.

ਇਹ ਬਿਧਿ ਸੁਨਿ ਕੈ ਜਾਟਰੋ …

ਭਾਗ-ਚੌਥਾ

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਕਤ ਜਾਈਐ ਰੇ ਘਰ ਲਾਗੋ ਰੰਗੁ" -ਗੁਰਬਾਣੀ ਵਿੱਚਲੇ ਭਗਤਾਂ ਬਾਰੇ ਚੱਲ ਰਹੀ ਇਸ ਲੜੀ `ਚ ਅਸੀਂ ਪਹਿਲਾਂ ਪਜਵੇਂ ਪਾਤਸ਼ਾਹ ਦੇ ਸ਼ਬਦ `ਚੋਂ ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ, ਸੈਣ ਜੀ ਅਤੇ ਭਗਤ ਧੰਨਾ ਭਾਵ ਗੁਰਬਾਣੀ ਵਿੱਚਲੇ ਇਨ੍ਹਾਂ ਪੰਜ ਭਗਤਾਂ ਦੇ ਆਪਸੀ ਮੇਲ-ਮਿਲਾਪ ਤੇ ਇੱਕ ਦੂਜੇ ਦੀ ਸ਼ੰਗਤ `ਚ ਆ ਕੇ "ਪੰਚਾ ਕਾ ਗੁਰੁ ਏਕੁ ਧਿਆਨੁ" (ਬਾਣੀ ਜਪੁ) ਵਾਲੀ ਮਨੁੱਖਾ ਜਨਮ ਦੀ ਸਫ਼ਲ ਅਵਸਥਾ ਦੀ ਪ੍ਰਾਪਤੀ ਬਾਰੇ ਉਪ੍ਰੰਤ ਭਗਤ ਤਿਲੋਚਨ ਜੀ ਅਤੇ ਭਗਤ ਨਾਮਦੇਵ ਜੀ ਗੁਰਬਾਣੀ ਵਿੱਚਲੇ ਇਨ੍ਹਾਂ ਦੋ ਭਗਤਾਂ ਦੇ ਆਪਸੀ ਮਿਲਾਪ ਤੇ ਉਸ ਸੰਬੰਧੀ ਵੇਰਵੇ ਤੋਂ ਬਾਅਦ ਹੁਣ ਵਿਸ਼ਾ ਲੈ ਰਹੇ ਗੁਰਬਾਣੀ ਵਿੱਚਲੇ ਇੱਕ ਹੋਰ ਭਗਤ, ਭਗਤ ਰਾਮਾਨੰਦ ਜੀ ਦਾ।

ਗੁਰਬਾਣੀ ਵਿੱਚਲੇ ਸਮੂਹ ੧੫ ਭਗਤਾਂ ਰਾਹੀਂ ਮਨੁੱਖਾ ਜਨਮ ਦੀ ਸਫ਼ਲ ਅਵਸਥਾ `ਚ ਪੁਜਣ ਤੋਂ ਪਹਿਲਾਂ ਬਹੁਤੇ ਭਗਤਾਂ ਦੇ ਆਪਣੇ ਕੱਚੇ ਜੀਵਨ ਦੀਆਂ ਹੋਰ ਬਹੁਤੇਰੀਆਂ ਰਚਨਾਵਾਂ ਵੀ ਮੌਜੂਦ ਸਨ ਪਰ ਉਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਰਾਹੀਂ ਆਪਣੇ ਉਨ੍ਹਾਂ ਪ੍ਰਚਾਰ ਦੌਰਿਆਂ (ਉਦਾਸੀਆਂ) ਦੌਰਾਨ ਹੀ, ਗੁਰਬਾਣੀ ਖਜ਼ਾਨੇ ਲਈ ਪ੍ਰਵਾਣ ਨਾ ਕਰਣਾ ਤੇ ਉਨ੍ਹਾਂ ਨੂੰ ਉੱਥੇ ਹੀ ਛੱਡ ਅਉਣਾ, ਵਿਸ਼ੇ ਸੰਬੰਧੀਂ ਸਾਰਾ ਜ਼ਿਕਰ ਆ ਚੁੱਕਾ ਹੈ।

ਉਸੇ ਤਰ੍ਹਾਂ "ਪੰਚਾ ਕਾ ਗੁਰੁ ਏਕੁ ਧਿਆਨੁ" (ਬਾਣੀ ਜਪੁ) ਵਾਲੀ ਮਨੁੱਖਾ ਜਨਮ ਦੀ ਸਫ਼ਲ ਅਵਸਥਾ `ਚ ਪਹੁੰਚਣ ਤੋਂ ਪਹਿਲਾਂ ਭਗਤ ਰਾਮਾਨੰਦ ਜੀ ਦੇ ਕੱਚੇ ਜੀਵਨ ਨਾਲ ਸੰਬੰਧਤ ਠੀਕ ਭਾਵੇਂ ਗ਼ਲਤ ਪਰ ਸੱਚ ਇਹੀ ਹੈ ਕਿ ਉਨ੍ਹਾਂ ਦੇ ਉਸ ਕਰਮਕਾਂਡੀ ਜੀਵਨ ਨਾਲ ਸੰਬੰਧਤ ਵੀ ਬਹੁਤੇਰੀਆਂ ਘਟਨਾਵਾਂ ਪ੍ਰਚਲਤ ਹਨ। ਉਸ ਤੋਂ ਇਹ ਵੀ ਸਾਫ਼ ਹੈ ਕਿ ਉਨ੍ਹਾਂ ਦੇ ਉਸ ਕੱਚੇ ਜੀਵਨ ਨਾਲ ਸ਼ਾਇਦ ਕੁੱਝ ਹੋਰ ਰਚਨਾਵਾਂ ਵੀ ਪ੍ਰਪਤ ਹੋਣ ਪਰ ਗੁਰੂ ਨਾਨਕ ਪਾਤਸ਼ਾਹ ਨੇ ਉਸੇ ਤਰ੍ਹਾਂ ਉਨ੍ਹਾਂ ਨੂੰ ਵੀ ਆਪਣੇ ਕੋਲ ਨਹੀਂ ਸੀ ਸੰਭਾਲਿਆ।।

ਜਦਕਿ ਉਸ ਸਾਰੇ ਦੇ ਉਲਟ- ਉਹੀ ਭਗਤ ਰਾਮਾਨੰਦ ਜੀ ਜਦੋਂ "ਪੰਚਾ ਕਾ ਗੁਰੁ ਏਕੁ ਧਿਆਨੁ" (ਬਾਣੀ ਜਪੁ) ਵਾਲੀ "ਮਨੁੱਖਾ ਜਨਮ ਦੀ ਇਸ ਸਫ਼ਲ ਅਵਸਥਾ" ਨੂੰ ਪੁਾਪਤ ਹੋਏ ਤਾਂ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ, "ਕਤ ਜਾਈਐ ਰੇ ਘਰ ਲਾਗੋ ਰੰਗੁ॥ ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ" ਰਾਗ ਬਸੰਤ ਪੰਨਾ ੧੧੯੫ `ਤੇ ਉਨ੍ਹਾਂ ਦੇ ਮਨੁੱਖਾ ਜਨਮ ਦੀ ਉਸ ਸਫ਼ਲ ਅਵਸਥਾ ਨੂੰ ਸਪਸ਼ਟ ਕਰਣ ਵਾਲਾ ਕੇਵਲ ਇਕੋ ਹੀ ਸ਼ਬਦ ਦਰਜ ਹੋਇਆ ਹੈ। ਉਹ ਇਕੋ-ਇਕ ਸ਼ਬਦ ਹੀ ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪ੍ਰਚਾਰ ਦੌਰਿਆਂ ਭਾਵ ਉਦਾਸੀਆਂ ਦੌਰਾਨ "ਗੁਰਬਾਣੀ ਦੇ ਖਜ਼ਾਨੇ" ‘ਲਈ ਪ੍ਰਵਾਣ ਕੀਤਾ।

ਪਰ ਭਗਤ ਰਾਮਾਨੰਦ ਜੀ ਦਾ ਗੁਰਬਾਣੀ ਵਿੱਚਲਾ ਇਹ ਇਕੋ ਸ਼ਬਦ ਹੀ ਇਸ ਸਚਾਈ ਨੂੰ ਪ੍ਰਗਟ ਕਰਣ ਲਈ ਕਾਫ਼ੀ ਹੈ ਕਿ ਮਨੁੱਖਾ ਜਨਮ ਦੀ "ਪੰਚਾ ਕਾ ਗੁਰੁ ਏਕੁ ਧਿਆਨੁ" (ਬਾਣੀ ਜਪੁ) ਵਾਲੀ ਇਸ ਸਫ਼ਲ ਅਵਸਥਾ `ਚ ਪੁੱਜਣ ਤੋਂ ਬਾਅਦ ਭਗਤ ਰਾਮਾਨੰਦ ਜੀ ਨੇ ਆਪਣੇ ਪਿਛਲੇ ਬ੍ਰਾਹਮਣੀ ਤੇ ਕਰਮਕਾਂਡੀ ਜੀਵਨ ਦਾ ਪੂਰੀ ਤਰ੍ਹਾਂ ਕੇਵਲ ਤਿਆਗ ਹੀ ਨਹੀਂ ਸੀ ਕੀਤਾ, ਬਲਕਿ ਓਦੋਂ ਉਹ ਉਸ ਆਪਣੇ ਉਸ ਕਰਮਕਾਂਡੀ ਜੀਵਨ ਦੇ ਮਨ ਕਰਕੇ ਵੱਡੇ ਵਿਰੋਧੀ ਵੀ ਹੋ ਚੁੱਕੇ ਹੋਏ ਸਨ।

ਤਾਂ ਤੇ ਵਿਸ਼ੇ ਵੱਲ ਅੱਗੇ ਵੱਧਣ ਤੋਂ ਪਹਿਲਾਂ ਅਸੀਂ ਭਗਤ ਰਾਮਾਨੰਦ ਜੀ ਦਾ ਉਪ੍ਰੋਕਤ ਸ਼ਬਦ "ਕਤ ਜਾਈਐ ਰੇ ਘਰ ਲਾਗੋ ਰੰਗੁ॥ ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ" ਪਾਠਕਾਂ ਦੀ ਜਾਣਕਾਰੀ ਲਈ ਅਰਥਾਂ ਸਹਿਤ ਲੈਣਾ ਚਾਹਾਂਗੇ। ਤਾਂ ਤੇ ਭਗਤ ਰਾਮਾਨੰਦ ਜੀ ਦਾ ਉਹ ਪੂਰਾ ਸ਼ਬਦ ਇਸ ਤਰ੍ਹਾਂ ਹੈ:-

ਰਾਮਾਨੰਦ ਜੀ ਘਰੁ ੧ ੴ ਸਤਿ ਗੁਰਪ੍ਰਸਾਦਿ॥

ਕਤ ਜਾਈਐ ਰੇ ਘਰ ਲਾਗੋ ਰੰਗੁ॥ ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ॥ ੧ ॥ ਰਹਾਉ॥

ਏਕ ਦਿਵਸ ਮਨ ਭਈ ਉਮੰਗ॥ ਘਸਿ ਚੰਦਨ ਚੋਆ ਬਹੁ ਸੁਗੰਧ॥

ਪੂਜਨ ਚਾਲੀ ਬ੍ਰਹਮ ਠਾਇ॥ ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ॥ ੧ 

ਜਹਾ ਜਾਈਐ ਤਹ ਜਲ ਪਖਾਨ॥ ਤੂ ਪੂਰਿ ਰਹਿਓ ਹੈ ਸਭ ਸਮਾਨ॥

ਬੇਦ ਪੁਰਾਨ ਸਭ ਦੇਖੇ ਜੋਇ॥ ਊਹਾਂ ਤਉ ਜਾਈਐ ਜਉ ਈਹਾਂ ਨ ਹੋਇ॥ ੨ 

ਸਤਿਗੁਰ ਮੈ ਬਲਿਹਾਰੀ ਤੋਰ॥ ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ॥

ਰਾਮਾਨੰਦ ਸੁਆਮੀ ਰਮਤ ਬ੍ਰਹਮ॥ ਗੁਰ ਕਾ ਸਬਦੁ ਕਾਟੈ ਕੋਟਿ ਕਰਮ॥ ੩ ॥ ੧ 

ਅਰਥ : —ਹੇ ਭਾਈ! ਹੋਰ ਕਿਥੇ ਜਾਈਏ? (ਹੁਣ) ਹਿਰਦੇ-ਘਰ ਵਿੱਚ ਹੀ ਮੌਜ ਬਣ ਗਈ ਹੈ; ਮੇਰਾ ਮਨ ਹੁਣ ਡੋਲਦਾ ਨਹੀਂ, ਥਿਰ ਹੋ ਗਿਆ ਹੈ। ੧। ਰਹਾਉ।

ਇੱਕ ਦਿਨ ਮੇਰੇ ਮਨ ਵਿੱਚ ਭੀ ਤਾਂਘ ਪੈਦਾ ਹੋਈ ਸੀ, ਮੈਂ ਚੰਦਨ ਘਸਾ ਕੇ ਅਤਰ ਤੇ ਹੋਰ ਕਈ ਸੁਗੰਧੀਆਂ ਲੈ ਲਈਆਂ, ਤੇ ਮੈਂ ਮੰਦਰ ਵਿੱਚ ਪੂਜਾ ਕਰਨ ਲਈ ਤੁਰ ਪਿਆ। ਪਰ ਹੁਣ ਤਾਂ ਮੈਨੂੰ ਉਹ ਪਰਮਾਤਮਾ (ਜਿਸ ਨੂੰ ਮੈਂ ਮੰਦਰ ਵਿੱਚ ਰਹਿੰਦਾ ਸਮਝਦਾ ਸਾਂ) ਮੇਰੇ ਗੁਰੂ ਨੇ ਮੇਰੇ ਮਨ ਵਿੱਚ ਹੀ ਵੱਸਦਾ ਵਿਖਾ ਦਿੱਤਾ ਹੈ। ੧।

(ਤੀਰਥਾਂ ਉਤੇ ਜਾਈਏ ਚਾਹੇ ਮੰਦਰਾਂ ਵਿੱਚ ਜਾਈਏ) ਜਿਥੇ ਭੀ ਜਾਈਏ ਉਥੇ ਪਾਣੀ ਹੈ ਜਾਂ ਪੱਥਰ ਹਨ। ਹੇ ਪ੍ਰਭੂ! ਤੂੰ ਤਾਂ ਹਰ ਥਾਂ ਇੱਕੋ ਜਿਹਾ ਭਰਪੂਰ ਹੈਂ, ਵੇਦ ਪੁਰਾਨ ਆਦਿਕ ਧਰਮ-ਪੁਸਤਕਾਂ ਭੀ ਖੋਜ ਕੇ ਵੇਖ ਲਈਆਂ ਹਨ। ਸੋ ਤੀਰਥਾਂ ਤੇ ਮੰਦਰਾਂ ਵਿੱਚ ਤਦੋਂ ਹੀ ਜਾਣ ਦੀ ਲੋੜ ਹੈ ਜੇ ਪਰਮਾਤਮਾ ਇਥੇ ਮੇਰੇ ਮਨ ਵਿੱਚ ਨਾਹ ਵੱਸਦਾ ਹੋਵੇ। ੨।

ਹੇ ਸਤਿਗੁਰੂ! ਮੈਂ ਤੈਥੋਂ ਸਦਕੇ ਹਾਂ, ਜਿਸ ਨੇ ਮੇਰੇ ਸਾਰੇ ਔਖੇ ਭੁਲੇਖੇ ਦੂਰ ਕਰ ਦਿੱਤੇ ਹਨ। ਰਾਮਾਨੰਦ ਦਾ ਮਾਲਕ ਪ੍ਰਭੂ ਤਾਂ ਹਰ ਥਾਂ ਮੌਜੂਦ ਹੈ (ਤੇ, ਗੁਰੂ ਦੀ ਰਾਹੀਂ ਮਿਲਦਾ ਹੈ, ਕਿਉਂਕਿ) ਗੁਰੂ ਦਾ ਸ਼ਬਦ ਕ੍ਰੋੜਾਂ (ਕੀਤੇ ਮੰਦੇ) ਕਰਮਾਂ ਦਾ ਨਾਸ ਕਰ ਦੇਂਦਾ ਹੈ। ੩। ੧।

ਸ਼ਬਦ ਦਾ ਲੜੀਵਾਰ ਭਾਵ - (ੳ) ਮੰਦਰ ਵਿੱਚ ਜਾ ਕੇ ਕਿਸੇ ਪੱਥਰ ਦੀ ਮੂਰਤੀ ਨੂੰ ਚੋਆ ਚੰਦਨ ਲਾ ਕੇ ਪੂਜਣ ਦੀ ਲੋੜ ਨਹੀਂ।

(ਅ) ਤੀਰਥਾਂ ਤੇ ਨ੍ਹਾਤਿਆਂ ਮਨ ਦੇ ਭਰਮ ਕੱਟੇ ਨਹੀਂ ਜਾਣੇ।

(ੲ) ਗੁਰੂ ਦੀ ਸਰਨ ਆਉ। ਗੁਰੂ ਹੀ ਦੱਸਦਾ ਹੈ ਕਿ:-

--- (ਸ) ਪਰਮਾਤਮਾ ਹਿਰਦੇ-ਮੰਦਰ ਵਿੱਚ ਵੱਸ ਰਿਹਾ ਹੈ।

(ਹ) ਇਹ ਵੀ ਕਿ ਪਰਮਾਤਮਾ ਹਰ ਥਾਂ ਵੱਸ ਰਿਹਾ ਹੈ।

(ਕ) ਗੁਰੂ ਦਾ ਸ਼ਬਦ ਹੀ ਕ੍ਰੋੜਾਂ ਕਰਮਾਂ ਦੇ ਸੰਸਕਾਰ ਨਾਸ ਕਰਨ ਦੇ ਸਮਰੱਥ ਹੈ।

ਨੋਟ : —ਭਗਤ ਰਾਮਾਨੰਦ ਜਨਮ ਤੋਂ ਜਾਤੀ ਦੇ ਬ੍ਰਾਹਮਣ ਸਨ। ਪਰ ਧਰਮ-ਆਗੂ ਬ੍ਰਾਹਮਣਾਂ ਦੇ ਪਾਏ ਹੋਏ ਭੁਲੇਖਿਆਂ ਦਾ ਇਸ ਸ਼ਬਦ ਵਿੱਚ ਉਹ ਆਪ ਖੰਡਨ ਕਰਦੇ ਹਨ ਤੇ ਆਖਦੇ ਹਨ ਕਿ ਤੀਰਥਾਂ ਦੇ ਇਸ਼ਨਾਨ ਤੇ ਮੂਰਤੀ-ਪੂਜਾ ਨਾਲ ਮਨ ਦੀ ਅਵਸਥਾ ਉੱਚੀ ਨਹੀਂ ਹੋ ਸਕਦੀ।

ਜੇ ਪੂਰੇ ਗੁਰੂ ਦੀ ਸ਼ਰਨ ਪਈਏ, ਤਾਂ ਸਾਰੇ ਭੁਲੇਖੇ ਦੂਰ ਹੋ ਜਾਂਦੇ ਹਨ, ਕਿਉਂਕਿ ਪਰਮਾਤਮਾ ਹਰ ਥਾਂ ਵਿਆਪਕ ਹੈ ਅਤੇ ਆਪਣੇ ਅੰਦਰ ਵੀ ਵੱਸਦਾ ਦਿੱਸ ਪੈਂਦਾ ਹੈ।

ਪੂਰੇ ਸਤਿਗੁਰੂ ਦਾ ਸ਼ਬਦ ਹੀ ਜਨਮਾਂ ਜਨਮਾਤਰਾਂ ਦੇ ਕੀਤੇ ਮੰਦੇ ਕਰਮਾਂ ਤੇ ਸੰਸਕਾਰਾਂ ਦਾ ਨਾਸ ਕਰਨ ਦੇ ਸਮਰੱਥ ਹੈ। ਉਪ੍ਰੰਤ ਸ਼ਬਦ ਦੇ ਅਰਥਾਂ `ਤੇ ਆਧਾਰਤ ਕੁੱਝ ਨੁੱਕਤੇ:-

ਨੁੱਕਤਾ-੧: (ੳ) ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ।

(ਅ) ਤੂ ਪੂਰਿ ਰਹਿਓ ਹੈ ਸਭ ਸਮਾਨ।

(ੲ) ਰਾਮਾਨੰਦ ਸੁਆਮੀ ਰਮਤ ਬ੍ਰਹਮ।

ਸ਼ਬਦ ਵਿੱਚਲੀਆਂ ਇਨ੍ਹਾਂ ਪੰਕਤੀਆਂ ਰਾਹੀਂ ਸਪਸ਼ਟ ਹੈ ਕਿ ਆਪਣੇ ਮਨੁੱਖਾ ਜਨਮ ਦੀ "ਪੰਚਾ ਕਾ ਗੁਰੁ ਏਕੁ ਧਿਆਨੁ" (ਬਾਣੀ ਜਪੁ) ਵਾਲੀ ਸਫ਼ਲ ਅਵਸਥਾ ਨੂੰ ਪ੍ਰਾਪਤ ਹੋਣ ਤੋਂ ਬਾਅਦ ਭਗਤ ਰਾਮਾਨੰਦ ਜੀ ਕੇਵਲ ਤੇ ਕੇਵਲ ਇਕੋਇਕ ਅਕਾਲਪੁਰਖ ਦੇ ਹੀ ਪੁਜਾਰੀ ਸਨ।

ਨੁੱਕਤਾ-੨: — ਇਹ ਵੀ ਸਪਸ਼ਟ ਹੁੰਦਾ ਹੈ ਕਿ ਉਪ੍ਰੋਕਤ ਸ਼ਬਦ `ਚ ਭਗਤ ਰਾਮਾਨੰਦ ਜੀ ਆਪਣਾ ਅਜੋਕਾ ਮੱਤ ਹੀ ਇਹੀ ਦੱਸ ਰਹੇ ਹਨ ਕਿ ਤੀਰਥਾਂ ਦੇ ਇਸ਼ਨਾਨ ਅਤੇ ਮੂਰਤੀ-ਪੂਜਾ ਆਦਿ ਨਾਲ ਮਨੁੱਖੀ ਮਨ ਦੇ ਭਰਮ ਨਹੀਂ ਕੱਟੇ ਜਾ ਸਕਦੇ।

ਨੁੱਕਤਾ-੩: — ਇਹ ਵੀ ਸੰਭਵ ਹੈ ਕਿ ਭਗਤ ਰਾਮਾਨੰਦ ਜੀ ਕਦੇ ਵੈਰਾਗੀ ਮਤ ਦੇ ਵੱਡੇ ਧਾਰਨੀ ਵੀ ਰਹੇ ਹੋਣਗੇ। ਓਦੋਂ ਉਹ ਤਿਲਕ ਜੰਞੂ ਆਦਿ ਵੀ ਵਰਤਦੇ ਹੋਣਗੇ। ਛੂਤ-ਛਾਤ ਦੇ ਵੀ ਹਾਮੀ ਹੋਣਗੇ ਤੇ ਉਨ੍ਹਾ ਦੇ ਪਿਛੌਕੜ ਬਾਰੇ ਇਸੇ ਤਰ੍ਹਾਂ ਹੋਰ ਵੀ ਕਈ ਗੱਲਾਂ ਹੋ ਸਕਦੀਆਂ ਹਣ ਪਰ ਪੂਰੇ ਗੁਰੂ ਦੀ ਸ਼ਰਣ `ਚ ਆਉਣ ਤੋਂ ਬਾਅਦ ਹੁਣ ਉਹ ਪੂਰੀ ਤਰ੍ਹਾਂ ਬਦਲ ਚੁੱਕੇ ਸਨ।

ਨੁੱਕਤਾ-੪: —ਇਸ ਲਈ ਅਸਾਂ ਕੇਵਲ ਇਹੀ ਦੇਖਣਾ ਹੈ ਕਿ "ਪੂਰੇ ਗੁਰੂ ਦੇ ਦਰ `ਤੇ ਆਉਣ ਤੋਂ ਬਾਅਦ’ ਭਗਤ ਰਾਮਾਨੰਦ ਜੀ ਕਿਸ ਮਾਨਸਿਕ ਅਵਸਥਾ ਨੂੰ ਪ੍ਰਾਪਤ ਹੋ ਚੁੱਕੇ ਸਨ। ਕਿਉਂਕਿ ਉਹ ਤਾਂ ਹੁਣ ਆਪ ਹੀ ਆਪਣੇ ਇਸ ਇਕੋ-ਇਕ ਸ਼ਬਦ `ਚ ਆਖ ਵੀ ਰਹੇ ਹਨ: —

(ੳ) "ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ"

(ਅ) "ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ"

(ੲ) "ਗੁਰ ਕਾ ਸਬਦੁ ਕਾਟੈ ਕੋਟਿ ਕਰਮ"।

ਤਾਂ ਤੇ ਉਪ੍ਰੋਕਤ ਨੋਟ, ਨੁੱਕਤੇ ਤੇ ਅਰਥ-ਮੂਲ ਰੂਪ `ਚ ਸੁੰਚੇ ਅਤੀ ਧੰਨਵਾਦਿ ਸਾਹਿਤ-ਪੰਥ ਦੀ ਚਲਦੀ ਫ਼ਿਰਦੀ ਯੁਨੀਵਰਸਟੀ, ਗੁਰਪੁਰ ਵਾਸੀ ਡਿ: ਲਿਟ: ਪ੍ਰੋ: ਸਾਹਿਬ ਸਿੰਘ ਜੀ

ਉਪ੍ਰੰਤ ਇਸੇ ਲੜੀ `ਚ ਹੁਣ ਅਸੀਂ ਬੇਸ਼ੱਕ ਮਿਸਾਲ ਦੇ ਤਫਰ `ਤੇ ਹੀ ਸਹੀ ਪਰ ਇੱਕ ਸ਼ਬਦ, ਗੁਰਬਾਣੀ ਵਿੱਚਲੇ ਇੱਕ ਭਗਤ, ਭਗਤ ਰਵੀਦਾਸ ਜੀ ਦਾ ਵੀ ਲੈ ਰਹੇ ਹਾਂ। ਕਿਉਂਕਿ ਇਸ ਸ਼ਬਦ `ਚ ਭਗਤ ਰਵੀਦਾਸ ਜੀ ਵੀ ਇਹੀ ਸਪਸ਼ਟ ਕਰ ਰਹੇ ਹਨ ਕਿ:-

ਉਨ੍ਹਾਂ ਨੂੰ ਆਪਣੇ ਆਪ ਨੂੰ, ਦੂਜਾ ਕਬੀਰ ਸਾਹਿਬ ਨੂੰ ਅਤੇ ਤੀਜਾ ਨਾਮਦੇਵ ਜੀ ਨੂੰ ਵੀ ਮਨੁੱਖਾ ਜਨਮ ਦੀ ਇਹ ਅਤੀ ਉਤੱਮ ਤੇ ਸਫ਼ਲ ਅਵਸਥਾ ਕੇਵਲ ਤੇ ਕੇਵਲ ਪੂਰੇ ਗੁਰੂ ਦੀ ਸ਼ਰਣ `ਚ ਆਉਣ ਬਾਅਦ ਹੀ ਪ੍ਰਾਪਤ ਹੋਈ।

ਜਿਸਤੋਂ ਮੇਰਾ ਜੀਵਨ ਵੀ ਪ੍ਰਭੂ ਦੀ ਸਿਫ਼ਤ-ਸਲਾਹ ਵੱਲ ਪਰਤਿਆ, ਭਾਵ-ਨਹੀਂ ਤਾਂ ਪਹਿਲਾਂ ਮੈਂ ਵੀ ਮਨੁੱਖਾ ਜਨਮ ਦੀ ਇਸ ਅਤੀ ਉਤੱਮ ਤੇ ਸਫ਼ਲ ਅਵਸਥਾ ਨੂੰ ਪ੍ਰਾਪਤ ਨਹੀਂ ਸਾਂ। ਤਾਂ ਤੇ ਗੁਰਬਾਣੀ ਦੇ ਖਜ਼ਾਨੇ `ਚ ਭਗਤ ਰਵਿਦਾਸ ਜੀ ਦਾ ਅਰਥਾਂ ਸਹਿਤ ਉਹ ਸ਼ਬਦ ਵੀ ਇਸ ਤਰ੍ਹਾਂ ਹੈ ਅਤੇ ਗੁਰੂ ਕੀਆਂ ਸੰਗਤਾਂ ਦੀ ਜਸਣਕਾਰੀ ਲਈ, ਅਸੀਂ ਲੈ ਵੀ ਰਹੇ ਹਾਂ:-

ਆਸਾ॥ ਹਰਿ ਹਰਿ ਹਰਿ ਹਰਿ ਹਰਿ ਹਰਿ ਹਰੇ॥ ਹਰਿ ਸਿਮਰਤ ਜਨ ਗਏ ਨਿਸਤਰਿ ਤਰੇ॥ ੧ ॥ ਰਹਾਉ॥

ਹਰਿ ਕੇ ਨਾਮ ਕਬੀਰ ਉਜਾਗਰ॥ ਜਨਮ ਜਨਮ ਕੇ ਕਾਟੇ ਕਾਗਰ॥  

ਨਿਮਤ ਨਾਮਦੇਉ ਦੂਧੁ ਪੀਆਇਆ॥ ਤਉ ਜਗ ਜਨਮ ਸੰਕਟ ਨਹੀ ਆਇਆ॥ ੨ 

ਜਨ ਰਵਿਦਾਸ ਰਾਮ ਰੰਗਿ ਰਾਤਾ॥ ਇਉ ਗੁਰ ਪਰਸਾਦਿ ਨਰਕ ਨਹੀ ਜਾਤਾ॥ ੩ (ਪੰ: ੪੮੭)

ਅਰਥ : —ਸੁਆਸ ਸੁਆਸ ਹਰਿ-ਨਾਮ ਸਿਮਰਨ ਨਾਲ ਹਰੀ ਦੇ ਦਾਸ (ਸੰਸਾਰ-ਸਮੁੰਦਰ ਤੋਂ) ਪੂਰਨ ਤੌਰ ਤੇ ਪਾਰ ਲੰਘ ਜਾਂਦੇ ਹਨ। ੧। ਰਹਾਉ।

ਹਰਿ-ਨਾਮ ਸਿਮਰਨ ਦੀ ਬਰਕਤਿ ਨਾਲ ਕਬੀਰ (ਭਗਤ ਜਗਤ ਵਿਚ) ਮਸ਼ਹੂਰ ਹੋਇਆ, ਤੇ ਉਸ ਦੇ ਜਨਮਾਂ-ਜਨਮਾਂ ਦੇ ਕੀਤੇ ਕਰਮਾਂ ਦੇ ਲੇਖੇ ਮੁੱਕ ਗਏ। ੧।

ਹਰਿ-ਨਾਮ ਸਿਮਰਨ ਦੇ ਕਾਰਨ ਹੀ ਨਾਮਦੇਵ ਨੇ ( ‘ਗੋਬਿੰਦ ਰਾਇ’ ) ਨੂੰ ਦੁੱਧ ਪਿਆਇਆ ਸੀ, ਤੇ ਨਾਮ ਜਪਿਆਂ ਹੀ ਉਹ ਜਗਤ ਦੇ ਜਨਮਾਂ ਦੇ ਕਸ਼ਟਾਂ ਵਿੱਚ ਨਹੀਂ ਪਿਆ। ੨।

ਹਰੀ ਦਾ ਦਾਸ ਰਵਿਦਾਸ (ਭੀ) ਪ੍ਰਭੂ ਦੇ ਪਿਆਰ ਵਿੱਚ ਰੰਗਿਆ ਗਿਆ ਹੈ। ਇਸ ਰੰਗ ਦੀ ਬਰਕਤਿ ਨਾਲ ਸਤਿਗੁਰੂ ਦੀ ਮਿਹਰ ਦਾ ਸਦਕਾ, ਰਵਿਦਾਸ ਵੀ ਨਰਕਾਂ ਵਿੱਚ ਨਹੀਂ ਪਏਗਾ। ੩।

(ਅਰਥ- ਅਤੀ ਧੰਨਵਾਦਿ ਸਾਹਿਤ ਗੁਰਪੁਰ ਵਾਸੀ ਡਿ: ਲਿਟ: ਪ੍ਰੋ: ਸਾਹਿਬ ਸਿੰਘ ਜੀ)

ਇਸੇ ਤਰ੍ਹਾਂ ਗੁਰਬਾਣੀ ਖਜ਼ਾਨੇ `ਚ ਇਸ ਬਾਰੇ ਹੋਰ ਵੀ ਬੇਅੰਤ ਸ਼ਬਦ ਤੇ ਸਬੂਤ ਹਨ ਕਿ ਗੁਰਬਾਣੀ ਵਿੱਚਲੇ ਸਮੂਹ ਭਗਤ-ਜਨ ਜਨਮਾਂਦਰੂ ਮਨੁੱਖਾ ਜਨਮ ਦੀ "ਪੰਚਾ ਕਾ ਗੁਰੁ ਏਕੁ ਧਿਆਨੁ" (ਬਾਣੀ ਜਪੁ) ਵਾਲੀ ਮਨੁੱਖਾ ਜਨਮ ਦੀ ਇਸ ਸਰਬ ਉੱਤਮ ਤੇ ਸਫ਼ਲ ਅਵਸਥਾ ਨੂੰ ਪ੍ਰਾਪਤ ਨਹੀਂ ਸਨ।

ਬਲਕਿ ਸੱਚ ਇਹੀ ਹੈ ਕਿ ਗੁਰਬਾਣੀ ਵਿੱਚਲੇ ਬਹੁਤੇ ਭਗਤ-ਜਨ ਇਕ-ਦੂਜੇ ਦੇ ਸ਼ੰਪਰਕ `ਚ ਆ ਕੇ ਇਕ-ਦੂਜੇ ਦੇ ਮੇਲ-ਮਿਲਾਪ ਬਲਕਿ ਪ੍ਰਭੂ ਵੱਲੋਂ ਆਪਣੇ-ਆਪਣੇ ਜੀਵਨ `ਚ ਉਪਜੀ ਪ੍ਰਭੂ ਲਈ ਭਗਤੀ ਭਾਵਨਾ ਕਾਰਣ ਆਪਣੀ-ਆਪਣੀ ਘਾਲ-ਕਮਾਈ ਕਰਕੇ ਮਨੁੱਖਾ ਜਨਮ ਦੀ ਇਸ ਸਰਬ ਉਤੱਮ "ਪੰਚਾ ਕਾ ਗੁਰੁ ਏਕੁ ਧਿਆਨੁ" (ਬਾਣੀ ਜਪੁ) ਵਾਲੀ ਅਵਸਥਾ ਨੂੰ ਪ੍ਰਾਪਤ ਹੋਏ।

ਜਦਕਿ ਉਸ ਸਾਰੇ ਦੇ ਉਲਟ-ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਮ ਪਿਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੀਕ, ਦਸੋਂ ਹੀ ਗੁਰੂ ਹੱਸਤੀਆਂ, ਧੁਰ ਦਰਗਾਹੌਂ ਹੀ ਇਲਾਹੀ ਸ਼ਬਦ-ਗੁਰੂ ਦਾ ਸਰੀਰਕ ਪ੍ਰਗਾਟਾਵਾ ਸਨ।

ਇਹ ਵੀ ਕਿ ਉਹ ਦਸੋਂ ਹੀ ਗੁਰੂ-ਹੱਸਤੀਆਂ ਸਮੇਂ ਸਮੇਂ ਨਾਲ ੨੩੯ ਵਰਿਆਂ `ਚ ਧੁਰੋਂ ਪ੍ਰਾਪਤ ਆਪਣੀ-ਆਪਣੀ ਜਿਮੇਵਾਰੀ ਨੂੰ ਨਿਭਾਉਂਦੀਆਂ ਹੋਈਆਂ ਅੰਤ ੬ ਅਕਤੂਬਰ ਸੰਨ ਈ: ਸੰਨ ੧੭੦੮ ਦੀ ਸ਼ਾਮ ਨੂੰ ਦਸਵੇਂ ਜਾਮੇ ਸਮੇਂ ਕਲਗੀਧਰ ਪਾਤਸ਼ਾਹ ਦੇ ਰੂਪ `ਚ ਸਦੀਵ ਕਾਲ ਲਈ ਸਮੂਚੇ ਸਨਮੁੱਖ ਮਾਤ੍ਰ ਦੇ ਕਲਿਆਣ ਲਈ ਤਿਆਰ ਹੋ ਚੁੱਕੇ "ਅੱਖਰ ਰੂਪ" :-

ਗੁਰਬਾਣੀ ਦੇ ਖਜ਼ਾਨੇ "ਜੁਗੋ ਜੁਗ ਅਟੱਲ", "ਸਾਹਿਬ ਸ੍ਰੀ ਗੁਰੂ ਗ੍ਰੰਥ ਜੀ" ਨੂੰ ਸਦੀਵ ਕਾਲ ਲਈ ਗੁਰਗੱਦੀ ਸੌਂਪ ਕੇ, ਆਪਣੇ ਪਹਿਲੇ ਜਾਮੇ ਗੁਰੂ ਨਾਨਕ ਪਾਤਸ਼ਾਹ ਦੇ ਰੂਪ `ਚ ਅਰੰਭ ਕੀਤੀ ਹੋਈ ਸਰੀਰ-ਗੁਰੂ ਵਾਲੀ ਉਸ ਧੁਰ-ਦਰਗਾਹੀ ਪ੍ਰਥਾ ਨੂੰ ਅਚਣਚੇਤ ਸਮਾਪਤ ਵੀ ਆਪ ਹੀ ਕਰ ਦਿੱਤਾ।

ਫ਼ਿਰ ਇਤਨਾ ਹੀ ਉਸ ਤੋਂ ਬਿਲਕੁਲ ਅਗ਼ਲੇ ਹੀ ਦਿਨ ਭਾਵ ੭ ਅਕਤੂਬਰ ਸੰਨ ਈ: ਸੰਨ ੧੭੦੮ ਨੂੰ ਸਵੇਰੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋਤੀ-ਜੋਤ ਵੀ ਸਮਾ ਗਏ। ਉਂਜ ਵਿਸ਼ੇ ਬਾਰੇ ਪੂਰਾ ਵੇਰਵਾ ਪਹਿਲਾਂ ਹੀ ਦੇ ਆਏ ਹਾਂ, ਸੰਗਤਾਂ ਉਸ ਦਾ ਲਾਭ ਲੈ ਸਕਦੀਆਂ ਹਨ।

ਜਦਕਿ ਇਸ ਤੋਂ ਵੱਡਾ ਸੱਚ ਇਹ ਵੀ ਹੈ ਕਿ "ਛੇ ਗੁਰੂ ਹੱਸਤੀਆਂ" ਅਤੇ ੧੫ ਭਗਤਾਂ ਦੀ ਪ੍ਰਵਾਣਤ ਬਾਣੀ ਸਮੇਤ "ਸਾਹਿਬ ਸ੍ਰੀ ਗੁਰੂ ਗ੍ਰੰਥ ਜੀ" ਵਿੱਚਲੇ ਸਮੂਚੇ ੩੫ ਲਿਖਾਰੀਆਂ ਰਾਹੀਂ "ੴ" ਤੋਂ "ਤਨੁ ਮਨੁ ਥਵਿੈ ਹਰਿਆ" ਤੀਕ ਰਚਿਤ ਬਾਣੀ ਨੂੰ ਹੀ ਸਦੀਵ ਕਾਲ ਲਈ ਦਸਮੇਸ਼ ਪਿਤਾ ਨੇ ਸੰਪੂਰਣਤਾ ਦੀ ਮੋਹਰ ਵੀ ਆਪ ਹੀ ਲਗਾਈ ਸੀ।

ਇਹੀ ਕਾਰਣ ਹੈ ਕਿ "ੴ" ਤੋਂ "ਤਨੁ ਮਨੁ ਥਵਿੈ ਹਰਿਆ" ਤੀਕ ਗੁਰਬਾਣੀ ਦੇ ਇਸ ਸਮੂਚੇ ਖਜ਼ਾਨੇ ਵਿੱਚਲੀ ਹਰੇਕ ਰਚਨਾ `ਤੇ ਗੁਰਬਾਣੀ ਫ਼ੁਰਮਾਣ:-

"ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥

ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ॥

ਗੁਰ ਕਿਰਪਾ ਤੇ ਪਾਈਅਨਿ ਜੇ ਦੇਵੈ ਦੇਵਣਹਾਰੁ॥" (ਪੰ: ੬੪੬) ਵਾਲੀ ਕਸਵੱਟੀ `ਤੇ ਇਕੋ ਜਿਹੀ ਲਾਗੂ ਵੀ ਹੁੰਦੀ ਹੈ। (ਚਲਦਾ) ##432-IVv..,11.18 ssgec##

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

All Rights Reserved Self Learning Topic-wise Gurmat Lesson No. 432-IV

"ਇਹ ਬਿਧਿ ਸੁਨਿ ਕੈ ਜਾਟਰੋ …

ਭਾਗ-ਚੌਥਾ

For all the Self Learning Gurmat Lessons written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distributions within the ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- gurbaniguru@yahoo.com & gianisurjitsingh@yahoo.com

web sites-

www.gurbaniguru.org

theuniqeguru-gurbani.com

gurmateducationcentre.com
.