.

ਲਖੀ ਨ ਜਾਈ ਨਾਨਕ ਲੀਲਾ ॥

ਜਗ ਰਚਨਾ ਵੀ ਰੱਬ ਦੀ ਇੱਕ ਅਗੰਮੀ ਤੇ ਨਿਰਾਲੀ ਖੇਡ ਹੈ। ਇਹ ਜਗ ਉਸ ਸਚੇ ਦੀ ਕੋਠੜੀ ਵੀ ਹੈ ਜਿਸ ਵਿੱਚ ਉਸ ਦਾ ਵਾਸਾ ਹੈ (ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥ 463 ) ਅਤੇ ਇਹ ਜਗ ਰਾਤ ਦੇ ਸੁਪਨੇ ਵਾਂਙ ਝੂਠਾ ਵੀ ਹੈ (ਨਾਨਕ ਕਹਤ ਜਗਤ ਸਭ ਮਿਥਿਆ ਜਿਉ ਸੁਪਨਾ ਰੈਨਾਈ ॥ 1231)। ਇਹ ਸੱਚਾ ਜਾਪਦਾ ਸੰਸਾਰ ਸ਼ੀਸ਼ੇ ਵਿੱਚ ਦਿਸਦੇ ਇੱਕ ਅਕਸ (ਪਰਛਾਵੇਂ) ਵਾਂਙ ਹੀ ਹੈ, ਜੋ ਵੇਖਣ ਨੂੰ, ਰਾਤ ਦੇ ਸੁਪਨੇ ਵਾਂਙ ਸੱਚ ਪਰਤੀਤ ਹੁੰਦਾ ਹੈ ਪਰ ਅਸਲੀਅਤ ਵਿੱਚ ਝੂਠ ਹੀ ਹੈ। ਰੇਗਸਤਾਨ ਦੀ ਤਪਦੀ ਰੇਤ ਵਿੱਚ ਕਈ ਵਾਰ ਪਾਣੀ ਦੀ ਝਲਕ (mirage) ਸੱਚ ਜਾਪਦੀ ਵੀ ਝੂਠ ਸਾਬਤ ਹੋ ਜਾਂਦੀ ਹੈ। ਦੂਰੋਂ ਜ਼ਮੀਨ ਤੇ ਆਕਾਸ਼ ਮਿਲਦਿਆਂ ਦਾ ਸੱਚ ਲਗਣਾ ਵੀ ਝੂਠ ਹੀ ਹੁੰਦਾ ਹੈ ਤਾਂ ਸ਼ੰਕਾ ਪੈਦਾ ਹੋ ਜਾਂਦਾ ਹੈ ਕਿ ਇਹ ਸੱਚ ਜਾਪਦਾ ਸੰਸਾਰ ਝੂਠਾ ਕਿਵੇਂ ਮੰਨਿਆ ਜਾ ਸਕਦਾ ਹੈ? ਗੁਰਬਾਣੀ ਦਾ ਕਥਨ ਹੈ: ਆਪੀਨ੍ਹ੍ਹੈ ਆਪੁ ਸਾਜਿਓ ਆਪੀਨ੍ਹ੍ਹੈ ਰਚਿਓ ਨਾਉ ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥ 463 ਦੂਯੀ ਕੁਦਰਤ ਸਾਜ ਕੇ ਵਿੱਚ ਬੈਠਣ ਦਾ ਭਾਵ ਹੀ ਕਰਤੇ ਦਾ ਧੁੰਧੂਕਾਰੇ ਤੋਂ ਪ੍ਰਕਾਸ਼ ਵਿੱਚ ਆਉਣਾ ਹੈ, (ਕੇਤੜਿਆ ਦਿਨ ਗੁਪਤੁ ਕਹਾਇਆ ॥ ਕੇਤੜਿਆ ਦਿਨ ਸੁੰਨਿ ਸਮਾਇਆ ॥ ਕੇਤੜਿਆ ਦਿਨ ਧੁੰਧੂਕਾਰਾ ਆਪੇ ਕਰਤਾ ਪਰਗਟੜਾ ॥ 1081) ਨਿਰਆਕਾਰ ਹੁੰਦੇ ਵੀ ਆਕਾਰਾਂ ਵਿੱਚੋਂ ਝਲਕਣਾ ਹੈ, ਨਿਰੰਕਾਰੁ ਆਕਾਰੁ ਹੈ ਆਪੇ ਆਪੇ ਭਰਮਿ ਭੁਲਾਏ ॥ 1257 ਜਾਂ ਗੁਪਤ ਤੋਂ ਪ੍ਰਗਟ ਹੋਣਾ ਹੈ ਤੂੰ ਗੁਪਤੁ ਪਰਗਟੁ ਪ੍ਰਭ ਆਪੇ ॥ 102 ਦੋ ਹੋਣ ਦਾ ਕੇਵਲ ਭੁਲੇਖਾ ਹੀ ਹੈ, ਕਿਉਂਕਿ ਗੁਰਬਾਣੀ ਅਨੁਸਾਰ, ਕਰਤੇ ਤੋਂ ਬਿਨਾ ਕੋਈ ਹੋਰ ਦੂਸਰਾ ਹੈ ਹੀ ਨਹੀ।

(1) ਨਾਨਕ ਏਕੋ ਰਵਿ ਰਹਿਆ ਦੂਜਾ ਅਵਰੁ ਨ ਕੋਇ ॥ 56 (2) ਸਭੁ ਕਿਛੁ ਆਪੇ ਆਪਿ ਹੈ ਦੂਜਾ ਅਵਰੁ ਨ ਕੋਇ ॥ 38 (3) ਨਾਨਕ ਏਕੋ ਰਵਿ ਰਹਿਆ ਦੂਸਰ ਹੋਆ ਨ ਹੋਗੁ ॥ 250 ਹਰ ਆਕਾਰ ਵਿੱਚ ਉਸ ਦੀ ਝਲਕ ਹੈ, ਪਰ ਔਕੜ ਇਹ ਹੈ ਕਿ ਆਕਾਰ ਰੂਪ ਵਿੱਚ ਝਲਕਦਾ ਨਿਰੰਕਾਰ ਫੇਰ ਵੀ ਗੁਪਤ ਹੀ ਹੈ ਤੇ ਇਹਨਾਂ ਸਰੀਰਕ ਅੱਖਾਂ ਨਾਲ ਵੇਖਿਆ ਨਹੀ ਜਾ ਸਕਦਾ। ਜਿਵੇਂ 3D ਫਿਲਮ ਨੂੰ ਵੇਖਣ ਲਈ ਉਚੇਚੀ ਐਨਿਕ ਦੀ ਲੋੜ ਹੈ ਤਿਵੇਂ ਆਕਾਰ ਵਿੱਚੋਂ ਝਲਕਦੇ ਨਿਰੰਕਾਰ ਨੂੰ ਵੇਖਣ ਲਈ ਵੀ ਵਿਸ਼ੇਸ਼ ਐਨਿਕ (ਗੁਰਗਿਆਨ) ਦੀ ਲੋੜ ਹੈ ਜਿਸ ਦਾ ਵਰਨਨ ਗੁਰਬਾਣੀ ਕਰਦੀ ਹੈ ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥ 577 ਇਹ ਗਿਆਨ ਦੀਆਂ ਬਿਅੰਨਿ ਅਖੜੀਆਂ (ਐਨਿਕਾਂ) ਦਿਸਦੀ ਵਸਤੂ ਨੂੰ ਦੂਰ ਜਾਂ ਨੇੜੇ ਵੇਖਣ ਵਾਲੀਆਂ ਨਹੀ, ਬਲਿਕੇ ਗੁਪਤ ਨੂੰ ਜ਼ਾਹਰ ਜਾਂ ਪ੍ਰਤੱਖ ਕਰਨ ਵਾਲੀਆਂ ਵਿਸ਼ੇਸ਼ ਐਨਕਾਂ ਹਨ। ਸਮਝਣ ਲਈ ਇੱਕ ਇਤਿਹਾਸਿਕ ਘਟਨਾ ਯਾਦ ਆਈ ਕਿ ਮਰਦਾਨਾ ਬਾਬੇ ਨਾਨਕ ਨੂੰ ਪੁਛਦਾ ਹੈ ਕਿ ਅਪਣੀਆਂ ਦੋਨਾਂ ਦੀਆਂ ਅੱਖਾਂ ਦੁਨਅਿਾਵੀ ਤੌਰ ਤੇ ਇਕੋ ਜਿਹਾ ਵੇਖਦੀਆਂ ਹਨ ਪਰ ਫੇਰ ਤੁਸਾਂ ਨੂੰ ਜੋ ਕਰਤਾਰ ਪੱਤੇ ਪੱਤੇ ਵਿੱਚ ਰਮਿਆ ਦਿਸਦਾ ਹੈ, ਆਕਾਸ਼ ਵਿੱਚ ਫੈਲਿਆ ਦਿਸਦਾ ਹੈ, ਪਾਣੀ ਦੇ ਕਤਰੇ ਕਤਰੇ ਵਿੱਚ ਝਲਕਾਂ ਮਾਰਦਾ ਦਿਸ ਰਿਹਾ ਹੈ, ਉਹ ਮੈਨੂੰ ਕਿਉਂ ਨਹੀ ਦਿਸਦਾ? ਬਾਬੇ ਨੇ ਮਰਦਾਨੇ ਰਾਹੀਂ ਲੁਕਾਈ ਨੂੰ ਇਹੀ ਸਮਝਾਇਆ ਸੀ ਕਿ ਜਿਸ ਅਮੁੱਲੇ ਲਾਲ ਦੀ ਕੀਮਤ ਦੁਨਿਆਵੀ ਅੱਖਾਂ ਨੇ ਕੇਵਲ ਦੋ ਮੂਲੀਆਂ ਹੀ ਪਾਈ ਸੀ ਉਸ ਨੂੰ ਇੱਕ (ਸਾਲਿਸ ਰਾਇ) ਜੌਹਰੀ ਦੀ (ਗਿਆਨਵਾਨ) ਅੱਖ ਅਨਮੋਲ ਵੇਖ ਰਹੀ ਸੀ। ਜਿਸ ਨਿਰਆਕਾਰ ਹਵਾ, ਭੁੱਖ, ਪਿਆਸ ਜਾਂ ਪਿਆਰ ਆਦਿਕ ਨੂੰ ਦੁਨਿਆਵੀ ਅੱਖਾਂ ਨਹੀ ਵੇਖ ਸਕਦੀਆਂ ਉਸ ਨੂੰ ਕੇਵਲ ਗਿਆਨ ਦੀ (ਐਨਿਕ) ਅੱਖ ਨਾਲ ਹੀ ਅਨਭਵ ਕੀਤਾ ਜਾ ਸਕਦਾ ਹੈ। ਗੁਰਬਾਣੀ ਦਾ ਕਥਨ ਹੈ: ਹਰਿ ਸੰਤਹੁ ਦੇਖਹੁ ਨਦਰਿ ਕਰਿ ਨਿਕਟਿ ਵਸੈ ਭਰਪੂਰਿ ॥ ਗੁਰਮਤਿ ਜਿਨੀ ਪਛਾਣਿਆ ਸੇ ਦੇਖਹਿ ਸਦਾ ਹਦੂਰਿ ॥ 27 ਗੁਰੂ ਦੀ ਮਤ (ਗਿਆਨ ਦੀ ਐਨਿਕ) ਦੁਆਰਾ ਹੀ ਹਰ ਥਾਂ ਵਿਆਪਕ ਨਿਰੰਕਾਰ ਨੂੰ ਪਛਾਣਿਆ ਜਾ ਸਕਦਾ ਹੈ, ਐਸੋ ਗਿਆਨੁ ਬਿਰਲੋ ਈ ਪਾਏ ॥ ਜਤ ਜਤ ਜਾਈਐ ਤਤ ਦ੍ਰਿਸਟਾਏ ॥ 803 ਸਦਾ ਸੰਗ ਵਸਦੇ ਨੂੰ ਗਿਆਨ ਦੀ ਅੱਖ ਨਾਲ ਹੀ ਜਾਣਿਆ ਜਾ ਸਕਦਾ ਹੈ, ਕਿਉਂਕਿ ਨਿਰੰਕਾਰ ਸੰਸਾਰੀ ਅੱਖ ਦਾ ਵਿਸ਼ਾ ਹੀ ਨਹੀ ਹੈ। ਇਹੀ ਕਾਰਨ ਹੈ ਕਿ ਜੋ ਰੱਬ ਆਮ ਮਨੁੱਖ ਨੂੰ ਸੰਸਾਰੀ ਅੱਖ ਨਾਲ ਨਜ਼ਰ ਨਹੀ ਆਉਂਦਾ ਉਸ ਨੂੰ ਗੁਰਗਿਆਨ ਦੀ ਅੱਖ ਕਣ ਕਣ ਵਿੱਚ ਤੇ ਸਦਾ ਜ਼ਾਹਰਾ ਜ਼ਹੂਰ ਵੇਖ ਰਹੀ ਹੈ (ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ ॥ 397)। ਇਹ ਜਗਤ ਦੀ ਖੇਡ (ਲੀਲਾ) ਅਗੰਮੀ, ਉਤਭੁਜ ਜਾਂ ਅਨੋਖੀ ਇਸ ਲਈ ਹੈ ਕਿਉਂਕਿ ਕਰਤਾ ਦੋਹਾਂ ਰੂਪਾਂ ਵਿੱਚ ਜਾਪਦਾ ਹੋਇਆ ਵੀ ਇਕੋ ਹੀ ਹੈ।

(1) ਆਪਹਿ ਸੂਖਮ ਆਪਹਿ ਅਸਥੂਲਾ ॥ ਲਖੀ ਨ ਜਾਈ ਨਾਨਕ ਲੀਲਾ ॥ 250 (2) ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ ॥ ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ ॥ 250 ਸੰਸਾਰੀ ਅੱਖਾਂ ਨਾਲ ਅਨੇਕ ਰੂਪਾਂ ਵਿੱਚ ਦਿਸਦਾ ਵੀ (ਗਿਆਨ ਦੀ ਐਨਿਕ ਵਿਚੋਂ) ਇੱਕ ਹੀ ਹੈ। ਗੁਪਤ ਤੋਂ ਪ੍ਰਗਟ ਆਕਾਰ ਦੁਆਰਾ ਹੀ ਹੋਇਆ ਜਾ ਸਕਦਾ ਹੈ, ਪਰ ਆਕਾਰ ਦੀ ਸੀਮਾ ਹੁੰਦੀ ਹੈ ਤੇ ਨਾਸਵੰਤ ਵੀ ਹੈ ਇਸ ਲਈ ਜੋ ਆਕਾਰਾਂ ਦਾ ਆਵਾ ਗਉਣ ਦਾ ਝਲਕਾਰਾ ਦਿਸਦਾ ਹੈ ਉਹ ਇੱਕ ਪਰਛਾਵਾਂ ਹੀ ਹੈ, ਰੇਗਸਤਾਨ ਵਿੱਚ ਪਾਣੀ ਦੇ ਝਲਕਾਰੇ ਵਾਂਙ ਹੀ ਹੈ, ਰਾਤ ਵੇਲੇ ਚਲਦੇ ਸੁਪਨੇ ਵਾਂਙ ਹੀ ਹੈ, ਗਿਆਨ ਦੀ ਅੱਖ ਵਿੱਚ ਇਸ ਦੀ ਕੋਈ ਹਕੀਕਤ ਨਹੀ ਹੈ, ਜਿਉ ਸੁਪਨੈ ਨਿਸਿ ਭੁਲੀਐ ਜਬ ਲਗਿ ਨਿਦ੍ਰਾ ਹੋਇ ॥ ਇਉ ਸਰਪਨਿ ਕੈ ਵਸਿ ਜੀਅੜਾ ਅੰਤਰਿ ਹਉਮੈ ਦੋਇ ॥ ਗੁਰਮਤਿ ਹੋਇ ਵੀਚਾਰੀਐ ਸੁਪਨਾ ਇਹੁ ਜਗੁ ਲੋਇ ॥ 62 ਅਸਲ ਵਿੱਚ ਜਿਵੇਂ ਸੁਪਨਾ ਇੱਕ ਝੂਠੀ ਝਲਕ ਹੀ ਹੈ ਤਿਵੇਂ ਜਗਤ ਦੀ ਆਵਾ ਜਾਈ ਵੀ ਇੱਕ ਝੂਠੀ ਝਲਕ ਹੀ ਹੈ ਪਰ ਹਕੀਕਤ ਇਹ ਹੈ ਕਿ ਨਾ ਕੁਛ ਇਥੇ ਆਉਂਦਾ ਹੈ ਤੇ ਨਾ ਕੁਛ ਇਥੋਂ ਜਾਂਦਾ ਹੈ, ਇਹ ਇੱਕ ਖੇਲ, ਅਜਬ ਲੀਲਾ ਜਾਂ ਇੱਕ ਬਿੰਬ (image) ਹੀ ਹੈ, ਇੱਕ ਅਨੋਖੀ ਖੇਡ ਹੀ ਹੈ। ਨਾ ਕਿਛੁ ਆਵਤ ਨਾ ਕਿਛੁ ਜਾਵਤ ਸਭੁ ਖੇਲੁ ਕੀਓ ਹਰਿ ਰਾਇਓ ॥ ਕਹੁ ਨਾਨਕ ਅਗਮ ਅਗਮ ਹੈ ਠਾਕੁਰ ਭਗਤ ਟੇਕ ਹਰਿ ਨਾਇਓ ॥ 209

ਪਰ ਇਹ ਅਗੰਮੀ ਲੀਲਾ ਨੂੰ ਗਿਆਨ ਦੀ ਐਨਿਕ ਬਿਨਾ ਜਾਣਿਆ ਨਹੀ ਜਾ ਸਕਦਾ। ਇਹ ਸੰਸਾਰ ਇੱਕ ਚਲਦੀ ਫਿਲਮ ਵਾਂਙ ਹੈ ਜਿਸ ਨੂੰ (ਅਗਿਆਨਤਾ ਕਾਰਨ) ਸੁੱਤਾ ਮਨੁੱਖ ਸੱਚ ਸਮਝੀ ਬੈਠਾ ਹੈ। ਗੁਰਗਿਆਨ ਦੀ ਐਨਿਕ ਬਿਨਾ ਅਨੇਕਤਾ ਵਿੱਚੋਂ ਇੱਕ ਨੂੰ ਨਹੀ ਪਛਾਣਿਆ ਜਾ ਸਕਦਾ। ਮਨੁੱਖ ਨੂੰ ਸੁੱਖ ਦੁੱਖ ਦੋ ਜਾਪਦੇ ਹਨ ਪਰ ਸੁੱਖ ਵਿੱਚ ਹੀ ਦੁੱਖ ਅਤੇ ਦੁੱਖ ਵਿੱਚ ਹੀ ਸੁੱਖ ਲੁਕਿਆ ਪਿਆ ਹੈ ਪਰ ਦਿਸਦਾ ਨਹੀ, ਮੰਦੇ ਵਿੱਚ ਚੰਗਾ ਤੇ ਚੰਗੇ ਵਿੱਚ ਮੰਦਾ ਲੁਕਿਆ ਬੈਠਾ ਹੈ ਜੋ ਦਿਸਦਾ ਨਹੀ, ਦਿਨ ਵਿੱਚ ਰਾਤ ਤੇ ਰਾਤ ਵਿੱਚ ਦਿਨ ਸਮਾਇਆ ਹੋਇਆ ਹੈ ਪਰ ਦਿਸਦਾ ਨਹੀ, ਗੁਣ ਤੇ ਅਵਗੁਣ ਦੋ ਜਾਪਦੇ ਇਕੋ ਹੀ ਹਨ, ਉਸਤਤ ਨਿੰਦਾ ਦੋ ਲਗਦੇ ਹਨ ਪਰ ਇਕੋ ਹੀ ਹਨ, ਝੂਠ ਤੇ ਸੱਚ ਦੋ ਭਾਸਦੇ ਵੀ ਇੱਕ ਹੀ ਹਨ। ਇੱਕ (ਚਿੱਟੇ) ਰੰਗ ਵਿੱਚ ਹੀ ਅਨੇਕ ਰੰਗ ਛੁਪੇ ਪਏ ਹਨ ਜੋ ਨਜ਼ਰ ਨਹੀ ਆਉਂਦੇ, ਇੱਕ ਵਿੱਚ ਹੀ ਦੂਜਾ ਛੁਪਿਆ ਹੋਇਆ ਹੈ, ਇੱਕ ਦੀ ਗੈਰ-ਹਾਜ਼ਰੀ ਹੀ ਦੂਜੇ ਦੀ ਹੋਂਦ ਹੈ, ਇਸ ਲਈ ਜਦੋਂ ਮਨੁੱਖ ਸੰਸਾਰੀ ਅੱਖ ਨਾਲ ਵੇਖਦਾ ਹੈ ਤਾਂ (ਅਨੇਕਤਾ ਵਿੱਚ) ਸੰਸਾਰ ਹੀ ਦਿਸਦਾ ਹੈ ਪਰ ਜਦੋਂ ਗਿਆਨ ਦੀ ਐਨਿਕ ਲਾ ਲੈਂਦਾ ਹੈ ਤਾਂ ਅਨੇਕਤਾ ਵਿੱਚ ਝਲਕਦਾ ਇਕੋ ਨਿਰੰਕਾਰ ਹੀ ਦਿਸਦਾ ਹੈ। ਜਿਵੇਂ ਮਨੁੱਖ ਤੇ ਮਨੁੱਖ ਦਾ ਪਰਛਾਵਾਂ ਦੋ ਜਾਪਦੇ ਵੀ ਇਕੋ ਹੀ ਹਨ, ਜੁਦਾ ਨਹੀ ਕੀਤੇ ਜਾ ਸਕਦੇ ਤਿਵੇਂ ਕਿਰਤ ਨੂੰ ਕਰਤੇ ਨਾਲੋਂ ਜੁਦਾ ਨਹੀ ਕੀਤਾ ਜਾ ਸਕਦਾ। ਕੀ ਕਰਤੇ ਬਿਨਾ ਕਿਰਤ ਦੀ ਹੋਂਦ ਹੋ ਸਕਦੀ ਹੈ? ਕੀ ਕਿਰਤ ਤੋਂ ਬਿਨਾ ਕਰਤੇ ਦਾ ਗਿਆਨ ਹੋ ਸਕਦਾ ਹੈ? ਕੀ ਆਕਾਰ ਤੋਂ ਬਿਨਾ ਨਿਰੰਕਾਰ ਦਾ ਗਿਆਨ ਹੋ ਸਕਦਾ ਹੈ? ਦੋਨੋਂ ਆਪਾ ਵਿਰੋਧੀ ਜਾਪਦੇ ਹੋਏ ਵੀ ਇਕੋ ਹੀ ਹਨ। ਦੋ ਰੂਪ ਜਾਪਦੇ ਹੋਏ ਵੀ ਇਕੋ ਹੀ ਹਨ। ਇੱਕ ਤੋਂ ਬਿਨਾ ਦੂਜੇ ਨੂੰ ਜਾਣਿਆ ਨਹੀ ਜਾ ਸਕਦਾ। ਧਰਮ ਵਿੱਚ ਅਵਗੁਣਾਂ ਨੂੰ ਛੱਡ ਕੇ ਗੁਣਾਂ ਨੂੰ ਧਾਰਨ ਕਰਨ ਦਾ ਭਾਵ ਹੀ ਇਹੋ ਹੈ ਕਿ ਦੋਨਾਂ ਨੂੰ ਸੰਤੁਲਨ ਵਿੱਚ ਰਖਣਾ ਹੈ ਕਿਉਂਕਿ ਇਹਨਾਂ ਦੋਨਾਂ ਨੂੰ ਅਲੱਗ ਨਹੀ ਕੀਤਾ ਜਾ ਸਕਦਾ, ਇੱਕ ਦੇ ਨਾਲ ਦੂਜਾ ਅਵੱਸ਼ ਆਵੇਗਾ ਕਿਉਂਕਿ ਦੋ ਪਾਸਿਆਂ ਤੋਂ ਬਿਨਾ ਸਿੱਕਾ ਹੋ ਨਹੀ ਸਕਦਾ, ਇਸ ਲਈ ਗੁਰਬਾਣੀ ਦਾ ਸਿਧਾਂਤ ਦੋਨਾਂ ਵਿਚੋਂ ਇੱਕ ਦੀ ਚੋਣ ਨਹੀ, ਬਲਿਕੇ ਦੋਨਾਂ ਨੂੰ ਸਮ (equal) ਜਾਣ ਕੇ ਦੋਨਾਂ ਦਾ ਸੰਤੁਲਨ (balance) ਰੱਖਣਾ ਹੈ। ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥ ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ ॥੧॥ ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ॥ ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ ॥ 219 ਏਸੇ ਸੰਤੁਲਨ ਦੀ ਲੀਲਾ ਨੂੰ ਹੀ ਨਿਰਬਾਣ ਪਦ ਕਿਹਾ ਹੈ, ਇਹੀ ਸਹਜ ਅਵਸਥਾ ਹੈ, ਇਹੀ ਚੌਥਾ ਜਾਂ ਪਰਮ ਪਦ ਹੈ, ਇਹੀ ਮਨ ਨੂੰ ਥਿਰ ਕਰਨਾ ਹੈ, ਇਹੀ ਮਨ ਦੀ ਅਡੋਲਤਾ ਹੈ, ਪਰ ਇਸ ਅਜੀਬ, ਅਗੰਮੀ ਤੇ ਕਠਨ ਲੀਲਾ ਨੂੰ, ਗੁਰੂ ਦੀ ਸ਼ਰਨ ਪੈ ਕੇ, ਕੋਈ ਵਿਰਲਾ ਹੀ ਬੁੱਝਦਾ ਹੈ।

ਕੁੱਝ ਵਿਗਿਆਨੀਆਂ ਦੀ ਸੋਚ ਹੈ ਕਿ ਨਿਰਾਕਾਰ ਤੋਂ ਹੀ ਆਕਾਰ ਪੈਦਾ ਹੋਇਆ ਹੈ, (matter comes from non-matter) ਅਤੇ ਇਹ ਧਰਮਾਂ ਦੀ ਸੋਚ ਨਾਲ ਮੇਲ ਖਾਂਦੀ ਹੈ ਕਿ: (1) ਕੀਤਾ ਪਸਾਉ ਏਕੋ ਕਵਾਉ ॥ ਤਿਸ ਤੇ ਹੋਏ ਲਖ ਦਰੀਆਉ ॥ 3 (2) ਏਕਹਿ ਤੇ ਸਗਲਾ ਬਿਸਥਾਰਾ ॥ ਨਾਨਕ ਆਪਿ ਸਵਾਰਨਹਾਰਾ ॥ 251 ਆਕਾਰ ਤੋਂ ਬਿਨਾ ਨਿਰਆਕਾਰ ਨੂੰ ਕਿਵੇਂ ਜਾਣਿਆ ਜਾਵੇ? ਜਿਵੇਂ ਇਕੋ ਸੂਰਜ ਤੋਂ ਅਨੇਕ ਰੁੱਤਾਂ ਦਿਖਾਈ ਦਿੰਦੀਆਂ ਹਨ ਤਿਵੇਂ (ਨਿਰੰਕਾਰ) ਇੱਕ ਤੋਂ ਹੀ ਅਨੇਕ (ਆਕਾਰ) ਨਜ਼ਰ ਆਉਂਦੇ ਹਨ। ਜਿਵੇਂ ਰੁੱਤਾਂ ਆਉਂਦੀਆਂ ਜਾਂਦੀਆਂ ਹਨ ਤਿਵੇਂ ਆਕਾਰਾਂ ਦਾ ਵੀ ਆਵਾਗਉਣ ਬਣਿਆ ਹੋਇਆ ਹੈ ਪਰ ਇਹਨਾਂ ਦੋਹਾਂ ਸਿਰਿਆਂ ਦਾ ਕਰਤਾ ਇਕੋ ਹੀ ਹੈ: ਦੁਹਾਂ ਸਿਰਿਆਂ ਕਾ ਕਰਤਾ ਆਪਿ ॥ ਕੁਰਬਾਣੁ ਜਾਂਈ ਤੇਰੇ ਪਰਤਾਪ ॥ 1270 ਕਈ ਵਾਰ ਹੈਰਾਨਗੀ ਹੁੰਦੀ ਹੈ ਜਦੋਂ ਐਸੇ ਸ਼ਰਧਾਲੂ ਵੀ ਮਿਲਦੇ ਹਨ ਜੋ ਇਹ ਦ੍ਹਾਵਾ ਕਰਦੇ ਹਨ ਕਿ ਉਹਨਾਂ ਨੂੰ ਗੁਜ਼ਰ ਚੁਕੇ ਪੀਰਾਂ ਪੈਗੰਬਰਾਂ, ਸੰਤਾਂ, ਮਹੰਤਾ, ਸ਼ਹੀਦਾਂ ਜਾਂ ਗੁਰੂ ਸਾਹਿਬਾਨਾਂ ਦੇ ਪ੍ਰਤੱਖ ਸਰੀਰਕ ਦੀਦਾਰ ਹੁੰਦੇ ਹਨ। ਕਈ ਸੰਤ ਨਿਰੰਕਾਰ ਦੇ (ਇਹਨਾਂ ਦੋ ਸਰੀਰਕ ਅੱਖਾਂ ਨਾਲ) ਦੀਦਾਰ ਕਰਨ ਕਰਾਉਣ ਦਾ ਵੀ ਦ੍ਹਾਵਾ ਕਰਦੇ ਰਹੇ ਹਨ ਜੋ ਕਦੇ ਵੀ ਮੁਮਕਿਨ ਨਹੀ ਹੋ ਸਕਦਾ। ਅਸੀਮ ਰੱਬ ਨੂੰ ਕਦੇ ਵੀ ਸੀਮਾ ਵਿੱਚ ਨਹੀ ਲਿਆਇਆ ਜਾ ਸਕਦਾ। ਸੀਮਾ ਵਿੱਚ ਆਉਣ ਵਾਲਾ ਰੱਬ ਨਹੀ ਹੋ ਸਕਦਾ, ਸਮੁੰਦਰ ਨੂੰ ਕੁੱਝੇ ਵਿੱਚ ਨਹੀ ਪਾਇਆ ਜਾ ਸਕਦਾ ਤੇ ਕੁੱਝੇ ਵਿੱਚ ਪੈਣ ਵਾਲਾ ਸਮੁੰਦਰ ਨਹੀ ਹੋ ਸਕਦਾ। ਦੂਜੇ ਪਾਸੇ ਇਹ ਕੁਦਰਤ ਦਾ ਨਿਯਮ ਹੈ ਕਿ ਇਸ ਸੰਸਾਰ ਤੋਂ ਕੂਚ ਕਰਨ ਵਾਲਾ ਕਦੇ ਮੁੜ ਨਹੀ ਪਰਤਿਆ। ਤਰਵਰ ਨਾਲੋਂ ਟੁੱਟਿਆ ਪਾਤਰ ਕਦੇ ਮੁੜ ਨਹੀ ਜੁੜਿਆ, ਕਮਾਨ ਤੋਂ ਛੁਟਿਆ ਤੀਰ ਕਦੇ ਨਹੀ ਮੁੜਿਆ ਤੇ ਇਸੇ ਤਰਾਂ ਜਿਹੜੀ ਬੂੰਦ ਇੱਕ ਵਾਰ ਸਾਗਰ ਵਿੱਚ ਮਿਲ ਜਾਏ ਉਸ ਨੂੰ ਫਿਰ ਅਲੱਗ ਨਹੀ ਕੀਤਾ ਜਾ ਸਕਦਾ। ਸਾਧ ਮੂਰਤਿ ਗੁਰੁ ਭੇਟਿਓ ਨਾਨਕ ਮਿਲਿ ਸਾਗਰ ਬੂੰਦ ਨਹੀ ਅਨ ਹੇਰਾ ॥ 827 ਇਸ ਲਈ ਜਿਨ੍ਹਾਂ ਨੂੰ ਐਸੇ ਸਰੀਰਕ ਪ੍ਰਤੱਖ ਦੀਦਾਰ ਹੁੰਦੇ ਹਨ ਇਹ ਉਹਨਾਂ ਦੇ ਮਨ ਦੀ ਕਲਪਨਾ ਹੀ ਹੋ ਸਕਦੀ ਹੈ, ਝੂਠ ਨੂੰ ਸੱਚ ਦਾ ਬੁਰਕਾ ਪਾਉਣ ਦੀ ਕੋਸ਼ਿਸ਼ ਹੀ ਹੈ। ਹੇਮ ਕੁੰਟ ਤੇ ਜਾਣ ਵਾਲਿਆਂ ਦੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਦੀਦਾਰ ਨਾਲ ਜੁੜੀਆਂ ਅਨੇਕ ਕਥਾ ਕਹਾਣੀਆਂ ਸਭ ਮਨ ਘੜਤ ਗਾਥਾਵਾਂ ਹਨ ਕਿਉਂਕਿ ਉਪਰੋਕਤ ਗੁਰਬਾਣੀ ਦੀ ਪੰਗਤੀ ਕਿਸੇ ਦੇ ਮੁੜ ਪਰਤਣ ਨੂੰ ਕਬੂਲ ਨਹੀ ਕਰਦੀ। ਇਹ ਕਰਤੇ ਦਾ ਅਟੱਲ ਨਿਯਮ ਹੈ ਜਿਸ ਤੋਂ ਮੁਨਕਰ ਨਹੀ ਹੋਇਆ ਜਾ ਸਕਦਾ। ਬਾਣੀ ਦਾ ਕਥਨ ਹੈ ਕਿ: ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥ ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ ॥ 1427 ਗੁਰੂ ਤਾਂ ਪੁਕਾਰ ਪੁਕਾਰ ਕੇ ਕਹਿ ਰਿਹਾ ਹੈ ਕਿ ਰੱਬ ਸਭਨਾ ਵਿੱਚ ਵਸਦਾ ਹੈ, ਮਾਲਾ ਦੇ ਅਨੇਕ ਮਣਕੇ ਇਕੋ ਸੂਤ ਵਿੱਚ ਪਰੋਏ ਹੋਏ ਹਨ, (ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ ॥ 485) ਖਲਕ ਵਿੱਚ ਹੀ ਖਾਲਕ ਬੈਠਾ ਹੈ (ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥ 1349), ਪਰ ਕਰੋੜਾਂ ਵਿੱਚੋਂ ਕੋਈ ਇੱਕ ਹੋਵੇਗਾ ਜਿਸ ਕੋਲ ਅਨੇਕਤਾ ਵਿਚੋਂ ਇੱਕ ਨੂੰ ਵੇਖਣ ਵਾਲੀ ਗਿਆਨ ਦੀ ਉਹ ਵਿਸ਼ੇਸ਼ ਐਨਿਕ ਹੋਵੇਗੀ। ਕੁਰਬਾਨ ਜਾਈਏ ਐਸੀ ਲੀਲਾ ਤੋਂ, ਬਲਿਹਾਰ ਜਾਈਏ ਐਸੀ ਲਾਲ ਤੋਂ ਜਿਸ ਵਿੱਚ ਦਿਨ ਅਤੇ ਰਾਤ, ਦਰਖਤ ਤੇ ਉਸ ਦਾ ਬੀਝ, ਕੁਕੜੀ ਤੇ ਉਸ ਦਾ ਆਂਡਾ, ਮਰਦ ਅਤੇ ਔਰਤ ਦੋਵੇਂ ਸੰਸਾਰੀ ਅੱਖ ਨਾਲ ਅਲੱਗ ਅਲੱਗ ਦਿਸਦੇ ਵੀ ਗਿਆਨ ਦੀ ਅੱਖ ਵਿੱਚ ਇਕੋ ਹੀ ਹਨ, ਕਿਉਂਕਿ ਇੱਕ ਬਿਨਾ ਦੂਜੇ ਦੀ ਕੋਈ ਹੋਂਦ ਹੀ ਨਹੀ ਹੋ ਸਕਦੀ। ਪਰ ਦੋਹਾਂ ਸਿਰਿਆਂ ਦਾ ਕਰਤਾ ਫੇਰ ਇਕੋ ਹੀ ਹੈ। (1) ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰੁ ਕਵਣੁ ਬੁਝੈ ਬਿਧਿ ਜਾਣੈ ॥ (2) ਦਿਨ ਮਹਿ ਰੈਣਿ ਰੈਣਿ ਮਹਿ ਦਿਨੀਅਰੁ ਉਸਨ ਸੀਤ ਬਿਧਿ ਸੋਈ ॥ (3) ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ॥ ਗੁਰਬਾਣੀ ਦਾ ਗਿਆਨ ਇੱਕ ਐਸੀ ਅਨੋਖੀ, ਉਤਭੁਜ ਤੇ ਵਿਸ਼ੇਸ਼ ਐਨਿਕ ਹੈ ਜੋ ਮਨੁੱਖ ਨੂੰ ਅਨੇਕਤਾ ਵਿੱਚੋਂ ਝਲਕਦੇ ਕਰਤਾਰ ਨਾਲ ਜੋੜਨ ਦੇ ਸਮ੍ਰੱਥ ਹੈ।

ਕਿਆ ਹਉ ਕਥੀ ਕਥੇ ਕਥਿ ਦੇਖਾ ਮੈ ਅਕਥੁ ਨ ਕਥਨਾ ਜਾਈ ॥ 795

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.




.