.

'ਸਿੱਖ ਇਤਿਹਾਸ ਵਿੱਚ ਮੁਸਲਮਾਨ ਬੀਬੀ 'ਮੁਮਤਾਜ' 'ਤੇ ਇਸਦੇ ਪਿਤਾ 'ਨਹਿੰਗ ਖਾਨ' ਦੀ ਕੁਰਬਾਨੀ '


ਸਿੱਖ ਇਤਿਹਾਸ ਇਕ ਤੋਂ ਵਧਕੇ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਇਹਨਾਂ ਕੁਰਬਾਨੀਆਂ ਵਿਚ ਇਕ ਜਿਕਰ ਮੁਸਲਮਾਨ ਬੀਬੀ 'ਮੁਮਤਾਜ'ਜੀ ਅਤੇ ਇਸਦੇ ਪਿਤਾ ਨਹਿੰਗ ਖਾਨ ਜੀ ਕੁਰਬਾਨੀ ਦਾ ਵੀ ਆਉਂਦਾ ਹੈ।
ਗੁਰੂ ਗੋਬਿੰਦ ਸਿੰਘ ਜੀ, ਜਦੋਂ ਸਰਸਾ ਨਦੀ ਪਾਰ ਕਰਕੇ ਆਪਣੇ ਪਿਆਰੇ ਇਕ ਰਿਆਸਤ ਦੇ ਮੁੱਖੀ 'ਕੋਟਲਾ ਨਿਹੰਗ ਖਾਨ' ਦੇ ਘਰ ਸ਼ਾਮ ਦੇ ਵਕਤ ਕੁਝ ਸਮੇਂ ਲਈ ਰੁਕੇ, ਤਾਂ ਇਥੇ ਗੁਰੂ ਜੀ ਨੂੰ ਖਬਰ ਮਿਲੀ, ਕਿ 'ਮਲਕਪੁਰ ਰੰਗੜਾ' ਦੇ ਸਥਾਨ ਤੇ ਦੁਸ਼ਮਣਾਂ ਵਲੋਂ ਲੋਹਗੜ੍ਹ ਦਾ ਕਿਲਾ ਤੋੜਣ ਲਈ ਭੇਜੇ ਗਏ ਸ਼ਰਾਬੀ ਹਾਥੀ ਨੂੰ ਇਕ ਨਾਗਣੀ ਨਾਲ ਹਰਾਉਣ ਵਾਲਾ ਸੂਰਬੀਰ ਯੋਧਾ ਭਾਈ ਬਚਿੱਤਰ ਸਿੰਘ ਜੀ ਦੇ ਜਥੇ ਦੇ ਸਾਰੇ ਸਿੰਘ,ਦੁਸ਼ਮਣਾਂ ਦੀ ਬੇਹੱਦ ਵੱਡੀ ਫੌਜ ਨਾਲ ਮੁਕਾਬਲੇ ਵਿੱਚ ਸ਼ਹੀਦ ਹੋ ਗਏ ਅਤੇ ਭਾਈ ਬਚਿੱਤਰ ਸਿੰਘ ਜੀ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿੱਚ ਪਏ ਹਨ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬੇਟੇ ਅਜੀਤ ਸਿੰਘ ਨੂੰ ਹੁਕਮ ਕੀਤਾ, ਕਿ "ਭਾਈ ਬਚਿੱਤਰ ਸਿੰਘ ਨੂੰ ਜਲਦੀ ਇਥੇ ਲੈਕੇ ਆਓ । ਜਿਸਨੂੰ ਸਹਿਬਜਾਦੇ ਅਜੀਤ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਜਾਕੇ ਭਾਈ ਬਚਿੱਤਰ ਸਿੰਘ ਨੂੰ ਚੁੱਕਕੇ 'ਨਹਿੰਗ ਖਾਨ' ਦੇ ਘਰ ਲਿਆਂਦਾ ਗਿਆ , ਲੋੜ ਤੋਂ ਵੱਧ ਜਖ਼ਮੀ ਮਰਨ ਦੇ ਕਿਨਾਰੇ ਪਿਆ ਭਾਈ ਬਚਿੱਤਰ ਸਿੰਘ ਨੂੰ ਸੇਵਾ ਸੰਭਾਲ ਲਈ ਆਪਣੇ ਮੁਰੀਦ 'ਨਹਿੰਗ ਖਾਨ' ਦੇ ਹਵਾਲੇ ਕਰਕੇ ,ਗੁਰੂ ਜੀ ਸਿੰਘਾਂ ਸਮੇਤ ਉਥੋਂ ਚਮਕੌਰ ਨੂੰ ਚਲੇ ਗਏ।
ਕਿਸੇ ਨੇ ਰੋਪੜ ਇਲਾਕੇ ਦੇ ਨਵਾਬ ਜਾਫਰ ਅਲੀ ਖਾਨ ਨੂੰ ਖ਼ਬਰ ਦੇ ਦਿੱਤੀ ਕਿ ਨਹਿੰਗ ਖਾਨ ਦੇ ਘਰ ਗੋਬਿੰਦ ਸਿੰਘ 'ਤੇ ਉਹਦੇ ਸਿੰਘ ਆਏ ਹੋਏ ਨੇ। "
ਨਹਿੰਗ ਖਾਨ ਨੂੰ ਜਦ ਇਸ ਗੱਲ ਦਾ ਪਤਾ ਲੱਗਾ ,ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਯੋਧੇ ਨੂੰ ਬਚਾਉਣ ਲਈ ਇਕ ਸਕੀਮ ਬਣਾਈ ਅਤੇ ਆਪਣੀ ਬੇਟੀ 'ਮੁਮਤਾਜ' ਨੂੰ ਬਚਿੱਤਰ ਸਿੰਘ ਦੇ ਕਮਰੇ ਵਿੱਚ ਉਸ ਦੀ ਸੇਵਾ ਸੰਭਾਲ ਲਈ ਭੇਜਿਆ ਗਿਆ। ਨਵਾਬ 'ਜਾਫਰ ਅਲੀਖਾਨ' ਨੇ ਆਪਣੀ ਫੌਜ ਨੂੰ ਨਾਲ ਲੈਕੇ ਨਹਿੰਗ ਖਾਨ ਦੇ ਕਿਲੇ ਦੀ ਤਲਾਸ਼ੀ ਲਈ, ਕੋਈ ਸਿੰਘ ਨਾ ਮਿਲਿਆ, ਜਦ ਇਕ ਸਪੈਸ਼ਲ ਬੰਦ ਪਏ ਕਮਰੇ ਵਾਰੇ ਪੁੱਛਿਆ ਗਿਆ, ਤਾਂ ਨਹਿੰਗ ਖਾਨ ਨੇ ਬਣਾਈ ਗਈ ਸਕੀਮ ਅਨੁਸਾਰ ਨਵਾਬ ਨੂੰ ਦੱਸਿਆ ਗਿਆ ਕਿ "ਇਸ ਕਮਰੇ ਅੰਦਰ ਮੇਰੀ ਧੀ ਅਤੇ ਉਹਦਾ ਪਤੀ ਰਹਿ ਰਹੇ ਹਨ, ਜੇ ਜਰੂਰੀ ਹੈ, ਦਰਵਾਜਾ ਖੁਲਵਾਕੇ ਵੇਖ ਸਕਦੇ ਹੋ। "
ਨਵਾਬ ਜਾਫਰ ਆਲੀ ਖਾਨ ਨੇ ਨਹਿੰਗ ਖਾਨ ਦਾ ਯਕੀਨ ਕਰਦੇ ਹੋਏ, ਇਹ ਕਮਰਾ ਬਿਨਾਂ ਵੇਖੇ ਅਤੇ ਖਿਮਾ ਮੰਗਕੇ ਚਲਾ ਗਿਆ। ਜਿਥੇ ਜਖਮਾਂ ਦੀ ਤਾਬ ਨਾ ਝੱਲਦੇ ਹੋਏ 7-8 ਪੋਹ ਵਿਚਕਾਰਲੀ ਰਾਤ ਦਸੰਬਰ 1705 ਨੂੰ ਇਹ ਸੂਰਬੀਰ ਭਾਈ ਬਚਿੱਤਰ ਸਿੰਘ ਜੀ, ਸਦਾ ਲਈ ਇਸ ਦੁਨੀਆਂ ਤੋਂ ਚਲਾ ਗਿਆ।
ਨਹਿੰਗ ਖਾਨ ਦੀ ਇਸ ਲੜਕੀ 'ਮੁਮਤਾਜ' ਦਾ ਰਿਸਤਾ ਇਸ ਦੀ ਭੂਆ ਬੀਬੀ 'ਉਮਰੀ' (ਜੋ ਕਿ 'ਗਨੀ ਖਾਂ, ਨਬੀ ਖਾਂ ਦੀ ਮਾਤਾ ਸੀ,ਜੋ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚ ਦਾ ਪੀਰ ਬਣਾਕੇ ਲੈਕੇ ਆਏ ਸੀ।) ਨੇ ਬੱਸੀ ਪਠਾਣਾਂ ਨੇੜੇ 'ਜਵਾਰਖਾਨ' ਨਾਲ ਕਰਵਾਇਆ ਹੋਇਆ ਸੀ।
ਜਦ ਸਮਾਂ ਆਉਣ ਤੇ ਬੀਬੀ ਮੁਮਤਾਜ ਨਾਲ,ਪਿਤਾ ਨਹਿੰਗ ਖਾਨ ਨੇ ਨਿਕਾਹ ਦੀ ਗੱਲ ਤੋਰੀ, ਤਾਂ ਬੀਬੀ ਮੁਮਤਾਜ ਨੇ ਕਿਹਾ "ਅੱਬਾ ਜਾਨ,ਕਿਹਦੇ ਨਿਕਾਹ ਦੀ ਗੱਲ ਕਰਦੇ ਹੋਏ? ਮੁਸਲਮਾਨ ਬੱਚੀ ਕੀ ਦੋ ਵਾਰ ਨਿਕਾਹ ਕਰ ਸਕਦੀ ਆ? ਪਿਤਾ ਨੇ ਕਿਹਾ "ਮੁਮਤਾਜ ਕੀ ਕਹੀ ਜਾਂਦੀ ਆਂ ਤੂੰ? "
ਮੁਮਤਾਜ ਨੇ ਕਿਹਾ "ਅੱਬਾ ਜਾਨ, ਭੁੱਲ ਗਿਆ ਤੂੰ, ਨਵਾਬ ਜਾਫਰ ਅਲੀ ਖਾਂ ਨੂੰ ਤੂੰ ਕੀ ਕਿਹਾ ਸੀ? ਕਿ ਇਸ ਕਮਰੇ ਵਿੱਚ ਮੇਰੀ ਧੀ ਅਤੇ ਉਹਦਾ ਖਾਵੰਦ (ਪਤੀ) ਅੰਦਰ ਹਨ! ਤੂੰ ਬਚਿੱਤਰ ਸਿੰਘ ਨੂੰ ਮੇਰਾ ਪਤੀ ਬਣਾਇਆ ਸੀ ਕਿ ਨਹੀਂ ? ਬੱਸ ਮੈਂ ਤਾਂ ਉਸੇ ਦਿਨ ਹੀ ਸਮਝ ਲਿਆ ਸੀ, ਕਿ ਬਚਿੱਤਰ ਸਿੰਘ ਨਾਲ ਮੇਰਾ ਨਿਕਾਹ ਹੋ ਗਿਆ, ਇਕ ਸ਼ਹੀਦ ਦੀ ਪਤਨੀ ਦੂਜੀ ਵਾਰ ਸ਼ਾਦੀ ਕਰਕੇ,ਸ਼ਹੀਦੀ ਨੂੰ ਕਲੰਕਿਤ ਨਹੀਂ ਕਰ ਸਕਦੀ। ਇਸ ਲਈ ਹੁਣ ਮੈਂ ਹੋਰ ਵਿਆਹ ਨਹੀਂ ਕਰਵਾ ਸਕਦੀ।" ਸਾਰੇ ਰਿਸਤੇਦਾਰਾਂ ਦੇ ਸਮਝਾਉਣ ਦੇ ਬਾਵਜੂਦ ਬੀਬੀ ਮੁਮਤਾਜ ਆਪਣੀ ਗੱਲ ਤੇ ਕਾਇਮ ਰਹਿੰਦੇ ਹੋਏ ਮੁੜਕੇ ਵਿਆਹ ਨਹੀਂ ਕਰਵਾਇਆ। ਕਿਲੇ ਅੰਦਰ ਜਿਸ ਥਾਂ ਤੇ ਭਾਈ ਬਚਿੱਤਰ ਸਿੰਘ ਜੀ ਦਾ ਸੰਸਕਾਰ ਕੀਤਾ ਗਿਆ ਸੀ, ਉਸ ਥਾਂ ਤੇ ਧੂਫ ਬੱਤੀ ਕਰਕੇ ਸੱਜਦਾ ਕਰਦੀ, ਅੱਲਾ ਦਾ ਭਾਣਾ ਮੰਨਕੇ ਆਪਣੀ ਸਾਰੀ ਜਿੰਦਗੀ ਗੁਜਰ ਦਿੱਤੀ । ਜਿਸ ਕਰਕੇ ਬੀਬੀ ਮੁਮਤਾਜ ਦੇ ਨਾਮ ਤੇ ਇਥੇ ਵਿਸ਼ੇਸ਼ ਅਸਥਾਨ ਬਣਾਇਆ ਗਿਆ ਹੈ। ਜਿੰਨ੍ਹਾਂ ਚਿਰ ਇਤਿਹਾਸ ਕਾਇਮ ਹੈ, ਬੀਬੀ ਮੁਮਤਾਜ ਅਤੇ ਪਿਤਾ ਨਹਿੰਗ ਖਾਨ ਜੀ ਨਾਮ ਸੁਨਹਿਰੀ ਅੱਖਰਾਂ ਵਿੱਚ ਦਰਜ ਰਹੇਗਾ, ਅਤੇ ਇਹਨਾਂ ਦੀ ਕੁਰਬਾਨੀ ਦੀਆਂ ਗੱਲਾਂ ਹੁੰਦੀਆਂ ਰਹਿਣਗੀਆਂ ਅਤੇ ਕੁਰਬਾਨੀਆਂ ਕਰਨ ਵਾਲਿਆਂ ਨੂੰ ਸਦਾ ਸਿਜਦਾ ਹੁੰਦਾ ਰਹੇਗਾ।
ਮੇਜਰ ਸਿੰਘ 'ਬੁਢਲਾਡਾ'
94176 42327
.