.

ਬੇਸੁਆ ਕੈ ਘਰਿ ਬੇਟਾ ਜਨਮਿਆ

ਗੁਰਬਾਣੀ ਵਿੱਚ ਬਹੁਤ ਸਾਰੇ ਪ੍ਰਚਲਤ ਮੁਹਾਵਰੇ ਵਰਤੇ ਗਏ ਹਨ। ਆਮ ਲੋਕਾਈ ਨੂੰ ਜੀਵਨ ਦਾ ਮਕਸਦ ਸਮਝਾਉਣ ਲਈ ਆਮ ਬੋਲ ਚਾਲ ਵਿੱਚ ਪ੍ਰਚਲਤ ਘਟਨਾਵਾਂ ਦਾ ਅਤੇ ਕੰਮਾ ਕਿਤਿਆਂ ਦਾ ਜ਼ਿਕਰ ਵੀ ਮਿਲਦਾ ਹੈ। ਕਈ ਗੱਲਾਂ ਜਿਹੜੀਆਂ ਕਿ ਕਿਸੇ ਸਮੇ ਸੱਚੀਆਂ ਲਗਦੀਆਂ ਹੁੰਦੀਆਂ ਹਨ ਪਰ ਸਮਾ ਪਾ ਕੇ ਉਹ ਗਲਤ ਸਾਬਤ ਵੀ ਹੋ ਜਾਂਦੀਆਂ ਹਨ। ਕੁੱਝ ਗੱਲਾਂ ਐਸੀਆਂ ਹੁੰਦੀਆਂ ਹਨ ਜਿਹੜੀਆਂ ਕਿ ਸਦੀਵੀ ਸੱਚ ਹੁੰਦੀਆਂ ਹਨ। ਉਹਨਾਂ ਨੂੰ ਕਦੀ ਵੀ ਝੁਠਲਾਇਆ ਨਹੀਂ ਜਾ ਸਕਦਾ। ਜਦੋਂ ਦਾ ਸੰਸਾਰ ਬਣਿਆਂ ਹੈ ਅਤੇ ਮਨੁੱਖੀ ਜੀਵ ਹੋਂਦ ਵਿੱਚ ਆਇਆ ਹੈ ਉਦੋਂ ਤੋਂ ਹੀ ਲੈ ਕੇ ਅੱਜ ਤੱਕ ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਆਦਿਕ ਮਨੁੱਖ ਜਾਤੀ ਵਿੱਚ ਚਲਦੇ ਆ ਰਹੇ ਹਨ ਅਤੇ ਸਦਾ ਹੀ ਰਹਿਣਗੇ। ਸਾਇੰਸ ਅਤੇ ਡਾਕਟਰੀ ਲਿਹਾਜ ਨਾਲ ਇਨ੍ਹਾਂ ਤੇ ਆਰਜੀ ਤੌਰ ਤੇ ਤਾਂ ਕਾਬੂ ਪਾਇਆ ਜਾ ਸਕਦਾ ਹੈ ਪਰ ਸਦੀਵੀ ਨਹੀਂ। ਜੇ ਕਰ ਐਸਾ ਹੋ ਸਕਦਾ ਹੁੰਦਾ ਤਾਂ ਦੁਨੀਆ ਵਿਚੋਂ ਸਾਰੇ ਅਪਰਾਧ ਕਦੋਂ ਦੇ ਖਤਮ ਹੋ ਚੁੱਕੇ ਹੁੰਦੇ। ਸਾਰੀ ਦੁਨੀਆ ਦੇ ਝਗੜੇ, ਕਤਲ ਅਤੇ ਬਲਾਤਕਾਰ ਆਦਿਕ ਸਾਰੇ ਇਨ੍ਹਾਂ ਦੁਆਲੇ ਹੀ ਘੁੰਮਦੇ ਹਨ। ਕਈ ਤਾਂ ਪੜ੍ਹੇ ਲਿਖੇ ਸਾਇੰਸਦਾਨ ਵੀ ਇਨ੍ਹਾਂ ਪੰਚਾਂ ਦੇ ਅਧੀਨ ਅਜਿਹੇ ਕੰਮ ਕਰਦੇ ਹਨ ਕਿ ਬੰਦਾ ਹੈਰਾਨ ਹੋ ਜਾਂਦਾ ਹੈ ਕਿ ਕਿ ਇਹਨਾ ਦੇ ਦਿਮਾਗ ਨੂੰ ਕੀ ਹੋ ਗਿਆ ਹੈ। ਕੁੱਝ ਸਾਲ ਪਹਿਲਾਂ ਦੀ ਗੱਲ ਹੈ ਕਿ ਨਾਸਾ ਵਿੱਚ ਕੰਮ ਕਰਦੀ ਇੱਕ ਔਰਤ ਕਿਸੇ ਹੋਰ ਮਰਦ ਅਤੇ ਔਰਤ ਤੋਂ ਬਦਲਾ ਲੈਣ ਲਈ ਡਾਇਪਰ ਲਾ ਕੇ ਕਈ ਘੰਟੇ ਲਗਾਤਾਰ ਕਾਰ ਚਲਾਉਂਦੀ ਰਹੀ ਸੀ। ਕਈ ਡਾਕਟਰ ਵੀ ਧੋਖਾ-ਧੜੀ ਅਤੇ ਹੋਰ ਕਈ ਗਲਤ ਕੰਮ ਕਰਦੇ ਆਮ ਹੀ ਖਬਰਾਂ ਵਿੱਚ ਆਉਂਦੇ ਰਹਿੰਦੇ ਹਨ।

ਮੇਰੀ ਸੋਚਣੀ ਮੁਤਾਬਕ ਧਰਮ ਦਾ ਮੁਖ ਮਕਸਦ ਇਹ ਹੈ ਕਿ ਇਨ੍ਹਾਂ ਪੰਚਾਂ ਨੂੰ ਸੰਜਮ ਵਿੱਚ ਵਰਤ ਕੇ ਇੱਕ ਚੰਗੇ ਸਮਾਜ ਦੀ ਸਿਰਣਾ ਕਰਨਾ। ਕੋਈ ਵੀ ਵਿਆਕਤੀ ਇਨ੍ਹਾਂ ਪੰਚਾਂ ਤੋਂ ਮੁਕਤ ਨਹੀਂ ਹੋ ਸਕਦਾ ਅਤੇ ਇਹਨਾ ਨੂੰ ਖੁੱਲੀ ਛੁੱਟੀ ਦੇਣਾ ਵੀ ਸਮਾਜ ਲਈ ਹਾਨੀਕਾਰਕ ਹੈ। ਇਹ ਸਾਰਿਆਂ ਨੂੰ ਹੀ ਪਤਾ ਹੈ ਕਿ ਏਡਜ਼ ਦੀ ਬਿਮਾਰੀ ਨਾਲ ਹੁਣ ਤੱਕ ਕਿਤਨੇ ਲੋਕ ਮਰ ਚੁੱਕੇ ਹਨ ਅਤੇ ਏਡਜ਼ ਦੇ ਫੈਲਣ ਦੇ ਮੁੱਖ ਕਾਰਨ ਕੀ ਸਨ?

ਆਓ ਹੁਣ ਅਸਲੀ ਵਿਸ਼ੇ ਵੱਲ ਪਰਤੀਏ। ਗੱਲ ਨੂੰ ਹੋਰ ਅੱਗੇ ਤੋਰਨ ਤੋਂ ਪਹਿਲਾਂ ਮੈਂ ਇਹ ਵੀ ਦੱਸ ਦੇਵਾਂ ਕਿ ਇਹ ਮੇਰਾ ਉਹ ਲੇਖ ਨਹੀਂ ਹੈ ਜਿਸ ਦੇ ਪੜ੍ਹਨ ਨਾਲ ਬਹੁਤੇ ਲੇਖਕਾਂ ਨੇ ਮੈਂਨੂੰ ਆਪ ਹੀ ਛੱਡ ਜਾਣਾ ਹੈ। ਉਹਨਾ ਦੇ ਛੱਡਣ ਤੋਂ ਪਹਿਲਾਂ ਇਸ ਲੇਖ ਬਾਰੇ ਉਹ ਵੀ ਆਪਣੇ ਵਿਚਾਰ ਦੇ ਦੇਣ ਤਾਂ ਕਿ ਵੱਧ ਤੋਂ ਵੱਧ ਸਚਾਈ ਤੱਕ ਪਹੁੰਚਿਆ ਜਾ ਸਕੇ। ਉਹ ਨਿਰਾਜ਼ ਕਰਨ ਵਾਲਾ ਲੇਖ ਵੀ ਅਗਲੇ ਕੁੱਝ ਹਫਤਿਆਂ ਵਿੱਚ ਸ਼ਾਇਦ ਲਿਖਿਆ ਹੀ ਜਾਵੇ।

ਇਸ ਲੇਖ ਦਾ ਜੋ ਸਿਰਲੇਖ ਹੈ ਉਹ ਚੌਥੇ ਪਾਤਸ਼ਾਹ ਦੇ ਇੱਕ ਸ਼ਬਦ ਵਿਚੋਂ ਲਿਆ ਗਿਆ ਹੈ। ਇਹ ਸ਼ਬਦ ਪੰਨਾ 837 ਤੇ ਹੈ। ਆਓ ਪਹਿਲਾਂ ਉਹ ਸ਼ਬਦ ਅਤੇ ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਹੋਏ ਅਰਥ ਪੜ੍ਹ ਲਈਏ:

ਸੇਜ ਏਕ ਏਕੋ ਪ੍ਰਭੁ ਠਾਕੁਰੁ ਮਹਲੁ ਨ ਪਾਵੈ ਮਨਮੁਖ ਭਰਮਈਆ॥ ਗੁਰੁ ਗੁਰੁ ਕਰਤ ਸਰਣਿ ਜੇ ਆਵੈ ਪ੍ਰਭੁ ਆਇ ਮਿਲੈ ਖਿਨੁ ਢੀਲ ਨ ਪਈਆ॥ ੫॥ ਕਰਿ ਕਰਿ ਕਿਰਿਆਚਾਰ ਵਧਾਏ ਮਨਿ ਪਾਖੰਡ ਕਰਮੁ ਕਪਟ ਲੋਭਈਆ॥ ਬੇਸੁਆ ਕੈ ਘਰਿ ਬੇਟਾ ਜਨਮਿਆ ਪਿਤਾ ਤਾਹਿ ਕਿਆ ਨਾਮੁ ਸਦਈਆ॥ ੬॥ {ਪੰਨਾ ੮੩੭}

ਅਰਥ: —ਹੇ ਸਹੇਲੀਏ ! (ਜੀਵ-ਇਸਤ੍ਰੀ ਦੀ) ਇਕੋ ਹਿਰਦਾ-ਸੇਜ ਹੈ ਜਿਸ ਉਤੇ ਠਾਕੁਰੁ-ਪ੍ਰਭੂ ਆਪ ਹੀ ਵੱਸਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ (ਪ੍ਰਭੂ-ਪਤੀ ਦਾ) ਟਿਕਾਣਾ ਨਹੀਂ ਲੱਭ ਸਕਦੀ, ਉਹ ਭਟਕਦੀ ਹੀ ਫਿਰਦੀ ਹੈ। ਜੇ ਉਹ ‘ਗੁਰ ਗੁਰੂ’ ਕਰਦੀ ਗੁਰੂ ਦੀ ਸਰਨ ਆ ਪਏ, ਤਾਂ ਪ੍ਰਭੂ ਆ ਕੇ ਉਸ ਨੂੰ ਮਿਲ ਪੈਂਦਾ ਹੈ, ਰਤਾ ਭੀ ਚਿਰ ਨਹੀਂ ਲੱਗਦਾ। ੫।

ਪਰ ਜੇ ਕੋਈ ਮਨੁੱਖ (ਗੁਰੂ ਦਾ ਆਸਰਾ ਛੱਡ ਕੇ, ਹਰਿ-ਨਾਮ ਦਾ ਸਿਮਰਨ ਭੁਲਾ ਕੇ) ਮੁੜ ਮੁੜ (ਤੀਰਥ-ਜਾਤ੍ਰਾ ਆਦਿਕ ਦੇ ਮਿੱਥੇ ਹੋਏ ਧਾਰਮਿਕ ਕਰਮ) ਕਰ ਕੇ ਇਹਨਾਂ ਕਰਮ ਕਾਂਡੀ ਕਰਮਾਂ ਨੂੰ ਹੀ ਵਧਾਂਦਾ ਜਾਏ, ਤਾਂ ਉਸ ਦੇ ਮਨ ਵਿੱਚ ਲੋਭ ਵਲ-ਛਲ ਵਿਖਾਵੇ ਆਦਿਕ ਦਾ ਕਰਮ ਹੀ ਟਿਕਿਆ ਰਹੇਗਾ (ਖਸਮ-ਪ੍ਰਭੂ ਦਾ ਮਿਲਾਪ ਨਹੀਂ ਹੋਵੇਗਾ)। ਬਜ਼ਾਰੀ ਔਰਤ ਦੇ ਘਰ ਜੇ ਪੁੱਤਰ ਜੰਮ ਪਏ, ਤਾਂ ਉਸ ਪੁੱਤਰ ਦੇ ਪਿਉ ਦਾ ਕੋਈ ਨਾਮ ਨਹੀਂ ਦੱਸਿਆ ਜਾ ਸਕਦਾ। ੬।

ਉਪਰ ਲਿਖੇ ਸ਼ਬਦ ਦੀ ਅਖੀਰਲੀ ਪੰਗਤੀ ਅਤੇ ਇਸ ਦੇ ਅਰਥ ਧਿਆਨ ਨਾਲ ਪੜ੍ਹੋ ਅਤੇ ਦੱਸੋ ਕਿ ਇਹ ਗੱਲ ਅੱਜ ਸਾਂਇੰਸ ਦੇ ਯੁੱਗ ਵਿੱਚ ਪੂਰੀ ਸੱਚ ਤੇ ਉਤਰ ਸਕਦੀ ਹੈ? ਕੀ D.N. A. ਦੀ ਕਾਢ ਨਾਲ ਇਹ ਗੱਲ ਗਲਤ ਸਾਬਤ ਨਹੀਂ ਹੋ ਜਾਂਦੀ? ਤੁਸੀਂ ਆਮ ਹੀ ਮੀਡੀਏ ਵਿੱਚ ਦੇਖਦੇ ਸੁਣਦੇ ਹੋ ਕਿ ਇਸ ਕਾਢ ਦੀ ਸਹਾਇਤਾ ਨਾਲ ਕਈ-ਕਈ ਦਹਾਕਿਆਂ ਦੇ ਪੁਰਾਣੇ ਕੇਸ ਸੁਲਝਾਏ ਜਾ ਰਹੇ ਹਨ ਅਤੇ ਅਪਰਾਧੀਆਂ ਨੂੰ ਸਜਾ ਵੀ ਮਿਲ ਰਹੀ ਹੈ। ਕੀ ਗੁਰਬਾਣੀ ਦੇ ਅੱਖਰੀ ਅਤੇ ਭਾਵ ਅਰਥ ਸਮੇਂ ਅਨੁਸਾਰ ਬਦਲ ਨਹੀਂ ਰਹੇ? ਇਸ ਨਾਲ ਸੰਬੰਧਿਤ ਕੁੱਝ ਹੋਰ ਸ਼ਬਦ ਇਹ ਹੇਠ ਲਿਖੇ ਹਨ।

ਪਿਰ ਬਿਨੁ ਕਿਆ ਤਿਸੁ ਧਨ ਸੀਗਾਰਾ॥ ਪਰ ਪਿਰ ਰਾਤੀ ਖਸਮੁ ਵਿਸਾਰਾ॥ ਜਿਉ ਬੇਸੁਆ ਪੂਤ ਬਾਪੁ ਕੋ ਕਹੀਐ ਤਿਉ ਫੋਕਟ ਕਾਰ ਵਿਕਾਰਾ ਹੇ॥ ੫॥ {ਪੰਨਾ -੧੦੨੯}

 

ਸਤਿਗੁਰ ਪੁਰਖੁ ਨਿਰਵੈਰੁ ਹੈ ਨਿਤ ਹਿਰਦੈ ਹਰਿ ਲਿਵ ਲਾਇ॥ ਨਿਰਵੈਰੈ ਨਾਲਿ ਵੈਰੁ ਰਚਾਇਦਾ ਅਪਣੈ ਘਰਿ ਲੂਕੀ ਲਾਇ॥ ਅੰਤਰਿ ਕ੍ਰੋਧੁ ਅਹੰਕਾਰੁ ਹੈ ਅਨਦਿਨੁ ਜਲੈ ਸਦਾ ਦੁਖੁ ਪਾਇ॥ ਕੂੜੁ ਬੋਲਿ ਬੋਲਿ ਨਿਤ ਭਉਕਦੇ ਬਿਖੁ ਖਾਧੇ ਦੂਜੈ ਭਾਇ॥ ਬਿਖੁ ਮਾਇਆ ਕਾਰਣਿ ਭਰਮਦੇ ਫਿਰਿ ਘਰਿ ਘਰਿ ਪਤਿ ਗਵਾਇ॥ ਬੇਸੁਆ ਕੇਰੇ ਪੂਤ ਜਿਉ ਪਿਤਾ ਨਾਮੁ ਤਿਸੁ ਜਾਇ॥ ਹਰਿ ਹਰਿ ਨਾਮੁ ਨ ਚੇਤਨੀ ਕਰਤੈ ਆਪਿ ਖੁਆਇ॥ ਹਰਿ ਗੁਰਮੁਖਿ ਕਿਰਪਾ ਧਾਰੀਅਨੁ ਜਨ ਵਿਛੁੜੇ ਆਪਿ ਮਿਲਾਇ॥ ਜਨ ਨਾਨਕੁ ਤਿਸੁ ਬਲਿਹਾਰਣੈ ਜੋ ਸਤਿਗੁਰ ਲਾਗੇ ਪਾਇ॥ ੨੩॥ (ਪੰਨਾ ੧੪੧੫)

 

ਦੇਵਗੰਧਾਰੀ॥ ਹਰਿ ਕੇ ਨਾਮ ਬਿਨਾ ਸੁੰਦਰਿ ਹੈ ਨਕਟੀ॥ ਜਿਉ ਬੇਸੁਆ ਕੇ ਘਰਿ ਪੂਤੁ ਜਮਤੁ ਹੈ ਤਿਸੁ ਨਾਮੁ ਪਰਿਓ ਹੈ ਧ੍ਰਕਟੀ॥ ੧॥ ਰਹਾਉ॥ ਜਿਨ ਕੈ ਹਿਰਦੈ ਨਾਹਿ ਹਰਿ ਸੁਆਮੀ ਤੇ ਬਿਗੜ ਰੂਪ ਬੇਰਕਟੀ॥ ਜਿਉ ਨਿਗੁਰਾ ਬਹੁ ਬਾਤਾ ਜਾਣੈ ਓਹੁ ਹਰਿ ਦਰਗਹ ਹੈ ਭ੍ਰਸਟੀ॥ ੧॥ ਜਿਨ ਕਉ ਦਇਆਲੁ ਹੋਆ ਮੇਰਾ ਸੁਆਮੀ ਤਿਨਾ ਸਾਧ ਜਨਾ ਪਗ ਚਕਟੀ॥ ਨਾਨਕ ਪਤਿਤ ਪਵਿਤ ਮਿਲਿ ਸੰਗਤਿ ਗੁਰ ਸਤਿਗੁਰ ਪਾਛੈ ਛੁਕਟੀ॥ ੨॥ ੬॥  ਛਕਾ ੧ {ਪੰਨਾ ੫੨੮}

 

ਗਉੜੀ ਮਹਲਾ ੫॥ ਬਿਨੁ ਸਿਮਰਨ ਜੈਸੇ ਸਰਪ ਆਰਜਾਰੀ॥ ਤਿਉ ਜੀਵਹਿ ਸਾਕਤ ਨਾਮੁ ਬਿਸਾਰੀ॥ ੧॥ ਏਕ ਨਿਮਖ ਜੋ ਸਿਮਰਨ ਮਹਿ ਜੀਆ॥ ਕੋਟਿ ਦਿਨਸ ਲਾਖ ਸਦਾ ਥਿਰੁ ਥੀਆ॥ ੧॥ ਰਹਾਉ॥ ਬਿਨੁ ਸਿਮਰਨ ਧ੍ਰਿਗੁ ਕਰਮ ਕਰਾਸ॥ ਕਾਗ ਬਤਨ ਬਿਸਟਾ ਮਹਿ ਵਾਸ॥ ੨॥ ਬਿਨੁ ਸਿਮਰਨ ਭਏ ਕੂਕਰ ਕਾਮ॥ ਸਾਕਤ ਬੇਸੁਆ ਪੂਤ ਨਿਨਾਮ॥ ੩॥ ਬਿਨੁ ਸਿਮਰਨ ਜੈਸੇ ਸੀਙ ਛਤਾਰਾ॥ ਬੋਲਹਿ ਕੂਰੁ ਸਾਕਤ ਮੁਖੁ ਕਾਰਾ॥ ੪॥ ਬਿਨੁ ਸਿਮਰਨ ਗਰਧਭ ਕੀ ਨਿਆਈ॥ ਸਾਕਤ ਥਾਨ ਭਰਿਸਟ ਫਿਰਾਹੀ॥ ੫॥ ਬਿਨੁ ਸਿਮਰਨ ਕੂਕਰ ਹਰਕਾਇਆ॥ ਸਾਕਤ ਲੋਭੀ ਬੰਧੁ ਨ ਪਾਇਆ॥ ੬॥ ਬਿਨੁ ਸਿਮਰਨ ਹੈ ਆਤਮ ਘਾਤੀ॥ ਸਾਕਤ ਨੀਚ ਤਿਸੁ ਕੁਲੁ ਨਹੀ ਜਾਤੀ॥ ੭॥ ਜਿਸੁ ਭਇਆ ਕ੍ਰਿਪਾਲੁ ਤਿਸੁ ਸਤਸੰਗਿ ਮਿਲਾਇਆ॥ ਕਹੁ ਨਾਨਕ ਗੁਰਿ ਜਗਤੁ ਤਰਾਇਆ॥ ੮॥ ੭॥ {ਪੰਨਾ ੨੩੯}

 

ਇਸੇ ਤਰ੍ਹਾਂ ਭਗਤ ਕਬੀਰ ਜੀ ਦਾ ਇੱਕ ਸ਼ਬਦ ਬੜਾ ਹੀ ਮਸ਼ਹੂਰ ਹੈ ਅਤੇ ਉਸ ਸ਼ਬਦ ਵਿਚਲੀਆਂ ਕੁੱਝ ਪੰਗਤੀਆਂ ਬਹੁਤ ਹੀ ਪ੍ਰਚੱਲਤ ਹਨ ਅਤੇ ਆਮ ਹੀ ਸੁਣਾਈਆਂ ਜਾਂਦੀਆਂ ਹਨ। ਉਹ ਪੂਰਾ ਸ਼ਬਦ ਅਤੇ ਉਸ ਦੇ ਅਰਥ ਹੇਠਾਂ ਦਿੱਤੇ ਜਾ ਰਹੇ ਹਨ।

 

ਆਸਾ॥ ਹਿੰਦੂ ਤੁਰਕ ਕਹਾ ਤੇ ਆਏ, ਕਿਨਿ ਏਹ ਰਾਹ ਚਲਾਈ॥ ਦਿਲ ਮਹਿ ਸੋਚਿ ਬਿਚਾਰਿ ਕਵਾਦੇ, ਭਿਸਤ ਦੋਜਕ ਕਿਨਿ ਪਾਈ॥ ੧॥ ਕਾਜੀ, ਤੈ ਕਵਨ ਕਤੇਬ ਬਖਾਨੀ॥ ਪੜ੍ਹਤ ਗੁਨਤ ਐਸੇ ਸਭ ਮਾਰੇ, ਕਿਨਹੂੰ ਖਬਰਿ ਨ ਜਾਨੀ॥ ੧॥ ਰਹਾਉ॥ ਸਕਤਿ ਸਨੇਹੁ ਕਰਿ ਸੁੰਨਤਿ ਕਰੀਐ, ਮੈ ਨ ਬਦਉਗਾ ਭਾਈ॥ ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ, ਆਪਨ ਹੀ ਕਟਿ ਜਾਈ॥ ੨॥ ਸੁੰਨਤਿ ਕੀਏ ਤੁਰਕੁ ਜੇ ਹੋਇਗਾ, ਅਉਰਤ ਕਾ ਕਿਆ ਕਰੀਐ॥ ਅਰਧਸਰੀਰੀ ਨਾਰਿ ਨ ਛੋਡੈ, ਤਾ ਤੇ ਹਿੰਦੂ ਹੀ ਰਹੀਐ॥ ੩॥ ਛਾਡਿ ਕਤੇਬ ਰਾਮੁ ਭਜੁ ਬਉਰੇ, ਜੁਲਮ ਕਰਤ ਹੈ ਭਾਰੀ॥ ਕਬੀਰੈ ਪਕਰੀ ਟੇਕ ਰਾਮ ਕੀ, ਤੁਰਕ ਰਹੇ ਪਚਿਹਾਰੀ॥ ੪॥ ੮॥ {ਪੰਨਾ ੪੭੭}

ਅਰਥ: —ਕੋਝੇ ਝਗੜਾਲੂ (ਆਪਣੇ ਮਤ ਨੂੰ ਸੱਚਾ ਸਾਬਤ ਕਰਨ ਲਈ ਬਹਿਸਾਂ ਕਰਨ ਦੇ ਥਾਂ, ਅਸਲੀਅਤ ਲੱਭਣ ਲਈ) ਆਪਣੇ ਦਿਲ ਵਿੱਚ ਸੋਚ ਤੇ ਵਿਚਾਰ ਕਰ ਕਿ ਹਿੰਦੂ ਤੇ ਮੁਸਲਮਾਨ (ਇਕ ਪਰਮਾਤਮਾ ਤੋਂ ਬਿਨਾ ਹੋਰ) ਕਿਥੋਂ ਪੈਦਾ ਹੋਏ ਹਨ, (ਪ੍ਰਭੂ ਤੋਂ ਬਿਨਾ ਹੋਰ) ਕਿਸ ਨੇ ਇਹ ਰਸਤੇ ਤੋਰੇ; (ਜਦੋਂ ਦੋਹਾਂ ਮਤਾਂ ਦੇ ਬੰਦੇ ਰੱਬ ਨੇ ਹੀ ਪੈਦਾ ਕੀਤੇ ਹਨ, ਤਾਂ ਉਹ ਕਿਸ ਨਾਲ ਵਿਤਕਰਾ ਕਰ ਸਕਦਾ ਹੈ? ਸਿਰਫ਼ ਮੁਸਲਮਾਨ ਜਾਂ ਹਿੰਦੂ ਹੋਣ ਕਰਕੇ ਹੀ) ਕਿਸ ਨੇ ਬਹਿਸ਼ਤ ਲੱਭਾ ਤੇ ਕਿਸ ਨੇ ਦੋਜ਼ਕ? (ਭਾਵ, ਸਿਰਫ਼ ਮੁਸਲਮਾਨ ਅਖਵਾਉਣ ਨਾਲ ਬਹਿਸ਼ਤ ਨਹੀਂ ਮਿਲ ਜਾਂਦਾ, ਤੇ ਹਿੰਦੂ ਰਿਹਾਂ ਦੋਜ਼ਕ ਵਿੱਚ ਨਹੀਂ ਪਈਦਾ)। ੧।

ਹੇ ਕਾਜ਼ੀ! ਤੂੰ ਕਿਹੜੀਆਂ ਕਿਤਾਬਾਂ ਵਿਚੋਂ ਦੱਸ ਰਿਹਾ ਹੈਂ (ਕਿ ਮੁਸਲਮਾਨ ਨੂੰ ਬਹਿਸ਼ਤ ਤੇ ਹਿੰਦੂ ਨੂੰ ਦੋਜ਼ਕ ਮਿਲੇਗਾ) ? (ਹੇ ਕਾਜ਼ੀ!) ਤੇਰੇ ਵਰਗੇ ਪੜ੍ਹਨ ਤੇ ਵਿਚਾਰਨ ਵਾਲੇ (ਭਾਵ, ਜੋ ਮਨੁੱਖ ਤੇਰੇ ਵਾਂਗ ਤਅੱਸਬ ਦੀ ਪੱਟੀ ਅੱਖਾਂ ਅੱਗੇ ਬੰਨ੍ਹ ਕੇ ਮਜ਼ਹਬੀ ਕਿਤਾਬਾਂ ਪੜ੍ਹਦੇ ਹਨ) ਸਭ ਖ਼ੁਆਰ ਹੁੰਦੇ ਹਨ। ਕਿਸੇ ਨੂੰ ਅਸਲੀਅਤ ਦੀ ਸਮਝ ਨਹੀਂ ਪਈ। ੧। ਰਹਾਉ।

(ਇਹ) ਸੁੰਨਤ (ਤਾਂ) ਔਰਤ ਦੇ ਪਿਆਰ ਦੀ ਖ਼ਾਤਰ ਕੀਤੀ ਜਾਂਦੀ ਹੈ। ਹੇ ਭਾਈ! ਮੈਂ ਨਹੀਂ ਮੰਨ ਸਕਦਾ (ਕਿ ਇਸ ਦਾ ਰੱਬ ਦੇ ਮਿਲਣ ਨਾਲ ਕੋਈ ਸੰਬੰਧ ਹੈ)। ਜੋ ਰੱਬ ਨੇ ਮੈਨੂੰ ਮੁਸਲਮਾਨ ਬਣਾਉਣਾ ਹੋਇਆ, ਤਾਂ ਮੇਰੀ ਸੁੰਨਤ ਆਪਣੇ ਆਪ ਹੀ ਹੋ ਜਾਇਗੀ। ੨।

ਪਰ, ਜੇ ਸਿਰਫ਼ ਸੁੰਨਤ ਕੀਤਿਆਂ ਹੀ ਮੁਸਲਮਾਨ ਬਣ ਸਕੀਦਾ ਹੈ, ਤਾਂ ਔਰਤ ਦੀ ਸੁੰਨਤ ਤਾਂ ਹੋ ਹੀ ਨਹੀਂ ਸਕਦੀ। ਵਹੁਟੀ ਮਨੁੱਖ ਦੇ ਜੀਵਨ ਦੀ ਹਰ ਵੇਲੇ ਦੀ ਸਾਂਝੀਵਾਲ ਹੈ, ਇਹ ਤਾਂ ਕਿਸੇ ਵੇਲੇ ਸਾਥ ਛੱਡਦੀ ਨਹੀਂ। ਸੋ, (ਅਧਵਾਟੇ ਰਹਿਣ ਨਾਲੋਂ) ਹਿੰਦੂ ਟਿਕੇ ਰਹਿਣਾ ਹੀ ਚੰਗਾ ਹੈ। ੩।

ਹੇ ਭਾਈ! ਮਜ਼ਹਬੀ ਕਿਤਾਬਾਂ ਦੀਆਂ ਬਹਿਸਾਂ ਛੱਡ ਕੇ ਪਰਮਾਤਮਾ ਦਾ ਭਜਨ ਕਰ, (ਬੰਦਗੀ ਛੱਡ ਕੇ, ਤੇ ਬਹਿਸਾਂ ਵਿੱਚ ਪੈ ਕੇ) ਤੂੰ ਆਪਣੇ ਆਪ ਉੱਤੇ ਬੜਾ ਜ਼ੁਲਮ ਕਰ ਰਿਹਾ ਹੈਂ। ਕਬੀਰ ਨੇ ਤਾਂ ਇੱਕ ਪਰਮਾਤਮਾ (ਦੇ ਸਿਮਰਨ) ਦਾ ਆਸਰਾ ਲਿਆ ਹੈ, (ਝਗੜਾਲੂ) ਮੁਸਲਮਾਨ (ਬਹਿਸਾਂ ਵਿੱਚ ਹੀ) ਖ਼ੁਆਰ ਹੋ ਰਹੇ ਹਨ। ੪। ੮।

ਇਸ ਉਪਰ ਦਿੱਤੇ ਸ਼ਬਦ ਵਿਚ, ਸੁੰਨਤਿ ਕੀਏ ਤੁਰਕੁ ਜੇ ਹੋਇਗਾ, ਅਉਰਤ ਕਾ ਕਿਆ ਕਰੀਐ” ਵਾਲੀਆਂ ਪੰਗਤੀਆਂ, ਕੀ ਸੱਚ ਤੇ ਪੂਰਾ ਉਤਰਦੀਆਂ ਹਨ? ਅਫਰੀਕਾ ਦੇ ਕਈ ਦੇਸ਼ਾਂ ਵਿੱਚ ਔਰਤਾਂ ਦੀ ਸੁੰਨਤ ਕੀਤੀ ਜਾਂਦੀ ਹੈ। ਇਸ ਬਾਰੇ ਅਨੇਕਾਂ ਹੀ ਰਿਪੋਰਟਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਮੈਂ ਵੀ ਰਾਤ ਨੂੰ ਕੰਮ ਕਰਦੇ ਸਮੇਂ ਸੀ. ਬੀ. ਸੀ. ਰੇਡੀਓ ਤੇ ਸੁਣੀਆਂ ਸਨ। ਜਿਸ ਦਾ ਇੱਕ ਲਿੰਕ ਇਹ ਹੇਠਾਂ ਵੀ ਦਿੱਤਾ ਜਾ ਰਿਹਾ ਹੈ।

https://www.cbc.ca/radio/thecurrent/the-current-for-november-13-2018-1.4902679/meet-the-kenyan-woman-urging-village-elders-to-abandon-female-genital-mutilation-1.4903434

ਇੰਜ਼: ਦਰਸ਼ਨ ਸਿੰਘ ਖਾਲਸਾ ਅਸਟ੍ਰੇਲੀਆ ਜੀ ਨੇ ਵੀ ਆਪਣੇ ਇੱਕ ਲੇਖ ਵਿੱਚ ਇਸ ਦਾ ਜ਼ਿਕਰ ਕੀਤਾ ਸੀ ਅਤੇ ਹਰਚਰਨ ਸਿੰਘ ਪਰਹਾਰ ਨੇ ਵੀ ਆਪਣੇ ਇੱਕ ਲੇਖ, “ਔਰਤਾਂ ਤੇ ਜ਼ੁਲਮਾਂ ਦੀ ਦਾਸਤਾਨ” ਵਿੱਚ ਇਸ ਦਾ ਜ਼ਿਕਰ ਕੀਤਾ ਸੀ। ਹਰਚਰਨ ਸਿੰਘ ਪਰਹਾਰ ਦੇ ਇਸ ਲੇਖ ਵਿਚੋਂ ਇੱਕ ਪੈਰਾ ਲੈ ਕੇ ਪਾ ਰਿਹਾ ਹਾਂ ਜੋ ਕਿ ਇਸ ਤਰ੍ਹਾਂ ਹੈ:

“ਔਰਤਾਂ ਦੀ ਸੁੰਨਤ: ਕਈ ਧਾਰਮਿਕ ਫਿਰਕਿਆਂ ਤੇ ਕਬੀਲਿਆਂ ਵਿੱਚ ਅਜਿਹੀ ਪ੍ਰਥਾ ਪ੍ਰਚਲਤ ਰਹੀ ਹੈ ਤੇ ਕਈ ਥਾਈਂ ਅਜੇ ਵੀ ਚੱਲ ਰਹੀ ਹੈ, ਜਿਸ ਅਧੀਨ ਇਹ ਸੋਚ ਕੇ ਨੌਜਵਾਨ ਲੜਕੀਆਂ ਦੇ ਗੁਪਤ ਅੰਗਾਂ ਨੂੰ ਜ਼ਬਰਦਸਤੀ ਬੜੀ ਬੇਰਹਿਮੀ ਨਾਲ ਕੱਟਿਆ ਜਾਂਦਾ ਹੈ ਤਾਂ ਕਿ ਉਨ੍ਹਾਂ ਵਿੱਚ ਸੈਕਸ ਦੀ ਤਮੰਨਾ ਨਾ ਰਹੇ ਤੇ ਉਹ ਮਰਦ ਦੀ ਸਰੀਰਕ (ਕਾਮੁਕ) ਭੁੱਖ ਪੂਰੀ ਕਰਨ ਲਈ ਮਸ਼ੀਨ ਵਾਂਗ ਕੰਮ ਕਰਨ। ਉਹ ਮਰਦ ਤੋਂ ਸੈਕਸ ਦੀ ਕਿਸੇ ਤਰ੍ਹਾਂ ਖਾਹਿਸ਼ ਨਾ ਰੱਖਣ। ਉਨ੍ਹਾਂ ਵਿਚੋਂ ਕਾਮ ਵੇਗ ਹੀ ਖਤਮ ਹੋ ਜਾਵੇ ਤਾਂ ਕਿ ਪਤੀ ਦੀ ਮੌਤ ਜਾਂ ਪਤੀ ਦੀ ਗੈਰ ਹਾਜ਼ਰੀ ਵਿੱਚ ਉਨ੍ਹਾਂ ਵਿੱਚ ਕਿਸੇ ਹੋਰ ਮਰਦ ਨਾਲ ਸਰੀਰਕ ਸਬੰਧ ਬਣਾਉਣ ਦੀ ਇਛਾ ਨਾ ਰਹੇ। ਇਸ ਔਰਤ ਸੁੰਨਤ ਨਾਲ ਜਿਥੇ ਲੜਕੀਆਂ ਨੂੰ ਸਰੀਰਕ ਪੀੜ੍ਹਾ ਵਿਚੋਂ ਗੁਜ਼ਰਨਾ ਪੈਂਦਾ ਹੈ, ਉਥੇ ਸਾਰੀ ਉਮਰ ਮਾਨਸਿਕ ਸੰਤਾਪ ਵੀ ਹੰਢਾਉਣਾ ਪੈਂਦਾ ਹੈ”।

ਕਹਿਣ ਤੋਂ ਭਾਵ ਹੈ ਕਿ ਔਰਤਾਂ ਦੀ ਵੀ ਸੁੰਨਤ ਹੁੰਦੀ ਸੀ ਅਤੇ ਹੁਣ ਵੀ ਕੀਤੀ ਜਾਂਦੀ ਹੈ। ਹੋ ਸਕਦਾ ਹੈ ਕਿ ਕਬੀਰ ਸਾਹਿਬ ਨੂੰ ਉਸ ਵੇਲੇ ਇਸ ਦੀ ਪੂਰੀ ਜਾਣਕਾਰੀ ਨਾ ਹੋਵੇ। ਇਹ ਵੀ ਹੋ ਸਕਦਾ ਹੈ ਕਿ ਉਸ ਵੇਲੇ ਹਿੰਦੋਸਤਾਨ ਵਿੱਚ ਨਾ ਹੁੰਦੀ ਹੋਵੇ। ਕੁੱਝ ਵੀ ਹੋਵੇ ਪਰ ਅੱਜ ਕੱਲ ਇਹ ਪੰਗਤੀਆਂ ਸੱਚ ਤੇ ਪੂਰੀ ਤਰ੍ਹਾਂ ਨਹੀਂ ਢੁਕਦੀਆਂ। ਹੁਣ ਜੇ ਕਰ ਕੋਈ ਸਿੱਖ ਕਿਸੇ ਮੁਸਲਮਾਨ ਨੂੰ ਜਾਂ ਸਾਰੇ ਧਰਮਾਂ ਦੇ ਕਿਸੇ ਇਕੱਠ ਵਿੱਚ ਇਹ ਦਾਅਵਾ ਕਰੇ ਕਿ ਗੁਰਬਾਣੀ ਅੱਖਰ-ਅੱਖਰ ਸੱਚ ਹੈ ਅਤੇ ਨਾਲ ਹੀ ਇਹ ਪੰਗਤੀਆਂ ਵੀ ਸੁਣਾ ਦੇਵੇ ਤਾਂ ਦੱਸੋ ਜੇ ਕਰ ਉਥੇ ਕੋਈ ਉਠ ਕੇ ਇਹ ਕਹਿ ਦੇਵੇ ਕਿ ਸਿੱਖੋ ਤੁਸੀਂ ਝੂਠ ਬੋਲਦੇ ਹੋ। ਇਸਤਰੀਆਂ ਦੀ ਸੁੰਨਤ ਹੋ ਸਕਦੀ ਹੈ ਅਤੇ ਹੁਣ ਵੀ ਹੁੰਦੀ ਹੈ ਤਾਂ ਦੱਸੋ ਫਿਰ ਤੁਹਾਡੇ ਕੋਲ ਕੀ ਜਵਾਬ ਹੋਵੇਗਾ? ਇਸੇ ਤਰ੍ਹਾਂ ਵੇਸਵਾ ਦੇ ਪੁੱਤਰ ਦਾ ਵੀ ਡੀ. ਐੱਨ. ਏ. ਰਾਂਹੀਂ ਪਤਾ ਲੱਗ ਸਕਦਾ ਹੈ। ਜੇ ਕਰ ਤੁਸੀਂ ਇੰਟਰਨੈੱਟ ਤੇ ਡੀ. ਐੱਨ. ਏ. ਦੀ ਭਾਲ ਕਰਦੇ ਹੋ ਤਾਂ ਅਨੇਕਾਂ ਸਾਈਟਾਂ ਤੁਹਾਡੇ ਆਹਮਣੇ ਆ ਜਾਣਗੀਆਂ। ਇਹੋ ਜਿਹੀਆਂ ਬਹੁਤ ਸਾਰੀਆਂ ਸਾਈਟਾਂ ਬਣੀਆਂ ਹੋਈਆਂ ਹਨ ਜਿਹੜੀਆਂ ਕਿ ਤੁਹਾਡੀਆਂ ਪਿਛਲੀਆਂ ਕਈ ਪੀੜੀਆਂ ਬਾਰੇ ਦੱਸ ਸਕਦੀਆਂ ਹਨ। ਇਹ ਸੌ ਡਾਲਰ ਤੋਂ ਵੀ ਘੱਟ ਪੈਸਿਆਂ ਨਾਲ ਡੀ. ਐੱਨ. ਏ. ਟੈਸਟ ਕਰਨ ਵਾਲੇ ਕੈੱਟ ਤੁਹਾਨੂੰ ਘਰੇ ਭੇਜ ਦਿੰਦੀਆਂ ਹਨ। ਤੁਸੀਂ ਆਪਣੇ ਥੁੱਕ ਦੇ ਜਰੀਏ ਇਹ ਟੈਸਟ ਕਰਵਾ ਸਕਦੇ ਹੋ ਅਤੇ ਬਹੁਤ ਸਾਰੇ ਕਰਵਾਉਂਦੇ ਵੀ ਹਨ। ਇਸ ਡੀ. ਐੱਨ. ਏ. ਵਾਲੇ ਡਾਟਾ ਬੈਂਕ ਰਾਹੀਂ ਉਹ ਅਪਰਾਧੀ ਵੀ ਪਕੜੇ ਗਏ ਜਿਹਨਾ ਨੇ ਆਪ ਕਦੀ ਵੀ ਇਹ ਟੈਸਟ ਨਹੀਂ ਕਰਵਾਇਆ ਸੀ ਪਰ ਇਹ ਟੈਸਟ ਉਹਨਾ ਦੇ ਕਿਸੇ ਰਿਸ਼ਤੇਦਾਰ ਨੇ ਕਰਵਾਇਆ ਸੀ।

ਇਹ ਸੁੰਨਤ ਅਤੇ ਵੇਸਵਾ ਦੇ ਪੁੱਤਰ ਵਾਲੀਆਂ ਤਾਂ ਦੋ ਖਾਸ ਗੱਲਾਂ ਹਨ ਪਰ ਇਸ ਤਰ੍ਹਾਂ ਦੀਆਂ ਸੈਂਕੜੇ ਹੋਰ ਵੀ ਹੋ ਸਕਦੀਆਂ ਹਨ ਜਿਹੜੀਆਂ ਕਿ ਮੌਜੂਦਾ ਸੱਚ ਤੇ ਪੂਰੀਆਂ ਨਹੀਂ ਉਤਰ ਸਕਦੀਆਂ। ਸੋ ਸਾਨੂੰ ਗੁਰਬਾਣੀ ਦਾ ਅੱਖਰ-ਅੱਖਰ ਸੱਚ ਕਹਿਣ ਦੀ ਬਿਜਾਏ ਇਹ ਕਹਿਣਾ ਚਾਹੀਦਾ ਹੈ ਕਿ ਚੰਗਾ ਸਮਾਜ ਅਤੇ ਚੰਗਾ ਇਨਸਾਨ ਬਣਨ ਵਾਸਤੇ ਗੁਰਬਾਣੀ ਵਿੱਚ ਸਦੀਵੀ ਸੱਚ ਦੀ ਸੇਧ ਮੌਜੂਦ ਹੈ। ਬਹੁਤ ਸਾਰੀਆਂ ਪ੍ਰਚੱਲਤ ਕਹਾਣੀਆਂ ਅਤੇ ਮੁਹਾਵਰੇ ਪੂਰਾ ਸੱਚ ਨਹੀਂ ਹੋ ਸਕਦੇ। ਵਿਗਿਆਨ ਮਨੁੱਖ ਨੂੰ ਚਤਰ, ਸਿਆਣਾ ਅਤੇ ਬੁੱਧੀਮਾਨ ਬਣਾਉਂਦਾ ਹੈ। ਇਹ ਵਿਗਿਆਨ ਮਨੁੱਖ ਦੀਆਂ ਹਜ਼ਾਰਾਂ ਹੀ ਸਮੱਸਿਆਵਾਂ ਦਾ ਹੱਲ ਦੱਸਦਾ ਹੈ ਪਰ ਵਿਗਿਆਨ ਮਨੁੱਖ ਨੂੰ ਨੇਕ ਨਹੀਂ ਬਣਾ ਸਕਦਾ। ਇਨਸਾਨ ਨੂੰ ਨੇਕ ਬਣਾਉਣਾ ਧਰਮ ਦਾ ਕੰਮ ਹੈ। ਜੇ ਧਰਮੀ ਹੋ ਕੇ ਨੇਕ ਨਹੀਂ ਬਣਿਆਂ ਜਾਂ ਨੇਕ ਬਣਨ ਦੀ ਕੋਸ਼ਿਸ਼ ਨਹੀਂ ਕਰਦਾ ਤਾਂ ਸਮਝ ਲਓ ਕਿ ਉਹ ਧਰਮ ਦੇ ਨਾਮ ਤੇ ਪਖੰਡ ਕਰਦਾ ਹੈ। ਧਰਮੀਆਂ ਵਲੋਂ ਕੀਤੀ ਜਾਂਦੀ ਕੁਦਰਤੀ ਵਿਆਖਿਆ ਵਿਗਿਆਨ ਗਲਤ ਵੀ ਸਿੱਧ ਕਰ ਸਕਦਾ ਹੈ ਜਿਵੇਂ ਕਿ ਇਹ ਦੋ ਗੱਲਾਂ ਵਿੱਚ ਹੋਈ ਹੈ। ਇਸ ਲਈ ਧਰਮ ਨੂੰ ਨਾ ਤਾਂ ਵਿਗਆਨ ਨਾਲ ਰਲ-ਗੱਡ ਕਰਨਾ ਚਾਹੀਦਾ ਹੈ ਅਤੇ ਨਾ ਹੀ ਵਿਗਿਆਨ ਤੋਂ ਉਪਰ ਦੱਸਣਾ ਚਾਹੀਦਾ ਹੈ। ਇਨ੍ਹਾਂ ਦੋਹਾ ਦੇ ਆਪਣੇ ਵੱਖਰੋ-ਵੱਖਰੇ ਰਾਹ ਹਨ। ਇੱਕ ਨੇ ਸੰਸਾਰ ਨੂੰ ਚੰਗਾ ਬਣਾਉਣਾ ਹੈ ਅਤੇ ਦੂਸਰੇ ਨੇ ਇਨਸਾਨ ਨੂੰ। ਤੁਸੀਂ ਇਸ ਬਾਰੇ ਵੱਧ ਤੋਂ ਵੱਧ ਵਿਚਾਰ ਦੇ ਕੇ ਇਸ ਲੇਖ ਨੂੰ ਗਲਤ ਸਾਬਤ ਕਰਨ ਦੀ ਖੇਚਲ ਕਰੋ ਤਾਂ ਕਿ ਮੈਂਨੂੰ ਵੀ ਕੁੱਝ ਹੋਰ ਗਿਆਨ ਹੋ ਸਕੇ ਜਿਸਦਾ ਕਿ ਮੈਨੂੰ ਨਾ ਪਤਾ ਹੋਵੇ। ਮੇਰੇ ਅਗਲੇ ਲੇਖ ਤੋਂ ਬਾਅਦ ਤੁਹਾਡੇ ਇੱਥੇ ਵਿਚਾਰ ਦੇਣ ਦੇ ਮੌਕੇ ਬਹੁਤ ਘੱਟ ਜਾਣੇ ਹਨ ਭਾਵ ਕਿ ਤੁਸੀਂ ਆਪੇ ਹੀ ਮੇਰਾ ਖਹਿੜਾ ਛੱਡ ਦੇਣਾ ਹੈ ਜਾਂ ਮਜ਼ਬੂਰੀ ਵੱਸ ਛੱਡਣਾ ਪੈਣਾ ਹੈ।

ਮੱਖਣ ਸਿੰਘ ਪੁਰੇਵਾਲ,

ਦਸੰਬਰ 16, 2018.




.