.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਇਮਾਨਦਾਰੀ ਦੀ ਸਦਾ ਜੈ

ਸਰੀਰਕ ਤੇ ਆਤਮਕ ਰਿਸ਼ਤੇ ਦੋ ਪਰਕਾਰ ਦੇ ਹਨ। ਸਰੀਰ ਦੇ ਤਲ਼ ‘ਤੇ ਮਾਂ, ਬਾਪ, ਭੈਣ, ਭਰਾ, ਵਹੁਟੀ ਆਦਿ ਰਿਸ਼ਤੇ ਹਨ। ਇਹਨਾਂ ਰਿਸ਼ਤਿਆਂ ਨਾਲ ਪਰਵਾਰ ਤਥਾ ਸੰਸਾਰ ਦੀ ਉਤਪਤੀ ਹੁੰਦੀ ਹੈ। ਇਹ ਰਿਸ਼ਤੇ ਬੜੇ ਪਿਆਰ ਵਾਲੇ ਵੀ ਹਨ ਪਰ ਜਦ ਆਪਸ ਵਿਚ ਵਿਚਾਰ ਨਹੀਂ ਰਲ਼ਦੇ ਓਦੋਂ ਇਹ ਰਿਸ਼ਤੇ ਸ਼ਰੀਕੇ ਵਿਚ ਵੀ ਬਦਲ ਜਾਂਦੇ ਹਨ। ਇੰਜ ਹੀ ਮਨੁੱਖ ਦੇ ਆਤਮਕ ਤਲ਼ ਦੇ ਵੀ ਮਾਂ ਬਾਪ ਵਾਂਗ ਰਿਸ਼ਤੇ ਬਣਾਏ ਹੋਏ ਹਨ। ਗੁਰਬਾਣੀ ਵਿਚ ਚੰਗੀ ਮਾਂ ਤੇ ਭੈੜੀ ਮਾਂ ਵਾਲੇ ਰਿਸ਼ਤੇ ਭਾਵ ਚੰਗੀ ਮਤ ਤੇ ਭੈੜੀ ਮਤ ਵਾਲੇ ਰਿਸ਼ਤੇ ਦੋਵੇਂ ਪਰਕਾਰ ਦੇ ਮਿਲ ਜਾਂਦੇ ਹਨ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ—
ਕਤੰਚ ਮਾਤਾ, ਕਤੰਚ ਪਿਤਾ, ਕਤੰਚ ਬਨਿਤਾ ਬਿਨੋਦ ਸੁਤਹ॥
ਕਤੰਚ ਭ੍ਰਾਤ ਮੀਤ ਹਿਤ ਬੰਧਵ, ਕਤੰਚ ਮੋਹ ਕੁਟੰਬੵਤੇ॥
ਕਤੰ ਚ ਚਪਲ ਮੋਹਨੀ ਰੂਪੰ, ਪੇਖੰਤੇ ਤਿਆਗੰ ਕਰੋਤਿ॥
ਰਹੰਤ ਸੰਗ ਭਗਵਾਨ ਸਿਮਰਣ, ਨਾਨਕ ਲਬਧ੍ਯ੍ਯੰ ਅਚੁਤ ਤਨਹ॥੧॥

ਅੱਖਰੀਂ ਅਰਥ--— ਕਿੱਥੇ ਰਹਿ ਜਾਂਦੀ ਹੈ ਮਾਂ, ਤੇ ਕਿੱਥੇ ਰਹਿ ਜਾਂਦਾ ਹੈ ਪਿਉ? ਤੇ ਕਿੱਥੇ ਰਹਿ ਜਾਂਦੇ ਹਨ ਇਸਤ੍ਰੀ ਪੁੱਤ੍ਰਾਂ ਦੇ ਲਾਡ-ਪਿਆਰ? ਕਿੱਥੇ ਰਹਿ ਜਾਂਦੇ ਹਨ ਭਰਾ ਮਿਤ੍ਰ ਹਿਤੂ ਤੇ ਸਨਬੰਧੀ? ਤੇ ਕਿੱਥੇ ਰਹਿ ਜਾਂਦਾ ਹੈ ਪਰਵਾਰ ਦਾ ਮੋਹ? ਕਿੱਥੇ ਜਾਂਦੀ ਹੈ ਮਨ ਨੂੰ ਮੋਹਣ ਵਾਲੀ ਇਹ ਚੰਚਲ ਮਾਇਆ ਵੇਖਦਿਆਂ ਵੇਖਦਿਆਂ ਹੀ ਛੱਡ ਜਾਂਦੀ ਹੈ।ਹੇ ਨਾਨਕ! (ਮਨੁੱਖ ਦੇ) ਨਾਲ (ਸਦਾ) ਰਹਿੰਦਾ ਹੈ ਭਗਵਾਨ ਦਾ ਭਜਨ (ਹੀ), ਤੇ ਇਹ ਭਜਨ ਮਿਲਦਾ ਹੈ ਸੰਤ ਜਨਾਂ ਤੋਂ।੧।
੧ ਸਵਾਲ ਪੈਦਾ ਹੁੰਦਾ ਹੈ ਕਿ ਕੀ ਮਾਤਾ ਪਿਤਾ ਦੀ ਸੇਵਾ ਨਹੀਂ ਕਰਨੀ ਚਾਹੀਦੀ? ਕੀ ਧੀਆਂ ਪੁੱਤਰਾਂ ਨਾਲ ਲਾਡ ਪਿਆਰ ਨਹੀਂ ਕਰਨਾ ਚਾਹੀਦਾ? ਕੀ ਭੈਣ ਭਰਾ ਜਾਂ ਸਾਕ ਸਬੰਧੀ ਛੱਡ ਦੇਣੇ ਚਾਹੀਦੇ ਹਨ? ਕੀ ਮਾਇਆ ਕਮਾਉਣੀ ਨਹੀਂ ਚਾਹੀਦੀ?
੨ ਜਿੱਥੇ ਸਮਾਜਕ ਤਲ਼ ‘ਤੇ ਜਿਸ ਤਰ੍ਹਾਂ ਸਾਰੇ ਸਾਕ ਸਬੰਧੀ ਹਨ ਓੱਥੇ ਮਨੁੱਖ ਨੇ ਵਿਕਾਰੀ ਤੇ ਭੈੜੀ ਮਤ ਵਾਲਾ ਪਰਵਾਰ ਵੀ ਆਪਣੇ ਅੰਦਰ ਪਾਲ਼ਿਆ ਹੋਇਆ ਹੈ।
੩ ਦੂਸਰਾ ਗੁਰਦੇਵ ਪਿਤਾ ਜੀ ਦਸਦੇ ਹਨ ਕਿ ਸਦਾ ਨਾਲ ਨਿਬਣ ਵਾਲਾ ਭਗਵਾਨ ਦਾ ਭਜਨ ਹੀ ਅਸਲ ਰਿਸ਼ਤੇਦਾਰ ਹੈ। ਜਿਹੜਾ ਇਮਾਨਦਾਰੀ ਦੇ ਅਸਲ ਰੂਪ ਤੋਂ ਪ੍ਰਗਟ ਹੁੰਦਾ ਹੈ।
੫ ਜਿਸ ਪ੍ਰਵਾਰ ਨੇ ਸਾਡੀ ਪਾਲਣਾ ਪੋਸਣਾ ਕੀਤੀ ਹੈ ਉਸ ਪਰਵਾਰ ਦੀ ਪ੍ਰਤੀ ਸਾਡੀ ਜ਼ਿੰਮੇਵਾਰੀ ਵੀ ਹੈ ਕਿ ਅਸੀਂ ਉਸ ਦੀ ਮਦਦ ਕਰੀਏ। ਆਪਣੇ ਬੱਚਿਆਂ ਨੂੰ ਚੰਗੀ ਤਲੀਮ ਦਿਵਾਉਣ ਵਲ ਉਚੇਚਾ ਧਿਆਨ ਦੇਣ ਦੀ ਲੋੜ ਹੈ। ਹਰ ਮਨੁੱਖ ਨੂੰ ਆਪਣੇ ਜੀਵਨ ਵਿਚ ਕਾਮਯਾਬ ਹੋਣ ਲਈ ਹੱਡ ਭੰਨਵੀਂ ਮਿਹਨਤ ਕਰਨੀ ਚਾਹੀਦੀ ਹੈ।
੬ ਗੁਰਦੇਵ ਪਿਤਾ ਜੀ ਸਾਡਾ ਧਿਆਨ ਉਸ ਬਿਰਤੀ ਵਲ ਦਿਵਾਉਂਦੇ ਹਨ ਜਿਹੜੀ ਸਾਨੂੰ ਇਖ਼ਲਾਕ ਹੀਣ ਕੰਮਾਂ ਵਲ ਪ੍ਰੇ੍ਰਤ ਕਰਦੀ ਹੈ। ਇਸ ਘਟੀਆ ਕਿਸਮ ਦੇ ਪ੍ਰਵਾਰਾਂ ਨੂੰ ਕਬੀਰ ਸਾਹਿਬ ਜੀ ਸਾੜਨ ਲਈ ਆਖਦੇ ਹਨ।
੭ ਲਾਲਚੀ ਬਿਰਤੀ ਜਦੋਂ ਲਾਲਚ ਵਲ ਪ੍ਰੇਰਤ ਕਰਦੀ ਹੈ ਤਾਂ ਮਨੁੱਖ ਉਸ ਦੇ ਬਚਾ ਲਈ ਪਹਿਲਾਂ ਦਲੀਲਾਂ ਘੜਦਾ ਹੈ। ਪਰ ਜਦੋਂ ਬੰਦਾ ਫਸ ਜਾਂਦਾ ਹੈ ਤਾਂ ਭੈੜੀ ਬਿਰਤੀ ਸਾਥ ਛੱਡ ਜਾਂਦੀ ਹੈ। ਅਸਲ ਵਿਚ ਜਦੋਂ ਮਨੁੱਖ ਨੂੰ ਭੈੜੀ ਬਿਰਤੀ ਉਕਸਾਉਂਦੀ ਹੈ ਓਦੋਂ ਰੱਬ ਚੇਤੇ ਆਵੇ ਤਾਂ ਇਸ ਦਾ ਬਚਾ ਹੋ ਸਕਦਾ ਹੈ।
੮ ਸਭ ਤੋਂ ਅਹਿਮ ਨੁਕਤਾ ਕਿ ਭਗਵਾਨ ਦਾ ਸਿਮਰਣ ਹੀ ਇਸ ਦੇ ਨਾਲ ਨਿਭਣ ਵਾਲਾ ਹੈ। ਭਗਵਾਨ ਦੇ ਸਿਮਰਣ ਤੋਂ ਮੁਰਾਦ ਹੈ---ਇਮਾਨਦਾਰੀ, ਵਫ਼ਾਦਾਰੀ, ਸਖਤ ਮਿਹਨਤ, ਸੰਤੋਖੀ ਹੋਣਾ, ਆਪਣੇ ਆਪ ਨੂੰ ਨਿਯਮਬੰਦ ਕਰਨ ਤੋਂ ਹੈ।
੯ ਇਮਾਨਦਾਰੀ ਨਾਲ ਪਰਵਾਰ ਪਾਲਣ ਦੀ ਵਿਚਾਰ ਆਈ ਹੈ। ਅੰਦਰਲੇ ਘਟੀਆ ਤੇ ਭੈੜੀ ਸੋਚ ਵਾਲੇ ਪਰਵਾਰ ਨੂੰ ਤਿਆਗਣ ਲਈ ਕਹਿਆ ਹੈ।
੧੦ ਸਮਾਜਕ ਪਰਵਾਰ ਛੱਡਣ ਲਈ ਨਹੀਂ ਕਹਿਆ ਸਗੋਂ ਪਰਵਾਰਕ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਨਾਲ ਨਿਬਾਹੁੰਣ ਲਈ ਗੁਰੂ ਸਾਹਿਬ ਜੀ ਪ੍ਰੇਰਤ ਕਰਦੇ ਹਨ। ਕਿਰਤ ਕਰਨ ਨੂੰ ਸਲਾਹਿਆ ਹੈ ਪਰ ਕਿਰਤ ਕਰਦਿਆਂ ਠੂੰਗਾ ਨਹੀਂ ਮਾਰਨਾ ਇਸ ਵਲੋਂ ਮਨ੍ਹੇ ਕੀਤਾ ਹੈ।
੧੧ ਸਦਾ ਨਿਭਣ ਵਾਲਾ ਕੇਵਲ ਭਗਵਾਨ ਦਾ ਨਾਂ ਹੀ ਹੈ ਜਿਹੜਾ ਰੱਬੀ ਗੁਣਾਂ ਤੇ ਨਿਯਮਾਂ ਵਿਚ ਪ੍ਰਗਟ ਹੁੰਦਾ ਹੈ।
ਨਾਉ ਕਰਤਾ ਕਾਦਰੁ ਕਰੇ, ਕਿਉ ਬੋਲੁ ਹੋਵੈ ਜੋਖੀਵਦੈ॥
ਦੇ ਗੁਨਾ ਸਤਿ ਭੈਣ ਭਰਾਵ ਹੈ, ਪਾਰੰਗਤਿ ਦਾਨੁ ਪੜੀਵਦੈ॥
ਨਾਨਕਿ ਰਾਜੁ ਚਲਾਇਆ, ਸਚੁ ਕੋਟੁ ਸਤਾਣੀ ਨੀਵ ਦੈ॥
ਪੰਨਾ ੯੬੬
.