੱਖ ਧਰਮ ਵਿੱਚ ਪ੍ਰਚਲਤ ਪਾਖੰਡ ਨੂੰ ਗੁਰਬਾਣੀ ਉਪਦੇਸ਼ ਅਨੁਸਾਰ ਦੇਖਣ ਤੋਂ ਇਨਕਾਰੀ ਹਨ।
.