.

ਅਖੌਤੀ ਧਰਮ (ਮਜ਼੍ਹਬ) ਇੱਕ ਧੋਖਾ ਹੈ

ਸੰਸਾਰ ਦੇ ਅਨੇਕਾਂ ਮਜ਼੍ਹਬ ਜਿਨ੍ਹਾਂ ਨੂੰ ਅੱਜ ਧਰਮ ਕਰਕੇ ਮੰਨਿਆ ਜਾ ਰਿਹਾ ਹੈ, ਮਨੁੱਖ ਦੇ ਹੀ ਬਣਾਏ ਹੋਏ ਹਨ ਅਤੇ ਇਸ ਤਰਾਂ ਲਗਦਾ ਹੈ ਜਿਵੇਂ ਇਹ (ਅਖੌਤੀ ਧਰਮ) ਦਾ ਢਾਂਚਾ ਪੁਜਾਰੀ ਸ਼ਰੇਣੀ ਨੇ ਮਨੁੱਖਤਾ ਨੂੰ ਧੋਖੇ ਨਾਲ ਆਪਣੇ ਅਧੀਨ ਕਰਨ ਲਈ ਜਾਂ ਰਾਜ ਨੀਤੀ ਲਈ ਹੀ ਬਣਾਇਆ ਹੋਵੇ। ਇਹਨਾਂ ਵਿੱਚ ਪ੍ਰਚਲਤ ਝੂਠੀਆਂ ਮਨੌਤਾਂ (ਜਿਨ੍ਹਾਂ ਨੂੰ ਅੱਜ ਵਿਗਿਆਨੀ ਝੁਠਲਾ ਰਿਹਾ ਹੈ), ਹੀ ਇਸ ਗਲ ਦਾ ਸਬੂਤ ਹਨ ਕਿ ਇਹ ਅਖੌਤੀ ਧਰਮ ਦੀ ਵਿਉਂਤ ਭੁੱਲੜ ਮਨੁੱਖ ਦੀ ਹੀ ਘੜੀ ਹੋਈ ਹੈ। ਸਦੀਆਂ ਤੋਂ ਧਰਮ ਦੀ ਵਿਆਖਿਆ ਨੂੰ ਬਦਲ ਕੇ ਇਹਨਾਂ ਗਲਤ ਮਨੌਤਾਂ ਨੂੰ ਧਰਮ ਦੇ ਨਾਮ ਤੇ ਦ੍ਰਿੜ ਕਰਾਇਆ ਗਿਆ ਅਤੇ ਇਹਨਾਂ ਤੇ ਕਿੰਤੂ ਪ੍ਰੰਤੂ ਕਰਨ ਵਾਲਿਆਂ ਨੂੰ ਡਰਾ ਧਮਕਾ ਕੇ ਜਾਂ ਮਾਰ ਕੁੱਟ ਕੇ ਮੰਨਣ ਲਈ ਮਜਬੂਰ ਕੀਤਾ ਗਿਆ (ਜਿਵੇਂ ਕੇ ਅੱਜ ਵੀ ਹੋ ਰਿਹਾ ਹੈ)। ਧਰਮ ਦੇ ਨਾਂ ਤੇ ਹੋਏ ਅਨੇਕਾਂ ਜੰਗਾਂ ਯੁੱਧਾਂ ਤੇ ਮੌਜੂਦਾ ਗੁਰਦੁਆਰਿਆਂ ਵਿੱਚ ਹੁੰਦੀ ਇਸ ਗੁੰਡਾਗਰਦੀ ਤੋਂ ਮੁਨਕਰ ਨਹੀ ਹੋਇਆ ਜਾ ਸਕਦਾ। ਅਖੌਤੀ ਧਰਮ ਦੇ ਠੇਕੇਦਾਰਾਂ ਦੀ ਇਹ ਰੁੱਚੀ ਰਹੀ ਹੈ ਕਿ ਆਪਣੀ ਗਲ (ਭਾਵੇਂ ਉਹ ਗਲਤ ਹੀ ਕਿਉਂ ਨਾ ਹੋਵੇ) ਮਨਵਾਉਣ ਲਈ ਉਸ ਨੂੰ ਧਰਮ ਦਾ ਚਿੱਠਾ (ਲੇਬਲ) ਲਗਾ ਦਿੱਤਾ ਜਾਂਦਾ ਹੈ ਤੇ ਫਿਰ ਉਸ ਤੋਂ ਮੁਨਕਰ ਹੋਣ ਵਾਲਿਆਂ ਨੂੰ ਧਰਮ ਵਿਚੋਂ ਛੇਕ ਦਿੱਤਾ ਜਾਂਦਾ ਹੈ। ਅਖੌਤੀ ਧਾਰਮਿਕ ਸੰਸਥਾਵਾਂ ਦੀ ਵੱਖ ਵੱਖ ਮਰਯਾਦਾ, ਜਾਂ ਮਨੌਤਾਂ ਹੀ ਮਨੁਖਤਾ ਵਿੱਚ ਪੁਆੜਿਆਂ ਦੀ ਜੜ੍ਹ ਹਨ। ਧਰਮ ਨੂੰ ਧੰਧਾ ਬਣਾ ਕੇ ਉਸ ਤੇ ਜ਼ੋਰੋ ਜ਼ੋਰੀ ਕਾਬਜ਼ ਹੋਣਾ ਜੇ ਧਰਮ ਹੈ ਤਾਂ ਅਧਰਮ ਕਿਸ ਨੂੰ ਕਿਹਾ ਜਾਵੇਗਾ? ਗੁਰਬਾਣੀ ਪੜ੍ਹਨ ਸੁਣਨ ਤੇ ਸਮਝਣ ਵਿੱਚ ਤਾਂ ਇਹ ਆਉਂਦਾ ਹੈ ਕਿ ਧਰਮ, ਗਿਆਨ, ਸ਼ੁਭ ਗੁਣਾਂ ਤੇ ਨਿਰਮਲ ਕਰਮਾਂ ਦੇ ਜੀਵਨ ਦਾ ਮੁਜੱਸਮਾ ਹੈ (1) ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ ॥ 1372 (2) ਸਤੁ ਸੰਤੋਖੁ ਦਇਆ ਧਰਮੁ ਸੀਗਾਰੁ ਬਨਾਵਉ ॥ ਸਫਲ ਸੁਹਾਗਣਿ ਨਾਨਕਾ ਅਪੁਨੇ ਪ੍ਰਭ ਭਾਵਉ ॥ 812 (3) ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥ 266

ਪਰ ਮੌਜੂਦਾ ਅਖੌਤੀ ਧਰਮ ਉਪਰੋਕਤ ਗੁਰਬਾਣੀ ਦੀ ਸਚਾਈ ਤੋਂ ਕੋਹਾਂ ਦੂਰ ਹੈ। ਸਪਸ਼ਟ ਹੈ ਕਿ ਜੋ ਅਖੌਤੀ ਧਰਮ ਸੱਚ (ਦੀ ਬਾਣੀ) ਅਨੁਕੂਲ ਨਹੀ, ਉਹ ਝੂਠ, ਪਖੰਡ ਜਾਂ ਧੋਖਾ ਹੀ ਹੋ ਸਕਦਾ ਹੈ ਅਤੇ ਸਦੀਆਂ ਤੋਂ ਪੁਜਾਰੀ ਵਰਗ ਮਨੁਖਤਾ ਨੂੰ ਇਸ ਧੋਖੇ ਨਾਲ ਲੁਟਦਾ ਆ ਰਿਹਾ ਹੈ ਪਰ ਅੱਜ ਤਾਈਂ ਅਗਿਆਨੀ ਮਨੁੱਖ ਉਸ ਦੀ ਚਾਲਾਕੀ ਨੂੰ ਸਮਝ ਨਹੀ ਸਕਿਆ। ਮਨੁੱਖ ਦੀ (ਗਿਆਨ ਹੀਣ) ਅੰਨ੍ਹੀ ਸ਼ਰਧਾ ਨੇ ਕਦੇ ਵੀ ਉਸ ਨੂੰ ਸੁੱਖ ਦਾ ਸਾਹ ਨਹੀ ਲੈਣ ਦਿੱਤਾ। ਸਿਖ ਜਗਤ ਵੀ ਦਿਸਦੇ ਆਕਾਰਾਂ ਦੀ ਪੂਜਾ ਦਾ ਆਦੀ, ਤੇ ਸ਼ਰਧਾਲੂ ਹੀ ਲਗਦਾ ਹੈ ਇਸ ਲਈ ਪਿਉ ਦਾਦੇ ਦੇ ਬਖਸ਼ੇ ਤੇ ਜੀਵਨ ਨੂੰ ਸੁਖੀ ਕਰਨ ਵਾਲੇ (ਗਿਆਨ ਦੇ) ਖਜ਼ਾਨੇ ਦੀ, ਬੜੀ ਸ਼ਰਧਾ ਨਾਲ, ਧੂਫ, ਦੀਪ, ਅਰਚਾ ਪੂਜਾ ਤੇ ਆਰਤੀਆਂ ਤਾਂ ਬਹੁਤ ਕਰਦਾ ਹੈ ਪਰ ਉਸ ਨੂੰ ਕਦੇ ਖੋਲ ਕੇ ਨਹੀ ਵੇਖਦਾ, ਤੇ ਨਾ ਹੀ ਵੇਖਣਾ ਚਹੁੰਦਾ ਹੈ। ਨਤੀਜਾ ਇਹ ਕਿ ਗਿਆਨ ਵਿਹੂਣੀ ਅੰਨ੍ਹੀ ਸ਼ਰਧਾ ਧਰਮ ਦੇ ਨਾਂ ਤੇ ਪਾਏ ਧੋਖਿਆਂ ਨੂੰ ਜਾਨਣ ਤੋਂ ਅਸਮਰੱਥ ਹੈ। ਗੁਰਬਾਣੀ ਕਥਨ ਹੈ ਕਿ: ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ ॥ 149 ਸਤਿਗੁਰ ਤਾਂ ਸਦਾ ਦਇਆਲ ਹੈ (ਸਤਿਗੁਰੁ ਮੇਰਾ ਸਦਾ ਦਇਆਲਾ ਮੋਹਿ ਦੀਨ ਕਉ ਰਾਖਿ ਲੀਆ ॥383) ਇਸ ਲਈ ਹਰ ਕਿਸੇ ਦੀ ਸ਼ਰਧਾ ਸਦਾ ਪੂਰਨ ਹੋਣੀ ਚਾਹੀਦੀ ਹੈ, ਪਰ ਇਥੇ ਭਾਵ ਇਹ ਹੈ ਕਿ ਸਤਿਗੁਰੂ (ਸੱਚੇ ਗਿਆਨ) ਨੂੰ ਸਮਰਪਤ ਹੋਏ ਬਿਨਾ ਸ਼ਰਧਾ ਫਲਦਾਇਕ ਨਹੀ ਹੋ ਸਕਦੀ, ਭਾਵ ਗਿਆਨ ਬਿਨਾ ਸ਼ਰਧਾ ਅੰਨ੍ਹੀ ਹੈ, ਆਪਾ ਸਮਰਪਣ ਬਿਨਾ ਦਇਆਲਤਾ ਨਹੀ ਹੋ ਸਕਦੀ

ਸੁਖ ਸੀਤਲ ਸਰਧਾ ਸਭ ਪੂਰੀ ਹੋਏ ਸੰਤ ਸਹਾਈ ॥ 1000 ਸੰਤ, (ਗੁਰਗਿਆਨ) ਦੀ ਓਟ (ਸਹਾਇਤਾ) ਬਿਨਾ ਸ਼ਰਧਾ (ਅੰਨ੍ਹੀ) ਅਧੂਰੀ ਤੇ ਦੁਖਦਾਇਕ ਹੀ ਰਹੇਗੀ। ਨਾਸਵੰਤ ਆਕਾਰਾਂ ਤੇ ਸ਼ਰਧਾ ਰੱਖਣ ਨਾਲ ਸਦੀਵੀ ਨਿਰੰਕਾਰ ਨਾਲੋਂ ਨਾਤਾ ਟੁੱਟ ਜਾਵੇਗਾ, ਝੂਠ ਨਾਲ ਜੁੜਿਆਂ ਸੱਚ ਨਾਲੋਂ ਦੂਰੀ ਹੋ ਜਾਵੇਗੀ ਪਰ ਅਖੌਤੀ ਧਰਮ (ਪੁਜਾਰੀ ਢਾਂਚਾ) ਬੜੀ ਬਾਖੂਬੀ ਨਾਲ ਲੁਕਾਈ ਨੂੰ (ਅੰਨ੍ਹੀ ਸ਼ਰਧਾ ਦੁਆਰਾ) ਆਕਾਰਾਂ ਨਾਲ ਜੋੜ ਕੇ ਨਿਸਫਲ (ਕਰਮ ਕਾਂਡਾਂ ਦੁਆਰਾ) ਪੂਜਾ ਕਰਵਾਈ ਜਾ ਰਿਹਾ ਹੈ। ਕੀ ਇਹ ਧਰਮ ਦੇ ਨਾਂ ਤੇ ਧੋਖਾ ਨਹੀ?

ਗੁਰਬਾਣੀ ਕਰਾਮਾਤਾਂ ਨੂੰ ਕੋਈ ਵਿਸ਼ੇਸ਼ਤਾ ਨਹੀ ਦਿੰਦੀ ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਨ ਵਸੈ ਮਨਿ ਆਇ ॥ 593 ਕਿਉਂਕਿ ਇਹ ਰਿਧੀਆਂ ਸਿਧੀਆਂ ਮੋਹ ਰੂਪ ਹਨ, ਨਾਮ ਵਿਰੋਧੀ ਹਨ, ਪ੍ਰਭੂ ਦੇ ਹੁਕਮ (ਨਾਮ) ਦੀ ਅਦੂਲੀ ਹਨ, ਰੱਬ ਦੇ ਭਾਣੇ ਤੋਂ ਬਗਾਵਤ ਹਨ, ਪ੍ਰਭੂ ਦੇ ਨਿਯਮਾਂ ਦੀ ਵਿਰੋਧਤਾ ਹਨ, ਰੱਬ ਨੂੰ ਭੁੱਲੜ ਸਾਬਤ ਕਰਨ ਦੀ ਘਾੜਤ ਹਨ ਜਿਸ ਕਾਰਨ ਕਰਾਮਾਤ ਨੂੰ ਕਹਿਰ ਵੀ ਮੰਨਿਆ ਜਾਂਦਾ ਹੈ, ਪਰ ਕੈਸੀ ਅਸਚਰਜਤਾ ਹੈ ਕਿ ਜਿਸ ਕਰਾਮਾਤ ਦੀ ਧਰਮ ਵਿੱਚ ਕੋਈ ਵਿਸ਼ੇਸ਼ਤਾ ਹੀ ਨਹੀ ਉਸ ਨਾਲ ਸੰਤਾਂ, ਮਹੰਤਾਂ, ਪੀਰਾਂ, ਫਕੀਰਾਂ, ਗੁਰੂਆਂ, ਤੇ ਸਿੱਖ ਸੇਵਕਾਂ ਦੇ ਕਰਾਮਾਤੀ ਇਤਿਹਾਸ ਤੇ ਮਿਥਿਆਸਾਂ ਦੇ ਗ੍ਰੰਥ ਭਰੇ ਪਏ ਹਨ। ਅੱਜ ਵਿਗਿਆਨੀ ਕੁਦਰਤ ਦੇ ਨਿਯਮਾਂ ਨੂੰ ਤਾਂ ਮੰਨਦਾ ਹੈ ਪਰ ਵਿਰੋਧੀ ਕਰਾਮਾਤਾਂ ਨੂੰ ਨਹੀ ਮੰਨਦਾ। ਇਧਰ ਅਖੌਤੀ ਧਰਮ ਦੇ ਪ੍ਰਚਾਰਕ ਤੀਰਥਾਂ, ਸਰੋਵਰਾਂ, ਬੇਰੀਆਂ, ਰੀਠਿਆਂ, ਸਮਾਧਾਂ ਅਤੇ ਡੇਰਿਆਂ. . ਆਦਿਕ. . ਦੀਆਂ ਅਣਹੋਣੀਆਂ ਤੇ ਮਨ ਘੜਤ ਕਰਾਮਾਤੀ ਕਹਾਣੀਆਂ ਸਦੀਆਂ ਤੋਂ ਮਸਾਲੇ ਲਾ ਲਾ ਕੇ ਸੁਣਾਉਂਦੇ ਆ ਰਹੇ ਹਨ। ਜੋ ਰਿਧੀਆਂ ਸਿਧੀਆਂ ਧਰਮ ਵਿੱਚ ਕਬੂਲ ਹੀ ਨਹੀ ਉਹਨਾਂ ਨੂੰ ਇਤਿਹਾਸ ਦਾ ਨਾਮ ਦੇ ਕੇ ਧਰਮ ਵਿੱਚ ਰਲਗਡ ਕਰ ਦਿੱਤਾ ਗਿਆ। ਜਿਨ੍ਹਾਂ ਰਿਧੀਆਂ ਸਿਧੀਆਂ ਨੂੰ ਸਿਧ ਸਾਧਕ ਤਾਂ ਭਾਵੇਂ ਲੋਚਦੇ ਹੋਣ, ਸਿਧਾ ਸੇਵਨਿ ਸਿਧ ਪੀਰ ਮਾਗਹਿ ਰਿਧਿ ਸਿਧਿ ॥ ਮੈ ਇਕੁ ਨਾਮੁ ਨ ਵੀਸਰੈ ਸਾਚੇ ਗੁਰ ਬੁਧਿ ॥ 418 ਪਰ ਉਹਨਾਂ ਰਿਧੀਆਂ ਸਿਧੀਆਂ ਨੂੰ ਗੁਰਬਾਣੀ ਸਪਸ਼ਟ ਤੌਰ ਤੇ ਨਕਾਰਦੀ ਹੈ ਤੇ ਪ੍ਰਭੂ ਦੇ ਨਾਮ (ਹੁਕਮ) ਵਿੱਚ ਚਲਣ ਦੀ ਪ੍ਰੇਰਨਾ ਦਿੰਦੀ ਹੈ ਇਸ ਲਈ, ਕੀ ਧਰਮ ਦੀ ਵਿਰੋਧੀ ਧਿਰ (ਰਿਧੀਆਂ ਸਿਧੀਆਂ) ਨੂੰ ਧਰਮ ਦਾ ਸ਼ਿੰਗਾਰ ਬਣਾ ਕੇ ਪ੍ਰਚਾਰਨਾ ਧੋਖਾ ਨਹੀ? ਹੁਕਮ ਰਜਾਈਂ ਚਲਣ ਵਾਲਾ ਕਰਾਮਾਤੀ ਨਹੀ ਹੋ ਸਕਦਾ ਕਿਉਂਕਿ ਇਹ ਦੋਵੇਂ ਆਪਾ ਵਿਰੋਧੀ ਧਿਰਾਂ ਹਨ।

ਗੁਰਬਾਣੀ ਡਰਨ ਡਰਾਉਣ ਤੋਂ ਸੁਚੇਤ ਕਰਦੀ ਹੈ (1) ਕਹੁ ਕਬੀਰ ਸੁਖਿ ਸਹਜਿ ਸਮਾਵਉ ॥ ਆਪਿ ਨ ਡਰਉ ਨ ਅਵਰ ਡਰਾਵਉ ॥ 326 (2) ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥ 1427 ਪਰ ਅਖੌਤੀ ਧਰਮਾਂ ਦੇ ਪ੍ਰਚਾਰਕ ਪਾਪ, ਮੌਤ, ਜੂਨਾਂ ਜਨਮਾਂ ਦੇ ਆਵਾਗਉਣ, ਧਰਮ ਰਾਜ, ਜਮਦੂਤ, ਚਿਤ੍ਰਗੁਪਤ, ਨਰਕ ਤੇ ਸਰਾਪ. . ਆਦਿਕ. . ਦਾ ਡਰ ਵੀ ਦਿੰਦੇ ਰਹਿੰਦੇ ਹਨ। ਡਰਾਉਂਦਾ ਉਹੀ ਹੁੰਦਾ ਹੈ ਜੋ ਆਪ ਡਰਿਆ ਹੋਵੇ, ਨਿਰਭੈ ਮਨੁੱਖ ਦੂਸਰੇ ਨੂੰ ਭੈ ਕਿਉਂ ਦੇਵੇਗਾ? ਇਸ ਲਈ ਡਰੇ ਹੋਏ ਅਖੌਤੀ ਪ੍ਰਚਾਰਕ ਦਬਾਉ ਵਿੱਚ ਆ ਕੇ ਦੁਰਾਚਾਰੀਆਂ ਨੂੰ ਸੰਤ, ਬਾਬਾ, ਜਥੇਦਾਰ, ਬ੍ਰਹਮ ਗਿਆਨੀ ਜਾਂ ਸ਼ਹੀਦ ਬਣਾ ਦਿੰਦੇ ਹਨ। ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ ॥ ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ ॥ 229

ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ ਕਿਸੇ ਨੂੰ ਭੈ (ਡਰ) ਕਿਉਂ (ਕਾਹੂ ਕੋ) ਦਿੰਦੇ ਹੋ, ਭਾਵ ਡਰ ਨਹੀ ਦੇਣਾ ਤੇ ਦੂਜੇ ਪਾਸੇ ਡਰ ਵੀ ਦਿੱਤਾ ਜਾ ਰਿਹਾ ਹੈ, ਗੁਰਮਤ ਦੇ ਪ੍ਰਚਾਰਕਾਂ ਨੂੰ ਅਖੌਤੀ ਧਰਮ ਦੇ ਠੇਕੇਦਾਰਾਂ ਵਲੋਂ ਧਰਮ ਵਿਚੋਂ ਛੇਕਣ ਦੇ ਡਰਾਵੇ ਹੀ ਨਹੀ ਬਲਿਕੇ ਜਾਨ ਲੇਵਾ ਹਮਲੇ ਵੀ ਕੀਤੇ ਜਾਂਦੇ ਹਨ। ਕੀ, ਕਿਸੇ ਵੀ ਤਰਾਂ ਦੀ ਮਜਬੂਰੀ ਜ਼ੋਰ, ਜ਼ੁਲਮ ਜਾਂ ਗੁੰਡਾਗਰਦੀ ਧਰਮ ਦੇ ਨਾਂ ਤੇ ਪਖੰਡ ਜਾਂ ਧੋਖਾ ਨਹੀ?

ਹਰੀ ਦੀ ਟੇਕ ਬਿਨਾ ਗੁਰਬਾਣੀ ਕਿਸੇ ਧਰਮ ਧੜੇ ਜਾਂ ਸੰਸਥਾ ਨੂੰ ਨਹੀ ਕਬੂਲਦੀ। ਗੁਰਬਾਣੀ ਦਾ ਅਟੱਲ ਫੈਸਲਾ ਹੈ ਕਿ: ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ ॥ ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ ॥366 ਗੁਰਬਾਣੀ ਸਪਸ਼ਟ ਕਰਦੀ ਹੈ ਕਿ ਧਰਮ ਕੋਈ ਦੁਨਿਆਵੀ ਧੜਾ ਨਹੀ ਹੋ ਸਕਦਾ, ਧਰਮ ਨਿੱਜੀ ਮਨ ਦੀ ਸੁਧਾਈ ਹੈ, ਪਰ ਮਨੁੱਖ ਨੇ ਅਖੌਤੀ ਧਰਮਾਂ (ਮਜ਼੍ਹਬਾਂ) ਦੇ ਧੜੇ ਬਣਾ ਕੇ ਮਨੁਖਤਾ ਵਿੱਚ ਵੈਰ ਵਿਰੋਧ ਤੇ ਘਿਰਨਾ ਦਾ ਜ਼ਹਿਰ ਘੋਲ ਕੇ ਵੱਖਵਾਦ ਪੈਦਾ ਕਰ ਦਿੱਤਾ। ਵੇਖਣ ਵਿੱਚ ਆਇਆ ਹੈ ਕਿ ਅਜ ਤਕ ਕੋਈ ਵੀ ਦੁਨਿਆਵੀ ਧਰਮ ਧੜਾ ਜਾਂ ਕੋਈ ਸੰਸਥਾ ਗੁਮਰਾਹ ਹੋਣ ਤੋਂ ਬਚ ਨਹੀ ਸਕੀ ਕਿਉਂਕਿ ਮਨੁਖੀ ਸੋਚ ਦੀ ਕੁਦਰਤੀ ਵਿਲੱਖਣਤਾ ਕਿਸੇ ਵੀ ਧੜੇ ਨੂੰ ਬਹੁਤੀ ਦੇਰ ਤਕ ਸਫਲ ਜਾਂ ਕਾਮਯਾਬ ਨਹੀ ਹੋਣ ਦਿੰਦੀ। ਇਸ ਲਈ ਗੁਰਬਾਣੀ ਨਿੱਜੀ ਮਨ ਦੀ ਸੁਧਾਈ ਦੇ ਹੱਲ ਨੂੰ ਹੀ ਤਰਜੀਹ ਦਿੰਦੀ ਹੈ ਕਿਉਂਕਿ ਆਪਾ ਸਵਾਰਨਾ ਹੀ ਮਨੁਖੀ ਏਕਤਾ ਤੇ ਸੱਚੇ ਧਰਮ ਦੀ ਸਫਲਤਾ ਹੈ। (1) ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥ ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥ 1382 (2) ਆਪਣਾ ਮਨੁ ਪਰਬੋਧਹੁ ਬੂਝਹੁ ਸੋਈ ॥ ਲੋਕ ਸਮਝਾਵਹੁ ਸੁਣੇ ਨ ਕੋਈ ॥

ਗੁਰਬਾਣੀ ਹਰ ਪ੍ਰਾਨੀ ਨੂੰ ਆਪਾ ਚੀਨ ਕੇ ਆਪਣੇ ਮਨ ਨੂੰ ਸੁਧਾਰਨ ਲਈ ਪ੍ਰੇਰਦੀ ਹੈ ਕਿਉਂਕਿ ਧਰਮ ਜਾਤੀ ਹੈ ਜਮਾਤੀ ਨਹੀ। ਇਹੀ ਇੱਕ ਵਡ੍ਹਾ ਧਰਮੀ ਇਨਕਲਾਬ ਹੈ ਜਿਸ ਨੂੰ ਅਜ ਤਾਈਂ ਮਨੁੱਖ ਸਮਝ ਨਹੀ ਸਕਿਆ ਅਤੇ ਜੇ ਸਮਝਿਆ ਹੈ ਤਾਂ ਅਪਨਾ ਨਹੀ ਸਕਿਆ। ਆਪਾ ਸਵਾਰੇ ਬਿਨਾ ਸਭ ਦੂਜਿਆਂ ਨੂੰ ਸਵਾਰਨ ਵਿੱਚ ਹੀ ਲਗੇ ਰਹਿੰਦੇ ਹਨ ਪਰ ਗੁਰਬਾਣੀ ਦਾ ਅਟੱਲ ਫੈਸਲਾ ਹੈ (1) ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥ ਆਪਨੜੇ ਗਿਰੀਵਾਨ ਮਹਿ ਸਿਰੁ ਨੀ=ਵਾਂ ਕਰਿ ਦੇਖੁ ॥ 1378 (2) ਆਪਣਾ ਮਨੁ ਪਰਬੋਧਹੁ ਬੂਝਹੁ ਸੋਈ ॥ ਲੋਕ ਸਮਝਾਵਹੁ ਸੁਣੇ ਨ ਕੋਈ ॥ ਗੁਰਮੁਖਿ ਸਮਝਹੁ ਸਦਾ ਸੁਖੁ ਹੋਈ ॥ 230 (3) ਸੋ ਪੰਡਿਤੁ ਜੋ ਮਨੁ ਪਰਬੋਧੈ ॥ ਰਾਮ ਨਾਮੁ ਆਤਮ ਮਹਿ ਸੋਧੈ ॥ 274

ਗੁਰੂ (ਗੁਰਬਾਣੀ) ਨੇ ਇਹ ਫੈਸਲਾ ਹੀ ਕਰ ਦਿੱਤਾ ਕਿ ਲੋਕਾਂ ਨੂੰ ਨਹੀ ਬਲਿਕੇ ਪਹਿਲਾਂ ਆਪਣੇ ਮਨ ਨੂੰ ਹੀ ਸੋਧਣਾ ਹੈ, ਨਿੱਜੀ ਆਪਾ ਚੀਨੇ ਤੇ ਸੋਧੇ ਬਿਨਾ ਕਿਸੇ ਸੰਸਥਾ ਨਾਲ ਜੁੜ ਕੇ ਧਰਮੀ ਨਹੀ ਹੋਇਆ ਜਾ ਸਕਦਾ। ਸਿਰ ਨੀਵਾਂ ਕਰਕੇ ਆਪਣੇ ਐਬਾਂ ਵਲ ਝਾਤੀ ਮਾਰਨੀ, ਆਪਣੇ ਮਨ ਨੂੰ ਵਾਚ ਕੇ ਉਸ ਦਾ ਵਿਸ਼ੇ ਵਿਕਾਰਾਂ ਤੋਂ ਸੁਧਾਰ ਕਰਨਾ ਹੀ ਅਸਲ ਧਰਮ ਹੈ ਜਿਸ ਨੂੰ ਕਮਾਉਣ ਲਈ ਇੱਕ ਧੇਲਾ ਵੀ ਖਰਚ ਨਹੀ ਹੁੰਦਾ ਪਰ ਕੈਸੀ ਅਸਚਰਜਤਾ ਹੈ ਕਿ ਬਜ਼ਾਰੋਂ ਸੌਦਾ ਖਰੀਦਣ ਵੇਲੇ ਮਨੁੱਖ ਇੱਕ ਪਾਈ ਦਾ ਵੀ ਘਾਟਾ ਬਰਦਾਸ਼ਤ ਨਹੀ ਕਰਦਾ ਤੇ ਅੜ ਬਹਿੰਦਾ ਹੈ, ਪਰ ਰਸਮੀ ਅਖੰਡ ਪਾਠ ਤੇ ਹਜ਼ਾਰ ਪੌਂਡ ਲਾ ਕੇ ਬਦਲੇ ਵਿੱਚ ਕੁੱਝ ਵੀ ਨਾ ਮਿਲਨ ਦੇ ਘਾਟੇ ਤੇ ਖੁਸ਼ੀ ਮਹਿਸੂਸ ਕਰਦਾ ਹੈ। ਧੋਖਾ ਹੀ, ਅੰਨ੍ਹੇ ਮਨੁਖ ਨੂੰ, ਧਰਮ ਦਿਖਾਈ ਦੇ ਰਿਹਾ ਹੈ। ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ ॥ ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ ॥ 229 ਅਖੌਤੀ ਧਰਮ ਇੱਕ ਨਸ਼ੇ ਵਾਂਙ ਹੈ ਜੋ ਮਨੁੱਖ ਦੀ ਸੋਚ ਦੇ ਵਿਕਾਸ ਨੂੰ ਸੁੰਨ ਕਰ ਦਿੰਦਾ ਹੈ ਤੇ ਸੁੰਨ (ਕੱਟੜ) ਹੋਈ ਸੋਚ ਝੂਠ ਤੇ ਸੱਚ ਦਾ ਨਿਤਾਰਾ ਨਹੀ ਕਰ ਸਕਦੀ। ਬਹੁਤਾਤ ਵਿੱਚ ਨਿਤਾਪ੍ਰਤੀ ਗੁਰਦੁਆਰੇ ਜਾਣ ਵਾਲੇ, ਪਾਠ, ਪੂਜਾ, ਕੀਰਤਨ ਤੇ ਲੰਗਰ ਦੀ ਸੇਵਾ ਨਿਭਾਉਣ ਵਾਲੇ, ਪ੍ਰਬੰਧਕੀ ਢਾਂਚੇ ਦੇ ਪੜ੍ਹੇ ਲਿਖੇ ਪਰ ਗੁਰਮਤ ਤੋਂ ਕੋਰੇ ਆਗੂਆਂ ਦੀ ਬੋਲ ਚਾਲ ਤੋਂ ਹੀ ਉਹਨਾਂ ਦੀ ਸੁੰਨ ਹੋਈ ਤੇ ਹੰਕਾਰੀ ਸੋਚ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ। ਜੋ ਗੁਰਬਾਣੀ ਧਰਮ ਦੇ ਨਿਰਾਰਥਿਕ ਧੰਧਿਆਂ ਨੂੰ ਨਕਾਰਦੀ ਹੈ ਓਸੇ ਨੂੰ ਹੀ ਇਹਨਾਂ ਫੋਕਟ ਧਰਮ ਦੇ ਠੇਕੇਦਾਰਾਂ ਨੇ ਧੰਧਾ ਬਣਾ ਕੇ ਪਾਠਾਂ ਦੁਆਰਾ ਘਰ ਘਰ ਵੇਚਣਾ ਸ਼ੁਰੂ ਕਰ ਦਿੱਤਾ, ਕੀ ਇਹ ਧਰਮ ਦੇ ਨਾ ਤੇ ਧੋਖਾ ਨਹੀ? ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ ॥ 495। ਸੱਚ ਫੁਰਮਾਇਆ ਹੈ ਗੁਰਬਾਣੀ ਨੇ ਕਿ ਅੱਜ ਗੁਰਬਾਣੀ (ਗਿਆਨ) ਦਾ ਸਿੱਖ ਸੇਵਕ ਤਾਂ ਕੋਈ ਵਿਰਲਾ ਹੀ ਹੈ ਪਰ ਉਸ ਦੇ ਵਾਪਾਰੀ ਬੇਸੁਮਾਰ ਹਨ। ਵਡ੍ਹੇ ਦੋਸ਼ੀ ਤਾਂ ਕਰਮ ਕਾਂਡ ਕਰਾਉਣ ਵਾਲੇ ਹੀ ਹੁੰਦੇ ਹਨ ਕਿਉਂਕਿ ਗਾਹਕ ਬਿਨਾ ਸੌਦਾ ਕਿਵੇਂ ਵਿਕ ਸਕਦਾ ਹੈ?

ਗੁਰਬਾਣੀ ਕਥਨ ਹੈ ਕਿ: ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ ॥ ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ ॥ 519 ਅਗਰ ਸੰਸਾਰ ਦੀਆਂ ਦੁੱਖ ਤਕਲੀਫਾਂ ਤੇ ਸੰਸਿਆਂ ਨਾਲ ਮਨ ਢਹਿੰਦੀ ਕਲਾ ਜਾਂ ਉਪਰਾਮਤਾ ਵਿੱਚ ਹੈ ਤਾਂ ਆਪਣੀਆਂ ਚਤਰ ਚਾਲਾਕੀਆਂ ਨੂੰ ਛੱਡ ਕੇ ਗੁਰੂ ਕੋਲ (ਬੱਲ ਜਾਂ ਚੜ੍ਹਦੀ ਕਲਾ ਲਈ) ਅਰਦਾਸ ਕਰ, ਆਪਾ (ਅਰਪਨ) ਸਮਰਪਣ ਕਰ। ਹੁਣ ਗੁਰੂ ਕਿਤੇ ਬਾਹਰ ਥੋੜੀਂ ਬੈਠਾ ਹੈ, ਉਸ ਕੋਲ ਕਿਤੇ ਚਲ ਕੇ ਨਹੀ ਜਾਣਾ ਪੈਂਦਾ, ਉਹ ਕਿਸੇ ਤੋਂ ਅਲੱਗ ਨਹੀ ਕਿਉਂਕਿ ਉਸ ਨੂੰ ਅਲੱਗ ਕੀਤਾ ਹੀ ਨਹੀ ਜਾ ਸਕਦਾ, ਉਸ ਨਾਲ ਗਲ ਬਾਤ ਕਰਨ ਲਈ ਕਿਸੇ ਮਾਇਆ ਜਾਂ ਵਿਚੋਲੇ ਦੀ ਲੋੜ ਨਹੀ। ਉਹ ਤਾਂ ਸਦਾ ਅੰਗ ਸੰਗ ਤੇ ਸੁਣਦਾ ਹੈ (1) ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥ ਸਿਮਰਿ ਸਿਮਰਿ ਤਿਸੁ ਸਦਾ ਸਮ੍ਹ੍ਹਾਲੇ ॥ 394 (2) ਹੈ ਨਿਕਟੇ ਅਰੁ ਭੇਦੁ ਨ ਪਾਇਆ ॥ ਬਿਨੁ ਸਤਿਗੁਰ ਸਭ ਮੋਹੀ ਮਾਇਆ ॥ 1139 (3) ਸੋ ਸਾਹਿਬੁ ਰਹਿਆ ਭਰਪੂਰਿ ॥ ਸਦਾ ਸੰਗਿ ਨਾਹੀ ਹਰਿ ਦੂਰਿ ॥

ਉਸ ਨੂੰ ਬਾਹਰ ਜਾਨਣਾ ਤਾਂ ਭਰਮ ਭੁਲਾਣਾ ਹੈ, ਜੋ ਮਨ ਉਸ ਵਲੋਂ ਅਚੇਤ ਹੈ, ਜਿਸ ਦੀ ਸੂਝ ਨਹੀ ਉਸ ਨੂੰ ਜਾਨਣਾ ਹੈ, ਸੁਚੇਤ ਹੋਣਾ ਹੈ, ਸਾਂਝ ਪਾਉਣੀ ਹੈ, ਤੇ ਮਨ ਨੂੰ ਬਲਵਾਨ ਜਾਂ ਚੜ੍ਹਦੀ ਕਲਾ ਵਿੱਚ ਕੇਵਲ ਗਿਆਨ (ਗੁਰੂ) ਹੀ ਕਰ ਸਕਦਾ ਹੈ ਇਸ ਲਈ ਗੁਰਗਿਆਨ ਦੁਆਰਾ ਮਨ ਨੂੰ ਸਮਝਾ ਕੇ ਮੁਸੀਬਤਾਂ ਤੇ ਢਹਿੰਦੀ ਕਲਾ ਦਾ ਟਾਕਰਾ ਕਰਨ ਲਈ ਮਜ਼ਬੂਤ ਕਰਨਾ ਹੀ ਅਰਦਾਸ ਦਾ ਕਰਤਵ ਹੈ। ਅਰਦਾਸ ਨਾਲ ਕੁਦਰਤ ਦੇ ਨਿਯਮ ਨਹੀ ਬਦਲ ਜਾਣੇ, ਅਰਦਾਸ ਕੋਈ ਕਰਾਮਾਤ ਨਹੀ, ਕੋਈ ਮੰਗ ਨਹੀ, ਆਪਾ ਸਮਰਪਣ ਹੈ ਭਾਵ ਗੁਰੂ (ਗਿਆਨ) ਦੀ ਗਲ ਮੰਨਣੀ ਹੈ, ਆਪਣੀ ਨਹੀ ਮਨਵਾਉਣੀ। ਕੀ ਇਹ ਇੱਕ ਅਜੀਬ ਗਲ ਨਹੀ ਲਗਦੀ ਕਿ ਗੁਰੂ (ਪ੍ਰਭੂ) ਜਿਸ ਅਗੇ ਬੇਨਤੀ ਕਰਨੀ ਹੈ, ਉਹ ਤਾਂ ਅੰਦਰ ਹੈ ਪਰ ਮਨੁੱਖ ਅਰਦਾਸ ਕਰਨ ਲਈ ਬਾਹਰ ਕਿਸ ਅਗੇ ਹੱਥ ਜੋੜੀ ਖੜਾ ਹੈ? ਪੜ੍ਹਿਆ ਹੈ ਕਿ "ਖੁਦਾ ਕਬੂਲ ਕਰਤਾ ਹੈ ਦੁਆ ਜੋ ਦਿਲ ਸੇ ਹੋਤੀ ਹੈ ਪਰ ਮੁਸ਼ਕਿਲ ਤੋ ਯੇਹ ਹੈ ਕਿ ਵੋਹ ਮੁਸ਼ਕਿਲ ਸੇ ਹੋਤੀ ਹੈ"। ਦੁਆ ਤਾਂ ਹਰ ਕੋਈ ਦਿਲੋਂ ਹੀ ਕਰਦਾ ਹੈ, ਪਰ ਮੁਸ਼ਕਿਲ ਇਹੀ ਹੈ ਕਿ ਮਨੁੱਖ ਆਪਾ ਸਮਰਪਣ ਕਰਨ, ਭਾਵ ਰਜ਼ਾ ਮੰਨਣ, ਦੀ ਬਜਾਇ ਆਪਣੇ ਸੁਆਰਥ ਲਈ ਕੁਦਰਤ ਦੇ ਨਿਯਮ ਬਦਲਨੇ ਚਹੁੰਦਾ ਹੈ, ਕੁਦਰਤ ਨੂੰ ਆਪਣੇ ਅਨੁਕੂਲ ਵਰਤਣਾ ਚਹੁੰਦਾ ਹੈ, ਆਪ ਰੱਬ ਦਾ ਸੇਵਕ ਨਹੀ, ਰੱਬ ਨੂੰ ਆਪਣਾ ਸੇਵਕ ਬਨਾਉਣਾ ਚਹੁੰਦਾ ਹੈ। ਬਿਨਾ ਕਿਸੇ ਉਪਰਾਲੇ ਦੇ ਆਪਣੇ ਮਨੋਰਥ ਦੀ ਪੂਰਤੀ ਲੋਚਦਾ ਹੈ ਗੁਰਬਾਣੀ ਦਾ ਫੈਸਲਾ ਹੈ ਕਿ: ਦੁਇ ਕਰ ਜੋੜਿ ਕਰਉ ਅਰਦਾਸਿ ॥ ਤੁਧੁ ਭਾਵੈ ਤਾ ਆਣਹਿ ਰਾਸਿ ॥ 736 ਇਹ ਹੈ ਆਪਾ ਸਮਰਪਣ, ਅਰਦਾਸ ਦੀ ਪੂਰਨਤਾ ਜਾਂ ਅਪੂਰਨਤਾ ਦੋਵੇਂ ਖਿੜੇ ਮੱਥੇ ਕਬੂਲ ਕਰਨੀਆਂ ਹੀ ਉਸ ਦੇ ਭਾਣੇ ਨੂੰ ਮੰਨਣਾ ਹੈ, ਪਰ ਇਹੀ ਤਾਂ ਅਰਦਾਸ (ਦੁਆ) ਦੀ ਮੁਸ਼ਕਿਲ ਹੈ ਜੋ ਮਨੁੱਖ ਨੂੰ ਚੰਗੀ ਨਹੀ ਲਗਦੀ, ਉਹ ਤਾਂ ਕਿਸੇ ਹਾਲਤ ਵੀ ਆਪਣੀ ਇੱਛਾ ਦੀ ਪੂਰਤੀ ਲੋਚਦਾ ਹੈ। ਇਸ ਲਈ ਮਾਇਆ ਨਾਲ ਉਹ ਇੱਕ ਵਿਚੋਲਾ ਖਰੀਦ ਲਿਆਉਂਦਾ ਹੈ ਜੋ ਅਰਦਾਸ ਦੀ ਪੂਰਤੀ ਦਾ ਭਰਮ ਪਾ ਕੇ, ਉਸ ਲਈ ਮਿੱਠੀ ਸ਼ਬਦਾਵਲੀ ਵਿੱਚ ਅਰਦਾਸ ਕਰਦਾ ਹੈ। ਅਜੀਬ ਗਲ ਹੈ ਕਿ ਜਿਨ੍ਹਾਂ ਦੀਆਂ ਆਪਣੀਆਂ ਅਰਦਾਸਾਂ ਪੂਰਨ ਨਹੀ ਹੁੰਦੀਆਂ ਉਹ ਮਾਇਆ ਲੈ ਕੇ ਦੂਜਿਆਂ ਲਈ ਅਰਦਾਸਾਂ ਕਰਦੇ ਫਿਰਦੇ ਹਨ। ਨਿੱਜੀ ਅਰਦਾਸ, ਜੋ ਮੁਫਤ ਹੈ, ਜਦੋਂ ਵੀ, ਜਿਥੇ ਵੀ ਤੇ ਜਿਵੇਂ ਮਰਜ਼ੀ ਹੋ ਸਕਦੀ ਹੈ। ਜਿਸ ਬੇਨਤੀ ਨੂੰ ਬਿਨਾ ਬੋਲਿਆਂ ਵੀ ਘਟਿ ਘਟਿ ਵਿੱਚ ਸਮਾਇਆ ਪ੍ਰਭੂ ਜਾਣਦਾ ਹੈ, ਹਰਿ ਅੰਤਰਜਾਮੀ ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾਈਐ ॥ ਕਹਣੈ ਕਥਨਿ ਨ ਭੀਜੈ ਗੋਬਿੰਦੁ ਹਰਿ ਭਾਵੈ ਪੈਜ ਰਖਾਈਐ ॥ 624

ਬਿਮਾਰ ਕੋਈ ਹੋਰ ਤੇ ਦਵਾ ਕੋਈ ਹੋਰ ਖਾਵੇ? ਇਹ ਨਹੀ ਹੋ ਸਕਦਾ। ਕਿਤੇ ਪੜ੍ਹਨ ਵਿੱਚ ਨਹੀ ਆਇਆ ਕਿ ਗੁਰੂ ਸਾਹਿਬ ਆਪਣੇ ਦੁਨਿਆਵੀ ਮਨੋਰਥ ਲਈ ਜਾਂ ਆਈਆਂ ਦੁਖ ਤਕਲੀਫਾਂ ਵੇਲੇ ਅਰਦਾਸਾਂ ਕਰਦੇ ਜਾਂ ਕਰਾਉਂਦੇ ਸਨ ਪਰ ਪੁਜਾਰੀ ਢਾਂਚੇ ਨੇ ਅਰਦਾਸ ਨੂੰ ਰਸਮ ਦਾ ਰੂਪ ਦੇ ਕੇ ਵਾਪਾਰ (ਧੰਧਾ) ਬਣਾ ਲਿਆ, ਕੀ ਇਹ ਧਰਮ ਦੇ ਨਾਂ ਤੇ ਧੋਖਾ ਨਹੀ?

ਧਰਮ ਦਾ ਸੰਬੰਧ ਅੰਦਰੂਨੀ ਮਨ ਦੀ ਸ਼ੁੱਧਤਾ ਨਾਲ ਹੈ, ਬਾਹਰੀ ਵੇਸ ਜਾਂ ਕਿਸੇ ਪਹਿਰਾਵੇ ਨਾਲ ਨਹੀ। ਮੰਨੇ ਜਾਂਦੇ ਬਾਹਰੀ ਧਾਰਮਿਕ ਪਹਿਰਾਵੇ ਤੇ ਚਿੰਨਾਂ ਨਾਲ ਸ਼ਿੰਗਾਰੇ ਹੋਏ ਤਾਂ ਬੇਅੰਤ ਲੋਕ ਮਿਲ ਜਾਣਗੇ, ਪਰ ਆਤਮਿਕ ਚਿੰਨ ਹਾਰ ਡੋਰ ਕੰਕਨ ਘਣੇ ਕਰਿ ਥਾਕੀ ਸੀਗਾਰੁ ॥ ਮਿਲਿ ਪ੍ਰੀਤਮ ਸੁਖੁ ਪਾਇਆ ਸਗਲ ਗੁਣਾ ਗਲਿ ਹਾਰੁ ॥ 937 ਤੇ ਆਤਮਿਕ ਵੇਸ ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥ ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥ 1384 ਨਾਲ ਸ਼ਿੰਗਾਰਿਆ ਕੋਈ ਵਿਰਲਾ ਹੀ ਮਿਲੇਗਾ। ਇਹਨਾਂ ਧਾਰਮਿਕ ਪਹਿਰਾਵੇ ਵਾਲੇ ਅਖੌਤੀ ਧਰਮੀ ਆਗੂਆਂ (ਜੋ ਬਾਹਰੋਂ ਦਿਖ ਤੇ ਬੋਲਾਂ ਦੇ ਤਾਂ ਬੜੇ ਚਮਕੀਲੇ ਦਿਸਦੇ ਹਨ ਪਰ ਅੰਦਰੋਂ ਦਿਲ ਦੇ ਕਾਲੀ ਰਾਤ ਵਰਗੇ ਹੁੰਦੇ ਹਨ (ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ ॥ ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ ॥ 1380) ਇਹਨਾਂ ਦੀਆਂ ਅਧਾਰਮਿਕ ਹਰਕਤਾਂ ਦੇ ਅਨੇਕਾਂ ਵੀਡੀਉ ਯੂ ਟਿਊਬ ਦਾ ਸ਼ਿੰਗਾਰ ਬਣੇ ਹੋਏ ਹਨ। ਜੋ ਗੁਰਬਾਣੀ ਕਿਸੇ ਬਾਹਰੀ ਵੇਸ ਜਾਂ ਚਿੰਨਾਂ ਨੂੰ ਕੋਈ ਮਹੱਤਾ ਹੀ ਨਹੀ ਦਿੰਦੀ, ਧਰਮ ਦਾ ਹਿੱਸਾ ਹੀ ਨਹੀ ਮੰਨਦੀ, ਉਸ ਨੂੰ ਧਰਮ ਦਾ ਅਨਖਿੜਵਾਂ ਅੰਗ ਪ੍ਰਚਾਰਨਾ ਧਰਮ ਦੇ ਨਾਂ ਤੇ ਧੋਖਾ ਨਹੀ?

ਗੁਰਬਾਣੀ ਪੁਕਾਰ ਪੁਕਾਰ ਕੇ ਕਹਿ ਰਹੀ ਹੈ ਕਿ: ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥ 201 ਗੁਰਬਾਣੀ ਨੂੰ ਕੇਵਲ ਪੜ੍ਹਨਾ ਸੁਣਨਾ ਹੀ ਨਹੀ ਬਲਿਕੇ ਉਸ ਨੂੰ ਬੁੱਝ ਕੇ ਮਨ ਵਸਾਉਣਾ ਹੈ ਹਉ ਵਾਰੀ ਜੀਉ ਵਾਰੀ ਗੁਰ ਸਬਦੁ ਮੰਨਿ ਵਸਾਵਣਿਆ ॥ 113 ਮਨ ਵਸਾਉਣ ਤੋਂ ਭਾਵ ਜੀਵਨ ਵਿੱਚ ਢਾਲਣਾ ਹੈ। ਮਨੁੱਖ ਇਸ ਨੂੰ ਰਸਮੀ ਨਿੱਤਨੇਮ ਬਣਾ ਕੇ ਬਿਨਾ ਸਮਝੇ ਕੇਵਲ ਰਟੀ ਤੇ ਗਾਈ ਹੀ ਜਾਂਦਾ ਹੈ, ਧਾਰਮਿਕ ਸੰਸਥਾਵਾਂ ਵਲੋਂ ਸਮੁਚੀ ਬਾਣੀ ਦੇ ਅਨੇਕ ਤਰਾਂ ਦੇ ਪਾਠ ਕੇਵਲ ਰਸਮੀ ਤੌਰ ਤੇ ਹੀ ਕੀਤੇ ਕਰਾਏ ਜਾਂਦੇ ਹਨ ਜਿਨ੍ਹਾਂ ਦਾ ਕਿਸੇ ਨੂੰ ਵੀ ਕੋਈ ਅਧਿਆਤਮਿਕ ਲਾਭ ਪ੍ਰਾਪਤ ਨਹੀ ਹੁੰਦਾ। ਗੁਰਬਾਣੀ ਦਾ ਅਟੱਲ ਫੈਸਲਾ ਹੈ ਕਿ ਸਮਝੇ ਬਿਨਾ ਇਕੱਲੇ ਪੜ੍ਹੇ ਪਾਠ ਨਿਰਰਥਕ ਹਨ, ਮਨ ਦੀ ਮੈਲ ਦੂਰ ਨਹੀ ਕਰ ਸਕਦੇ ਭਾਵੇਂ ਇਹਨਾਂ ਨੂੰ ਚਾਰ ਜੁਗਾਂ ਤਕ ਪੜ੍ਹੀ ਜਾਵੋ। ਪੰਡਿਤ ਮੈਲੁ ਨ ਚੁਕਈ ਜੇ ਵੇਦ ਪੜੈ ਜੁਗ ਚਾਰਿ ॥ ਤ੍ਰੈ ਗੁਣ ਮਾਇਆ ਮੂਲੁ ਹੈ ਵਿਚਿ ਹਉਮੈ ਨਾਮੁ ਵਿਸਾਰਿ ॥ 647 ਇਸ ਲਈ ਠਾਠਾਂ, ਟਕਸਾਲਾਂ, ਦਰਬਾਰਾਂ, ਡੇਰਿਆਂ, ਗੁਰਦੁਆਰਿਆਂ, ਅਖੌਤੀ ਸੰਤਾਂ, ਮਹੰਤਾਂ, ਬਾਬਿਆਂ ਤੇ ਹੋਰ ਸੰਸਥਾਵਾਂ ਵਲੋਂ ਕੀਤੇ ਕਰਾਏ ਤੇ ਪ੍ਰਚਾਰੇ ਜਾਂਦੇ ਤਰਾਂ ਤਰਾਂ ਦੇ ਨਿਸਫਲ ਪਾਠਾਂ ਦੀਆਂ ਲੜੀਆਂ ਧਰਮ ਦੇ ਨਾਂ ਤੇ ਧੋਖਾ ਤੇ ਲੁੱਟ ਮਾਰ ਨਹੀ?

ਲੋੜ ਹੈ ਧਰਮ ਤੇ ਮਜ਼੍ਹਬ ਨੂੰ ਨਿਖੇੜ ਕੇ ਸਮਝਣ ਦੀ::

  1. ਮਜ਼੍ਹਬ ਅਨੇਕਾਂ ਹਨ ਪਰ ਧਰਮ ਸਮੁੱਚੀ ਮਨੁਖਤਾ ਦਾ ਇਕੋ ਹੀ ਹੈ।
  2. ਮਜ਼੍ਹਬ ਬੰਧਨ ਪਾਉਂਦਾ ਹੈ, ਧਰਮ ਸੁਤੰਤ੍ਰ ਕਰਦਾ ਹੈ।
  3. ਮਜ਼੍ਹਬ ਝੂਠੇ ਵਿਸ਼ਵਾਸ ਤੇ ਅੰਨ੍ਹੀ ਸ਼ਰਧਾ ਤੇ ਖੜਾ ਹੈ, ਧਰਮ ਤਰਕ ਤੇ।
  4. ਮਜ਼੍ਹਬ ਭੂਤ ਤੇ ਭਵਿੱਖ ਸਵਾਰਨ ਦੀ ਗਲ ਕਰਦਾ ਹੈ, ਧਰਮ ਵਰਤਮਾਨ ਦੀ।
  5. ਮਜ਼੍ਹਬ ਵੱਖਵਾਦ ਪੈਦਾ ਕਰਦਾ ਹੈ, ਧਰਮ ਏਕਤਾ।
  6. ਮਜ਼੍ਹਬ ਵੈਰ ਵਿਰੋਧ ਤੇ ਝਗੜਿਆਂ ਦੀ ਜੜ੍ਹ ਹੈ, ਧਰਮ ਪਿਆਰ ਦਾ ਸੋਮਾ ਹੈ।
  7. ਮਜ਼੍ਹਬ ਅਗਿਆਨਤਾ ਦਾ ਹਨੇਰਾ ਹੈ, ਧਰਮ ਗਿਆਨ ਦਾ ਪ੍ਰਕਾਸ਼ ਹੈ।
  8. ਮਜ਼੍ਹਬ ਸੰਸਥਾਗਤ ਹੈ, ਧਰਮ ਨਿੱਜੀ ਹੈ। ---ਆਦਿਕ---

ਕੌੜੀ ਸਚਾਈ ਹਜ਼ਮ ਹੋਣੀ ਸਦਾ ਔਖੀ ਹੀ ਲਗਦੀ ਹੈ। ਕੋਈ ਵੀ ਆਪਣੀ ਮੰਝੀ ਥਲੇ ਸੋਟਾ ਫੇਰਨਾ ਨਹੀ ਚਹੁੰਦਾ ਤੇ ਦੂਜਿਆਂ ਨੂੰ ਆਪਣੀ ਸੋਚ ਮੁਤਾਬਿਕ ਬਦਲਨਾ ਚਹੁੰਦਾ ਹੈ। ਅਖੌਤੀ ਧਰਮ ਨੂੰ ਗੁਰਬਾਣੀ ਦੀ ਐਨਕ ਲਾ ਕੇ ਵੇਖਿਆਂ ਅਸਲੀਅਤ (ਸੱਚ) ਦਾ ਸ੍ਹਾਮਣਾ ਬੜਾ ਦੁਖਦਾਈ ਲਗਦਾ ਹੈ। ਗੁਰਬਾਣੀ ਝੂਠੀਆਂ ਮਨੌਤਾ, ਰੀਤਾਂ ਰਸਮਾਂ ਤੇ ਕਰਮਕਾਂਡਾਂ ਦੇ ਪਾਜ ਖੋਲਦੀ ਹੈ, ਪ੍ਰਚਲਤ ਧਰਮੀ ਧੰਧੇ ਦਾ ਪਰਦਾ ਫਾਸ਼ ਕਰਦੀ ਹੈ, ਧਰਮ ਦੇ ਬੰਧਨਾਂ ਤੋਂ ਮੁਕਤ ਕਰਕੇ ਕਰਤੇ ਨਾਲ ਜੋੜਦੀ ਹੈ, ਊਚ ਨੀਚ ਨੂੰ ਮਿਟਾ ਕੇ ਮਨੁਖਤਾ ਵਿੱਚ ਏਕਤਾ ਪੈਦਾ ਕਰਦੀ ਹੈ, ਪੁਜਾਰੀਆਂ ਦੇ ਪਾਏ ਭਰਮ ਭੁਲੇਖਿਆਂ ਨੂੰ ਦੂਰ ਕਰਕੇ ਸੱਚ, ਸੁਖੀ ਤੇ ਅਨੰਦਿਤ ਜੀਵਨ ਦਾ ਮਾਰਗ ਦਿਖਾਉਂਦੀ ਹੈ। ਬਿਨੁ ਗੁਰ ਸਬਦ ਨ ਛੂਟੀਐ ਦੇਖਹੁ ਵੀਚਾਰਾ ॥ ਜੇ ਲਖ ਕਰਮ ਕਮਾਵਹੀ ਬਿਨੁ ਗੁਰ ਅੰਧਿਆਰਾ ॥ 229

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.




.