.

ਸਤਿੰਦਰਜੀਤ ਸਿੰਘ

ਪਉੜੀ-12

ਮੰਨੇ ਕੀ ਗਤਿ ਕਹੀ ਨ ਜਾਇ ॥

ਪ੍ਰਮਾਤਮਾ ਦੀ ਸਿੱਖਿਆ ਨੂੰ ਮੰਨਣ ਵਾਲੇ ਨੂੰ ਜੋ ਮਾਨਸਿਕ ਸੰਤੁਸ਼ਟੀ, ਗੁਣਾਂ ਅਤੇ ਨਿਮਰਤਾ ਦੀ ਪ੍ਰਾਪਤੀ ਹੁੰਦੀ ਹੈ, ਉਸ ਹਾਲਤ ਬਾਰੇ ਸ਼ਬਦਾਂ ਨਾਲ ਬਿਆਨ ਨਹੀਂ ਕੀਤਾ ਸਕਦਾ, ਉਸ ਆਤਮਿਕ ਅਡੋਲਤਾ ਨੂੰ ਬਿਆਨ ਕਰਨ ਲਈ ਸ਼ਬਦ ਕਾਫੀ ਨਹੀਂ, ਇਹ ਮਹਿਸੂਸ ਕੀਤਿਆਂ ਹੀ ਪਤਾ ਲਗਦੀ ਹੈ

ਜੇ ਕੋ ਕਹੈ ਪਿਛੈ ਪਛੁਤਾਇ ॥

ਪਰ ਜੇ ਕੋਈ ਸਿਰਫ ਗੱਲਾਂ ਨਾਲ ਹੀ ਸਚਿਆਰੇ ਜੀਵਨ ਅਤੇ ਅਡੋਲ ਮਾਨਸਿਕ ਅਵਸਥਾ ਹੋਣ ਦਾ ਵਿਖਾਵਾ ਕਰਦਾ ਹੈ ਤਾਂ ਉਹ ਪਿੱਛੋਂ (ਪਿਛੈ) ਪਛਤਾਉਂਦਾ (ਪਛੁਤਾਇ) ਹੈ ਕਿ ਉਸਨੇ ਸਮਾਂ ਅਜਾਂਈ ਗਵਾ ਲਿਆ, ਗੁਣ ਧਾਰਨ ਨਹੀਂ ਕੀਤੇ, ਪ੍ਰਮਾਤਮਾ ਦੀ ਸਿੱਖਿਆ ਨੂੰ ਮੰਨ ਕੇ ਜੀਵਨ ਦਾ ਅਧਾਰ ਨਹੀਂ ਬਣਾਇਆ

ਕਾਗਦਿ ਕਲਮ ਨ ਲਿਖਣਹਾਰੁ ॥

ਪ੍ਰਮਾਤਮਾ ਦੇ ਗੁਣਾਂ ਨੂੰ ਧਾਰਨ ਕਰਨ ਵਾਲਾ ਵਿਆਕਤੀ ਫਿਰ ਆਪਣੀ ਸੋਚ ਰੂਪੀ ਕਾਗਜ ਤੇ ਵਿਕਾਰਾਂ ਦੀ ਕਲਮ ਨਾਲ ਲਿਖਣਵਾਲਾ ਨਹੀਂ ਰਹਿੰਦਾ, ਉਹ ਫਿਰ ਵਿਕਾਰਾਂ ਨੂੰ ਆਪਣੀ ਮੱਤ ਵਿੱਚੋਂ ਕੱਢ ਦਿੰਦਾ ਹੈ

ਮੰਨੇ ਕਾ ਬਹਿ ਕਰਨਿ ਵੀਚਾਰੁ ॥

ਰੱਬੀ ਉਪਦੇਸ਼ ਨੂੰ ਮੰਨਣ ਵਾਲੇ ਵਿਰਲੇ ਮਨੁੱਖ, ਆਪਸ ਵਿੱਚ ਹਮੇਸ਼ਾ ਰੱਬੀ ਗੁਣਾਂ ਅਤੇ ਸਿੱਖਿਆ ਦੀਆਂ ਗੱਲਾਂ ਕਰਦੇ ਹਨ, ਵਿਚਾਰਾਂ ਕਰਦੇ ਹਨ

ਐਸਾ ਨਾਮੁ ਨਿਰੰਜਨੁ ਹੋਇ ॥

ਰੱਬੀ ਉਪਦੇਸ਼ ਨੂੰ ਮੰਨਣ ਵਾਲਾ ਮਨੁੱਖ, ਮਾਇਆ ਤੋਂ ਨਿਰਲੇਪ (ਨਿਰੰਜਨੁ) ਹੋ ਜਾਂਦਾ ਹੈ, ਉਸਦੀ ਦੁਨਿਆਵੀ ਪਦਾਰਥਾਂ ਦੀ ਤਾਂਘ ਖਤਮ ਹੋ ਜਾਂਦੀ ਹੈ ਅਤੇ ਜੀਵਨ ਵਿੱਚ ਸਬਰ ਆ ਜਾਂਦਾ ਹੈ

ਜੇ ਕੋ ਮੰਨਿ ਜਾਣੈ ਮਨਿ ਕੋਇ ॥੧੨॥

ਪਰ ਕੋਈ ਵਿਰਲਾ (ਕੋਇ) ਹੀ ਹੈ ਜੋ ਪ੍ਰਮਾਤਮਾ ਦੀ ਸਿੱਖਿਆ ਨੂੰ ਸੁਣ ਕੇ ਮੰਨ ਲੈਂਦਾ ਹੈ, ਮਨ ਵਿੱਚ ਵਸਾ ਲੈਂਦਾ ਹੈ ਅਤੇ ਜੀਵਨ ਵਿੱਚ ਗੁਣ ਧਾਰ ਕੇ ਸਚਿਆਰਾ ਹੋ ਜਾਂਦਾ ਹੈ ॥12॥

{ਨੋਟ: ‘ਜਪੁ ਜੀ’ ਸਾਹਿਬ ਦੇ ਇਹ ਅਰਥ, ਆਪਣੀ ਸਮਝ ਅਨੁਸਾਰ ਕੀਤੇ ਗਏ ਹਨ, ਕੋਈ ਆਖਰੀ ਨਿਰਣਾ ਨਹੀਂ, ਸਾਰੇ ਪਾਠਕਾਂ ਦੇ ਸੁਝਾਵਾਂ ਦਾ ਸੁਆਗਤ ਹੈ}
.