.

ਅਕ੍ਰਿਤਘਣ ਪਹਾੜੀ 'ਹਿੰਦੂ' ਰਾਜਿਆਂ ਨੇ ਗੁਰੂਆਂ'ਤੇ ਸਿੱਖਾਂ ਵੱਲੋਂ 'ਹਿੰਦੂ ਧਰਮ' ਲਈ ਕੀਤੀ ਕੁਰਬਾਨੀ ਮਿੱਟੀ ਘੱਟੇ ਰੋਲ ਦਿੱਤੀ'ਔਰੰਗਜ਼ੇਬ' ਹਿੰਦੂ ਧਰਮ ਦੇ ਲੋਕਾਂ ਉਤੇ ਜਦੋਂ ਸਖਤਾਈ ਕਰਦੇ ਹੋਏ ਜਬਰੀ ਧਰਮ ਤਬਦੀਲ ਕਰਕੇ ਮੁਸਲਮਾਨ ਬਣਾਉਣ ਲੱਗ ਪਿਆ,ਤਾਂ ਉਸ ਵੇਲੇ ਕਈਆਂ ਥਾਂਵਾਂ 'ਤੇ ਹਿੰਦੂ ਰਾਜੇ ਵੀ ਰਾਜ ਕਰ ਰਹੇ ਸਨ ਅਤੇ ਬਹੁਤ ਸਾਰੇ 'ਹਿੰਦੂ' ਮੁਸਲਮਾਨ ਰਾਜ ਵਿੱਚ ਉੱਚ ਅਹੁਦਿਆਂ 'ਤੇ ਬਿਰਾਜਮਾਨ ਸਨ।ਪਹਾੜੀ ਹਿੰਦੂ ਰਾਜੇ ਜੋ ਕਿ ਇਕਮੁੱਠ ਹੋਕੇ ਗੁਰੂ ਗੋਬਿੰਦ ਸਿੰਘ ਜੀ ਤੇ ਹਮਲੇ ਕਰਦੇ ਰਹੇ, ਇਹਨਾਂ ਰਾਜਿਆਂ ਦੀ ਮੁਸਲਮਾਨ ਸ਼ਾਸਕਾਂ ਨਾਲ ਚੰਗੀ ਬਣਦੀ ਸੀ।  ਇਹ ਵੀ ਹਿੰਦੂਆਂ ਹੋ ਰਹੇ ਜੁਲਮਾਂ ਦੇ ਖਿਲਾਫ ਮੈਦਾਨ ਵਿੱਚ ਨਹੀਂ ਆਏ। ਆਖਿਰ ਔਰੰਗਜ਼ੇਬ ਦੇ ਜੁਲਮਾਂ ਦੇ ਸਤਾਏ 'ਕਸ਼ਮੀਰੀ ਪੰਡਤਾਂ ਵਲੋਂ ਫਰਿਆਦ ਕਰਨ ਤੇ 'ਹਿੰਦੂ ਧਰਮ' ਦੀ ਰੱਖਿਆ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਹੀ ਅੱਗੇ ਆਏ। ਔਰੰਗਜ਼ੇਬ ਦੇ ਹੁਕਮਾਂ 'ਤੇ ਗੁਰੂ ਤੇਗ ਬਹਾਦੁਰ ਜੀ ਸਮੇਤ ਇਹਨਾਂ ਦੇ ਸੇਵਕਾਂ ਨੂੰ ਤਸੀਹੇ ਦਿੱਤੇ ਗਏ, ਪਰ ਗੁਰੂ ਸਾਹਿਬ ਨੂੰ ਧਰਮ ਤਬਦੀਲ ਕਰਾਉਣ ਵਿੱਚ  ਕਾਮਯਾਬ ਨਾ ਹੋ ਸਕੇ। ਅਖੀਰ ਗੁਰੂ ਸਾਹਿਬ ਦੇ ਸਾਹਮਣੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ, ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਜਿਉਂਦਾ ਸਾੜਿਆ ਗਿਆ , ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਪਾਕੇ ਸ਼ਹੀਦ ਕੀਤਾ ਗਿਆ ਅੰਤ ਗੁਰੂ ਜੀ ਦਾ ਸੀਸ ਧੜ ਤੋਂ ਅਲੱਗ ਕਰਕੇ ਸ਼ਹੀਦ ਕਰ ਦਿੱਤਾ ਗਿਆ।
  ਗੁਰੂ ਤੇਗ ਬਹਾਦਰ ਜੀ ਦੀ 'ਹਿੰਦੂ ਧਰਮ' ਦੀ ਖਾਤਰ  ਇਹ ਮਹਾਨ ਕੁਰਬਾਨੀ, ਹਿੰਦੂਆਂ ਨੂੰ ਸਦਾ ਲਈ ਭੁੱਲਣੀ ਨਹੀਂ ਚਾਹੀਦੀ ਸੀ ਅਤੇ ਇਹਨਾਂ ਦਾ ਸ਼ਹੀਦੀ ਦਿਹਾੜਾ ਤਾਂ ਹਿੰਦੂਆਂ ਨੂੰ ਇਸ ਤਰਾਂ ਮਨਾਉਣਾ ਚਾਹੀਦਾ ਸੀ, ਜਿੱਦਾਂ ਇਹ ਆਪਣੇ ਵੱਡੇ ਤਿਹਾਉਰ ਮਨਾਉਂਦੇ ਹਨ।ਪਰ ਅਫਸੋਸ! ਇਸ ਤਰ੍ਹਾਂ ਨਹੀਂ ਹੋਇਆ।ਇਸ ਦੇ ਉਲਟ ਸ਼ਹੀਦੀ ਤੋਂ 12 ਸਾਲਾਂ ਬਾਅਦ ਹੀ ਦਰਜਨ ਤੋਂ ਵੱਧ  ਅਕ੍ਰਿਤਘਣ 'ਹਿੰਦੂ ਰਾਜਿਆਂ' ਨੇ 'ਕਹਿਲੂਰ' ਦੇ ਰਾਜੇ ਭੀਮ ਚੰਦ (ਜੋ ਕਿ ਤਾਰਾ ਚੰਦ ਦਾ ਪੋਤਾ ਸੀ, ਤਾਰਾ ਚੰਦ  ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1621 ਵਿਚ ਜਹਾਂਗੀਰ ਕੋਲੋਂ 52 ਹਿੰਦੂ ਰਾਜਿਆਂ ਵਿਚ ਰਿਹਾਅ ਕਰਵਾਇਆ ਸੀ।) ਦੇ ਕਹਿਣ ਤੇ ਇਕੱਠੇ ਹੋਕੇ 15 ਅਪ੍ਰੈਲ 1687 ਵਿਚ 'ਭਗਾਣੀ' ਵਿਚ ਗੁਰੂ ਗੋਬਿੰਦ ਸਿੰਘ ਜੀ ਤੇ ਹਮਲਾ ਕਰ ਦਿੱਤਾ, ਤਿੰਨ ਦਿਨ ਘਮਸਾਨ ਦਾ ਯੁੱਧ ਹੋਇਆ, ਆਪਣੇ ਤਿੰਨ ਪਹਾੜੀ ਰਾਜਿਆਂ ਨੂੰ ਮਰਵਾਕੇ ਆਖਿਰ ਇਹ ਰਾਜੇ ਹਾਰ ਮੰਨਕੇ ਭੱਜ ਨਿਕਲੇ।
'ਭੰਗਾਣੀ' ਦੇ ਯੁੱਧ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ  ਆਨੰਦਪੁਰ ਸਾਹਿਬ ਆ ਗਏ। ਤਾਂ 1688 ਈ. ਵਿੱਚ ਜੰਮੂ ਦੇ ਮੁਗ਼ਲ ਵਾਇਸਰਾਇ ਨੇ ਪਹਾੜੀ ਰਾਜਿਆਂ ਤੋਂ ਜਬਰੀ ‘ਕਰ’ ਵਸੂਲ ਕਰਨ ਲਈ ਆਪਣੇ ਜਰਨੈਲ 'ਆਲਿਫ਼ ਬੇਗ਼' ਨੂੰ ਭੇਜ ਦਿੱਤਾ ਗਿਆ । ਪ੍ਰੰਤੂ ਕਹਿਲੂਰ ਦੇ ਰਾਜਾ (ਜੋ ਕਿ ਦੂਜੀਆਂ ਰਿਆਸਤਾਂ ਤੋਂ ਵੱਡੀ ਰਿਆਸਤ ਦਾ ਰਾਜਾ ਸੀ) ਭੀਮ ਚੰਦ ਬੜਾ ਕਸੂਤਾ ਫਸ ਗਿਆ ਸੀ, ਇਹ ਨਾ ਤਾਂ ਐਨਾ 'ਕਰ' ਦੇਣ ਦੇ ਸਮਰੱਥ ਸੀ ਅਤੇ ਨਾ ਹੀ ਆਲਿਫ਼ ਬੇਗ ਨਾਲ ਲੜਾਈ ਕਰਨ ਦੇ। ਕਿਸੇ ਪਾਸੋਂ ਮੱਦਦ ਨਾ ਮਿਲਦੀ ਵੇਖਕੇ ਰਾਜਾ ਭੀਮ ਚੰਦ ਨੇ ਆਪਣੇ ਦੂਜੇ ਸਾਥੀ ਰਾਜਿਆਂ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਇਸ ਸਿੱਟੇ ਤੇ ਪਹੁੰਚੇ, ਕਿ ਕਿਵੇਂ ਨਾ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਤੋਂ ਮਦਦ ਮੰਗੀ ਜਾਵੇ। ਪਰ ਪਿਛਲੇ ਸਾਲ ਗੁਰੂ ਜੀ ਤੇ ਕੀਤੇ ਗਏ ਹਮਲੇ ਕਰਕੇ, ਕਿਸ ਮੂੰਹ ਨਾਲ ਗੁਰੂ ਜੀ ਤੋਂ ਮਦਦ ਮੰਗਣ ਜਾਣ ? ਅਖੀਰ ਰਾਜੇ ਭੀਮ ਚੰਦ ਦੇ ਵਜ਼ੀਰ 'ਪਰਮਾਨੰਦ' ਨੂੰ ਭੇਜਕੇ ਸਾਰੀ ਸਥਿਤੀ ਤੋਂ ਗੁਰੂ ਗੋਬਿੰਦ ਸਾਹਿਬ ਨੂੰ ਜਾਣੂ ਕਰਵਾਇਆ ਗਿਆ ਅਤੇ ਮਦਦ ਲਈ ਬੇਨਤੀ ਕੀਤੀ ਗਈ।
ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀ ਗੱਲ ਸੋਚ ਵਿਚਾਰ ਕਰਕੇ ਫਿਰ ਵੀ ਇਹਨਾਂ ਰਾਜਿਆਂ ਨੂੰ ਮਦਦ ਕਰਨ ਦਾ ਫੈਸਲਾ ਕੀਤਾ ਅਤੇ 'ਨਦੌਣ' (ਹਿਮਾਚਲ ਪ੍ਰਦੇਸ਼) ਵਿਚ ਹੋਈ ਲੜਾਈ ਵਿੱਚ 'ਆਲਿਫ਼ ਬੇਗ' ਨੂੰ ਹਰਾਕੇ ਇਹਨਾਂ ਪਹਾੜੀ ਰਾਜਿਆਂ ਨੂੰ ਜਿੱਤ ਦਿਵਾਈ, ਪਰ ਬਾਅਦ ਵਿੱਚ ਹਿੰਦੂ ਰਾਜੇ ਕਿਰਪਾਲ ਚੰਦ ਦੇ ਸਮਝਾਉਣ ਤੇ ਇਹਨਾਂ ਅਹਿਸਾਨ ਫ਼ਰਾਮੋਸ਼  ਮਤਲਬੀ ਰਾਜਿਆਂ ਨੇ ਨਵੇਂ ਹਾਕਮ ਨਾਲ ਸਮਝੌਤਾ ਕਰਕੇ ਸਾਰਾ 'ਕਰ' ਕਿਸਤਾਂ ਰਾਹੀਂ ਭਰਨ ਦਾ ਜਿੱਥੇ ਸਮਝੌਤਾ ਕਰ ਲਿਆ, ਉਥੇ 'ਨਦੌਣ' ਦੀ ਜੰਗ ਦੀ ਸਾਰੀ ਜੁਮੇਵਾਰੀ ਗੁਰੂ ਗੋਬਿੰਦ ਸਿੰਘ ਸਿਰ ਪਾ ਦਿੱਤੀ ਅਤੇ  ਨਵੇਂ ਜਰਨੈਲ 'ਦਿਲਾਵਰ ਖਾਂ' ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਖਿਲਾਫ ਭੜਕਾਇਆ ਗਿਆ ,ਸਾਰੀ ਗੱਲਬਾਤ ਗੁਪਤ ਰੱਖੀ ਗਈ, ਫੈਸਲਾ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਤੇ ਅਚਨਚੇਤ  ਹਮਲਾ ਕੀਤਾ ਜਾਵੇ।ਰਾਤ ਨੂੰ ਸੁੱਤਿਆਂ ਪਿਆਂ ਤੇ ਹਮਲਾ ਕਰਨ ਗਏ, ਤਾਂ ਅੱਗੋਂ ਭਿਣਕ ਪੈਣ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਜਾਗ ਉਠੀ ਤੇ ਇਹਨਾਂ ਦੁਸ਼ਮਣਾਂ ਨੂੰ ਵਾਪਸ ਭੱਜਣਾ ਪਿਆ।
ਇਸ ਤੋਂ ਬਾਅਦ ਫਿਰ ਵੀ ਸੰਨ 1702 ਵਿਖੇ ਚਮਕੌਰ ਸਾਹਿਬ ਦੀ ਲੜਾਈ ਭੀਮ ਚੰਦ ਦੇ ਪੁੱਤਰ ਕਹਿਲੂਰ ਦੇ ਰਾਜਾ 'ਅਜਮੇਰ ਚੰਦ' (ਜੋ ਸਿਰੇ ਦਾ ਬੇਈਮਾਨ ਧੋਖੇਬਾਜ ਸੀ) ਦੀ ਸਾਜ਼ਿਸ ਨਾਲ ਮੁਗ਼ਲ ਜਰਨੈਲਾਂ ਦੇ ਹਮਲੇ ਵਜੋਂ ਹੋਈ। ਇਹ ਹਮਲਾ ਕਰਨ ਲਈ 'ਅਜਮੇਰ ਚੰਦ' ਨੇ 'ਆਲਿਫ਼ ਖ਼ਾਨ' ਅਤੇ 'ਸਾਯਦ ਬੇਗ' ਨੂੰ ਵੱਡੀ ਰਕਮ ਦੇਣਾ ਮੰਨਿਆ ਸੀ।
ਇਸ ਤਰ੍ਹਾਂ 'ਹਿੰਦੂ' ਰਾਜਿਆਂ ਨੇ ਮੁਸਲਮਾਨ ਸ਼ਾਸਕਾਂ  ਨੂੰ ਉਹਨਾਂ ਦੀ ਫੌਜ ਦਾ ਸਾਰਾ ਖਰਚਾ ਆਪ ਚੁੱਕਕੇ ਅਤੇ ਆਪ ਆਪਣੀਆਂ ਫੌਜਾਂ ਸਮੇਤ ਵਾਰ-ਵਾਰ ਗੁਰੂ ਗੋਬਿੰਦ ਸਿੰਘ ਜੀ ਤੇ ਹਮਲੇ ਕਰਦੇ 'ਤੇ ਕਰਵਾਉਂਦੇ ਰਹੇ।ਇੰਜ ਗੁਰੂਆਂ'ਤੇ ਸਿੱਖਾਂ ਵੱਲੋਂ ਹਿੰਦੂ ਧਰਮ ਲਈ ਕੀਤੀ ਕੁਰਬਾਨੀ ਇਹਨਾਂ ਬਾਈਧਾਰ ਦੇ ਅਕ੍ਰਿਤਘਣ ਹਿੰਦੂ ਰਾਜਿਆਂ ਨੇ ਮਿੱਟੀ ਘੱਟੇ ਰੋਲ ਦਿੱਤੀ।
ਗੁਰੂ ਗੋਬਿੰਦ ਸਿੰਘ ਜੀ ਨੂੰ ਮਜਬੂਰਨ ਦਰਜਨ ਤੋਂ ਵੱਧ ਲੜਾਈਆਂ ਵਿਚੋਂ 9 ਲੜਾਈਆਂ ਸਿੱਧੀਆਂ ਹਿੰਦੂ ਰਾਜਿਆਂ ਨਾਲ ਬਾਕੀ ਵੀ ਇਹਨਾਂ ਦੀ ਬਦੋਲਤ ਹੀ ਲੜਨੀਆਂ ਪਈਆਂ।
  ਕਿਉਂ? ਕਿਉਂਕਿ ਸਾਰੇ ਕਾਰਨਾਂ ਵਿਚੋਂ ਵੱਡਾ ਕਾਰਨ ਸੀ,
"ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂੰ ਅਤਿ ਨੀਚੁ॥ਨਾਨਕ ਤਿਨ ਕੇ ਸੰਗਿ ਸਾਥਿ ਵਡਿਆ ਸਿਉ ਕਿਆ ਰੀਸੁ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸ਼ੀਸ਼॥(੧੫)

ਏਕੁ ਪਿਤਾ ਏਕਸ ਕੇ ਹਮ ਬਾਰਿਕ॥ (੬੧੧)

ਸਭੇ ਸਾਂਝੀਵਾਲ ਸਦਾਇਨਿ ਤੂੰ ਕਿਸੇ ਨਾ ਦਿਸਹਿ ਬਾਹਰਾ ਜੀਉ॥(੯੭)

"ਅਵਿਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ।।
ਏਕ ਨੂਰ ਤੇ ਸਭ ਜਗ ਉਪਜਿਆ,ਕਾਉਣ ਭਲੇ ਕੋ ਮੰਦੇ।।"(੧੩੪੯)

ਦੇ ਫੁਰਮਾਨ ਉਤੇ ਚੱਲ ਰਹੇ ਗੁਰੂ ਸਾਹਿਬ ਵਲੋਂ ਗੁਰੂ ਨਾਨਕ ਸਾਹਿਬ ਦੇ ਘਰ ਦੀ ਰੀਤ ਮੁਤਾਬਕ ਹਰ-ਇਕ ਨੂੰ ਸੰਗਤ-ਪੰਗਤ ਵਿਚ ਸਭ ਨੂੰ ਬਰਾਬਰ ਮਾਣ-ਸਤਿਕਾਰ ਦਿੱਤਾ ਜਾ ਰਿਹਾ ਸੀ,ਇਸ ਤੋਂ ਅੱਗੇ ਵਧਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਵਲੋਂ ਅਖੌਤੀ ਨੀਵੀਆਂ ਸਮਝੀਆ ਜਾਤਾਂ ਦੇ ਲੋਕਾਂ ਨੂੰ ਸ਼ਸਤਰ ਵਿੱਦਿਆ ਦੇਕੇ ਜਰਨੈਲ ਬਣਾਇਆ ਜਾ ਰਿਹਾ ਸੀ।ਜਿਸ ਕਰਕੇ ਇਹ ਲੋਕ ਹਿੰਦੂਆਂ ਦੇ ਜੂਲੇ ਹੇਠੋਂ ਨਿਕਲ ਕੇ ਗੁਰੂ ਜੀ ਸ਼ਰਨ ਵਿੱਚ ਆ ਰਹੇ ਸਨ ਅਤੇ ਉਹਨਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ 'ਤੇ ਜਬਰ ਜ਼ੁਲਮ ਰੋਕਣ ਲਈ ਦਿੱਤੀ ਜਾ ਰਹੀ ਸਿੱਖਿਆ ਇਹਨਾਂ'ਮੰਨੂਵਾਦੀ'  ਰਾਜਿਆਂ ਨੂੰ ਬਰਦਾਸ਼ਤ ਨਹੀਂ ਹੋ ਰਹੀ ਸੀ।
ਇਹਨਾਂ ਹਿੰਦੂ ਰਾਜਿਆਂ ਵਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਗਿਆ ਸੀ ਕਿ "ਜੇਕਰ ਉੱਚੀਆਂ -ਨੀਵੀਆਂ ਜਾਤਾਂ ਨੂੰ ਇਕੋ ਬਾਟੇ ਵਿੱਚ ਅੰਮ੍ਰਿਤ ਨਾ ਛਕਾਇਆ ਜਾਵੇ ਅਤੇ ਨਾ ਹੀ ਇੱਕ ਪੰਗਤ ਵਿਚ ਬਿਠਾਇਆ ਜਾਵੇ,ਤਾਂ ਅਸੀ ਤੁਸਾਂ ਦੇ ਸਿੱਖ ਬਣਨ ਲਈ ਵੀ ਤਿਆਰ ਹਾਂ।" ਪਰ ਗੁਰੂ ਗੋਬਿੰਦ ਸਿੰਘ ਜੀ ਨੇ 'ਹਿੰਦੂ ਰਾਜਿਆਂ' ਦੀ ਮੰਗ ਪ੍ਰਵਾਨ ਨਾ ਕਰਦੇ ਹੋਏ ਸਾਫ ਇਨਕਾਰ ਕਰਦਿਆਂ ਕਿਹਾ -
"ਜਿਨਕੀ ਜਾਤ ਔਰ ਕੁਲ ਮਾਹੀ,
ਸਰਦਾਰੀ ਨ ਭਈ ਕਿਦਾਹੀਂ॥
ਤਿਨਹੀ ਕੋ ਸਰਦਾਰ ਬਨਾਊਂ,
ਤਬੈ ਗੋਬਿੰਦ ਸਿੰਘ ਨਾਮ ਕਹਾਊਂ॥"
"ਇਨ ਗਰੀਬ ਸਿੱਖਨ ਕੋ ਦੈਂ ਪਾਤਸ਼ਾਹੀ॥
ਇਹ ਯਾਦ ਕਰੈਂ ਹਮਰੀ ਗੁਰਿਆਈ॥"
ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਦੀ ਪ੍ਰਵਾਹ ਨਾ ਕਰਦਿਆਂ, ਜਬਰ ਜ਼ੁਲਮ ਦੇ ਖਿਲਾਫ, ਨਿਆਸਰਿਆਂ ਦਾ,ਆਸਰਾ ,ਨਿਓਟਿਆ ਦੀ ਓਟ ਬਣਕੇ, ਹੱਕ-ਸੱਚ ਅਤੇ ਆਪਣੇ ਪਿਆਰੇ 'ਤੇ ਨਿਆਰੇ ਧਰਮ ਲਈ ਆਪਣਾ ਸਭ-ਕੁਝ ਕੁਰਬਾਨ ਕਰਕੇ ਸਦਾ ਲਈ ਅਮਰ ਹੋ ਗਿਆ।

ਕਲਗੀਆਂ ਵਾਲਿਆ ਤੁਸਾਂ ਨੂੰ ਪ੍ਰਣਾਮ ਮੇਰਾ,
ਤੁਸਾਂ ਅਖੌਤੀ ਨੀਵਿਆਂ ਨੂੰ ਵੱਡਾ ਸਤਿਕਾਰ ਦਿੱਤਾ।
ਗਿੱਦੜ ਵੀ ਸ਼ੇਰ ਬਣਾ ਦਿਤੇ,
ਚਿੜੀਆਂ ਨੇ ਬਾਜ ਲਿਤਾੜ ਦਿੱਤਾ।
'ਸਿੱਖ' ਲੱਖਾਂ ਮੂਹਰੇ ਝੁਕਿਆ ਨਾ,
ਪਿਲਾਇਆ ਐਸਾ 'ਅੰਮ੍ਰਿਤ' ਤਿਆਰ ਕੀਤਾ।
ਹੱਕ-ਸੱਚ 'ਤੇ ਨਿਆਰੇ ਧਰਮ ਉਤੋਂ,
ਤੁਸਾਂ ਸਭ ਕੁਝ ਆਪਣਾ  ਵਾਰ ਦਿੱਤਾ।
ਕੋਈ ਰੀਸ ਨਾ ਤੁਸਾਂ ਦੀ ਕਰ ਸਕਦਾ,
ਐਨੇ ਕਰ ਗਿਆ ਕੰਮ ਮਹਾਨ ਦਾਤਾ।
ਮੇਜਰ ਤੁਸਾਂ ਦਾ ਦੇਣ ਨਾ ਦੇ ਸਕਦਾ,
ਕਈ ਜਨਮ ਲੈਕੇ ਵਿਚ ਜਹਾਨ ਦਾਤਾ।

ਮੇਜਰ ਸਿੰਘ 'ਬੁਢਲਾਡਾ'
94176 42327
.