.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਸਿੱਧੂ ਦੀ ਜੱਫੀ ਤੋਂ ਦੇਸ ਨੂੰ ਵੱਡਾ ਖਤਰਾ

(ਨੋਟ:- ਭਾਵੇਂ ਇਹ ਲੇਖ ਸਮੇਂ ਦਾ ਹਾਣੀ ਨਹੀਂ ਰਿਹਾ ਪਰ ਫਿਰ ਵੀ ਕਈ ਗੱਲਾਂ ਜਾਣਕਾਰੀ ਵਾਲੀਆਂ ਹਨ-ਸੰਪਾਦਕ)

ਭਾਈਚਾਰਕ ਤੌਰ 'ਤੇ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਸਿਾਂਧਤਕ ਮਤ ਭੇਤ ਹੋਣੇ ਸੁਭਾਵਕ ਗੱਲ ਹੈ। ਹਰ ਮੁਲਕ ਦੀ ਆਪਣੀ ਆਪਣੀ ਨੀਤੀ ਹੈ ਪਰ ਆਮ ਅਵਾਮ ਹਮੇਸ਼ਾਂ ਅਮਨ-ਸ਼ਾਂਤੀ ਚਾਹੁੰਦਾ ਹੈ। ਭਾਰਤ ਤੇ ਪਾਕਿਸਤਾਨ ਦੇ ਆਪਸੀ ਮਤ ਭੇਦਾਂ ਦਾ ਸਭ ਤੋਂ ਵੱਧ ਨੁਕਸਾਨ ਦੋਹਾਂ ਪੰਜਾਬਾਂ ਦੇ ਬਸ਼ੰਦਿਆਂ ਨੂੰ ਹੀ ੳਠਾਉਣਾ ਪੈਂਦਾ ਰਿਹਾ ਹੈ। ਜਦੋਂ ਕਿ ਸਾਰਾ ਭਾਰਤ ਅਜ਼ਾਦੀ ਦੇ ਜਸ਼ਨ ਮਨਾਉਂਦਾ ਹੈ ਤਾਂ ਸਿੱਖ ਬੇਬੱਸ ਹੋਇਆ ਹੰਝੂ ਵਹੁੰਣ ਯੋਗਾ ਹੀ ਰਹਿ ਜਾਂਦਾ ਹੈ। ਭਾਈ ਨਵਜੋਤ ਸਿੰਘ ਸਿੱਧੂ ਨੂੰ ਮੈਂ ਅੱਜ ਤੀਕ ਕਦੇ ਮਿਲਿਆ ਨਹੀਂ ਹਾਂ ਤੇ ਨਾ ਹੀ ਕੋਈ ਅਗਾਂਹ ਮਿਲਣ ਵਾਲੀ ਕਹਾਣੀ ਨਜ਼ਰ ਆਉਂਦੀ ਹੈ। ਹੱਥ ਮਿਲਾਉਣਾ ਜਾਂ ਜੱਫ਼ੀ ਪਉਣਾ ਕੋਈ ਵੱਡਾ ਮੁੱਦਾ ਨਹੀਂ ਹੈ। ਮੁੱਦਾ ਭਾਈ ਸਿੱਧੂ ਦੀ ਨਿੱਜੀ ਵਿਰੋਧਤਾ ਅਤੇ ਸਿੱਖੀ ਭਾਵਨਾ ਨੂੰ ਦੇਸ਼ ਦੀ ਦੁਸ਼ਮਣ ਸਾਬਤ ਕਰਨ ਤੋਂ ਹੈ, ਕਿਉਂ ਕਿ ਸਿੱਧੂ ਦੀ ਵਿਰੋਧਤਾ ਕਰਨ ਨਾਲ ਰਾਜਸੀ ਪਾਰਟੀਆਂ ਦਾ ਵੋਟ ਬੈਂਕ ਪੱਕਾ ਹੁੰਦਾ ਹੈ। ਦੂਜੀ ਪਾਰਟੀ ਦਾ ਕੰਮ ਭਾਂਵੇਂ ਚੰਗਾ ਵੀ ਕਿਉਂ ਨਾ ਹੋਵੇ ਵਿਰੋਧੀ ਧਿਰਾਂ ਨੇ ਵਿਰੋਧਤਾ ਕਰਨੀ ਹੀ ਕਰਨੀ ਹੈ ਕਿਉਂਕਿ ਏਦੇ ਨਾਲ ਸਿਆਸੀ ਪਾਰਟੀਆਂ ਦੇ ਆਪਣੇ ਹਿੱਤ ਜੁੜੇ ਹੁੰਦੇ ਹਨ। ਲਾਹਨਤ ਹੈ ਐਸੀ ਘਟੀਆ ਰਾਜਨੀਤੀ ਦੇ ਜਿਹੜੇ ਹਲਕੇ ਕਿਸਮ ਦੀ ਦੂਸ਼ਨਬਾਜ਼ੀ ਵਿਚ ਯਕੀਨ ਰੱਖ ਕੇ ਚੱਲ ਰਹੇ ਹਨ। ਸਿੱਧੂ ਦਾ ਪਾਕਿਸਤਾਨ ਜਾਣ 'ਤੇ ਦੇਸ ਨੂੰ ਤਾਂ ਕੋਈ ਖਤਰਾ ਨਹੀਂ ਜਾਪਦਾ ਪਰ 'ਤੇ ਹਿੰਦੂਤਵੀਆਂ ਦੀ ਅਤੇ ਸਿੱਖ ਵਿਰੋਧੀ ਮੀਡੀਆ ਦੀ ਕਟੱੜਤਾ ਜੱਗ ਜ਼ਾਹਰ ਹੋਈ ਹੈ।
ਸਿਧਾਂਤਕ ਤੌਰ ਤੇ ਸਿੱਧੂ ਹੁਰਾਂ ਦੇ ਨਾਲ ਮੇਰੇ ਵਿਚਾਰਕ ਮਤ ਭੇਦ ਹੋ ਸਕਦੇ ਹਨ ਕਿਉਂਕਿ ਸਿੱਖੀ ਦੀਆਂ ਪ੍ਰਪਰਾਵਾਂ ਤੋਂ ਭਾਂਵੇਂ ਜਾਣੂੰ ਵੀ ਹੋਣ ਪਰ ਫਿਰ ਵੀ ਹੱਥਾਂ ਵਿਚ ਬੰਨ੍ਹੀਆਂ ਹੋਈਆਂ ਮੌਲ਼ੀਆਂ ਤੇ ਉਂਗਲ਼ਾਂ ਵਿਚ ਪਾਏ ਨਗ ਹਿੰਦੂਵਤਾ ਦੇ ਸਭਿਆਚਾਰ ਨੂੰ ਪੇਸ਼ ਕਰਦੇ ਹਨ। ਇਹ ਸਾਰਾ ਕੁਝ ਉਹਨਾਂ ਦਾ ਨਿੱਜੀ ਜੀਵਨ ਦਾ ਹਿੱਸਾ ਹੈ ਇਸ 'ਤੇ ਕਿਸੇ ਕੋਈ ਇਤਰਾਜ਼ ਨਹੀਂ ਹੈ। ਪਰ ਜੇ ਉਹਨਾਂ ਦੇ ਰਾਂਹੀ ਕਰਤਾਰਪੁਰ ਲਾਂਘੇ ਦਾ ਮਸਲਾ ਉਠਦਾ ਜਾਂ ਹੱਲ ਹੁੰਦਾ ਹੈ ਤਾਂ ਉਹ ਨਿਰਸੰਦੇਹ ਵਧਾਈ ਦੇ ਪਾਤਰ ਹਨ। ਕਰਤਾਰਪੁਰ ਦੇ ਲਾਂਘੇ ਦਾ ਮਸਲਾ ਦੋਹਾਂ ਦੇਸਾਂ ਦੀਆਂ ਸਰਕਾਰਾਂ ਦੀ ਸੁਹਿਰਦਤਾ ਨਾਲ ਹੀ ਹੱਲ ਹੋ ਸਕਦਾ ਹੈ। ਭਾਈ ਸਿੱਧੂ ਦੇ ਪਾਕਿਸਤਾਨ ਜਾਣ ਨਾਲ ਇਕ ਵਾਰ ਫਿਰ ਸਿੱਖ ਅਵਾਮ ਨੂੰ ਕਰਤਾਰਪੁਰ ਦੇ ਲਾਂਘੇ ਦੀ ਯਾਦ ਤਰੋਤਾਜ਼ਾ ਹੁੰਦੀ ਹੈ ਤੇ ਇਕ ਨਵੀਂ ਆਸ ਦੀ ਕਿਰਨ ਜਾਗਦੀ ਹੈ।
ਭਾਈ ਨਵਜੋਤ ਸਿੰਘ ਸਿੱਧੂ ਪੰਜਾਬ ਸਰਕਾਰ ਅਤੇ ਭਾਰਤ ਦੇ ਗ੍ਰਹਿ ਮੰਤਰਾਲੇ ਕੋਲੋਂ ਆਗਿਆ ਲੈ ਕੇ ਪਾਕਿਸਤਾਨ ਗਏ ਸਨ। ਸੋਂਹ ਚੁੱਕ ਸਮਾਗਮ ਵਿਚ ਸ਼ਾਮਿਲ ਹੋਣਾ ਉਹਨਾਂ ਦਾ ਨਿੱਜੀ ਅਤੇ ਮਿੱਤ੍ਰਤਤਾ ਵਾਲਾ ਫੈਸਲਾ ਹੈ ਨਾ ਕਿ ਸਰਕਾਰੀ ਤੌਰ 'ਤੇ ਕੋਈ ਗੱਲਬਾਤ ਕਰਨ ਗਏ ਸਨ।
ਭਾਈ ਨਵਜੋਤ ਸਿੰਘ ਸਿੱਧੂ ਮੰਤ੍ਰੀ ਪੰਜਾਬ ਸਰਕਾਰ ਆਪਣੇ ਮਿੱਤਰ ਇਮਰਾਨ ਖਾਂ ਦੇ ਪ੍ਰਧਾਨ ਮੰਤ੍ਰੀ ਬਣਨ 'ਤੇ ਉਸ ਦੀ ਖੁਸ਼ੀ ਵਿਚ ਸ਼ਰੀਕ ਹੋਣ ਲਈ ਪਾਕਿਸਤਾਨ ਗਏ ਸਨ। ਓੱਥੇ ਪਾਕਿਸਤਾਨ ਦੀਆਂ ਫੌਜਾਂ ਦਾ ਮੁੱਖੀ ਭਾਈ ਸਿੱਧੂ ਕੋਲੇ ਆ ਕੇ ਦਸਤ ਪੰਜਾ ਕਰਦਿਆਂ ਪੰਜਾਬੀ ਸਭਿਆਚਾਰ ਅਨੁਸਾਰ ਇਕ ਦੂਜੇ ਨੂੰ ਗਲੇ ਲਗਾ ਲਿਆ ਜਾਂਦਾ ਹੈ। ਬਸ ਫਿਰ ਕੀ ਸੀ ਜਿਹੜੇ ਇਸ ਤਾਕ ਵਿਚ ਬੈਠੇ ਸਨ ਕਿ ਸਿੱਧੂ ਦਾ ਪਾਕਿਸਤਾਨ ਜਾਣ 'ਤੇ ਕੋਈ ਥੋੜਾ ਜੇਹਾ ਵੀ ਮੌਕਾ ਮਿਲ ਗਿਆ ਤਾਂ ਅਸਾਂ ਵਿਰੋਧ ਕਰਨਾ ਹੀ ਕਰਨਾ ਹੈ। ਵਿਰੋਧ ਦੀ ਮਿਕਦਾਰ ਬਹੁਤ ਹੀ ਨੀਵੇਂ ਪੱਧਰ 'ਤੇ ਜਾ ਕੇ ਕੀਤੀ ਗਈ ਹੈ। ਵਿਰੋਧ ਕਰਨ ਵਾਲਿਆਂ ਨੂੰ ਏਦਾਂ ਹੋ ਗਿਆ ਜਿਵੇਂ ਬਾਂਦਰ ਨੂੰ ਸੁੰਢ ਦੀ ਗੰਢ੍ਹੀ ਲੱਭ ਗਈ ਹੋਵੇ ਤੇ ਕਹੇ ਕਿ ਮੈਂ ਤਾਂ ਹੁਣ ਦੁਕਾਨ ਪਉਣੀ ਹੈ। ਬਸ ਫਿਰ ਕੀ ਸੀ ਹਿੰਦੂਤਵੀ ਪ੍ਰੈਸ ਤੇ ਲੀਹੋਂ ਲੱਥੇ ਅਕਾਲੀ ਦਲ ਨੇ ਸਾਰਾ ਅਸਮਾਨ ਸਿਰ 'ਤੇ ਚੁੱਕ ਲਿਆ, ਅਖੇ! ਜੀ ਦੇਸ਼ ਦੇ ਟੁਕੜੇ ਹੋ ਜਾਣਗੇ, ਦੇਸ਼ 'ਤੇ ਹਮਲਾ ਹੋ ਸਕਦਾ ਹੈ, ਦੇਸ਼ ਦੀ ਨੱਕ ਵੱਢੀ ਗਈ, ਦੇਸ ਦੀ ਬੇਇਜ਼ਤੀ ਹੋ ਗਈ ਹੈ, ਸ਼ਹੀਦ ਪ੍ਰਵਾਰਾਂ ਦਾ ਅਪਮਾਨ ਹੋ ਗਿਆ ਹੈ। ਜਨੀ ਕਿ ਕੁੱਲ ਮਿਲਾ ਕੇ ਫਿਰਕਾ ਪ੍ਰਸਤੀ ਦਾ ਪੂਰਾ ਜ਼ਹਿਰ ਉਗਲ਼ਿਆ ਗਿਆ।
ਗੂੜ੍ਹੇ ਹਿੰਦੂਤਵੀਆਂ ਨੇ ਭਾਈ ਸਿੱਧੂ ਦੇ ਸਿਰ ਦਾ ਮੁੱਲ ਰੱਖ ਦਿੱਤਾ ਕਿ ਜਿਹੜਾ ਇਸ ਦਾ ਸਿਰ ਕੱਟ ਕੇ ਲਿਆਏਗਾ ਉਸ ਨੂੰ ਪੰਜ ਲੱਖ ਰੁਪਏ ਦਾ ਇਨਾਮ ਦਿੱਤਾ ਜਾਏਗਾ। ਸਿੱਧੂ ਦੀ ਪਾਈ ਜੱਫੀ ਦਾ ਵੱਡੇ ਤੋਂ ਵੱਡੇ ਹਿੰਦੂਤਵੀਏ ਨੇ ਜਾਂ ਸਿੱਧੂ ਨਾਲ ਨਿੱਜੀ ਕਿੜ੍ਹਾਂ ਕੱਢਣ ਵਾਲਿਆਂ ਨੇ ਇਕ ਤਰ੍ਹਾਂ ਨਾਲ ਵਿਰੋਧਤਾ ਦਾ ਹਨ੍ਹੇਰ ਬੰਨ੍ਹ ਦਿੱਤਾ ਕਿ ਸਿੱਧੂ ਨੂੰ ਵੱਧ ਤੋਂ ਵੱਧ ਦੇਸ ਧਰੋਹੀ ਸਾਬਤ ਕਰਨ ਦਾ ਯਤਨ ਕੀਤਾ ਜਾਏ। ਸਿੱਧੂ ਵਿਰੋਧੀਆਂ ਨੇ ਸਾਰਾ ਜ਼ੋਰ ਇਹ ਲਗਾਇਆ ਕਿ ਹੋ ਸਕੇ ਤਾਂ ਇਸ ਦੀ ਮੰਤਰੀ ਪਦ ਤੋਂ ਛੁੱਟੀ ਕੀਤੀ ਜਾਏ। ਭਾਈ ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ ਜਾਣਾ ਹੀ ਕਈਆਂ ਨੂੰ ਢਿੱਡ ਪੀੜ ਲਗਾ ਗਿਆ ਹੈ। ਸਿੱਧੂ ਦਾ ਵਿਰੋਧ ਕਰਨ ਵਾਲੀਆਂ ਤਾਕਤਾਂ ਨੇ ਦੇਸ ਧਰੋਹੀ ਸਾਬਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਹਰ ਹਰਬਾ ਵਰਤਿਆ ਹੈ। ਬਿਹਾਰ ਦੇ ਇਕ ਹਿੰਦੂਤਵੀ ਨੂੰ ਬਹੁਤਾ ਹੀ ਦੇਸ ਭਗਤੀ ਦਾ ਬੁਖਾਰ ਚੜ੍ਹਿਆ ਹੋਇਆ ਸੀ ਉਸ ਨੇ ਸਿੱਧੂ ਦੇ ਖਿਲਾਫ਼ ਦੇਸ ਧਰੋਹੀ ਦਾ ਕੇਸ ਦਰਜ ਕਰਾ ਦਿੱਤਾ ਹੈ। ਸਿੱਧੂ ਦੇ ਸੋਂਹ ਚੁੱਕ ਸਮਾਗਮ ਵਿਚ ਜਾਣ ਨਾਲ ਕਈਆਂ ਦੇ ਜ਼ਜ਼ਬਾਤਾਂ ਨੂੰ ਡੂੰਘੀਆਂ ਸੱਟਾਂ ਵੱਜੀਆਂ ਨੇ ਤੇ ਕਈਆਂ ਦੇ ਹਿਰਦੇ ਵਲੂੰਦਰੇ ਗਏ ਹਨ।
ਪੰਜਾਬ ਅਤੇ ਬੰਗਾਲ ਦੋ ਸੂਬਿਆਂ ਦੀ ਭੂਗੋਲਿਕ ਤੌਰ 'ਤੇ ਗੈਰ-ਕੁਦਰਤੀ ਵੰਡ ਹੋਈ ਹੈ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਪੰਜਾਬ ਇਕ ਵੱਖਰਾ ਦੇਸ ਸੀ ਜਿਸ ਦੇ ਸਬੰਧ ਵਿਚ ਬੱਚੇ ਬੱਚੇ ਦੀ ਜ਼ਬਾਨ 'ਤੇ ਬੋਲ ਬੋਲੇ ਜਾਂਦੇ ਸਨ૷
ਫੁੱਲਾਂ ਵਿਚੋਂ ਫੁੱਲ ਗੁਲਾਬ ਨੀ ਸਹੀਓ
ਦੇਸਾਂ ਵਿਚੋਂ ਦੇਸ ਪੰਜਾਬ ਨੀ ਸਹੀਓ।
੭੨੨੬੦੦੦ ਦੇ ਕਰੀਬ ਪੂਰਬੀ ਪੰਜਾਬ ਵਿਚੋਂ ਲੂਹ ਦੀ ਨਦੀ ਤਰ ਕੇ ਮੁਸਲਮਾਨ ਭਾਈ ਪੱਛਮੀ ਪੰਜਾਬ ਵਿਚ ਪਨਾਹੀ ਅਖਵਾਏ ਤੇ ੭੨ ੪੯੦੦੦ ਦੇ ਕਰੀਬ ਪੰਛਮੀ ਪੰਜਾਬ ਵਿਚੋਂ ਸਿੱਖ ਪੂਰਬੀ ਪੰਜਾਬ ਵਿਚ ਆ ਕੇ ਪਨਾਹੀ ਅਖਵਾਏ। ੫ ਲੱਖ ਦੇ ਕਰੀਬ ਮੌਤ ਦੇ ਘਾਟ ਉਤਾਰੇ ਗਏ। ਅੱਜ ਬੇਲੇ ਲਾਸ਼ਾ ਵਿਛੀਆਂ ਤੇ ਲਹੂ ਦੀ ਭਰੀ ਚਨਾਬ ਦੇਖਣ ਵਾਲੇ ਅੱਜ ਵੀ ਜਿਉਂਦੇ ਹਨ ਜਿੰਨ੍ਹਾਂ ਦੀਆਂ ਅੱਖਾਂ ਵਿਚੋਂ ਆਪ ਮੁਹਾਰੇ ਅੱਥਰੂ ਕਿਰਨ ਲੱਗ ਜਾਂਦੇ ਹਨ। ਬਾਬੇ ਨਾਨਕ ਦੇ ਪੰਜਾਬ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਤੇ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਆਪਸੀ ਭਾਈਚਾਰੇ ਵਿਚ ਪੱਕੀਆਂ ਦੁਸ਼ਮਣੀਆਂ ਪੈਦਾ ਕਰਨ ਦਾ ਪੂਰਾ ਅਮਲ ਕੀਤਾ ਹੈ।
ਪਛਮੀ ਪੰਜਾਬ ਵਿਚੋਂ ਉਜੜ ਕੇ ਆਏ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਸ਼ਬਦਾਂ ਨਾਲ ਨਿਵਾਜਿਆ ਗਿਆ। ਜਿਸ ਦੀ ੭੦ ਕਿੱਲੇ ਜ਼ਮੀਨ ਸੀ ਉਸ ਨੂੰ ੩੦ ਖੇਤਾਂ ਨਾਲ ਹੀ ਸਬਰ ਕਰਨਾ ਪਇਆ। ਕਈ ਸਾਲ ਸਿੱਖ ਆਪਣੇ ਪੈਰਾਂ 'ਤੇ ਖੜੇ ਨਹੀਂ ਹੋ ਸਕੇ। ਪਾਕਿਸਤਾਨ ਵਿਚੋਂ ਨਿਕਲਣ ਵਾਲੀਆਂ ਘਟਨਾਵਾਂ ਦੇ ਦਰਦਾਂ ਨੂੰ ਬਹੁਤ ਸਾਰੀਆਂ ਪੁਸਤਕਾਂ ਵਿਚ ਬਿਆਨ ਕੀਤਾ ਗਿਆ ਹੈ। ਡਾਕਟਰ ਕਿਰਪਾਲ ਸਿੰਘ ਦੀਆਂ ਪੁਸਤਕਾਂ ਇਸ ਪ੍ਰਥਾਏ ਪੜ੍ਹਨ ਯੋਗ ਹਨ ਕਿਵੇਂ ਹੱਸਦੇ ਵੱਸਦੇ ਰਸਦੇ ਪ੍ਰਵਾਰਾਂ ਨੇ ਆਪਣੀਆਂ ਧੀਆਂ ਨੂੰ ਬੇਪਤ ਹੋਣ ਦੇ ਡਰੋਂ ਖੂਹਾਂ ਵਿਚ ਧੱਕੇ ਦੇ ਕੇ ਮਾਰ ਦਿੱਤਾ ਸੀ। ਹੱਥੀਂ ਪਾਲ਼ੀਆਂ ਮੱਝਾਂ ਗਾਂਵਾਂ ਦੇ ਆਪ ਹੀ ਰੱਸੇ ਖੋਲ੍ਹ ਦਿੱਤੇ ਸਨ। ਬੁੱਢੇ ਮਾਪਿਆਂ ਤੇ ਬੱਚਿਆਂ ਨੂੰ ਸੰਭਾਲਣਾ ਬਹੁਤ ਮੁਸ਼ਕਲ ਕੰਮ ਸੀ। ਕਿੰਨੀਆਂ ਮਾਤਾਵਾਂ ਭੈਣਾਂ ਦੀ ਇਜ਼ਤ ਨਾਲ ਖਿਲਵਾੜ ਕੀਤਾ ਗਿਆਂ ਪੁਾਰਣੀਆਂ ਮਾਤਾਵਾਂ ਕੋਲੋਂ ਸੁਣਿਆਂ ਰੌਂਗਟੇ ਖੜੇ ਹੁੰਦੇ ਹਨ। ਅਜੇ ਉਹ ਬਜ਼ਰੁਗ ਜਿਉਂਦੇ ਹਨ ਜਿੰਨ੍ਹਾਂ ਨੇ ਇਹ ਸਾਰਾ ਸੰਤਾਪ ਆਪਣੇ ਪਿੰਡੇ 'ਤੇ ਹੰਢਾਇਆ ਹੈ।
ਸਿਤਮਗੀਰੀ ਦੀ ਗੱਲ ਦੇੱਖੋ ਕਿ ਜਾਨ ਨਾਲੋਂ ਪਿਆਰੇ ਸਿੱਖਾਂ ਦੇ ਗੁਰਦੁਆਰੇ ਬਹੁਤੇ ਪਛਮੀ ਪੰਜਾਬ ਤਥਾ ਪਾਕਿਸਤਾਨ ਵਿਚ ਰਹਿ ਗਏ ਹਨ। ਸਭ ਤੋਂ ਵੱਧ ਦਿੱਲ ਚੀਰਨ ਵਾਲੀ ਚੀਸ ਓਦੋਂ ਨਿਕਲਦੀ ਹੈ ਜਦੋਂ ਤਿੰਨ ਕੁ ਕਿਲੋਮੀਟਰ ਦੀ ਦੂਰੀ 'ਤੇ ਆਪਣੇ ਹੀ ਪੰਜਾਬ ਵਿਚ ਖਲੋ ਕੇ ਦੂਰੋਂ ਕਰਤਾਰਪੁਰ ਦੇ ਦਰਸ਼ਨ ਕਰਦਿਆਂ ਆਪ ਮੁਹਾਰੇ ਅਥਰੂ ਵਹਿ ਤੁਰਦੇ ਹਨ। ਇਸ ਪੰਜਾਬ ਤੋਂ ਦੂਰ ਰਹਿਣ ਵਾਲੇ ਭਾਰਤੀਆਂ ਨੂੰ ਇਸ ਦਰਦ ਦਾ ਕਦੇ ਵੀ ਅਹਿਸਾਸ ਨਹੀਂ ਹੋ ਸਕਦਾ। ਭਾਰਤ ਨੂੰ ਅਜ਼ਾਦ ਕਰਾਉਣ ਲਈ ੯੦ ਪ੍ਰਤੀਸ਼ੱਤ ਤੋਂ ਉੱਪਰ ਕਰਬਾਨੀਆਂ ਕਰਨ ਵਾਲੇ ਸਿੱਖਾਂ ਨਾਲ ਕੀਤੇ ਵਾਅਦੇ ਤਾਂ ਕੀ ਨਿਭਾਉਣੇ ਸਨ ਉਲਟਾ ਸਿੱਖ ਭਾਈਚਾਰੇ ਨਾਲ ਈਰਖਾ ਤੇ ਹਿੰਦੂਤਵੀ ਕੱਟੜਤਾ ਤੇ ਫਿਰਕਾਪ੍ਰਸਤੀ ਦੇ ਭਾਂਬੜ ਬਾਲੇ ਗਏ। ਕੋਈ ਐਸਾ ਮੌਕਾ ਹੱਥੋਂ ਜਾਣ ਨਹੀਂ ਦਿੱਤਾ ਜਿਸ ਨਾਲ ਸਿੱਖ ਭਾਈਚਾਰੇ ਨੂੰ ਬੇਗਾਨਗੀ ਦਾ ਅਹਿਸਾਸ ਨਾ ਹੋਇਆ ਹੋਵੇ।
੧੯੯੨ ਵਿਚ ਅੰਦਰਲੀ ਚੀਸ ਨੂੰ ਪਰਗਟ ਕਰਨ ਲਈ ਸੁਹਿਰਦ ਪੰਜਾਬੀਆਂ ਨੇ ਆਪਣੇ ਪੰਜਾਬ ਦੀ ਸਰਹੱਦ 'ਤੇ ਮੋਮਬੱਤੀਆਂ ਜਗਾ ਕੇ ਦਿੱਲ ਨੂੰ ਥੋੜੀ ਜੇਹੀ ਠੰਢਕ ਮਹਿਸੂਸ ਕਰਨ ਦਾ ਉਪਰਾਲਾ ਕੀਤਾ ਜਾਂਦਾ ਹੈ ਜਿਹੜਾ ਅੱਜ ਇਕ ਕਾਫਲੇ ਦਾ ਰੂਪ ਧਾਰਨ ਕਰ ਚੁੱਕਾ ਹੈ।
ਜੇ ਪੰਜਾਬੀ ਬੋਲੀ ਸਬੰਧੀ ਗੱਲ ਕਰੀਏ ਤਾਂ ਸਾਰੀ ਦੁਨੀਆਂ ਵਿਚ ੧੨ ਕ੍ਰੋੜ ਤੋਂ ਉਪਰ ਲੋਕ ਪੰਜਾਬੀ ਬੋਲਦੇ ਹਨ। ਵਿਸ਼ਵ ਗਿਆਨ ਕੋਸ਼ ਅਨੁਸਾਰ ਦੁਨੀਆਂ ਵਿਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਦਸਵੀਂ ਬੋਲੀ ਪੰਜਾਬੀ ਹੈ। ਪੱਛਮੀ ਪੰਜਾਬ ਵਿਚ ੭੬੩੩੪੩੦੦ ਕ੍ਰੋੜ ਤੋਂ ਵੱਧ ਲੋਕ ਪੰਜਾਬੀ ਬੋਲਦੇ ਹਨ। ਏਦਾਂ ਹੀ ੨੯੧੦੨੪੭੭ ਲੋਕ ਪੰਜਾਬੀ ਬੋਲਦੇ ਹਨ। ਇਸ ਵਿਚ ਹਾਲਾਂ ਕਿ ੧੯੫੧ ਦੀ ਮਰਦਮ ਸ਼ੁਮਾਰੀ ਸਮੇਂ ਮਹਾਸ਼ਾ ਪ੍ਰੈਸ ਦੀਆਂ ਹਿੰਦੂਤਵੀ ਨੀਤੀਆਂ ਕਰਕੇ ਪੰਜਾਬੀ ਹਿੰਦੂਆਂ ਨੇ ਪੰਜਾਬੀ ਵਿਚ ਬੋਲ ਕੇ ਇਹ ਲਿਖਾਵਾਇਆ ਸੀ ਸਾਡੀ ਮਾਂ ਬੋਲੀ ਹਿੰਦੀ ਹੈ। ਇਸ ਦੇ ਵਿਰੁੱਧ ਫਿਰ ਵੀ ਆਪਣੀ ਮਾਂ ਬੋਲੀ ਨਾਲ ਪਿਆਰ ਕਰਨ ਵਾਲੇ ਲੋਕ ਜਾਗਦੇ ਹਨ।
ਖ਼ੈਰ ਕੁਝ ਵੀ ਹੋਵੇ ਪਕਿਸਤਾਨ ਮੁਲਕ ਵਿਚ ਕ੍ਰਿਕਟ ਦੇ ਖਿਡਾਰੀ ਨੇ ਰਾਜਨੀਤੀ ਵਿਚ ਹਿੱਸਾ ਲੈਂਦਿਆਂ ਆਪਣੇ ਮੁਲਕ ਵਿਚ ਪ੍ਰਧਾਨ ਮੰਤਰੀ ਦੀ ਕੁਰਸੀ ਤਕ ਦਾ ਸਫ਼ਰ ਤਹਿ ਕੀਤਾ ਹੈ। ਪਾਕਿਸਤਾਨ ਵਿਚ ਰਵਾਇਤੀ ਪਾਰਟੀਆਂ ਨੂੰ ਹਾਰ ਹੋਈ ਹੈ। ਇਹ ਵੀ ਸੱਚ ਹੈ ਕਿ ਜਦੋਂ ਦਾ ਪਾਕਿਸਤਾਨ ਵੱਖਰਾ ਮੁਲਕ ਹੋਂਦ ਵਿਚ ਆਇਆ ਹੈ ਤਾਂ ਜ਼ਿਆਦਾਤਰ ਸਰਕਾਰ ਵਿਚ ਫੌਜ ਦਾ ਹੀ ਹੱਥ ਊਪਰ ਰਿਹਾ ਹੈ। ਫੌਜ ਦੀ ਸਿੱਧੀ ਦਖਲ ਅੰਦਾਜ਼ੀ ਕਰਕੇ ਦੋਹਾਂ ਮੁਲਕਾਂ ਵਿਚ ਅਮਨ ਸ਼ਾਤੀ ਲਈ ਵੱਡਾ ਰੋੜਾ ਰਿਹਾ ਹੈ। ਇਹ ਵੀ ਠੀਕ ਹੈ ਕਿ ਪਾਕਿਸਤਾਨ ਵਲੋਂ ਭਾਰਤ ਨਾਲ ਦੋ ਜੰਗਾਂ ਸਿੱਧੇ ਰੂਪ ਲੜੀਆਂ ਗਈਆਂ ਤੇ ਇਕ ਕਾਰਗਿਲ ਵਾਲੀ ਅਚਨਚੇਤ ਲੜਾਈ ਮਾੜੀ ਨੀਤ ਨਾਲ ਲੜੀ ਗਈ ਪਰ ਇਹਨਾਂ ਸਾਰੀਆਂ ਲੜਾਈਆਂ ਵਿਚ ਪਾਕਿਸਤਾਨ ਦੀ ਹੀ ਹਾਰ ਹੁੰਦੀ ਰਹੀ ਹੈ ਜਦ ਕਿ ਨੁਕਸਾਨ ਦੋਹਾਂ ਮੁਲਕਾਂ ਦਾ ਹੀ ਹੋਇਆ ਹੈ। ਹੁਣ ਵੀ ਦੋਹਾਂ ਮੁਲਕਾਂ ਵਿਚ ਸਰਹੱਦ 'ਤੇ ਅਕਸਰ ਗੋਲਾਬਾਰੀ ਹੁੰਦੀ ਰਹਿੰਦੀ ਹੈ। ਦੋਹਾਂ ਪਾਸਿਆਂ ਤੋਂ ਨੌਜਵਾਨ ਮਾਰੇ ਜਾਂਦੇ ਹਨ। ਇਹ ਸਾਰੇ ਅਕਸਰ ਮਾਂਵਾਂ ਦੇ ਪੁੱਤ ਹੀ ਹਨ ਪਰ ਸਿਆਸੀ ਲੋਕ ਕਦੇ ਵੀ ਸੁਹਿਰਦ ਹੋ ਕੇ ਮਸਲੇ ਦਾ ਹੱਲ ਲੱਭਣ ਲਈ ਤਿਆਰ ਨਹੀਂ ਹਨ। ਸਰਹੱਦ 'ਤੇ ਬਿਲਕੁਲ ਤਾਜ਼ੀਆਂ ਘਟਨਾਵਾਂ ਵਾਪਰ ਰਹੀਆਂ ਹਨ ਪਰ ਫਿਰ ਵੀ ਵਪਾਰ ਦਾ ਧੰਦਾ ਚੱਲ ਰਿਹਾ ਹੈ। ਲੋਕਾਂ ਦੀ ਆਵਾਜਾਈ ਅੱਜ ਵੀ ਬਣੀ ਹੋਈ ਹੈ।
ਜਦੋਂ ਦੇ ਪੰਜਾਬ ਦੇ ਦੋ ਹਿੱਸੇ ਹੋਏ ਹਨ ਓਦੋਂ ਤੋਂ ਹੀ ਸਿੱਖਾਂ ਦੀ ਪੁਰਜ਼ੋਰ ਮੰਗ ਰਹੀ ਹੈ ਕਿ ਪੱਛਮੀ ਪੰਜਾਬ ਵਿਚ ਕਰਤਾਰਪੁਰ ਦਾ ਗੁਰਦੁਆਰਾ ਜਿੱਥੇ ਗੁਰੂ ਨਾਨਕ ਸਾਹਿਬ ਆਪਣੀ ਜ਼ਿੰਦਗੀ ਦੇ ੧੮ ਸਾਲ ਰਹਿ ਕਿ ਇਕ ਨਿਵੇਕਲੇ ਸਮਾਜ ਦੀ ਸਿਰਜਣਾ ਕੀਤੀ ਹੈ ਉਸ ਗੁਰਦੁਆਰਾ ਨੂੰ ਦੋਹਾਂ ਸਰਕਾਰਾਂ ਵਲੋਂ ਪੱਕਾ ਲਾਂਘਾ ਦਿੱਤਾ ਜਾਏ ਜਿਸ ਨਾਲ ਸਿੱਖਾਂ ਨੂੰ ਕਰਤਾਰਪੁਰ ਆਉਣਾ ਜਾਣਾ ਸੌਖਾ ਹੋ ਜਾਏਗਾ।
ਸਾਡੀ ਪੰਥਕ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰੀ ਸਰਕਾਰਾਂ ਵਿਚ ਮੰਤ੍ਰੀ ਰਹਿ ਕੇ ਆਪਣੇ ਪ੍ਰਵਾਰਾਂ ਦੀ ਸੰਪਤੀ ਵਿਚ ਵਾਧਾ ਤਾਂ ਕੀਤਾ ਹੈ ਪਰ ਕਰਤਰਾਪੁਰ ਦੇ ਲਾਂਘੇ ਦੀ ਓਨੀ ਕੁ ਹੀ ਗੱਲ ਕੀਤੀ ਹੈ ਜਿੰਨੀ ਕੁ ਹਿੰਦੂਤਵੀਆਂ ਨੂੰ ਪਚ ਸਕੇ। ਸ਼੍ਰੋਮਣੀ ਕਮੇਟੀ ਤਾਂ ਰਾਜਸੀ ਪਾਰਟੀ ਦੇ ਅਧੀਨ ਹੋ ਕੇ ਚੱਲ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਅਕਾਲ ਤੱਖਤ ਨੂੰ ਆਪਣੇ ਹਿੱਤਾਂ ਦੀ ਪੂਰਤੀ ਲਈ ਹੀ ਵਰਤਿਆ ਹੈ। ਖੈਰ ਇਹ ਸਾਰੀਆਂ ਵਿਚਾਰਾਂ ਲਗ-ਪਗ ਹਰੇਕ ਪੰਥ ਦਰਦੀ ਦੇ ਸੀਨੇ ਵਿਚ ਖੁਭ੍ਹੀਆਂ ਪਈਆਂ ਹਨ।
ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤ੍ਰੀ ਨੇ ਭਾਰਤ ਵਿਚ ਰਹਿੰਦੇ ਆਪਣੇ ਦੂਸਰੇ ਦੋਸਤਾਂ ਨੂੰ ਵੀ ਸੱਦਾ ਪੱਤਰ ਭੇਜਿਆ ਸੀ ਪਰ ਇਕ ਨੀਤੀ ਤਹਿਤ ਜਾਂ ਆਪਣੀ ਅਲੋਚਨਾ ਦੇ ਡੱਰੋਂ ਜਾਂ ਹਿੰਦੂ ਭਾਈਆਂ ਦੀ ਖੁਸ਼ੀ ਲੈਣ ਲਈ ਆਪਣੇ ਨਿੱਜੀ ਰੁਝੇਵਿਆਂ ਦਾ ਬਹਾਨਾ ਲਗਾ ਕੇ ਉਹ ਨਹੀਂ ਗਏ। ਹਿੰਦੂ ਮੀਡੀਆ ਉਹਨਾਂ ਪ੍ਰਤੀ ਨਜ਼ਰੀਆਂ ਦੇਸ ਭਗਤਾਂ ਵਾਲਾ ਪੇਸ਼ ਕਰਕੇ ਉਹਨਾਂ ਦੇ ਇਸ ਨੇਕ ਕਰਮ ਨੂੰ ਪੂਰਾ ਸਨਮਾਨ ਦੇ ਰਿਹਾ ਹੈ।
ਸਿੱਧੂ ਦੀ ਪਾਈ ਜੱਫੀ ਤੋਂ ਪਹਿਲਾਂ ਭਾਰਤ ਵਿਚ ਵਾਪਰੀਆਂ ਕੁਝ ਘਟਨਾਵਾਂ ਦੀ ਚਰਚਾ ਕਰਨੀ ਹੋਵੇ ਤਾਂ ਸਭ ਤੋਂ ਪਹਿਲਾਂ ਉਸ ਘਟਨਾ ਨੂੰ ਧਿਆਨ ਵਿਚ ਲਿਆਉਣਾ ਪਏਗਾ ਜਦੋਂ ਬਾਜਪਾਈ ਦੀ ਸਰਕਾਰ ਵਿਚ ਵਿਦੇਸ਼ ਮੰਤਰੀ ਇਕ ਸਿਆਸਤਦਾਨ ਦੀ ਧੀ ਦੀ ਜਾਨ ਨੂੰ ਬਚਾਉਣ ਲਈ ਹਿੰਦੂਤਵੀਏ ਆਪ ਜਹਾਜ਼ ਲੈ ਕੇ ਹੀ ਨਹੀਂ ਗਏ ਸਗੋਂ ਨਾਮੀ ਖਾੜਕੂ ਨੂੰ ਆਪ ਕਾਬਲ-ਕੰਧਾਰ ਛੱਡ ਕੇ ਆਉਂਦੇ ਹਨ ਕੀ ਓਦੋਂ ਦੇਸ ਭਗਤੀ ਵਾਲੇ ਗੀਤ ਸਭ ਅਲੋਪ ਹੋ ਗਏ ਸਨ? ਦੂਸਰੇ ਪਾਸੇ ਬਾਜਪਾਈ ਨੇ ਦੁਨੀਆਂ ਵਿਚ ਨਿਵੇਕਲੀ ਪੈੜ ਕਾਇਮ ਕਰਦਿਆਂ ਸਾਂਝੀ ਬੱਸ ਲੈ ਕੇ ਆਪ ਪਾਕਿਸਤਾਨ ਗਏ ਸਨ, ਜਿਸ ਨਾਲ ਇਤਿਹਾਸ ਦਾ ਨਵਾਂ ਅਧਿਆਏ ਲਿਖਿਆ ਗਿਆ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਭਾਈ ਬਾਦਲ ਪਾਕਿਸਤਾਨ ਜਾਣ ਤਾਂ ਭੇਡੂ ਲੈ ਕੇ ਆਉਂਦੇ ਹਨ ਜੇ ਕੈਪਟਨ ਸਾਹਿਬ ਜਾਣ ਤਾਂ ਘੋੜੇ ਲੈ ਕੇ ਆਉਂਦੇ ਹਨ ਕਿਸੇ ਨੂੰ ਕੋਈ ਇਤਰਾਜ਼ ਨਹੀਂ ਆਉਂਦਾ। ਮੌਜੂਦਾ ਪ੍ਰਧਾਨ ਮੰਤ੍ਰੀ ਜੀ ਨਵਾਜ਼ ਸ਼ਰੀਫ਼ ਦੀ ਦੋਹਤਰੀ ਦੇ ਵਿਆਹ ਸਮਾਗਮ ਵਿਚ ਜਾਣ ਤਾਂ ਮੀਡੀਏ ਨੂੰ ਕੋਈ ਉਜਰਦਾਰੀ ਨਹੀਂ ਹੁੰਦੀ। ਜੇ ਸਿੱਧੂ ਜੱਫ਼ੀ ਪਾ ਲੈਣ ਤਾਂ ਦੇਸ਼ ਦੀ ਸੁਰੱਖਿਆ ਨੂੰ ਬਹੁਤ ਵੱਡਾ ਖਤਰਾ ਮਹਿਸੂਸ ਹੁੰਦਾ ਹੈ। ਸ਼ਹੀਦਾਂ ਦੇ ਪਰਵਾਰਾਂ ਦੀ ਤੌਹੀਨ ਦਾ ਰਾਗ ਅਲਾਪ ਕੇ ਸਿੱਧੂ ਵਿਰੁੱਧ ਹਵਾ ਖੜੀ ਕਰਨ ਦਾ ਯਤਨ ਕੀਤਾ ਗਿਆ ਹੈ।
ਸਭ ਤੋਂ ਵੱਧ ਅਕਾਲੀ ਦਲ ਦੇ ਬੁਲਾਰੇ ਸਰਦਾਰ ਚੀਮਾ ਦੇ ਬਿਆਨ ਦਾ ਅਫਸੋਸ ਹੁੰਦਾ ਹੈ ਜਿਸਨੇ ਸਿੱਧੂ ਦੇ ਹੱਥ ਮਿਲਾਉਣ ਨੂੰ ਸ਼ਹੀਦਾਂ ਦਾ ਅਪਮਾਨ ਦੱਸਿਆ। ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਜਿੰਨ੍ਹਾਂ ਪ੍ਰਵਾਰਾਂ ਦੇ ਜਵਾਨ ਸਰਹੱਦ 'ਤੇ ਸ਼ਹੀਦ ਹੁੰਦੇ ਹਨ ਸਾਡੀ ਉਹਨਾਂ ਨਾਲ ਪੂਰੀ ਹਮਦਰਦੀ ਹੈ। ਪਰ ਏੱਥੇ ਇਕ ਗੱਲ ਸ਼ਿਸਟਾਚਾਰ ਦੀ ਆਉਂਦੀ ਹੈ ਇਕ ਦੂਜੇ ਨਾਲ ਹੱਥ ਮਿਲਾ ਲੈਣ ਨਾਲ ਹੋ ਸਕਦਾ ਹੈ ਆਉਣ ਵਾਲੇ ਸਮੇਂ ਵਿਚ ਦੋਹਾਂ ਮੁਲਕਾਂ ਦੀਆਂ ਤਲਖ ਕਲਾਮੀਆਂ ਘੱਟ ਜਾਣ। ਸਾਡੀਆਂ ਤਾਂ ਪੁਰਾਣੀਆਂ ਰਵਾਇਤਾਂ ਰਹੀਆਂ ਹਨ ਕਿ ਜਦੋਂ ਲੰਗਰ ਤਿਆਰ ਹੁੰਦਾ ਸੀ ਓਦੋਂ ਅਵਾਜ਼ ਮਾਰੀ ਜਾਂਦੀ ਸੀ ਕਿ ਗੁਰੂ ਕਾ ਲੰਗਰ ਤਿਆਰ ਹੈ ਆਓ ਭਈ ਸਾਰੇ ਛੱਕੋ- ਦੁਸ਼ਮਣ ਨੂੰ ਪਾਣੀ ਪਿਲਾਉਣ ਦੀਆਂ ਸਾਡੀਆਂ ਅਮੀਰ ਪ੍ਰੰਪਰਾਵਾਂ ਰਹੀਆਂ ਹਨ।
ਹਿੰਦੂਤਵੀ ਮੀਡੀਆ ਨੂੰ ਜਿਵੇਂ ਮਸੀਂ ਕੋਈ ਮੌਕਾ ਮਿਲਿਆ ਹੋਵੇ ਪੂਰੇ ਜ਼ੋਰ ਸ਼ੋਰ ਨਾਲ ਸਿੱਧੂ ਦੇ ਮਸਲੇ ਨੂੰ ਲੋਕਾਂ ਸਾਹਮਣੇ ਪਰੋਸ ਪਰੋਸ ਕੇ ਰੱਖਿਆ ਹੈ। ਏੰਨੀ ਸ਼ਿਦਤ ਨਾਲ ਤਾਂ ਸ਼ਾਇਦ ਉਹਨਾਂ ਲੋਕਾਂ ਨੂੰ ਨਹੀਂ ਰੱਖਿਆ ਹੋਣਾ ਜਿੰਨ੍ਹਾਂ ਨੇ ਮੁਲਕ ਦੇ ਪੈਸੇ ਨੂੰ ਦਿਨ ਦੀਵੀ ਬਾਹਰਲੇ ਮੁਲਕਾਂ ਵਿਚ ਜਮ੍ਹਾਂ ਕਰਾ ਲਿਆ ਹੈ।
ਸਿੱਧੂ ਦੀ ਵਿਰੋਧਤਾ ਦਾ ਸਭ ਤੋਂ ਵੱਡਾ ਮੁੱਦਾ ਇਸ ਲਈ ਬਣਾਇਆ ਜਾ ਰਿਹਾ ਹੈ ਕਿ ਆਉਣ ਵਾਲੀਆਂ ਚੋਣਾਂ ਵਿਚ ਹਿੰਦੂਤਵ ਦਾ ਪੱਤਾ ਪੂਰੀ ਤਰ੍ਹਾਂ ਵਰਤਿਆ ਜਾਏ। ਮੁਲਕ ਵਿਚ ਸਿੱਖੀ ਭਾਵਨਾਵਾਂ ਦੀ ਕਦਰ ਨਹੀਂ ਕੀਤੀ ਜਾ ਰਹੀ ਸਿਰਫ ਸਿਆਸਤ ਕੀਤੀ ਜਾ ਰਹੀ ਹੈ।
ਸਾਰੀ ਦੁਨੀਆਂ ਨੇ ਦੇਖਿਆ ਹੈ ਕਿ ਇਮਰਾਨ ਖਾਂ ਦੇ ਸੌਂਹ ਚੁੱਕ ਸਮਾਗਮ ਵਿਚ ਸਿਰਫ ਇਕ ਹੀ ਪੱਗ ਨਜ਼ਰ ਆਉਂਦੀ ਹੈ। ਏੱਥੇ ਅਸੀਂ ਕੇਵਲ ਇਕ ਨੁਕਤੇ ਦੀ ਗੱਲ ਕਰ ਰਹੇ ਹਾਂ ਸਿੱਧੂ ਰਾਂਹੀ ਕਰਤਾਰਪੁਰ ਲਾਂਘੇ ਦੀ ਜੇ ਗੱਲ ਹੁੰਦੀ ਹੈ ਤਾਂ ਇਹ ਸਿੱਖ ਅਵਾਮ ਲਈ ਖੁਸ਼ੀ ਵਾਲੀ ਗੱਲ ਹੈ ਪਰ ਕਰਨਾ ਤਾਂ ਸਾਰਾ ਕੁਝ ਸਰਕਾਰਾਂ ਨੇ ਹੀ ਹੁੰਦਾ ਹੈ। ਚਲੋ ਏਸ ਬਹਾਨੇ ਸਿੱਧੂ ਦਾ ਕੱਦ ਵੱਡੇ ਤੇ ਪ੍ਰੋਢ ਨੇਤਾਵਾਂ ਦੇ ਬਰਾਬਰ ਚੱਲਿਆ ਗਿਆ। ਪਰ ਅਕਾਲੀ ਦਲ ਨੂੰ ਦੁੱਖ ਬਹੁਤ ਹੋਇਆ ਹੈ ਕਿ ਸਾਡੇ ਤੋਂ ਬਿਨਾਂ ਹੋਰ ਕੋਈ ਕੌਣ ਹੁੰਦਾ ਹੈ ਜਿਹੜਾ ਕਿਸੇ ਪੰਥਕ ਮੁੱਦੇ ਦੀ ਗੱਲ ਕਰੇ? ਹਾਸੋਹੀਣੇ ਇਹਨਾਂ ਦੇ ਬਿਆਨਾਂ 'ਤੇ ਤਰਸ ਆਉਂਦਾ ਹੈ।
ਇਕ ਚੰਗੀ ਗੱਲ ਵੀ ਹੋਈ ਹੈ ਸਿੱਧੂ ਦੇ ਹੱਕ ਵਿਚ ਸਿੱਖ ਬੁਧੀਜੀਵੀਏ ਵੀਰਾਂ ਨੇ ਪੂਰੀ ਤਰ੍ਹਾਂ ਸਮਰੱਥਨ ਕੀਤਾ ਹੈ। ਪੰਜਾਬੀ ਦੀਆਂ ਅਖਬਾਰਾਂ ਨੇ ਵੀ ਤੇਲ ਦੀ ਧਾਰ ਦੇਖ ਕੇ ਹੀ ਕੁਝ ਦਿਨਾਂ ਬਾਅਦ ਹਲਕੇ ਜੇਹੇ ਪੱਧਰ 'ਤੇ ਕਹਿਆ ਹੈ ਕਿ ਹਾਂ ਜੀ ਸਿੱਧੂ ਨੇ ਕੋਈ ਅਵੱਗਿਆ ਨਹੀਂ ਕੀਤੀ।
ਅਕਾਲੀ ਦਲ ਦੀ ਸਰਕਾਰ ਸਮੇਂ ਰੇਲ ਰੋਕੋ ਲੰਬੀ ਹੜਤਾਲ ਹੋਈ ਜਿਹੜੀ ਰਾਮ ਰਹੀਮ ਨੂੰ ਮੁਆਫ਼ੀ ਦੇ ਰੂਪ ਵਿਚ ਖਤਮ ਹੁੰਦੀ ਹੈ। ਇਹ ਮੁਆਫ਼ੀ ਵਜ਼ੀਰਾਂ ਤੇ ਜੱਥੇਦਾਰਾਂ ਦੇ ਗਲ਼ੇ ਦੀ ਹੱਡੀ ਸਾਬਤ ਹੋਈ ਸੀ ਉਸ ਵਿਚੋਂ ਨਿਕਲਣ ਲਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਮਸਲਾ ਸਾਹਮਣੇ ਆਉਣ 'ਤੇ ਸਿੱਖੀ ਜ਼ਜਬਾਤਾਂ ਨਾਲ ਪੂਰੀ ਤਰ੍ਹਾਂ ਖਿਲਵਾੜ ਕੀਤਾ ਗਿਆ। ਬੇਅਦਬੀ ਕਾਂਡ ਉਸ ਸਮੇਂ ਹੋਇਆ ਜਦੋਂ ਸਾਡੀ ਪੰਥਕ ਸਰਕਾਰ ਪੰਜਾਬ 'ਤੇ ਰਾਜ ਕਰ ਰਹੀ ਸੀ। ਅਕਾਲ ਤੱਖਤ ਪੂਰੀ ਤਰ੍ਹਾਂ ਅਕਾਲੀ ਦਲ ਦੇ ਅਧੀਨ ਹੋ ਕੇ ਚੱਲ ਰਿਹਾ ਹੈ। ਅਕਾਲ ਤੱਖਤ ਦੀ ਭੂਮਿਕਾ ਅਕਾਲੀ ਦਲ ਦੀ ਸਰਕਾਰ ਨੂੰ ਬਚਾਉਣ ਵਿਚ ਹੀ ਲੱਗੀ ਰਹੀ ਹੈ। ਬਰਗਾੜੀ ਕਾਂਡ ਸ਼ਰੇਆਮ ਗੋਲ਼ੀਆਂ ਚਲੀਆਂ ਹੋਣ ਸਰਕਾਰ ਆਪਣੀ ਹੋਵੇ ਫਿਰ ਕਹਿਆ ਜਾਏ ਜੀ ਪਤਾ ਨਹੀਂ ਗੋਲੀ ਕਿਸ ਨੇ ਚਲਾਈ? ਇਸ ਸਾਰੇ ਵਿਚ ਅਕਾਲ ਤੱਖਤ ਦੇ ਗ੍ਰੰਥੀ ਦੇ ਨਿਭਾਏ ਰੋਲ ਦੀ ਸਮਝ ਨਹੀਂ ਆਉਂਦੀ ਕਦੇ ਕਹਿੰਦਾ ਚਿੜ੍ਹੀਓ ਮਰ ਜਾਓ ਕਦੇ ਕਹਿੰਦਾ ਚਿੜ੍ਹੀਓ ਜੀ ਪਓ। ਭਾਈ ਗੁਰਮੁਖ ਸਿੰਘ ਅਤੇ ਇਹਨਾਂ ਦੇ ਭਰਾਤਾ ਜੀ ਵਲੋਂ ਨਿਭਾਏ ਕਿਰਦਾਰ ਸਬੰਧੀ ਤਾਂ ਸਾਰਾ ਕੁਝ ਮੀਡੀਆ ਵਿਚ ਆ ਹੀ ਚੁੱਕਾ ਹੈ। ਹੁਣ ਇਹ ਨਹੀਂ ਪਤਾ ਲਗਦਾ ਕਿ ਇਹ ਇਨਸਾਨ ਅਜੇਹਾ ਕਿਰਦਾਰ ਨਿਭਾਅ ਕੇ ਕੌਮ ਨੂੰ ਕੀ ਸੁਨੇਹਾਂ ਦੇਣਾ ਚਾਹੁੰਦੇ ਹਨ। ਇਤਿਹਾਸ ਵਿਚ ਇਹਨਾਂ ਦੀ ਕਿਹੜੀ ਥਾਂ ਹੋਏਗੀ? ਜਾਂ ਵਰਮਾਨ ਸਮੇਂ ਵਿਚ ਸੰਗਤਾਂ ਵਿਚ ਕਿਸ ਤਰ੍ਹਾਂ ਵਿਚਰਨਗੇ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ।
ਹਿੰਦੂਤਵੀ ਸਰਕਾਰਾਂ, ਮੀਡੀਆ ਕਦੇ ਵੀ ਸਿੱਖਾਂ ਦੀਆਂ ਹੱਕੀ ਮੰਗਾਂ ਮੰਨਣ ਲਈ ਤਿਆਰ ਨਹੀਂ ਹਨ। ਸਗੋਂ ਸਿੱਖ ਮੁੱਦਿਆਂ ਨੂੰ ਏਦਾਂ ਪੇਸ਼ ਕੀਤਾ ਜਾਂਦਾ ਹੈ ਜਿਵੇਂ ਸਿੱਖ ਦੇਸ ਵਿਰੋਧੀ ਹੋਣ। ਸਰਕਾਰ ਅਤੇ ਮੀਡੀਆ ਸਿੱਖ ਮਸਲਿਆਂ ਨੂੰ ਏਦਾਂ ਪੇਸ਼ ਕਰਦਾ ਹੈ ਜਿਵੇਂ ਸਿੱਖਾਂ ਤੋਂ ਸਾਰੇ ਦੇਸ ਨੂੰ ਖਤਰਾ ਹੋਵੇ। ਦੂਸਰੇ ਪਾਸੇ ਸਾਰੀਆਂ ਸਿੱਖ ਰਾਜਨੀਤਕ ਪਾਰਟੀਆਂ ਖਾਸ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤੱਖਤ ਦੇ ਜੱਥੇਦਾਰ ਅਤੇ ਹੋਰ ਪੰਥਕ ਜੱਥੇਬੰਦੀਆਂ ਆਦ ਸਾਰਿਆਂ ਨੂੰ ਆਪਣੇ ਨਿੱਜੀ ਲਾਭ ਇਕ ਪਾਸੇ ਕਰਕੇ ਸੁਹਿਰਦਤਾ ਨਾਲ ਸਿੱਖਾਂ ਨਾਲ ਹੋ ਰਹੀਆਂ ਬੇਇਨਸਾਫ਼ੀਆਂ ਦੀ ਗੱਲ ਕਰਨੀ ਚਾਹੀਦੀ ਹੈ।
ਸਮੇਂ ਦੀ ਨਜਾਕਤ ਨੂੰ ਸਮਝਦਿਆਂ ਸਿੱਖ ਬੁਧੀ ਜੀਵੀਆਂ ਨੂੰ ਇਕ ਸੋਚ ਦਾ ਤਲਾਬ ਬਣ ਕੇ ਅੱਗੇ ਆੳਣ ਦੀ ਲੋੜ ਹੈ।
ਅਕਾਲੀ ਦਲ ਦੀ ਸੋਚ
ਆਪਣੇ ਵਿਰੋਧੀ ਦੀ ਗੱਲ ਦਾ ਬਤੰਗੜ ਬਣਾ ਕੇ ਅਕਾਲ ਤੱਖਤ ਤੇ ਸ਼ਕਾਇਤ ਕਰਨ ਦਾ ਕੋਈ ਵੀ ਮੌਕਾ ਹੋੱਥੋਂ ਜਾਣ ਨਹੀਂ ਦੇਂਦੇ ਪਰ ਆਪਣਿਆਂ ਦੀਆਂ ਸਿੱਖ ਵਿਰੋਧੀ ਹਰਕਤਾਂ ਵੀ ਸਿਖ ਕੌਮ ਦੀ ਸੇਵਾ ਦਸਦੇ ਹਨ। ਰਮਾਇਣ ਦਾ ਪਾਠ ਪਾਠ, ਹਵਨ ਦੀ ਪੂਜਾ, ਮੱਥੇ 'ਤੇ ਟਿੱਕੇ ਲਗਾਉਣੇ, ਅਸ਼ੂਤੋਸ਼ ਤੇ ਰਾਮ ਰਹੀਮ ਦਿਆਂ ਚਰਨਾ ਵਿਚ ਬੈਠਣਾ, ਸ਼ਨੀਦੇਵਤੇ ਦੀ ਪੂਜਾ ਸਿੱਖ ਸਿਧਾਤ ਤੋਂ ਵਿਰੋਧੀ ਕਰਮ ਕਦੇ ਵੀ ਅਕਾਲੀ ਦਲ ਦੇ ਲੀਡਰਾਂ ਨੂੰ ਨਹੀਂ ਦਿਸਦੇ૷ਰੱਬਾ ਖੈਰ ਕਰੀਂ
ਜਿੱਥੇ ਸਹਿਮੀਆਂ ਰਹਿਣ ਜਵਾਨੀਆਂ,
ਤੇ ਪਿਟਦਾ ਰਵੇ ਨਿਆਂ ।
ਜਿੱਥੇ ਕੈਦੀ ਹੋਈਆਂ ਬੁਲਬੁਲਾਂ,
ਤੇ ਬਾਗ਼ੀਂ ਬੋਲਣ ਕਾਂ ।

ਉਸਤਾਦ ਦਾਮਨ
.