.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਅਕਾਲੀ

ਗੁਰਮਤਿ ਮਾਰਤੰਡ ਤੇ ਮਹਾਨ ਕੋਸ਼ ਅਨੁਸਾਰ ‘ਅਕਾਲੀ` ਸ਼ਬਦ ਦੇ ਅਰਥ--

ਗੁਰਮਤਿ ਮਾਰਤੰਡ ਭਾਗ ਪਹਿਲਾ ਵਿੱਚ ਭਾਈ ਕਾਹਨ ਸਿੰਘ ਜੀ ਨਾਭਾ ‘ਅਕਾਲੀ` ਸਿਰਲੇਖ ਹੇਠ ਲਿਖਦੇ ਹਨ—ਅਕਾਲ ਦਾ ਉਪਾਸ਼ਕ ਅਕਾਲੀ ਸੱਦੀਦਾ ਹੈ। ਭਾਂਵੇਂ ਅਕਾਲ ਉਪਾਸ਼ਕ ਸਾਰੇ ਗੁਰਸਿੱਖ ਅਕਾਲੀ ਹਨ, ਪਰ ਵਿਸ਼ੇਸ਼ ਕਰਕੇ ਇਹ ਨਾਮ ਅੰਮ੍ਰਿਤਧਾਰੀ ਨਿਹੰਗ ਸਿੰਘਾਂ ਦਾ ਹੈ। ਪਹਿਲਾਂ ਅਕਾਲੀ (ਨਿਹੰਗ ਸਿੰਘ) ਸੁਰਮਈ ਵਸਤ੍ਰ, ਪੰਜ ਸ਼ਾਸਤ੍ਰ (ਕ੍ਰਿਪਾਣ, ਧਨੁੱਖ, ਬੰਦੂਕ, ਕਟਾਰ ਤੇ ਬਰਛਾ) ਰੱਖਦੇ ਸਨ ਤੇ ਗੁਰਮਖਈ ਦਸਤਾਰਾ ਹੋਇਆ ਕਰਦਾ ਸੀ। ਭਾਈ ਕਾਹਨ ਸਿੰਘ ਜੀ ਨਾਭਾ ਅੱਗੇ ਲਿਖਦੇ ਹਨ—ਅਕਾਲੀ ਸਿੰਘ ਰਹਿਤ ਦੇ ਪੱਕੇ, ਹੱਠੀ, ਤਪੀ, ਗੁਰਬਾਣੀ ਦੇ ਪ੍ਰੇਮੀ, ਸੰਤੋਖੀ ਨਿਰਭੈ ਅਤੇ ਵੱਡੇ ਉਦਾਰਤਮ ਹਨ। ਇਹਨਾਂ ਨੇ ਬਾਰਾਂ ਮਿਸਲਾਂ ਅਤੇ ਸਿੰਘ ਸਾਹਿਬ ਦੀ ਬਾਦਸ਼ਾਹਤ ਵੇਲੇ ਪੰਥ ਦੀ ਰਾਖੀ ਅਤੇ ਰਾਹਨੁਮਾਈ ਸ਼ਲਾਘਾ ਯੋਗਯ ਕੀਤੀ ਹੈ।

ਅਕਾਲੀ ਦੀ ਵਿਆਖਿਆ ਕਰਦਿਆਂ ਭਾਈ ਕਾਹਨ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ ਹੋਰ ਵਿਸਥਾਰ ਨਾਲ ਲਿਖਦੇ ਹਨ- ਅਕਾਲੀ ਉਹ ਜਿਸਦਾ ਅਕਾਲ ਨਾਲ ਸਬੰਧ ਹੈ-ਸੰਗਯਾ-ਅਕਾਲ ਉਪਾਸ਼ਕ, ਵਾਹਗੁਰੂ ਜੀ ਕਾ ਖਾਲਸਾ ਅੱਗੇ ਬੜਾ ਕੀਮਤੀ ਕਬਿੱਤ ਲਿਖਦੇ ਹਨ—

ਕਮਲ ਜਯੋਂ ਮਾਯਾ ਜਲ ਵਿੱਚ ਹੈ ਅਲੇਪ ਸਦਾ,

ਸਭ ਦਾ ਸਨੇਹੀ ਚਾਲ ਸਭ ਤੋਂ ਨਿਰਾਲੀ ਹੈ।

ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ,

ਭਾਣੇ ਵਿੱਚ ਬਿਪਤਾ ਨੂੰ ਮੰਨੇ ਖੁਸ਼ਹਾਲੀ ਹੈ।

ਸਵਾਰਥ ਤੋਂ ਬਿਨਾ ਗੁਰਦੁਆਰਿਆਂ ਦਾ ਚੌਕੀਂਦਾਰ,

ਧਰਮ ਦੇ ਜੰਗ ਲਈ ਚੜ੍ਹੇ ਮੁੱਖ ਲਾਲੀ ਹੈ।

ਪੂਜੇ ਨਾ ਅਕਾਲ ਬਿਨਾ ਹੋਰ ਕੋਈ ਦੇਵੀ ਦੇਵ,

ਸਿੱਖ ਦਸਮੇਸ਼ ਦਾ ਸੁ ਕਹੀਏ ਅਕਾਲੀ ਹੈ।

ਅਕਾਲੀ ਦੀ ਸਦਾਚਰਕ ਬੁਨਿਆਦ

ਜਪੁ ਬਾਣੀ ਦੇ ਮੁੱਢ ਵਿੱਚ ਮੰਗਲਾ ਚਰਣ ਲਿਖ ਕੇ ਰੱਬੀ ਗੁਣਾਂ ਦੀ ਵਿਆਖਿਆ ਕੀਤੀ ਹੈ। ਇਹਨਾਂ ਰੱਬੀ ਗੁਣਾਂ ਨੂੰ ਧਾਰਨ ਕਰਕੇ ਅਕਾਲ ਪੁਰਖ ਨਾਲ ਅਭੇਦ ਹੋਣਾ ਹੀ ‘ਸਚਿਆਰ` ਮਨੁੱਖ ਦੀ ਸਿਰਜਣਾ ਹੈ। ਦੈਵੀ ਗੁਣਾਂ ਨਾਲ ਭਰਪੂਰ ਮਨੁੱਖ ਨੂੰ ਹੀ ‘ਸਚਿਆਰ` ਕਿਹਾ ਗਿਆ ਹੈ। ਸਚਿਆਰ ਮਨੁੱਖ ਸੰਤੋਖ, ਧੀਰਜ, ਹਲੇਮੀ, ਧਰਮ, ਦਇਆ, ਪਰਉਪਕਾਰ, ਸੇਵਾ ਲਈ ਤੱਤਪਰ ਰਹਿਣਾ, ਸਹਿਜ, ਆਤਮਿਕ ਸੂਝ, ਭਾਈਚਾਰਕ ਸਾਂਝ, ਸਫ਼ਾਈ ਦੀ ਪਸੰਦਗੀ, ਹੁਕਮੀ ਹੋਣਾ, ਮਿਲਵਰਤਣ ਦੀ ਆਪਸੀ ਸਾਂਝ, ਦਰਦ ਵੰਡਾਉਣ ਵਾਲਾ ਤੇ ਅੰਦਰੋਂ ਬਾਹਰੋਂ ਇਕੋ ਜੇਹਾ ਹੋਣਾ ਤਸੱਵਰ ਕੀਤਾ ਹੈ। ਮਨ ਦੇ ਭੈੜੇ ਫੁਰਨਿਆਂ ਨੂੰ ਕਾਬੂ ਹੇਠ ਰੱਖਣਾ, ਵਿਕਾਰੀ ਦ੍ਰਿਸ਼ਟੀ ਦਾ ਤਿਆਗੀ ਹੋਣਾ ਲਾਲਚ-ਲੋਭ ਦੀ ਪ੍ਰਕਿਰਿਆ ਨੂੰ ਕਦੇ ਵੀ ਨੇੜੇ ਨਾ ਆਉਣ ਦੇਣ ਵਾਲਾ, ਕਾਮਕ ਬਿਰਤੀਆਂ ਦਾ ਤਿਆਗੀ ਨਵਾਬੀਆਂ ਨੂੰ ਠੋਕਰਾਂ ਮਾਰਨ ਵਾਲਾ ਮੰਨਿਆ ਗਿਆ ਹੈ—ਭਾਈ ਸੋਹਣ ਸਿੰਘ ਜੀ ਘੁੱਕੇਵਾਲੀ ਦੀਆਂ ਬੜੀਆਂ ਭਾਵ ਪੂਰਤ ਸਤਰਾਂ ਹਨ--

ਇਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ `ਚੋਂ,

ਘੂਰ ਘੂਰ ਮੌਤ ਨੂੰ ਬੁਲਾਵੇ ਤੇਰਾ ਖਾਲਸਾ।

ਪੰਜ ਘੁੱਟ ਪੀ ਕੇ ਤੇਰੇ ਬਾਟਿਓਂ ਪ੍ਰੇਮ ਵਾਲੇ,

ਮਸਤ ਹੋਏ ਹਾਥੀਆਂ ਨੂੰ ਢਾਵੇ ਤੇਰਾ ਖਾਲਸਾ।

ਪਵੇ ਕਿਤੇ ਲੋੜ ਜੇ ਕਰ ਸ਼ਾਨ ਅਜਮਾਉਣ ਲਈ,

ਮੂਹਰੇ ਹੋ ਛਾਤੀਆਂ ਨੂੰ ਡਾਵੇ ਤੇਰਾ ਖਾਲਸਾ।

ਏਦੇ ਦਿੱਲ `ਚ ਪਿਆਰ ਵੱਸੇ ਨੈਨਾਂ `ਚ ਅਕਾਲ ਵੱਸੇ,

ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ।

ਲਾਲਚੀ ਬਿਰਤੀ ਦਾ ਤਿਆਗੀ ਤੇ ਝੁੰਘੇ ਵਿੱਚ ਮਿਲੀਆਂ ਰਾਜ ਗੱਦੀਆਂ ਨੂੰ ਨਿਕਾਰਨ ਵਾਲਾ ਹੀ ਸਚਿਆਰ ਮਨੁੱਖ ਦਾ ਉਘੜਵਾਂ ਰੂਪ ਹੋ ਸਕਦਾ ਹੈ। ਸਚਿਆਰ ਮਨੁੱਖ ਨੇ ਇੱਕ ਪੈਂਡਾ ਤਹਿ ਕੀਤਾ ਹੈ। ਦੈਵੀ ਗੁਣਾਂ ਵਾਲਾ ਅੰਦਰਲਾ ਪਹਿਰਾਵਾ ਇੱਕ ਹੀ ਰਿਹਾ ਹੈ ਪਰ ਸਮੇਂ ਅਨੁਸਾਰ ਨਾਮਾਂ ਵਿੱਚ ਤਬਦੀਲੀ ਜ਼ਰੂਰ ਆਈ ਹੈ। ਕਦੇ ਆਸ਼ਕ ਦੇ ਨਾਂ ਨਾਲ ਯਾਦ ਕੀਤਾ ਗਿਆ ਹੈ ਤੇ ਕਦੇ ਸੇਵਕ ਦੇ ਰੂਪ ਵਿੱਚ ਅੰਕਤ ਹੋਇਆ ਮਿਲਦਾ ਹੈ।

ਨਾਨਕ ਆਸਕੁ ਕਾਂਢੀਐ ਸਦ ਹੀ ਰਹੈ ਸਮਾਇ।।

ਅਤੇ

ਨਾਨਕ ਸੇਵਕੁ ਸੋਈ ਆਖੀਐ ਜੋ ਸਿਰੁ ਧਰੇ ਉਤਾਰਿ।।

ਸਤਿਗੁਰ ਕਾ ਭਾਣਾ ਮੰਨਿ ਲਏ, ਸਬਦੁ ਰਖੈ ਉਰਧਾਰਿ।। ੧।।

ਸਲੋਕ ਮ: ੩ ਪੰਨਾ ੧੨੪੭

ਸਦਾ ਹੀ ਸਿੱਖਣ ਦੀ ਚਾਹਨਾ ਰੱਖਣ ਵਾਲਾ, ਅੰਦਰੋਂ ਬਾਹਰੋਂ ਇਕਸਾਰ ਰਹਿਣ ਵਾਲਾ, ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਟਿਕਾਉਣ ਵਾਲਾ, ਸਚਿਆਰ ਸਿੱਖ ਹੀ ਗੁਰੂ ਦਾ ਰੂਪ ਹੋ ਨਿਬੜਦਾ ਹੈ। ਗੁਰੂ ਅਮਰਦਾਸ ਜੀ ਅਨੰਦ ਦੀ ਬਾਣੀ ਵਿੱਚ ਫਰਮਾਉਂਦੇ ਹਨ।

ਜੇ ਕੋ ਸਿਖੁ, ਗੁਰੂ ਸੇਤੀ ਸਨਮੁਖੁ ਹੋਵੈ।।

ਹੋਵੈ ਤ ਸਨਮੁਖੁ ਸਿਖੁ ਕੋਈ, ਜੀਅਹੁ ਰਹੈ ਗੁਰ ਨਾਲੇ।।

ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ।।

ਆਪੁ ਛਡਿ ਸਦਾ ਰਹੈ ਪਰਣੈ, ਗੁਰ ਬਿਨੁ ਅਵਰੁ ਨ ਜਾਣੈ ਕੋਏ।।

ਕਹੈ ਨਾਨਕੁ ਸੁਣਹੁ ਸੰਤਹੁ, ਸੋ ਸਿਖੁ ਸਨਮੁਖੁ ਹੋਏ।।

ਰਾਮਕਲੀ ਮਹਲਾ ੩ ਪੰਨਾ ੯੧੯

 ਅਰਥ: —ਜੇ ਕੋਈ ਸਿੱਖ ਗੁਰੂ ਦੇ ਸਾਹਮਣੇ ਸੁਰਖ਼ਰੂ ਹੋਣਾ ਚਾਹੁੰਦਾ ਹੈ, ਜੋ ਸਿੱਖ ਇਹ ਚਾਹੁੰਦਾ ਹੈ ਕਿ ਕਿਸੇ ਲੁਕਵੇਂ ਖੋਟ ਦੇ ਕਾਰਨ ਉਸ ਨੂੰ ਗੁਰੂ ਦੇ ਸਾਹਮਣੇ ਅੱਖਾਂ ਨੀਵੀਆਂ ਨ ਕਰਨੀਆਂ ਪੈਣ, (ਤਾਂ ਰਸਤਾ ਇਕੋ ਹੀ ਹੈ ਕਿ) ਉਹ ਸੱਚੇ ਦਿਲੋਂ ਗੁਰੂ ਦੇ ਚਰਨਾਂ ਵਿੱਚ ਟਿਕੇ। ਸਿੱਖ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਥਾਂ ਦੇਵੇ, ਆਪਣੇ ਆਤਮਾ ਦੇ ਅੰਦਰ ਸੰਭਾਲ ਰੱਖੇ, ਆਪਾ-ਭਾਵ ਛੱਡ ਕੇ ਸਦਾ ਗੁਰੂ ਦੇ ਆਸਰੇ, ਗੁਰੂ ਤੋਂ ਬਿਨਾ ਕਿਸੇ ਹੋਰ ਨੂੰ (ਆਪਣੇ ਆਤਮਕ ਜੀਵਨ ਦਾ, ਆਤਮਕ ਆਨੰਦ ਦਾ ਵਸੀਲਾ) ਨਾ ਸਮਝੇ। ਨਾਨਕ ਆਖਦਾ ਹੈ—ਹੇ ਸੰਤ ਜਨੋ! ਸੁਣੋ ਉਹ ਸਿੱਖ (ਹੀ) ਖਿੜੇ-ਮੱਥੇ ਰਹਿ ਸਕਦਾ ਹੈ (ਉਸ ਦੇ ਹੀ ਅੰਦਰ ਆਤਮਕ ਖੇੜਾ ਹੋ ਸਕਦਾ ਹੈ, ਉਹੀ ਆਤਮਕ ਆਨੰਦ ਮਾਣ ਸਕਦਾ ਹੈ)। ੨੧।

ਭਾਵ: —ਉਹ ਮਨੁੱਖ ਖਿੜੇ-ਮੱਥੇ ਰਹਿ ਸਕਦਾ ਹੈ, ਉਹੀ ਮਨੁੱਖ ਸਦਾ ਆਤਮਕ ਆਨੰਦ ਮਾਣ ਸਕਦਾ ਹੈ, ਜਿਹੜਾ ਸੱਚੇ ਦਿਲੋਂ ਗੁਰੂ ਦੇ ਚਰਨਾਂ ਵਿੱਚ ਟਿਕਿਆ ਰਹਿੰਦਾ ਹੈ ਜਿਹੜਾ ਆਪਾ-ਭਾਵ ਛੱਡ ਕੇ ਗੁਰੂ ਨੂੰ ਹੀ ਆਪਣਾ ਆਸਰਾ ਬਣਾਈ ਰੱਖਦਾ ਹੈ।

ਸਚਿਆਰ ਮਨੁੱਖ ਹੀ ਉਹ ਨਰ ਮਨੁੱਖ ਹੈ, ਜਿਹੜਾ ਦੁੱਖ ਸੁੱਖ ਨੂੰ ਇਕਸਾਰ ਬਿਰਤੀ ਨਾਲ ਜਾਣਦਾ ਹੈ। ਇਹਨਾਂ ਅਸੂਲਾਂ ਦੀ ਪੱਕਿਆਈ ਵਿਚੋਂ ਉਸ ਮਨੁੱਖ ਦੀ ਘਾੜਤ ਘੜੀ ਗਈ ਹੈ ਜਿਸ ਦਾ ਸਿੱਧਾ ਸਬੰਧ ਅਕਾਲ ਪੁਰਖ ਨਾਲ ਹੁੰਦਾ ਹੈ। ਇਸ ਅਵਸਥਾ ਵਿੱਚ ਖੋਟ, ਕਪਟਤਾ, ਵਿਕਾਰੀ ਬਿਰਤੀ ਲਈ ਕੋਈ ਥਾਂ ਨਹੀਂ ਬੱਚਿਆ ਹੁੰਦਾ। ਗੁਰੂ ਨਾਨਕ ਸਾਹਿਬ ਜੀ ਦੇ ਦਸਵੇਂ ਜਾਮੇ ਵਿੱਚ ਇਸ ‘ਸਚਿਆਰ` ਨੂੰ ‘ਖਾਲਸਾ` ਆਖਿਆ ਜਾਣ ਲੱਗ ਪਿਆ। ਇਸ ‘ਖਾਲਸਾ` ਸ਼ਬਦ ਦੀ ਡੂੰਘੀ ਨੀਂਹ ਵਿੱਚ ੨੩੦ ਸਾਲ ਦੀ ਗੁਰਬਾਣੀ ਵਾਲੀ ਰੂਹਾਨੀਅਤ, ਗੁਰੂ ਸਾਹਿਬਾਨ ਦੀਆਂ ਸ਼ਹੀਦੀਆਂ, ਮਾਸੂਮ ਜਿੰਦਾਂ ਦਾ ਖੂਨ ਤੇ ਸਿੱਖਾਂ ਵਲੋਂ ਆਪਣੇ ਗੁਰੂ ਤੋਂ ਆਪਾ ਵਾਰਨ ਦੀ ਭਾਵਨਾ ਦੇ ਅਤੁੱਟ ਰਿਸ਼ਤੇ ਦੀ ਸਾਂਝ ਨਾਲ ਭਰੀ ਹੋਈ ਹੈ। ਇਹ ਸ਼ਹੀਦੀਆਂ ਜ਼ਰ, ਜ਼ਰੂ ਤੇ ਜ਼ਮੀਨ ਲਈ ਨਹੀਂ ਹੋਈਆਂ ਤੇ ਨਾ ਹੀ ਕਿਸੇ ਡਰ ਅਧੀਨ ਦਿੱਤੀਆਂ ਗਈਆਂ ਹਨ। ਇਹ ਮਨੁੱਖੀ ਹੱਕਾਂ ਦੀ ਰਾਖੀ ਤੇ ਹਲੇਮੀ ਰਾਜ ਦੀ ਸਥਾਪਤੀ ਨੂੰ ਕਾਇਮ ਕਰਨ ਲਈ ਹੋਈਆ ਹਨ। ਸਿਦਕ-ਸਬੂਰੀ, ਸੰਤੋਖ, ਧਰਮ, ਦਇਆ, ਸੇਵਾ-ਭਾਵਨਾ ਤੇ ਦ੍ਰਿੜਤਾ ਦਾ ਨਾਂ ‘ਖਾਲਸਾ` ਹੈ। ਖਾਲਸਾ ਇੱਕ ਕੁਠਾਲ਼ੀ ਵਿਚੋਂ ਦੀ ਹੁੰਦਾ ਹੋਇਆ ਆਇਆ ਹੈ। ਇਸ ਦਾ ਸਿੱਧਾ ਸਬੰਧ ਅਕਾਲੀ ਗੁਣਾਂ ਭਾਵ (ਅਕਾਲ-ਪੁਰਖ) ਨਾਲ ਹੈ।

ਖਾਲਸੇ ਦੀ ਪ੍ਰਪੱਕਤਾ-

ਖਾਲਸੇ ਦੇ ਤਸੱਵਰ ਵਿੱਚ ਮੌਤ ਦੇ ਭੈਅ ਦਾ ਕੋਈ ਥਾਂ ਨਹੀਂ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਸਿੱਖ ਕੌਮ ਦਾ ਉਹ ਧਰੂ ਤਾਰਾ ਹੈ ਜਿਸ ਦੇ ਪੱਟਾਂ `ਤੇ ਪਿਆ ਹੋਇਆ ਮਸੂਮ ਬੱਚਾ ਸ਼ਹੀਦੀ ਦਾ ਜਾਮ ਪੀਂਦਾ ਹੈ ਪਰ ਖਾਲਸਾ ਡੋਲਿਆ ਨਹੀਂ ਥਿੜਕਿਆ ਨਹੀਂ ਤੇ ਬਾਕੀ ਦੇ ਸਿੰਘ ਇੱਕ ਦੂਜੇ ਨਾਲੋਂ ਪਹਿਲਾਂ ਮਰਣ ਲਈ ਆਪਣੀ ਵਾਰੀ ਦੀ ਉਡੀਕ ਵਿੱਚ ਤਿਆਰ ਖੜੇ ਹਨ। ਖਾਲਸੇ ਦੇ ਤਸੱਵਰ ਨੂੰ ਦੁਨੀਆਂ ਦਾ ਕੋਈ ਲਾਲਚ, ਡਰਾਵਾ ਡਰਾ ਧਮਕਾ ਨਹੀਂ ਸਕਿਆ। ਆਪਣੇ ਸੁੱਖ ਨੂੰ ਗੁਰੂ ਦੇ ਅਰਪਣ ਕਰਦਿਆਂ ਜਾਨਾਂ ਦੀ ਪ੍ਰਵਾਹ ਨਹੀਂ ਕੀਤੀ। ਘੋੜਿਆਂ ਦੀ ਕਾਠੀਆਂ `ਤੇ ਰਾਤਾਂ ਕੱਟੀਆਂ। ਕਾਹਨੂੰਵਾਨ ਦਾ ਛੰਭ ਹੈ ਜਾਂ ਮਲੇਰ ਕੋਟਲੇ ਨੇੜੇ ਕੁਪ-ਰਹੀੜੇ ਦਾ ਮੈਦਾਨ, ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ-ਸਿੰਘਣੀਆਂ ਤੇ ਬੱਚੇ ਸ਼ਹੀਦ ਕਰਾ ਕਿ ਸ਼ਾਮ ਨੂੰ ਏਹੀ ਪੜ੍ਹਿਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਖਾਲਸੇ ਦੀ ਮੂੰਹ ਬੋਲਦੀ ਤਸਵੀਰ ਸਬੰਧੀ ਪੰਥ ਦੇ ਪ੍ਰਸਿੱਧ ਵਿਦਵਾਨ ਗਿਆਨੀ ਗਿਆਨ ਸਿੰਘ ਜੀ ਨੇ ਕੈਸਾ ਸੁੰਦਰ ਲਿਖਿਆ ਹੈ-

ਫਿੱਡਾ ਜੈਸਾ ਟੱਟੂਆ, ਔ ਜੁਲੜੂ ਸਾ ਕਾਠੀ ਪਾਏ,

ਰੱਸੜੂ ਲਗਾਮ ਤੇ ਰੱਸੜੂ ਰਕਾਬ ਜੂ।

ਪਾਟਿਆ ਸਾ ਕੱਛੜੂ, ਨੀਲੜੂ ਸਾ ਚਾਦਰੂ ਹੈ,

ਢੁੱਚੂ ਜੈਸਾ ਪੱਗੜੂ ਬਣਾਇਆਂ ਸਿਰਤਾਜ ਜੂ।

ਟੁੱਟਿਆ ਜੈਸਾ ਤੇਗੜੂ ਤੇ ਲੀਰੜੂ ਮਿਆਨ ਜਾ ਕੇ,

ਗਠ ਸਠ ਗਾਤਰਾ ਬਣਾਇਆ ਸਭ ਸਾਜ ਜੂ।

ਨਾਮ ਤੋ ਅਕਾਲੜੂ, ਸੋ ਫਿਰੇ ਬੁਰੇ ਹਾਲੜੂ ਸੋ,

ਲੂਟ ਕੂਟ ਖਾਵਣੇ ਕੋ ਡਾਢੇ ਉਸਤਾਜ ਜੂ।

ਤਿੱਖੀਆਂ ਰੰਬੀਆਂ, ਆਰੇ ਦੰਦੇ, ਉਬਲਦੀਆਂ ਦੇਗਾਂ ਬੰਦ ਬੰਦ ਕੱਟ ਦੇਣਾ ਵਾਲੀਆਂ ਤੇ ਭੈ ਭੀਤ ਕਰਨ ਵਾਲੀਆਂ ਸਜਾਵਾਂ ਵਿਚੋਂ ਹਮੇਸ਼ਾਂ ਕੁੰਦਨ ਬਣਕੇ ਨਿਕਲਿਆ। ਇਸ ਕਿਰਦਾਰ ਦੇ ਮੁਹਵਰੇ ਬਣ ਗਏ ਸਨ— "ਆਏ ਨੀ ਨਿਹੰਗ ਕੁੰਡਾ ਖੋਲ੍ਹਦੇ ਨਿਸੰਗ" ਅਤੇ "--ਮੋੜੀ ਬਾਬਾ ਕੱਛ ਵਾਲਿਆ ਰਨ ਗਈ ਬਸਰੇ ਨੂੰ" ਵਰਗੇ ਲਕਬਾਂ ਨਾਲ ਖਾਲਸੇ ਦੀ ਸ਼ਾਨ ਨੂੰ ਚਾਰ ਚੰਨ ਲੱਗਦੇ ਰਹੇ ਹਨ।

ਰਾਜ ਭਾਗ ਦੇ ਮਾਲਕ

ਖਾਲਸੇ ਦੀ ਪ੍ਰਗਟਤਾ ਦੇ ਸੌ ਸਾਲ ਉਪਰੰਤ ਰਾਜ ਭਾਗ ਨੂੰ ਆਪਣੇ ਪੈਰਾਂ ਹੇਠ ਕਰ ਲਿਆ ਕਿਉਂਕਿ ਅੰਤਰ ਆਤਮੇ ਵਿੱਚ ਗੁੜਤੀ ਇੱਕ ਓਂਕਾਰ ਦੀ ਭਰੀ ਹੋਈ ਸੀ। ਅਰਦਾਸ ਵਿੱਚ ਵੀ ਇਹਨਾਂ ਸ਼ਬਦਾਂ ਦਾ ਦੁਹਰਾਓ ਕੀਤਾ ਜਾਂਦਾ ਹੈ ਕਿ ਖਾਲਸਾ ਜੀ ਕੇ ਬੋਲ ਬਾਲੇ—ਸਮੇਂ ਨੇ ਪ੍ਰਸਥਿੱਤੀਆਂ ਬਦਲੀਆਂ ਤੇ ਆਪਣੀ ਤਾਕਤ ਨਾਲ ਖਾਲਸਾ ਰਾਜ ਭਾਗ ਕਾਇਮ ਕੀਤਾ।

ਇਸ ਸਮੇਂ ਵਿੱਚ ਖਾਲਸੇ ਨੇ ਇੱਕ ਹੋਰ ਸ਼ਬਦ ਨੂੰ ਜਨਮ ਦਿੱਤਾ। ਮਹਾਨ ਕੋਸ਼ ਅਨੁਸਾਰ ਬਾਬਾ ਨੈਣਾ ਸਿੰਘ ਦਾ ਚਾਟੜਾ ਅਕਾਲੀ ਫੂਲਾ ਸਿੰਘ ਸਿੱਖ ਦਲ ਵਿੱਚ ਪ੍ਰਸਿੱਧ ਸੈਨਾਪਤੀ ਹੋਇਆ ਹੈ। ਨਿਹੰਗ ਸਿੰਘ ਅਕਾਲ ਦੇ ਉਪਾਸ਼ਕ ਅਤੇ ਅਕਾਲ! ਅਕਾਲ! ਜਪਦੇ ਹਨ, ਇਸ ਕਾਰਣ "ਅਕਾਲੀ" ਨਾਮ ਭੀ ਮਸ਼ਹੂਰ ਹੋ ਗਿਆ। ਅਕਾਲੀ ਦਾ ਤਸਵੱਰ ਸਚਿਆਰ ਮਨੁੱਖ ਤੋਂ ਹੀ ਹੈ।

੧੯੨੦ ਤੋਂ ਅਕਾਲੀ ਸ਼ਬਦ ਦੀ ਵਰਤੋਂ

ਡਾਕਟਰ ਹਰਜਿੰਦਰ ਸਿੰਘ ਜੀ ਦਿਲਗੀਰ ‘ਸਿੱਖ ਤਵਾਰੀਖ` ਵਿੱਚ ਲਿਖਦੇ ਹਨ ਕਿ ੧੯੨੦ ਵਿੱਚ ਸੰਜੀਦਾ ਸਿੱਖ ਆਗੂਆਂ ਨੇ ਅੰਮ੍ਰਿਤ ਪਰਚਾਰ ਦੀ ਲਹਿਰ ਚਲਾਈ ਸੀ। ਇਹਨਾਂ ਨੇ ਇਸ ਦੇ ਨਾਲ ਹੀ ਸਿੱਖਾਂ ਦੀ ਧਾਰਮਿਕ ਤੇ ਸਿਆਸੀ ਹਾਲਾਤ ਬਾਰੇ ਵਿਚਾਰਾਂ ਕੀਤੀਆਂ। ਗੁਰਦੁਆਰਿਆਂ ਦੀ ਹਾਲਤ ਦੀ ਵੀ ਚਰਚਾ ਚੱਲੀ। ਅੰਮ੍ਰਿਤ ਛੱਕ ਕੇ ਤਿਆਰ-ਬਰ-ਤਿਆਰ ਹੋਏ ਸਿੰਘ ਹੁਣ ਟੋਲੀਆਂ ਬਣਾ ਕੇ ਸ਼ਾਹਿਰਾਂ ਤੋਂ ਪਿੰਡਾਂ ਵਲ ਨੂੰ ਨਿਕਲਣ ਲੱਗੇ। ਖੁਲ੍ਹਾ ਦਾਹੜਾ, ਹੱਥ ਵਿੱਚ ਕਿਰਪਾਨ ਹਰ ਸੰਜੀਦਾ ਸਿੱਖ ਦਾ ਹਿੱਸਾ ਬਣ ਗਈ ਸੀ।

੧ ਮਈ ੧੯੨੦ ਦੇ ਦਿਨ ਸੁੰਦਰ ਸਿੰਘ, ਹਰਚੰਦ ਸਿੰਘ ਲਾਇਲਪੁਰੀ, ਹੀਰਾ ਸਿੰਘ ਦਰਦ, ਸਰਦੂਲ ਸਿੰਘ ਤੇ ਉਹਨਾਂ ਦੇ ਸਾਥੀ ਲਾਹੌਰ ਇਕੱਠੇ ਹੋਏ ਤੇ ਰੋਜ਼ਾਨਾ ਅਕਾਲੀ ਅਖਬਾਰ ਕੱਢਣ ਦਾ ਫੈਸਲਾ ਕੀਤਾ। ਉਹਨਾਂ ਨੇ ਇਹ ਨਾਂ ਅਕਾਲੀ ਫੂਲਾ ਸਿੰਘ ਦੇ ਖਾੜਕੂ ਹੋਣ ਦੀ ਸੋਚ ਨਾਲ ਚੁਣਿਆ ਸੀ। ੨੧ ਮਈ ੧੯੨੦ ਨੂੰ ਅਕਾਲੀ ਅਖਬਾਰ ਦਾ ਪਹਿਲਾ ਦਿਨ ਸੀ। ਅਕਾਲੀ ਅਖਬਾਰ ਦੁਆਰਾ ਅਕਾਲੀ ਨਾਂ ਦੀ ਹਰ ਪਾਸੇ ਬੱਲੇ ਬੱਲੇ ਹੋਣ ਲੱਗ ਪਈ ਇੰਜ ਅਕਾਲੀ ਲਹਿਰ ਚੱਲ ਪਈ। ਇਸ ਅਕਾਲੀ ਅਖਬਾਰ ਵਿੱਚ ਭਾਈ ਹੀਰਾ ਸਿੰਘ ਦਰਦ ਦੀ ਬੜੀ ਪਿਆਰੀ ਕਵਿਤਾ ਛੱਪੀ ਸੀ ਜਿਹੜੀ ਹਰ ਅਕਾਲੀ ਨੂੰ ਜ਼ਬਾਨੀ ਯਾਦ ਸੀ।

ਅੱਖਾਂ ਖੋਲ੍ਹੋ ਢਿੱੜਲ ਵੀਰੋ ਆ ਗਿਆ ਫਿਰ ਅਕਾਲੀ ਜੇ।

ਖੰਡਾ ਫੜਿਆ ਹੱਥ ਵਿੱਚ ਸੱਚ ਦਾ, ਜੋਤ ਮਾਰਦੀ ਲਾਲੀ ਜੇ।

ਧਰਮੀ ਯੋਧੇ ਕੌਮੀ ਰਾਖੇ ਦਿੱਤੀ ਆਣ ਵਿਖਾਲੀ ਜੇ।

ਅੱਖਾਂ ਖੋਲ੍ਹੋ ਢਿੱਲੜ ਵੀਰੋ ਆ ਗਿਆ ਫਿਰ ਅਕਾਲੀ ਜੇ।

ਹਰ ਪਾਸੇ ਨੀਲੀਆਂ ਪੱਗਾਂ ਤੇ ਕਿਰਪਾਨ ਧਾਰੀ ਅਕਾਲੀ ਨਜ਼ਰ ਆਉਣ ਲੱਗ ਪਏ। ਸਮਾਂ ਆਪਣੀ ਤੋਰ ਤੁਰਦਾ ਗਿਆ ਅਖੀਰ ਗੁਰਦੁਆਰਾ ਸੇਵਕ ਦਲ਼ ਤੋਂ ਸ਼੍ਰਮੋਣੀ ਅਕਾਲੀ ਦਲ ਦਾ ਨਾਂ ਰੱਖਿਆ ਗਿਆ ਓਦੋਂ ਜਦੋਂ ਗੁਰਦੁਆਰਾ ਪੰਜਾ ਸਾਹਿਬ ਨੂੰ ਮਹੰਤ ਦੇ ਕਬਜ਼ੇ ਵਿਚੋਂ ਮੁਕਤ ਕਰਾਇਆ ਸੀ ਤੇ ਵਾਕਿਆ ਇੰਜ ੨੬ ਨਵੰਬਰ ੧੯੨੦ ਇਸ ਗੱਲ ਦੀ ਵਿਚਾਰ ਹੋਈ ਕਿ ਗੁਰਦੁਆਰਾ ਸੇਵਕ ਦਲ ਨਾਂ ਰੱਖਿਆ ਜਾਏ ਜਾਂ ਅਕਾਲੀ ਦਲ ਨਾਂ ਰੱਖਿਆ ਜਾਏ। ਇਸ ਲਹਿਰ ਵਿੱਚ ਬਹੁਤ ਵੱਡਾ ਜੋਸ਼ ਦੇਖਣ ਨੂੰ ਮਿਲਿਆ।

੧੪ ਦਸੰਬਰ ੧੯੨੦ ਨੂੰ ਮੁੜ ਅਕਾਲ ਤੱਖਤ `ਤੇ ਭਾਈ ਕਰਤਾਰ ਸਿੰਘ ਝੱਬਰ ਹੁਰਾਂ ਦੀ ਕੋਸ਼ਿਸ਼ ਸਦਕਾ ਇੱਕ ਭਾਰੀ ਇਕੱਠ ਹੋਇਆ ਜਿਸ ਤੇ ਪੂਰੀ ਵਿਚਾਰ ਕਰਕੇ ਰਾਜਸੀ ਵਿੰਗ ਲਈ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ। ਇਸ ਅਕਾਲੀ ਦਲ ਦਾ ਦੋ ਨੁਕਾਤੀ ਪ੍ਰੋਗਰਾਮ ਸੀ। ੧ ਸਾਰੇ ਜੱਥਿਆਂ ਨੂੰ ਇਕੱਠਾ ਕਰਕੇ ਪੰਥ ਦੀ ਸੇਵਾ ਕਰਨੀ। ੨ ਅਕਾਲੀ ਦਲ ਦਾ ਦੂਸਰਾ ਮਤਾ ਬੜਾ ਅਹਿਮ ਸੀ ਕਿ ਗੁਰਦੁਆਰਿਆਂ ਦੀ ਸੇਵਾ ਲਈ ਸ਼੍ਰੋਮਣੀ ਕਮੇਟੀ ਦੇ ਹੁਕਮਾਂ `ਤੇ ਅਮਲ ਕਰਨਾ।

ਡਾਕਟਰ ਹਰਜਿੰਦਰ ਸਿੰਘ ਜੀ ਦਿਲਗੀਰ ਸਿੱਖ ਤਵਾਰੀਖ਼ ਦੇ ਪੰਨਾ ਨੰਬਰ ੮੨੧ `ਤੇ ਲਿਖਦੇ ਹਨ ਕਿ ਹਰ ਅਕਾਲੀ ਨੂੰ ਇੱਕ ਸੋਂਹ ਚੁਕਾਈ ਜਾਂਦੀ ਸੀ। "ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਵਾਇਦਾ ਕਰਦਾ ਹਾਂ ਕਿ ਮੈਂ ਗੁਰਦੁਆਰਾ ਸੁਧਾਰ ਲਹਿਰ ਵਾਸਤੇ ਤਨ, ਮਨ ਕੁਰਬਾਨ ਕਰ ਦੇਵਾਂਗਾ। ਇਸ ਸਬੰਧੀ ਮੈਂ ਆਪ ਜੱਥੇਦਾਰ ਦੇ ਹੁਕਮ ਵਿੱਚ ਰਹਾਂਗਾ। ਵੱਡੀ ਤੋਂ ਵੱਡੀ ਮੁਸੀਬਤ ਵਿੱਚ ਵੀ ਮੈਂ ਕਿਸੇ ਨੂੰ ਕੁਬੋਲ ਨਹੀਂ ਕਰਾਂਗਾ ਤੇ ਨਾ ਹੀ ਤਸ਼ੱਦਦ ਕਰਾਂਗਾ"। ਡਾਕਟਰ ਸਾਹਿਬ ਜੀ ਅੱਗੇ ਲਿਖਦੇ ਹਨ ਕਿ ਔਰਤਾਂ ਵੱਡੀ ਗਿਣਤੀ ਵਿੱਚ ਅਕਾਲਣਾ ਬਣ ਰਹੀਆਂ ਸਨ ਪਰ ਉਹਨਾਂ ਦਾ ਕੰਮ ਸਟੇਜ ਤੇ ਬੋਲਣਾ ਤੇ ਅਕਾਲੀ ਦਲ ਲਈ ਕੰਮ ਕਰਨ ਤਕ ਸੀਮਤ ਸੀ। ਇੰਜ ਅਕਾਲੀ ਦਲ ਵੱਡੀ ਡਿਸਿਪਲਿਨ ਵਾਲੀ ਜੱਥੇਬੰਦੀ ਬਣੀ ਤੇ ਬੜੀ ਫੁਰਤੀ ਨਾਲ ਇਹਨਾਂ ਨੇ ਗੁਰਦੁਆਰਾ ਸੁਧਾਰ ਲਹਿਰ ਨੂੰ ਅੱਗੇ ਵਧਾਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰ ਹੁਕਮ `ਤੇ ਅਕਾਲੀ ਦਲ ਫੁੱਲ ਚੜ੍ਹਾਉਂਦੇ ਸਨ। ਜਦੋਂ ਮੋਰਚਾ ਲੱਗਦਾ ਸੀ ਤਾਂ ਜੱਥੇ ਵਿਚੋਂ ਕਈ ਅਕਾਲੀ ਲਿਖਕੇ ਦੇਂਦੇ ਸਨ ਜੇ ਮੈਂ ਸ਼ਹੀਦ ਹੋ ਗਿਆ ਤਾਂ ਮੇਰੀ ਜਾਇਦਾਦ ਗੁਰੂ ਅਰਪਨ ਹੋਵੇ।

ਸਚਿਆਰ ਤੋਂ ਤੁਰਿਆ ਸਫਰ ਸਮੁੱਚੀ ਸਿੱਖ ਕੌਮ ਨੂੰ ‘ਖਾਲਸਾ` ਸ਼ਬਦ ਨਾਲ ਬੁਲਾਇਆ ਜਾਣ ਲੱਗ ਪਿਆ। ਅੱਜ ਕਲ੍ਹ ਇਹ ਸ਼ਬਦ ਪੈਂਡਾ ਤਹਿ ਕਰਦਾ ਹੋਇਆ ਅਕਾਲੀ ਨਾਂ ਤੇ ਸਮਾਪਤ ਹੁੰਦਾ ਹੈ ਜੋ ਅਕਾਲ ਪੁਰਖ ਦੇ ਗੁਣਾਂ ਵਿੱਚ ਗੁੰਦਿਆ ਹੋਇਆ ਹੋਵੇ।

ਮੌਜੂਦਾ ਸਮੇਂ ਦੇ ਅਕਾਲੀ

ਇਸ ਵਿੱਚ ਦੋ ਰਾਏ ਨਹੀਂ ਹਨ ਕਿ ਅਕਾਲੀ ਦਲ ਦੇ ਸੇਵਾਦਾਰਾਂ ਨੇ ਗੁਰੂ ਦੀ ਸਿੱਖੀ ਨੂੰ ਜੀਵਿਆ ਤੇ ਪਹਿਰਾ ਦੇਂਦਿਆਂ ਸ਼ਹੀਦੀਆਂ ਦਿੱਤੀਆਂ। ਪਰ ਕੌਮ ਦੀ ਬਦਕਿਸਮਤੀ ਹੈ ਕਿ ਸ਼ਹੀਦਾਂ ਦੀ ਜੱਥੇਬੰਦੀ ਕੇਵਲ ਚੰਦ ਪਰਵਾਰਾਂ ਤੀਕ ਸੀਮਤ ਹੋ ਕੇ ਰਹਿ ਗਈ ਹੈ। ਅਕਾਲੀ ਦਲ ਦਾ ਕੇਵਲ ਨਾਂ ਹੀ ਰਹਿ ਗਿਆ ਹੈ ਬਾਕੀ ਸਿਧਾਂਤ ਵਾਲੀ ਕੋਈ ਕਹਾਣੀ ਨਹੀਂ ਹੈ। ਹੁਣ ਤੇ ਸ਼ਹੀਦਾਂ ਦੀ ਜੱਥੇਬੰਦੀ ਪੰਜਾਬੀ ਪਾਰਟੀ ਦਾ ਰੂਪ ਵਟਾ ਚੁੱਕੀ ਹੈ। ਹਾਂ ਕਦੇ ਕਦੇ ਆਪਣੇ ਹਿੱਤਾਂ ਦੀ ਖਾਤਰ ਪੰਥ ਨੂੰ ਖਤਰਾ ਦਸਦਿਆਂ ਪੰਥ ਹਤੈਸ਼ੀ ਹੋਣ ਦਾ ਢੰਡੋਰਾ ਜ਼ਰੂਰ ਪਿੱਟਿਆ ਜਾਂਦਾ ਹੈ ਪਰ ਮੌਜੂਦਾ ਸਾਰੇ ਅਕਾਲੀ ਦਲ ‘ਅਕਾਲੀ` ਵਾਲਾ ਕਰਤੱਵ ਭੁੱਲ ਗਿਆ ਹੈ। ਕਦੇ ਸ਼੍ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਨੂੰ ਚਲਾਉਂਦੀ ਸੀ ਪਰ ਅੱਜ ਪੰਜਾਬੀ ਪਾਰਟੀ ‘ਸ਼੍ਰੋਮਣੀ ਅਕਾਲੀ ਦਲ` ਦਾ ਨਾਂ ਵਰਤਦਿਆਂ ਸ਼੍ਰੋਮਣੀ ਕਮੇਟੀ ਨੂੰ ਚਲਾ ਰਹੀ ਹੈ। ਅਖਬਾਰੀ ਤਸਵੀਰਾਂ ਅਨੁਸਾਰ ਬਹੁਤਾ ਅਕਾਲੀ ਦਲ ਘੋਨ ਮੋਨ ਹੋ ਚੁੱਕਾ ਹੈ। ਜਿਹੜੇ ਅਸਲੀ ਅਕਾਲੀ ਹਨ ਉਹ ਧਾਕੜ ਹਾਕਮਾਂ ਕੋਲੋਂ ਡਰਦਿਆਂ ਚੁੱਪ ਵਿੱਚ ਭਲੀ ਸਮਝ ਰਹੇ ਹਨ। ਭਾਈ ਹੀਰਾ ਸਿੰਘ ਦਰਦ ਦੀ ਕਵਿਤਾ ਦਾ ਇਹ ਬੰਦ ਬੜਾ ਭਾਵ ਪੂਰਤ ਹੈ—

ਅੱਖੀਂ ਵੇਖ ਬੇਅਦਬੀ ਹੁੰਦੀ ਬੀਰ ਨਾ ਕਦੇ ਸਹਾਰ ਸਕੇ।

ਜਿਸ ਨੇ ਸੀਸ ਤਲ਼ੀ `ਤੇ ਧਰਿਆ ਉਸ ਨੂੰ ਕੋਈ ਨਾ ਮਾਰ ਸਕੇ।

ਜੀਉਂਦੇ ਹੋਣ ਅਕਾਲੀ ਵਰਗੇ ਕੌਮ ਕਦੀ ਨਾ ਹਾਰ ਸਕੇ।

ਨਾ ਕੋਈ ਉਸ ਦਾ ਕਾਲਜ ਖੋਹੇ ਨਾ ਕੋਈ ਖੋਹ ਦਰਬਾਰ ਸਕੇ।

ਇਕ ਅਕਾਲੀ ਬਾਝੋਂ ਯਾਰੋ, ਬਣ ਗਈ ਕੌਮ ਪਰਾਲ਼ੀ ਜੇ।

ਅੱਖਾਂ ਖੋਲ੍ਹੋ ਢਿੱਲੜ ਵੀਰੋ ਆ ਗਿਆ ਫੇਰ ਅਕਾਲੀ ਜੇ।

ਅੱਜ ਅਕਾਲੀ ਦਲ ਨੂੰ ਪੰਥਕ ਮੁੱਦੇ ਸਾਰੇ ਭੁੱਲ ਗਏ ਲੱਗਦੇ ਹਨ। ਸੂਬਿਆਂ ਨੂੰ ਵੱਧ ਅਧਿਕਾਰ ਮੰਗਣ ਦੀ ਬਜਾਏ ਪਰਵਾਰਕ ਹਿੱਤਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਅਕਾਲੀ ਦਲ ਦਾ ਨਸ਼ਿਆਂ ਸਬੰਧੀ ਨਾਂ ਅਖਬਾਰੀ ਸੁਰਖੀਆਂ ਬਣਨ ਨਾਲ ਆਮ ਸਿੱਖ ਨੂੰ ਦੁੱਖ ਮਹਿਸੂਸ ਹੁੰਦਾ ਹੈ।

ਅਜੇ ਵੀ ਕੁਰਬਾਨੀ ਵਾਲੇ ਅਕਾਲੀ ਕੌਮ ਵਿੱਚ ਜੀਉਂਦੇ ਹਨ ਲੋੜ ਹੈ ਉਹਨਾਂ ਨੂੰ ਮੈਦਾਨ ਵਿੱਚ ਆਉਣ ਦੀ। ਪੰਥ ਦਾ ਦਰਦ ਵਾਲੇ ਸਿੱਖਾਂ ਦੀ ਕੋਈ ਘਾਟ ਨਹੀਂ ਹੈ ਸਿਰਫ ਸੁਹਿਰਦਤਾ ਦੀ ਲੋੜ ਹੈ। ਅੱਜ ਕਿਹਾ ਜਾ ਰਿਹਾ ਹੈ ਕਿ ਮੈਨੂੰ ਅਕਾਲੀ ਹੋਣ `ਤੇ ਮਾਣ ਹੈ ਇਹ ਸਿਰਫ ਲੋਕ ਦਿਖਾਵਾ ਹੈ ਜਾਂ ਅਕਾਲੀ ਹੋਣ ਦਾ ਭਰਮ ਭਾਲਿਆ ਜਾ ਰਿਹਾ ਹੈ। ਅਸਲੀ ਅਕਾਲੀ ਨੂੰ ਆਪਣਾ ਦਿਖਾਵਾ ਕਰਨ ਦੀ ਲੋੜ ਨਹੀਂ ਓਦ੍ਹੇ ਕਾਰ ਵਿਹਾਰ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਅਕਾਲੀ ਹੈ।

ਇਕ ਦੰਦ ਕਥਾ ਹੈ ਕਿ ਜਦੋਂ ਭਾਈ ਕਰਤਾਰ ਸਿੰਘ ਨੂੰ ਕਿਹਾ ਗਿਆ ਕਿ ਤੁਹਾਡੀ ਸਰਕਾਰ ਦਾ ਸਮਾਂ ਖਤਮ ਹੁੰਦਾ ਹੈ ਕੋਠੀ ਖਾਲੀ ਕਰ ਦਿਓ ਤਾਂ ਉਹਨਾਂ ਨੇ ਕੋਈ ਉਜਰ ਨਹੀਂ ਕੀਤਾ ਤੇ ਲਾਂ `ਤੇ ਟੰਗਿਆ ਕਛਹਿਰਾ ਲਾਹਿਆ ਤੇ ਕਹਿੰਦੇ "ਭਈ ਸੰਭਾਲ਼ੋ ਆਪਣੀ ਕੋਠੀ ਅਸੀਂ ਚਲਦੇ ਹਾਂ"।

ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾਂ

੯੯੧੫੫੨੯੭੨੫
.