.

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਤੀਹਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਪਉੜੀ ਨੰ: ੧੯ ਦਾ ਮੂਲ ਪਾਠ ਸਲੋਕਾਂ ਸਹਿਤ:-

ਸਲੋਕ ਮਃ ੧॥ ਪਹਿਲ ਬਸੰਤੈ ਆਗਮਨਿ, ਪਹਿਲਾ ਮਉਲਿਓ ਸੋਇ॥ ਜਿਤੁ ਮਉਲਿਐ ਸਭ ਮਉਲੀਐ, ਤਿਸਹਿ ਨ ਮਉਲਿਹੁ ਕੋਇ॥ ੧ ॥

ਮਃ ੨॥ ਪਹਿਲ ਬਸੰਤੈ ਆਗਮਨਿ, ਤਿਸ ਕਾ ਕਰਹੁ ਬੀਚਾਰੁ॥ ਨਾਨਕ ਸੋ ਸਾਲਾਹੀਐ, ਜਿ ਸਭਸੈ ਦੇ ਆਧਾਰੁ॥ ੨ ॥

ਮਃ ੨॥ ਮਿਲਿਐ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਇ॥ ਅੰਤਰ ਆਤਮੈ ਜੋ ਮਿਲੈ, ਮਿਲਿਆ ਕਹੀਐ ਸੋਇ॥ ੩ ॥

ਪਉੜੀ॥ ਹਰਿ ਹਰਿ ਨਾਮੁ ਸਲਾਹੀਐ, ਸਚੁ ਕਾਰ ਕਮਾਵੈ॥ ਦੂਜੀ ਕਾਰੈ ਲਗਿਆ, ਫਿਰਿ ਜੋਨੀ ਪਾਵੈ॥ ਨਾਮਿ ਰਤਿਆ ਨਾਮੁ ਪਾਈਐ, ਨਾਮੇ ਗੁਣ ਗਾਵੈ॥ ਗੁਰ ਕੈ ਸਬਦਿ ਸਲਾਹੀਐ, ਹਰਿ ਨਾਮਿ ਸਮਾਵੈ॥ ਸਤਿਗੁਰ ਸੇਵਾ ਸਫਲ ਹੈ, ਸੇਵਿਐ ਫਲ ਪਾਵੈ॥ ੧੯ ॥

(ਸਟੀਕ-ਪਉੜੀ ੧੯, ਸਲੋਕਾਂ ਅਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕ ਮਃ ੧॥ ਪਹਿਲ ਬਸੰਤੈ ਆਗਮਨਿ, ਪਹਿਲਾ ਮਉਲਿਓ ਸੋਇ॥ ਜਿਤੁ ਮਉਲਿਐ ਸਭ ਮਉਲੀਐ, ਤਿਸਹਿ ਨ ਮਉਲਿਹੁ ਕੋਇ॥ ੧॥

ਪਦ ਅਰਥ : — ਪਹਿਲ—ਉਸ ਤੋਂ ਵੀ ਪਹਿਲਾਂ। ਬਸੰਤੈ —ਬਸੰਤ ਰਿਤੂ ਦੇ ਅਰੰਭ ਤੋਂ। ਆਗਮਨ—ਆਉਣਾ, ਅਰੰਭ। ਆਗਮਨਿ—ਆਉਣ ਤੋਂ। ਬਸੰਤੈ ਆਗਮਨਿ— ਰਚਨਾ `ਚ ਬਸੰਤ ਰਿਤੂ ਵਾਲੇ ਨਿਯਮ ਦੇ ਅਰੰਭ ਹੋਣ ਤੋਂ ਵੀ ਪਹਿਲਾਂ। ਸੋਇ—ਪ੍ਰਭੂ, ਅਕਾਲਪੁਰਖ ਨੇ। ਜਿਤੁ ਮਉਲਿਐ—ਜਿਸ ਪ੍ਰਭੂ ਰਾਹੀਂ ਸੰਸਾਰ ਵਿੱਚਲੇ ‘ਖਿੜਾਅ ਤੇ ਖੇੜੇ ਨਾਲ। ਮਉਲਿਓ—ਖਿੜਿਆ ਹੋਇਆ।

ਅਰਥ : — "ਪਹਿਲ ਬਸੰਤੈ ਆਗਮਨਿ" -ਪ੍ਰਭੂ ਆਪ ਹੀ ਆਪਣੀ ਰਚਨਾ ਦੇ ਅਰੰਭ ਕਾਲ ਤੋਂ ਇਸ ਰਚਨਾ ਅੰਦਰ ਸੰਪੂਰਣ ਖੇੜੇ, ਸੁਹੱਪਣ ਦਾ ਸੋਮਾ ਤੇ ਬਹਾਰ ਹੈ ਅਤੇ ਸੰਸਾਰ ਤਲ `ਤੇ ਬਸੰਤ ਰਿਤੂ ਦੇ ਖੇੜੇ ਤੇ ਬਹਾਰ ਦੇ ਅਰੰਭ ਤੋਂ ਪਹਿਲਾਂ ਵੀ ਉਸਦੀ ਹੋਂਦ ਮੌਜੂਦ ਸੀ।

"ਪਹਿਲਾ ਮਉਲਿਓ ਸੋਇ" -ਇਹ ਵੀ ਕਿ ਪ੍ਰਭੂ ਦੀ ਇਸ ਰਚਨਾ ਅੰਦਰ ਜਿਹੜਾ ਸੁਹੱਪਣ, ਖੇੜਾ, ਆਨੰਦ ਤੇ ਬਹਾਰ ਹੈ ਉਹ ਸਭ ਵੀ ਸਮੂਚੀ ਰਚਨਾ ਨੂੰ "ਸੋਇ" ਪ੍ਰਭੂ ਦੀ ਆਪਣੀ ਦੇਣ ਹੈ। ਬਲਕਿ ਸਮੂਚੀ ਰਚਨਾ ਅੰਦਰ ਇਹ ਸਭ ਵੀ, ਪ੍ਰਭੂ ਦੀ ਹੋਂਦ ਦਾ ਹੀ ਪ੍ਰਗਟਾਵਾ ਹੈ।

"ਜਿਤੁ ਮਉਲਿਐ ਸਭ ਮਉਲੀਐ" -ਜਦਕਿ ਮਨੁੱਖੀ ਮਨ ਸਮੇਤ ਸਮੂਚੀ ਰਚਨਾ `ਚ ਇਹ ਸਦੀਵੀ ਬਸੰਤ, ਖੇੜਾ, ਆਨੰਦ, ਮਸਤੀ, ਖਿਲਾਵਟ ਤੇ ਬਹਾਰ, ਪ੍ਰਭੂ ਦੀ ਬਖ਼ਸ਼ੀ ਹੋਈ ਅਜਿਹੀ ਦਾਤ ਹੈ ਜਿਹੜੀ ਉਸ ਦੀ ਇਸ ਸਮੂਚੀ ਰਚਨਾ `ਚ ਉਸ ਪ੍ਰਭੂ ਦੀ ਬਖ਼ਸ਼ਿਸ਼ ਨਾਲ ਹੀ ਕਾਇਮ ਰਹਿੰਦੀ ਹੈ ਤੇ ਨਾਲ-ਨਾਲ ਇਸ ਰਚਨਾ `ਚ ਉਸ ਪ੍ਰਭੂ ਦੀ ਹੋਂਦ ਨੂੰ ਪ੍ਰਗਟਾਉਂਦੀ ਵੀ ਹੈ।

"ਤਿਸਹਿ ਨ ਮਉਲਿਹੁ ਕੋਇ"॥ ੧॥ - ਜਦਕਿ ਉਸ ਤੋਂ ਵੱਡਾ ਸੱਚ ਇਹ ਵੀ ਹੈ ਕਿ ਸਮੂਚੀ ਰਚਨਾ `ਚ ਇਹ ਜਿਹੜਾ ਸਦੀਵੀ ਖੇੜਾ, ਉਮਾਹ, ਸੁਹੱਪਣ, ਖਿਲਾਵਟ, ਬਹਾਰ ਤੇ ਅਨੰਦ ਹੈ ਉਹ ਪ੍ਰਭੂ ਅੰਦਰ ਕਿਸੇ ਹੋਰ ਨੇ ਨਹੀਂ ਪਾਇਆ। ਜਿਵੇਂ ਕਿ ਪ੍ਰਭੂ ਨੇ ਉਸ ਨੂੰ ਸਮੂਚੀ ਰਚਨਾ ਅੰਦਰ ਸਦੀਵੀ ਕਾਇਮ ਰਖਿਆ ਹੋਇਆ ਹੈ ਪਰ ਉਹ ਸਭ ਵੀ ਕਰਤੇ ਪ੍ਰਭੂ ਦੀ ਆਪਣੇ-ਆਪ ਦੀ ਹੀ ਕਿਰਤ ਹੈ। ੧।

ਵਿਸ਼ੇਸ਼-ਸੰਸਾਰ ਤਲ `ਤੇ ਬਸੰਤ ਰੁਤ ਵਾਲੀ ਬਹਾਰ ਤੇ ਖੇੜਾ ਕੇਵਲ ਕੁੱਝ ਸਮੇਂ ਲਈ ਹੁੰਦਾ ਹੈ। ਫ਼ਿਰ ਉਹ ਵੀ ਕਰਤੇ ਦੀ ਹੀ ਦੇਣ, ਦਾਤ ਤੇ ਸੰਸਾਰ ਲਈ ਪ੍ਰਭੂ ਦੀ ਬਹੁਤ ਵੱਡੀ ਬਖ਼ਸ਼ਿਸ਼ ਹੈ।

ਜਦਕਿ ਸਮੂਚੀ ਰਚਨਾ ਅੰਦਰ ਜਿਹੜਾ ਸੁਹੱਪਣ, ਖੇੜਾ, ਉਮਾਹ ਤੇ ਬਹਾਰ ਹੈ ਉਹ ਪ੍ਰਭੂ ਪਿਤਾ ਨੇ ਸਦੀਵ ਕਾਲ ਲਈ, ਮਨੁੱਖ ਮਾਤ੍ਰ ਅਤੇ ਸੰਸਾਰ ਭਰ ਨੂੰ ਆਪ ਦਾਤ ਵੱਜੋਂ ਪ੍ਰਦਾਨ ਕੀਤਾ ਹੋਇਆ ਹੈ।

ਇਹ ਵੀ ਕਿ ਸੰਸਾਰ `ਚ ਪ੍ਰਭੂ ਦੀਆਂ ਅਨੰਤ ਦਾਤਾਂ `ਚੋਂ ਬਸੰਤ ਰੁਤ ਵੀ ਇੱਕ ਦਾਤ ਹੀ ਹੈ ਜਦਕਿ ਪ੍ਰਭੂ ਦੀਆਂ ਇਨ੍ਹਾਂ ਅਨੰਤ ਦਾਤਾਂ ਦਾ ਕਰਤਾ ਤੇ ਰਚਨਹਾਰਾ ਪ੍ਰਭੂ ਆਪ ਹੀ ਆਪ ਹੈ। ਯਥਾ:-

() "ਮਨਿ ਬਸੰਤੁ ਹਰੇ ਸਭਿ ਲੋਇ॥ ਫਲਹਿ ਫੁਲੀਅਹਿ ਰਾਮ ਨਾਮਿ ਸੁਖੁ ਹੋਇ॥ ੨ ॥ ਸਦਾ ਬਸੰਤੁ ਗੁਰ ਸਬਦੁ ਵੀਚਾਰੇ॥ ਰਾਮ ਨਾਮੁ ਰਾਖੈ ਉਰ ਧਾਰੇ" (ਪੰ: ੧੧੭੬)

() "ਆਜੁ ਹਮਾਰੈ ਗ੍ਰਿਹਿ ਬਸੰਤ॥ ਗੁਨ ਗਾਏ ਪ੍ਰਭ ਤੁਮੑ ਬੇਅੰਤ" (ਪੰ: ੧੧੮੦)

() "ਬਸੰਤੁ ਹੈ ਜਿਨੑ ਘਰਿ ਵਸਿਆ ਕੰਤੁ॥ ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਿਸਿ ਫਿਰਹਿ ਜਲੰਤ" (ਪੰ: ੭੯੧)

() "ਧੰਨੁ ਸੁ ਥਾਨੁ ਬਸੰਤ ਧੰਨੁ ਜਹ ਜਪੀਐ ਨਾਮੁ॥ ਕਥਾ ਕੀਰਤਨੁ ਹਰਿ ਅਤਿ ਘਨਾ, ਸੁਖ ਸਹਜ ਬਿਸ੍ਰਾਮੁ" (ਪੰ: ੮੧੬) ਆਦਿ

ਮਃ ੨॥ ਪਹਿਲ ਬਸੰਤੈ ਆਗਮਨਿ, ਤਿਸ ਕਾ ਕਰਹੁ ਬੀਚਾਰੁ॥ ਨਾਨਕ ਸੋ ਸਾਲਾਹੀਐ, ਜਿ ਸਭਸੈ ਦੇ ਆਧਾਰੁ॥ ੨॥ {ਪੰਨਾ ੭੯੧}

ਪਦ ਅਰਥ : — ਕਰਹੁ ਬੀਚਾਰੁ—ਵਿਚਾਰ ਕਰਕੇ ਦੇਖ ਲਵੋ, ਪ੍ਰਭੂ ਦੀ ਸਿਫ਼ਤ-ਸਲਾਹ ਕਰੋ! ਸੋ ਸਾਲਾਹੀਐ—ਉਸ ਪ੍ਰਭੂ ਨੂੰ ਸਲਾਹੁਣਾ ਚਾਹੀਦਾ ਹੈ, ਉਸ ਪ੍ਰਭੂ ਦਾ ਸਦਾ ਗੁਣਨਵਾਦ ਕਰਨਾ ਚਾਹੀਦਾ ਹੈ। ਸਭਸੈ ਦੇ ਆਧਾਰੁ—ਉਹ ਪ੍ਰਭੂ, ਜਿਹੜਾ ਸਮੂਚੀ ਰਚਨਾ ਦਾ ਸਹਾਰਾ ਤੇ ਆਸਰਾ ਹੈ।

ਅਰਥ : — "ਪਹਿਲ ਬਸੰਤੈ ਆਗਮਨਿ, ਤਿਸ ਕਾ ਕਰਹੁ ਬੀਚਾਰੁ" -ਉਸ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰੋ ਤੇ ਗੁਣ-ਗਾਇਣ ਕਰੋ ਜਿਹੜਾ ਬਸੰਤ ਰੁੱਤ ਦੇ ਆਰੰਭ ਹੋਣ ਤੋਂ ਪਹਿਲਾਂ ਵੀ ਮੌਜੂਦ ਸੀ, ਸਦੀਵੀ ਹੋਂਦ ਵਾਲਾ ਹੈ ਤੇ ਜਿਸ ਦੀ ਬਰਕਤ ਨਾਲ ਸਮੂਚੀ ਰਚਨਾ `ਚ ਖੇੜਾ ਤੇ ਉਮਾਹ ਮੌਜੂਦ ਹੈ।

"ਨਾਨਕ ਸੋ ਸਾਲਾਹੀਐ, ਜਿ ਸਭਸੈ ਦੇ ਆਧਾਰੁ" - ਤਾਂ ਤੇ ਹੇ ਨਾਨਕ! ਉਸ ਪ੍ਰਭੂ ਨੂੰ ਸਿਮਰੀਏ, ਕੇਵਲ ਉਸੇ ਪ੍ਰਭੂ ਦੀ ਹੀ ਸਿਫ਼ਤ-ਸਲਾਹ ਹੀ ਕਰੀਏ, ਜਿਹੜਾ ਪ੍ਰਭੂ ਸਮੂਚੀ ਰਚਨਾ ਦਾ ਆਸਰਾ ਹੈ। ੨।

ਮਃ ੨॥ ਮਿਲਿਐ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਇ॥ ਅੰਤਰ ਆਤਮੈ ਜੋ ਮਿਲੈ, ਮਿਲਿਆ ਕਹੀਐ ਸੋਇ॥ ੩॥ {ਪੰਨਾ ੭੯੧}

ਪਦ ਅਰਥ : — ਮਿਲਿਐ—ਨਿਰਾ ਗਲਾਂ ਨਾਲ। ਮਿਲਿਆ ਨਾ ਮਿਲੈ— ਇਸ ਤਰ੍ਹਾਂ ਕੇਵਕ ਗਲੀਂ-ਬਾਤੀ ਪ੍ਰਮਾਤਮਾ ਨਾਲ ਸਾਂਝ ਨਹੀਂ ਬਣ ਸਕਦੀ। ਅੰਤਰ ਆਤਮੈ—ਮਨ ਤੇ ਸੁਰਤ ਕਰਕੇ।

ਅਰਥ : — "ਮਿਲਿਐ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਇ" -ਨਿਰਾ ਗਲਾਂ-ਬਾਤਾਂ ਨਾਲ ਕਿ "ਮੈਂ ਤਾਂ ਮੰਣਦਾ ਹੀ ਪ੍ਰਭੂ ਨੂੰ ਹਾਂ", "ਮੈਂ ਪ੍ਰਭੂ ਨਾਲ ਇਕ-ਮਿੱਕ ਰਹਿੰਦਾ ਹਾਂ", "ਮੈਂ ਹਰ ਸਮੇਂ ਪ੍ਰਭੂ ਨੂੰ ਹੀ ਚੇਤੇ `ਚ ਰਖਦਾ ਹਾਂ", "ਮੇਰਾ ਤਾਂ ਪ੍ਰਭੂ ਤੋਂ ਬਿਨਾ ਕੋਈ ਹੈ ਹੀ ਨਹੀਂ" ਆਦਿ।

ਇਸ ਤਰ੍ਹਾਂ ਕਿਸੇ ਰਾਹੀਂ ਨਿਰਾ ਵੱਡੀਆਂ-ਵੱਡੀਆਂ ਗਲਾਂ ਕਰ-ਕਰਕੇ ਅਜਿਹਾ ਕੁੱਝ ਕਹਿੰਦੇ ਕਹਿਣਾ ਹੀ ਪ੍ਰਭੂ ਦੀ ਯਾਦ `ਚ ਜੁੜਣਾ ਤੇ ਮਨ ਕਰਕੇ ਪ੍ਰਭੂ ਨਾਲ ਮਿਲਾਪ ਕਰ ਲੈਣਾ ਨਹੀਂ। ਬਲਕਿ:-

"ਅੰਤਰ ਆਤਮੈ ਜੋ ਮਿਲੈ, ਮਿਲਿਆ ਕਹੀਐ ਸੋਇ॥ ੩॥" - ਅਸਲ `ਚ ਮਨ ਤੇ ਸੁਰਤ ਕਰਕੇ ਪ੍ਰਭੂ ਨਾਲ ਮਿਲਿਆ ਹੋਇਆ ਕੇਵਲ ਉਹੀ ਜੀਊੜਾ ਹੁੰਦਾ ਤੇ ਉਸੇ ਨੂੰ ਕਿਹਾ ਜਾ ਸਕਦਾ ਹੈ:-

ਜਿਹੜਾ ਕਾਰ-ਵਿਹਾਰ ਤੇ ਸਮੂਚੀ ਦੁਨੀਆਂ-ਦਾਰੀ ਕਰਦਾ ਤੇ ਨਿਭਾਉਂਦਾ ਹੋਇਆ ਵੀ, ਸੁਰਤ ਤੇ ਮਨ ਕਰਕੇ ਅੰਤਰ-ਆਤਮੇ ਭਾਵ ਆਤਮਕ ਤੌਰ `ਤੇ ਸੁਆਸ-ਸੁਆਸ ਕਰਤੇ ਪ੍ਰਭੂ ਨਾਲ ਹੀ ਇਕ-ਮਿੱਕ ਤੇ ਅਭੇਦ ਹੋਇਆ ਰਵੇ। ੩। ਯਥਾ:-

() "ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾੑਲਿ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨੁ ਨਾਲਿ (ਪੰ: ੧੩੭੫-੭੬)

() "ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ॥ ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ॥ ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ॥ ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ" (ਪੰ: ੪੭੪)

() "ਮਤੁ ਜਾਣ ਸਹਿ ਗਲੀ ਪਾਇਆ॥ ਮਾਲ ਕੈ ਮਾਣੈ, ਰੂਪ ਕੀ ਸੋਭਾ ਇਤੁ ਬਿਧੀ, ਜਨਮੁ ਗਵਾਇਆ" (ਪੰ: ੨੪)

() "ਨੰਨੈ ਨਾਹ ਭੋਗ ਨਿਤ ਭੋਗੈ, ਨਾ ਡੀਠਾ, ਨਾ ਸੰਮ੍ਹਲਿਆ॥ ਗਲੀ ਹਉ ਸੋਹਾਗਣਿ ਭੈਣੇ, ਕੰਤੁ ਨ ਕਬਹੂੰ ਮੈ ਮਿਲਿਆ" (ਪੰ: ੪੩੩) ਆਦਿ

ਪਉੜੀ॥ ਹਰਿ ਹਰਿ ਨਾਮੁ ਸਲਾਹੀਐ, ਸਚੁ ਕਾਰ ਕਮਾਵੈ॥ ਦੂਜੀ ਕਾਰੈ ਲਗਿਆ, ਫਿਰਿ ਜੋਨੀ ਪਾਵੈ॥ ਨਾਮਿ ਰਤਿਆ ਨਾਮੁ ਪਾਈਐ, ਨਾਮੇ ਗੁਣ ਗਾਵੈ॥ ਗੁਰ ਕੈ ਸਬਦਿ ਸਲਾਹੀਐ, ਹਰਿ ਨਾਮਿ ਸਮਾਵੈ॥ ਸਤਿਗੁਰ ਸੇਵਾ ਸਫਲ ਹੈ, ਸੇਵਿਐ ਫਲ ਪਾਵੈ॥ ੧੯॥ {ਪੰਨਾ ੭੯੧}

ਪਦ ਅਰਥ : — ਦੂਜੀ ਕਾਰੈ ਲਗਿਆ— ਪ੍ਰਭੂ ਨੂੰ ਵਿਸਾਰ ਕੇ ਮਾਇਕ ਰਸ਼ਾਂ `ਚ ਖੱਚਤ ਰਿਹਾਂ। ਫਿਰਿ—ਮੁੜ, ਫ਼ਿਰ ਤੋਂ। ਫਿਰਿ ਜੋਨੀ ਪਾਵੈ—ਪ੍ਰਭੂ ਵੱਲੋਂ ਜੀਵ ਨੂੰ ਮੁੜ ਉਨ੍ਹਾਂ ਹੀ ਜੂਨਾਂ, ਜਨਮਾਂ ਤੇ ਭਿੰਨ-ਭਿੰਨ ਗਰਭਾਂ ਦੇ ਲੰਮੇ ਗੇੜ `ਚ ਪਾ ਦਿੱਤਾ ਜਾਂਦਾ ਤੇ ਪਛਤਾਉਣਾ ਪੈਂਦਾ ਹੈ।

ਅਰਥ : — "ਹਰਿ ਹਰਿ ਨਾਮੁ ਸਲਾਹੀਐ, ਸਚੁ ਕਾਰ ਕਮਾਵੈ" - ਮਨੁੱਖਾ ਜਨਮ ਪ੍ਰਾਪਤ ਹੋਣ `ਤੇ ਪ੍ਰਭੂ ਦੀ ਸਿਫ਼ਤ ਸਲਾਹ ਤੇ ਪ੍ਰਭੂ ਦੇ ਨਾਮ ਨਾਲ ਹੀ ਜੁੜੇ ਰਹਿਣਾ ਚਾਹੀਦਾ ਹੈ।

ਇਸ ਤਰ੍ਹਾਂ ਜਿਹੜੇ ਮਨ ਕਰਕੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਦੇ ਦੇ ਸੁਰਤ ਕਰਕੇ ਪ੍ਰਭੂ ਦੇ ਗੁਣਾਂ ਦਾ ਗਾਇਣ ਕਰਦੇ ਹਨ, ਉਨ੍ਹਾਂ ਦੇ ਜੀਵਨ ਅੰਦਰ ਇਲਾਹੀ ਤੇ ਰੱਬੀ ਗੁਣ ਉਪਜਦੇ ਹਨ।

ਇਸ ਤਰ੍ਹਾਂ ਉਹ ਇਲਾਹੀ ਤੇ ਰੱਬੀ ਗੁਣ ਉਨ੍ਹਾਂ ਪ੍ਰਭੂ ਪਿਆਰਿਆਂ ਦੇ ਨਿੱਤ ਦੇ ਜੀਵਨ, ਕਾਰ-ਵਿਹਾਰ, ਦੁਨੀਆਦਾਰੀ ਭਾਵ ਉਨ੍ਹਾਂ ਦੀ ਸਮੂਚੀ ਜੀਵਨ ਰਹਿਣੀ ਦਾ ਹਿੱਸਾ ਬਣਦੇ ਜਾਂਦੇ ਹਨ।

ਇਸ ਤਰ੍ਹਾਂ ਉਨ੍ਹਾਂ ਦੇ ਜੀਵਨ ਅੰਦਰੋਂ ਅਉਗੁਣਾ ਤੇ ਵਿਸ਼ੇ-ਵਿਕਾਰਾਂ ਆਦਿ ਦਾ ਨਾਸ ਤੇ ਸਫ਼ਾਇਆ ਹੁੰਦਾ ਜਾਂਦਾ ਤੇ ਉਨ੍ਹਾਂ ਦਾ ਜੀਵਨ ਦਨੋਦਿਨ ਉਜਵਲ ਤੇ ਸਤਿਕਾਰਜੋਗ ਬਣਦਾ ਜਾਂਦਾ ਹੈ।

"ਦੂਜੀ ਕਾਰੈ ਲਗਿਆ, ਫਿਰਿ ਜੋਨੀ ਪਾਵੈ" - ਜਦਕਿ ਦੂਜੇ ਪਾਸੇ ‘ਨਾਮ’ ਤੋਂ ਬਿਨਾ ਪ੍ਰਭੂ ਦੀ ਸਿਫ਼ਤ-ਸਲਾਹ ਵਿਹੂਣੇ, ਹੋਰ-ਹੋਰ ਸੰਸਾਰਿਕ ਰਸਾਂ-ਕਸਾਂ `ਚ ਖੱਚਤ ਰਹਿ ਕੇ ਸੁਭਾਅ ਕਰਕੇ ਜੀਂਦੇ ਜੀਅ ਵੀ ਭਿੰਨ-ਭਿੰਨ ਜੂਨਾਂ ਹੀ ਭੋਗਦੇ ਹਨ।

ਉਪ੍ਰੰਤ ਸਰੀਰਕ ਮੌਤ ਤੋਂ ਬਾਅਦ ਵੀ "ਜੋਨੀ ਪਾਵੈ" ਪ੍ਰਭੂ ਵੱਲੌਂ ਉਨ੍ਹਾਂ ਨੂੰ ਮੁੜ ਉਨ੍ਹਾਂ ਹੀ ਜੂਨਾਂ, ਜਨਮਾਂ ਤੇ ਭਿੰਨ-ਭਿੰਨ ਗਰਭਾਂ ਦੇ ਲੰਮੇ ਗੇੜ `ਚ ਪਾ ਦਿੱਤਾ ਜਾਂਦਾ ਤੇ ਉਹ ਪਛਤਾਉਂਦੇ ਵੀ ਹਨ।

ਇਸ ਤਰ੍ਹਾਂ ਪ੍ਰਭੂ ਦੀ ਬਖ਼ਸ਼ਿਸ਼ ਸਦਕਾ ਪ੍ਰਭੂ ਮਿਲਾਪ ਲਈ ਪ੍ਰਾਪਤ ਇਹ ਮਨੁੱਖਾ ਜਨਮ ਵਾਲਾ ਦਰਲਭ ਅਵਸਰ ਵੀ ਉਨ੍ਹਾਂ ਹਥੌਂ ਅਜ਼ਾਈ ਹੀ ਚਾਲਾ ਜਾਂਦਾ ਹੈ। ਯਥਾ:-

() "ਸਰਬ ਜੀਆ ਮਹਿ ਏਕੋ ਰਵੈ॥ ਮਨਮੁਖਿ ਅਹੰਕਾਰੀ ਫਿਰਿ ਜੂਨੀ ਭਵੈ॥ ੫ ॥ ਸੋ ਬੂਝੈ ਜੋ ਸਤਿਗੁਰੁ ਪਾਏ॥ ਹਉਮੈ ਮਾਰੇ ਗੁਰ ਸਬਦੇ ਪਾਏ" (ਪੰ: ੨੨੮)

() "ਆਵਣੁ ਜਾਵਣੁ ਤਉ ਰਹੈ, ਪਾਈਐ ਗੁਰੁ ਪੂਰਾ" (ਪੰ: ੪੨੨)

() "ਦੂਜੈ ਭਾਇ ਨ ਸੇਵਿਆ ਜਾਇ॥ ਹਉਮੈ ਮਾਇਆ ਮਹਾ ਬਿਖੁ ਖਾਇ॥ ਪੁਤਿ ਕੁਟੰਬਿ ਗ੍ਰਿਹਿ ਮੋਹਿਆ ਮਾਇ॥ ਮਨਮੁਖਿ ਅੰਧਾ ਆਵੈ ਜਾਇ" (ਪੰ: ੧੬੧)

() "ਮਨਮੁਖ ਮੁਏ ਜਿਨ ਦੂਜੀ ਪਿਆਸਾਬਹੁ ਜੋਨੀ ਭਵਹਿ ਧੁਰਿ ਕਿਰਤਿ ਲਿਖਿਆਸਾ॥ ਜੈਸਾ ਬੀਜਹਿ ਤੈਸਾ ਖਾਸਾ" (ਪੰ: ੧੭੬)

() "ਜਿਨਾ ਅੰਦਰਿ ਦੂਜਾ ਭਾਉ ਹੈ, ਤਿਨਾੑ ਗੁਰਮੁਖਿ ਪ੍ਰੀਤਿ ਨ ਹੋਇ॥ ਓੁਹ ਆਵੈ ਜਾਇ ਭਵਾਈਐ ਸੁਪਨੈ ਸੁਖੁ ਨ ਕੋਇ" (ਪੰ: ੩੧੬)

() "ਇਹੁ ਜਨਮੁ ਪਦਾਰਥੁ ਪਾਇ ਕੈ, ਹਰਿ ਨਾਮੁ ਨ ਚੇਤੈ ਲਿਵ ਲਾਇ॥ ਪਗਿ ਖਿਸਿਐ ਰਹਣਾ ਨਹੀ, ਆਗੈ ਠਉਰੁ ਨ ਪਾਇ॥ ਓਹ ਵੇਲਾ ਹਥਿ ਨ ਆਵਈ, ਅੰਤਿ ਗਇਆ ਪਛੁਤਾਇ" (ਪੰ: ੨੭) ਆਦਿ

"ਨਾਮਿ ਰਤਿਆ ਨਾਮੁ ਪਾਈਐ, ਨਾਮੇ ਗੁਣ ਗਾਵੈ" -ਜਿਹੜੇ ਪ੍ਰਾਪਤ ਮਨੁੱਖਾ ਜਨਮ ਦੌਰਾਨ ਪ੍ਰਭੂ ਦੀ ਸਿਫ਼ਤ-ਸਲਾਹ ਨਾਲ ਜੁੜ ਕੇ ਪ੍ਰਭੂ ਦੇ ਰੰਗ `ਚ ਹੀ ਰੰਗੇ ਰਹਿੰਦੇ ਹਨ ਉਹ "ਨਾਮੁ ਪਾਈਐ" ਜੀਂਦੇ ਜੀਅ ਪ੍ਰਭੂ ਦਾ ਗੁਣ-ਗਾਣ ਕਰਣਾ ਹੀ ਉਨ੍ਹਾ ਦੀ ਜੀਵਨ ਰਹਿਣੀ ਬਣ ਜਾਂਦੀ ਹੈ।

"ਗੁਰ ਕੈ ਸਬਦਿ ਸਲਾਹੀਐ, ਹਰਿ ਨਾਮਿ ਸਮਾਵੈ" -ਇਸ ਤਰ੍ਹਾਂ ਸ਼ਬਦ-ਗੁਰੂ ਦੀ ਕਮਾਈ ਨਾਲ ਭਰਪੂਰ ਜੀਵਨ ਕਾਰਣ ਉਹ ਤਾਂ ਜੀਂਦੇ-ਜੀਅ ਹੀ ਆਪਣੇ ਅਸਲੇ ਪ੍ਰਭੂ `ਚ ਹੀ ਸਮਾਏ ਰਹਿੰਦੇ ਹਨ।

"ਸਤਿਗੁਰ ਸੇਵਾ ਸਫਲ ਹੈ, ਸੇਵਿਐ ਫਲ ਪਾਵੈ" - ਤਾਂ ਤੇ ਜੀਵਨ ਦੌਰਾਨ ਸ਼ਬਦ-ਗੁਰੂ ਦੇ ਹੁਕਮ ਅਤੇ ਆਦੇਸ਼ਾਂ ਅਨੁਸਾਰ ਟੁਰਨਾ ਬਹੁਤ ਗੁਣਕਾਰੀ ਹੁੰਦਾ ਹੈ।

ਜੀਵਨ ਦੌਰਾਨ ਸ਼ਬਦ-ਗੁਰੂ ਦੇ ਅਨੁਸਾਰੀ ਰਿਹਾਂ ਮਨੁੱਖ ਉੱਚਤਮ ਆਤਮਕ ਅਵਸਥਾ ਭਾਵ ਸਹਿਜ ਅਵਸਥਾ ਨੂੰ ਪ੍ਰਾਪਤ ਹੁੰਦਾ ਹੈ ਤੇ ਜੀਵਨ `ਚ ਨਾਮ-ਧਨ ਹੀ ਵਿਹਾਜਦਾ ਹੈ। ੧੯। ਯਥਾ:-

() "ਸਭੇ ਗਲਾ ਵਿਸਰਨੁ ਇਕੋ ਵਿਸਰਿ ਨ ਜਾਉ॥ ਧੰਧਾ ਸਭੁ ਜਲਾਇ ਕੈ ਗੁਰਿ ਨਾਮੁ ਦੀਆ ਸਚੁ ਸੁਆਉ॥ ਆਸਾ ਸਭੇ ਲਾਹਿ ਕੈ ਇਕਾ ਆਸ ਕਮਾਉ॥ ਜਿਨੀ ਸਤਿਗੁਰੁ ਸੇਵਿਆ, ਤਿਨ ਅਗੈ ਮਿਲਿਆ ਥਾਉ (ਪੰ: ੪੪) "

() "ਦੁਤਰ ਅੰਧ ਬਿਖਮ ਇਹ ਮਾਇਆ॥ ਗੁਰਿ ਪੂਰੈ ਪਰਗਟ ਮਾਰਗੁ ਦਿਖਾਇਆ" (ਪੰ: ੩੭੭)

() "ਮਨ ਗੁਰਮਤਿ ਚਾਲ ਚਲਾਵੈਗੋ॥ ਜਿੳ ਮੈਗਲੁ ਮਸਤੁ ਦੀਜੈ ਤਲਿ ਕੁੰਡੇ, ਗੁਰ ਅੰਕਸੁ ਸਬਦੁ ਦ੍ਰਿੜਾਵੈਗੋ" (ਪੰ: ੧੩੧੦) ਆਦਿ (ਚਲਦਾ) #Instt.P19-30th--Suhi ki.Vaar M.303.18#v..

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਤੀਹਵੀਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- gurbaniguru@yahoo.com & gianisurjitsingh@yahoo.com

web sites-

www.gurbaniguru.org

theuniqeguru-gurbani.com

gurmateducationcentre.com




.