.

ਮੈਂ ਵੀ ਕੱਟੜਵਾਦੀ ਸੀ ਅਤੇ ਹੁਣ ਵੀ ਹਾਂ ਪਰ ਹੋਰ ਤਰ੍ਹਾਂ ਦਾ

ਹਾਂ ਜੀ ਮੈਂ ਵੀ ਕੱਟੜਵਾਦੀ ਸੀ। ਕੋਈ 40 ਕੁ ਸਾਲ ਪਹਿਲਾਂ ਜਦੋਂ ਇਸ ਪਾਸੇ ਤੁਰਿਆ ਸੀ ਆਮ ਕਥਿਤ ਧਾਰਮਿਕ ਕੱਟੜਵਾਦੀਆਂ ਵਰਗਾ ਹੀ ਹੁੰਦਾ ਸੀ। ਕਿਉਂਕਿ ਗੁਰਦੁਰਿਆਂ ਵਿੱਚ ਅਤੇ ਖੰਡੇ ਦੀ ਪਹੁਲ ਦੇਣ ਸਮੇਂ ਸਿੱਖਿਆ ਹੀ ਕੁੱਝ ਇਸ ਤਰ੍ਹਾਂ ਦੀ ਦਿੱਤੀ ਜਾਂਦੀ ਹੈ ਕਿ ਪਤਾ ਭਾਵੇਂ ਕੁੱਝ ਵੀ ਨਾ ਹੋਵੇ ਪਰ ਹਉਮੇ ਦਾ ਫਤੂਰ ਦਿਮਾਗ ਵਿੱਚ ਭਰ ਦਿੱਤਾ ਜਾਂਦਾ ਹੈ ਕਿ ਪਤਾ ਨਹੀਂ ਕਿ ਕੀ ਬਣ ਗਿਆ ਹੈਂ। ਸੁੱਚ-ਭਿੱਟ ਅਤੇ ਹੋਰ ਕਰਮਕਾਂਡ ਵੀ ਰੱਜ ਕੇ ਕੀਤੇ ਹਨ। ਲੋਹੇ ਦੇ ਭਾਂਡਿਆਂ ਵਿੱਚ ਖਾਣਾ ਖਾਹ ਕੇ ਵੀ ਦੇਖਿਆ ਹੈ। ਲੱਗ-ਭੱਗ 20 ਸਾਲ ਰੋਜਾਨਾ ਕੇਸੀ ਇਸ਼ਨਾਨ ਵੀ ਕਰਦਾ ਰਿਹਾ ਹਾਂ। ਰਾਤ ਨੂੰ ਸੌਣ ਵੇਲੇ ਇਹੀ ਖਿਆਲ ਰੱਖਣਾ ਕਿ ਕਕਾਰ ਖਾਸ ਕਰਕੇ ਕੰਘਾ ਕਿਤੇ ਕੇਸਾਂ ਤੋਂ ਵੱਖ ਨਾ ਹੋ ਜਾਵੇ। ਗੁਰਦੁਆਰੇ ਜਾਣ ਸਮੇਂ ਤਿੰਨ ਫੁੱਟੀ ਕਿਰਪਾਨ ਵੀ ਕਈ ਵਾਰੀ ਲਿਜਾਂਦਾ ਰਿਹਾ ਹਾਂ। ਕਿਉਂਕਿ ਗੁਰਬਾਣੀ ਪੜ੍ਹੀ ਤਾਂ ਜਰੂਰ ਸੀ ਪਰ ਵਿਚਾਰੀ ਬਹੁਤ ਘੱਟ ਸੀ। ਸਾਰੀ ਦੁਨੀਆ ਤੇ ਕੀ ਕੁੱਝ ਹੋ ਰਿਹਾ ਹੈ ਉਸ ਦਾ ਗਿਆਨ ਵੀ ਨਾਮ ਮਾਤਰ ਹੀ ਸੀ। ਸਿਰਫ ਇਹੀ ਦਿਮਾਗ ਵਿੱਚ ਹੁੰਦਾ ਸੀ ਕਿ ਧਰਮ ਦੇ ਨਾਮ ਤੇ ਮਰ ਜਾਣਾ ਜਾਂ ਕਿਸੇ ਨੂੰ ਮਾਰ ਦੇਣਾ ਹੀ ਧਰਮ ਹੁੰਦਾ ਹੈ। ਉਸ ਵੇਲੇ ਇਸ ਤਰ੍ਹਾਂ ਦੀਆਂ ਗੱਲਾਂ ਹੀ ਚੰਗੀਆਂ ਲਗਦੀਆਂ ਹੁੰਦੀਆਂ ਸਨ।
ਕੰਮ ਕਾਰਾਂ ਤੇ ਜਾਂ ਹੋਰ ਥਾਵਾਂ ਤੇ ਉਠਣ ਬੈਠਣ ਸਮੇ ਕਈ ਲੋਕ ਮਖੌਲ ਕਰਦੇ ਕਈ ਕੁੱਝ ਕਹਿ ਦਿੰਦੇ ਸਨ। ਸਿੱਖਾਂ ਬਾਰੇ ਕਈ ਚੁਟਕਲੇ ਜੋ ਪ੍ਰਚੱਲਤ ਹਨ ਉਹ ਵੀ ਸੁਣਨ ਨੂੰ ਮਿਲਦੇ। ਕਈਆਂ ਨੇ ਇਤਿਹਾਸ ਜਾਂ ਗੁਰਬਾਣੀ ਵਿਚੋਂ ਕੁੱਝ ਸੁਣਾ ਕੇ ਮਖੌਲ ਜਿਹਾ ਕਰ ਜਾਣਾ। ਫਿਰ ਮਨ ਵਿੱਚ ਵਿਚਾਰ ਆਇਆ ਕਿ ਮਨਾ ਤੈਨੂੰ ਇਸ ਤਰ੍ਹਾਂ ਦੇ ਲੋਕਾਂ ਦੇ ਜਵਾਬ ਦੇਣ ਲਈ ਖੁਦ ਗੁਰਬਾਣੀ ਗੁਰਮਤਿ ਨੂੰ ਸਮਝਣਾ ਪੈਣਾ ਹੈ। ਬਸ ਫਿਰ ਕੀ ਸੀ ਅੱਠ ਘੰਟੇ ਕੰਮ ਕਰਨ ਤੋਂ ਬਾਅਦ ਕਿਤਾਬਾਂ ਲੈ ਕੇ ਬੈਠੇ ਰਹਿਣਾ। ਛੁੱਟੀ ਵਾਲੇ ਦਿਨ ਸਾਰਾ ਦਿਨ ਹੀ ਕਿਤਾਬਾਂ ਪੜ੍ਹੀ ਜਾਣੀਆਂ। ਹਰੇਕ ਸਾਲ ਇੰਡੀਆ ਤੋਂ ਕਿਤਾਬਾਂ ਮੰਗਵਾਉਣੀਆਂ। ਕੋਈ 15ਕੁ ਸਲਾ ਇਸ ਤਰ੍ਹਾਂ ਕਰਦਾ ਰਿਹਾ। ਜਦੋਂ ਗੁਰਮਤਿ ਦੀ ਸਮਝ ਆਉਣ ਲੱਗ ਪਈ ਫਿਰ ਹੋਰ ਪੰਗਾ ਖੜਾ ਹੋ ਗਿਆ। ਹੁਣ ਆਮ ਸਿੱਖਾਂ ਅਤੇ ਗ੍ਰੰਥੀਆਂ ਨਾਲ ਵਿਚਾਰਾਂ ਦੇ ਮੱਤਭੇਦ ਪੈਣੇ ਸ਼ੁਰੂ ਹੋ ਗਏ। ਕਈ ਵਾਰੀ ਗੱਲ ਤਲਖੀ ਵਿੱਚ ਵੀ ਬਦਲ ਜਾਣੀ। ਲੜਾਈ ਝਗੜੇ ਨਾਲੋਂ ਮੈਂ ਗੁਰਦੁਆਰੇ ਜਾਣਾਂ ਹੀ ਘਟਾ ਦਿੱਤਾ। ਬਸ ਕਦੀ ਕਤਾਂਈ ਹੀ ਜਾਂਦਾ।
ਕੋਈ 25ਕੁ ਸਾਲ ਪਹਿਲਾਂ, ਪਹਿਲਾ ਕੰਪਿਊਟਰ ਖਰੀਦਆ ਸੀ। ਖਰੀਦਿਆ ਤਾਂ ਭਾਵੇਂ ਬੱਚਿਆਂ ਦੀ ਪੜ੍ਹਾਈ ਲਈ ਸੀ ਪਰ ਕੰਮ ਤੋਂ ਬਾਅਦ ਹੁਣ ਬਹੁਤਾ ਸਮਾ ਮੈਂ ਇਸ ਨੂੰ ਖੁਦ ਆਪ ਹੀ ਸਿੱਖਣ ਤੇ ਲਉਂਦਾ। ਕੰਪਿਊਟਰ ਦੀਆਂ ਕਿਤਾਬਾਂ ਪੜ੍ਹ ਕੇ ਡੌਸ ਦੀਆਂ ਕਮਾਂਡਾਂ ਸਿੱਖਦਾ ਰਹਿੰਦਾ ਕਿ ਫਾਈਲਾਂ ਕਾਪੀ ਅਤੇ ਮੂਵ ਕਿਸ ਤਰ੍ਹਾਂ ਕਰਨੀਆਂ ਹਨ। ਫਿਰ ਇੰਟਰਨੈੱਟ ਆ ਗਿਆ। ਇਸ ਨੂੰ ਵਰਤਦਾ ਅਤੇ ਸਮਝਦਾ ਰਿਹਾ। ਹੁਣ ਮਨ ਵਿੱਚ ਵਿਚਾਰ ਆਇਆ ਕਿ ਮਨਾ ਕਿਉਂ ਨਾ ਆਪਣੀ ਗੁਰਮਤਿ ਵਾਲੀ ਗੱਲ ਹੋਰ ਲੋਕਾਂ ਨਾਲ ਇੰਟਰਨੈੱਟ ਰਾਹੀਂ ਸਾਂਝੀ ਕੀਤੀ ਜਾਵੇ। ਆਪੇ ਹੀ ਪੜ੍ਹ ਕੇ ਕਿਤਾਬਾਂ ਨਾਲ ਮੱਥਾ ਮਾਰ ਕੇ ਅਤੇ ਇੰਟਰਨੈੱਟ ਤੋਂ ਜਾਣਕਾਰੀ ਲੈ ਕੇ ਆਪਣੀ ਵੈੱਬ ਸਾਈਟ ਸ਼ੁਰੂ ਕੀਤੀ। ਇਸ ਦਾ ਜ਼ਿਕਰ ਮੈਂ ਪਹਿਲਾਂ ਵੀ ਕਈ ਵਾਰੀ ਕਰ ਚੁੱਕਾ ਹਾਂ ਹੁਣ ਬਹੁਤਾ ਦਹੁਰਾਉਣ ਦੀ ਲੋੜ ਨਹੀਂ ਹੈ।
ਮੈਂ ਪਿਛਲੇ 43 ਕੁ ਸਾਲਾਂ ਤੋਂ ਲੱਕੜ ਦੀ ਮਿੱਲ ਵਿੱਚ ਕੰਮ ਕਰਦਾ ਹਾਂ। ਉਥੇ ਕਈ ਜੌਬਾਂ ਤੇ ਰੇਡੀਓ ਸੁਣਨ ਦੀ ਸੁਵਿਧਾ ਹੁੰਦੀ ਹੈ। ਅਤੇ ਮੇਰੇ ਕੋਲ ਵੀ ਇਹ ਪਿਛਲੇ 20ਕੁ ਸਾਲਾਂ ਤੋਂ ਹੈ। ਉਥੋਂ ਮੈਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ। ਸਾਰੀ ਦੁਨੀਆ ਵਿੱਚ ਕੀ ਕੁੱਝ ਹੋ ਰਿਹਾ ਹੈ ਉਸ ਬਾਰੇ ਦੁਨੀਆ ਭਰ ਦੇ ਨਾਮਵਾਰ ਪੱਤਰਕਾਰਾਂ ਦੀ ਆਪਸ ਵਿੱਚ ਅਤੇ ਦੁਨੀਆ ਦੇ ਲੀਡਰਾਂ ਦੀ ਵਿਚਾਰ ਚਰਚਾ ਸੁਣਨ ਨੂੰ ਮਿਲਦੀ ਰਹਿੰਦੀ ਹੈ। ਇੱਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਸਾਡੇ ਸ਼ਹਿਰ ਵਿੱਚ ਇੰਟਰਨੈੱਟ ਤੇ ਕੇਬਲ ਤੋਂ ਬਿਨਾ ਕੋਈ ਵੀ ਪੰਜਾਬੀ ਰਡੀਓ ਨਹੀਂ ਚਲਦਾ। ਅੰਗ੍ਰੇਜ਼ੀ ਦੇ ਹੀ ਤਿੰਨ ਕੁ ਸਟੇਸ਼ਨ ਚਲਦੇ ਹਨ। ਮੈਂ ਇਹ ਰੇਡੀਓ ਅੰਗ੍ਰੇਜ਼ੀ ਵਿੱਚ ਸੀ. ਬੀ. ਸੀ. ਹੀ ਸੁਣਿਆ ਹੈ ਜਿਹੜਾ ਕਿ ਬੀ. ਬੀ. ਸੀ. ਦੀ ਤਰ੍ਹਾਂ ਹੈ। ਸੀ. ਬੀ. ਸੀ. ਇੱਕ ਪਬਲਿਕ ਅਦਾਰਾ ਹੈ ਜੋ ਕਿ ਸਾਰੇ ਕਨੇਡਾ ਦੇ ਤਕਰੀਬਨ ਹਰ ਇੱਕ ਸ਼ਹਿਰ ਵਿੱਚ ਸੁਣਿਆ ਜਾ ਸਕਦਾ ਹੈ। ਇੱਥੇ ਰਾਤ ਨੂੰ ਯੂ. ਕੇ, ਜਰਮਨੀ, ਅਸਟ੍ਰ਼ੇਲੀਆ ਅਤੇ ਹੋਰ ਕਈ ਦੇਸ਼ਾਂ ਦੇ ਪ੍ਰੋਗਰਾਮ ਵੀ ਬਰਾਡਕਾਸਟ ਕੀਤੇ ਜਾਂਦੇ ਹਨ।
ਆਓ ਹੁਣ ਅਸਲੀ ਮੁੱਦੇ ਵੱਲ ਆਈਏ। ਸਾਰੀ ਦੁਨੀਆ ਦੇ ਸਾਰੇ ਧਰਮਾਂ ਦੇ ਕੱਟੜਵਦੀ ਧਰਮ ਦੇ ਨਾਮ ਤੇ ਜੋ ਕੱਟੜਤਾ ਫੈਲਾ ਰਹੇ ਹਨ ਮੈਂ ਇਹਨਾ ਸਰਿਆਂ ਦੇ ਵਿਰੋਧ ਵਿੱਚ ਖੜਨ ਵਾਲਾ ਕੱਟੜਵਾਦੀ ਹਾਂ। ਮੈਂ ਇਹ ਸਮਝਦਾ ਹਾਂ ਕਿ ਰੱਬ ਇਕੋ ਹੀ ਹੀ।
ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ ਪੰਨਾ 350॥
ਮੰਗਲਾਚਰਨ ਤੋਂ ਬਾਣੀ ਜਿਥੋਂ ਸ਼ੁਰੂ ਹੁੰਦੀ ਹੈ ਉਥੇ ਵੀ ਸਿਰਫ ਇੱਕ ਦੀ ਗੱਲ ਹੀ ਕੀਤੀ ਗਈ ਹੈ। ਸਾਰੀ ਗੁਰਬਾਣੀ ਹੀ ਬਾਰ-ਬਾਰ ਇੱਕ ਰੱਬ ਦੀ ਗੱਲ ਹੀ ਕਰਦੀ ਹੈ। ਜੇ ਰੱਬ ਇੱਕ ਹੈ ਤਾਂ ਉਸ ਦੇ ਬਣਾਏ ਹੋਏ ਨਿਯਮ ਵੀ ਇਕੋ ਹੀ ਹਨ ਅਤੇ ਇਹ ਸਾਰਿਆਂ ਤੇ ਇਕੋ ਜਿਹੇ ਹੀ ਲਾਗੂ ਹੁੰਦੇ ਹਨ। ਇਹ ਭਾਂਵੇਂ ਜੰਮਣ ਮਰਨ ਦੇ ਹੋਣ ਤੇ ਭਾਂਵੇਂ ਮਰਨ ਤੋਂ ਬਾਅਦ ਕਿਸੇ ਕਥਿਤ ਲੇਖੇ ਜੋਖੇ ਦੇ। ਜੇ ਕਰ ਇਕੋ ਰੱਬ ਹੈ ਉਸ ਦੇ ਬਣਾਏ ਹੋਏ ਨਿਯਮ ਵੀ ਸਾਰਿਆਂ ਲਈ ਇਕੋ ਜਿਹੇ ਹਨ ਫਿਰ ਧਰਮ ਵੀ ਸਾਰਿਆਂ ਦਾ ਇਕੋ ਹੀ ਹੈ। ਫਿਰ ਉਹ ਕਿਹੜਾ ਧਰਮ ਹੋਇਆ? ਉਹ ਧਰਮ ਹੈ:
ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ ਪੰਨਾ 266॥
ਸਭ ਤੋਂ ਉਤਮ ਧਰਮ ਹੈ ਰੱਬ ਦਾ ਨਾਮ ਜਪਣਾ ਅਤੇ ਪਵਿਤਰ ਰਕਮ ਕਰਨੇ। ਰੱਬ ਦਾ ਨਾਮ ਜਪਣਾ ਕੀ ਹੈ? ਉਸ ਦੇ ਗੁਣ ਅਪਣਾਉਣੇ। ਉਸ ਦੇ ਗੁਣ ਕੀ ਹਨ? ਉਸ ਦੇ ਗੁਣ ਮੰਗਲਾਚਰਨ ਅਤੇ ਸਾਰੀ ਗੁਰਬਾਣੀ ਵਿੱਚ ਅੰਕਿਤ ਹਨ। ਉਹ ਨਿਰਭਉ ਅਤੇ ਨਿਰਵੈਰ ਬਣਾਉਂਦੇ ਹਨ। ਪਰ ਸਾਰੇ ਧਰਮਾਂ ਦੇ ਕੱਟੜਵਾਦੀ ਦੂਸਰੇ ਧਰਮਾਂ ਅਤੇ ਵੱਖਰੇ ਵਿਚਾਰਾਂ ਵਾਲੇ ਨਾਲ ਰੱਜ ਕੇ ਵੈਰ ਕਮਾਉਂਦੇ ਹਨ। ਕਈ ਵਾਰੀ ਤਾਂ ਇਕੋ ਧਰਮ/ਮਜ਼ਬ ਨੂੰ ਮੰਨਣ ਵਾਲੇ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਹੁੰਦੇ ਹਨ। ਇਸਲਾਮ ਨੂੰ ਮੰਨਣ ਵਾਲਿਆਂ ਦੀ ਮਿਸਾਲ ਸਭ ਦੇ ਸਾਹਮਣੇ ਹੈ ਕਿ ਕਿਵੇਂ ਉਹ ਸ਼ੀਆ ਅਤੇ ਸੁੰਨੀ ਆਪਸ ਵਿੱਚ ਖੂਨੀ ਕਾਰੇ ਧਰਮ ਦੇ ਨਾਮ ਤੇ ਕਰ ਰਹੇ ਹਨ। ਸ਼ਾਇਦ ਹੀ ਕੋਈ ਐਸਾ ਦਿਨ ਹੋਵੇ ਜਿਸ ਦਿਨ ਦੁਨੀਆ ਤੇ ਕਿਸੇ ਆਤਮਘਾਤੀ ਨੇ ਧਰਮ ਦੇ ਨਾਮ ਤੇ ਆਤਮਘਾਤ ਕਰਕੇ ਅਨੇਕਾਂ ਹੀ ਨਿਰਦੋਸ਼ਾਂ ਨੂੰ ਨਾ ਮਾਰਿਆ ਹੋਵੇ। ਕਿਸੇ ਵਿਰਲੇ ਨੂੰ ਛੱਡ ਕੇ ਸਾਰੇ ਹੀ ਇਸਲਾਮੀ ਦੇਸ਼ ਇੱਕ ਦੂਸਰੇ ਤੋਂ ਵੱਧ ਕੇ ਕੱਟੜਵਾਦੀ ਹਨ। ਪਰ ਆਈਸਸ ਵਾਲੇ ਕਹਿੰਦੇ ਕਿ ਨਹੀਂ ਤੁਸੀਂ ਉਤਨੇ ਕੱਟੜਵਾਦੀ ਨਹੀਂ ਹੋ ਜਿਤਨੇ ਕਿ ਹੋਣੇ ਚਾਹੀਦੇ ਹਨ। ਇਸ ਲਈ ਇਸਲਾਮਿਕ ਸਟੇਟ ਬਣਾ ਕੇ ਦੱਸਦੇ ਹਾਂ ਕਿ ਅਸਲ ਵਿੱਚ ਕਿਤਨੇ ਕੱਟੜ ਹੋਣਾ ਚਾਹੀਦਾ ਹੈ। ਸਾਰੇ ਦੇਸ਼ਾ ਨੇ ਰਲ ਕੇ ਭਾਵੇਂ ਹੁਣ ਇਹਨਾ ਕੱਟੜਵਾਦੀਆਂ ਦਾ ਲੱਕ ਤੋੜ ਦਿੱਤਾ ਹੈ ਪਰ ਕਈ ਸਾਲ ਇਹਨਾ ਨੇ ਆਪਣੇ ਤੋਂ ਵੱਖਰੇ ਵਿਚਾਰਾਂ ਵਾਲਿਆਂ ਨਾਲ ਬਹੁਤ ਜ਼ੁਲਮ ਕੀਤੇ ਹਨ ਕਿ ਸੁਣ ਕੇ ਰੌਂਗਟੇ ਖੜੇ ਹੋ ਜਾਂਦੇ ਹਨ। ਅਸੀਂ ਭਾਈ ਸਤੀ ਦਾਸ ਨੂੰ ਰੂੰ ਵਿੱਚ ਲਪੇਟ ਕੇ ਜਿਉਂਦੇ ਨੂੰ ਸਾੜਨ ਦੀ ਗੱਲ ਕਰਦੇ ਹਾਂ ਇਹਨਾ ਨੇ ਤਾਂ ਪਤਾ ਨਹੀਂ ਕਿ ਕਿਤਨਿਆਂ ਨੂੰ ਇਸ ਤਰ੍ਹਾ ਸਾੜਿਆ ਹੋਵੇਗਾ। ਹੁਣੇ ਹੀ ਕੁੱਝ ਸਾਲ ਪਹਿਲਾਂ ਜੋਰਡਨ ਦੇ ਇੱਕ ਪਾਇਲਟ ਨੂੰ ਜਿਉਂਦੇ ਨੂੰ ਪਿੰਜਰੇ ਵਿੱਚ ਬੰਦ ਕਰਕੇ ਤੇਲ ਛਿੜਕ ਕੇ ਜਾਲ ਦਿੱਤਾ ਸੀ। ਕਨੇਡਾ, ਅਮਰੀਕਾ ਅਤੇ ਯੂਰਪ ਦੇ ਕਈ ਦੇਸ਼ਾਂ ਤੋਂ ਇਹ ਜਹਾਦੀ ਇਰਾਕ ਅਤੇ ਸੀਰੀਆ ਵਿੱਚ ਪਹੁੰਚੇ ਸਨ। ਜਿਹਨਾ ਨੂੰ ਸਵਰਗ ਵਰਗੇ ਕਿਸੇ ਸੁਪਨ ਦੇਸ਼ ਦੇ ਸੁਪਨੇ ਦਿਖਾਏ ਗਏ ਸਨ। ਇਹਨਾ ਵਿਚੋਂ ਬਹੁਤੇ ਮਾਰੇ ਗਏ ਹਨ ਅਤੇ ਕਈ ਕੁਰਦਾਂ ਨੇ ਫੜ ਕੇ ਕੈਦ ਕੀਤੇ ਹੋਏ ਹਨ। ਕੁੱਝ ਦਿਨ ਪਹਿਲਾਂ ਕਨੇਡਾ ਦੀ ਕਈ ਜਿਹਾਦੀ ਮੀਡੀਏ ਦੇ ਸਾਹਮਣੇ ਤਰਲੇ ਕਰਦੇ ਦਿਖਾਏ ਗਏ ਹਨ ਕਿ ਕਿਸੇ ਤਰ੍ਹਾਂ ਸਾਨੂੰ ਮੁੜ ਕੇ ਕਨੇਡਾ ਆਉਣ ਦੀ ਇਜ਼ਾਜਤ ਦਿੱਤੀ ਜਾਵੇ। ਇਹ ਆਪਣੀ ਗਲਤੀ ਮੰਨ ਕੇ ਕਨੇਡਾ ਵਿੱਚ ਕੈਦ ਕੱਟਣ ਲਈ ਤਿਆਰ ਹਨ।
ਬੋਧੀ ਜਿਹੜੇ ਕਿ ਬਾਕੀਆਂ ਨਾਲੋਂ ਘੱਟ ਹਿੰਸਕ ਹੁੰਦੇ ਹਨ ਪਰ ਉਹਨਾ ਦੇ ਕੱਟੜਵਾਦੀਆਂ ਨੇ ਅਨੇਕਾਂ ਹੀ ਮੁਸਲਮਾਨ ਮੌਤ ਦੇ ਘਾਟ ਉਤਾਰ ਦਿੱਤੇ ਹਨ। ਮੀਆਂਮਾਰ ਵਿੱਚ ਜੋ ਕੁੱਝ ਹੋਇਆ ਹੈ ਉਹ ਵੀ ਸਾਰਿਆਂ ਦੇ ਸਾਹਮਣੇ ਹੈ। ਇੰਡੀਆ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਨੇ ਭਗਵੇਂ ਕੱਪੜੇ ਵਾਲੇ ਕੱਟੜਵਾਦੀਆਂ ਨੂੰ ਜੋ ਖੁੱਲ ਦਿੱਤੀ ਹੋਈ ਹੈ ਉਹ ਵੀ ਆਏ ਦਿਨ ਨਵੇਂ ਕਾਰੇ ਕਰ ਰਹੇ ਹਨ। ਕਿਸੇ ਨੂੰ ਗਾਂ ਦਾ ਮੀਟ ਖਾਣ ਦਾ ਬਹਾਨਾ ਲਾ ਕੇ ਕੁੱਟ-ਕੁੱਟ ਕੇ ਮਾਰ ਰਹੇ ਹਨ ਅਤੇ ਕਿਸੇ ਹੋਰ ਨੂੰ ਕਿਸੇ ਹੋਰ ਬਹਾਨੇ ਨਾਲ। ਕਈ ਪੱਤਰਕਾਰਾਂ ਦਾ ਕਤਲ ਕਰ ਚੁੱਕੇ ਹਨ। ਇੱਕ ਪਾਸੇ ਗਊਆਂ ਨੂੰ ਆਪਣੀ ਮਾਂ ਕਹਿੰਦੇ ਹਨ ਅਤੇ ਦੂਸਰੇ ਪਾਸੇ ਉਹਨਾ ਨੂੰ ਅਵਾਰਾ ਛੱਡ ਕੇ ਕਿਸਾਨਾਂ ਦੀਆਂ ਫਸਲਾ ਉਜਾੜਨ ਲਈ ਛੱਡਿਆ ਹੋਇਆ ਹੈ। ਓਏ ਭਗਵੀਂ ਸੋਚ ਦੇ ਕੱਟੜਵਾਦੀਓ, ਜੇ ਕਰ ਗਊਆਂ ਤੁਹਾਡੀਆਂ ਮਾਵਾਂ ਹਨ ਅਤੇ ਉਹਨਾ ਨੂੰ ਮਾਰਨਾ ਪਾਪ ਸਮਝਦੇ ਹੋ ਤਾਂ ਫਿਰ ਉਹਨਾ ਦੇਸ਼ਾਂ ਨਾਲ ਵਪਾਰਕ ਸਮਝੌਤੇ ਕਿਉਂ ਕਰਦੇ ਹੋ ਜਿਹੜੇ ਕਿ ਗਾਵਾਂ ਨੂੰ ਵੀ ਇੱਕ ਫਸਲ ਦੀ ਤਰ੍ਹਾਂ ਪਾਲਦੇ ਅਤੇ ਵੱਢਣ ਲਈ ਵੇਚਦੇ ਹਨ? ਕਨੇਡਾ ਅਮਰੀਕਾ ਵਿੱਚ ਇਸ ਤਰ੍ਹਾਂ ਬਹੁਤ ਹੁੰਦਾ ਹੈ।
ਸਾਰੀ ਦੁਨੀਆ ਹੀ ਕੱਟੜਵਾਦੀਆਂ ਤੋਂ ਬਹੁਤ ਖਤਰਾ ਮਹਿਸੂਸ ਕਰਦੀ ਹੈ। ਇਸ ਕੱਟੜਵਾਦ ਨੂੰ ਖਤਮ ਕਰਨ ਲਈ ਖੁਦ ਸਰਕਾਰਾਂ ਹੀ ਕੱਟੜਵਾਦੀ ਬਣ ਜਾਂਦੀਆਂ ਹਨ। ਡੌਲਨਡ ਟਰੰਪ ਅਤੇ ਮੋਦੀ ਦੀਆਂ ਸਰਕਾਰਾਂ ਦੀ ਮਿਸਾਲ ਸਾਰਿਆਂ ਦੇ ਸਾਹਮਣੇ ਹੈ। ਸਾਰੇ ਕੱਟੜਵਾਦੀਆਂ ਨੂੰ ਦੂਸਰੇ ਕੱਟੜਵਾਦੀਆਂ ਤੋਂ ਖਤਰਾ ਮਹਿਸੂਸ ਹੁੰਦਾ ਹੈ। ਸਾਰੀ ਦੁਨੀਆ ਵਿੱਚ ਇਹੀ ਕੁੱਝ ਹੋ ਰਿਹਾ ਹੈ।
ਸਾਰੇ ਮਜਬੀ ਲੋਕ ਆਪਣੇ ਕੱਟੜਵਾਦੀਆਂ ਨੂੰ ਸਲਾਹੁੰਦੇ ਹਨ। ਜਦੋਂ ਇਹ ਮਰਦੇ ਹਨ ਤਾਂ ਇਹਨਾਂ ਨੂੰ ਮਹਾਨ ਸ਼ਹੀਦਾਂ ਦਾ ਦਰਜਾ ਦਿੰਦੇ ਹਨ। ਅਤੇ ਇਹ ਵੀ ਕਹਿੰਦੇ ਹਨ ਕਿ ਇਹ ਸ਼ਹੀਦੀ ਅਕਾਲ ਪੁਰਖ ਦੀ ਮਿਹਰ ਨਾਲ ਮਿਲਦੀ ਹੈ। ਇਹਨਾ ਦੇ ਕਹਿਣ ਮੁਤਾਬਕ ਧਰਮ ਦੇ ਨਾਮ ਤੇ ਜਿਤਨਾ ਮਰਜੀ ਅਧਰਮ ਫੈਲਾਓ। ਨਿਰਦੋਸ਼ਿਆਂ ਨੂੰ ਕਤਲ ਕਰੋ ਜਾਂ ਕਤਲ ਕਰਨ ਲਈ ਉਕਸਾਹਟ ਕਰੋ। ਫਿਰ ਜਦੋਂ ਤੁਸੀਂ ਮਾਰੇ ਗਏ ਤਾਂ ਅਸੀਂ ਤੁਹਾਨੂੰ ਮਹਾਨ ਸ਼ਹੀਦ ਕਹਾਂਗੇ। ਇਸਲਾਮ ਦੇ ਨਾਮ ਤੇ ਮਰਨ ਵਾਲਿਆਂ ਲਈ ਸਵਰਗ ਵਿੱਚ ਹੂਰਾਂ ਤਾਂ ਵੱਟ ਤੇ ਪਈਆਂ ਹਨ ਤਾਂਹੀਂ ਤਾਂ ਉਹ ਮਰਨ ਦੀ ਕੋਈ ਪਰਵਾਹ ਨਹੀਂ ਕਰਦੇ। ਇਹ ਤਾਂ ਪਤਾ ਨਹੀਂ ਕਿ ਰੱਬ ਉਹਨਾ ਤੇ ਮਿਹਰ ਕਰਕੇ ਆਪਣੀ ਖਲਕਤ ਨੂੰ ਮਰਵਾ ਕਿ ਕਿਤਨਾ ਕੁ ਖੁਸ਼ ਹੁੰਦਾ ਹੋਵੇਗਾ?
ਮੇਰੀਆਂ ਨਜ਼ਰਾਂ ਵਿੱਚ ਇਹ ਸਾਰੇ ਧਰਮਾਂ/ਮਜਬਾਂ ਨੂੰ ਮੰਨਣ ਵਾਲੇ ਸਾਰੇ ਕੱਟੜਵਾਦੀ ਅਧਰਮੀ ਅਤੇ ਮਨੁੱਖਤਾ ਦੇ ਦੁਸ਼ਮਣ ਹਨ ਅਤੇ ਮਨੁੱਖਤਾ ਵਿਰੋਧੀ ਸੋਚ ਰੱਖਦੇ ਹਨ। ਇਹ ਸਾਰੇ ਨਾਸਤਕ ਹਨ। ਅਸਲ ਵਿੱਚ ਧਰਮੀ ਅਤੇ ਆਸਤਕ ਉਹ ਹਨ ਜੋ ਸਾਰੀ ਮਨੁੱਖਤਾ ਨਾਲ ਪਿਆਰ ਕਰਦੇ ਹਨ ਅਤੇ ਸਾਰੇ ਸੰਸਾਰ ਨੂੰ ਉਸ ਇੱਕ ਰੱਬ ਦੀ ਫੁਲਵਾੜੀ ਸਮਝ ਕੇ ਪਿਆਰ ਅਤੇ ਸੇਵਾ ਕਰਦੇ ਹਨ। ਬਾਹਰੋਂ ਉਹ ਭਾਵੇਂ ਧਰਮੀ ਨਾ ਦਿਸਦੇ ਹੋਣ ਪਰ ਅੰਦਰੋਂ ਪੂਰੇ ਧਰਮੀ ਹਨ। ਇਹਨਾ ਵਿੱਚ ਉਹ ਸਾਰੇ ਆ ਜਾਂਦੇ ਹਨ ਜਿਹੜੇ ਕਿ ਵੱਖ-ਵੱਖ ਤਰੀਕਿਆਂ ਨਾਲ ਬਿਨਾ ਕਿਸੇ ਭਿੰਨ ਭੇਦ ਦੇ ਮਨੁੱਖੀ ਹੱਕਾਂ ਲਈ ਅਤੇ ਸੇਵਾ ਲਈ ਤੱਤਪਰ ਰਹਿੰਦੇ ਹਨ। ਇਹ ਰਿੱਡ ਕਰਾਸ, ਹਿਊਮਨ ਰਾਈਟਸ, ਸਿਵਲ ਰਾਈਟਸ, ਐਮਨਿਸਟੀ ਐਂਟਰਨੈਸ਼ਨਲ ਅਤੇ ਇਸ ਤਰ੍ਹਾਂ ਦੀਆਂ ਹੋਰ ਜਥੇਬੰਦੀਆਂ ਨਾਲ ਸੰਬੰਧਿਤ ਹੋ ਸਕਦੇ ਹਨ। ਇਹਨਾ ਵਿਚੋਂ ਵੀ ਸਭ ਤੋਂ ਵੱਧ ਧਰਮੀ, ਜੋ ਕੌਕਸ ਵਰਗੀਆਂ ਉਹ ਸ਼ਖਸ਼ੀਅਤਾਂ ਸਨ ਜਿਹੜੀਆਂ ਕਿ ਮਨੁੱਖਤਾ ਦੀ ਭਲਾਈ ਲਈ ਹਰ ਵਕਤ ਤੱਤਪਰ ਰਹਿੰਦੀਆਂ ਸਨ। ਪਰ ਕੱਟੜਵਾਦੀ ਅਜਿਹੇ ਧਰਮੀਆਂ ਨੂੰ ਕਿਥੋਂ ਜਰਦੇ ਹਨ। ਇਸ ਲਈ ਜਨੂਨੀਆਂ ਨੇ ਉਸ ਨੂੰ ਜੂਨ 2016 ਵਿੱਚ 41 ਸਾਲਾਂ ਦੀ ਉਮਰ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ। ਜੋ ਕੌਕਸ ਵਰਗੀਆਂ ਮਹਾਨ ਧਾਰਮਿਕ ਰੂਹਾਂ ਨੂੰ ਮੇਰਾ ਕੋਟਿ ਕੋਟਿ ਪ੍ਰਣਾਮ ਹੈ। ਯਾਦ ਰਹੇ ਕਿ ਜੋ ਕੌਕਸ ਯੂ. ਕੇ. ਦੀ ਐਮ. ਪੀ. ਸੀ ਜਿਹੜੀ ਕਿ ਘੱਟ ਗਿਣਤੀਆਂ ਦੀ ਹਮਦਰਦ ਅਤੇ ਯੂ. ਕੇ. ਨੂੰ ਯੂਰਪ ਯੂਨੀਅਨ ਦੇ ਵਿੱਚ ਰੱਖਣ ਦੀ ਹਮਾਇਤੀ ਸੀ। ਉਸ ਦੇ ਪਤੀ ਦੇ ਕਹਿਣ ਦੇ ਮੁਤਾਬਕ ਉਸ ਦੇ ਦੋ ਮੁੱਖ ਖਾਸ ਟੀਚੇ ਸਨ, ਬੱਚਿਆਂ ਦਾ ਭਵਿੱਖ ਚੰਗਾ ਹੋਵੇ ਅਤੇ ਦੁਨੀਆ ਵਿਚੋਂ ਨਫਰਤ ਘਟੇ।
ਇਹ ਸਾਰਾ ਕੁੱਝ ਪੜ੍ਹ ਕਿ ਸ਼ਾਇਦ ਤੁਹਾਨੂੰ ਸਮਝ ਆ ਗਈ ਹੋਵੇਗੀ ਕਿ ਮੈਂ ਕਿਸ ਤਰ੍ਹਾਂ ਦਾ ਕੱਟੜਵਾਦੀ ਹਾਂ। ਮੈਂ ਵੀ ਧਰਮੀ ਕੱਟੜਵਾਦੀ ਹਾਂ ਪਰ ਮੇਰਾ ਧਰਮ ਉਹ ਨਹੀਂ ਜੋ ਹੋਰ ਬਾਕੀ ਧਰਮਾਂ ਦੇ ਕੱਟੜਵਾਦੀਆਂ ਦਾ ਹੈ। ਮੇਰਾ ਧਰਮ ਸਾਰੀ ਦੁਨੀਆ ਦੇ ਇਕੋ ਧਰਮ ਅਤੇ ਇਕੋ ਰੱਬ ਨਾਲ ਸੰਬੰਧਿਤ ਹੈ। ਮੇਰੇ ਇਸ ਇਕੋ ਰੱਬ ਨੇ ਸੂਰਜ, ਚੰਦਰਮਾਂ, ਧਰਤੀ ਅਤੇ ਹੋਰ ਪੌਣ-ਪਾਣੀ ਵਾਲੀਆਂ ਸਾਰੀਆਂ ਦਾਤਾਂ, ਸਾਰਿਆਂ ਲਈ ਸਾਂਝੀ ਤੌਰ ਤੇ ਵਰਤਣ ਲਈ ਦਿੱਤੀਆਂ ਹੋਈਆਂ ਹਨ। ਇਹ ਜਰੂਰੀ ਨਹੀਂ ਕਿ ਤੁਸੀਂ ਮੇਰੇ ਇਕੋ ਰੱਬ ਅਤੇ ਸਾਰੀ ਦੁਨੀਆ ਦੇ ਇਕੋ ਧਰਮ ਨਾਲ ਸਹਿਮਤ ਹੋਵੋਂ। ਤੁਹਾਨੂੰ ਆਪਣੇ ਵਿਚਾਰ ਰੱਖਣ ਦੀ ਖੁੱਲ ਹੈ ਪਰ ਮੈਨੂੰ ਕੋਈ ਪਰਵਾਹ ਨਹੀ ਕਿ ਤੁਸੀਂ ਜਾਂ ਕੋਈ ਹੋਰ ਮੇਰੇ ਇਸ ਤਰ੍ਹਾਂ ਦੇ ਵਿਚਾਰਾਂ ਬਾਰੇ ਕੀ ਸੋਚਦਾ ਹੈ। ਮੈਂ ਤਾਂ ਹੁਣ ਬਹੁਤ ਸਾਲਾਂ ਤੋਂ ਇਸ ਤਰ੍ਹਾਂ ਦਾ ਹੀ ਕੱਟੜਵਾਦੀ ਹਾਂ ਅਤੇ ਰਹਾਂਗਾ। ਤੁਸੀਂ ਆਪਣੇ ਨਫਰਤ ਫੈਲਾਉਣ ਵਾਲੇ ਕਿਸੇ ਮਜਬੀ ਧਰਮ ਫਿਰਕੇ ਨੂੰ ਆਪਣੇ ਕੋਲ ਹੀ ਰੱਖੋ ਮੈਨੂੰ ਉਸ ਦੀ ਬਹੁਤੀ ਕੋਈ ਲੋੜ ਨਹੀਂ ਹੈ।
ਮੱਖਣ ਸਿੰਘ ਪਰੇਵਾਲ,
ਅਕਤੂਬਰ 28, 2018.




.