.

ਗੁਰਬਾਣੀ ਅਨੁਸਾਰ ਵਧਾਈ ਦੇਣ ਦੀ ਸਮਰਥਾ ਸਿਰਫ ਸਤਿਗੁਰੂ ਜਾਂ ਅਕਾਲ ਪੁਰਖੁ ਦੇ ਹੱਥ ਵਿੱਚ ਹੈ, ਆਮ ਮਨੁੱਖ ਦੇ ਹੱਥ ਵਿੱਚ ਕੁੱਝ ਵੀ ਨਹੀਂ

According to Gurbani the authority of granting Congratulation lies in the hands of Akal Purkh and SatGuru only. Common public does not any authority

ਆਮ ਤੌਰ ਤੇ ਲੋਕ ਵਿਆਹ, ਜਨਮ ਦਿਨ, ਦਿਵਾਲੀ, ਨਵਾਂ ਸਾਲ, ਗੁਰਪੁਰਬ, ਦਿਨ ਦਿਹਾਰ ਆਦਿ ਦੀ ਵਧਾਈ ਜਾਂ ਮੁਬਾਰਕ ਬਹੁਤ ਦਿੰਦੇ ਰਹਿੰਦੇ ਹਨ। ਅੱਜਕਲ ਤਾਂ ਵਟਸਐਪ (WhatsApp) ਵਿੱਚ ਤਾਂ ਇਸ ਦਾ ਆਮ ਰਿਵਾਜ ਹੋ ਗਿਆ ਹੈ। ਰੋਜਾਨਾ ਲੱਖਾਂ ਦੀ ਗਿਣਤੀ ਵਿੱਚ ਅਜੇਹੇ ਸੁਨੇਹੇ ਭੇਜੇ ਜਾਂਦੇ ਹਨ। ਅਗਿਣਤ ਗਿਣਤੀ ਵਿੱਚ ਅਜੇਹੇ ਸ਼ੁਭ ਇਸ਼ਾਵਾਂ ਦੇ ਸੁਨੇਹੇ ਭੇਜਣ ਦੇ ਬਾਵਜੂਦ ਵੀ ਨਾ ਤਾਂ ਲੋਕਾਂ ਦਾ ਕੋਈ ਭਲਾ ਹੁੰਦਾ ਦਿਖਾਈ ਦਿੰਦਾ ਹੈ, ਤੇ ਨਾ ਹੀ ਲੋਕਾਂ ਦੇ ਵਤੀਰੇ ਜਾਂ ਸੋਚ ਵਿਚਾਰ ਵਿੱਚ ਕੋਈ ਸੁਧਾਰ ਆਇਆ ਵਿਖਾਈ ਦਿੰਦਾ ਹੈ। ਲੋਕਾਂ ਦਾ ਪਿਠ ਪਿਛੇ ਚੁਗਲੀ ਕਰਨਾਂ, ਬੁਰਾ ਸੋਚਣਾ, ਆਦਿ ਵਿੱਚ ਕੋਈ ਬਦਲਾਵ ਨਹੀਂ ਦਿਖਾਈ ਦਿੰਦਾ ਹੈ। ਕੋਈ ਵਿਰਲਾ ਹੀ ਕਿਸੇ ਦੂਸਰੇ ਨੂੰ ਸੜਕ ਵਿੱਚ ਰਸਤਾ ਦੇਣ ਵਾਲਾ ਹੁੰਦਾ ਹੈ, ਕਿਸੇ ਬਜੁਰਗ ਨੂੰ ਸੜਕ ਪਾਰ ਕਰਵਾਉਂਣ ਵਾਲਾ ਵੀ ਕੋਈ ਵਿਰਲਾ ਹੀ ਮਿਲਦਾ ਹੈ। ਕੋਈ ਵਿਰਲਾ ਹੀ ਕਿਸੇ ਦੂਸਰੇ ਦਾ ਭਲਾ ਕਰਨ ਬਾਰੇ ਸੋਚਦਾ ਹੈ ਜਾਂ ਕਰਦਾ ਹੈ। ਜਿਆਦਾਤਰ ਲੋਕ ਆਪਣਾ ਸਵਾਰਥ ਜਾਂ ਦੂਸਰੇ ਤੋਂ ਅੱਗੇ ਲੰਗਣ ਦੀ ਦੌੜ ਵਿੱਚ ਹੀ ਲੱਗੇ ਰਹਿੰਦੇ ਹਨ।

ਜਿਸ ਵੱਡੇ ਪੱਧਰ ਤੇ ਵਧਾਈਆਂ ਦਿਤੀਆਂ ਜਾ ਰਹੀਆਂ ਹਨ, ਉਸ ਅਨੁਸਾਰ ਨਤੀਜੇ ਤਾਂ ਦਿਖਾਈ ਨਹੀਂ ਦੇ ਰਹੇ ਹਨ। ਪੂਰੀ ਦੁਨੀਆਂ ਵਿੱਚ ਕ੍ਰੋੜਾ ਦੀ ਗਿਣਤੀ ਵਿੱਚ ਗੁੱਡ ਮੌਰਨਿੰਗ ਤੇ ਨਵੇਂ ਸਾਲ ਦੀ ਵਧਾਈਆਂ ਦਿਤੀਆਂ ਜਾਂਦੀਆਂ ਹਨ। ਪਰੰਤੂ ਵਿਸ਼ਵ ਵਿੱਚ ਕੋਈ ਅਮਨ ਸੁਖ ਜਾਂ ਸ਼ਾਂਤੀ ਹੁੰਦੀ ਦਿਖਾਈ ਨਹੀਂ ਦੇ ਰਹੀ ਹੈ। ਹਰੇਕ ਵਿਆਹ ਸਮੇਂ ਅਣਗਿਣਤ ਵਧਾਈਆਂ ਦਿਤੀਆਂ ਜਾਂਦੀਆਂ ਹਨ, ਲੱਖਾਂ ਰੁਪਇਆ ਖਰਚਿਆ ਜਾਂਦਾ ਹੈ, ਪਰੰਤੂ ਪਰਿਵਾਰਾਂ ਵਿੱਚ ਆਪਸੀ ਮਿਲਵਰਤਨ ਜਾਂ ਸ਼ਾਂਤੀ ਬਹੁਤ ਘੱਟ ਦਿਖਾਈ ਦਿੰਦੀ ਹੈ। ਗੁਰਪੁਰਬਾਂ ਦੀਆਂ ਅਣਗਿਣਤ ਵਧਾਈਆਂ ਦਿਤੀਆਂ ਜਾਂਦੀਆਂ ਹਨ, ਕ੍ਰੋੜਾਂ ਰੁਪਇਆ ਸਮਾਗਮਾਂ ਤੇ ਖਰਚਿਆ ਜਾਂਦਾ ਹੈ, ਪਰੰਤੂ ਗੁਰੂ ਗਰੰਥ ਸਾਹਿਬ ਨੂੰ ਸਮਝਣ ਵਾਲੇ ਜਾਂ ਗੁਰਬਾਣੀ ਅਨੁਸਾਰ ਚਲਣ ਵਾਲੇ ਕੋਈ ਵਿਰਲੇ ਹੀ ਦਿਖਾਈ ਦਿੰਦੇ ਹਨ। ਇਹ ਸਭ ਕੁੱਝ ਇੱਕ ਵਿਖਾਵੇ ਜਾਂ ਰਵਾਇਤ ਦੀ ਤਰ੍ਹਾਂ ਲਗਦਾ ਹੈ। ਅਜੇਹੀਆਂ ਅਣਗਿਣਤ ਰਵਾਇਤਾ ਨਾਲ ਮਨ ਨੂੰ ਕੋਈ ਦਿਸ਼ਾ ਨਹੀਂ ਮਿਲਦੀ ਹੈ। ਸਮਾਜਕ ਰਵਾਇਤਾ ਕਰਕੇ ਵਧਾਈ ਦੇਣ ਦਾ ਰਿਵਾਜ ਬਹੁਤ ਵੱਡੇ ਪੱਧਰ ਤੇ ਪੈ ਗਿਆ ਹੈ, ਜਾਂ ਕਹਿ ਲਉ ਕਿ ਕਈ ਵਾਰੀ ਮਜਬੂਰੀ ਕਰਕੇ ਵੀ ਵਧਾਈ ਦੇਣੀ ਪੈਂਦੀ ਹੈ। ਇਹ ਹਮੇਸ਼ਾਂ ਧਿਆਨ ਵਿੱਚ ਰੱਖਣਾ ਹੈ ਕਿ, ਗੁਰਪੁਰਬ ਗੁਰੂ ਸਾਹਿਬਾਂ ਦੀਆਂ ਸਿਖਿਆਵਾਂ ਨੂੰ ਸੁਣਨ, ਸਮਝਣ ਤੇ ਅਪਨਾਣ ਲਈ; ਗੁਰਬਾਣੀ ਦੁਆਰਾ ਅਮਲੀ ਜੀਵਨ ਵਿੱਚ ਵਿਚਰਨ ਲਈ ਤੇ ਪੂਰਨੇ ਪਾਣ ਦੀ ਜਾਚ ਸਿਖਣ ਲਈ; ਇਤਿਹਾਸਕ ਘਟਨਾਵਾਂ ਤੇ ਯਾਦਾਂ ਨੂੰ ਜਾਣਨ ਲਈ ਤੇ ਤਾਜਾਂ ਕਰਨ ਲਈ ਮਨਾਏ ਜਾਂਦੇ ਹਨ।

ਅੱਜਕਲ ਦੀਆਂ ਵਧਾਈਆਂ ਵੀ ਪੁਰਾਤਨ ਸਮੇਂ ਦੀਆਂ ਕਹਾਣੀਆਂ ਜਾਂ ਕਥਾਵਾਂ ਵਿੱਚ ਦਿਤੇ ਜਾਣ ਵਾਲੇ ਵਰ ਜਾਂ ਸ਼ਰਾਪ ਦੀ ਤਰ੍ਹਾਂ ਦੀਆਂ ਹੀ ਲਗਦੀਆਂ ਹਨ। ਜਿਸ ਦਾ ਲੋਕਾਂ ਤੇ ਮਨ ਅੰਦਰ ਵਹਿਮ ਜਾਂ ਡਰ ਤਾਂ ਬਹੁਤ ਹੈ, ਪਰੰਤੂ ਇਨ੍ਹਾਂ ਨਾਲ ਹੁੰਦਾ ਕੁੱਝ ਵੀ ਨਹੀਂ। ਕਈ ਵਾਰੀ ਵੇਖਣ ਵਿੱਚ ਆਇਆ ਹੈ, ਕਿ ਇਧਰ ਤਾਂ ਲੱਖਾਂ ਦੀ ਗਿਣਤੀ ਵਿੱਚ ਨਵੇਂ ਸਾਲ ਜਾਂ ਦਿਨ ਦਿਹਾਰ ਦੀਆਂ ਵਧਾਈਆਂ ਦਿਤੀਆਂ ਜਾ ਰਹੀਆਂ ਹਨ ਤੇ ਦੂਸਰੇ ਪਾਸੇ ਕੁੱਝ ਘਟਨਾ ਦੀ ਖਬਰ ਆ ਜਾਂਦੀ ਹੈ।

ਆਉ ਗੁਰਬਾਣੀ ਦੀ ਸਹਾਇਤਾ ਨਾਲ ਇਨ੍ਹਾਂ ਵਧਾਈਆਂ ਬਾਰੇ ਵੀਚਾਰ ਕਰਨ ਦਾ ਉਪਰਾਲਾ ਕਰੀਏ ਤੇ ਜਾਣਨ ਦਾ ਯਤਨ ਕਰੀਏ ਕਿ ਗੁਰੂ ਗਰੰਥ ਸਾਹਿਬ ਅਨੁਸਾਰ ਅਸਲੀ ਵਧਾਈ ਕੀ ਹੈ, ਤੇ ਕਿਸ ਤਰ੍ਹਾਂ ਹੋ ਸਕਦੀ ਹੈ।

ਜਿਹੜੇ ਮਨੁੱਖ ਮਨ ਅੰਦਰੋਂ ਤਾਂ ਝੂਠੇ ਹਨ, ਪਰ ਬਾਹਰ ਕੂੜੀ ਇੱਜ਼ਤ ਬਣਾਈ ਬੈਠੇ ਹਨ, ਤੇ ਜਗਤ ਵਿੱਚ ਵਿਖਾਵਾ ਬਣਾਈ ਰੱਖਦੇ ਹਨ, ਉਹ ਭਾਵੇਂ ਅਠਾਹਠ ਤੀਰਥਾਂ ਉੱਤੇ ਜਾ ਕੇ ਇਸ਼ਨਾਨ ਕਰਨ, ਉਨ੍ਹਾਂ ਦੇ ਮਨ ਦੇ ਕਪਟ ਦੀ ਮੈਲ ਕਦੇ ਨਹੀਂ ਉਤਰਦੀ। ਜਿਨ੍ਹਾਂ ਮਨੁੱਖਾਂ ਦੇ ਅੰਦਰ ਰੇਸ਼ਮ ਹੈ, ਭਾਵ ਕੋਮਲਤਾ ਤੇ ਪ੍ਰੇਮ ਰੂਪੀ ਕਪੜਾ ਹੈ, ਪਰੰਤੂ ਬਾਹਰ ਭਾਵੇਂ ਗੁੱਦੜ ਹੈ, ਭਾਵ ਬਾਹਰੋ ਰੁੱਖਾ ਪਨ ਰੂਪੀ ਗੁੱਦੜ ਹੈ, ਜਗਤ ਵਿੱਚ ਅਜੇਹੇ ਬੰਦੇ ਨੇਕ ਹਨ। ਉਨ੍ਹਾਂ ਦਾ ਅਕਾਲ ਪੁਰਖੁ ਨਾਲ ਨੇਹ ਲੱਗਾ ਹੋਇਆ ਹੈ, ਤੇ ਉਹ ਅਕਾਲ ਪੁਰਖੁ ਦਾ ਦੀਦਾਰ ਕਰਨ ਦੇ ਵਿਚਾਰ ਵਿੱਚ ਸਦਾ ਜੁੜੇ ਰਹਿੰਦੇ ਹਨ। ਉਹ ਮਨੁੱਖ ਅਕਾਲ ਪੁਰਖੁ ਦੇ ਪਿਆਰ ਵਿੱਚ ਰੱਤੇ ਹੋਏ ਕਦੇ ਹੱਸਦੇ ਹਨ, ਤੇ ਕਦੇ ਪ੍ਰੇਮ ਵਿੱਚ ਹੀ ਰੋਂਦੇ ਹਨ, ਅਤੇ ਪ੍ਰੇਮ ਵਿੱਚ ਹੀ ਕਦੇ ਚੁੱਪ ਵੀ ਕਰ ਜਾਂਦੇ ਹਨ, ਭਾਵ, ਉਹ ਅਕਾਲ ਪੁਰਖੁ ਦੇ ਪ੍ਰੇਮ ਵਿੱਚ ਹੀ ਲੀਨ ਰਹਿੰਦੇ ਹਨ, ਉਨ੍ਹਾਂ ਨੂੰ ਸੱਚੇ ਖਸਮ ਅਕਾਲ ਪੁਰਖੁ ਤੋਂ ਬਿਨਾ ਕਿਸੇ ਹੋਰ ਦੀ ਕੋਈ ਮੁਥਾਜੀ ਨਹੀਂ ਹੁੰਦੀ ਹੈ। ਉਹ ਮਨੁੱਖ ਅਕਾਲ ਪੁਰਖੁ ਦੇ ਦਰ ਤੋਂ ਹੀ ਨਾਮ ਰੂਪੀ ਖ਼ੁਰਾਕ ਮੰਗਦੇ ਹਨ, ਜਦੋਂ ਅਕਾਲ ਪੁਰਖੁ ਦੇਂਦਾ ਹੈ, ਤਾਂ ਉਦੋਂ ਉਹ ਖਾਂਦੇ ਹਨ। ਉਨ੍ਹਾਂ ਨੂੰ ਇਹ ਨਿਸ਼ਚਾ ਹੈ, ਕਿ ਅਕਾਲ ਪੁਰਖੁ ਆਪ ਹੀ ਫ਼ੈਸਲਾ ਕਰਨ ਵਾਲਾ ਹੈ, ਤੇ ਆਪ ਹੀ ਲੇਖਾ ਲਿਖਣ ਵਾਲਾ ਹੈ, ਸਾਰੇ ਚੰਗੇ ਮੰਦੇ ਜੀਵਾਂ ਦਾ ਮੇਲਾ ਉਸ ਦੇ ਦਰ ਤੇ ਹੁੰਦਾ ਹੈ, ਅਕਾਲ ਪੁਰਖੁ ਸਭ ਕੋਲੋ ਕੀਤੇ ਕਰਮਾਂ ਦਾ ਲੇਖਾ ਮੰਗਦਾ ਹੈ, ਤੇ ਮੰਦੇ ਮਨੁੱਖਾਂ ਨੂੰ ਇਉਂ ਪੀੜ ਸੁੱਟਦਾ ਹੈ, ਜਿਵੇਂ ਕੋਹਲੂ ਵਿੱਚ ਤੇਲ ਕੱਡਣ ਲਈ ਤਿਲਾਂ ਨੂੰ ਪੀੜਿਆ ਜਾਂਦਾ ਹੈ, ਭਾਵ, ਉਨ੍ਹਾਂ ਦੇ ਮੰਦੇ ਸੰਸਕਾਰ ਅੰਦਰੋਂ ਕੱਢਣ ਲਈ ਉਨ੍ਹਾਂ ਨੂੰ ਦੁਖਾਂ ਰੂਪੀ ਕੋਹਲੂ ਵਿੱਚ ਪਾ ਕੇ ਪੀੜਿਆ ਜਾਂਦਾ ਹੈ।

ਮਃ ੧॥ ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ॥ ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ॥ ਜਿਨੑ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ॥ ਤਿਨੑ ਨੇਹੁ ਲਗਾ ਰਬ ਸੇਤੀ ਦੇਖਨੑੇ ਵੀਚਾਰਿ॥ ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰਿ ਜਾਹਿ॥ ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ॥ ਦਰਿ ਵਾਟ ਉਪਰਿ ਖਰਚੁ ਮੰਗਾ ਜਬੈ ਦੇਇ ਤ ਖਾਹਿ॥ ਦੀਬਾਨੁ ਏਕੋ ਕਲਮ ਏਕਾ ਹਮਾ ਤੁਮਾੑ ਮੇਲੁ॥ ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ॥ ੨॥ (੪੭੩)

ਅਨੰਦੁ ਸਾਹਿਬ ਦੀ ਬਾਣੀ ਦੇ ਸ਼ੁਰੂ ਵਿੱਚ ਹੀ ਗੁਰੂ ਅਮਰਦਾਸ ਸਾਹਿਬ ਸਮਝਾ ਰਹੇ ਹਨ, ਕਿ ਹੇ ਮੇਰੀ ਮਾਂ! ਮੇਰੇ ਅੰਦਰ ਅਨੰਦੁ ਭਾਵ ਪੂਰਨ ਖਿੜਾਉ ਪੈਦਾ ਹੋ ਗਿਆ ਹੈ, ਕਿਉਂਕਿ ਮੈਨੂੰ ਸਤਿਗੁਰੂ ਮਿਲ ਪਿਆ ਹੈ। ਜਦੋਂ ਦਾ ਮੈਨੂੰ ਸਤਿਗੁਰੂ ਮਿਲਿਆ ਹੈ, ਉਦੋਂ ਤੋਂ ਹੀ ਮੈਨੂੰ ਅਡੋਲ ਅਵਸਥਾ ਵੀ ਪ੍ਰਾਪਤ ਹੋ ਗਈ ਹੈ, ਭਾਵ, ਸਤਿਗੁਰੂ ਦੇ ਮਿਲਣ ਨਾਲ ਮੇਰਾ ਮਨ ਡੋਲਣੋਂ ਹਟ ਗਿਆ ਹੈ, ਮੇਰੇ ਮਨ ਵਿੱਚ ਮਾਨੋ ਖ਼ੁਸ਼ੀ ਦੇ ਵਾਜੇ ਵੱਜ ਪਏ ਹਨ। ਇਥੇ ਸਪੱਸ਼ਟ ਕਿਹਾ ਗਿਆ ਹੈ, ਕਿ, ਮੇਰੇ ਮਨ ਵਿੱਚ ਵਾਧਾਈਆ ਆ ਕੇ ਵਜੀਆ ਹਨ, "ਮਨਿ ਵਜੀਆ ਵਾਧਾਈਆ"। ਸੋਹਣੇ ਰਾਗ ਆਪਣੇ ਪਰਵਾਰ ਤੇ ਰਾਣੀਆਂ ਸਮੇਤ ਮੇਰੇ ਮਨ ਵਿਚ, ਮਾਨੋ, ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਵਣ ਆ ਗਏ ਹਨ। ਇਸ ਲਈ ਤੁਸੀ ਵੀ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦਾ ਗੀਤ ਗਾਵੋ। ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦਾ ਸ਼ਬਦ ਆਪਣੇ ਮਨ ਵਿੱਚ ਵਸਾਇਆ ਹੈ, ਉਨ੍ਹਾਂ ਦੇ ਅੰਦਰ ਪੂਰਨ ਖਿੜਾਉ ਪੈਦਾ ਹੋ ਜਾਂਦਾ ਹੈ। ਗੁਰੂ ਸਾਹਿਬ ਸਮਝਾਂਦੇ ਹਨ, ਕਿ ਮੇਰੇ ਅੰਦਰ ਵੀ ਆਨੰਦ ਬਣ ਗਿਆ ਹੈ, ਕਿਉਂਕਿ ਮੈਨੂੰ ਸਤਿਗੁਰੂ ਮਿਲ ਪਿਆ ਹੈ। ਸਬਦ ਦਾ ਭਾਵ ਹੈ, ਕਿ ਸਤਿਗੁਰੂ ਪਾਸੋਂ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਦਾਤ ਮਿਲਦੀ ਹੈ, ਤੇ, ਸਿਫ਼ਤਿ ਸਾਲਾਹ ਦੀ ਬਰਕਤਿ ਨਾਲ ਮਨੁੱਖ ਦੇ ਮਨ ਵਿੱਚ ਪੂਰਨ ਖਿੜਾਉ ਪੈਦਾ ਹੋ ਜਾਂਦਾ ਹੈ।

ਰਾਮਕਲੀ ਮਹਲਾ ੩ ਅਨੰਦੁ॥ ੴ ਸਤਿਗੁਰ ਪ੍ਰਸਾਦਿ॥ ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ॥ ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ॥ ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ॥ ਸਬਦੋ ਤ ਗਾਵਹੁ ਹਰੀ ਕੇਰਾ ਮਨਿ ਜਿਨੀ ਵਸਾਇਆ॥ ਕਹੈ ਨਾਨਕੁ ਅਨੰਦੁ ਹੋਆ ਸਤਿਗੁਰੂ ਮੈ ਪਾਇਆ॥ ੧॥ (੯੧੭)

ਇਥੇ ਇਹ ਸਪੱਸ਼ਟ ਹੋ ਜਾਂਦਾ ਹੈ, ਕਿ ਵਾਧਾਈਆ ਸਤਿਗੁਰੂ ਨੂੰ ਪਾਣ ਨਾਲ ਮਿਲਦੀਆਂ ਹਨ, ਲੋਕਾਂ ਦੇ ਕਹਿਣ ਜਾਂ ਦੇਣ ਨਾਲ ਨਹੀਂ। ਦੂਸਰੀ ਗਲ ਇਹ ਸਪੱਸ਼ਟ ਹੈ, ਕਿ ਵਾਧਾਈਆ ਆਪਣੇ ਆਪ ਆ ਕੇ ਮਨ ਵਿੱਚ ਵਜਦੀਆਂ ਹਨ। ਤੀਸਰੀ ਗਲ ਇਹ ਸਪੱਸ਼ਟ ਹੈ, ਵਾਧਾਈਆ ਆਪਣੇ ਆਪ ਆ ਕੇ ਵਜਦੀਆ ਹਨ, ਲੋਕਾਂ ਦੇ ਕਹਿਣ ਜਾਂ ਭੇਜਣ ਤੇ ਨਹੀਂ। ਇਸ ਸਬਦ ਵਿੱਚ ਗੁਰੂ ਸਾਹਿਬ ਸਪੱਸ਼ਟ ਕਰਕੇ ਸਮਝਾ ਰਹੇ ਹਨ, ਕਿ ਵਾਧਾਈਆ ਦੇਣ ਦਾ ਹੱਕ ਸਿਰਫ ਤੇ ਸਿਰਫ ਸਤਿਗੁਰੂ ਨੂੰ ਹੈ, ਤੇ ਜਾਂ ਅਕਾਲ ਪੁਰਖੁ ਨੂੰ ਹੈ। ਇਹ ਤਾਕਤ, ਸਮਰਥਾ ਜਾਂ ਅਧਿਕਾਰ ਆਮ ਲੋਕਾਂ ਕੋਲ ਨਹੀਂ ਹੈ।

ਗੁਰੂ ਗਰੰਥ ਸਾਹਿਬ ਵਿੱਚ ਸਬਦ ਵਾਧਾਈਆ, ਵਧਾਈ, ਆਦਿ ਅਨੇਕਾਂ ਵਾਰੀ ਆਏ ਹਨ, ਪਰੰਤੂ ਇਨ੍ਹਾਂ ਸਭ ਦੇ ਅਰਥ ਇਹੀ ਬਣਦੇ ਹਨ ਕਿ ਮਨ ਵਿੱਚ ਖ਼ੁਸ਼ੀ, ਖੇੜਾ, ਆਨੰਦ, ਜਾਂ ਵਾਧਾ ਆਦਿ। ਇਨ੍ਹਾਂ ਸਭ ਸਬਦਾਂ ਦੇ ਅਰਥਾਂ ਅਨੁਸਾਰ ਇਹ ਕਿਤੇ ਵੀ ਨਹੀਂ ਬਣਦਾ ਹੈ, ਕਿ, ਇਹ ਖੇੜਾ, ਆਨੰਦ, ਜਾਂ ਵਾਧਾ ਲੋਕਾਂ ਦੇ ਕਹਿਣ ਨਾਲ ਜਾਂ ਲੋਕਾਂ ਦੇ ਕਾਰਡ ਵੰਡਣ ਨਾਲ ਮਿਲ ਸਕਦਾ ਹੈ।

ਗੁਰੂ ਸਾਹਿਬ ਸਮਝਾਂਦੇ ਹਨ, ਕਿ ਅਕਾਲ ਪੁਰਖੁ ਦਾ ਨਾਮੁ, ਮਾਨੋ, ਇੱਕ ਵੇਲ ਦੀ ਤਰ੍ਹਾਂ ਹੈ, ਗੁਰੂ ਦੀ ਸਰਨ ਪੈਣ ਵਾਲੇ ਮਨੁੱਖਾਂ ਨੇ ਅਕਾਲ ਪੁਰਖੁ ਦੇ ਨਾਮੁ ਰੂਪੀ ਜਲ ਨਾਲ ਸਿੰਜ ਸਿੰਜ ਕੇ ਇਸ ਨਾਮੁ ਰੂਪੀ ਵੇਲ ਨੂੰ ਆਪਣੇ ਅੰਦਰ ਵਡੀ ਕਰ ਲਿਆ ਹੈ, ਉਨ੍ਹਾਂ ਦੇ ਆਤਮਕ ਜੀਵਨ ਵਿੱਚ ਇਸ ਵੇਲ ਨੂੰ ਰਸ ਦੇਣ ਵੇਲੇ ਸੁਆਦਲੇ ਆਤਮਕ ਗੁਣਾਂ ਦੇ ਫਲ ਲੱਗਦੇ ਹਨ। ਅਕਾਲ ਪੁਰਖੁ ਨੇ ਆਪਣੀ ਭਗਤੀ ਗੁਰੂ ਵਿੱਚ ਟਿਕਾ ਰੱਖੀ ਹੈ, ਤੇ ਗੁਰੂ ਪ੍ਰਸੰਨ ਹੋ ਕੇ ਭਗਤੀ ਦੀ ਇਹ ਦਾਤ ਸਿੱਖ ਨੂੰ ਦੇਂਦਾ ਹੈ। ਪਰ ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਪੈਂਦਾ ਤੇ ਆਪਣੀ ਹਉਮੈ ਵਿੱਚ ਹੀ ਆਪਣੇ ਵਲੋਂ ਧਾਰਮਿਕ ਕੰਮ ਕਰਦਾ ਹੈ, ਉਹ ਅਕਾਲ ਪੁਰਖੁ ਦੀ ਭਗਤੀ ਦੀ ਰਤਾ ਭਰ ਵੀ ਸਾਰ ਨਹੀਂ ਜਾਣਦਾ ਹੈ। ਉਸ ਦੇ ਹਉਮੈ ਦੇ ਆਸਰੇ ਕੀਤੇ ਹੋਏ, ਉਸ ਦੇ ਧਾਰਮਿਕ ਕੰਮ ਇਉਂ ਹਨ, ਜਿਵੇਂ ਹਾਥੀ ਨਹਾ ਕੇ ਆਪਣੇ ਸਿਰ ਤੇ ਮਿੱਟੀ ਪਾ ਲੈਂਦਾ ਹੈ। ਗੁਰੂ ਸਾਹਿਬ ਸਮਝਾਂਦੇ ਹਨ, ਕਿ ਜਗਤ ਦੇ ਅਨੇਕਾਂ ਜੀਵ ਜੰਤੂਆਂ ਤੇ ਬੇਅੰਤ ਤਰ੍ਹਾਂ ਦੀਆਂ ਲਹਰਾਂ ਦੇ ਮਾਲਕ ਅਕਾਲ ਪੁਰਖੁ ਦਾ ਨਾਮੁ ਚੇਤੇ ਕਰ। ਗੁਰੂ ਦੀ ਮਤਿ ਲੈ ਕੇ ਮੁੜ ਮੁੜ ਅਕਾਲ ਪੁਰਖੁ ਦਾ ਨਾਮੁ ਚੇਤੇ ਕਰ ਤੇ ਸਿਫ਼ਤਿ ਸਾਲਾਹ ਕਰਦਾ ਰਹੁ। ਜਿਸ ਮਨੁੱਖ ਨੇ ਅਕਾਲ ਪੁਰਖੁ ਦਾ ਨਾਮੁ ਜਪਿਆ, ਜਿਸ ਮਨੁੱਖ ਨੇ ਸਿਫ਼ਤਿ-ਸਾਲਾਹ ਕੀਤੀ, ਉਸ ਨੇ ਆਪਣੇ ਮਨ ਰੂਪੀ ਸੱਪ ਨੂੰ ਮਾਰ ਲਿਆ, ਉਸ ਨੇ ਆਪਣਾ ਮੌਤ ਦੇ ਡਰ ਨੂੰ ਮੁਕਾ ਲਿਆ, ਉਸ ਨੇ ਜਮਦੂਤਾਂ ਨੂੰ ਮਾਰ ਲਿਆ। ਹੁਣ ਜਮਦੂਤ ਉਸ ਦੇ ਨੇੜੇ ਨਹੀਂ ਢੁਕਦੇ ਹਨ। ਇਸ ਲਈ ਵਧਾਈ ਲੈਣ ਲਈ ਗੁਰਮੁਖਿ ਬਣ ਕੇ ਅਕਾਲ ਪੁਰਖੁ ਦਾ ਨਾਮੁ ਆਪਣੇ ਹਿਰਦੇ ਅੰਦਰ ਟਿਕਾਣਾ ਹੈ।

ਆਸਾ ਮਹਲਾ ੪॥ ਗੁਰਮੁਖਿ ਹਰਿ ਹਰਿ ਵੇਲਿ ਵਧਾਈ॥ ਫਲ ਲਾਗੇ ਹਰਿ ਰਸਕ ਰਸਾਈ॥ ੧॥ ਹਰਿ ਹਰਿ ਨਾਮੁ ਜਪਿ ਅਨਤ ਤਰੰਗਾ॥ ਜਪਿ ਜਪਿ ਨਾਮੁ ਗੁਰਮਤਿ ਸਾਲਾਹੀ ਮਾਰਿਆ ਕਾਲੁ ਜਮਕੰਕਰ ਭੁਇਅੰਗਾ॥ ੧॥ ਰਹਾਉ॥ (੩੬੭)

ਜੇਕਰ ਮਾਇਆ ਨਾਲ ਬਹੁਤੀ ਪ੍ਰੀਤਿ ਕਰੀਏ, ਤਾਂ ਜਿਉਂ ਜਿਉਂ ਇਸ ਨਾਲ ਆਪਣਾ ਸਾਥ ਬਣਾਈਦਾ ਹੈ, ਤਿਉਂ ਤਿਉਂ ਇਸ ਮਾਇਆ ਨਾਲ ਮੋਹ ਵਧਦਾ ਜਾਂਦਾ ਹੈ। ਆਖ਼ਰ ਜਦੋਂ ਇਹ ਗਲ ਨਾਲ ਚੰਬੜੀ ਹੋਈ ਛੱਡਦੀ ਹੀ ਨਹੀਂ, ਤਾਂ ਫਿਰ ਸਤਿਗੁਰੂ ਦੀ ਚਰਨੀਂ ਲੱਗ ਕੇ ਹੀ ਇਸ ਤੋਂ ਖ਼ਲਾਸੀ ਪਾਈ ਜਾ ਸਕਦੀ ਹੈ। ਇਹ ਮਾਇਆ ਐਸੀ ਮਨ ਨੂੰ ਮੋਹ ਲੈਣ ਵਾਲੀ ਹੈ, ਕਿ ਮਨੁੱਖ ਦੇ ਮਨ ਨੂੰ ਤੁਰਤ ਮੋਹ ਦੇ ਜਾਲ ਵਿੱਚ ਫਸਾ ਲੈਂਦੀ ਹੈ। ਮਿੱਠੀ ਬਣ ਕੇ ਇਹ ਮਨ ਵਿੱਚ ਤੇ ਤਨ ਵਿੱਚ ਆ ਕੇ ਚੰਬੜ ਜਾਂਦੀ ਹੈ। ਗੁਰੂ ਸਾਹਿਬ ਸਮਝਾਂਦੇ ਹਨ, ਕਿ ਸਤਿਗੁਰੂ ਦੀ ਕਿਰਪਾ ਨਾਲ ਜਦੋਂ ਤੋਂ ਮੈਨੂੰ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਉਤਾਂਹ ਰਹਿਣ ਵਾਲਾ ਅਕਾਲ ਪੁਰਖੁ ਮਿਲਿਆ ਹੈ, ਮੇਰੇ ਅੰਦਰ ਉਤਸ਼ਾਹ ਭਰੀ ਅਵਸਥਾ ਪ੍ਰਬਲ ਹੋ ਗਈ ਹੈ, ਤਦੋਂ ਤੋਂ ਹੀ ਮੈਂ ਸਾਰੇ ਜਗਤ ਨੂੰ ਮੋਹਣ ਵਾਲੀ ਮਾਇਆ ਦੇ ਮੋਹ ਨੂੰ ਤਿਆਗ ਕੇ ਪਰੇ ਸੁੱਟ ਦਿੱਤਾ ਹੈ। ਜਦੋਂ ਦਾ ਮੈਨੂੰ ਸਤਿਗੁਰੂ ਮਿਲ ਪਿਆ ਹੈ, ਉਦੋਂ ਤੋਂ ਹੁਣ ਮੇਰੇ ਮਨ ਵਿੱਚ ਆਤਮਕ ਆਨੰਦ ਬਣਿਆ ਰਹਿੰਦਾ ਹੈ। ਇਸ ਲਈ ਵਧਾਈ ਲੈਣ ਲਈ ਉਸ ਨਿਰਗੁਨੁ ਅਕਾਲ ਪੁਰਖੁ ਦਾ ਮਿਲਾਪ ਜਰੂਰੀ ਹੈ, ਜਿਹੜਾ ਕਿ ਸਤਿਗੁਰੂ ਦੀ ਸ਼ਰਨ ਵਿੱਚ ਪੈਣ ਨਾਲ ਹੀ ਸੰਭਵ ਹੈ।

ਆਸਾ ਮਹਲਾ ੫॥ ਇਨੑ ਸਿਉ ਪ੍ਰੀਤਿ ਕਰੀ ਘਨੇਰੀ॥ ਜਉ ਮਿਲੀਐ ਤਉ ਵਧੈ ਵਧੇਰੀ॥ ਗਲਿ ਚਮੜੀ ਜਉ ਛੋਡੈ ਨਾਹੀ॥ ਲਾਗਿ ਛੁਟੋ ਸਤਿਗੁਰ ਕੀ ਪਾਈ॥ ੧॥ ਜਗ ਮੋਹਨੀ ਹਮ ਤਿਆਗਿ ਗਵਾਈ॥ ਨਿਰਗੁਨੁ ਮਿਲਿਓ ਵਜੀ ਵਧਾਈ॥ ੧॥ ਰਹਾਉ (੩੯੨)

ਗੁਰੂ ਸਾਹਿਬ ਆਪਣੇ ਮਨ ਨੂੰ ਸਮਝਾਂਦੇ ਹਨ, ਕਿ ਹੇ ਮੇਰੇ ਮਨ! ਤੂੰ ਉਸ ਅਕਾਲ ਪੁਰਖੁ ਦਾ ਅੰਸ ਹੈ, ਜੋ ਨਿਰਾ ਨੂਰ ਹੀ ਨੂਰ ਹੈ, ਇਸ ਲਈ ਆਪਣੇ ਉਸ ਅਸਲੇ ਨਾਲ ਸਾਂਝ ਬਣਾ। ਉਹ ਅਕਾਲ ਪੁਰਖੁ ਸਦਾ ਤੇਰੇ ਅੰਗ ਸੰਗ ਵੱਸਦਾ ਹੈ, ਇਸ ਲਈ ਗੁਰੂ ਦੀ ਮਤਿ ਲੈ ਕੇ ਉਸ ਦੇ ਮਿਲਾਪ ਦਾ ਸੁਆਦ ਲੈ। ਜੇਕਰ ਤੂੰ ਆਪਣਾ ਅਸਲਾ ਸਮਝ ਲਏਂ ਤਾਂ ਉਸ ਅਕਾਲ ਪੁਰਖੁ ਨਾਲ ਤੇਰੀ ਡੂੰਘੀ ਜਾਣ ਪਛਾਣ ਬਣ ਜਾਏਗੀ, ਫਿਰ ਤੈਨੂੰ ਇਹ ਸਮਝ ਵੀ ਆ ਜਾਇਗੀ ਕਿ ਆਤਮਕ ਮੌਤ ਕੀ ਚੀਜ਼ ਹੈ, ਤੇ ਆਤਮਕ ਜ਼ਿੰਦਗੀ ਕੀ ਹੈ। ਜੇਕਰ ਗੁਰੂ ਦੀ ਕਿਰਪਾ ਨਾਲ ਇੱਕ ਅਕਾਲ ਪੁਰਖੁ ਨਾਲ ਡੂੰਘੀ ਸਾਂਝ ਪਾ ਲਏਂ, ਤਾਂ ਤੇਰੇ ਅੰਦਰ ਅਕਾਲ ਪੁਰਖੁ ਤੋਂ ਬਿਨਾ ਕੋਈ ਹੋਰ ਮੋਹ ਪ੍ਰਬਲ ਨਹੀਂ ਹੋ ਸਕੇਗਾ। ਜਦੋਂ ਮਨੁੱਖ ਦੇ ਮਨ ਵਿੱਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਤੇ ਜਦੋਂ ਇਸ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਜਾਂਦੀ ਹੈ, ਤਾਂ ਇਹ ਅਕਾਲ ਪੁਰਖੁ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੈ। ਗੁਰੂ ਸਾਹਿਬ ਦੁਬਾਰਾ ਇਹੀ ਸਮਝਾਂਦੇ ਹਨ, ਕਿ ਹੇ ਮੇਰੇ ਮਨ! ਤੂੰ ਉਸ ਅਕਾਲ ਪੁਰਖੁ ਦਾ ਅੰਸ ਹੈ, ਜੋ ਨਿਰਾ ਚਾਨਣ ਹੀ ਚਾਨਣ ਹੈ, ਇਸ ਲਈ ਆਪਣੇ ਉਸ ਅਸਲੇ ਨਾਲ ਸਾਂਝ ਬਣਾ। ਇਸ ਲਈ ਮਨ ਵਿੱਚ ਸ਼ਾਂਤੀ ਤਾਂ ਹੀ ਆ ਸਕਦੀ ਹੈ, ਤੇ ਵਧਾਈ ਤਾਂ ਹੀ ਵਜ ਸਕਦੀ ਹੈ, ਜੇਕਰ ਗੁਰਬਾਣੀ ਦੁਆਰਾ ਉਸ ਅਕਾਲ ਪੁਰਖੁ ਨੂੰ ਜਾਣ ਲਿਆ ਜਾਵੇ, ਸਤਿਗੁਰੂ ਦੀ ਕਿਰਪਾ ਨਾਲ ਆਪਣੇ ਅੰਦਰੋਂ ਦਵੈਤ ਭਾਵ ਦੂਰ ਕਰ ਲਿਆ ਜਾਵੇ, ਅਜੇਹਾ ਕਰਨ ਨਾਲ ਹੀ ਉਸ ਅਕਾਲ ਪੁਰਖੁ ਦੇ ਦਰ ਤੇ ਪਰਵਾਣ ਹੋ ਸਕਦੇ ਹਾਂ।

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ॥ ਗੁਰ ਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ॥ ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ॥ ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ॥ ੫॥ (੪੪੧)

ਗੁਰਬਾਣੀ ਦੁਆਰਾ ਆਪਣੇ ਪਾਪਾ ਤੇ ਕਾਬੂ ਕਰਨ ਦੀ ਸੋਝੀ ਪ੍ਰਾਪਤ ਕਰੋ, ਪਾਪਾ ਨੂੰ ਕਹੋ ਕਿ ਹੁਣ ਤੁਸੀ ਮੇਰੇ ਹਿਰਦੇ ਵਿਚੋਂ ਚਲੇ ਜਾਵੋ, ਕਿਉਂਕਿ ਮੇਰੇ ਹਿਰਦੇ ਘਰ ਵਿੱਚ ਮੇਰਾ ਅਕਾਲ ਪੁਰਖੁ ਵੱਸ ਗਿਆ ਹੈ। ਜਿਸ ਹਿਰਦੇ ਵਿੱਚ ਅਕਾਲ ਪੁਰਖੁ ਪਰਗਟ ਹੋ ਜਾਂਦਾ ਹੈ, ਉਸ ਵਿਚੋਂ ਵਿਕਾਰੀ ਵੈਰੀਆਂ ਦਾ ਨਾਸ ਹੋ ਜਾਂਦਾ ਹੈ। ਪਿਆਰੇ ਅਕਾਲ ਪੁਰਖੁ, ਉਸ ਮਨੁੱਖ ਦੇ ਹਿਰਦੇ ਵਿੱਚ ਪਰਗਟ ਹੁੰਦੇ ਹਨ, ਜਿਹੜਾ ਮਨੁੱਖ ਸਾਧ ਸੰਗਤਿ ਵਿੱਚ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦਾ ਹੈ। ਜੇਹੜਾ ਮਨੁੱਖ ਗੁਰੂ ਦੀ ਕਿਰਪਾ ਦੁਆਰਾ ਅਕਾਲ ਪੁਰਖੁ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ, ਉਹ ਆਪਣੇ ਅੰਦਰ ਇੱਕ ਹੈਰਾਨ ਕਰ ਦੇਣ ਵਾਲਾ ਤਮਾਸ਼ਾ ਵੇਖਦਾ ਹੈ, ਉਸ ਦੇ ਹਿਰਦੇ ਵਿੱਚ ਆਤਮਕ ਜੀਵਨ ਦੇਣ ਵਾਲਾ ਨਾਮੁ ਰੂਪੀ ਜਲ ਆ ਵੱਸਦਾ ਹੈ, ਉਸ ਦੇ ਮਨ ਵਿੱਚ ਬੇਅੰਤ ਠੰਡ ਪੈ ਜਾਂਦੀ ਹੈ, ਉਸ ਦੇ ਅੰਦਰ ਬੇਅੰਤ ਚੜ੍ਹਦੀ ਕਲਾ ਬਣ ਜਾਂਦੀ ਹੈ। ਗੁਰੂ ਸਾਹਿਬ ਬੇਨਤੀ ਕਰਕੇ ਸਮਝਾਂਦੇ ਹਨ, ਕਿ ਹੇ ਭਾਈ! ਜਿਸ ਮਨੁੱਖ ਉਤੇ ਅਕਾਲ ਪੁਰਖੁ ਮੇਹਰ ਕਰਦਾ ਹੈ, ਉਸ ਨੂੰ ਅਕਾਲ ਪੁਰਖੁ ਆਪ ਹੀ ਆਨੰਦ ਮਈ ਆਤਮਕ ਅਡੋਲਤਾ ਵਿੱਚ ਟਿਕਾਂਦਾ ਹੈ, ਅਕਾਲ ਪੁਰਖੁ ਆਪ ਹੀ ਉਸ ਦਾ ਆਪਣੇ ਨਾਲ ਮਿਲਾਪ ਬਣਾ ਦਿੰਦਾ ਹੈ। ਇਸ ਲਈ ਮਨ ਵਿੱਚ ਸ਼ਾਂਤੀ ਤਾਂ ਹੀ ਆ ਸਕਦੀ ਹੈ, ਤੇ ਵਧਾਈ ਤਾਂ ਹੀ ਵਜ ਸਕਦੀ ਹੈ, ਜੇਕਰ ਸਤਿਗੁਰੂ ਦੀ ਕਿਰਪਾ ਨਾਲ ਆਪਣੇ ਅੰਦਰੋਂ ਪਾਪ ਦੂਰ ਕਰ ਲਏ ਜਾਣ, ਤੇ ਗੁਰਬਾਣੀ ਦੁਆਰਾ ਉਸ ਅਕਾਲ ਪੁਰਖੁ ਨੂੰ ਪਛਾਣ ਲਿਆ ਜਾਵੇ।

ਨਸਿ ਵੰਞਹੁ ਕਿਲਵਿਖਹੁ ਕਰਤਾ ਘਰਿ ਆਇਆ॥ ਦੂਤਹ ਦਹਨੁ ਭਇਆ ਗੋਵਿੰਦੁ ਪ੍ਰਗਟਾਇਆ॥ ਪ੍ਰਗਟੇ ਗੁਪਾਲ ਗੋਬਿੰਦ ਲਾਲਨ ਸਾਧਸੰਗਿ ਵਖਾਣਿਆ॥ ਆਚਰਜੁ ਡੀਠਾ ਅਮਿਉ ਵੂਠਾ ਗੁਰ ਪ੍ਰਸਾਦੀ ਜਾਣਿਆ॥ ਮਨਿ ਸਾਂਤਿ ਆਈ ਵਜੀ ਵਧਾਈ ਨਹ ਅੰਤੁ ਜਾਈ ਪਾਇਆ॥ ਬਿਨਵੰਤਿ ਨਾਨਕ ਸੁਖ ਸਹਜਿ ਮੇਲਾ ਪ੍ਰਭੂ ਆਪਿ ਬਣਾਇਆ॥ ੨॥ (੪੬੦)

ਉਸ ਅਕਾਲ ਪੁਰਖੁ ਨੂੰ ਸਦਾ ਯਾਦ ਕਰਨਾ ਚਾਹੀਦਾ ਹੈ, ਜਿਸ ਦੀ ਆਪਣੀ ਸੱਤਾ ਸਾਰੇ ਸੰਸਾਰ ਵਿੱਚ ਕੰਮ ਕਰ ਰਹੀ ਹੈ। ਗੁਰੂ ਦੀ ਸਰਨ ਪੈਣਾ ਚਾਹੀਦਾ ਹੈ, ਕਿਉਂਕਿ ਗੁਰੂ ਦੀ ਸਰਨ ਪਿਆਂ ਸਰਬ ਵਿਆਪਕ ਅਕਾਲ ਪੁਰਖੁ ਮਨ ਵਿਚੋਂ ਨਹੀਂ ਭੁੱਲਦਾ ਹੈ। ਜਿਨ੍ਹਾਂ ਮਨੁੱਖਾਂ ਨੇ ਸਦਾ ਅਕਾਲ ਪੁਰਖੁ ਦਾ ਸਿਮਰਨ ਕੀਤਾ ਹੈ, ਉਨ੍ਹਾਂ ਉੱਤੇ ਕੋਈ ਰੋਗ, ਕੋਈ ਦੁੱਖ, ਜਾਂ ਕੋਈ ਡਰ ਆਪਣਾ ਜ਼ੋਰ ਨਹੀਂ ਪਾ ਸਕਦਾ ਹੈ। ਅਜੇਹੇ ਮਨੁੱਖਾਂ ਨੇ ਗੁਰੂ ਦੀ ਕਿਰਪਾ ਨਾਲ ਇਹ ਸੰਸਾਰ ਰੂਪੀ ਸਮੁੰਦਰ ਪਾਰ ਕਰ ਲਿਆ ਸਮਝੋ, ਤੇ ਪੂਰਬਲੇ ਸਮੇਂ ਵਿੱਚ ਕੀਤੀ ਕਮਾਈ ਅਨੁਸਾਰ ਮੱਥੇ ਉੱਤੇ ਭਗਤੀ ਦਾ ਲਿਖਿਆ ਲੇਖ, ਉਨ੍ਹਾਂ ਨੂੰ ਪ੍ਰਾਪਤ ਹੋ ਗਿਆ। ਉਨ੍ਹਾਂ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਗਈ, ਉਨ੍ਹਾਂ ਦੇ ਮਨ ਵਿੱਚ ਠੰਡ ਪੈ ਗਈ, ਤੇ ਉਨ੍ਹਾਂ ਨੂੰ ਬੇਅੰਤ ਅਕਾਲ ਪੁਰਖੁ ਮਿਲ ਗਿਆ। ਗੁਰੂ ਸਾਹਿਬ ਬੇਨਤੀ ਕਰਕੇ ਸਮਝਾਂਦੇ ਹਨ, ਕਿ ਅਕਾਲ ਪੁਰਖੁ ਦਾ ਨਾਮੁ ਸਿਮਰ ਸਿਮਰ ਕੇ ਮੇਰੀ ਵੀ ਅਕਾਲ ਪੁਰਖੁ ਦੇ ਮਿਲਾਪ ਵਾਲੀ ਚਿਰਾਂ ਦੀ ਆਸ ਪੂਰੀ ਹੋ ਗਈ ਹੈ। ਇਸ ਲਈ ਸਤਿਗੁਰੂ ਦੀ ਕਿਰਪਾ ਨਾਲ ਹੀ ਮਨ ਵਿੱਚ ਸ਼ਾਂਤੀ ਆ ਸਕਦੀ ਹੈ, ਤੇ ਵਧਾਈ ਵਜ ਸਕਦੀ ਹੈ। ਸਤਿਗੁਰੂ ਦੀ ਕਿਰਪਾ ਨਾਲ ਹੀ ਉਸ ਬੇਅੰਤ ਅਕਾਲ ਪੁਰਖੁ ਦਾ ਮਿਲਾਪ ਹੋ ਸਕਦਾ ਹੈ।

ਸੰਤ ਪ੍ਰਸਾਦਿ ਤਰੇ ਭਵਜਲੁ ਪੂਰਬਿ ਲਿਖਿਆ ਪਾਇਆ॥ ਵਜੀ ਵਧਾਈ ਮਨਿ ਸਾਂਤਿ ਆਈ ਮਿਲਿਆ ਪੁਰਖੁ ਅਪਾਰੀ॥ ਬਿਨਵੰਤਿ ਨਾਨਕੁ ਸਿਮਰਿ ਹਰਿ ਹਰਿ ਇਛ ਪੁੰਨੀ ਹਮਾਰੀ॥ ੪॥ ੩॥ (੫੪੪)

ਜਿਸ ਤਰ੍ਹਾਂ ਪਾਂਧੇ ਪੰਡਿਤ ਪੱਤ੍ਰੀ ਵੇਖ ਕੇ ਵਿਆਹ ਦੇ ਫੇਰੇ ਦੇਣ ਦਾ ਸਮਾਂ ਵਿਚਾਰਦੇ ਹਨ। ਇਸੇ ਤਰ੍ਹਾਂ ਗੁਰਮੁਖ ਗੁਰਬਾਣੀ ਦੀ ਵੀਚਾਰ ਕਰਦੇ ਹਨ ਤੇ ਜਦੋਂ ਗੁਰੂ ਦੀ ਕਿਰਪਾ ਨਾਲ ਪਤੀ ਅਕਾਲ ਪੁਰਖੁ ਜੀਵ ਇਸਤ੍ਰੀ ਦੇ ਅੰਦਰ ਪਰਗਟ ਹੁੰਦਾ ਹੈ, ਤਾਂ ਜੀਵ ਇਸਤ੍ਰੀ ਦੇ ਹਿਰਦੇ ਵਿੱਚ ਆਤਮਕ ਆਨੰਦ ਦੀ ਲਹਿਰ ਚੱਲ ਪੈਂਦੀ ਹੈ। ਗੁਰਮੁਖ ਬਾਣੀ ਦੇ ਰਸੀਏ ਸਾਧ ਸੰਗਤਿ ਵਿੱਚ ਮਿਲ ਕੇ ਗੁਰੂ ਦੀ ਬਾਣੀ ਪੜ੍ਹਦੇ ਤੇ ਅਕਾਲ ਪੁਰਖੁ ਦੇ ਗੁਣਾਂ ਨੂੰ ਵਿਚਾਰਦੇ ਹਨ। ਜਿਉਂ ਜਿਉਂ ਗੁਰਬਾਣੀ ਵਿਚਾਰਦੇ ਹਨ, ਜੀਵ ਇਸਤ੍ਰੀ ਦੇ ਹਿਰਦੇ ਘਰ ਵਿੱਚ ਸੱਜਣ ਅਕਾਲ ਪੁਰਖੁ ਦਾ ਪ੍ਰਕਾਸ਼ ਹੁੰਦਾ ਹੈ, ਮਾਨੋ, ਉਸ ਦੇ ਮਨ ਵਿੱਚ ਆਨੰਦ ਦੇ ਵਾਜੇ ਵੱਜਦੇ ਹਨ। ਇਸ ਲਈ ਮਨ ਵਿੱਚ ਵਧਾਈ ਤਾਂ ਹੀ ਵਜ ਸਕਦੀ ਹੈ, ਜਦੋਂ ਗੁਰੂ ਦੀ ਕਿਰਪਾ ਨਾਲ ਪਤੀ ਅਕਾਲ ਪੁਰਖੁ ਜੀਵ ਇਸਤ੍ਰੀ ਦੇ ਅੰਦਰ ਪਰਗਟ ਹੁੰਦਾ ਹੈ, ਤੇ ਗੁਰਬਾਣੀ ਦੀ ਵੀਚਾਰ ਨਾਲ ਅਕਾਲ ਪੁਰਖੁ ਦਾ ਨਾਮੁ ਹਿਰਦੇ ਵਿੱਚ ਵਸ ਜਾਂਦਾ ਹੈ।

ਪਤੀ ਵਾਚਾਈ ਮਨਿ ਵਜੀ ਵਧਾਈ ਜਬ ਸਾਜਨ ਸੁਣੇ ਘਰਿ ਆਏ॥ ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤੁ ਦਿਵਾਏ॥ (੭੭੩)

ਅਕਾਲ ਪੁਰਖੁ ਦਾ ਨਾਮੁ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਅਤੇ ਸੰਤ ਜਨਾਂ ਦੇ ਸਾਰੇ ਕੰਮ ਸਿਰੇ ਚੜ੍ਹਾਨ ਵਾਲਾ ਹੈ। ਜਿਨ੍ਹਾਂ ਨੂੰ ਸੰਤ ਗੁਰੂ ਮਿਲ ਪਿਆ, ਉਨ੍ਹਾਂ ਨੇ ਅਕਾਲ ਪੁਰਖੁ ਦਾ ਨਾਮੁ ਸਿਮਰਨਾ ਸ਼ੁਰੂ ਕਰ ਦਿੱਤਾ, ਉਨ੍ਹਾਂ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋਣ ਲੱਗ ਪਈਆਂ, ਉਨ੍ਹਾਂ ਦੇ ਅੰਦਰੋਂ ਹਉਮੈ ਤੇ ਕਲੇਸ਼ ਨਾਸ ਹੋ ਗਏ, ਉਹ ਸਦਾ ਖਿੜੇ ਮੱਥੇ ਰਹਿਣ ਲੱਗ ਪਏ, ਤੇ ਚਿਰਾਂ ਦੇ ਵਿੱਛੁੜੇ ਹੋਏ ਅਕਾਲ ਪੁਰਖੁ ਨਾਲ ਮਿਲਾਪ ਹੋ ਗਿਆ। ਉਨ੍ਹਾਂ ਦੇ ਮਨ ਵਿੱਚ ਸਿਮਰਨ ਦੀ ਬਰਕਤਿ ਨਾਲ ਠੰਢ ਪੈ ਗਈ, ਉਨ੍ਹਾਂ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਗਈ, ਹੁਣ ਉਨ੍ਹਾਂ ਨੂੰ ਅਕਾਲ ਪੁਰਖੁ ਦਾ ਨਾਮੁ ਕਦੇ ਨਹੀਂ ਭੁੱਲਦਾ। ਗੁਰੂ ਸਾਹਿਬ ਬੇਨਤੀ ਕਰਕੇ ਸਮਝਾਂਦੇ ਹਨ, ਕਿ ਸਤਿਗੁਰੂ ਨੇ ਇਹ ਗੱਲ ਹਿਰਦੇ ਵਿੱਚ ਪੱਕੀ ਕਰ ਦਿੱਤੀ ਹੈ, ਕਿ ਸਦਾ ਜਗਤ ਦੇ ਮਾਲਕ ਦਾ ਨਾਮੁ ਜਪਦੇ ਰਿਹਾ ਕਰੋ। ਇਸ ਲਈ ਮਨ ਵਿੱਚ ਵਧਾਈ ਤਾਂ ਹੀ ਵਜ ਸਕਦੀ ਹੈ, ਜਦੋਂ ਸਤਿਗੁਰੂ ਦੀ ਕਿਰਪਾ ਨਾਲ ਅਕਾਲ ਪੁਰਖੁ ਦਾ ਨਾਮੁ ਹਿਰਦੇ ਵਿੱਚ ਵਸ ਜਾਂਦਾ ਹੈ। ਫਿਰ ਮਨੁੱਖ ਦੇ ਮਨ ਵਿਚੋਂ ਅਕਾਲ ਪੁਰਖੁ ਦਾ ਨਾਮੁ ਕਦੇ ਵਿਸਰਦਾ ਨਹੀਂ।

ਪਤਿਤ ਪਾਵਨ ਹਰਿ ਨਾਮਾ॥ ਪੂਰਨ ਸੰਤ ਜਨਾ ਕੇ ਕਾਮਾ॥ ਗੁਰੁ ਸੰਤੁ ਪਾਇਆ ਪ੍ਰਭੁ ਧਿਆਇਆ ਸਗਲ ਇਛਾ ਪੁੰਨੀਆ॥ ਹਉ ਤਾਪ ਬਿਨਸੇ ਸਦਾ ਸਰਸੇ ਪ੍ਰਭ ਮਿਲੇ ਚਿਰੀ ਵਿਛੁੰਨਿਆ॥ ਮਨਿ ਸਾਤਿ ਆਈ ਵਜੀ ਵਧਾਈ ਮਨਹੁ ਕਦੇ ਨ ਵੀਸਰੈ॥ ਬਿਨਵੰਤਿ ਨਾਨਕ ਸਤਿਗੁਰਿ ਦ੍ਰਿੜਾਇਆ ਸਦਾ ਭਜੁ ਜਗਦੀਸਰੈ॥ ੪॥ ੧॥ ੩॥ (੭੭੯)

ਜਿਸ ਮਨੁੱਖ ਦੇ ਮਨ ਵਿੱਚ ਪੂਰੇ ਗੁਰੂ ਦੁਆਰਾ ਅਕਾਲ ਪੁਰਖੁ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਮਨੁੱਖ ਦੇ ਮਨ ਅੰਦਰ ਅਕਾਲ ਪੁਰਖੁ ਦੇ ਨਾਮੁ ਦੀ ਬਰਕਤਿ ਨਾਲ ਚੜ੍ਹਦੀ ਕਲਾ ਬਣੀ ਰਹਿੰਦੀ ਹੈ। ਪੂਰੇ ਗੁਰੂ ਦੁਆਰਾ ਜਿਸ ਮਨੁੱਖ ਨੂੰ ਅਕਾਲ ਪੁਰਖੁ ਮਿਲ ਜਾਂਦਾ ਹੈ, ਉਹ ਮਨੁੱਖ ਹਰ ਵੇਲੇ ਅਕਾਲ ਪੁਰਖੁ ਵਿੱਚ ਸੁਰਤਿ ਜੋੜੀ ਰੱਖਦਾ ਹੈ। ਉਸ ਦੇ ਅੰਦਰੋਂ ਆਤਮਕ ਜੀਵਨ ਦੀ ਅਗਿਆਨਤਾ ਦਾ ਹਨੇਰਾ ਕੱਟਿਆ ਜਾਂਦਾ ਹੈ, ਉਸ ਦੇ ਅੰਦਰ ਅਕਾਲ ਪੁਰਖੁ ਦੇ ਨਾਮੁ ਦੀ ਜੋਤਿ ਜਗ ਪੈਂਦੀ ਹੈ। ਅਜੇਹੇ ਮਨੁੱਖ ਲਈ ਅਕਾਲ ਪੁਰਖੁ ਦਾ ਨਾਮੁ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ, ਤੇ ਉਹ ਮਨੁੱਖ ਅਕਾਲ ਪੁਰਖੁ ਦੇ ਨਾਮੁ ਵਿੱਚ ਸਦਾ ਲੀਨ ਰਹਿੰਦਾ ਹੈ। ਇਸ ਲਈ ਉਸ ਮਨੁੱਖ ਦੇ ਮਨ ਵਿੱਚ ਵਧਾਈ ਮਿਲ ਸਕਦੀ ਹੈ, ਜਿਸ ਮਨੁੱਖ ਨੂੰ ਪੂਰੇ ਗੁਰੂ ਦੁਆਰਾ ਅਕਾਲ ਪੁਰਖੁ ਪਿਆਰਾ ਲੱਗਣ ਲੱਗ ਪੈਂਦਾ ਹੈ, ਤੇ ਉਹ ਮਨੁੱਖ ਅਕਾਲ ਪੁਰਖੁ ਦੇ ਨਾਮੁ ਵਿੱਚ ਲੀਨ ਰਹਿੰਦਾ ਹੈ।

ਹਰਿ ਪ੍ਰਭੁ ਹਰਿ ਮਨਿ ਭਾਇਆ ਹਰਿ ਨਾਮਿ ਵਧਾਈ ਰਾਮ॥ ਗੁਰਿ ਪੂਰੈ ਪ੍ਰਭੁ ਪਾਇਆ ਹਰਿ ਹਰਿ ਲਿਵ ਲਾਈ ਰਾਮ॥ ਅਗਿਆਨੁ ਅੰਧੇਰਾ ਕਟਿਆ ਜੋਤਿ ਪਰਗਟਿਆਈ ਰਾਮ॥ ਜਨ ਨਾਨਕ ਨਾਮੁ ਅਧਾਰੁ ਹੈ ਹਰਿ ਨਾਮਿ ਸਮਾਈ ਰਾਮ॥ ੨॥ (੮੪੫)

ਗੁਰੂ ਦੇ ਅੰਦਰ ਅਕਾਲ ਪੁਰਖੁ ਦਾ ਨਾਮੁ ਜਪਣ ਜਪਾਣ ਦਾ ਵੱਡਾ ਗੁਣ ਹੈ, ਅਕਾਲ ਪੁਰਖੁ ਨੇ ਆਪ ਇਹ ਗੁਣ ਸਤਿਗੁਰੂ ਵਿੱਚ ਵਧਾਇਆ ਹੈ। ਸਤਿਗੁਰੂ ਦੇ ਸਾਰੇ ਸਿੱਖ ਸੇਵਕ ਸਤਿਗੁਰੂ ਦੇ ਇਸ ਗੁਣ ਨੂੰ ਵੇਖ ਕੇ ਆਤਮਕ ਜੀਵਨ ਹਾਸਲ ਕਰਦੇ ਹਨ, ਉਨ੍ਹਾਂ ਨੂੰ ਸਤਿਗੁਰੂ ਦਾ ਇਹ ਗੁਣ ਆਪਣੇ ਹਿਰਦੇ ਵਿੱਚ ਪਿਆਰਾ ਲੱਗਦਾ ਹੈ। ਜੇ ਨਾਮੁ ਜਪਣ ਜਪਾਣ ਦਾ ਵੱਡਾ ਗੁਣ ਅਕਾਲ ਪੁਰਖੁ ਨੇ ਆਪ ਸਤਿਗੁਰੂ ਦੇ ਅੰਦਰ ਵਧਾਇਆ ਹੈ, ਤਾਂ ਵਧਾਈ ਵੀ ਸਿਰਫ ਸਤਿਗੁਰੂ ਜਾਂ ਅਕਾਲ ਪੁਰਖੁ ਹੀ ਦੇ ਸਕਦੇ ਹਨ।

ਪਉੜੀ॥ ਗੁਰ ਸਤਿਗੁਰ ਵਿਚਿ ਨਾਵੈ ਕੀ ਵਡੀ ਵਡਿਆਈ ਹਰਿ ਕਰਤੈ ਆਪਿ ਵਧਾਈ॥ ਸੇਵਕ ਸਿਖ ਸਭਿ ਵੇਖਿ ਵੇਖਿ ਜੀਵਨਿੑ ਓਨਾੑ ਅੰਦਰਿ ਹਿਰਦੈ ਭਾਈ॥ (੮੫੦)

ਸੰਤ ਜਨ ਆਖਦੇ ਹਨ, ਕਿ ਮੇਰੇ ਅਕਾਲ ਪੁਰਖੁ ਦੇ ਘਰ ਵਿੱਚ ਖ਼ੁਸ਼ੀ, ਸਦਾ ਖ਼ੁਸ਼ੀ ਹੀ ਰਹਿੰਦੀ ਹੈ। ਉਸ ਅਕਾਲ ਪੁਰਖੁ ਦੇ ਘਰ ਵਿੱਚ ਇੱਕ ਰਸ ਸੁਰ ਵਾਲਾ ਸਿਫ਼ਤਿ ਸਾਲਾਹ ਦਾ ਮਿੱਠਾ ਗੀਤ ਸਦਾ ਵਜਦਾ ਰਹਿੰਦਾ ਹੈ। ਜਿਸ ਅਕਾਲ ਪੁਰਖੁ ਦੀ ਸਦਾ ਹੀ ਚੜ੍ਹਦੀ ਕਲਾ ਰਹਿੰਦੀ ਹੈ, ਉਸ ਦੇ ਘਰ ਵਿੱਚ ਉਸ ਦੀ ਸਿਫ਼ਤਿ ਸਾਲਾਹ ਦੇ ਇੱਕ ਰਸ ਵਾਜੇ ਵੱਜਦੇ ਰਹਿੰਦੇ ਹਨ। ਇਸ ਲਈ ਸਤਿਗੁਰ ਦੇ ਸਬਦ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਤੇ ਵਧਾਈ ਸਦਾ ਹੁੰਦੀ ਰਹਿੰਦੀ ਹੈ।

ਮੰਗਲਾ ਹਰਿ ਮੰਗਲਾ ਮੇਰੇ ਪ੍ਰਭ ਕੈ ਸੁਣੀਐ ਮੰਗਲਾ॥ ਸੋਹਿਲੜਾ ਪ੍ਰਭ ਸੋਹਿਲੜਾ ਅਨਹਦ ਧੁਨੀਐ ਸੋਹਿਲੜਾ॥ ਅਨਹਦ ਵਾਜੇ ਸਬਦ ਅਗਾਜੇ ਨਿਤ ਨਿਤ ਜਿਸਹਿ ਵਧਾਈ॥ (੯੨੪-੯੨੫)

ਹੇ ਅਕਾਲ ਪੁਰਖੁ! ਤੇਰਾ ਬੇਅੰਤ ਹੀ ਵੱਡਾ ਰੁਤਬਾ ਹੈ, ਸੰਸਾਰ ਵਿੱਚ ਤੇਰੇ ਅਨੇਕਾਂ ਹੀ ਕਿਸਮਾਂ ਦੇ ਕੌਤਕ ਹੋ ਰਹੇ ਹਨ, ਜਿਹੜੇ ਸਮਝੇ ਨਹੀਂ ਜਾ ਸਕਦੇ। ਸਭ ਜੀਵਾਂ ਦੇ ਅੰਦਰ ਤੂੰ ਹੀ ਜਿੰਦ ਰੂਪ ਵਿੱਚ ਵਸਦਾ ਹੈ, ਤੂੰ ਜੀਵਾਂ ਦੀ ਹਰੇਕ ਗੱਲ ਨੂੰ ਜਾਣਦਾ ਹੈ। ਤੇਰਾ ਟਿਕਾਣਾ ਬਹੁਤ ਸੋਹਣਾ ਹੈ, ਤੇ ਸਾਰੀ ਸ੍ਰਿਸ਼ਟੀ ਤੇਰੇ ਹੀ ਵੱਸ ਵਿੱਚ ਹੈ। ਇਤਨੀ ਸ੍ਰਿਸ਼ਟੀ ਦਾ ਮਾਲਕ ਹੁੰਦਿਆਂ ਹੋਇਆ ਵੀ ਤੇਰੇ ਹਿਰਦੇ ਵਿੱਚ ਸਦਾ ਆਨੰਦ ਤੇ ਖ਼ੁਸ਼ੀਆਂ ਹਨ, ਤੂੰ ਆਪਣੇ ਇਤਨੇ ਵੱਡੇ ਮਾਣ ਵਡਿਆਈ ਤੇ ਪਰਤਾਪ ਨੂੰ ਆਪ ਹੀ ਜਰਦਾ ਹੈ। ਅਕਾਲ ਪੁਰਖੁ ਸਾਰੀਆਂ ਤਾਕਤਾਂ ਦਾ ਮਾਲਕ ਹੈ ਤੇ ਹਰੇਕ ਥਾਂ ਤੇ ਦਿੱਸ ਰਿਹਾ ਹੈ। ਗੁਰੂ ਸਾਹਿਬ ਬੇਨਤੀ ਕਰਕੇ ਸਮਝਾਂਦੇ ਹਨ, ਕਿ ਹੇ ਅਕਾਲ ਪੁਰਖੁ! ਨਾਨਕ ਤੇਰੇ ਦਾਸਾਂ ਦਾ ਦਾਸ ਹੈ ਤੇ ਤੇਰੇ ਅੱਗੇ ਹੀ ਅਰਦਾਸ ਬੇਨਤੀ ਕਰਦਾ ਹੈ। ਇਸ ਸਬਦ ਵਿੱਚ ਸਪੱਸ਼ਟ ਕਰਕੇ ਸਮਝਾਇਆ ਗਿਆ ਹੈ, ਕਿ ਸਭ ਕੁੱਝ ਅਕਾਲ ਪੁਰਖੁ ਦੇ ਹੱਥ ਵਿੱਚ ਹੈ, ਫਿਰ ਅਸੀਂ ਕਿਸੇ ਨੂੰ ਵਧਾਈ ਦੇਣ ਵਾਲੇ ਕਿਸ ਤਰ੍ਹਾਂ ਬਣ ਗਏ? ਇਸ ਸਬਦ ਵਿੱਚ ਤਾਂ ਗੁਰੂ ਸਾਹਿਬ ਦਾਸਾਂ ਦਾ ਦਾਸ ਬਣ ਕੇ ਬੇਨਤੀ ਕਰ ਰਹੇ ਹਨ, ਫਿਰ ਅਸੀਂ ਕਿਸ ਤਰ੍ਹਾ ਦੂਸਰਿਆਂ ਨੂੰ ਵਰ ਜਾਂ ਵਧਾਈ ਦੇਣ ਵਾਲੇ ਹੋ ਸਕਦੇ ਹਾਂ?

ਪਉੜੀ॥ ਵਡੀ ਹੂ ਵਡਾ ਅਪਾਰੁ ਤੇਰਾ ਮਰਤਬਾ॥ ਰੰਗ ਪਰੰਗ ਅਨੇਕ ਨ ਜਾਪਨਿੑ ਕਰਤਬਾ॥ ਜੀਆ ਅੰਦਰਿ ਜੀਉ ਸਭੁ ਕਿਛੁ ਜਾਣਲਾ॥ ਸਭੁ ਕਿਛੁ ਤੇਰੈ ਵਸਿ ਤੇਰਾ ਘਰੁ ਭਲਾ॥ ਤੇਰੈ ਘਰਿ ਆਨੰਦੁ ਵਧਾਈ ਤੁਧੁ ਘਰਿ॥ ਮਾਣੁ ਮਹਤਾ ਤੇਜੁ ਆਪਣਾ ਆਪਿ ਜਰਿ॥ ਸਰਬ ਕਲਾ ਭਰਪੂਰੁ ਦਿਸੈ ਜਤ ਕਤਾ॥ ਨਾਨਕ ਦਾਸਨਿ ਦਾਸੁ ਤੁਧੁ ਆਗੈ ਬਿਨਵਤਾ॥ ੧੮॥ (੯੬੫)

ਪਿਉ ਹਰਨਾਖਸ਼ ਨੇ ਪ੍ਰਹਲਾਦ ਉੱਤੇ ਗੁਰਜ ਚੁੱਕੀ, ਤੇ ਆਖਣ ਲੱਗਾ ਦੱਸ, ਕਿੱਥੇ ਹੈ ਤੇਰਾ ਜਗਦੀਸ਼? ਕਿੱਥੇ ਹੈ ਤੇਰਾ ਗੁਸਾਈਂ? ਜਿਹੜਾ ਤੈਨੂੰ ਹੁਣ ਬਚਾਏਗਾ। ਪ੍ਰਹਲਾਦ ਨੇ ਉੱਤਰ ਦਿੱਤਾ ਜਗਤ ਦਾ ਆਸਰਾ ਦਾਤਾਰ ਅਕਾਲ ਪੁਰਖੁ ਹੀ ਹਰੇਕ ਜੀਵ ਦਾ ਮਦਦਗਾਰ ਬਣਦਾ ਹੈ। ਮੈਂ ਤਾਂ ਜਿੱਧਰ ਵੇਖਦਾ ਹਾਂ, ਉਧਰ ਹੀ ਉਹ ਮੌਜੂਦ ਹੈ। ਉਸੇ ਵੇਲੇ ਥੰਮੑ ਪਾੜ ਕੇ ਅਕਾਲ ਪੁਰਖੁ ਨੇ ਆਪਣੇ ਆਪ ਨੂੰ ਪਰਗਟ ਕਰ ਦਿੱਤਾ, ਰਾਜ ਦੇ ਹੰਕਾਰ ਵਿੱਚ ਮਸਤ ਹੋਏ ਹਰਨਾਖਸ਼ ਦੈਂਤ ਨੂੰ ਮਾਰ ਮੁਕਾਇਆ। ਅਕਾਲ ਪੁਰਖੁ ਦੀ ਮਿਹਰ ਸਦਕਾ, ਭਗਤਾਂ ਦੇ ਮਨ ਵਿੱਚ ਸਦਾ ਆਨੰਦ ਤੇ ਚੜ੍ਹਦੀ ਕਲਾ ਬਣੀ ਰਹਿੰਦੀ ਹੈ। ਭਗਤ ਜਾਣਦੇ ਹਨ, ਕਿ ਅਕਾਲ ਪੁਰਖੁ ਆਪਣੇ ਭਗਤਾਂ ਨੂੰ ਲੋਕ ਪਰਲੋਕ ਵਿੱਚ ਇੱਜ਼ਤ ਬਖਸ਼ਦਾ ਹੈ। ਇਸ ਸਬਦ ਵਿੱਚ ਸਪੱਸ਼ਟ ਕਰਕੇ ਸਮਝਾਇਆ ਗਿਆ ਹੈ, ਕਿ ਸਭ ਕੁੱਝ ਅਕਾਲ ਪੁਰਖੁ ਦੇ ਹੱਥ ਵਿੱਚ ਹੈ, ਸਦਾ ਆਨੰਦ ਤੇ ਚੜ੍ਹਦੀ ਕਲਾ ਬਣਾਈ ਰੱਖਣ ਵਾਲਾ ਵੀ ਅਕਾਲ ਪੁਰਖੁ ਆਪ ਹੀ ਹੈ, ਫਿਰ ਅਸੀਂ ਕਿਸੇ ਨੂੰ ਵਧਾਈ ਦੇਣ ਵਾਲੇ ਕਿਸ ਤਰ੍ਹਾਂ ਬਣ ਸਕਦੇ ਹਾਂ?

ਥੰਮੑੁ ਉਪਾੜਿ ਹਰਿ ਆਪੁ ਦਿਖਾਇਆ॥ ਅਹੰਕਾਰੀ ਦੈਤੁ ਮਾਰਿ ਪਚਾਇਆ॥ ਭਗਤਾ ਮਨਿ ਆਨੰਦੁ ਵਜੀ ਵਧਾਈ॥ ਅਪਨੇ ਸੇਵਕ ਕਉ ਦੇ ਵਡਿਆਈ॥ ੯॥ (੧੧੫੪)

ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਸੰਖੇਪ ਵਿੱਚ ਕਹਿ ਸਕਦੇ ਹਾਂ ਕਿ

  • ਸਤਿਗੁਰੂ ਪਾਸੋਂ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਦਾਤ ਮਿਲਦੀ ਹੈ, ਤੇ, ਸਿਫ਼ਤਿ ਸਾਲਾਹ ਦੀ ਬਰਕਤਿ ਨਾਲ ਮਨੁੱਖ ਦੇ ਮਨ ਵਿੱਚ ਪੂਰਨ ਖਿੜਾਉ ਪੈਦਾ ਹੋ ਜਾਂਦਾ ਹੈ। ਵਾਧਾਈਆ ਸਤਿਗੁਰੂ ਨੂੰ ਪਾਣ ਨਾਲ ਮਿਲਦੀਆਂ ਹਨ, ਲੋਕਾਂ ਦੇ ਕਹਿਣ ਜਾਂ ਦੇਣ ਨਾਲ ਨਹੀਂ। ਵਾਧਾਈਆ ਆਪਣੇ ਆਪ ਆ ਕੇ ਮਨ ਵਿੱਚ ਵਜਦੀਆਂ ਹਨ, ਲੋਕਾਂ ਦੇ ਕਹਿਣ ਜਾਂ ਭੇਜਣ ਤੇ ਨਹੀਂ। ਵਾਧਾਈਆ ਦੇਣ ਦਾ ਹੱਕ ਸਿਰਫ ਤੇ ਸਿਰਫ ਸਤਿਗੁਰੂ ਨੂੰ ਹੈ, ਤੇ ਜਾਂ ਅਕਾਲ ਪੁਰਖੁ ਨੂੰ ਹੈ। ਇਹ ਤਾਕਤ, ਸਮਰਥਾ ਜਾਂ ਅਧਿਕਾਰ ਆਮ ਲੋਕਾਂ ਕੋਲ ਨਹੀਂ ਹੈ।
  • ਗੁਰੂ ਗਰੰਥ ਸਾਹਿਬ ਵਿੱਚ ਸਬਦ ਵਾਧਾਈਆ, ਵਧਾਈ, ਆਦਿ ਅਨੇਕਾਂ ਵਾਰੀ ਆਏ ਹਨ, ਪਰੰਤੂ ਇਨ੍ਹਾਂ ਸਭ ਦੇ ਅਰਥ ਇਹੀ ਬਣਦੇ ਹਨ ਕਿ ਮਨ ਵਿੱਚ ਖ਼ੁਸ਼ੀ, ਖੇੜਾ, ਆਨੰਦ, ਜਾਂ ਵਾਧਾ ਆਦਿ। ਇਨ੍ਹਾਂ ਸਭ ਸਬਦਾਂ ਦੇ ਅਰਥਾਂ ਅਨੁਸਾਰ ਇਹ ਕਿਤੇ ਵੀ ਨਹੀਂ ਇਹ ਬਣਦਾ ਹੈ, ਕਿ, ਇਹ ਖੇੜਾ, ਆਨੰਦ, ਜਾਂ ਵਾਧਾ ਲੋਕਾਂ ਦੇ ਕਹਿਣ ਨਾਲ ਜਾਂ ਲੋਕਾਂ ਦੇ ਕਾਰਡ ਵੰਡਣ ਨਾਲ ਮਿਲ ਸਕਦਾ ਹੈ।
  • ਵਧਾਈ ਲੈਣ ਲਈ ਗੁਰਮੁਖਿ ਬਣ ਕਰ ਅਕਾਲ ਪੁਰਖੁ ਦਾ ਨਾਮੁ ਆਪਣੇ ਹਿਰਦੇ ਅੰਦਰ ਟਿਕਾਣਾ ਹੈ
  • ਵਧਾਈ ਲੈਣ ਲਈ ਉਸ ਨਿਰਗੁਨੁ ਅਕਾਲ ਪੁਰਖੁ ਦਾ ਮਿਲਾਪ ਜਰੂਰੀ ਹੈ, ਜਿਹੜਾ ਕਿ ਸਤਿਗੁਰੂ ਦੀ ਸ਼ਰਨ ਵਿੱਚ ਪੈਣ ਨਾਲ ਹੀ ਸੰਭਵ ਹੈ।
  • ਗੁਰੂ ਸਾਹਿਬ ਆਪਣੇ ਮਨ ਨੂੰ ਸਮਝਾਂਦੇ ਹਨ, ਕਿ ਹੇ ਮੇਰੇ ਮਨ! ਤੂੰ ਉਸ ਅਕਾਲ ਪੁਰਖੁ ਦਾ ਅੰਸ ਹੈ, ਜੋ ਨਿਰਾ ਨੂਰ ਹੀ ਨੂਰ ਹੈ, ਇਸ ਲਈ ਆਪਣੇ ਉਸ ਅਸਲੇ ਨਾਲ ਸਾਂਝ ਬਣਾ। ਮਨ ਵਿੱਚ ਸ਼ਾਂਤੀ ਤਾਂ ਹੀ ਆ ਸਕਦੀ ਹੈ, ਤੇ ਵਧਾਈ ਤਾਂ ਹੀ ਵਜ ਸਕਦੀ ਹੈ, ਜੇਕਰ ਗੁਰਬਾਣੀ ਦੁਆਰਾ ਉਸ ਅਕਾਲ ਪੁਰਖੁ ਨੂੰ ਜਾਣ ਲਿਆ ਜਾਵੇ, ਸਤਿਗੁਰੂ ਦੀ ਕਿਰਪਾ ਨਾਲ ਆਪਣੇ ਅੰਦਰੋਂ ਦਵੈਤ ਭਾਵ ਦੂਰ ਕਰ ਲਿਆ ਜਾਵੇ, ਅਜੇਹਾ ਕਰਨ ਨਾਲ ਹੀ ਉਸ ਅਕਾਲ ਪੁਰਖੁ ਦੇ ਦਰ ਤੇ ਪਰਵਾਣ ਹੋ ਸਕਦੇ ਹਾਂ।
  • ਮਨ ਵਿੱਚ ਸ਼ਾਂਤੀ ਤਾਂ ਹੀ ਆ ਸਕਦੀ ਹੈ, ਤੇ ਵਧਾਈ ਤਾਂ ਹੀ ਵਜ ਸਕਦੀ ਹੈ, ਜੇਕਰ ਸਤਿਗੁਰੂ ਦੀ ਕਿਰਪਾ ਨਾਲ ਆਪਣੇ ਅੰਦਰੋਂ ਪਾਪ ਦੂਰ ਕਰ ਲਏ ਜਾਣ, ਤੇ ਗੁਰਬਾਣੀ ਦੁਆਰਾ ਉਸ ਅਕਾਲ ਪੁਰਖੁ ਨੂੰ ਪਛਾਣ ਲਿਆ ਜਾਵੇ।
  • ਸਤਿਗੁਰੂ ਦੀ ਕਿਰਪਾ ਨਾਲ ਹੀ ਮਨ ਵਿੱਚ ਸ਼ਾਂਤੀ ਆ ਸਕਦੀ ਹੈ, ਤੇ ਵਧਾਈ ਵਜ ਸਕਦੀ ਹੈ। ਸਤਿਗੁਰੂ ਦੀ ਕਿਰਪਾ ਨਾਲ ਹੀ ਉਸ ਬੇਅੰਤ ਅਕਾਲ ਪੁਰਖੁ ਦਾ ਮਿਲਾਪ ਹੋ ਸਕਦਾ ਹੈ।
  • ਮਨ ਵਿੱਚ ਵਧਾਈ ਤਾਂ ਹੀ ਵਜ ਸਕਦੀ ਹੈ, ਜਦੋਂ ਗੁਰੂ ਦੀ ਕਿਰਪਾ ਨਾਲ ਪਤੀ ਅਕਾਲ ਪੁਰਖੁ ਜੀਵ ਇਸਤ੍ਰੀ ਦੇ ਅੰਦਰ ਪਰਗਟ ਹੁੰਦਾ ਹੈ, ਤੇ ਗੁਰਬਾਣੀ ਦੀ ਵੀਚਾਰ ਨਾਲ ਅਕਾਲ ਪੁਰਖੁ ਦਾ ਨਾਮੁ ਹਿਰਦੇ ਵਿੱਚ ਵਸ ਜਾਂਦਾ ਹੈ।
  • ਮਨ ਵਿੱਚ ਵਧਾਈ ਤਾਂ ਹੀ ਵਜ ਸਕਦੀ ਹੈ, ਜਦੋਂ ਸਤਿਗੁਰੂ ਦੀ ਕਿਰਪਾ ਨਾਲ ਅਕਾਲ ਪੁਰਖੁ ਦਾ ਨਾਮੁ ਹਿਰਦੇ ਵਿੱਚ ਵਸ ਜਾਂਦਾ ਹੈ। ਫਿਰ ਮਨੁੱਖ ਦੇ ਮਨ ਵਿਚੋਂ ਅਕਾਲ ਪੁਰਖੁ ਦਾ ਨਾਮੁ ਕਦੇ ਵਿਸਰਦਾ ਨਹੀਂ।
  • ਉਸ ਮਨੁੱਖ ਦੇ ਮਨ ਵਿੱਚ ਵਧਾਈ ਮਿਲ ਸਕਦੀ ਹੈ, ਜਿਸ ਮਨੁੱਖ ਨੂੰ ਪੂਰੇ ਗੁਰੂ ਦੁਆਰਾ ਅਕਾਲ ਪੁਰਖੁ ਪਿਆਰਾ ਲੱਗਣ ਲੱਗ ਪੈਂਦਾ ਹੈ, ਤੇ ਉਹ ਮਨੁੱਖ ਅਕਾਲ ਪੁਰਖੁ ਦੇ ਨਾਮੁ ਵਿੱਚ ਲੀਨ ਰਹਿੰਦਾ ਹੈ।
  • ਜੇ ਨਾਮੁ ਜਪਣ ਜਪਾਣ ਦਾ ਵੱਡਾ ਗੁਣ ਅਕਾਲ ਪੁਰਖੁ ਨੇ ਆਪ ਸਤਿਗੁਰੂ ਦੇ ਅੰਦਰ ਵਧਾਇਆ ਹੈ, ਤਾਂ ਵਧਾਈ ਵੀ ਸਿਰਫ ਸਤਿਗੁਰੂ ਜਾਂ ਅਕਾਲ ਪੁਰਖੁ ਹੀ ਦੇ ਸਕਦੇ ਹਨ।
  • ਸਤਿਗੁਰ ਦੇ ਸਬਦ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਤੇ ਵਧਾਈ ਸਦਾ ਹੁੰਦੀ ਰਹਿੰਦੀ ਹੈ।
  • ਗੁਰਬਾਣੀ ਵਿੱਚ ਸਪੱਸ਼ਟ ਕਰਕੇ ਸਮਝਾਇਆ ਗਿਆ ਹੈ, ਕਿ ਸਭ ਕੁੱਝ ਅਕਾਲ ਪੁਰਖੁ ਦੇ ਹੱਥ ਵਿੱਚ ਹੈ, ਫਿਰ ਅਸੀਂ ਕਿਸੇ ਨੂੰ ਵਧਾਈ ਦੇਣ ਵਾਲੇ ਕਿਸ ਤਰ੍ਹਾਂ ਬਣ ਗਏ? ਗੁਰਬਾਣੀ ਵਿੱਚ ਤਾਂ ਗੁਰੂ ਸਾਹਿਬ ਦਾਸਾਂ ਦਾ ਦਾਸ ਬਣ ਕੇ ਬੇਨਤੀ ਕਰ ਰਹੇ ਹਨ, ਫਿਰ ਅਸੀਂ ਕਿਸ ਤਰ੍ਹਾ ਦੂਸਰਿਆਂ ਨੂੰ ਵਰ ਜਾਂ ਵਧਾਈ ਦੇਣ ਵਾਲੇ ਹੋ ਸਕਦੇ ਹਾਂ?
  • ਸਭ ਕੁੱਝ ਅਕਾਲ ਪੁਰਖੁ ਦੇ ਹੱਥ ਵਿੱਚ ਹੈ, ਸਦਾ ਆਨੰਦ ਤੇ ਚੜ੍ਹਦੀ ਕਲਾ ਬਣਾਈ ਰੱਖਣ ਵਾਲਾ ਵੀ ਅਕਾਲ ਪੁਰਖੁ ਆਪ ਹੀ ਹੈ, ਫਿਰ ਅਸੀਂ ਕਿਸੇ ਨੂੰ ਵਧਾਈ ਦੇਣ ਵਾਲੇ ਕਿਸ ਤਰ੍ਹਾਂ ਬਣ ਸਕਦੇ ਹਾਂ?

ਗੁਰਬਾਣੀ ਦੇ ਸਾਰੇ ਸਬਦ ਇਹੀ ਸਮਝਾਂਦੇ ਹਨ, ਸਤਿਗੁਰੂ ਪਾਸੋਂ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਦਾਤ ਮਿਲਦੀ ਹੈ, ਤੇ, ਸਿਫ਼ਤਿ ਸਾਲਾਹ ਦੀ ਬਰਕਤਿ ਨਾਲ ਮਨੁੱਖ ਦੇ ਮਨ ਵਿੱਚ ਪੂਰਨ ਖਿੜਾਉ ਪੈਦਾ ਹੋ ਜਾਂਦਾ ਹੈ। ਵਾਧਾਈਆ ਆਪਣੇ ਆਪ ਆ ਕੇ ਮਨ ਵਿੱਚ ਵਜਦੀਆਂ ਹਨ, ਲੋਕਾਂ ਦੇ ਕਹਿਣ ਜਾਂ ਭੇਜਣ ਤੇ ਨਹੀਂ। ਵਧਾਈ ਲੈਣ ਲਈ ਗੁਰਮੁਖਿ ਬਣ ਕੇ ਅਕਾਲ ਪੁਰਖੁ ਦਾ ਨਾਮੁ ਆਪਣੇ ਹਿਰਦੇ ਅੰਦਰ ਟਿਕਾਣਾ ਹੈ। ਮਨ ਵਿੱਚ ਸ਼ਾਂਤੀ ਤਾਂ ਹੀ ਆ ਸਕਦੀ ਹੈ, ਤੇ ਵਧਾਈ ਤਾਂ ਹੀ ਵਜ ਸਕਦੀ ਹੈ, ਜੇਕਰ ਸਤਿਗੁਰੂ ਦੀ ਕਿਰਪਾ ਨਾਲ ਆਪਣੇ ਅੰਦਰੋਂ ਪਾਪ ਦੂਰ ਕਰ ਲਏ ਜਾਣ, ਤੇ ਗੁਰਬਾਣੀ ਦੁਆਰਾ ਉਸ ਅਕਾਲ ਪੁਰਖੁ ਨੂੰ ਪਛਾਣ ਲਿਆ ਜਾਵੇ। ਉਸ ਮਨੁੱਖ ਦੇ ਮਨ ਵਿੱਚ ਵਧਾਈ ਮਿਲ ਸਕਦੀ ਹੈ, ਜਿਸ ਮਨੁੱਖ ਨੂੰ ਪੂਰੇ ਗੁਰੂ ਦੁਆਰਾ ਅਕਾਲ ਪੁਰਖੁ ਪਿਆਰਾ ਲੱਗਣ ਲੱਗ ਪੈਂਦਾ ਹੈ, ਤੇ ਉਹ ਮਨੁੱਖ ਅਕਾਲ ਪੁਰਖੁ ਦੇ ਨਾਮੁ ਵਿੱਚ ਲੀਨ ਰਹਿੰਦਾ ਹੈ। ਵਧਾਈ ਦੇਣ ਦਾ ਹੱਕ ਸਿਰਫ ਤਾਂ ਸਿਰਫ ਸਤਿਗੁਰੂ ਜਾਂ ਅਕਾਲ ਪੁਰਖੁ ਦੇ ਹੱਥ ਵਿੱਚ ਹੀ ਹੈ, ਮਨੁੱਖ ਦੇ ਹੱਥ ਵਿੱਚ ਕੁੱਝ ਵੀ ਨਹੀਂ ਹੈ। ਇਸ ਸ੍ਰਿਸ਼ਟੀ ਵਿੱਚ ਜੋ ਕੁੱਝ ਵੀ ਹੋ ਰਿਹਾ ਹੈ, ਉਹ ਸਭ ਕੁੱਝ ਅਕਾਲ ਪੁਰਖੁ ਦੇ ਆਪਣੇ ਹੱਥ ਵਿੱਚ ਹੈ, ਸਦਾ ਆਨੰਦ ਤੇ ਚੜ੍ਹਦੀ ਕਲਾ ਬਣਾਈ ਰੱਖਣ ਵਾਲਾ ਵੀ ਅਕਾਲ ਪੁਰਖੁ ਆਪ ਹੀ ਹੈ, ਫਿਰ ਅਸੀਂ ਕਿਸੇ ਨੂੰ ਵਧਾਈ ਦੇਣ ਵਾਲੇ ਕਿਸ ਤਰ੍ਹਾਂ ਬਣ ਸਕਦੇ ਹਾਂ?

ਰੀਤੀ ਰਿਵਾਜ ਦੀ ਵਧਾਈ ਦੇਣ ਲਈ ਜਾਂ ਉਸ ਵਧਾਈ ਦਾ ਜਵਾਬ ਦੇਣ ਲਈ ਤਾਂ ਲੋਕੀ ਬਹੁਤ ਜਲਦੀ ਕਰਦੇ ਹਨ, ਪਰੰਤੂ ਫ਼ਤਹ (ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ) ਕਹਿਣ ਲਈ ਤੇ ਉਸ ਦਾ ਜਵਾਬ ਫ਼ਤਹ ਵਿੱਚ ਦੇਣ ਲਈ ਅਕਸਰ ਝਿਜਕ ਜਾਂਦੇ ਹਨ। ਫ਼ਤਹ ਦਾ ਜਵਾਬ ਪੂਰੇ ਦਿਲ ਅਤੇ ਮਾਣ ਨਾਲ ਫ਼ਤਹ ਵਿੱਚ ਹੀ ਦੇਣਾਂ ਚਾਹੀਦਾ ਹੈ, ਤਾਂ ਜੋ ਸਿੱਖ ਦੇ ਅੰਦਰ ਆਪਸੀ ਮਿਲਵਰਤਣ, ਸਾਂਝ, ਨਿਮਰਤਾ ਤੇ ਸਬਦ ਗੁਰੂ ਪ੍ਰਤੀ ਪਿਆਰ ਪੈਦਾ ਹੋ ਸਕੇ।

ਵਾਹਿਗੁਰੂ Þ ਵਾਹਿ + ਗੁਰੂ = ਅਕਾਲ ਪੁਰਖੁ ਦੀ ਉਸਤਤ + ਗੁਰੂ (ਸਬਦ) ਦੁਆਰਾ Þ

ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਉਸਤਤ ਕਰਨੀ ਹੈ Þ

ਗੁਰਬਾਣੀ ਵਿੱਚ ਸਮਝਾਏ ਗਏ ਮਾਰਗ ਅਨੁਸਾਰ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਵਿੱਚ ਚਲਣਾ Þ

"ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ"

ਗੁਰੂ ਸਾਹਿਬ ਸਮਝਾਂਦੇ ਹਨ, ਕਿ ਮੈਂ ਇਹੋ ਜਿਹੀ ਰੀਤ ਨੂੰ ਸਾੜ ਦਿਆਂ, ਜਿਸ ਕਰਕੇ ਪਿਆਰਾ ਅਕਾਲ ਪੁਰਖੁ ਮੈਨੂੰ ਵਿਸਰ ਜਾਏ। ਪ੍ਰੇਮ ਉਹੋ ਹੀ ਚੰਗਾ ਹੈ, ਜਿਸ ਨਾਲ ਅਕਾਲ ਪੁਰਖੁ ਦੇ ਦਰ ਤੇ ਇੱਜ਼ਤ ਬਣੀ ਰਹੇ।

ਮਹਲਾ ੧॥ ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ॥ ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ॥ ੨॥ (੫੯੦)

ਆਓ ਸਾਰੇ ਜਾਣੇ ਰੀਤੀ ਰਿਵਾਜ ਤਿਆਗ ਕੇ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਹਿਰਦੇ ਵਿੱਚ ਵਸਾਈਏ, ਸਤਿਗੁਰੂ ਦੀ ਕਿਰਪਾ ਨਾਲ ਆਪਣੇ ਅੰਦਰੋਂ ਪਾਪ ਦੂਰ ਕਰੀਏ, ਤਾਂ ਜੋ ਅਕਾਲ ਪੁਰਖੁ ਦੀ ਮਿਹਰ ਸਦਕਾ ਸਾਡੇ ਮਨ ਵਿੱਚ ਸ਼ਾਂਤੀ ਤਾਂ ਸਕੇ, ਤੇ ਆਪਣੇ ਆਪ ਵਧਾਈ ਵਜ ਸਕੇ।

"ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ"

 

 

(ਡਾ: ਸਰਬਜੀਤ ਸਿੰਘ)

(Dr. Sarbjit Singh)

 
 

ਆਰ ਐਚ ੧/ਈ - ੮, ਸੈਕਟਰ - ੮,

RH1 / E-8, Sector-8,

 
 

ਵਾਸ਼ੀ, ਨਵੀਂ ਮੁੰਬਈ - ੪੦੦੭੦੩.

Vashi, Navi Mumbai - 400703.

 
   

Email = sarbjitsingh@yahoo.com

 
   

Web = http://www.geocities.ws/sarbjitsingh

 
   

http://www.sikhmarg.com/article-dr-sarbjit.html

 

 




.