.

ਸਤਿੰਦਰਜੀਤ ਸਿੰਘ

ਪਉੜੀ-9

ਸੁਣਿਐ ਈਸਰੁ ਬਰਮਾ ਇੰਦੁ ॥

ਉਸ ਪ੍ਰਮਾਤਮਾ ਦਾ ਉਪਦੇਸ਼ ਮਨ ਕਰ ਕੇ ਸੁਣਨ ਨਾਲ ਮਨੁੱਖ ਗੁਣਾਂ ਦਾ ਮਾਲਕ (ਈਸਰੁ) ਬਣ ਕੇ ਸਚਿਆਰੇ ਜੀਵਨ ਦਾ ਰਚਨਾਕਾਰ (ਬਰਮਾ) ਬਣ ਜਾਂਦਾ ਹੈ ਅਤੇ ਫਿਰ ਸਮਾਜ ਵਿੱਚ ਉਸਦੀ ਸੋਭਾ ਅਤੇ ਉਸਤਤ ਦਾ ਮੀਂਹ (ਇੰਦੁ) ਵਰਸਦਾ ਹੈ ਭਾਵ ਸਾਰੇ ਉਸਦੀ ਸੋਭਾ ਕਰਦੇ ਹਨ

ਸੁਣਿਐ ਮੁਖਿ ਸਾਲਾਹਣ ਮੰਦੁ ॥

ਪ੍ਰਮਾਤਮਾ ਦਾ ਉਪਦੇਸ਼ ਮਨ ਨਾਲ ਸੁਣਨ ਕਰ ਕੇ ਵਿਕਾਰੀ ਮਨੁੱਖ ਵੀ ਗੁਣਾਂ ਵਾਲਾ ਹੋ ਜਾਂਦਾ ਹੈ ਅਤੇ ਉਸਦੀ ਬੋਲੀ ਨਿਮਰਤਾ ਅਤੇ ਮਿਠਾਸ ਵਾਲੀ ਹੋ ਜਾਂਦੀ ਹੈ, ਵਿਕਾਰਾਂ ਨੂੰ ਛੱਡ ਕੇ ਉਹ ਵੀ ਪ੍ਰਮਾਤਮਾ ਦੇ ਗੁਣਾਂ ਦੀ ਸਿਫਤ-ਸਾਲਾਹ ਕਰਨ ਲੱਗ ਜਾਂਦਾ ਹੈ

ਸੁਣਿਐ ਜੋਗ ਜੁਗਤਿ ਤਨਿ ਭੇਦ ॥

ਪ੍ਰਮਾਤਮਾ ਦੀ ਸਿੱਖਿਆ ਨੂੰ ਮਨ ਨਾਲ ਸੁਣ ਕੇ ਹੀ ਮਨੁੱਖ ਨੂੰ ਸਰੀਰ (ਤਨਿ) ਅੰਦਰ ਪੈਦਾ ਹੋਣ ਵਾਲੀ ਸੋਚ ਅਤੇ ਖਿਆਲ (ਭੇਦ) ਨੂੰ ਪ੍ਰਮਾਤਮਾ ਦੀ ਸਿੱਖਿਆ ਦੇ ਅੰਦਰ ਬੰਨ੍ਹ ਕੇ ਗੁਣਾਂ ਦੇ ਲਾਇਕ (ਜੋਗ) ਹੋਣ ਦੀ ਸੋਝੀ (ਜੁਗਤਿ) ਆ ਜਾਂਦੀ ਹੈ

ਸੁਣਿਐ ਸਾਸਤ ਸਿਮ੍ਰਿਤਿ ਵੇਦ ॥

ਰੱਬੀ ਸਿੱਖਿਆ ਨੂੰ ਮਨ ਚ ਵਸਾ ਕੇ ਜੀਵਨ ਜਿਉਣਾ ਹੀ ਵੇਦਾਂ ਅਤੇ ਸਿੰਮ੍ਰਤੀਆਂ ਦਾ ਹੁਕਮ (ਸਾਸਤ) ਹੈ, ਪ੍ਰਮਾਤਮਾ ਦੇ ਗੁਣਾਂ ਨੂੰ ਧਾਰਨਾ ਹੀ ਅਸਲ ਵਿੱਚ ਧਰਮ-ਗ੍ਰੰਥਾਂ ਦਾ ਸਾਰ ਹੈ

ਨਾਨਕ ਭਗਤਾ ਸਦਾ ਵਿਗਾਸੁ ॥

ਜਿਹੜੇ ਵੀ ਮਨੁੱਖ ਉਸ ਪ੍ਰਮਾਤਮਾ ਦੇ ਭਗਤ ਬਣ ਜਾਂਦੇ ਹਨ ਭਾਵ ਕਿ ਉਸਦੇ ਗੁਣ ਧਾਰ ਲੈਂਦੇ ਹਨ, ਉਹ ਹਮੇਸ਼ਾ (ਸਦਾ) ਖੁਸ਼ (ਵਿਗਾਸੁ) ਰਹਿੰਦੇ ਹਨ, ਦੁੱਖ-ਸੁੱਖ ਵਿੱਚ ਖਿੜ੍ਹੇ ਰਹਿੰਦੇ ਹਨ

ਸੁਣਿਐ ਦੂਖ ਪਾਪ ਕਾ ਨਾਸੁ ॥੯॥

ਪ੍ਰਮਾਤਮਾ ਦੀ ਸਿੱਖਿਆ, ਉਪਦੇਸ਼ ਨੂੰ ਸੁਣ ਅਤੇ ਮੰਨ ਕੇ ਮਨੁੱਖ ਦੇ ਵਿਕਾਰਾਂ ਕਾਰਨ ਪੈਦਾ ਹੋਏ ਦੁੱਖ ਅਤੇ ਗਲਤ ਕੰਮ (ਪਾਪ) ਖਤਮ ਹੋ ਜਾਂਦੇ ਹਨ ਅਤੇ ਮਨੁੱਖ ਗੁਣਾਂ ਦਾ ਧਨੀ ਹੋ ਕੇ ਸਚਿਆਰਾ ਬਣ ਜਾਂਦਾ ਹੈ ॥9॥

{ਨੋਟ: ‘ਜਪੁ ਜੀ’ ਸਾਹਿਬ ਦੇ ਇਹ ਅਰਥ, ਆਪਣੀ ਸਮਝ ਅਨੁਸਾਰ ਕੀਤੇ ਗਏ ਹਨ, ਕੋਈ ਆਖਰੀ ਨਿਰਣਾ ਨਹੀਂ, ਸਾਰੇ ਪਾਠਕਾਂ ਦੇ ਸੁਝਾਵਾਂ ਦਾ ਸੁਆਗਤ ਹੈ}




.