.

ਇਹ ਬਿਧਿ ਸੁਨਿ ਕੈ ਜਾਟਰੋ …

ਭਾਗ-ਦੂਜਾ

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਗੁਰ ਨਾਨਕ ਦੇਵ, ਗੋਵਿੰਦ ਰੂਪ" (ਪੰ: ੧੧੯੨) - ਤਾਂ ਤੇ ਬੇਸ਼ੱਕ ਅਤੀ ਸੰਖੇਪ `ਚ ਹੀ ਸਹੀ ਪਰ ਗੁਰਬਾਣੀ ਵਿੱਚਲੇ "ਗੁਰੂ" ਅਤੇ "ਭਗਤ", ਇਨ੍ਹਾਂ ਦੋਨਾਂ ਪਦਾਂ ਚੋਂ ਪਹਿਲਾਂ ਅਸੀਂ ਗੁਰਬਾਣੀ ਵਿੱਚਲੇ "ਗੁਰੂ ਪਦ" ਨੂੰ ਲੈ ਰਹੇ ਹਾਂ।

ਉਪ੍ਰੰਤ ਇਹ ਵੀ ਕਿ ਜੇ ਇਸ ਪੱਖੋਂ ਗੁਰਬਾਣੀ ਆਧਾਰਤ "ਗੁਰੂ ਪਦ" ਬਾਰੇ ਕੁੱਝ ਗਹਿਰਾਈ `ਚ ਜਾਂਵਾਂਗੇ ਤਾਂ ਇਹ ਵੀ ਸਮਝਦੇ ਦੇਰ ਨਹੀਂ ਲਗੇਗੀ ਕਿ "ਗੁਰੂ ਨਾਨਕ ਪਾਤਸ਼ਾਹ ਤੌਂ ਲੈ ਕੇ ਦਸਮੇਸ਼ ਪਿਤਾ ਕਲਗੀਧਰ ਪਾਤਸ਼ਾਹ "ਗੁਰੂ ਗੋਬਿੰਦ ਸਿੰਘ ਜੀ" ਤੀਕ" "ਦਸੋਂ ਹੀ ਗੁਰੂ ਹੱਸਤੀਆਂ:-

ਸਾਡੀ ਤਰ੍ਹਾਂ "ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ" (ਪੰ: ੯੨੦) ਅਨੁਸਾਰ ਅਨੇਕਾਂ ਜਨਮਾਂ-ਜੂਨਾਂ ਤੇ ਗਰਭਾਂ ਨੂੰ ਭੋਗਣ ਤੋਂ ਬਾਅਦ ਇਸ ਮਨੁੱਖਾ ਚੋਲੇ ਅਤੇ ਜਨਮ `ਚ ਨਹੀਂ ਸਨ ਆਈਆਂ।

ਬਲਕਿ ਉਹ ਦਸੋਂ ਹੀ ਗੁਰੂ ਹੱਸਤੀਆਂ ਮੂਲ ਰੂਪ ਚ ਜਨਮਾਂਦਰੂ, ਧੁਰੋਂ ਸਥਾਪਤ ਇਲਾਹੀ ਸ਼ਬਦ-ਗੁਰੂ ਦਾ ਹੀ ਸਰੀਰਕ ਪ੍ਰਗਟਾਵਾ ਸਨ। ਇਥੋਂ ਤੀਕ ਕਿ ਉਸ "ਗੁਰੂ" ਤੇ "ਸਤਿਗੁਰੂ" ਆਦਿ ਦਾ ਸਪਸ਼ਟ ਪ੍ਰਗਟਾਵਾ ਸਨ ਜਿਨ੍ਹਾਂ ਬਾਰੇ ਅਨੇਕਾਂ ਗੁਰਬਾਣੀ ਫ਼ੁਰਮਾਨ ਪ੍ਰਾਪਤ ਹਨ ਜਿਵੇਂ-

() "ਸਤਿਗੁਰੁ ਮੇਰਾ ਸਦਾ ਸਦਾ, ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ, ਸਭ ਮਹਿ ਰਹਿਆ ਸਮਾਇ" (ਪੰ: ੭੫੯)

() "ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ ਜਾਇ॥ ਨਾ ਵੇਛੋੜਿਆ ਵਿਛੁੜੈ ਸਭ ਮਹਿ ਰਹਿਆ ਸਮਾਇ॥ ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਭਾਇ॥ ਅਚਰਜ ਰੂਪੁ ਨਿਰੰਜਨੋ ਗੁਰਿ ਮੇਲਾਇਆ ਮਾਇ" (ਪੰ: ੪੬)

() "ਗੁਰੁ ਪਰਮੇਸਰੁ ਪਾਰਬ੍ਰਹਮੁ, ਗੁਰੁ ਡੁਬਦਾ ਲਏ ਤਰਾਇ" (ਪੰ: ੪੯)

() "ਗੁਰੁ ਪਰਮੇਸਰੁ ਏਕੁ ਹੈ, ਸਭ ਮਹਿ ਰਹਿਆ ਸਮਾਇ॥ ਜਿਨ ਕਉ ਪੂਰਬਿ ਲਿਖਿਆ ਸੇਈ ਨਾਮੁ ਧਿਆਇ॥ ਨਾਨਕ ਗੁਰ ਸਰਣਾਗਤੀ ਮਰੈ ਨ ਆਵੈ ਜਾਇ" (ਪੰ: ੫੩)

() "ਭਏ ਕ੍ਰਿਪਾਲ ਗੁਸਾਈਆ ਨਠੇ ਸੋਗ ਸੰਤਾਪ॥ ਤਤੀ ਵਾਉ ਨ ਲਗਈ ਸਤਿਗੁਰਿ ਰਖੇ ਆਪਿ, ਗੁਰੁ ਨਾਰਾਇਣੁ, ਦਯੁ ਗੁਰੁ, ਗੁਰੁ ਸਚਾ ਸਿਰਜਣਹਾਰੁ॥ ਗੁਰਿ ਤੁਠੈ ਸਭ ਕਿਛੁ ਪਾਇਆ ਜਨ ਨਾਨਕ ਸਦ ਬਲਿਹਾਰ" (ਪੰ: ੨੧੮)

() "ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ…. ਗੁਰਦੇਵ ਸਤਿਗੁਰੁ ਪਾਰਬ੍ਰਹਮੁ, ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਰਾ. ." (ਪੰ: ੨੫੦) ਆਦਿ

ਬਲਕਿ ਮੂਲ ਰੂਪ `ਚ "ਉਨ੍ਹਾਂ ਦਸੋਂ ਹੀ ਗੁਰੂ ਹੱਸਤੀਆਂ ਬਾਰੇ ਗੁਰਬਾਣੀ `ਚ" ਇਹ ਵੀ ਸਪਸ਼ਟ ਹੈ ਕਿ:-

"ਜੋਤਿ ਰੂਪਿ ਹਰਿ ਆਪਿ" -ਯਥਾ "ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥ ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ॥ ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ॥ ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ॥ ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ॥ ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨ ਪਿਖਹੁ ਨਯਣ॥ ੧ ॥" (ਪੰ: ੧੪੦੮) ਬਲਕਿ

() "ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥ ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯੳ" (ਪ: 1395) ਆਦਿ ਵਿਸ਼ੇ ਨਾਲ ਸੰਬੰਧਤ ਅਨੇਕਾਂ ਗੁਰਬਾਣੀ ਫ਼ੁਰਮਾਨ

ਹੋਰ ਤਾਂ ਹੋਰ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਬਾਣੀ `ਚ ਆਪ ਵੀ ਅਨੇਕਾਂ ਵਾਰੀ ਆਪਣੇ ਨਿਜ ਦੇ "ਗੁਰੂ" ਬਾਰੇ ਫ਼ੁਰਮਾਇਆ ਤੇ ਸਪਸ਼ਟ ਕੀਤਾ ਹੋਇਆ ਹੈ ਕਿ:-

() "ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ" (ਪੰ: ੫੯੯) ਹੋਰ

() "ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ" (ਪੰ: ੯੪੩)

ਭਾਵ ਇਥੇ ਗੁਰੂ ਨਨਾਕ ਪਾਤਸ਼ਾਹ ਜੋਗੀਆਂ ਦੇ ਸੁਆਲ ਦਾ ਉੱਤਰ ਦਿੰਦੇ ਹਨ ਕਿ ਮੇਰਾ ਗੁਰੂ ਤਾਂ ਕਰਤਾਪੁਰਖ ਆਪ ਹੀ ਹੈ ਜਿਸ ਦਾ ਵਜੂਦ ਵੀ "ਪਵਨ ਅਰੰਭੁ ਸਤਿਗੁਰ ਮਤਿ ਵੇਲਾ" ਅਨੁਸਾਰ "ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ" ਭਾਵ ਸਦੀਵੀ ਹੈ।

ਇਹੀ ਕਾਰਣ ਹੈ ਕਿ ਦੂਜੇ ਪਾਤਸ਼ਾਹ ਅੰਗਦ ਸਾਹਿਬ ਤੋਂ ਲੈ ਕੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੀਕ ਬਾਕੀ ਨੌਂ ਗੁਰੂ ਹਸਤੀਆਂ ਦੇ ਗੁਰਗੱਦੀ ਦਿਵਸ ਤਾਂ ਹੈਣ ਪਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਕੋਈ ਵੀ ਗੁਰਗੱਦੀ ਦਿਵਸ ਨਹੀਂ, ਕਿਉਂਕਿ ਉਹ ਉਪ੍ਰੋਕਤ ਗੁਰ ਪ੍ਰਮਾਣਾ ਅਨੁਸਾਰ ਜਨਮਾਂਦਰੂ "ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ" ਹੀ ਸਨ।

ਉਪ੍ਰੰਤ ਇਸੇ ਤਰ੍ਹਾਂ, ਮੂਲ ਰੂਪ `ਚ ਬਾਕੀ ਨੋਂ ਗੁਰੂ ਹਸਤੀਆਂ ਵੀ "ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ" (ਪੰ: ੯੬੬) ਅਨੁਸਾਰ ਉਸ

"ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ" ਭਾਵ "ਤ੍ਰੈਗੁਣੀ ਮਾਇਆ" ਤੋਂ ਨਿਰਲੇਪ, ਨਿਰੋਲ ਸੁਅੱਛ ਤੇ ਸਪਸ਼ਟ ਰੂਪ `ਚ ਆਪਣੇ-ਆਪਣੇ ਸਮੇਂ ਸਮੇਂ ਨਾਲ ਪ੍ਰਗਟ ਹੋਣ ਗਰ੍ਰੂ ਨਾਨਕ ਪਾਤਸ਼ਾਹ ਦੀ ਉਸੇ "ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ" ਭਾਵ "ਗੁਰੂ ਨਾਨਕ ਵਿੱਚਲੀ ਜੋਤ" ਦਾ ਹੀ ਪ੍ਰਕਾਸ਼ ਤੇ ਫ੍ਰਗਟਾਵਾ ਸਨ।

ਉਪ੍ਰੰਤ ਛੇ ਅਕਤੂਬਰ ਈ: ਸੰਨ ੧੭੦੮ ਦੀ ਸ਼ਾਮ ਨੂੰ- ਇਸ ਤਰ੍ਹਾਂ ਸੰਨ ੧੪੬੯ ਆਪਣੇ ਪ੍ਰਕਾਸ਼ ਦੇ ਨਾਲ ਹੀ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪਹਿਲੇ ਜਾਮੇ `ਚ ਜਿਸ ਸਰੀਰ-ਗੁਰੂ ਵਾਲੀ ਪ੍ਰਥਾ ਦਾ ਅਰੰਭ ਵੀ ਆਪਣੇ ਆਪ ਤੋਂ ਹੀ ਕੀਤਾ ਸੀ;

ਗੁਰਦੇਵ ਨੇ ਅੱਜ ਉਸ ਤੋਂ ਠੀਕ ੨੩੯ ਵਰ੍ਹਿਆਂ ਬਾਅਦ ਆਪਣੇ ਹੀ ਦਸਵੇਂ ਜਾਮੇ `ਚ ਛੇ ਅਕਤੂਬਰ ਈ: ਸੰਨ ੧੭੦੮ ਦੀ ਸ਼ਾਮ ਨੂੰ ਦਸਮੇਸ਼ ਪਿਤਾ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ `ਚ "ਪੰਜ ਖੰਡੇ ਦੀ ਪਾਹੁਲ ਪ੍ਰਾਪਤ" ਪੰਜ ਪਿਆਰਿਆਂ ਨੂੰ "ਸਾਹਿਬ ਸ੍ਰੀ ਗੁਰੂ ਗ੍ਰੰਥ ਸ਼ਾਹਿਬ ਜੀ" ਦੀ ਤਾਬਿਆ ਖੜਾ ਕਰਕੇ ਅਤੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੱਗੇ ਮੱਥ ਟੇਕ ਕੇ:-

ਅਚਣਚੇਤ "ੴ ਤੋਂ ਤਨੁ ਮਨੁ ਥੀਵੈ ਹਰਿਆ" ਤੀਕ "ਅੱਖਰ ਰੂਪ" "ਸ਼ਬਦ ਗੁਰੂ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਬਾਣੀ ਦੀ ਸੰਪੂਰਣਤਾ ਅਤੇ ਉਨ੍ਹਾਂ ਦੇ "ਜੁਗੋ ਜੁਗ ਅਟੱਲ ਗੁਰੂ" ਹੋਣ ਵਾਲਾ ਐਲਾਨ ਵੀ ਆਪ ਹੀ ਕਰ ਦਿੱਤਾ।

ਇਸ ਤਰ੍ਹਾਂ ਦਸਮੇਸ਼ ਜੀ ਨੇ ਆਪਣੇ ਪਹਿਲੇ ਜਾਮੇ ‘ਤੋਂ ਚਲਦੀ ਆ ਰਹੀ ਉਸ "ਸਰੀਰ-ਗੁਰੂ" ਵਾਲੀ ਪ੍ਰਥਾ ਨੂੰ ਅਚਣਚੇਤ ਤੇ ਸਦੀਵ ਕਾਲ ਲਈ ਸਮਾਪਤ ਵੀ ਆਪ ਕਰ ਦਿੱਤਾ।

"ਜੋਤਿ ਓਹਾ ਜੁਗਤਿ ਸਾਇ" -ਫ਼ਿਰ ਮੂਲ ਰੂਪ `ਚ ਉਨ੍ਹਾਂ "ਧੁਰੋਂ ਥਾਪੀਆਂ ਹੋਈਆਂ" ਦਸੋਂ ਹੀ ਗੁਰੂ ਹੱਸਤੀਆਂ ਬਾਰੇ "ਇਕ ਗੁਰੂ ਦਸ ਦਰਸ਼ਨ" ਸੰਬੰਧੀ:-

() "ਜੋਤਿ ਓਹਾ ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ" (ਪੰ: ੯੬੬)

() "ਗੁਰੁ ਨਾਨਕੁ, ਨਿਕਟਿ ਬਸੈ ਬਨਵਾਰੀ॥ ਤਿਨਿ ਲਹਣਾ ਥਾਪਿ, ਜੋਤਿ ਜਗਿ ਧਾਰੀ॥ ਲਹਣੈ, ਪੰਥੁ ਧਰਮ ਕਾ ਕੀਆ॥ ਅਮਰਦਾਸ ਭਲੇ ਕਉ ਦੀਆ॥ ਤਿਨਿ, ਸ੍ਰੀ ਰਾਮਦਾਸੁ ਸੋਢੀ ਥਿਰੁ ਥਪ੍ਯ੍ਯਉ॥ ਹਰਿ ਕਾ ਨਾਮੁ ਅਖੈ ਨਿਧਿ ਅਪ੍ਯ੍ਯਉ" (ਪੰ: ੧੪੦੧)

() "ਧਰਨਿ ਗਗਨ ਨਵ ਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ॥ ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨ ਪਰਤਖ੍ਯ੍ਯ ਹਰਿ" (ਪੰ: ੧੪੦੭) ਆਦਿ ਅਨੇਕਾਂ ਫ਼ੁਰਮਾਨ ਪ੍ਰਾਪਤ ਹਨ।

ਇਹੀ ਕਾਰਣ ਸਨ ਕਿ ਦਸਵੇਂ ਜਾਮੇਂ ਸਮੇਂ, ਸੰਸਾਰ `ਚ "ਅੱਖਰ ਰੂਪ" "ਗੁਰਬਾਣੀ-ਗੁਰੂ" ਦੇ "ਜੁਗੋ-ਜੁਗ ਅਟੱਲ ਸਰੂਪ" ਨੂੰ ਕਾਇਮ ਕਰਣ ਵਾਲੀ, ਗੁਰਦੇਵ ਦੀ ਜਦੋਂ ਧੁਰੋਂ ਥਾਪੀ ਹੋਈ ਇਲਾਹੀ ਤੇ ਸਰੀਰਕ ਜ਼ਿਮੇਵਾਰੀ ਸਮਾਪਤ ਹੋ ਗਈ ਤਾਂ ਦਸਮੇਸ਼ ਪਿਤਾ, ਕਲਗੀਧਰ ਪਾਤਸ਼ਾਹ ਨੇ ਅਚਣਚੇ ਤ ਹੀ ਛੇ ਅਕਤੂਬਰ ਈ: ਸੰਨ ੧੭੦੮ ਵਾਲੀ ਸ਼ਾਮ ਨੂੰ:-

"ੴ ਤੋਂ ਤਨੁ ਮਨੁ ਥੀਵੈ ਹਰਿਆ" ਤੀਕ "ਅੱਖਰ ਰੂਪ", "ਸ਼ਬਦ-ਗੁਰੂ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਸੰਪੂਰਣਤਾ ਅਤੇ ਉਨ੍ਹਾਂ ਨੂੰ ਆਪਣੇ ਤੋਂ ਬਾਅਦ ਸਦੀਵ ਕਾਲ ਲਈ ਗੁਰਗੱਦੀ ਸੌਪਣ ਵਾਲਾ ਐਲਾਨ ਵੀ ਆਪ ਹੀ ਕਰ ਦਿੱਤਾ।

ਫ਼ਿਰ ਇਤਨਾ ਹੀ ਨਹੀਂ, ਉਸ ਤੋਂ ਦੂਜੇ ਹੀ ਦਿਨ ਸਵੇਰੇ ਭਾਵ ਸੱਤ ਅਕਤੂਬਰ ਈ: ਸੰਨ ੧੭੦੮ ਨੂੰ ਕਲਗੀਧਰ ਸੁਆਮੀ ਜੋਤੀ ਜੋਤ ਵੀ ਸਮਾ ਗਏ।

"ਜੋਤਿ ਓਹਾ ਜੁਗਤਿ ਸਾਇ" -ਤਾਂ ਤੇ ਦੌਰਾਅ ਦੇਵੀਏ ਕਿ ਇਸ ਤਰ੍ਹਾਂ "ਜੋਤਿ ਓਹਾ ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ" (ਪੰ: ੯੬੬) ਅਨੁਸਾਰ ਵਿਸਾਖੀ ਸੰਨ ੧੪੬੯ ਨੂੰ ਆਪਣੇ ਪਹਿਲੇ ਜਾਮੇ `ਚ ਗੁਰੂ ਨਾਨਕ ਪਾਤਸ਼ਾਹ ਦੇ ਰੂਪ `ਚ ਜਿਸ ਸਰੀਰ-ਗੁਰੂ ਵਾਲੀ ਪ੍ਰਥਾ ਦਾ ਆਪ ਜੀ ਨੇ ਅਰੰਭ ਕੀਤਾ ਸੀ:-

ਅੱਜ ਉਸ ਤੋਂ ਠੀਕ ੨੩੯ ਵਰਿਆਂ ਬਾਅਦ ਗੁਰਦੇਵ ਨੇ ਦਸਵੇਂ ਜਾਮੇ ਸਮੇਂ "ਦਸਮੇਸ਼ ਪਿਤਾ" "ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ" ਦੇ ਰੂਪ `ਚ ਖ਼ੁਦ "ੴ ਤੋਂ "ਤਨੁ ਮਨੁ ਥੀਵੈ ਹਰਿਆ" ਤੀਕ "ਅੱਖਰ ਰੂਪ" "ਸ਼ਬਦ ਗੁਰੂ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਸੰਪੂਰਣਤਾ ਅਤੇ ਉਨ੍ਹਾਂ ਦੇ "ਜੁਗੋ ਜੁਗ ਅਟੱਲ ਗੁਰੂ" ਹੋਣ ਵਾਲਾ ਐਲਾਨ ਕਰਕੇ, ਉਸ ਸਰੀਰ-ਗੁਰੂ ਵਾਲੀ ਸੰਨ ੧੪੬੯ ਤੋਂ ਚਲਦੀ ਆ ਰਹੀ ਪ੍ਰਥਾ ਨੂੰ ਸਮਾਪਤ ਵੀ ਆਪ ਕਰ ਦਿੱਤਾ।

"ਭਉ ਭਗਤਿ ਕਰਿ ਨੀਚੁ ਸਦਾਏ" -ਇਹੀ ਨਹੀਂ ਜੇ ਗੁਰਬਾਣੀ ਵਿੱਚਲੇ ਭਗਤਾਂ ਤੇ ਉਨ੍ਹਾਂ ਸੰਬੰਧੀ ਇਸ ਪੱਖੋਂ ਸਬੂਤਾਂ ਨੂੰ ਵੀ ਗੁਰਬਾਣੀ ਦੀਆਂ ਗਹਿਰਾਈਆਂ ਚੋਂ ਪਹਿਚਾਨਣ ਲਈ ਥੋੜਾ ਯਤਣ ਕੀਤਾ ਜਾਏ ਤਾਂ ਸਾਬਤ ਹੁੰਦੇ ਦੇਰ ਨਹੀਂ ਲਗੇਗੀ ਕਿ ਇਹ ਸਾਰੇ ਭਗਤ, ਉਨ੍ਹਾਂ ਗੁਰੂ ਹੱਸਤੀਆਂ ਵਾਂਙ ਜਨਮਾਂਦਰੂ, ਜੀਵਨ ਦੀ ਉਸ ਸਫ਼ਲ ਅਵਸਥਾ ਨੂੰ ਪ੍ਰਾਪਤ ਨਹੀਂ ਸਨ।

ਬਲਕਿ ਗੁਰਬਾਣੀ ਵਿੱਚਲੇ ਸਾਰੇ ਭਗਤ ਆਪਣੀ-ਆਪਣੀ ਭਗਤੀ ਭਾਵਨਾ, ਘਾਲ ਕਮਾਈ ਤੇ ਇੱਕ ਦੂਜੇ ਦੀ ਸੰਗਤ `ਚ ਆ ਕੇ ਹੀ ਸਮੇਂ-ਸਮੇਂ ਨਾਲ ਜੀਵਨ ਦੀ ਇਸ ਸਫ਼ਲ ਤੇ ਉੱਚਤੱਮ ਅਵਸਥਾ ਨੂੰ ਪ੍ਰਾਪਤ ਹੋਏ ਸਨ। ਇਸ ਤਰ੍ਹਾਂ ਗੁਰਦੇਵ ਰਾਹੀਂ, ਉਨ੍ਹਾਂ ਦੀ ਪ੍ਰਵਾਣਗੀ ਸਮੇਂ ਉਨ੍ਹਾਂ ਦੇ ਜੀਵਨ ਦੀ ਅਵਸਥਾ ਵੀ "ਪੰਚ ਪਰਵਾਣ ਪੰਚ ਪਰਧਾਨੁ॥ ਪੰਚੇ ਪਾਵਹਿ ਦਰਗਹਿ ਮਾਨੁ॥ ਪੰਚੇ ਸੋਹਹਿ ਦਰਿ ਰਾਜਾਨੁ॥ ਪੰਚਾ ਕਾ ਗੁਰੁ ਏਕੁ ਧਿਆਨੁ" (ਬਾਣੀ ਜਪੁ) ਵਾਲੀ ਬਣ ਚੁੱਕੀ ਹੋਈ ਸੀ।

ਫ਼ਿਰ ਇਹ ਵੀ ਕਿ ਬੇਸ਼ੱਕ ਉਨ੍ਹਾਂ ਹੀ ਭਗਤਾਂ ਦੀਆਂ ਆਪਣ-ਆਪਣੇ ਕੱਚੇ ਸਮੇਂ ਤੇ ਕੱਚੇ ਜੀਵਨ ਦੀਆਂ ਰਚਨਾਵਾਂ ਵੀ ਮੌਜੂਦ ਹਨ ਪਰ ਗੁਰਬਾਣੀ ਦੇ ਖਜ਼ਾਨੇ `ਚ ਤ੍ਰੈ-ਕਾਲ ਦਰਸ਼ੀ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪ੍ਰਚਾਰ ਦੌਰਿਆਂ ਭਾਵ ਉਦਾਸੀਆਂ ਦੌਰਾਨ ਕੇਵਲ ਉਨ੍ਹਾਂ ਦੇ ਜੀਵਨ ਦੀਆਂ ਉਨ੍ਹਾ ਦੇ ਸਫ਼ਲ ਜੀਵਨ ਅਵਸਥਾ ਦੀਆਂ ਕੇਵਲ ਉਹ ਰਚਨਾਵਾਂ ਹੀ ਪ੍ਰਵਾਣ ਕੀਤੀਆਂ ਸਨ ਜਿਹੜੀਆਂ ਆਉਣ ਵਾਲੇ ਸਮੇਂ `ਚ ਗੁਰਬਾਣੀ ਦੀ ਕਸਵੱਟੀ:-

"ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ ਸਚਾ ਸਉਦਾ ਹਟੁ ਸਚੁ, ਰਤਨੀ ਭਰੇ ਭੰਡਾਰ" (ਪੰ: ੬੪੬) `ਤੇ ਪੂਰੀਆਂ ੳਤਰਣੀਆਂ ਸਨ, ਅੱਜ ਵੀ ਪੂਰੀਆਂ ਉਤਰਦੀਆਂ ਹਨ ਅਤੇ ਸਦੀਵ ਕਾਲ ਪੂਰੀਆਂ ਉਤਰਦੀਆਂ ਵੀ ਰਹਿਣਗੀਆਂ।

ਇਸ ਤਰ੍ਹਾਂ ਤ੍ਰੈ-ਕਾਲ ਦਰਸ਼ੀ ਗੁਰੂ ਨਾਨਕ ਪਾਤਸ਼ਾਹ ਨੇ ਉਨ੍ਹਾਂ ਹੀ ਭਗਤਾਂ ਦੀਆਂ ਕੱਚੇ ਜੀਵਨ ਦੀਆਂ ਕੱਚੀਆਂ ਰਚਨਾਵਾਂ ਨੂੰ ਗੁਰਬਾਣੀ ਦੇ ਖਜ਼ਾਨੇ `ਚ ਦਰਜ ਕਰਣ ਲਈ ਉੱਕਾ ਹੀ ਪ੍ਰਵਾਣ ਨਹੀਂ ਸੀ ਕੀਤਾ।

ਗੁਰੂ ਨਾਨਕ ਪਾਤਸ਼ਾਹ ਨੇ ਉਨ੍ਹਾਂ ਭਗਤਾਂ ਦੀਆਂ ਜਿਹੜੀਆਂ ਰਚਨਾਵਾਂ ਗੁਰਬਾਣੀ ਖਜ਼ਾਨੇ ਲਈ ਆਪ ਪ੍ਰਵਾਣ ਕੀਤੀਆਂ ਤੇ ਜਿਨ੍ਹਾਂ ਰਚਨਾਵਾਂ ਨੂੰ ਆਪਣੀ ਬਰਾਬਰੀ ਦਿੱਤੀ ਤਾਂ ਅਸੀਂ ਇਸ ਬਾਰੇ ਕੁੱਝ ਜ਼ਿਕਰ ਕਰ ਚੁੱਕੇ ਹਾਂ।

ਤਾਂ ਵੀ ਇਹ ਸਮਝਣਾ ਤੇ ਚੇਤੇ `ਚ ਰਖਣਾ ਹੈ ਕਿ ਉਸ ਸਮੂਚੀ ਪ੍ਰਵਾਣਤ ਭਗਤ ਬਾਣੀ ਸਮੇਤ, "ੴ" ਤੋਂ "ਤਨੁ ਮਨੁ ਥੀਵੈ ਹਰਿਆ" ਤੀਕ "ਸਮੂਚੀ ਗੁਰਬਾਣੀ ਰਚਨਾ ਦੇ ਖਜ਼ਾਨੇ `ਚ" ਅਜਿਹੇ ਬਹੁਤੇਰੇ ਸਬੂਤ ਮੌਜੂਦ ਹਨ, ਜਿਹੜੇ ਸਾਬਤ ਕਰਦੇ ਹਨ ਕਿ ਇਹ ਸਾਰੇ ਭਗਤ ਜਨਮਾਂਦਰੂ ਮਨੁੱਖਾ ਜੀਵਨ ਦੀ ਇਸ ਸਫ਼ਲ ਅਵਸਥਾ ਨੂੰ ਪ੍ਰਾਪਤ ਨਹੀਂ ਸਨ।

ਬਲਕਿ ਗੁਰਬਾਣੀ ਵਿੱਚਲੇ ਪੰਦਰਾਂ ਦੇ ਪੰਦਰਾਂ ਭਗਤ ਸਮੇਂ-ਸਮੇਂ ਨਾਲ ਇੱਕ ਦੂਜੇ ਦੀ ਸੰਗਤ `ਚ ਆ ਕੇ ਅਤੇ ਆਪਣੀ-ਆਪਣੀ ਭਗਤੀ ਭਾਵਨਾ ਤੇ ਇੱਕ ਦੂਜੇ ਮਿਲਾਪ ਰਾਹੀਂ ਹੀ ਮਨੁੱਖਾ ਜੀਵਨ ਦੀ ਇਸ ਉਚਤੱਮ ਸਫ਼ਲ ਅਵਸਥਾ ਨੂੰ ਪ੍ਰਾਪਤ ਹੋਏ ਸਨ। ਮਨੁੱਖਾ ਜੀਵਨ ਦੀ ਉਹ ਉੱਚਤੱਮ ਅਵਸਥਾ ਜਿਸ ਬਾਰੇ ਗੁਰਬਾਣੀ ਫ਼ੁਰਮਾਨ ਹੈ:-

"ਭਉ ਭਗਤਿ ਕਰਿ ਨੀਚੁ ਸਦਾਏ"॥ ਤਉ ਨਾਨਕ ਮੋਖੰਤਰੁ ਪਾਏ" (ਪੰ: ੪੭੦)

ਜਦਕਿ ਮਨੁੱਖਾ ਜੀਵਨ ਦੀ ਜਿਸ ਉੱਚਤੱਮ ਅਵਸਥਾ ਦੀ ਪ੍ਰਾਪਤੀ ਦਾ ਐਲਾਨ ਕਬੀਰ ਸਾਹਿਬ ਖ਼ੁਦ ਆਪਣੀਆਂ ਰਚਨਾਵਾਂ `ਚ ਆਪ ਵੀ ਕਰਦੇ ਹਨ। ਕਬੀਰ ਜੀ ਦਾ ਆਪਣਾ ਕਥਨ ਹੈ:-

"ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ॥ ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ" (ਪੰ: ੯੬੯) ਅਤੇ

"ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕ+" (ਪੰ: ੭੯੨)

"ਧੰਨੈ ਧਨੁ ਪਾਇਆ ਧਰਣੀਧਰੁ" - ਇਹੀ ਨਹੀਂ ਇਸੇ ਸਿਲਸਲੇ `ਚ, ਪੰਨਾਂ ੪੮੭ `ਤੇ ਰਾਗ ਆਸਾ ਵਿੱਚਲੇ ਇੱਕ ਸ਼ਬਦ `ਚ, ਭਗਤ ਧੰਨਾ ਜੀ ਵੀ ਆਪ ਫ਼ੁਰਮਾਅ ਰਹੇ ਹਨ ਕਿ ਮੈਨੂੰ ਅਕਾਲਪੁਰਖੁ ਦੀ ਪ੍ਰਾਪਤੀ ਸੰਤ ਜਨਾਂ ਦੀ ਸੰਗਤ `ਚ ਆ ਕੇ ਹੋਈ।

ਇਸ ਤਰ੍ਹਾਂ ਭਗਤ ਧੰਨਾ ਜੀ ਉਥੇ ਆਪ ਆਪਣੀਆਂ ਰਚਨਾਵਾਂ `ਚ ਆਪਣੇ ਜੀਵਨ ਦੇ ਇਸ ਭੇਦ ਨੂੰ ਖੋਲਦੇ ਤੇ ਲੋਕਾਈ ਨੂੰ ਸਪਸ਼ਟ ਕਰਦੇ ਹਨ ਕਿ ਮੈਂ ਆਪਣੇ ਜੀਵਨ ਦੇ ਅਰੰਭ ਤੋਂ ਮਨੁੱਖਾ ਜੀਵਨ ਦੀ ਪ੍ਰਭੂ ਮਿਲਾਪ ਵਾਲੀ ਇਸ ਅਤੀ-ਉੱਤਮ ਤੇ ਸਫ਼ਲ ਅਵਸਥਾ ਨੂੰ ਪ੍ਰਾਪਤ ਨਹੀਂ ਸਾਂ। ਭਗਤ ਧੰਨਾਂ ਜੀ ਦੀ ਸ਼ਬਦਾਵਲੀ `ਚ:-

"ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ॥

ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ" "ਪੰ: ੪੮੭"

ਤਾਂ ਫ਼ਿਰ ਉਹ ‘ਸੰਤ ਜਨ’ ਕਿਹੜੇ ਸਨ? ਜਿਨ੍ਹਾਂ ਦੀ ਸ਼ੰਗਤ `ਚ ਆ ਕੇ ਅਤੇ ਜਿਨ੍ਹਾਂ ਸੰਤ ਜਨਾਂ ਦਾ ਜ਼ਿਕਰ ਭਗਤ ਧੰਨਾ ਜੀ ਆਪ ਆਪਣੇ ਸ਼ਬਦਾਂ ਦੌਰਾਨ ਆਪ ਕਰ ਰਹੇ ਹਨ।

ਤਾਂ ਤੇ ਉਸੇ ਪੰਨਾਂ ਨੰ ੪੮੭-੮੮ `ਤੇ ਅਤੇ ਉਸੇ ਰਾਗ `ਚ ਭਗਤ ਧੰਨਾ ਜੀ ਦੇ ਉਨ੍ਹਾਂ ਸ਼ਬਦਾਂ ਵਿਚਾਲੇ ਹੀ, ਬਲਕਿ ਭਗਤ ਜੀ ਦੇ ਉਸ ਸ਼ਬਦ ਤੋਂ ਇੱਕ ਦੰਮ ਬਾਅਦ, ਅਗਲੇ ਹੀ ਸ਼ਬਦ `ਚ ਉਸ ਭੇਦ ਨੂੰ ਪੰਜਵੇਂ ਪਾਤਸ਼ਾਹ ਆਪ, ਮ: ੫ ਦਾ ਸਿਰਲੇਖ ਦੇ ਕੇ ਆਪ ਖੋਲਦੇ ਹਨ। ਤਾਂ ਤੇ ਪੰਜਵੇਂ ਪਾਤਸ਼ਾਹ ਦਾ ਧੰਨਾ ਜੀ ਪ੍ਰਥਾਏ ਉਹ ਸ਼ਬਦ ਇਸ ਪ੍ਰਕਾਰ ਹੈ:-

ਮਹਲਾ ੫॥ ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ॥ ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ॥ ੧ ॥ ਰਹਾਉ॥

ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ॥ ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ॥ ੧ ॥

ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ॥ ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ॥ ੨ ॥

ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ॥ ੩ ॥

ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ॥ ੪ ॥ ੨ ॥

ਇਸ ਤਰ੍ਹਾਂ ਭਗਤ ਧੰਨਾ ਜੀ ਪ੍ਰਥਾਏ ਪੰਜਵੇਂ ਪਾਤਸ਼ਾਹ ਦੇ ਆਸਾ ਰਾਗ ਵਿੱਚਲੇ ਉਪ੍ਰੋਕਤ ਸ਼ਬਦ ‘ਤੋਂ ਵਾਰੀ. ਵਾਰੀ ਇਹ ਤਿੰਨ ਨੁੱਕਤੇ (ੳ), (ਅ) ਤੇ (ੲ) ਉਘੜ ਕੇ ਆਪਣੇ ਆਪ ਸਾਹਮਣੇ ਆ ਜਾਂਦੇ ਹਨ:-

(ੳ) ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ, , ਸੈਣ ਜੀ ਤੇ ਭਗਤ ਧੰਨਾ ਜੀ ਸਮਕਾਲੀ ਸਨ ਅਤੇ ਇਹ ਸਾਰੇ ਭਗਤ ਇੱਕ ਦੂਜੇ ਦੀ ਸੰਗਤ `ਚ ਆ ਕੇ ਜੀਵਨ ਦੀ ਇਸ ਉਚਤੱਮ ਅਵਸਥਾ ਨੂੰ ਪ੍ਰਾਪਤ ਹੋਏ ਸਨ।

(ਅ) ਭਗਤ ਧੰਨਾ ਜੀ ਆਪਣੇ ਉਪ੍ਰੋਕਤ ਸ਼ਬਦ `ਚ ਜਿਨ੍ਹਾਂ "ਸੰਤ ਜਨਾਂ" ਦਾ ਜ਼ਿਕਰ ਕਰ ਰਹੇ ਹਨ ਉਹ "ਸੰਤ ਜਨ" ਸਨ ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ, ਅਤੇ ਸੈਣ ਜੀ।

(ੲ) ਭਗਤ ਧੰਨਾ ਜੀ ਸਮੇਤ ਇਹ ਸਾਰੇ ਭਗਤ ਜਨਮਾਂਦਰੂ ਮਨੁੱਖਾ ਜੀਵਨ ਦੀ ਇਸ ਉਚਤੱਮ ਅਵਸਥਾ ਨੂੰ ਪ੍ਰਾਪਤ ਨਹੀਂ ਸਨ ਬਲਕਿ ਇਹ ਸਾਰੇ "ਉਠਿ ਭਗਤੀ ਲਾਗਾ" ਭਾਵ ਇਕ-ਦੂਜੇ ਦੀ ਸੰਗਤ `ਚ ਆ ਕੇ ਮਨੁੱਖਾ ਜਨਮ ਦੀ ਇਸ ਉਚਤੱਮ ਅਵਸਥਾ ਨੂੰ ਪ੍ਰਾਪਤ ਹੋਏ ਸਨ। (ਚਲਦਾ) ##432-IIv,11.18 ssgec##

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

All Rights Reserved Self Learning Topic-wise Gurmat Lesson No. 432-II

"ਇਹ ਬਿਧਿ ਸੁਨਿ ਕੈ ਜਾਟਰੋ …

ਭਾਗ-ਦੂਜਾ

For all the Self Learning Gurmat Lessons written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distributions within the ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.