.

ਸਤਿੰਦਰਜੀਤ ਸਿੰਘ

ਪਉੜੀ-7

ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥
ਜੇ ਮਨੁੱਖ ਦਾ ਜੀਵਨ ਐਨਾ ਸਚਿਆਰਾ ਬਣ ਜਾਵੇ ਕਿ ਉਸਦੇ ਗੁਣਾਂ ਦੀ ਗਿਣਤੀ ਚਾਰ ਜੁੱਗਾਂ ਦੀ ਉਮਰ ਦਾ ਵੀ ਦਸ ਗੁਣਾਂ ਹੋ ਜਾਵੇ, ਉਸਦੇ ਜੀਵਨ ਵਿੱਚ ਗੁਣ ਹੀ ਗੁਣ ਹੋਣ, ਨਿਮਰਤਾ, ਸਹਿਜ ਅਤੇ ਸਬਰ ਹੋਵੇ
ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥
ਉਸਦੇ ਰੋਮ-ਰੋਮ (ਨਵਾ ਖੰਡਾ) ਵਿੱਚ ਪ੍ਰਮਾਤਮਾ ਦੀ ਯਾਦ, ਉਸਦੇ ਗੁਣ ਹੋਣ ਤਾਂ ਹਰ ਕੋਈ ਉਸ ਦੇ ਨਾਲ ਹੋਵੇਗਾ ਭਾਵ ਕਿ ਉਸਦੀ ਇੱਜਤ ਕਰੇਗਾ, ਸੰਸਾਰ ਵਿੱਚ ਉਸਨੂੰ ਸਭ ਕੋਲੋਂ ਵਡਿਆਈ ਅਤੇ ਸਤਿਕਾਰ ਮਿਲੇਗਾ
ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥
ਮਨੁੱਖ ਸੰਸਾਰ (ਨਾਉ) ਵਿੱਚ ਆਪਣਾ-ਆਪ ਸਚਿਆਰਾ ਰੱਖ ਕੇ, ਗੁਣਾਂ ਦੇ ਅਧੀਨ ਜਿਉਂਦਾ ਹੋਇਆ, ਆਪਣੇ ਕੰਮਾਂ (ਕੀਰਤਿ) ਕਰ ਕੇ ਸੰਸਾਰ ਵਿੱਚ ਸੋਭਾ (ਜਸੁ) ਖੱਟਦਾ ਹੈ
ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥
ਪਰ ਜੇ ਮਨੁੱਖ ਦੇ ਜੀਵਨ ਵਿੱਚ ਉਸ ਪ੍ਰਮਾਤਮਾ (ਤਿਸੁ) ਦੇ ਗੁਣ ਅਤੇ ਸਿੱਖਿਆਵਾਂ ਨਹੀਂ ਹੋਣਗੀਆਂ ਤਾਂ ਉਸਨੂੰ ਕੋਈ ਚੰਗਾ ਨਹੀਂ ਸਮਝੇਗਾ, ਸੰਸਾਰ ਵਿੱਚ ਉਸਦਾ ਮਾਣ-ਸਤਿਕਾਰ ਨਹੀਂ ਹੋਵੇਗਾ।

ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥
ਵਿਕਾਰਾਂ ਦਾ ਕੀੜਾ ਬਣਿਆ ਮਨੁੱਖ ਹਰ ਸਮੇਂ ਆਪਣੇ ਮਨ ਵਿੱਚ ਵੀ ਵਿਕਾਰ ਹੀ ਭੋਗਦਾ ਹੈ, ਈਰਖਾ, ਲਾਲਚ, ਮੋਹ ਆਦਿ ਵਿੱਚ ਫਸਿਆ ਮਨੁੱਖ, ਗੁਣਾਂ ਵੱਲੋਂ ਦੋਸ਼ੀ ਬਣਿਆ ਰਹਿੰਦਾ ਹੈ
ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥
ਪਰ ਹੇ ਜੀਵ (ਨਾਨਕ) ਜੇ ਕੋਈ ਗੁਰੂ ਦੀ ਸਿੱਖਿਆ ਤੇ ਚੱਲ ਪਵੇ ਤਾਂ ਉਹ ਨਿਰਗੁਣ ਤੋਂ ਗੁਣਵਾਨ ਬਣ ਜਾਂਦਾ ਹੈ, ਵਿਕਾਰਾਂ ਤੋਂ ਬਚ ਜਾਂਦਾ ਹੈ, ਪ੍ਰਮਾਤਮਾ ਦੀ ਸਿੱਖਿਆ ਤੇ ਚੱਲ ਕੇ ਹੀ ਗੁਣਵਾਨਾਂ ਨੇ ਗੁਣ ਪ੍ਰਾਪਤ ਕੀਤੇ ਹਨ, ਗੁਣਾਂ ਨੂੰ ਪਾ ਕੇ ਉਹ ਸਚਿਆਰੇ ਬਣੇ ਹਨ
ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ॥੭॥
ਜਿਹੜਾ ਕੋਈ ਵਿਰਲਾ ਮਨੁੱਖ, ਪ੍ਰਮਾਤਮਾ ਦੀ ਗੁਣਾਂ ਵਾਲੀ ਮੱਤ ਲੈ ਲੈਂਦਾ ਹੈ, ਉਸ ਵਰਗਾ ਹੋਰ ਕੋਈ ਨਹੀਂ ਭਾਵ ਉਹ ਮਨੁੱਖ ਉੱਤਮ ਹੋ ਜਾਂਦਾ ਹੈ ਜੋ ਵਿਕਾਰਾਂ ਨੂੰ ਛੱਡ, ਪ੍ਰਮਾਤਮਾ ਦੀ ਸਿੱਖਿਆ ਤੇ ਚੱਲ ਕੇ ਗੁਣ ਹਾਸਲ ਕਰ ਲੈਂਦਾ ਹੈ, ਸਚਿਆਰਾ ਬਣ ਜਾਂਦਾ ਹੈ ॥7॥

{ਨੋਟ: ‘ਜਪੁ ਜੀ’ ਸਾਹਿਬ ਦੇ ਇਹ ਅਰਥ, ਆਪਣੀ ਸਮਝ ਅਨੁਸਾਰ ਕੀਤੇ ਗਏ ਹਨ, ਕੋਈ ਆਖਰੀ ਨਿਰਣਾ ਨਹੀਂ, ਸਾਰੇ ਪਾਠਕਾਂ ਦੇ ਸੁਝਾਵਾਂ ਦਾ ਸੁਆਗਤ ਹੈ}




.