.

ਸਮਾਜ ਨੂੰ ਪਈਆਂ ਅੰਧਵਿਸ਼ਵਾਸਾਂ ਦੀਆਂ ਬੇੜੀਆਂ ਨੂੰ ਕੱਟਣ ਲਈ, ਆਓ,,, ਅਸੀਂ ਪੜ੍ਹੇ ਲਿਖੇ ਲੋਕ ਆਪਣਾ ਫਰਜ਼ ਨਿਭਾਈਏ।

ਮੌਜੂਦਾ ਸਮੇਂ ਵਿੱਚ ਵਿਗਿਆਨ ਨੇ ਅੰਧ ਵਿਸ਼ਵਾਸ਼ਾਂ ਦਾ ਕੇਂਦਰ ਬਣੇ ਬਹੁਤ ਸਾਰੇ ਸੂਰਜ, ਚੰਦ, ਤਾਰੇ, ਵਰਖਾ, ਅਸਮਾਨੀ ਬਿਜਲੀ, ਗ੍ਰਹਿ ਆਦਿ ਕੁਦਰਤੀ ਵਰਤਾਰਿਆਂ ਤੇ ਤੁਲਸੀ ਪਿੱਪਲ ਰੁੱਖਾਂ ਤੋਂ ਪਰਦੇ ਚੁੱਕ ਕੇ ਉਨ੍ਹਾਂ ਦੀ ਅਸਲੀਅਤ ਸਾਡੀਆਂ ਅੱਖਾਂ ਸਾਹਮਣੇ ਲੈ ਆਂਦੀ ਹੈ। ਜਿਸ ਤੋਂ ਪੜਿਆਂ ਲਿਖਿਾਆਂ ਨੂੰ ਪਤਾ ਲੱਗ ਗਿਆ ਹੈ, ਕਿ ਇਨ੍ਹਾਂ ਚੀਜ਼ਾਂ ਦੀ ਪੂਜਾ ਕਰਨੀ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ।
ਕਿਉਂਕਿ, ਜਿਸ ਤਰ੍ਹਾਂ ਅਸੀਂ ਇਹਨਾਂ ਬਾਰੇ ਸੋਚਦੇ ਸਾਂ ਜਾਂ ਜਿਸ ਤਰ੍ਹਾਂ ਸਾਨੂੰ ਦੱਸਿਆ ਗਿਆ ਸੀ। ਉਸ ਤਰ੍ਹਾਂ ਇਨ੍ਹਾਂ ਨੇ ਨਾ ਤਾਂ ਸਾਡੇ ਕੋਲੋਂ ਕੁਝ ਲੈਣਾ ਹੈ ਤੇ ਨਾ ਹੀ ਸਾਨੂੰ ਕੁਝ ਦੇਣਾ ਹੈ। ਨਾ ਇਹ ਸਾਡੇ ਨਾਲ ਕਿਸੇ ਗੱਲੋਂ ਨਾਰਾਜ਼ ਹੁੰਦੇ ਨੇ ਤੇ ਨਾ ਹੀ ਇਹ ਕਿਸੇ ਕਾਰਨ ਸਾਡੇ ਤੇ ਖੁਸ਼ ਹੁੰਦੇ ਨੇ । ਨਾ ਇਹ ਸਾਡਾ ਕੁਝ ਵਿਗਾੜ ਸਕਦੇ ਨੇ ਤੇ ਨਾ ਹੀ ਸਾਡਾ ਕੁਝ ਸਵਾਰ ਸਕਦੇ ਨੇ। ਸਗੋਂ ਇਹਨਾਂ ਵਿੱਚੋਂ ਬਹੁਤ ਸਾਰਿਆਂ ਨੂੰ ਅਸੀਂ ਆਪਣੀ ਮਰਜ਼ੀ ਨਾਲ ਵਰਤ ਰਹੇ ਹਾਂ ਤੇ ਅਗਾਂਹ ਵੀ ਵਰਤ ਸਕਦੇ ਹਾਂ।
ਪਰ ਇਸ ਦੇ ਬਾਵਜੂਦ ਵੀ ਸਾਡੇ ਸਮਾਜ ਦੇ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਵੀ ਕਿਸੇ ਨਾ ਕਿਸੇ ਰੂਪ ਵਿੱਚ ਇਹਨਾਂ ਦੀ ਪੂਜਾ ਕਰ ਰਹੇ ਹਨ।
ਜਿਵੇਂ ਸੂਰਜ ਨੂੰ ਸਵੇਰੇ ਸਵੇਰੇ ਪਾਣੀ ਦੇਣਾ, ਚੜ੍ਹਦੇ ਸੂਰਜ ਨੂੰ ਮੱਥਾ ਟੇਕਣਾ, ਬੀਬੀਆਂ ਵੱਲੋਂ ਚੰਦਰਮਾ ਨੂੰ ਦੇਖ ਕੇ ਵਰਤ ਤੋੜਨਾ, ਟੁੱਟਦੇ ਤਾਰਿਆਂ ਨੂੰ ਦੇਖ ਕੇ ਮੁਰਾਦਾਂ ਮੰਗਣੀਆਂ, ਮੀਂਹ ਪਵਾਉਣ ਲਈ ਪੂਜਾ, ਪਾਠ ਤੇ ਜੱਗ ਆਦਿ ਕਰਨੇ, ਪਾਣੀ ਨੂੰ ਖਵਾਜਾ ਪੀਰ ਮੰਨ ਕੇ ਉਸ ਦੇ ਨਾਂ ਤੇ ਦੇਗਾਂ ਦੇਣੀਆਂ (ਮਿੱਠੇ ਚੌਲ ਜਾਂ ਦਲੀਆ ਬਣਾ ਕੇ ਲੋਕਾਂ ਵਿੱਚ ਵੰਡਣਾ), ਕੁਝ ਖਾਸ ਨਦੀਆਂ ਦਰਿਆਵਾਂ ਤੇ ਸਰੋਵਰਾਂ ਨੂੰ ਪਵਿੱਤਰ ਮੰਨਣਾ ਤੇ ਉਹਨਾਂ ਵਿੱਚ ਨਹਾਉਣ ਨੂੰ ਚੰਗਾ ਕਰਮ ਸਮਝਣਾ, ਮਰ ਚੁੱਕੇ ਵਡੇਰਿਆਂ ਦੀ ਮੁਕਤੀ ਲਈ ਉਨ੍ਹਾਂ ਦੀਆਂ ਹੱਡੀਆਂ ਕੁਝ ਖਾਸ ਦਰਿਆਵਾਂ ਵਿੱਚ ਪਾਉਣੀਆਂ, ਜੋਤਸ਼ੀਆਂ ਤਾਂਤਰਿਕਾਂ ਦੇ ਕਹਿਣ ਤੇ ਕੁਝ ਖਾਸ ਸਮੱਗਰਆਂ ਵਗਦੇ ਪਾਣੀ ਦੇ ਵਿੱਚ ਰੋੜਨੀਆਂ ਆਦਿ।
ਗ੍ਰਹਿਾਂ ਦੀ ਦਿਸ਼ਾ ਦੇ ਅਧਾਰ ਤੇ ਜਨਮ ਪੱਤਰੀਆਂ, ਕੁੰਡਲੀਆਂ ਤਿਆਰ ਕਰਵਾਉਣੀਆਂ, ਮਹੂਰਤ ਕੱਢਵਾਉਣੇ , ਭਵਿੱਖਬਾਣੀਆਂ ਕਰਵਾਉਣੀਆਂ ਆਦਿ।
ਘਰ ਵਿੱਚ ਤੁਲਸੀ ਦੇ ਬੂਟੇ ਲਾਉਣੇ, ਪਿੱਪਲ, ਤੁਲਸੀ ਤੇ ਜੰਡ ਦੇ ਬੂਟੇ ਲਾਗੇ ਦੀਵੇ ਬਾਲਣੇ, ਇਨ੍ਹਾਂ ਬੂਟਿਆਂ ਨੂੰ ਮੱਥੇ ਟੇਕਣੇ, ਇਨ੍ਹਾਂ ਬੂਟਿਆਂ ਦੇ ਉੱਪਰ ਕਈ ਰੰਗ ਦੀਆਂ ਚੁੰਨੀਆਂ, ਕੱਪੜੇ ਵਲੇਟਣੇ, ਇਨ੍ਹਾਂ ਦੇ ਲਾਗੇ ਸੰਧੂਰ ਨਾਰੀਅਲ ਆਦਿ ਸਮੱਗਰੀ ਰੱਖਣੀ ਆਦਿ ਬੇਅੰਤ ਤਰ੍ਹਾਂ ਦੇ ਵਹਿਮ ਭਰਮ ਸਾਡੇ ਸਮਾਜ ਦੇ ਪੜ੍ਹੇ ਲਿਖੇ ਲੋਕਾਂ ਵੱਲੋਂ ਵੀ ਕੀਤੇ ਜਾ ਰਹੇ ਹਨ, ਜੋ ਕਿ ਬਿਲਕੁਲ ਵਿਅਰਥ ਹਨ।
ਇਸਦਾ ਕਾਰਨ ਸ਼ਾਇਦ ਇਹ ਹੈ, ਕਿ ਅਸੀਂ ਸਮਾਜ ਦੇ ਬਹੁਤੇ ਲੋਕ ਭੀੜ ਤੋਂ ਵੱਖ ਨਹੀਂ ਹੋਣਾ ਚਾਹੁੰਦੇ, ਕਿਉਂਕਿ ਅਸੀਂ ਜਦੋਂ ਵੀ ਭੀੜ ਤੋਂ ਵੱਖ ਹੋ ਕੇ ਕੁਝ ਕਰਨ ਸੋਚਣ ਵਿਚਾਰਨ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਅਨੇਕਾਂ ਤਰ੍ਹਾਂ ਦੇ ਸਵਾਲਾਂ ਵਿੱਚ ਘਿਰ ਜਾਂਦੇ ਹਾਂ। ਭੀੜ ਦੇ ਵੱਲੋਂ ਸਾਨੂੰ ਕਈ ਤਰ੍ਹਾਂ ਸਵਾਲ ਪੁੱਛੇ ਜਾਂਦੇ ਨੇ, ਜਿਨ੍ਹਾਂ ਦੇ ਸਾਡੇ ਕੋਲ਼ੇ ਜਵਾਬ ਤਾਂ ਹੁੰਦੇ ਨੇ, ਪਰ ਅਸੀਂ ਉਨ੍ਹਾਂ ਲੋਕਾਂ ਦੇ ਨਾਲ ਸਿਰ ਖਪਾਈ ਨਹੀਂ ਕਰਨਾ ਚਾਹੁੰਦੇ । ਇਸ ਦੇ ਨਾਲ ਹੀ ਕਈ ਵਾਰੀ ਭੀੜ ਵੱਲੋਂ ਸਾਡੀ ਵਿਰੋਧਤਾ ਵੀ ਕੀਤੀ ਜਾਂਦੀ ਹੈ, ਕਈ ਸਾਡੇ ਆਪਣੇ ਪਰਾਏ ਸਾਥੋਂ ਮੂੰਹ ਮੋੜ ਕੇ ਬਹਿ ਜਾਂਦੇ ਨੇ, ਸਾਡੇ ਨਾਲ ਰੁੱਸ ਜਾਂਦੇ ਨੇ, ਸਾਡੇ ਨਾਲ ਔਖੇ ਔਖੇ ਰਹਿਣ ਲੱਗਦੇ ਨੇ
ਇਸ ਲਈ ਅਸੀਂ ਸੋਚਦੇ ਹਾਂ, ਕਿ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਦੇ ਨਾਲੋਂ ਚੰਗਾ ਹੈ ਕਿ ਜਿਵੇਂ ਬਾਕੀ ਸਾਰੇ ਸਮਾਜ ਦੇ ਲੋਕ ਅਡੰਬਰ ਕਰ ਰਹੇ ਨੇ, ਅਸੀਂ ਵੀ ਉਸੇ ਤਰ੍ਹਾਂ ਕਰੀ ਜਾਈਏ। ਤਾਂ ਕਿ ਕੁਝ ਵੱਖਰਾ ਕਰਨ ਕਰਕੇ, ਪੈਦਾ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਬਚਿਆ ਜਾ ਸਕੇ।
ਜਦ ਕਿ ਇਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਵਾਲੀ ਬਹੁਤ ਹੀ ਮਾੜੀ ਸੋਚ ਹੈ। ਜਿਸ ਕਰਕੇ 70% ਲੋਕ ਪੜ ਲਿਖ ਜਾਣ ਦੇ ਬਾਵਜੂਦ ਵੀ ਅੰਧਵਿਸ਼ਵਿਾਸ਼ ਅਪਣਾ ਪੱਕਾ ਡੇਰਾ ਜਮਾਈ ਬੈਠੇ ਹਨ।
ਜੇ ਬਹੁਤ ਸਾਰੇ ਅੰਨ੍ਹੇ ਕਿਸੇ ਰਾਹ ਉਤੇ ਤੁਰੇ ਜਾਂਦੇ ਹੋਣ ਤੇ ਉਨ੍ਹਾਂ ਦੇ ਰਾਹ ਵਿੱਚ ਬਹੁਤ ਵੱਡਾ ਟੋਆ ਹੋਵੇ ਤਾਂ ਅੱਖਾਂ ਵਾਲ਼ੇ ਬੰਦੇ ਦਾ ਫਰਜ਼ ਬਣ ਜਾਂਦਾ ਹੈ, ਕਿ ਉਹ ਉਨ੍ਹਾਂ ਸਾਰਿਆਂ ਨੂੰ ਸਾਵਧਾਨ ਕਰੇ, ਉਨ੍ਹਾਂ ਸਾਰਿਆਂ ਨੂੰ ਦੱਸੇ ਕਿ ਅੱਗੇ ਬਹੁਤ ਵੱਡਾ ਟੋਆ ਹੈ, ਤੁਸੀਂ ਆਪਣਾ ਬਚਾਅ ਕਰੋ। ਨਾ ਕਿ ਉਹ ਵੀ ਅੰਨ੍ਹਿਆਂ ਦੇ ਪਿੱਛੇ ਲੱਗ ਕੇ ਆਪ ਵੀ ਟੋਏ ਵਿੱਚ ਜਾ ਡਿੱਗੇ। ਜੇ ਅੰਨ੍ਹੇ ਉਸਦੀ ਗੱਲ ਸੁਣ ਕੇ ਮੰਨਣ ਵਾਸਤੇ ਤਿਆਰ ਨਹੀਂ ਹਨ, ਤਾਂ ਘੱਟੋ ਘੱਟ ਅੱਖਾਂ ਵਾਲੇ ਬੰਦੇ ਨੂੰ ਚਾਹੀਦਾ ਹੈ ਕਿ ਉਹ ਆਪਣਾ ਰਸਤਾ ਬਦਲ ਲਵੇ, ਤੇ ਟੋਏ ਵਿੱਚ ਡਿੱਗਣੋਂ ਬਚ ਜਾਵੇ।
ਇਹਨਾਂ ਅੰਧ ਵਿਸ਼ਵਾਸਾਂ ਦੇ ਚੱਕਰਾਂ ਦੇ ਵਿੱਚ ਸਾਡੇ ਸਮਾਜ ਦੇ ਲੋਕਾਂ ਦਾ ਬਹੁਤ ਸਾਰਾ ਧਨ ਦੌਲਤ ਸਮਾਂ ਅਤੇ ਮਾਨਸਿਕ ਸ਼ਕਤੀ ਬਰਬਾਦ ਹੋ ਰਹੇ ਹਨ। ਜਿਨ੍ਹਾਂ ਨੂੰ ਆਪਣੀ ਤੇ ਸਮਾਜ ਦੀ ਭਲਾਈ ਦੇ ਕੰਮਾਂ ਵਾਸਤੇ ਵਰਤਿਆ ਜਾ ਸਕਦਾ ਹੈ। ਜਿਸ ਨਾਲ ਸਾਡਾ ਸਮਾਜ, ਸਾਡਾ ਆਲਾ ਦੁਆਲਾ ਸੋਹਣਾ ਤੇ ਵਧੀਆ ਬਣੇਗਾ, ਅਮਰੀਕਾ ਕੈਨੇਡਾ ਆਸਟਰੇਲੀਆ ਲੰਡਨ ਆਦਿ ਵਿਕਸਿਤ ਦੇਸ਼ਾਂ ਵਾਂਗ ਸਾਡਾ ਵੀ ਵਿਕਾਸ ਹੋਵੇਗਾ। ਜਿਸਦੇ ਨਾਲ ਸਾਡਾ ਆਪਣਾ ਅਤੇ ਸਾਡੇ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋਵੇਗਾ। ਸਾਡੀਆਂ ਬਹੁਤ ਸਾਰੀਆਂ ਚਿੰਤਾਵਾਂ ਤੇ ਪ੍ਰੇਸ਼ਾਨੀਆਂ ਖਤਮ ਹੋਣਗੀਆਂ।


ਸੋ ਆਓ, ਆਪਣੇ ਫ਼ਰਜ਼ਾਂ ਦੀ ਪਾਲਨਾ ਕਰਨ ਲਈ, ਅਸੀਂ ਸਾਰੇ ਜ਼ਿਨ੍ਹਾਂ ਨੇ ਵਿੱਦਿਆ ਦੀ ਸਕਤੀ ਨਾਲ ਆਪਣਾ ਤੀਜਾ ਨੇਤਰ ਖੋਲ੍ਹ ਲਿਆ ਹੈ, ਜਿਸ ਨੇਤਰ ਕਰਕੇ ਸਾਨੂੰ ਸੱਚ ਝੂਠ ,ਸਹੀ ਗਲਤ, ਧਰਮ ਭਰਮ ਦਾ ਗਿਆਨ ਹੋਇਆ ਹੈ। ਅਸੀਂ ਉਸ ਤੀਜੇ ਨੇਤਰ ਦੀ ਰੌਸ਼ਨੀ ਦੂਜਿਆਂ ਦੇ ਵਿੱਚ ਵੀ ਵੰਡੀਏ ਤੇ ਦੂਜਿਆਂ ਨੂੰ ਵੀ ਵਹਿਮਾਂ ਭਰਮਾਂ, ਅੰਧ ਵਿਸ਼ਵਾਸ਼ਾਂ, ਪਾਖੰਡਾਂ ਤੇ ਧਰਮ ਦੇ ਨਾਂ ਤੇ ਹੋ ਰਹੇ ਅਡੰਬਰਾਂ ਤੋਂ ਬਚਾਈਏ।
------------------------------
ਹਰਪਾਲ ਸਿੰਘ ਫ਼ਿਰੋਜਪੁਰ 88722-19051
.