.

ਸਤਿੰਦਰਜੀਤ ਸਿੰਘ

ਪਉੜੀ-8


ਸੁਣਿਐ ਸਿਧ ਪੀਰ ਸੁਰਿ ਨਾਥ ॥
ਪ੍ਰਮਾਤਮਾ ਦੀ ਸਿੱਖਿਆ ਨੂੰ ਸੁਣ ਕੇ ਅਤੇ ਜੀਵਨ ਵਿੱਚ ਅਪਣਾ ਕੇ ਹੀ ਜੀਵ, ਆਪਣੇ ਮਨ ਨੂੰ ਮਾੜੇ ਕੰਮਾਂ ਤੋਂ ਰੋਕ ਕੇ, ਵਰਜ ਕੇ (ਸਿਧ), ਮਾੜੇ ਕੰਮਾਂ ਕਾਰਨ ਹੁੰਦੀ ਮਾਨਸਿਕ ਤਕਲੀਫ (ਪੀਰ) ਤੋਂ ਛੁੱਟਕਾਰਾ ਪਾ ਕੇ ਅਤੇ ਗੁਣਾਂ ਦਾ ਧਨੀ (ਸੁਰਿ) ਹੋ ਕੇ ਵਿਕਾਰਾਂ ਨੂੰ ਨੱਥ (ਨਾਥ) ਪਾ ਸਕਦਾ ਹੈ
ਸੁਣਿਐ ਧਰਤਿ ਧਵਲ ਆਕਾਸ ॥
ਪ੍ਰਮਾਤਮਾ ਦੀ ਸਿੱਖਿਆ ਨੂੰ ਸੁਣ ਅਤੇ ਮੰਨ (ਧਰਤਿ) ਕੇ ਮਨੁੱਖ ਆਪਣੀ ਹਉਮੈ (ਆਕਾਸ) ਨੂੰ ਗੁਣਾਂ ਵਿੱਚ ਬਦਲ ਕੇ ਆਪਣੀ ਸੋਚ ਨੂੰ ਸਫੇਦ, ਚਿੱਟਾ (ਧਵਲ) ਭਾਵ ਵਿਕਾਰ ਰਹਿਤ ਕਰ ਸਕਦਾ ਹੈ
ਸੁਣਿਐ ਦੀਪ ਲੋਅ ਪਾਤਾਲ ॥
ਪ੍ਰਮਾਤਮਾ ਦੀ ਸਿੱਖਿਆ ਨਾਲ ਹੀ ਉਹ ਆਪਣੀ ਸੋਚ (ਪਾਤਾਲ) ਵਿੱਚ ਉਪਜਦੇ ਵਿਕਾਰਾਂ ਦੇ ਹਨੇਰੇ ਨੂੰ ਦੂਰ ਕਰਨ ਲਈ ਗਿਆਨ ਅਤੇ ਗੁਣਾਂ ਦਾ ਦੀਵਾ (ਦੀਪ) ਜਗਾ ਕੇ ਰੁਸ਼ਨਾ (ਲੋਅ) ਸਕਦਾ ਹੈ
ਸੁਣਿਐ ਪੋਹਿ ਨ ਸਕੈ ਕਾਲੁ ॥
ਜਿਹੜਾ ਵੀ ਮਨੁੱਖ ਪ੍ਰਮਾਤਮਾ ਦੀ ਸਿੱਖਿਆ ਨੂੰ ਮਨ ਕਰ ਕੇ ਸੁਣ ਲੈਂਦਾ ਹੈ ਭਾਵ ਕਿ ਮੰਨ ਲੈਂਦਾ ਹੈ, ਉਸਨੂੰ ਫਿਰ ਵਿਕਾਰ (ਕਾਲੁ) ਛੂਹ (ਪੋਹਿ) ਨਹੀਂ ਸਕਦੇ
ਨਾਨਕ ਭਗਤਾ ਸਦਾ ਵਿਗਾਸੁ ॥
ਜਿਹੜੇ ਵੀ ਮਨੁੱਖ ਉਸ ਪ੍ਰਮਾਤਮਾ ਦੇ ਭਗਤ ਬਣ ਜਾਂਦੇ ਹਨ ਭਾਵ ਕਿ ਉਸਦੇ ਗੁਣ ਧਾਰ ਲੈਂਦੇ ਹਨ, ਉਹ ਹਮੇਸ਼ਾ (ਸਦਾ) ਖੁਸ਼ (ਵਿਗਾਸੁ) ਰਹਿੰਦੇ ਹਨ, ਦੁੱਖ-ਸੁੱਖ ਵਿੱਚ ਖਿੜ੍ਹੇ ਰਹਿੰਦੇ ਹਨ
ਸੁਣਿਐ ਦੂਖ ਪਾਪ ਕਾ ਨਾਸੁ ॥੮॥
ਪ੍ਰਮਾਤਮਾ ਦੀ ਸਿੱਖਿਆ, ਉਪਦੇਸ਼ ਨੂੰ ਸੁਣ ਅਤੇ ਮੰਨ ਕੇ ਮਨੁੱਖ ਦੇ ਵਿਕਾਰਾਂ ਕਾਰਨ ਪੈਦਾ ਹੋਏ ਦੁੱਖ ਅਤੇ ਗਲਤ ਕੰਮ (ਪਾਪ) ਖਤਮ ਹੋ ਜਾਂਦੇ ਹਨ ਅਤੇ ਮਨੁੱਖ ਗੁਣਾਂ ਦਾ ਧਨੀ ਹੋ ਕੇ ਸਚਿਆਰਾ ਬਣ ਜਾਂਦਾ ਹੈ ॥8॥

{ਨੋਟ: ‘ਜਪੁ ਜੀ’ ਸਾਹਿਬ ਦੇ ਇਹ ਅਰਥ, ਆਪਣੀ ਸਮਝ ਅਨੁਸਾਰ ਕੀਤੇ ਗਏ ਹਨ, ਕੋਈ ਆਖਰੀ ਨਿਰਣਾ ਨਹੀਂ, ਸਾਰੇ ਪਾਠਕਾਂ ਦੇ ਸੁਝਾਵਾਂ ਦਾ ਸੁਆਗਤ ਹੈ}
.