.

ਗੁਰਮੱਤ ਬਨਾਮ ਅਧਿਆਤਮਿਕਤਾ

(ਕਿਸ਼ਤ ਪਹਿਲੀ)


ਸ਼ਬਦ-ਰੂਪ ‘ਅਧਿਆਤਮਿਕਤਾ’ ਦੇ ਅਰਥ ਸਮਝਣ ਲਈ ਸਾਨੂੰ ਪਹਿਲਾਂ ‘ਆਤਮ’ ਅਤੇ ‘ਆਤਮਾ’ ਦੇ ਅਰਥ ਜਾਣਨ ਦੀ ਲੋੜ ਪੈਂਦੀ ਹੈ। ਇਸ ਸ਼ਬਦ-ਰੂਪ ਦੇ ਤਿੰਨ ਭਾਗ ਹਨ ਜਿਹਨਾਂ ਵਿੱਚੋਂ ਪਹਿਲੇ ਦੋ ਵਿਸ਼ੇਸ਼ ਧਿਆਨ ਮੰਗਦੇ ਹਨ: ਇਕ ਇਸ ਸ਼ਬਦ ਵਿਚਲਾ ਅਗੇਤਰ ‘ਅਧਿ-’ ਹੈ ਅਤੇ ਦੂਜਾ ਇਸਦੇ ਮੱਧ ਵਿਚ ‘ਆਤਮ’ ਜਾਂ ‘ਆਤਮਾ’ ਜੋ ਇਸ ਸ਼ਬਦ-ਰੂਪ ਦਾ ਧੁਰਾ ਹੈ। ਏਥੇ ਅਗੇਤਰ ‘ਅਧਿ-’ ਦਾ ਅਰਥ ਹੈ ਗਿਆਨ, ਜਾਣਕਾਰੀ ਜਾਂ ਅਧਿਐਨ (ਉਂਜ ਬਣਤਰ ‘ਅਧਿ’ ਦੇ ਹੋਰ ਅਰਥ ਵੀ ਹਨ ਜਿਵੇਂ ‘ਵੱਡਾ’, ‘ਉੱਚਾ’, ‘ਮੁੱਖੀ’, ‘ਅਧਿਕ’ ਆਦਿਕ ਜੋ ਚੱਲ ਰਹੇ ਸੰਦਰਭ ਵਿਚ ਲਾਗੂ ਨਹੀਂ ਹੁੰਦੇ) ਅਤੇ ‘ਆਤਮ’ ਜਾਂ ‘ਆਤਮਾ’(ਦੋਵੇਂ ਪੁਲਿੰਗ ਰੂਪ ਵਿਚ) ਦਾ ਸਾਂਝਾ ਅਰਥ ਹੈ ‘ਸਵੈ’ ਜਾਂ ‘ਆਪਣਾ-ਆਪ’
(‘self ’)। ਪਹਿਲਾਂ ‘ਅਧਿ-’ ਨਾਲ ‘ਆਤਮ/ਆਤਮਾ’ ਨੂੰ ਜੋੜ ਕੇ ਸ਼ਬਦ ‘ਅਧਿਆਤਮ’ ਅਤੇ ‘ਅਧਿਆਤਮਾ’ ਬਣਦੇ ਹਨ ਜਿਹਨਾਂ ਦਾ ਸਾਂਝਾ ਅਰਥ ਬਣੇਗਾ ‘ਸਵੈ ਦਾ ਗਿਆਨ’ ਜਾਂ ‘ਸਵੈ ਦਾ ਨਿਰੀਖਣ’। ‘ਅਧਿਆਤਮ’ ਜਾਂ ‘ਅਧਿਆਤਮਾ’ ਤੋਂ ਹੀ ਅੱਗੇ ਸ਼ਬਦ ‘ਅਧਿਆਤਮਿਕਤਾ’ ਹੋਂਦ ਵਿਚ ਆਉਂਦਾ ਹੈ (‘ਆਤਮਾ’ ਦਾ ਕੰਨਾਂ ਲੋਪ ਹੋ ਜਾਣ ਤੇ)। ਉਂਜ ‘ਆਤਮ’ ਜਾਂ ‘ਆਤਮਾ’ ਨੂੰ ਪੁਲਿੰਗ ਰੂਪ ਵਿਚ ਮਨੁੱਖੀ ‘ਮਨ’ ਲਈ ਵੀ ਪਰਯੋਗ ਵਿਚ ਲਿਆਂਦਾ ਜਾਂਦਾ ਹੈ ਪਰੰਤੂ ‘ਆਤਮਾ’ ਨੂੰ ‘ਰੂਹ’ (‘soul’) ਦੇ ਅਰਥ ਦੇਣ ਲਈ ਇਸ ਨੂੰ ਇਸਤ੍ਰੀਲਿੰਗ ਰੂਪ ਵਿਚ ਕਿਆਸਿਆ ਜਾਂਦਾ ਹੈ। ‘ਆਤਮਾ’ ਦੇ ‘ਰੂਹ’ ਵਾਲੇ ਅਰਥਾਂ ਨੂੰ ਲੈ ਕੇ ਅੱਗੇ ‘ਪਰਮਾਤਮਾ’ (‘ਪਰਮ+ਆਤਮਾ’ ਭਾਵ ‘supreme soul’) ਸ਼ਬਦ ਬਣਿਆਂ ਹੈ ਜੋ ਅਕਸਰ ‘ਰੱਬ’ ਲਈ ਵਰਤਿਆ ਜਾਂਦਾ ਹੈ। ਸਿਖ ਮਜ਼ਹਬ ਦੇ ਵਿਦਵਾਨ ਜਾਂ ਗੁਰਬਾਣੀ ਦੀ ਵਿਆਖਿਆ ਕਰਨ ਵਾਲੇ ਕਈ ਲੇਖਕ ‘ਰੂਹ’ (‘soul’) ਨੂੰ ‘ਜੀਵ-ਆਤਮਾ’ ਜਾਂ ‘ਅੰਤਰ ਆਤਮਾ’ ਦਾ ਨਾਮ ਵੀ ਦਿੰਦੇ ਵੇਖੇ ਜਾ ਸਕਦੇ ਹਨ ਭਾਵੇਂ ਕਿ ‘ਰੂਹ’ ਦੇ ਅਰਥਾਂ ਵਾਲੀ ‘ਆਤਮਾ’ ਕੇਵਲ ਜੀਵਾਂ ਵਿਚ ਹੀ ਕਿਆਸੀ ਜਾ ਸਕਦੀ ਹੈ ਭਾਵੇਂ ਉਹ ਮਨੁੱਖ ਹੋਣ ਜਾਂ ਪਸ਼ੂ-ਪੰਛੀ ਜਿਸ ਕਰਕੇ ‘ਆਤਮਾ’ (‘ਰੂਹ’ ਦੇ ਅਰਥਾਂ ਵਿਚ) ਨਾਲ ‘ਜੀਵ’ ਸ਼ਬਦ ਜੋੜਨ ਦੀ ਲੋੜ ਨਹੀਂ ਰਹਿੰਦੀ ਅਤੇ ਜੇਕਰ ‘ਆਤਮਾ’ (‘ਰੂਹ’) ਦੀ ਹੋਂਦ ਮੌਜੂਦ ਹੈ ਤਾਂ ਇਹ ਜੀਵ ਦੇ ਅੰਦਰ ਹੀ ਬਿਰਾਜਮਾਨ ਹੋਵੇਗੀ ਨਾ ਕਿ ਕਿਤੇ ਬਾਹਰ ਜਿਸ ਕਰਕੇ ‘ਆਤਮਾ’ ਦੇ ਨਾਲ ‘ਅੰਤਰ’ ਸ਼ਬਦ ਜੋੜ ਕੇ ਸ਼ਬਦ-ਜੁੱਟ ‘ਅੰਤਰ-ਆਤਮਾ’ ਬਣਾਉਣ ਦੀ ਲੋੜ ਵੀ ਨਹੀਂ ਰਹਿੰਦੀ। ਇਸ ਸੰਦਰਭ ਵਿਚ ਦੂਜੀ ਹਾਸੋ-ਹੀਣੀ ਗੱਲ ਇਹ ਉਭਰ ਕੇ ਆਉਂਦੀ ਹੈ ਕਿ ‘ਰੂਹ’ ਦੇ ਅਰਥਾਂ ਵਿਚ ‘ਆਤਮਾ’ ਇਸਤ੍ਰੀਲਿੰਗ ਹੈ ਪਰੰਤੂ ਏਸੇ ‘ਆਤਮਾ’ ਨੂੰ ਜਦੋਂ ‘ਸਰਵਸ੍ਰੇਸ਼ਟ ਰੂਹ’ ਭਾਵ ‘ਪਰਮਾਤਮਾ’ ਦੇ ਤੌਰ ਤੇ ਕਿਆਸਿਆ ਜਾਂਦਾ ਹੈ ਤਾਂ ਇਸਦਾ ਰੂਪ ਪੁਲਿੰਗ ਵਿਚ ਬਦਲ ਦਿੱਤਾ ਜਾਂਦਾ ਹੈ।

ਅਸੀਂ ਅਕਸਰ ਵੇਖਦੇ ਹਾਂ ਕਿ ਉੱਪਰ ਪੇਸ਼ ਕੀਤੇ ‘ਆਤਮ/ਆਤਮਾ’ ਦੇ ‘ਸਵੈ’
(self) ਦੇ ਅਰਥਾਂ ਨੂੰ ਲੈ ਕੇ ਬਣੇ ਰੂਪ ‘ਅਧਿਆਤਮਿਕਤਾ’ ਤੋਂ ਇਲਾਵਾ ‘ਆਤਮਾ’ (‘soul’) ਅਤੇ ‘ਪਰਮਾਤਮਾ’ (‘supreme soul’) ਦੇ ਆਪਸੀ ਸਬੰਧਾਂ ਉੱਤੇ ਅਧਾਰਿਤ ਵਿਚਾਰਧਾਰਾ ਨੂੰ ਵੀ ‘ਅਧਿਆਤਮਿਕਤਾ’ ਦਾ ਨਾਮ ਦੇ ਦਿੱਤਾ ਜਾਂਦਾ ਹੈ ਭਾਵੇਂ ਕਿ ਇਸ ਦੇ ਲਈ ਫਾਰਸੀ ਦਾ ‘ਰੂਹਾਨੀਅਤ’ ਅਤੇ ਅੰਗਰੇਜ਼ੀ ਦਾ ‘spirituality’ ਵਧੇਰੇ ਢੁੱਕਵੇਂ ਹਨ ਜਿਹਨਾਂ ਦੇ ਬਰਾਬਰ ਪੰਜਾਬੀ ਵਿਚ ‘ਆਤਮਿਕਤਾ’ ਸ਼ਬਦ ਘੜਨਾ/ਵਰਤਣਾ ਪਵੇਗਾ। ਦੂਸਰੇ ਪਾਸੇ ਕਿਸੇ ਵਿਸ਼ੇਸ਼ ਮਜ਼ਹਬ (religion) ਦੇ ਆਪਣੇ ਨਿਵੇਕਲੇ ਧਰਮ-ਤੰਤਰ (theology) ਜਾਂ ਵਿਸ਼ਵ ਦੇ ਸਮੂਹ ਧਰਮਾਂ ਦੇ ਪੱਧਰ ਤੇ ਧਰਮ-ਤੰਤਰ ਦੇ ਅਧਿਐਨ ਵਾਸਤੇ ਵੀ ‘ਅਧਿਆਤਮਿਕਤਾ’ ਸ਼ਬਦ ਦਾ ਪਰਯੋਗ ਕਰ ਲਿਆ ਜਾਂਦਾ ਹੈ।

‘ਅਧਿਆਤਮਿਕਤਾ’ (ਕਿਸੇ ਵੀ ਅਰਥਾਂ ਵਿਚ) ਦੇ ਵਿਸ਼ਵਾਸ, ਗਿਆਨ ਜਾਂ ਅਧਿਐਨ ਦੀ ਦਾਰਸ਼ਨਿਕ, ਸਿਧਾਂਤਕ ਅਤੇ ਵਿਵਹਾਰਕ ਪਹੁੰਚ ਨੂੰ ‘ਅਧਿਆਤਮਵਾਦ’ ਕਿਹਾ ਜਾਵੇਗਾ।

ਉੱਪਰ ਆਈ ਵਿਆਖਿਆ ਤੋਂ ਸਪਸ਼ਟ ਹੋ ਜਾਂਦਾ ਹੈ ਕਿ ‘ਆਤਮ’ ਅਤੇ ‘ਆਤਮਾ’ ਸ਼ਬਦਾਂ ਨੂੰ ਲੈ ਕੇ ਸਾਡੇ ਸਾਹਮਣੇ ਹੇਠਾਂ ਦਰਸਾਈਆਂ ਤਿੰਨ ਸਥਿਤੀਆਂ ਸਾਹਮਣੇ ਆ ਜਾਂਦੀਆਂ ਹਨ।

1. ‘ਆਤਮ/ਆਤਮਾ’ ਦਾ ‘ਸਵੈ’
(self) ਦੇ ਅਰਥਾਂ ਵਿਚ ਗਿਆਨ ਜਾਂ ਨਿਰੀਖਣ।
ਅਜੋਕੇ ਯੁਗ ਵਿਚ ਅਧਿਆਤਮਕਤਾ ਦੀ ਇਹ ਵਿਆਖਿਆ ਬਿਲਕੁਲ ਵਿਗਿਆਨਕ ਹੈ ਅਤੇ ਤਰਕਸ਼ੀਲਤਾ ਦੇ ਪੈਮਾਨੇ ਉੱਤੇ ਖਰੀ ਉਤਰਦੀ ਹੈ।
2. ‘ਆਤਮਾ’
(soul) ਅਤੇ ‘ਪਰਮਾਤਮਾ’ (supreme soul) ਸਬੰਧੀ ਗਿਆਨ ਜਾਂ ਫਲਸਫਾ।
‘ਅਧਿਆਤਮਿਕਤਾ’ ਦੀ ਇਹ ਵਿਆਖਿਆ ਕੇਵਲ ਉਹਨਾਂ ਲੋਕਾਂ ਤਕ ਹੀ ਸੀਮਿਤ ਹੈ ਜੋ ‘ਆਤਮਾ’
(soul) ਅਤੇ ‘ਪਰਮਾਤਮਾ’ ਜਿਹੀਆਂ ਪ੍ਰਾਲੌਕਿਕੀ ਅਤੇ ਰਹੱਸਮਈ ਧਾਰਨਾਵਾਂ ਵਿਚ ਵਿਸ਼ਵਾਸ ਰੱਖਦੇ ਹਨ। ਇਹ ਠੀਕ ਹੈ ਕਿ ਅਜੋਕੇ ਯੁਗ ਵਿਚ ਵੀ ਇਸ ਵਿਆਖਿਆ ਨੂੰ ਮਾਨਤਾ ਦੇਣ ਵਾਲੇ ਬਹੁਤ ਲੋਕ ਮਿਲ ਜਾਣਗੇ ਪਰੰਤੂ ਇਹ ਵਿਆਖਿਆ ਪੂਰੀ ਤਰ੍ਹਾਂ ਗੈਰਵਿਗਿਆਨਕ ਹੈ ਅਤੇ ਤਰਕਸ਼ੀਲਤਾ ਦੇ ਪੈਮਾਨੇ ਉੱਤੇ ਖਰੀ ਨਹੀਂ ਉਤਰਦੀ।
3. ਕਿਸੇ ਵਿਸ਼ੇਸ਼ ਮਜ਼ਹਬ
(religion) ਜਾਂ ਸਮੂਹ ਧਰਮਾਂ ਦੇ ਪੱਧਰ ਉੱਤੇ ਧਰਮ-ਤੰਤਰ ਦਾ ਵਿਸਤ੍ਰਿਤ ਵਿਸ਼ਲੇਸ਼ਣ।
‘ਅਧਿਆਤਮਿਕਤਾ’ ਦੀ ਇਹ ਵਿਆਖਿਆ ਵੀ ਕੇਵਲ ਉਹਨਾਂ ਲੋਕਾਂ ਤਕ ਸੀਮਿਤ ਹੈ ਜੋ ਕਿਸੇ ਨਾ ਕਿਸੇ ਮਜ਼ਹਬ ਵਿਚ ਆਸਥਾ ਰੱਖਦੇ ਹਨ। ਇੱਕਵੀਂ ਸਦੀ ਵਿਚ ਆ ਕੇ ਵੀ ਸੰਸਾਰ ਭਰ ਵਿਚ ਅਜਿਹੇ ਲੋਕਾਂ ਦੀ ਗਿਣਤੀ ਲਗ-ਭਗ 75% ਹੈ। ਪਰੰਤੂ ਵਿਗਿਆਨ ਮਜ਼ਹਬ ਨੂੰ ਮਾਨਤਾ ਨਹੀਂ ਦਿੰਦਾ ਅਤੇ ਇਹ ਵਿਆਖਿਆ ਵੀ ਤਰਕਸ਼ੀਲਤਾ ਦੇ ਪੈਮਾਨੇ ਉੱਤੇ ਖਰੀ ਨਹੀਂ ਉਤਰਦੀ।

ਹੁਣ ਅਸੀਂ ਗੁਰਮੱਤ ਦੇ ਸੰਦਰਭ ਵਿਚ ‘ਅਧਿਆਤਮਿਕਤਾ’ ਦੀ ਸਥਿਤੀ ਨੂੰ ਵਾਚਣ ਦਾ ਯਤਨ ਕਰਾਂਗੇ। ‘ ਗੁਰਮੱਤ ’ ਦਾ ਅਰਥ ਹੈ ਗੁਰਬਾਣੀ-ਗ੍ਰੰਥ ਵਿਚ ਸ਼ਾਮਲ ਰਚਨਾਵਾਂ ਵਿੱਚੋਂ ਸਮੁਚੇ ਤੌਰ ਤੇ ਪਰਾਪਤ ਹੁੰਦਾ ਫਲਸਫਾ ਅਤੇ ਜੀਵਨ-ਢੰਗ। ਇਹਨਾਂ ਰਚਨਾਵਾਂ ਨੂੰ ਇਕੱਠਿਆਂ ਕਰਕੇ ਬਣਦੇ ਪਾਠ
(text) ਨੂੰ ‘ਗੁਰਬਾਣੀ ’ ਕਹਿ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ‘ ਗੁਰਮੱਤ ’ ਨੂੰ ਗੁਰਬਾਣੀ ਵਿੱਚੋਂ ਪਰਾਪਤ ਹੁੰਦੇ ਫਲਸਫੇ ਦੇ ਸੰਪੂਰਨ ਪ੍ਰਬੰਧ ਦੇ ਤੌਰ ਤੇ ਦਰਸਾਇਆ ਜਾ ਸਕਦਾ ਹੈ। ‘ਸਿਖ ਧਰਮ’ ਵਿਚ ਸ਼ਾਮਲ ਲੋਕ ਗੁਰਮੱਤ ਤੋਂ ਬਾਹਰ ਜਾਂ ਗੁਰਮੱਤ ਦੇ ਵਿਪਰੀਤ ਜਾ ਰਹੀ ਕਿਸੇ ਧਾਰਨਾ ਨੂੰ ਮਨਮੱਤ, ਅਨਮੱਤ, ਦੁਰਮੱਤ ਜਾਂ ਕੁਮੱਤ ਕਹਿ ਕੇ ਦੁਰਕਾਰਦੇ ਹਨ।

ਪਹਿਲੀ ਸਥਿਤੀ

ਗੁਰਮੱਤ ‘ਅਧਿਅਤਮਿਕਤਾ’ ਦੀਆਂ ਉੱਪਰ ਦਰਸਾਈਆਂ ਸਥਿਤੀਆਂ ਵਿੱਚੋਂ ਪਹਿਲੇ ਸਥਾਨ ਵਾਲੀ ਸਥਿਤੀ ਨੂੰ ਮਾਨਤਾ ਦਿੰਦੀ ਹੈ ਭਾਵ ਗੁਰਮੱਤ ‘ਆਤਮ/ਆਤਮਾ’ ਦੇ ਮਨੁੱਖੀ ‘ਸਵੈ’
(self) ਦੇ ਅਰਥਾਂ ਵਿਚ ਗਿਆਨ ਜਾਂ ਨਿਰੀਖਣ ਨੂੰ ਇਕ ਯੋਗ ਅਤੇ ਮੁੱਢਲੇ ਮਨੁੱਖੀ ਕਾਰਜ ਦੇ ਤੌਰ ਤੇ ਸਵੀਕਾਰਦੀ ਹੈ। ਅਜਿਹਾ ਇਸ ਅਧਾਰ ਤੇ ਹੈ ਕਿ ਪਹਿਲਾਂ ਤਾਂ ਗੁਰਮੱਤ ਤਰਕਸ਼ੀਲਤਾ ਨੁੰ ਪੂਰੀ ਮਾਨਤਾ ਦਿੰਦੀ ਹੈ ਅਤੇ ਵਿਗਿਆਨਕ ਪਹੁੰਚ ਦੀ ਹਾਮੀ ਹੈ। ਗੁਰਬਾਣੀ ਵਿਚ ਵਿਵੇਕ, ਬੁੱਧੀ, ਸੂਝ, ਤਰਕ, ਅਕਲ, ਸਹਜ ਨੂੰ ਪਰਿਆਇਵਾਚੀ ਅਰਥ ਦੇ ਕੇ ਅਕਲ (ਵਿਵੇਕ/ਤਰਕ) ਅਤੇ ਬੋਧ ( ਮਨੁੱਖੀ ਸਿਰਜਣਾਤਮਿਕਤਾ) ਨੂੰ ਉੱਚ-ਪਾਇ ਦਾ ਮਹੱਤਵ ਪਰਦਾਨ ਕੀਤਾ ਗਿਆ ਹੈ ਜਿਵੇਂ
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ
ਅਕਲੀ ਪੜ੍ਹ ਕੇ ਬੁਝੀਐ ਅਕਲੀ ਦੀਚੈ ਦਾਨੁ॥ (ਗੁਰਬਾਣੀ ਗ੍ਰੰਥ ਪੰਨਾਂ 1245)
ਤਿਥੈ ਘੜੀਐ ਸੁਰਤਿ ਮਤਿ ਮਨ ਬੁਧਿ॥
ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ॥ (ਗੁਰਬਾਣੀ ਗ੍ਰੰਥ ਪੰਨਾਂ 8)

ਵਿਵੇਕ ਅਤੇ ਤਰਕ ਉੱਤੇ ਅਧਾਰਿਤ ਹੋਣ ਕਰਕੇ ਗੁਰਮੱਤ ਸਾਰੀਆਂ ਗੈਰਿਵਗਿਆਨਕ ਧਾਰਨਾਵਾਂ ਨੂੰ ਮੂਲੋਂ ਹੀ ਨਕਾਰਦੀ ਹੈ ਜਿਵੇਂ ਕਿ ਪ੍ਰਾਲੌਕਿਕਤਾ, ਰਹੱਸਵਾਦ, ਮਿਥਹਾਸ ਅਤੇ ਅਪ੍ਰਾਕ੍ਰਿਤਕਤਾ ਅਤੇ ਨਾਲ ਹੀ ਇਹਨਾਂ ਨਾਲ ਜੁੜੇ ਵਹਿਮ-ਭਰਮ, ਨਰਕ-ਸਵਰਗ, ਆਵਾਗੌਣ, ਆਤਮਾ (ਰੂਹ), ਭੂਤ-ਪਰੇਤ ਆਦਿਕ ਪ੍ਰਤੀ ਅਤਾਰਕਿਕ ਵਿਸ਼ਵਾਸਾਂ ਨੂੰ।

ਗੁਰਮੱਤ ‘ਆਤਮਾ’ (ਰੂਹ) ਦੀ ਹੋਂਦ ਨੂੰ ਸਵੀਕਾਰ ਨਹੀਂ ਕਰਦੀ ਅਤੇ ਇਸ ਤਰ੍ਹਾਂ ਗੁਰਮੱਤ ‘ਆਤਮ/ਆਤਮਾ’ ਦੇ ਕੇਵਲ ਮਨੁੱਖੀ ‘ਸਵੈ’ ਵਾਲੇ ਅਰਥਾਂ ਨੂੰ ਮਾਨਤਾ ਦਿੰਦੀ ਹੈ ‘ਰੂਹ’
(‘soul’) ਵਾਲੇ ਅਰਥਾਂ ਨੂੰ ਨਹੀਂ ( ਮਨੁੱਖੀ ਸਵੈ ਵਿਚ ਮਨੁਖੀ ਮਨ ਵੀ ਸ਼ਾਮਲ ਹੁੰਦਾ ਹੈ)। ਗੁਰਬਾਣੀ ਵਿਚ ‘ਆਤਮ’ ਅਤੇ ‘ਆਤਮਾ’ ਬਹੁਤ ਥਾਵਾਂ ਉੱਤੇ ਵਰਤੇ ਹੋਏ ਮਿਲਦੇ ਹਨ ਪਰੰਤੂ ਕਿਸੇ ਥਾਂ ਉੱਤੇ ਵੀ ਇਹਨਾਂ ਨੂੰ ‘ਰੂਹ’ (‘soul’) ਦੇ ਅਰਥਾਂ ਵਿਚ ਨਹੀਂ ਵਰਤਿਆ ਗਿਆ। ਏਸੇ ਕਰਕੇ ‘ਗੁਰਬਾਣੀ ਵਿਚ ‘ਪਰਮਾਤਮਾ’ ਸ਼ਬਦ ਵੀ ਕਿਧਰੇ ਵਰਤਿਆ ਹੋਇਆ ਨਹੀਂ ਮਿਲਦਾ ਭਾਵ ਗੁਰਮੱਤ ‘ਪਰਮ+ਆਤਮਾ’ (supreme soul) ਦੇ ਸੰਕਲਪ ਨੂੰ ਵੀ ਮਾਨਤਾ ਨਹੀਂ ਦਿੰਦੀ।

ਗੁਰਬਾਣੀ ਵਿਚ ਦੋ ਥਾਵਾਂ ਉੱਤੇ ‘ਆਤਮ’ ਸ਼ਬਦ ‘ਪਰਾਤਮ’ (‘ਪਰ+ਆਤਮ’) ਦੇ ਹਿੱਸੇ ਦੇ ਤੌਰ ਤੇ ਆਇਆ ਹੈ ਪਰੰਤੂ ਇਹਨਾਂ ਦੋਵ੍ਹਾਂ ਥਾਵਾਂ ਉੱਤੇ ‘ਪਰਾਤਮ’ ਦਾ ਅਰਥ ‘ਵਡੇਰਾ ਸਵੈ’ ਤੋਂ ਹੈ ( ਅਗੇਤਰ ‘ਪਰ-’ ਦੇ ਅਰਥ ‘ਵਡੇਰਾ’ ਤੋਂ ਹੋਣ ਕਰਕੇ) ਭਾਵ ਏਥੇ ‘ਆਤਮ’ ਦੀ ਵਰਤੋਂ ‘ਸਵੈ’ ਦੇ ਅਰਥਾਂ ਵਿਚ ਹੋਈ ਹੈ। ਇਸ ਦੇ ਨਾਲ ਹੀ ਗੁਰਬਾਣੀ ਵਿਚ ਇਕ ਥਾਂ ਉੱਤੇ ‘ਆਤਮ’ ਸ਼ਬਦ ‘ਪਰਮਾਤਮੁ’ (‘ਪਰਮ+ਆਤਮ’) ਦੇ ਹਿੱਸੇ ਦੇ ਤੌਰ ਤੇ ਵੀ ਆਇਆ ਹੈ ਜਿਵੇਂ ਕਿ ਹੇਠਾਂ ਵਿਖਾਇਆ ਗਿਆ ਹੈ:
ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ॥
ਏਕੋ ਅੰਮ੍ਰਿਤ ਬਿਰਖ ਹੈ ਫਲੁ ਅੰਮ੍ਰਿਤ ਹੋਈ॥ (ਗੁਰਬਾਣੀ ਗ੍ਰੰਥ ਪੰਨਾਂ 421)

ਏਥੇ ‘ਪਰਮਾਤਮੁ’ ਦਾ ਅਰਥ ‘ਸਰਵਸ੍ਰੇਸ਼ਟ ਸਵੈ’
(‘supreme self’) ਤੋਂ ਹੈ ਨਾ ਕਿ ‘ਪਰਮਾਤਮਾ’ (‘supreme soul’) ਤੋਂ। ਉੱਪਰ ਦਰਸਾਈਆਂ ਸਥਿਤੀਆਂ ਵਿਚ ਅਗੇਤਰ ‘ਪਰ-’ ਦੀ ਵਰਤੋਂ ‘ਵਡੇਰਾ’ (‘greater’/’senior’ ) ਦੇ ਅਰਥਾਂ ਵਿਚ ਕੀਤੀ ਗਈ ਹੈ ਜਿਵੇਂ ‘ਪੜਦਾਦਾ’, ‘ਪੜਨਾਨੀ’ ਆਦਿਕ ਸ਼ਬਦਾਂ ਵਿਚ ਅਗੇਤਰ ‘ਪੜ-’ ਦੀ ਵਰਤੋਂ ਕੀਤੀ ਹੋਈ ਮਿਲਦੀ ਹੈ ਜੋ ਕਿ ‘ਪਰ-’ ਦਾ ਹੀ ਬਦਲਿਆ ਹੋਇਆ ਰੂਪ ਹੈ। ਦੂਸਰੇ ਪਾਸੇ ਗੁਰਬਾਣੀ ਵਿਚ ‘ਵਡੇਰਾ ਸਵੈ’ ਲਈ ‘ਆਤਮਾ ਦੇਓ’ ਅਤੇ ‘ਆਤਮਾ ਰਾਮੁ’ ਜੁੱਟ ਵੀ ਵਰਤੇ ਹੋਏ ਮਿਲਦੇ ਹਨ ਅਤੇ ਅਜਿਹੇ ਜੁੱਟਾਂ ਵਿਚ ਵੀ ’ਆਤਮਾ’ ਦਾ ਅਰਥ ‘ਸਵੈ’ ਤੋਂ ਹੈ ਨਾ ਕਿ ‘ਰੂਹ’ (soul) ਤੋਂ। ਗੁਰਬਾਣੀ ਵਿਚ ‘ਰੂਹ’ ਸ਼ਬਦ ਦੋ ਢੰਗਾਂ ਨਾਲ ਵਰਤਿਆ ਗਿਆ ਹੈ। ਇਕ ਪਾਸੇ ‘ਰੂਹ’ ਸ਼ਬਦ (ਇਸਤ੍ਰੀਲਿੰਗ ਅਤੇ ਬਹੁਵਚਨ ਰੂਪ ਵਿਚ) ਦੀ ਵਰਤੋਂ ਸ਼ੇਖ ਫਰੀਦ ਦੇ ਹੇਠਾਂ ਦਿੱਤੇ ਸਲੋਕ ਵਿਚ ਹੋਈ ਹੈ:
ਫਰੀਦਾ ਮਹਲ ਨਿਸਖਣ ਰਹਿ ਗਏ ਵਾਸਾ ਆਇਆ ਤਲਿ॥
ਗੋਰਾਂ ਸੇ ਨਿਮਾਣੀਆਂ ਬਹਿਸਣ ਰੂਹਾਂ ਮਲਿ॥ ( ਗੁਰਬਾਣੀ ਗ੍ਰੰਥ ਪੰਨਾਂ 1383)

ਏਥੇ ‘ਰੂਹ’ ਨੂੰ ਆਤਮਾ
(soul) ਦੇ ਤੌਰ ਨੂੰ ਮਾਨਤਾ ਨਹੀਂ ਦਿੱਤੀ ਗਈ ਸਗੋਂ ਮੁਰਦਾ ਹੋਈ ਮਨੁੱਖੀ ਦੇਹ ਨੂੰ ‘ਰੂਹ’ ਦਾ ਨਾਮ ਦਿੱਤਾ ਗਿਆ ਹੈ ਜਿਸ ਨੇ ਮੌਤ ਪਿੱਛੋਂ ਮਹਿਲਾਂ ਨੂੰ ਛੱਡ ਕੇ ਧਰਤੀ ਦੇ ਹੇਠਾਂ ਕਬਰ ਵਿਚ ਜਾ ਕੇ ਨਿਵਾਸ ਕਰਨਾ ਹੈ। ਜੇਕਰ ਕਿਸੇ ਨੇ ਏਥੇ ‘ਰੂਹ’ ਨੂੰ ਆਤਮਾ (soul) ਦਾ ਅਰਥ ਦੇਣਾ ਵੀ ਹੋਵੇ ਤਾਂ ਏਥੇ ਆਤਮਾ (soul) ਦੀ ਹੋਂਦ ਉੱਤੇ ਕਟਾਖਸ਼ ਕੀਤਾ ਗਿਆ ਸਪਸ਼ਟ ਜ਼ਾਹਿਰ ਹੋਵੇਗਾ ਇਹ ਅਰਥ ਦਿੰਦੇ ਹੋਏ ਕਿ ਅਜਿਹੀ ਰੂਹ ਦੀ ਹੋਂਦ ਕੀ ਹੋਈ ਜਿਸ ਨੇ ਕਿਆਮਤ (ਭਾਵ ਬਹੁਤ ਲੰਬੇ ਸਮੇਂ) ਤਕ ਕਬਰ ਵਿਚ ਗਲੀ-ਸੜੀ ਲਾਸ਼ ਦੀ ਥਾਂ ਤੇ ਹੀ ਬੈਠੀ ਰਹਿਣਾ ਹੈ। ਦੂਸਰੇ ਪਾਸੇ ਗੁਰਬਾਣੀ ਵਿਚ ‘ਰੂਹ’ ਦੀ ਵਰਤੋਂ ਪੁਲਿੰਗ ਰੂਪ ਵਿਚ ਹੋਈ ਹੈ ਅਤੇ ਇਹ ਸਪਸ਼ਟ ਹੀ ਹੈ ਕਿ ਇਸ ਨੂੰ ਮਨੁੱਖੀ ‘ਸਵੈ’ ਦੇ ਪਰਿਆਇਵਾਚੀ ਦੇ ਤੌਰ ਤੇ ਵਰਤਿਆ ਗਿਆ ਹੈ। ਸ਼ੇਖ ਫਰੀਦ ਨੇ ਹੀ ਆਪਣੇ ਹੇਠਾਂ ਦਿੱਤੇ ਸਲੋਕ ਵਿਚ ‘ਰੂਹ’ ਦੀ ਅਜਿਹੀ ਵਰਤੋਂ ਕੀਤੀ ਹੈ:
ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋ ਜਾਇ॥
ਗਹਿਲਾ ਰੂਹੁ ਨ ਜਾਣਈ ਸਿਰੁ ਭੀ ਮਿਟੀ ਖਾਇ॥ (ਗੁਰਬਾਣੀ ਗ੍ਰੰਥ ਪੰਨਾਂ 1379)
ਗੁਰੂ ਅਰਜਨ ਨੇ ਅਜਿਹੀ ਵਰਤੋਂ ‘ਰੂਹ’ (ਪੁਲਿੰਗ ਵਜੋਂ) ਨੂੰ ‘ਰੂਹੜਾ’ ਦਾ ਰੂਪ ਦਿੰਦੇ ਹੋਏ ਹੇਠਾਂ ਦਿੱਤੇ ਅਨੁਸਾਰ ਬਹੁਵਚਨ ਰੂਪ ਵਿਚ ਕੀਤੀ ਹੈ:
ਭੋਰੇ ਭੋਰੇ ਰੂਹੜੇ ਸੇਵੇਦੇ ਆਲਕੁ॥
ਮੁਦਤਿ ਪਈ ਚਿਰਾਣੀਆ ਫਿਰ ਕਡੂ ਆਵੈ ਰੁਤਿ॥ (ਗੁਰਬਾਣੀ ਗ੍ਰੰਥ ਪੰਨਾਂ 1095)
ਜਦੋਂ ਗੁਰਮੱਤ ‘ਰੂਹ’
(soul) ਨੂੰ ਮਾਨਤਾ ਹੀ ਨਹੀਂ ਦਿੰਦੀ ਗੁਰਮੱਤ ਦੇ ਸੰਦਰਭ ਵਿਚ ‘ਰੂਹ’ ਦੇ ‘ਅਮਰ’ ਹੋਣ ਦਾ ਕੋਈ ਮੁਦਾ ਨਹੀਂ ਉੱਠਦਾ। ਪਰੰਤੂ ਗੁਰਮੱਤ ਅਨੁਸਾਰ ਸਰੀਰ ਨਾਸ਼ਵਾਨ ਨਹੀਂ ਸਗੋਂ ਅਮਰ ਹੈ ਕਿਉਂਕਿ ਇਹ ਪੰਜ ਤੱਤਾਂ ਵਿੱਚੋਂ ਉਤਪੰਨ ਹੁੰਦਾ ਹੈ ਅਤੇ ਆਖਰ ਪੰਜ ਤੱਤਾਂ ਵਿਚ ਹੀ ਸਮਾ ਜਾਂਦਾ ਹੈ। ਗੁਰਬਾਣੀ ਅਨੁਸਾਰ
ਪੰਚ ਤਤੁ ਮਿਲ ਕਾਇਆ ਕੀਨੀ॥
ਤਿਸ ਮਹਿ ਰਾਮ ਰਤਨੁ ਲੈ ਚੀਨੀ॥ (ਗੁਰਬਾਣੀ ਗ੍ਰੰਥ ਪੰਨਾਂ 1030)
ਅਤੇ
ਨਹਿ ਬਿਨਸੈ ਅਬਿਨਾਸੀ ਹੋਗੁ॥
ਨਾ ਕੋਈ ਮਰੈ ਨ ਆਵੈ ਜਾਇਆ॥ (ਗੁਰਬਾਣੀ ਗ੍ਰੰਥ ਪੰਨਾਂ 885)

ਏਥੇ ਇਹ ਸਪਸ਼ਟ ਕਰਨਾ ਜ਼ਰੂਰੀ ਹੋ ਜਾਂਦਾ ਹੈ ਕਿ ਗੁਰਮੱਤ ਰਾਹੀਂ ਪੇਸ਼ ਕੀਤਾ ਗਿਆ ‘ਵਡੇਰਾ ਸਵੈ’ ਕੀ/ਕੌਣ ਹੈ ਅਤੇ ਉਸ ਦਾ ਮਨੁੱਖੀ ‘ਸਵੈ’ ਨਾਲ ਕੀ ਸਬੰਧ ਹੈ। ਗੁਰਮੱਤ ਮਜ਼ਹਬਾਂ ਵੱਲੋਂ ਪੇਸ਼ ਕੀਤੇ ਗਏ ਪਰਮਾਤਮਾ, ਸ਼ਖਸੀ ਰੱਬ ਜਾਂ ਬ੍ਰਹਮ ਨੂੰ ਰੱਦ ਕਰਦੇ ਹੋਏ ਬ੍ਰਹਮੰਡੀ ਊਰਜਾ ਕੇਂਦਰ/ਸਰੋਤ ਨੂੰ ਮਾਨਤਾ ਦਿੰਦੀ ਹੈ ਅਤੇ ਇਹ ਧਾਰਨਾ ਪ੍ਰਾਲੌਕਿਕ ਜਾਂ ਰਹੱਸਵਾਦੀ ਹੋਣ ਦੀ ਬਜਾਇ ਪੂਰੀ ਤਰ੍ਹਾਂ ਵਿਗਿਆਨਕ ਹੈ। ਗੁਰਮੱਤ ਇਸ ਬ੍ਰਹਮੰਡੀ ਊਰਜਾ ਕੇਂਦਰ/ਸਰੋਤ ਨੂੰ ‘ਕਰਤਾਰ’ ਦਾ ਨਾਮ ਦਿੰਦੀ ਹੈ ਕਿਉਂਕਿ ਏਹੀ ਬ੍ਰਹਮੰਡ ਦਾ ‘ਸਿਰਜਣਹਾਰ’ ਹੈ। ਗੁਰੂ ਨਾਨਕ ਨੇ ‘ਜਪੁ ਬਾਣੀ’ ਵਿਚ ਇਸ ‘ਕਰਤਾਰ’ ਨੂੰ ‘ਕਰਤਾ ਪੁਰਖ’ ਦਾ ਨਾਮ ਦਿੱਤਾ ਹੈ। ਗੁਰੂ ਨਾਨਕ ਕਰਤਾਰ/ਸਿਰਜਣਹਾਰ ਨੂੰ ਬ੍ਰਹਮੰਡੀ ਨਿਯਮਾਂ ਦੇ ਇਕ ਸੰਘਟਿਤ ਪ੍ਰਬੰਧ ਦੇ ਤੌਰ ਤੇ ਮੰਨਦੇ ਹਨ ਜਿਸ ਕਰਕੇ ਇਹ ਰੂਪਰਹਿਤ, ਸਦੀਵੀ (ਅਕਾਲ ਮੂਰਤ), ਸੰਪੂਰਣ ਅਤੇ ਵਿਗਿਆਨਕ ਹੋਂਦ ਹੈ। ਗੁਰਬਾਣੀ ਵਿਚ ਇਸ ਨੂੰ ‘ਨਿਰੰਕਾਰ’ ਕਿਹਾ ਗਿਆ ਹੈ ਜੋ ‘ਸਦਾ ਸਲਾਮਤ’ ਹੈ। ਇਹ ਕਰਤਾਰ/ਸਿਰਜਣਹਾਰ ਇਕ ਨਿਯਮ-ਅਧਾਰਿਤ ਪ੍ਰਬੰਧ ਦੇ ਤੌਰ ਤੇ ਸਾਰੇ ਜੀਵਾਂ ਅਤੇ ਬਾਕੀ ਪਦਾਰਥਕ ਰੂਪਾਂ ਵਿਚ ਵੀ ਰਮਿਆ ਹੋਇਆ ਹੈ ਅਤੇ ਇਸ ਕਰਕੇ ਇਸ ਨੂੰ ‘ਰਾਮ’ ਵੀ ਕਿਹਾ ਗਿਆ ਹੈ। ਸਪਸ਼ਟ ਤੌਰ ਤੇ ਮਨੁੱਖ ਜਾਤੀ ਧਰਤੀ ਉਤਲੀਆਂ ਬਾਕੀ ਪਰਜਾਤੀਆਂ ਅਤੇ ਨਿਰਜੀਵ ਵਸਤਾਂ ਨਾਲ ਮਿਲ ਕੇ ਇਕ ਛੋਟਾ ਜਿਹਾ ਪ੍ਰਬੰਧ ਬਣਾਉਂਦੀ ਹੈ ਜੋ ਬਹੁਤ ਵਿਸ਼ਾਲ ਪਸਾਰੇ ਭਾਵ ਬ੍ਰਹਮੰਡੀ-ਪ੍ਰਬੰਧ ਦਾ ਨਿਗੂਣਾ ਜਿਹਾ ਹਿੱਸਾ ਹੈ। ਇਸ ਬ੍ਰਹਮੰਡੀ-ਪ੍ਰਬੰਧ ਦੇ ਨਿਯਮ-ਤੰਤਰ
(system) ਨੂੰ ਗੁਰਬਾਣੀ ਵਿਚ ‘ਹੁਕਮ’ ਕਿਹਾ ਗਿਆ ਹੈ। ਗੁਰਬਾਣੀ ਦੇ ‘ਵਡੇਰਾ ਸਵੈ’ ਵਾਲੇ ਸਿਧਾਂਤ ਵਿਚ ਨਾ ਪ੍ਰਾਲੌਕਿਕਤਾ ਹੈ, ਨਾ ਹੀ ਆਤਮਿਕਤਾ ਅਤੇ ਨਾ ਹੀ ਦਿੱਵਤਾ। ਅਜੋਕਾ ਵਿਗਿਆਨ ਵੀ ਬ੍ਰਹਮੰਡ ਦੀ ਉਤਪੱਤੀ ਇੱਕੋ-ਇਕ ਉਰਜਾ ਕੇਂਦਰ/ਸਰੋਤ ਤੋਂ ਹੋਈ ਮੰਨਦਾ ਹੈ ਭਾਵੇਂ ਇਸ ਉਤਪੱਤੀ ਦਾ ਅਰੰਭ ‘ਬਿਗ-ਬੈਂਗ’ ਰਾਹੀਂ ਹੋਇਆ ਹੈ ਜਾਂ ਕਿਸੇ ਹੋਰ ਤਰੀਕੇ ਨਾਲ (ਜਿਸ ਬਾਰੇ ਵਿਗਿਆਨ ਵੀ ਹਾਲੇ ਤਕ ਪੂਰੀ ਤਰ੍ਹਾਂ ਸਪਸ਼ਟ ਨਹੀਂ)।

ਗੁਰਮੱਤ ਅਨੁਸਾਰ ਮਨੁੱਖੀ-ਸਵੈ ‘ਛੋਟਾ’ ਸਵੈ ਹੈ ਅਤੇ ਬ੍ਰਹਮੰਡੀ-ਪ੍ਰਬੰਧ ਵਡੇਰਾ ‘ਸਵੈ’ ਹੈ ਅਤੇ ਇਹਨਾਂ ਦੋਵ੍ਹਾਂ ਵਿਚ ਸਹਿਜੀਵਤਾ
(symbiosis) ਦਾ ਸਬੰਧ ਕਾਇਮ ਹੈ। ਵਿਗਿਆਨਕ ਪਹੁੰਚ ਅਨੁਸਾਰ ਬ੍ਰਹਮੰਡ ਦੀ ਮਨੁੱਖ ਸਮੇਤ ਹਰੇਕ ਜੀਵੰਤ ਜਾਂ ਨਿਰਜੀਵ ਹੋਂਦ ਦੇ ਅਤੇ ਸਮੁੱਚੇ ਬ੍ਰਹਮੰਡ ਦੇ ਨਿਯਮ ਇੱਕੋ ਜਿਹੇ ਹੀ ਹਨ। ਗੁਰਬਾਣੀ ਵਿਚ ਦਰਜ ਸਤਰ, “ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥” (ਗੁਰਬਾਣੀ ਗ੍ਰੰਥ ਪੰਨਾਂ 695) ਦਾ ਭਾਵ ਵੀ ਏਹੋ ਹੀ ਹੈ। ਮਨੁੱਖੀ-ਸਵੈ ਅਤੇ ਬ੍ਰਹਮੰਡੀ-ਪ੍ਰਬੰਧ (ਜਿਸ ਨੂੰ ਗੁਰਬਾਣੀ ‘ ਵਡੇਰਾ-ਸਵੈ ’ ਕਰਕੇ ਪੇਸ਼ ਕਰਦੀ ਹੈ) ਵਿਚਲਾ ਇਹ ਸਹਿਜੀਵੀ (symbiotic) ਸਬੰਧ ਕੇਵਲ ਸਰੀਰਕ ਅਤੇ ਮਾਨਸਿਕ ਪੱਧਰ ਉੱਤੇ ਹੀ ਮੌਜੂਦ ਹੈ ਅਤੇ ਇਸ ਵਿਚ ਮਨੁੱਖ ਵਾਲੇ ਪਾਸੇ ਰੂਹ (soul) ਅਤੇ ਬ੍ਰਹਮੰਡੀ-ਪ੍ਰਬੰਧ ਵਾਲੇ ਪਾਸੇ ‘ਪਰਮ-ਆਤਮਾ’ ਦੀ ਕਲਪਿਤ ਹੋਂਦ ਦਾ ਕੋਈ ਸਬੰਧ ਮਹੱਤਵ ਸ਼ਾਮਲ ਨਹੀਂ। ਗੁਰਮੱਤ ਰਾਹੀਂ ਦਿੱਤਾ ਗਿਆ ਇਹ ਸਹਿਜੀਵਤਾ ਦਾ ਸਿਧਾਂਤ ਅਨੁਭਵਸਿੱਧ ਨਿਰੀਖਣ (empirical analysis) ਉੱਤੇ ਅਧਾਰਿਤ ਹੈ ਜਿਸ ਕਰਕੇ ਇਹ ਪੂਰੀ ਤਰ੍ਹਾਂ ਵਿਗਿਆਨਕ ਸਾਬਤ ਹੁੰਦਾ ਹੈ।
ਗੁਰਬਾਣੀ ਵਿਚ ‘ਅਧਿਆਤਮ’ ਨੂੰ ‘ਆਤਮ ਚੀਨਣ’ ਕਿਹਾ ਗਿਆ ਹੈ ਅਤੇ ‘ਆਤਮ-ਚੀਨਣ’ ਦੀ ਸਮਰੱਥਾ ਕੇਵਲ ਮਨੁੱਖ ਵਿਚ ਹੀ ਹੋ ਸਕਦੀ ਹੈ ਪਸ਼ੂ/ਪੰਛੀਆਂ ਅਤੇ ਰੁੱਖਾਂ ਪੌਦਿਆਂ ਵਿਚ ਨਹੀਂ। ਗੁਰਬਾਣੀ ਅਨੁਸਾਰ ਮਨੁੱਖ ਲਈ ਜ਼ਰੂਰੀ ਹੈ ਕਿ ਉਹ ਆਪਣੇ ਸਵੈ ਅਤੇ ਬ੍ਰਹਮੰਡੀ ਸਵੈ ਵਿਚਲੇ ਸਹਿਜੀਵਤਾ ਵਾਲੇ ਸਬੰਧ ਨੂੰ ਪਛਾਣੇ ਅਤੇ ਮਹਿਸੂਸ ਕਰੇ। ਅਸਲ ਵਿਚ ਇਸ ਸਹਿਜੀਵਤਾ ਵਾਲੀ ਸਥਿਤੀ ਦੀ ਪਛਾਣ ਅਤੇ ਅਨੁਭੂਤੀ ਹੀ ‘ਆਤਮ-ਚੀਨਣ’ ਦਾ ਸਿਖਰ ਹੈ ਅਤੇ ‘ਮੁਕਤੀ’ ਦੀ ਸਥਿਤੀ ਵੀ ਇਹਯੋ ਹੀ ਹੈ ਜਿਸ ਦੀ ਪਰਾਪਤੀ ਮਨੁੱਖੀ ਜੀਵਨ ਦਾ ਸਰਵੋਤਮ ਉਦੇਸ਼ ਹੈ ਜਿਵੇਂ ਕਿ ਗੁਰਬਾਣੀ ਵਿਚ ਹੇਠਾਂ ਦਿੱਤੇ ਅਨੁਸਾਰ ਦਰਸਾਇਆ ਗਿਆ ਹੈ:
ਭਈ ਪਰਾਪਿਤ ਮਾਨੁਖ ਦੇਹੁਰੀਆ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥ (ਗੁਰਬਾਣੀ ਗ੍ਰੰਥ ਪੰਨਾਂ 378)
ਏਥੇ ‘ਗੋਬਿੰਦ ਮਿਲਣ’ ਦਾ ਅਰਥ ਉੱਪਰ ਦਰਸਾਈ ਸਹਿਜੀਵਤਾ ਵਾਲੀ ਸਥਿਤੀ ਦੀ ਪਛਾਣ ਅਤੇ ਅਨੁਭੂਤੀ ਤੋਂ ਹੈ।
ਗੁਰਬਾਣੀ ਵਿਚ ਬ੍ਰਹਮੰਡੀ ਊਰਜਾ ਕੇਂਦਰ/ਸਰੋਤ ਲਈ ‘ਕਰਤਾਰ’ ਤੋਂ ਇਲਾਵਾ ਹੋਰ ਵੀ ਕਈ ਸ਼ਬਦ ਵਰਤੇ ਗਏ ਹੋਏ ਹਨ ਜਿਵੇਂ ਕਿ ਸੱਚ, ਗੁਰੂ, ਸਤਿਗੁਰੂ, ਪਰਮੇਸਰ, ਪਾਰਬ੍ਰਹਮ, ਪ੍ਰਭ/ਪ੍ਰਭੂ, ਵਾਹ ਗੁਰੂ, ਧਰਮ ਰਾਜ, ਰਾਮ, ਆਤਮਾ ਰਾਮ, ਆਤਮਾ ਦੇਓ, ਹਰੀ, ਸਵਾਮੀ, ਮਾਲਿਕ, ਠਾਕੁਰ, ਖਾਲਿਕ, ਜਗਦੀਸ, ਪੀਤੰਬਰ ਆਦਿਕ। ਪਰੰਤੂ ਅਜਿਹਾ ਕੇਵਲ ਆਪਣੀਆਂ ਦਲੀਲਾਂ ਨੂੰ ਲੋਕਾਂ ਦੀ ਆਮ ਭਾਸ਼ਾ ਵਿਚ ਪੇਸ਼ ਕਰਨ ਦੇ ਯਤਨ ਵਜੋਂ ਕਾਵਿ-ਕਲਾ ਦੀ ਮਾਨਵੀਕਰਣ
(personification) ਦੀ ਵਿਧੀ ਨੂੰ ਅਪਣਾਉਂਦੇ ਹੋਏ ਜਾਂ ਫਿਰ ਕੁਝ ਵਿਸ਼ੇਸ਼ਣੀ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਕੀਤਾ ਗਿਆ ਹੈ ਕਿਉਂਕਿ ਗੁਰਬਾਣੀ ਕਾਵਿ-ਰੂਪ ਵਿਚ ਕੀਤੀ ਗਈ ਰਚਨਾ ਹੈ। ਪਰੰਤੂ ਇਹਨਾਂ ਨਾਵਾਂ ਵਿੱਚੋਂ ਕੋਈ ਵੀ ‘ਪਰਮਾਤਮਾ’ ਦੇ ਅਰਥਾਂ ਲਈ ਨਹੀਂ ਵਰਤਿਆ ਗਿਆ। ਉਂਜ ਵੀ ਗੁਰਬਾਣੀ ਵਿਚ ਬ੍ਰਹਮੰਡੀ ਊਰਜਾ ਕੇਂਦਰ/ਸਰੋਤ ਦੇ ਅਜਿਹੇ ਨਾਵਾਂ ਨੂੰ ‘ਕਿਰਤਮ’ (ਬਨਾਵਟੀ) ਨਾਮ ਕਿਹਾ ਗਿਆ ਹੈ ਅਤੇ ਕੇਵਲ ‘ਸਤਿ’ ਨੂੰ ਹੀ ਅਸਲੀ ਨਾਮ ਗਿਆ ਹੈ ਜਿਵੇਂ ਕਿ ਗੁਰਬਾਣੀ ਵਿਚ ਹੇਠਾਂ ਦਿੱਤੇ ਅਨੁਸਾਰ ਦਰਜ ਹੈ:
ਕਿਰਤਮ ਨਾਮੁ ਕਥੇ ਤੇਰੇ ਜਿਹਬਾ॥
ਸਤਿ ਨਾਮੁ ਤੇਰਾ ਪਰਾਪੂਰਬਲਾ॥ (ਗੁਰਬਾਣੀ ਗ੍ਰੰਥ ਪੰਨਾਂ 1083)

ਗੁਰਮੱਤ ਅਨੁਸਾਰ ਮਨੁੱਖੀ ਜੀਵਨ ਦਾ ਅਸਲੀ ਮਨੋਰਥ ਅਖੌਤੀ ‘ਅਤਮਾ’ (‘ਰੂਹ’) ਨੂੰ ਮਾਇਆ ਅਤੇ ਸੰਸਾਰਿਕਤਾ ਤੋਂ ਨਿਰਲੇਪ ਕਰਨਾ ਨਹੀਂ ਸਗੋਂ ਸੰਸਾਰ ਵਿਚ ਵਿਚਰਦੇ ਹੋਏ ਮਨੁੱਖ ਵੱਲੋਂ ‘ਅਤਮ ਚੀਨਣ’ ਰਾਹੀਂ ਆਪਣੇ ‘ਸਵੈ’ ਅਤੇ ‘ਵਡੇਰੇ ਸਵੈ’ ਵਿਚਲੇ ਸਹਿਜੀਵਤਾ ਵਾਲੇ ਸਬੰਧ ਦੀ ਅਨੁਭੂਤੀ (ਗਿਆਨ ਜਾਂ ਬੋਧ) ਨੂੰ ਪਰਾਪਤ ਕਰਨਾ ਹੈ ਅਤੇ ਇਸ ਅਨੁਭੂਤੀ ਦੇ ਇਹਸਾਸ ਨੂੰ ਮਾਣਦੇ ਹੋਏ ‘ਸਚਿਆਰ’ ਵਾਲਾ ਜੀਵਨ ਬਤੀਤ ਕਰਨਾ ਹੈ। ਮਨੁੱਖ ਦੀ ਇਸ ਅਵਸਥਾ ਸਬੰਧੀ ਗੁਰਬਾਣੀ ਵਿਚ ਹੇਠਾਂ ਦਿੱਤੇ ਅਨੁਸਾਰ ਦਰਜ ਹੈ:
ਆਤਮੇ ਨੋ ਆਤਮੇ ਦੀ ਪ੍ਰਤੀਤ ਹੋਇ
ਤ ਘਰ ਹੀ ਪਰਚਾ ਪਾਇ॥ (ਗੁਰਬਾਣੀ ਗ੍ਰੰਥ ਪੰਨਾਂ 87)
ਆਤਮਾ ਪਰਾਤਮਾ ਏਕੋ ਕਰੈ॥
ਅੰਤਰ ਕੀ ਦੁਬਿਧਾ ਅੰਤਰਿ ਮਰੈ॥ (ਗੁਰਬਾਣੀ ਗ੍ਰੰਥ ਪੰਨਾਂ 661)

ਗੁਰਮੱਤ ਅਨੁਸਾਰ ਇਸ ਅਸਲੀ ਅਧਿਆਤਮਕ ਅਵਸਥਾ ਦੀ ਪਰਾਪਤੀ ਲਈ ਕਿਸੇ ਧਰਮ-ਤੰਤਰ ਨੂੰ ਅਪਣਾਉਣ ਦੀ ਕੋਈ ਲੋੜ ਨਹੀਂ ਕੇਵਲ ‘ਆਤਮ ਚੀਨਣ’ ਦੀ ਪ੍ਰੀਕਿਰਿਆ ਨੂੰ ਨਿਭਾਉਣ ਦੀ ਲੋੜ ਹੈ। ਗੁਰਬਾਣੀ ਵਿਚ ਇਸ ਸਥਿਤੀ ਨੂੰ ਹੇਠਾਂ ਦਿੱਤੀਆਂ ਸਤਰਾਂ ਵਿਚ ਬਾਖੂਬੀ ਦਰਸਾਇਆ ਗਿਆ ਹੈ:
ਆਤਮ ਚੀਨਿ ਪਰਮ ਰੰਗ ਮਾਨੀ॥ (ਗੁਰਬਾਣੀ ਗ੍ਰੰਥ ਪੰਨਾਂ 187)
ਆਤਮੁ ਚੀਨਿ ਪਰਾਤਮੁ ਚੀਨਹੁ ਗੁਰ ਸੰਗਤਿ ਇਹੁ ਨਿਸਤਾਰਾ ਹੇ॥ (ਗੁਰਬਾਣੀ ਗ੍ਰੰਥ ਪੰਨਾਂ 1030)
ਅਸਲ ਵਿਚ ਗੁਰਮੱਤ ਅਨੁਸਾਰ ਆਪਣੇ ‘ਸਵੈ’ ਦਾ ਬ੍ਰਹਮੰਡੀ ਨਿਯਮ-ਤੰਤਰ ਦੇ ਇਕ ਅੰਗ ਵਜੋਂ ਬੋਧ ਅਤੇ ਇਸ ਬੋਧ ਦੇ ਇਹਸਾਸ ਨੂੰ ਮਾਣਨ ਦੀ ਸਥਿਤੀ ਹੀ ਅਸਲੀ ਮੁਕਤੀ ਦੀ ਅਵਸਥਾ ਹੈ। ਇਸ ਅਵਸਥਾ ਨੂੰ ਗੁਰਬਾਣੀ ਵਿਚ ਹੇਠਾਂ ਦਿੱਤੇ ਅਨੁਸਾਰ ਦਰਸਾਇਆ ਗਿਆ ਹੈ:
ਅਧਿਆਤਮ ਕਰਮ ਕਰੇ ਤਾ ਸਾਚਾ॥
ਮੁਕਤਿ ਭੇਦੁ ਕਿਆ ਜਾਣੈ ਕਾਚਾ॥ (ਗੁਰਬਾਣੀ ਗ੍ਰੰਥ ਪੰਨਾਂ 223)
ਉੱਪਰ ਆਈਆਂ ਸਤਰਾਂ ਵਿਚ ‘ਅਧਿਆਤਮ ਕਰਮ’ ਦਾ ਅਰਥ ‘ਆਤਮਿਕਤਾ’ ਭਾਵ ‘ਆਤਮਾ’ (‘ਰੂਹ’) ਅਤੇ ‘ਪਰਮਾਤਮਾ’ ਵਿਚਲੇ ਸਬੰਧ ਤੋ ਨਹੀਂ ਸਗੋਂ ‘ਆਤਮ ਚੀਨਣ’ ਤੋਂ ਹੈ।
(ਚਲਦਾ)
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।




.