.

ਰੱਬੀ ਮਿਲਨ ਦੀ ਬਾਣੀ

ਸਲੋਕ ਮ: ੯

ਦੀ ਵਿਚਾਰ

ਉਂਨਤਾਲੀਵਾਂ ਸਲੋਕ

ਵੀਰ ਭੁਪਿੰਦਰ ਸਿੰਘ

39. ਉਂਨਤਾਲੀਵਾਂ ਸਲੋਕ -

ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ ॥

ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ ॥39॥

ਹਰ ਕੋਈ ਸੁਖ ਮੰਗਦਾ ਹੈ ਪਰ ਗੁਰੂ ਸਾਹਿਬ ਕਹਿੰਦੇ ਹਨ ਕਿ ‘ਸੁਖੁ ਮਾਂਗਤ ਦੁਖੁ ਆਗੈ ਆਵੈ ॥’ (330) ਤੂੰ ਜਿਤਨੇ ਸੁਖ ਮੰਗਦਾ ਹੈਂ ਦੁਖ ਅੱਗੇ ਆ ਜਾਂਦੇ ਹਨ। ਇਸ ਲਈ ਇਨ੍ਹਾਂ ਤੋਂ ਉਪਰ ਉੱਠ। ਆਪਣੇ ਅੰਤਰ ਆਤਮੇ ਦਾ ਸੁਖ ਲਭ। ਅੰਤਰ ਆਤਮੇ ਦਾ ਸੁਖ ਨਹੀਂ ਹੋਵੇਗਾ ਤਾਂ ਤੇਰੇ ਕੋਲ ਪੈਸਾ, ਕਾਰ, ਵਾਪਾਰ, ਨੋਕਰੀ ਆਦਿ ਸਾਰਾ ਤੇਰਾ ਰਾਜ ਭਾਗ ਹੋਵੇਗਾ, ਲੇਕਿਨ ਕੋਈ ਵੀ ਰਾਹ ਜਾਂਦਾ ਮਨੁੱਖ ਤੇਰੇ ਗੁੱਸੇ ਦਾ ਕਾਰਨ ਬਣ ਜਾਏਗਾ।

ਅਸੀਂ ਇੰਜੀਨਿਅਰਿੰਗ ਵਿਚ ਪੜ੍ਹਦੇ ਸੀ ਕਿ ਜਿੱਥੇ ਪਹਾੜੀ ਤੋੜਨੀ ਹੋਵੇ ਉੱਥੇ ਡਾਇਨਾਮਾਇਟ ਲਗਾਉਂਦੇ ਸੀ। ਜਦੋਂ ਤਕ ਡਾਇਨਾਮਾਇਟ ਨੂੰ ਤੀਲੀ ਨਾ ਲਗਾਉ ਤਾਂ ਤਕ ਉਹ ਲੱਗਾ ਹੀ ਰਹੇਗਾ ਪਹਾੜੀ ਨਹੀਂ ਟੁੱਟਦੀ। ਇਹ ਉਦਾਸੀਨਤਾ ਕ੍ਰੋਧ ਦੀ ਫਾਹੀ ਦਾ ਡਾਇਨਾਮਾਇਟ ਸਾਡੇ ਅੰਦਰ ਲੱਗਾ ਹੋਇਆ ਹੈ, ਉਹ ਲੱਗਾ ਹੀ ਰਹਿੰਦਾ ਹੈ। ਪਰ ਜਿਉਂ ਹੀ ਜ਼ਰਾ ਜਿਹਾ ਕੋਈ ਕੁਝ ਕਹੇ ਪਤੀ, ਪਤਨੀ, ਨੂੰਹ, ਸੱਸ, ਬੱਚੇ, ਨੌਕਰ-ਚਾਕਰ ਜਾਂ ਸਾਡੇ ਡਾਇਨਾਮਾਇਟ ਨੂੰ ਕਿਸੇ ਨੇ ਵੀ ਤੀਲੀ ਲਗਾ ਦਿੱਤੀ। ਹਰ ਪਤੀ ਕਹਿ ਰਿਹਾ ਹੁੰਦਾ ਹੈ ਕਿ ਪਤਨੀ ਗਲਤ ਮਿਲੀ ਹੈ, ਹਰ ਪਤਨੀ ਕਹਿ ਰਹੀ ਹੁੰਦੀ ਹੈ ਕਿ ਪਤੀ ਗਲਤ ਮਿਲਿਆ ਹੈ, ਨੂੰਹ ਕਹਿ ਰਹੀ ਹੁੰਦੀ ਹੈ ਕਿ ਸੱਸ ਗਲਤ ਮਿਲੀ ਹੈ ਅਤੇ ਸੱਸ ਕਹਿ ਰਹੀ ਹੁੰਦੀ ਹੈ ਕਿ ਨੂੰਹ ਭੈੜੀ ਮਿਲੀ ਹੈ। ਬੱਚੇ ਕਹਿ ਰਹੇ ਹੁੰਦੇ ਹਨ ਕਿ ਮਾਂ-ਪਿਉ ਗਲਤ ਮਿਲੇ ਹਨ ਤੇ ਮਾਂਪੇ ਕਹਿ ਰਹੇ ਹੁੰਦੇ ਹਨ ਕਿ ਬੱਚੇ ਗਲਤ ਹਨ। ਇਸ ਤਰ੍ਹਾਂ ਅਸੀਂ ਇਲਜ਼ਾਮ ਦੂਜੇ ਤੇ ਲਗਾ ਦੇਂਦੇ ਹਾਂ। ਦੂਜਿਆਂ ਨੇ ਜ਼ਰਾ ਜਿਹੀ ਤੀਲੀ ਲਗਾਈ ਸਾਡਾ ਗੁੱਸਾ ਬਾਹਰ ਆ ਜਾਂਦਾ ਹੈ। ਸੋ ਡਾਇਨਾਮਾਇਟ ਸਾਡੇ ਅੰਦਰ ਹੈ ਉਸ ਦੀ ਚਿੰਤਾ ਅਸੀਂ ਨਹੀਂ ਕਰਦੇ। ਤੀਲੀ ਲਗਾਉਣ ਵਾਲੇ ਦਾ ਤੇ ਬਹਾਨਾ ਹੈ। ਜੇ ਤੀਲੀ ਲਗਾਉਣ ਵਾਲਾ ਤੀਲੀ ਨਾ ਲਗਾਏ ਡਾਇਨਾਮਾਇਟ ਤੇ ਮੇਰੇ ਅੰਦਰ ਹੈ ਨਾ! ਇਸ ਬਾਰੇ ਵਿਚਾਰ ਕਰ ਐ ਮਨੁੱਖ।

ਤੂੰ ਆਪਣੇ ਆਤਮਕ ਸੁਖ ਦਾ ਜਤਨ ਕਰ। ਆਤਮਕ ਤੋਰ ਤੇ ਆਪਣੇ ਆਪਨੂੰ ਇਤਨਾ ਮਜ਼ਬੂਤ ਬਣਾ ਲੈ ਤਾਂ ਜੋ ਕੋਈ ਵੀ ਤੈਨੂੰ ਨਿਰਾਸ਼ ਜਾਂ ਉਦਾਸ ਨਾ ਕਰ ਸਕੇ।

ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ ॥ ਕਦੀ ਅਸੀਂ ਇਸਨੂੰ ਵਾਚੀਏ, ਅਸੀਂ ਪਦਾਰਥਕ ਚੀਜ਼ਾਂ ਪ੍ਰਾਪਤ ਕਰਨ ਦੇ ਜਤਨ ਕੀਤੇ ਹਨ। ਅਸੀਂ ਇਹ ਸੋਚਦੇ ਹਾਂ ਕਿ ਇਸ ਵਿਚੋਂ ਸੁਖ ਮਿਲੇਗਾ। ਇਸ ਵਿਚੋਂ ਸਰੀਰਕ ਸੁਖ ਮਿਲ ਸਕਦਾ ਹੈ ਪਰ ਆਤਮਕ ਨਹੀਂ ਮਿਲ ਸਕਦਾ। ਏ.ਸੀ ਦੇ ਵਿਚ ਬੈਠਕੇ ਵੀ ਤੂੰ ਸੜਦਾ ਹੀ ਰਹੇਂਗਾ। ਇਹ ਪਦਾਰਥਕ ਚੀਜ਼ਾਂ ਦਾ ਉੱਦਮ ਤੂੰ ਕੀਤਾ ਪਰ ‘ਦੁਖ ਕੋ ਕੀਓ ਨ ਕੋਇ’। ਜ਼ਰਾ ਸੋਚੀਏ ਕਿ ਦੁਖ ਦੇ ਮਾਇਨੇ ਕੀ ਹੋਏ ਫਿਰ? ਕਦੇ ਕੋਈ ਕਹੇਗਾ ਕਿ ਦੁਖ ਦਾ ਜਤਨ ਕਰਨਾ ਚਾਹੀਦਾ ਹੈ, ਮਕਾਨ ਬਣਾਓ ਹੀ ਨਾ ਸਰਦੀ ਵਿਚ ਬਾਹਰ ਹੀ ਬੈਠੇ ਰਹੋ। ਕਦੀ ਕੋਈ ਨਹੀਂ ਕਹੇਗਾ ਕਿ ਰੋਟੀ ਬਣਾਓ ਹੀ ਨਾ ਭੁੱਖ ਲਗੇਗੀ ਹੋਰ ਦੁਖੀ ਹੋਵਾਂਗੇ। ਕਦੀ ਕੋਈ ਕਹੇਗਾ ਕਿ ਪੈਸਿਆਂ ਨਾਲ ਬੂਟ ਨਾ ਖਰੀਦੋ, ਨੰਗੇ ਪੈਰ ਤੁਰਾਂਗੇ ਤੇ ਹੋਰ ਦੁਖ ਮਿਲੇਗਾ। ਕੀ ਇਹ ਦੁਖ ਦੇ ਜਤਨ ਹਨ? ਨਹੀਂ! ਇਹ ਤੇ ਆਪਣੀ ਆਤਮਕ ਅਵਸਥਾ ਉੱਚੀ ਕਰਨ ਲਈ ਧਿਆਨ ਦਿਵਾ ਰਹੇ ਹਨ। ਕਦੇ ਪੜ੍ਹਕੇ ਦੇਖੋ - ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ ॥

‘ਤਾਮਿ’ ਹੈ ਤਾਮਸਿਕ ਬੁੱਧੀ - ਹੰਕਾਰ। ਉਹ ਵਾਲਾ ਸੁਖ ਜਿਸ ਵਿਚ ਹੰਕਾਰ ਤੇ ਹੰਕਾਰ ਦੂਲ੍ਹੇ ਦੇ ਸਾਰੇ ਬਰਾਤੀ ਤੰਗ ਨਹੀਂ ਕਰਦੇ ਹਨ। ਐਸੇ ਵਾਲਾ ਆਤਮਕ ਸੁਖ ਲਭ ਲੈ। ਜਿਸ ਨਾਲ ਬਾਹਰਲੇ ਪਦਾਰਥ ਹੋਣ ਜਾਂ ਘਟ ਹੋਣ ਪਰ ਤੂੰ ਚੈਨ ਅਵਸਥਾ ਵਿਚ ਰਹੇਂ। ਪਰ ਜੇ ਕੇਵਲ ਪਦਾਰਥਕ ਸੁਖ ਦੁਨੀਆ ਭਰ ਦੇ ਪ੍ਰਾਪਤ ਕਰ ਲਏ ਤਾਂ ਉਨ੍ਹਾਂ ਦੇ ਪ੍ਰਾਪਤ ਕਰਨ ਮਗਰੋਂ ਵੀ ਤੂੰ ਸੁਖੀ ਨਹੀਂ ਹੋ ਸਕੇਂਗਾ। ਜਿਵੇਂ ਇੱਕ ਫ਼ਕੀਰ, ਸਿਕੰਦਰ ਨੂੰ ਪੁੱਛਦਾ ਹੈ ਕਿ ਤੂੰ ਕਿੱਥੇ ਜਾ ਰਿਹਾ ਹੈਂ ਉਹ ਕਹਿੰਦਾ ਹੈ ਕਿ ਮੈਂ ਇੱਕ ਦੇਸ਼ ਫਤਿਹ ਕਰਨ ਜਾ ਰਿਹਾ ਹਾਂ। ਉਹ ਅੱਗੋਂ ਪੁੱਛਦਾ ਹੈ ਕਿ ਫਿਰ ਕੀ ਕਰੇਂਗਾ ਉਹ ਕਹਿੰਦਾ ਦੂਜਾ ਦੇਸ਼ ਫਤਿਹ ਕਰਾਂਗਾ। ਉਹ ਉਸਨੂੰ ਫਿਰ ਪੁੱਛਦਾ ਹੈ ਕਿ ਸਾਰੇ ਦੇਸ਼ਾਂ ਨੂੰ ਫਤਿਹ ਕਰਕੇ ਕੀ ਕਰੇਂਗਾ? ਸਿਕੰਦਰ ਕਹਿੰਦਾ ਹੈ ਕਿ ਮੈਂ ਸਾਰੀ ਦੁਨੀਆ ਫਤਿਹ ਕਰਕੇ ਆਰਾਮ ਨਾਲ ਬੈਠਾਂਗਾ। ਫ਼ਕੀਰ ਕਹਿੰਦਾ ਹੈ ਕਿ ਮੈਂ ਤੇ ਹੁਣੇ ਹੀ ਆਰਾਮ ਨਾਲ ਬੈਠਾ ਹਾਂ। ਲੋਕੀ ਸਮਝੀ ਜਾ ਰਹੇ ਹਨ ਕਿ ਉਹ ਫਲਾਣਾ ਬਹੁਤ ਪਹੁੰਚਿਆ ਹੋਇਆ ਅਮੀਰ ਹੈ ਪਰ ਪਤਾ ਹੀ ਨਹੀਂ ਕਿ ਪਹੁੰਚੇ ਹੋਏ ਦੀ ਕੀ ਪਰਿਭਾਸ਼ਾ ਹੈ। ਕਿਤਨਾ ਅਮੀਰ ਬਣਨਾ ਹੈ ਇਹ ਤੇ ਪਤਾ ਹੀ ਨਹੀਂ ਹੈ। ਅਮੀਰ ਬਣਨਾ, ਪੈਸਾ ਕਮਾਉਣਾ ਆਦਿ ਮਾੜੀ ਗਲ ਨਹੀਂ, ਪਰ ਆਪਣੇ ਆਤਮਕ ਬੱਲ ਨੂੰ ਵੀ ਵਧਾਉਣਾ ਹੈ ਤਾਂ ਕਿ ਦੂਸਰੇ ਦੀ ਗਲਤੀ ਮੈਨੂੰ ਬੇਚੈਨ ਨਾ ਕਰ ਸਕੇ। ਹਰ ਹਾਲਾਤ ਵਿਚ ਮੈਂ ਆਪਣਾ ਸੰਤੁਲਨ ਬਣਾਕੇ ਰੱਖ ਸਕਾਂ। ਇਹ ਸਮਝ ਆ ਜਾਏ ਕਿ ਸੁਖ ਕੀ ਹੈ, ਇਸ ਲਈ ਗੁਰੂ ਸਾਹਿਬ ਕਹਿੰਦੇ ਹਨ, ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ ॥ (469)

ਇਕ ਸਮਾਜ ਦਾ ਸੰਕਲਪ ਹੈ ਕਿ ਜਦੋਂ ਤਕ ਮਾਰਾਂ ਨਾ ਪੈਣ, ਜਦੋਂ ਤਕ ਮਨੁੱਖ ਨੂੰ ਦੁਖ ਨਾ ਪਹੁੰਚੇ ਤਾਂ ਤਕ ਇਹ ਸਿੱਧੇ ਰਾਹ ਨਹੀਂ ਪੈਂਦਾ। ਇਸ ਗੱਲ ਨੂੰ ਗੁਰਬਾਣੀ ਨਹੀਂ ਮੰਨਦੀ। ਗੁਰੂ ਨਾਨਕ ਸਾਹਿਬ ਨੂੰ ਕੋਈ ਦੁਖ ਨਹੀਂ ਵਿਆਪਿਆ ਸੀ ਜਿਸ ਕਾਰਨ ਉਹ ਘਰ ਬਾਹਰ ਛੱਡਕੇ ਥਾਂ-ਥਾਂ ਤੇ ਸੱਚ ਦੇ ਪ੍ਰਚਾਰ ਲਈ ਗਏ। ਹੋਰ ਗੁਰੂ ਸਾਹਿਬਾਨਾਂ ਨੂੰ ਵੀ ਕੋਈ ਦੁਖ ਨਹੀਂ ਸੀ ਲੱਗਾ ਕਿਉਂਕਿ ਉਹ ਸਿੱਧੇ ਰਾਹ ਪਏ ਹੋਏ ਸਨ। ਗੁਰੂ ਸਾਹਿਬਾਨ ਸਾਡੇ ਲਈ ਪ੍ਰਤੀਕ ਹਨ। ਇਸੇ ਤਰ੍ਹਾਂ ਸਾਰੇ ਭਗਤ ਜਨ ਹਨ ਉਨ੍ਹਾਂ ਨੂੰ ਕੋਈ ਦੁਖ ਨਹੀਂ ਵਿਆਪਿਆ ਜਿਸਦੇ ਸਦਕੇ ਉਹ ਸਿੱਧੇ ਰਾਹ ਪੈ ਗਏ ਸਨ। ਇਨ੍ਹਾਂ ਦੇ ਜੀਵਨ ਵਿਚ ਕੋਈ ਦੁਰਘਟਨਾ ਨਹੀਂ ਵਾਪਰ ਗਈ ਸੀ। ਐਸੇ ਵਾਲੇ ਫੋਕੇ, ਬੈਰਾਗ ਅਤੇ ਉਦਾਸ ਨੂੰ ਮਜਬੂਰੀ ਵਾਲਾ ਸੱਚ ਪ੍ਰਾਪਤ ਕਰਨਾ ਕਹਿੰਦੇ ਹਨ। ਜੋ ਅਸੀਂ ਬਣਾਕੇ ਬੈਠੇ ਹਾਂ ਕਿ ਜਦੋਂ ਜ਼ਿੰਦਗੀ ਦੇ ਵਿਚ ਕਦੇ ਦੁਖ ਆਏ ਤਾਂ ਹੀ ਅੱਛਾ ਜੀ ਦੁਖ ਦੇ ਕਾਰਨ ਸਿੱਧੇ ਰਾਹ ਪਿਆ ਹੈਂ ਇਵੇ ਨਹੀਂ ਸੀ ਪੈਣਾ। ਪਰ ਗੁਰੂ ਸਾਹਿਬ ਕੁਝ ਹੋਰ ਸਮਝਾਣਾ ਚਾਹੁੰਦੇ ਹਨ ਜੇ ਦੁਨੀਅਵੀ ਸੁਖਾਂ ਦੇ ਪਿੱਛੇ ਪਿਆ ਰਹੇਂਗਾ ਤਾਂ ਇਨ੍ਹਾਂ ਦੇ ਨਾਲ ਤੈਨੂੰ ਰੋਗ ਲੱਗਣਗੇ। ਪਰ ਦੁਖੁ ਦਾਰੂ ਕੀ ਹੈ? ਦੁਖੁ ਦਾਰੂ ਹੈ ਕਿ ਜਦੋਂ ਤੂੰ ਸਿੱਧੇ ਪਾਸੇ ਟੁਰਦਾ ਹੈਂ, ਜਦੋਂ ਸੱਚ ਬੋਲਦਾ ਹੈਂ, ਜਦੋਂ ਤੂੰ ਧਾਰਮਿਕ ਜੀਵਨ ਜਿਊਂਦਾ ਹੈਂ ਉਸ ਵੇਲੇ ਜਿਹੜੀਆਂ ਤੈਨੂੰ ਅੜਚਨਾ ਆਉਂਦੀਆਂ ਹਨ ਇਹ ਦੁਖ ਹੈ ਅਤੇ ਇਸਨੂੰ ਤੂੰ ਸਹਾਰਦਾ ਹੈਂ। ਲੋਕੀ ਕਹਿੰਦੇ ਹਨ ਕਿ ਬਰਾਦਰੀ ਕੀ ਕਹੇਗੀ ਜੇ ਵਿਆਹ ਤੇ ਜ਼ਿਆਦਾ ਲੋਕੀ ਨਾ ਬੁਲਾਏ! ਹਾਏ ਸਮਾਜ ਕੀ ਕਹੇਗਾ? ਜਦੋਂ ਅਸੀਂ ਇਹ ਵਾਲਾ ਦੁਖ ਨਹੀਂ ਸਹਾਰ ਸਕਦੇ ਕਿ ‘ਦੁਨੀਆ ਕੀ ਕਹੇਗੀ ਜਾਂ ਸਮਾਜ ਕੀ ਕਹੇਗਾ’ ਇਸੇ ਕਰਕੇ ਤਾਂ ਝੂਠ ਨਾਲ ਚਿੰਬੜੇ ਰਹਿੰਦੇ ਹਾਂ। ਸੋ ਦੁਖ ਦੀ ਪਰੀਭਾਸ਼ਾ ਇਹ ਨਿਕਲੀ ਕਿ ਜਦੋਂ ਸੱਚ ਉੱਤੇ ਜਿਊਣ ਦਾ ਜਤਨ ਕਰਦੇ ਹਾਂ ਤਾਂ ਬਾਹਰਲੀਆਂ ਜਿਹੜੀਆਂ ਅੜਚਣਾ ਆਉਂਦੀਆ ਹਨ ਉਹ ਦੁਖ ਹੈ। ਇਨ੍ਹਾਂ ਦੁਖਾਂ ਨੂੰ ਜਦੋਂ ਅਸੀਂ ਦ੍ਰਿੜ ਇਰਾਦੇ ਦੇ ਨਾਲ ਨਜ਼ਰਅੰਦਾਜ਼ ਕਰੀ ਜਾਂਦੇ ਹਾਂ ਤਾਂ ਇਹ ਦਾਰੂ ਬਣ ਜਾਂਦਾ ਹੈ। ਇਹ ਤੇਰਾ ਜੀਵਨ ਉੱਚਾ ਕਰਨ ਦੀ ਦਵਾਈ ਬਣ ਜਾਂਦਾ ਹੈ। ਵਰਨਾ ਤੂੰ ਪਦਾਰਥਕ ਸੁੱਖ ਪ੍ਰਾਪਤ ਕਰਨਾ ਚਾਹੁੰਦਾ ਹੈਂ ਤਾਂ ਇਹ ਰੋਗ ਬਣ ਜਾਂਦਾ ਹੈ। ਨੌਕਰ ਸਾਡੇ ਲਈ ਦੁਧ, ਫੁਲਕਾ ਆਦਿ ਸਮਾਨ ਲੈਕੇ ਆਉਂਦਾ ਹੈ ਉਸ ਦੀ ਸੈਰ ਅਤੇ ਵਰਜਿਸ਼ ਹੋ ਜਾਂਦੀ ਹੈ ਅਤੇ ਅਸੀਂ ਉੱਠਕੇ ਟੀ.ਵੀ ਦਾ ਬਟਨ ਵੀ ਨਹੀਂ ਬੰਦ ਕਰ ਸਕਦੇ ਕਿਉਂਕਿ ਰਿਮੋਟ ਸਾਡੇ ਕੋਲ ਹੈ। ਹੁਣ ਸਾਡੇ ਲਈ ਇਹ ਸੁਖ ਰੋਗ ਬਣ ਜਾਏਗਾ। ਸਾਡਾ ਕੋਲੇਸਟ੍ਰੋਲ ਵਧੇਗਾ, ਹਿਰਦੇ ਦਾ ਰੋਗ ਲੱਗੇਗਾ। ‘ਸੁਖੁ ਰੋਗੁ ਭਇਆ’ ਹੋ ਜਾਏਗਾ। ਅਸੀਂ ਆਪਣੇ ਬੱਚੇ ਨੂੰ ਦੁਧ, ਛੁਹਾਰੇ ਖੁਆਈਏ ਅਤੇ ਨਾਲ ਹੀ ਉਸਨੂੰ ਬਿਬੇਕ ਬੁਧੀ ਵੀ ਦੇਣੀ ਹੈ ਉਹ ਅਸੀਂ ਉਸਨੂੰ ਦੇਣ ਲਈ ਤਿਆਰ ਨਹੀਂ ਹਾਂ। ਜੇ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਚਿੰਤਤ ਹੋ ਤਾਂ ਦੁਨੀਆਵੀ ਜਾਂ ਪਦਾਰਥਕ ਚੀਜ਼ਾ ਨਹੀਂ ਸਗੋਂ ਉਨ੍ਹਾਂ ਦੇ ਆਤਮਕ ਬਲ ਵਧਾਉਣ ਵਿਚ ਹੈ ਤਾਂ ਕਿ ਉਹ ਬਿਬੇਕ ਬੁਧੀ, ਸਹੀ-ਗਲਤ ਜਾਂ ਚੰਗੇ-ਮਾੜੇ ਵਿਚ ਆਪਣੇ ਮਨ ਦੀ ਸ਼ਾਂਤੀ ਬਰਕਰਾਰ ਰੱਖ ਸਕਣ।

ਐਸਾ ਸੁਖ ਲਭ ਲੈ ‘ਜਾ ਸੁਖੁ ਤਾਮਿ ਨ ਹੋਈ’ ਐਸੇ ਸੁਖ ਲਈ ਜਤਨ ਕਰਿਆ ਕਰ। ‘ਹਰਿ ਭਾਵੈ ਸੋ ਹੋਇ’ ਦਾ ਲਫਜ਼ੀ ਅਰਥ ਹੈ ਕਿ ਜੋ ਰੱਬ ਜੀ ਨੂੰ ਭਾਉਂਦਾ ਹੈ ਪਰ ਇਸਨੂੰ ਮਜਬੂਰੀ ਨਹੀਂ ਸਮਝਣਾ। ਰੱਬ ਨੂੰ ਭਾਉਣ ਦਾ ਅਰਥ ਹੁੰਦਾ ਹੈ ਕਿ ਇਸ ਕਾਇਨਾਤ ਵਿਚ ਜੋ ਰੱਬੀ ਨਿਯਮ ਹਨ ਉਹ ਬਦਲਦੇ ਨਹੀਂ ਹਨ। ਉਸਨੂੰ ‘ਹਰਿ ਭਾਵੈ’ ਕਹਿੰਦੇ ਹਨ। ਅਰਦਾਸ ਵਿਚ ਵੀ ਅਸੀਂ ਪੜ੍ਹਦੇ ਹਾਂ ਕਿ ‘ਤੇਰੇ ਭਾਣੇ ਸਰਬਤ ਦਾ ਭਲਾ’। ਇਸਦਾ ਅਰਥ ਹੁੰਦਾ ਹੈ ਕਿ ਕੁਦਰਤ ਵਿਚ ਜਿਹੜਾ ਰੱਬੀ ਨਿਯਮ ਕੰਮ ਕਰ ਰਿਹਾ ਹੈ ਉਸ ਵਿਚ ਸਭ ਦਾ ਭਲਾ ਹੀ ਹੁੰਦਾ ਹੈ। ਪਰ ਜੇ ਕੋਈ ਚੋਰ ਚੋਰੀ ਕਰਕੇ ਭਜਦਾ ਹੋਇਆ ਚੋਥੀ ਮੰਜ਼ਲ ਤੋਂ ਡਿੱਗ ਪਏ ਤਾਂ ਉਸਦੀ ਹੱਡੀ-ਪਸਲੀ ਟੁੱਟ ਹੀ ਜਾਏਗੀ ਕਿਉਂਕਿ ਕੁਰਦਤ ਦਾ ਅਟੱਲ ਨਿਯਮ ਹੈ ਕਿ ਧਰਤੀ ਦੀ ਆਕਰਸ਼ਣ ਸ਼ਕਤੀ ਹਰ ਵਸਤ ਨੂੰ ਆਕਰਸ਼ਿਤ ਕਰਦੀ ਹੈ। ਸੋ ਰੱਬ ਕਿਸੇ ਦਾ ਵੀ ਬੁਰਾ ਨਹੀਂ ਕਰਦਾ ਹੈ। ਗੁਰਬਾਣੀ ਦਾ ਇਹ ਮੀਲ ਪੱਥਰ ਅਸੀਂ ਆਪਣੀ ਗੰਡ ਬੰਨ ਲਈਏ ਕਿ ਰੱਬ ਮਿਠਬੋਲੜਾ ਹੈ - ਮਿੱਠਾ ਬੋਲਦੇ ਹਨ ਅਤੇ ਕਦੀ ਕਿਸੇ ਨੂੰ ਸਜ਼ਾ ਨਹੀਂ ਦੇਂਦੇ ਹਨ। ਇਹ ਰੱਬ ਦਾ ਮੁੱਢ ਕਦੀਮਾਂ ਤੋਂ ਅਟੱਲ ਸੁਭਾ ਹੈ। ਉਨ੍ਹਾਂ ਦੇ ਭਾਣੇ ਵਿਚ ਕੌੜਾ ਬੋਲ ਹੈ ਹੀ ਨਹੀਂ।

ਰੱਬ ਕੀ ਹੈ? ਰੱਬ ਇਸ ਕਾਇਨਾਤ ਵਿਚ ਵਾਪਰ ਰਹੇ ਰੱਬੀ ਨਿਯਮ ਹੈ। ‘ਹਰਿ ਭਾਵੈ ਸੋ ਹੋਇ’ ਨੂੰ ਜੇਕਰ ਅਸੀਂ ਸਮਝਦੇ ਜਾਈਏ ਆਤਮਕ ਚੈਨ ਅਤੇ ਸੁੱਖ ਦੀ ਪ੍ਰਾਪਤੀ ਹੋਵੇਗੀ।




.