.

ਜਪਹੁ ਤ ਏਕੋ ਨਾਮਾ ॥ ਅਵਰਿ ਨਿਰਾਫਲ ਕਾਮਾ ॥੧॥ ਰਹਾਉ ॥

 

ਰੱਬ ਇੱਕ ਹੈ। ਰੱਬ ਦਾ ਕੋਈ ਸ਼ਰੀਕ ਨਹੀਂ ਹੈ, ਉਹ ਨਿਰਭਉ ਅਤੇ ਨਿਰਵੈਰ ਹੈ। ਰੱਬ ਜੰਮਦਾ ਅਤੇ ਮਰਦਾ ਨਹੀਂ। ਉਸ ਦੀ ਹੋਂਦ ਆਪਣੇ ਆਪ ਤੋਂ ਹੋਈ ਹੈ।
ਹਰ ਕੋਈ ਜੀਵ ਰੱਬ ਦੇ ਹੁਕਮ ਵਿੱਚ ਹੈ। ਰੱਬ ਹੀ ਸਭ ਜੀਵਾਂ ਨੂੰ ਪੈਦਾ ਕਰਨ ਵਾਲਾ, ਪਾਲਣਾ ਵਾਲਾ ਅਤੇ ਮਾਰਨ ਵਾਲਾ ਹੈ। ਇਸ ਤਰ੍ਹਾਂ ਸਾਰੀਆਂ ਕੁਦਰਤੀ ਅਤੇ ਦੁਨਿਆਵੀ ਤਾਕਤਾਂ ਦਾ ਮਾਲਕ ਰੱਬ ਹੈ ਅਤੇ ਇਹ ਸਾਰੀਆਂ ਤਾਕਤਾਂ ਅਤੇ ਕੁਦਰਤ ਰੱਬ ਦੇ ਅਧੀਨ ਹਨ।
ਸਾਡੇ ਜੀਵਨ ਦਾ ਮਕਸਦ ਦੁਨੀਆਂ ਅਤੇ ਪਰਵਾਰ ਵਿੱਚ ਰਹਿੰਦੇ ਹੋਏ ਰੱਬ ਨੂੰ ਪਾਉਣਾ ਹੈ। ਰੱਬ ਦੀ ਪ੍ਰਾਪਤੀ ਪੂਰੇ ਗੁਰੂ ਦੀ ਕ੍ਰਿਪਾ ਨਾਲ ਹੀ ਸੰਭਵ ਹੋ ਸਕਦੀ ਹੈ।
ਸਿੱਖ ਕੇਵਲ ਅਤੇ ਕੇਵਲ ਅਕਾਲ ਦਾ ਪੁਜਾਰੀ ਹੈ। ਰੱਬ ਤੋਂ ਜਿਆਦਾ ਤਾਕਤਵਾਰ ਹੋਰ ਕੋਈ ਜੀਵ ਨਹੀਂ ਹੈ। ਇਸ ਲਈ ਇੱਕ ਸੱਚਾ ਸਿੱਖ ਰੱਬ ਦੇ ਮੁਕਾਬਲੇ ਹੋਰ ਕਿਸੇ ਤਾਕਤ ਅਤੇ ਜੀਵ ਨੂੰ ਨਹੀਂ ਪੂਜਦਾ।
ਰੱਬ ਇੱਕ ਹੋਣ ਕਰਕੇ ਉਸ ਨੂੰ ਪਾਉਣ ਦਾ ਤਰੀਕਾ ਭੀ ਇੱਕ ਹੀ ਹੈ। ਵੱਖ-ਵੱਖ ਲੋਕਾਂ ਨੇ ਰੱਬ ਨੂੰ ਪਾਉਣ ਵਾਸਤੇ ਅਨੇਕਾਂ ਤਰੀਕੇ ਅਪਣਾਏ ਹਨ ਜਿਵੇਂ ਕਿ ਜੰਤਰ-ਮੰਤਰ-ਤੰਤਰ, ਮੂਰਤੀ-ਪੂਜਾ, ਜਪ, ਤਪ, ਜੱਗ, ਤੀਰਥ-ਇਸ਼ਨਾਨ, ਪੁੰਨ-ਦਾਨ, ਕ੍ਰਮ-ਕਾਂਡ, ਜੀਵਾਂ ਦਾ ਬਲੀਦਾਨ ਆਦਿ ਦੇ ਪਾਖੰਡ। ਇਹ ਕ੍ਰਮ-ਕਾਂਡ ਅਤੇ ਪਾਖੰਡ ਕੇਵਲ ਉਨ੍ਹਾਂ ਚੀਜ਼ਾਂ ਪਾਉਣ ਵਿੱਚ ਹੀ ਸਹਾਈ ਹੋ ਸਕਦੇ ਹਨ ਜਿਨ੍ਹਾਂ ਦੀ ਉਹ ਲੋਕ ਪੂਜਾ ਕਰਦੇ ਹਨ। ਪਰ ਇਹ ਕ੍ਰਮ-ਕਾਂਡ ਅਤੇ ਪਾਖੰਡ ਰੱਬ ਨੂੰ ਪਾਉਣ ਵਾਸਤੇ ਸਹਾਈ ਨਹੀਂ ਹੋ ਸਕਦੇ।
ਇਸ ਲੇਖ ਦੇ ਸਿਰਲੇਖ ਵਿੱਚ ਦੋ ਗੱਲਾਂ ਸਾਹਮਣੇ ਆ ਰਹੀਆਂ ਹਨ; ਨਾਮੁ ਅਤੇ ਅਵਰਿ ਕਾਜ। ਆਓ ਸਭ ਤੋਂ ਪਹਿਲਾਂ ਇਨ੍ਹਾਂ ਦੋਨ੍ਹਾਂ ਲਫਜ਼ਾਂ ਦੇ ਅਰਥ ਸਮਝ ਲਈਏ;
੧. ਅਵਰਿ ਕਾਜ: ਦਾ ਅਰਥ ਕ੍ਰਮ-ਕਾਂਡ ਹੈ। ਕਈ ਅਨਪੜ੍ਹ ਸਾਧ ਅਤੇ ਪ੍ਰਚਾਰਿਕ ਦੁਨਿਆਵੀ ਕੰਮਾਂ (ਖੇਤੀ-ਬਾੜੀ, ਨੌਕਰੀ-ਪੇਸ਼ਾ ਅਤੇ ਵਪਾਰ ਆਦਿ) ਨੂੰ ਅਵਰਿ ਕਾਜ ਕਹਿੰਦੇ ਹਨ। ਇਹ ਅਰਥ ਠੀਕ ਨਹੀਂ ਹਨ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਅਨੁਸਾਰ ਹਰ ਜੀਵ ਦਾ ਫਰਜ਼ ਹੈ ਕਿ ਉਹ ਇਮਾਨਦਾਰੀ ਨਾਲ ਰੋਜ਼ੀ ਕਮਾ ਕੇ ਆਪਣੇ ਪਰਵਾਰ ਅਤੇ ਸੰਸਾਰ ਦੇ ਜੀਵਾਂ ਦੀ ਪਾਲਣਾ ਕਰੇ। ਗੁਰੂ ਨਾਨਕ ਸਾਹਿਬ ਦੇ ਘਰ ਮਖੱਟੂਆਂ ਵਾਸਤੇ ਕੋਈ ਥਾਂ ਨਹੀਂ। ਵੇਹਲੜ ਅਤੇ ਰਿਸ਼ਟ-ਪੁਸ਼ਟ ਜੀਵ ਜਿਹੜਾ ਆਪਣੀ ਪੇਟ-ਪੂਜਾ ਵਾਸਤੇ ਦੂਜਿਆਂ ਤੇ ਨਿਰਭਰ ਹੋਵੇ ਅਤੇ ਮੰਗ ਕੇ ਖਾਵੇ ਉਸ ਨੂੰ ਨਿਖੱਟੂ ਕਿਹਾ ਜਾਂਦਾ ਹੈ। ਧਰਮ ਦੀ ਦੁਨੀਆਂ ਵਿੱਚ ਵਾਹਿਗੁਰੂ ਨੂੰ ਮਿਲਣ ਵਾਸਤੇ ਵਾਹਿਗੁਰੂ ਦੀ ਯਾਦ ਤੋਂ ਇਲਾਵਾ ਕੋਈ ਹੋਰ ਉੱਦਮ ਅਤੇ ਕ੍ਰਮ-ਕਾਂਡ ਜਿਵੇਂ ਜੰਤਰ-ਮੰਤਰ-ਤੰਤਰ, ਮੂਰਤੀ-ਪੂਜਾ, ਜਪ, ਤਪ, ਜੱਗ, ਤੀਰਥ-ਇਸ਼ਨਾਨ ਅਤੇ ਪੁੰਨ-ਦਾਨ ਆਦਿ ਕਰਨ ਨੂੰ ‘ਅਵਰਿ ਕਾਜ’ ਕਿਹਾ ਜਾਂਦਾ ਹੈ। ਅਵਰਿ ਕਾਜ ਦੇ ਅਰਥ ਗੁਰੂ ਨਾਨਕ ਸਾਹਿਬ ਹੇਠਾਂ ਦਿੱਤੇ ਸਲੋਕ ਤੋਂ ਸ਼ਪਸ਼ਟ ਹੋ ਜਾਂਦੇ ਹਨ। ਇਸ ਸਲੋਕ ਵਿੱਚ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਹਨ ਕਿ,
ਸਲੋਕ ਮਃ ੧
ਗਿਆਨ ਵਿਹੂਣਾ ਗਾਵੈ ਗੀਤ।।
ਭੁਖੇ ਮੁਲਾਂ ਘਰੇ ਮਸੀਤਿ।।
ਮਖਟੂ ਹੋਏ ਕੈ ਕੰਨ ਪੜਾਏ।।
ਫਕਰੁ ਕਰੇ ਹੋਰੁ ਜਾਤਿ ਗਵਾਏ।।
ਗੁਰੁ ਪੀਰੁ ਸਦਾਏ ਮੰਗਣ ਜਾਇ।।
ਤਾ ਕੈ ਮੂਲਿ ਨ ਲਗੀਐ ਪਾਇ।।
ਘਾਲਿ ਖਾਇ ਕਿਛੁ ਹਥਹੁ ਦੇਇ।।
ਨਾਨਕ ਰਾਹੁ ਪਛਾਣਹਿ ਸੇਇ।। ੧।। ਪੰਨਾਂ ੧੨੪੫

ਅਰਥ: ਪੰਡਿਤ ਨੇ ਪ੍ਰਭੂ ਭਗਤੀ ਨੂੰ ਉਸ ਨੇ ਲੋਕਾਂ ਤੋਂ ਮੰਗ ਕੇ ਖਾਣ ਦਾ ਵਸੀਲਾ ਬਣਾ ਲਿਆ ਹੈ। ਪੰਡਿਤ ਪ੍ਰਮਾਤਮਾ ਦੇ ਭਜਨ ਤਾਂ ਗਾਉਦਾ ਹੈ ਪਰ ਆਪ ਸਮਝ ਤੋਂ ਸੱਖਣਾ ਹੈ ਕਿਉਂਕਿ ਪ੍ਰਮਾਤਮਾ ਦੇ ਇਸ ਭਜਨ ਦੇ ਗਾਉਣ ਨੂੰ ਉਹ ਰੋਜ਼ੀ ਦਾ ਵਸੀਲਾ ਬਣਾਈ ਰੱਖਦਾ ਹੈ। ਇਸ ਤਰ੍ਹਾਂ ਕਰਨ ਨਾਲ ਉਸ ਦੀ ਸਮਝ ਉੱਚੀ ਨਹੀਂ ਹੋ ਸਕੀ। ਇਸੇ ਹੀ ਤਰ੍ਹਾਂ ਭੁੱਖ ਦੇ ਮਾਰੇ ਹੋਏ ਮੁੱਲਾਂ ਦੀ ਮਸੀਤ ਭੀ ਰੋਜ਼ੀ ਦੀ ਖ਼ਾਤਰ ਹੀ ਹੈ। ਮੁੱਲਾਂ ਨੇ ਭੀ ਬਾਂਗ ਨਮਾਜ਼ ਆਦਿ ਮਸੀਤ ਦੀ ਕ੍ਰਿਆ ਨੂੰ ਰੋਟੀ ਦਾ ਹੀ ਵਸੀਲਾ ਬਣਾਇਆ ਹੋਇਆ ਹੈ। ਜੋਗੀ ਵੀ ਹੱਡ-ਹਰਾਮ ਹੈ। ਉਹ ਕੰਨ ਪੜਵਾ ਕੇ ਫ਼ਕੀਰ ਬਣ ਜਾਂਦਾ ਹੈ ਅਤੇ ਆਪਣੀ ਕੁਲ ਦੀ ਅਣਖ ਗਵਾ ਬੈਠਦਾ ਹੈ। ਉਂਝ ਤਾਂ ਜੋਗੀ ਆਪਣੇ ਆਪ ਨੂੰ ਗੁਰੂ-ਪੀਰ ਅਖਵਾਂਉਦਾ ਹੈ ਪਰ ਘਰ-ਘਰ ਜਾ ਕੇ ਰੋਟੀ ਮੰਗਦਾ ਫਿਰਦਾ ਹੈ। ਅਜਿਹੇ ਪੰਡਿਤਾਂ, ਮੁਲਾਂ ਜੋਗੀਆਂ ਆਦਿ ਬੰਦਿਆਂ ਦੇ ਕਦੇ ਭੀ ਪਿੱਛੇ ਨਹੀਂ ਲੱਗਣਾ ਚਾਹੀਦਾ। ਜੋ ਪ੍ਰਾਣੀ ਮਿਹਨਤ ਦੀ ਕਮਾਈ ਕਰਕੇ ਆਪ ਖਾਂਦੇ ਹਨ ਅਤੇ ਉਸ ਕਮਾਈ ਵਿੱਚੋਂ ਕੁੱਝ ਲੋੜ੍ਹਵੰਦਾਂ ਦੀ ਭੀ ਮਦਦ ਕਰਦੇ ਹਨ, ਹੇ ਨਾਨਕ! ਅਜਿਹੇ ਬੰਦੇ ਹੀ ਆਪਣੇ ਜੀਵਨ ਦਾ ਸਹੀ ਰਸਤਾ ਪਛਾਣਦੇ ਹਨ।
ਭਗਤ ਕਬੀਰ ਜੀ ਭੀ ਵਿਹਲੇ ਬੈਠ ਕੇ ਭਗਤੀ ਕਰਨ ਨੂੰ ਕੋਈ ਮਾਨਤਾ ਨਹੀਂ ਦਿੰਦੇ। ਇਹ ਗੱਲ ਉਨ੍ਹਾਂ ਦੇ ਹੇਠ ਦਿੱਤੇ ਦੋ ਸਲੋਕਾਂ ਤੋਂ ਸ਼ਪਸ਼ਟ ਹੋ ਜਾਂਦੀ ਹੈ;
ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤੁ ॥
ਕਾਹੇ ਛੀਪਹੁ ਛਾਇਲੇ ਰਾਮ ਨ ਲਾਵਹੁ ਚੀਤੁ ॥੨੧੨॥ ਪੰਨਾਂ ੧੩੭੫

ਭਗਤ ਕਬੀਰ ਦੱਸਦੇ ਹਨ ਕਿ ਭਗਤ ਤ੍ਰਿਲੋਚਨ ਆਪਣੇ ਮਿੱਤ੍ਰ ਭਗਤ ਨਾਮ ਦੇਵ ਨੂੰ ਸਵਾਲ ਕਰਦਾ ਅਤੇ ਆਖਦਾ ਹੈ ਕਿ ਹੇ ਨਾਮ ਦੇਵ! ਤੂੰ ਤਾਂ ਮਾਇਆ ਵਿੱਚ ਮਸਤ ਹੈਂ। ਤੂੰ ਤਾਂ ਕਪੜੇ ਰੰਗ-ਰੰਗ ਕੇ ਢੇਰ ਲਾਈ ਜਾ ਰਿਹਾ ਹੈਂ। ਤੂੰ ਪ੍ਰਮਾਤਮਾ ਦੇ ਚਰਨਾਂ ਨਾਲ ਕਦੇ ਚਿੱਤ ਕਿਉਂ ਨਹੀਂ ਜੋੜਦਾ?
"ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾੑਲਿ॥
ਹਾਥ ਪਾਉ ਕਰਿ ਕਾਮੁ ਸਭ, ਚੀਤੁ ਨਿਰੰਜਨ ਨਾਲਿ ॥੨੧੩॥ ਪੰਨਾ ੧੩੭੬

ਭਗਤ ਨਾਮ ਦੇਵ ਜੀ ਨੇ ਆਪਣੇ ਮਿੱਤਰ ਭਗਤ ਤ੍ਰਿਲੋਚਨ ਜੀ ਨੂੰ ਬਹੁਤ ਕਮਾਲ ਦਾ ਉੱਤਰ ਦਿੱਤਾ। ਜੇ ਸਾਨੂੰ ਵੀ ਉਸ ਜਵਾਬ ਦੀ ਸਮਝ ਲੱਗ ਜਾਵੇ ਤਾਂ ਸ਼ਾਇਦ ਨਾਮ ਸਿਮਰਨ ਦੀਆਂ ਸਾਡੀਆਂ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਣ। ਭਗਤ ਨਾਮ ਦੇਵ ਜੀ ਭਗਤ ਤ੍ਰਿਲੋਚਨ ਨੂੰ ਦੱਸਦੇ ਹਨ ਕਿ ਤੂੰ ਮੂੰਹ ਨਾਲ ਪ੍ਰਮਾਤਮਾ ਦਾ ਨਾਮ ਲਿਆ ਕਰ । ਹੱਥ-ਪੈਰ ਵਰਤ ਕੇ ਸਾਰੇ ਕੰਮ-ਕਾਜ ਕਰੇ ਜਾਂਦੇ ਹਨ ਅਤੇ ਆਪਣੇ ਮਨ ਨੂੰ ਮਾਇਆ-ਰਹਿਤ ਪ੍ਰਮਾਤਮਾ ਨਾਲ ਜੋੜਿਆ ਜਾਂਦਾ ਹੈ। ਇਸ ਨੂੰ ਕਹਿੰਦੇ ਹਨ ਕਿ ਹੱਥ ਕਾਰ ਵਲ ਅਤੇ ਮੂੰਹ ਯਾਰ ਵਲ।
ਇੱਕ ਕਹਾਵਤ ਮੁਤਾਬਕ, "ਬੁਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁਟਨਾ ਉਧਰ ਲਾਉਣਾ।"
ਗਉੜੀ ਸੁਖਮਨੀ ਵਿੱਚ ਗੁਰੂ ਅਰਜਨ ਸਾਹਿਬ ਮੁਤਾਬਕ;
ਉਸਤਤਿ ਮਨ ਮਹਿ ਕਰਿ ਨਿਰੰਕਾਰ ॥
ਕਰਿ ਮਨ ਮੇਰੇ ਸਤਿ ਬਿਉਹਾਰ ॥
ਨਿਰਮਲ ਰਸਨਾ ਅੰਮ੍ਰਿਤੁ ਪੀਉ ॥
ਸਦਾ ਸੁਹੇਲਾ ਕਰਿ ਲੇਹਿ ਜੀਉ ॥
ਨੈਨਹੁ ਪੇਖੁ ਠਾਕੁਰ ਕਾ ਰੰਗੁ ॥
ਸਾਧਸੰਗਿ ਬਿਨਸੈ ਸਭ ਸੰਗੁ ॥
ਚਰਨ ਚਲਉ ਮਾਰਗਿ ਗੋਬਿੰਦ ॥
ਮਿਟਹਿ ਪਾਪ ਜਪੀਐ ਹਰਿ ਬਿੰਦ ॥
ਕਰ ਹਰਿ ਕਰਮ ਸ੍ਰਵਨਿ ਹਰਿ ਕਥਾ ॥
ਹਰਿ ਦਰਗਹ ਨਾਨਕ ਊਜਲ ਮਥਾ ॥੨॥ {ਪੰਨਾ 281}

ਅਰਥ: ਹੇ ਮੇਰੇ ਮਨ! ਤੂੰ ਆਪਣੇ ਅੰਦਰ ਅਕਾਲ ਪੁਰਖ ਦੀ ਵਡਿਆਈ ਕਰ ਅਤੇ ਸੱਚਾ ਵਿਹਾਰ ਕਰ। ਜੀਭ ਨਾਲ ਮਿੱਠਾ ਨਾਮ-ਅੰਮ੍ਰਿਤ ਪੀ, ਇਸ ਤਰ੍ਹਾਂ ਆਪਣੀ ਜਿੰਦ ਨੂੰ ਸਦਾ ਲਈ ਸੁਖੀ ਕਰ ਲੈ। ਅੱਖਾਂ ਨਾਲ ਅਕਾਲ ਪੁਰਖ ਦਾ ਜਗਤ-ਤਮਾਸ਼ਾ ਵੇਖ, ਭਲਿਆਂ ਦੀ ਸੰਗਤ ਨਾਲ ਕੁਟੰਬ ਆਦਿ ਦਾ ਮੋਹ ਮਿਟ ਜਾਂਦਾ ਹੈ। ਪੈਰਾਂ ਨਾਲ ਰੱਬ ਦੇ ਰਾਹ ਤੇ ਤੁਰ। ਪ੍ਰਭੂ ਨੂੰ ਥੋੜਾ ਚਿਰ ਭੀ ਜਪਣ ਨਾਲ ਪਾਪ ਦੂਰ ਹੋ ਜਾਂਦੇ ਹਨ। ਹੱਥਾਂ ਨਾਲ ਪ੍ਰਭੂ ਦੇ ਰਾਹ ਦੇ ਕੰਮ ਕਰ ਅਤੇ ਕੰਨਾਂ ਨਾਲ ਉਸ ਦੀ ਵਡਿਆਈ ਸੁਣ; ਇਸ ਤਰ੍ਹਾਂ ਹੇ ਨਾਨਕ! ਪ੍ਰਭੂ ਦੀ ਦਰਗਾਹ ਵਿੱਚ ਸੁਰਖ਼-ਰੂ ਹੋ ਜਾਈਦਾ ਹੈ।
੨. ਨਾਮ: ਗੁਰੂ ਨਾਨਕ ਸਾਹਿਬ ਮੁਤਾਬਕ ਪ੍ਰਭੂ ਦੇ ਹੁਕਮ ਅਨੁਸਾਰ ਜੀਵਨ ਬਿਤਾਉਣਾ ਹੀ ਉਸ ਦਾ ਨਾਮ ਜਪਣਾ ਹੈ। ਉਨ੍ਹਾਂ ਮੁਤਾਬਕ;
ਸਤਸੰਗਤਿ ਕੈਸੀ ਜਾਣੀਐ ॥
ਜਿਥੈ ਏਕੋ ਨਾਮੁ ਵਖਾਣੀਐ ॥
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥

ਸਤ ਸੰਗਤ ਕਿਸ ਨੂੰ ਕਹਿੰਦੇ ਹਨ? ਸਤ ਸੰਗਤ ਉਹ ਹੈ ਜਿੱਥੇ ਕੇਵਲ ਪ੍ਰਮਾਤਮਾ ਦੇ ਗੁਣਾਂ ਨੂੰ ਸਲਾਹਿਆ ਜਾਂਦਾ ਹੈ। ਹੇ ਨਾਨਕ! ਸਤਿਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਕਿ ਕੇਵਲ ਪ੍ਰਮਾਤਮਾ ਦਾ ਨਾਮ ਜਪਣਾ ਹੀ ਪ੍ਰਭੂ ਦਾ ਹੁਕਮ ਹੈ।

‘ਨਾਮ’ ਜਾਂ ‘ਨਾਮੁ’ ਦਾ ਅਰਥ ਪ੍ਰਮਾਤਮਾ ਦਾ ਨਾਮ ਜਾਂ ਪ੍ਰਮਾਤਮਾ ਹੀ ਹੈ। ‘ਨਾਮ’ ਦੀ ਸਭ ਤੋਂ ਵਧੀਆ ਅਤੇ ਸਰਲ ਉਦਾਹਰਣ ‘ਗਉੜੀ ਸੁਖਮਨੀ’ ਦੀ ੧੬ਵੀਂ ਅਸ਼ਟਪਦੀ ਦੀ ੫ਵੀਂ ਪਉੜੀ ਤੋਂ ਮਿਲਦੀ ਹੈ; ਜਿਥੇ ਗੁਰੂ ਅਰਜਨ ਸਾਹਿਬ ਨੇ ਪ੍ਰਮਾਤਮਾ ਨੂੰ ਹੀ ‘ਨਾਮ’ ਕਿਹਾ;
ਨਾਮ ਕੇ ਧਾਰੇ ਸਗਲੇ ਜੰਤ ॥
ਨਾਮ ਕੇ ਧਾਰੇ ਖੰਡ ਬ੍ਰਹਮੰਡ ॥
ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥
ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ॥
ਨਾਮ ਕੇ ਧਾਰੇ ਆਗਾਸ ਪਾਤਾਲ ॥
ਨਾਮ ਕੇ ਧਾਰੇ ਸਗਲ ਆਕਾਰ ॥
ਨਾਮ ਕੇ ਧਾਰੇ ਪੁਰੀਆ ਸਭ ਭਵਨ ॥
ਨਾਮ ਕੈ ਸੰਗਿ ਉਧਰੇ ਸੁਨਿ ਸ੍ਰਵਨ ॥
ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ ॥
ਨਾਨਕ ਚਉਥੇ ਪਦ ਮਹਿ ਸੋ ਜਨੁ ਗਤਿ ਪਾਏ ॥੫॥ ਪੰਨਾਂ ੨੮੪

ਬੰਦਾ ਹਮੇਸ਼ਾਂ ਤਾਕਤ ਦਾ ਪੁਜਾਰੀ ਰਿਹਾ ਹੈ ਅਤੇ। ਉਹ ਆਮ ਤੌਰ ਤੇ ਆਪਣੇ ਤੋਂ ਜਿਆਦਾ ਤਕੜੇ ਦੀ ਹੀ ਈਨ ਮੰਨਦਾ ਹੈ। ਕੋਈ ਸਮਾਂ ਸੀ ਜਦੋਂ ਲੋਕ ਅੱਗ, ਪਾਣੀ ਸ਼ੇਰ, ਹਾਥੀ ਆਦਿ ਜਾਨਵਰਾਂ ਅਤੇ ਹੋਰ ਕੁਦਰਤੀ ਅਤੇ ਦੁਨਿਆਵੀ ਤਾਕਤਾਂ ਜਿਵੇਂ ਰਾਜੇ ਅਤੇ ਉਨ੍ਹਾਂ ਦੇ ਅਹਿਲਕਾਰਾਂ ਆਦਿ ਨੂੰ ਪੂਜਦੇ ਸਨ। ਜਿਵੇਂ-ਜਿਵੇਂ ਬੰਦਾ ਇਨ੍ਹਾਂ ਕੁਦਰਤੀ ਅਤੇ ਦੁਨਿਆਵੀ ਤਾਕਤਾਂ ਨੂੰ ਕਾਬੂ ਕਰਦਾ ਗਿਆ, ਉਸ ਦੇ ਮਨ ਵਿੱਚ ਇਨ੍ਹਾਂ ਦੀ ਪੂਜਾ ਘਟਦੀ ਗਈ।
ਰੱਬ ਨੂੰ ਪਾਉਣ ਵਾਸਤੇ ਆਪਣਾ ਸੁਭਾਅ ਰੱਬ ਵਰਗਾ ਬਣਾਉਣਾ ਪੈਂਦਾ ਹੈ। ਪ੍ਰਭੂ-ਪ੍ਰਾਪਤੀ ਕਿਸੇ ਪ੍ਰਕਾਰ ਦੇ ਕ੍ਰਮ-ਕਾਂਡ ਅਤੇ ਪਾਖੰਡ ਨਾਲ ਨਹੀਂ ਹੋ ਸਕਦੀ। ਇਸ ਲੇਖ ਵਿੱਚ ਗੁਰਬਾਣੀ ਵਿੱਚੋਂ ਕੁੱਝ ਉਦਾਹਰਣਾਂ ਦੇ ਕਿ ਇਹ ਸਿੱਧ ਕਰਾਂਗੇ ਕਿ ਕ੍ਰਮ-ਕਾਂਡ ਅਤੇ ਪਾਖੰਡ ਨੂੰ ਗੁਰਬਾਣੀ ਵਿੱਚ ਕੋਈ ਥਾਂ ਨਹੀਂ। ਗੁਰੂ ਨਾਨਕ ਸਾਹਿਬ ਦਾ ਸਿੱਖ ਕੇਵਲ ਇੱਕ ਅਕਾਲ ਦਾ ਹੀ ਪੁਜਾਰੀ ਹੈ।
੧. ਗੁਰੂ ਅਰਜਨ ਸਾਹਿਬ:
ਆਸਾ ਮਹਲਾ ੫ ॥
ਏਕੁ ਸਿਮਰਿ ਮਨ ਮਾਹੀ ॥੧॥ ਰਹਾਉ ॥
ਨਾਮੁ ਧਿਆਵਹੁ ਰਿਦੈ ਬਸਾਵਹੁ ਤਿਸੁ ਬਿਨੁ ਕੋ ਨਾਹੀ ॥੧॥
ਪ੍ਰਭ ਸਰਨੀ ਆਈਐ ਸਰਬ ਫਲ ਪਾਈਐ ਸਗਲੇ ਦੁਖ ਜਾਹੀ ॥੨॥
ਜੀਅਨ ਕੋ ਦਾਤਾ ਪੁਰਖੁ ਬਿਧਾਤਾ ਨਾਨਕ ਘਟਿ ਘਟਿ ਆਹੀ ॥੩॥ ਪੰਨਾਂ ੪੦੭

ਹੇ ਭਾਈ! ਪ੍ਰਮਾਤਮਾ ਦਾ ਨਾਮ ਸਿਮਰਿਆ ਕਰੋ, ਹਰੀ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਈ ਰੱਖੋ। ਪ੍ਰਮਾਤਮਾ ਤੋਂ ਬਿਨ੍ਹਾਂ ਕੋਈ ਹੋਰ ਕ੍ਰਮ-ਕਾਂਡ ਅਤੇ ਪਾਖੰਡ ਤੁਹਾਡੇ ਆਤਮਿਕ ਜੀਵਨ ਲਈ ਸਹਾਈ ਨਹੀਂ ਹੋ ਸਕਦਾ॥੧॥ ਰਹਾਉ ॥
ਹੇ ਭਾਈ! ਆਓ ਪ੍ਰਮਾਤਮਾ ਦੀ ਸ਼ਰਨ ਵਿੱਚ ਆਈਏ ਅਤੇ ਪ੍ਰਮਾਤਮਾ ਤੋਂ ਸਾਰੇ ਫ਼ਲ ਹਾਸਲ ਕਰੀਏ। ਪ੍ਰਮਾਤਮਾ ਦੀ ਸ਼ਰਨ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਹੇ ਨਾਨਕ! ਅਕਾਲ ਪੁਰਖ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਅਤੇ ਹਰੇਕ ਸਰੀਰ ਵਿੱਚ ਮੌਜ਼ੂਦ ਹੈ।੩।

ਸਿਰੀਰਾਗੁ ਮਹਲਾ ੫ ਘਰੁ ੫ ॥
ਜਾਨਉ ਨਹੀ ਭਾਵੈ ਕਵਨ ਬਾਤਾ ॥
ਮਨ ਖੋਜਿ ਮਾਰਗੁ ॥੧॥ ਰਹਾਉ ॥
ਧਿਆਨੀ ਧਿਆਨੁ ਲਾਵਹਿ ॥
ਗਿਆਨੀ ਗਿਆਨੁ ਕਮਾਵਹਿ ॥
ਪ੍ਰਭੁ ਕਿਨ ਹੀ ਜਾਤਾ ॥੧॥
ਭਗਉਤੀ ਰਹਤ ਜੁਗਤਾ ॥
ਜੋਗੀ ਕਹਤ ਮੁਕਤਾ ॥
ਤਪਸੀ ਤਪਹਿ ਰਾਤਾ ॥੨॥
ਮੋਨੀ ਮੋਨਿਧਾਰੀ ॥
ਸਨਿਆਸੀ ਬ੍ਰਹਮਚਾਰੀ ॥
ਉਦਾਸੀ ਉਦਾਸਿ ਰਾਤਾ ॥੩॥
ਭਗਤਿ ਨਵੈ ਪਰਕਾਰਾ ॥
ਪੰਡਿਤੁ ਵੇਦੁ ਪੁਕਾਰਾ ॥
ਗਿਰਸਤੀ ਗਿਰਸਤਿ ਧਰਮਾਤਾ ॥੪॥
ਇਕ ਸਬਦੀ ਬਹੁ ਰੂਪਿ ਅਵਧੂਤਾ ॥
ਕਾਪੜੀ ਕਉਤੇ ਜਾਗੂਤਾ ॥
ਇਕਿ ਤੀਰਥਿ ਨਾਤਾ ॥੫॥
ਨਿਰਹਾਰ ਵਰਤੀ ਆਪਰਸਾ ॥
ਇਕਿ ਲੂਕਿ ਨ ਦੇਵਹਿ ਦਰਸਾ ॥
ਇਕਿ ਮਨ ਹੀ ਗਿਆਤਾ ॥੬॥
ਘਾਟਿ ਨ ਕਿਨ ਹੀ ਕਹਾਇਆ ॥
ਸਭ ਕਹਤੇ ਹੈ ਪਾਇਆ ॥
ਜਿਸੁ ਮੇਲੇ ਸੋ ਭਗਤਾ ॥੭॥
ਸਗਲ ਉਕਤਿ ਉਪਾਵਾ ॥
ਤਿਆਗੀ ਸਰਨਿ ਪਾਵਾ ॥
ਨਾਨਕੁ ਗੁਰ ਚਰਣਿ ਪਰਾਤਾ ॥੮॥ ਪੰਨਾਂ ੭੧
ਅਰਥ: ਮੈਨੂੰ ਸਮਝ ਨਹੀਂ ਕਿ ਪ੍ਰਮਾਤਮਾ ਨੂੰ ਕਿਹੜੀ ਗੱਲ ਚੰਗੀ ਲੱਗਦੀ ਹੈ। ਹੇ ਮਨ! ਤੂੰ ਉਹ ਰਸਤਾ ਲੱਭ ਜਿਸ ਤੇ ਤੁਰਨ ਨਾਲ ਪ੍ਰਭੂ ਮਿਲ ਜਾਵੇ।੧। ਰਹਾਉ। ਸਮਾਧੀਆਂ ਲਾਉਣ ਵਾਲੇ ਲੋਕ ਸਮਾਧੀਆਂ ਲਾਉਂਦੇ ਹਨ, ਵਿਦਵਾਨ ਧਰਮ-ਚਰਚਾ ਕਰਦੇ ਹਨ, ਪਰ ਪ੍ਰਮਾਤਮਾ ਨੂੰ ਕਿਸੇ ਵਿਰਲੇ ਨੇ ਹੀ ਸਮਝਿਆ ਹੈ। ਇਨ੍ਹਾਂ ਤਰੀਕਿਆਂ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ।੧।
ਵੈਸ਼ਨੋਂ ਭਗਤ, ਵਰਤ, ਤੁਲਸੀ ਮਾਲਾ, ਤੀਰਥ ਇਸ਼ਨਾਨ ਆਦਿ ਦੇ ਪਾਖੰਡ ਕਰਦੇ ਹਨ। ਜੋਗੀ ਆਖਦੇ ਹਨ ਅਸੀਂ ਮੁਕਤ ਹੋ ਗਏ ਹਾਂ। ਤਪ ਕਰਨ ਵਾਲੇ ਸਾਧੂ ਤਪ ਕਰਨ ਵਿੱਚ ਹੀ ਮਸਤ ਰਹਿੰਦੇ ਹਨ।੨।
ਮੋਨੀ ਸਾਧੂ ਚੁੱਪ ਵੱਟੀ ਰੱਖਦੇ ਹਨ। ਸੰਨਿਆਸੀ ਸੰਨਿਆਸ ਵਿੱਚ; ਬ੍ਰਹਮਚਾਰੀ ਬ੍ਰਹਮਚਰਜ ਵਿੱਚ ਅਤੇ ਉਦਾਸੀ ਉਦਾਸੀ-ਭੇਖ ਵਿੱਚ ਮਸਤ ਰਹਿੰਦੇ ਹਨ।੩।
ਕੋਈ ਆਖਦਾ ਹੈ ਕਿ ਭਗਤੀ ਨੌਂ ਕਿਸਮਾਂ ਦੀ ਹੁੰਦੀ ਹੈ। ਪੰਡਿਤ ਵੇਦ ਨੂੰ ਉੱਚੀ ਉੱਚੀ ਪੜ੍ਹਦਾ ਹੈ। ਗ੍ਰਿਹਸਤੀ ਗ੍ਰਿਹਸਤ ਵਿੱਚ ਹੀ ਮਸਤ ਰਹਿੰਦਾ ਹੈ।੪।
ਅਨੇਕਾਂ ‘ਅਲੱਖ-ਅਲੱਖ’ ਕਰਦੇ ਰਹਿੰਦੇ ਹਨ, ਕੋਈ ਬਹੂ-ਰੂਪੀਏ ਹਨ, ਕੋਈ ਨਾਂਗੇ ਸਾਧ ਹਨ ਅਤੇ ਕੋਈ ਖ਼ਾਸ ਕਿਸਮ ਦਾ ਚੋਲਾ/ਭੇਖ ਧਾਰਦੇ ਹਨ। ਕੋਈ ਨਾਟਕ, ਚੇਟਕ, ਸਾਂਗ ਆਦਿ ਬਣਾ ਕੇ ਲੋਕਾਂ ਨੂੰ ਖੁਸ਼ ਕਰਦੇ ਹਨ, ਕੋਈ ਜਗਰਾਤੇ ਅਤੇ ਕੋਈ ਤੀਰਥਾਂ ਉੱਤੇ ਇਸ਼ਨਾਨ ਕਰਦੇ ਫਿਰਦੇ ਹਨ।੫।
ਅਨੇਕਾਂ ਕ੍ਰਮ-ਕਾਂਡੀ ਭੁੱਖੇ ਹੀ ਰਹਿੰਦੇ ਹਨ, ਭਿੱਟ ਤੋਂ ਬਚਣ ਲਈ ਕਈ ਦੂਜਿਆਂ ਨੂੰ ਛੂੰਹਦੇ ਨਹੀਂ। ਅਨੇਕਾਂ ਐਸੇ ਹਨ ਜੋ ਗੁਫ਼ਾ ਆਦਿ ਵਿੱਚ ਲੁਕ ਕੇ ਰਹਿੰਦੇ ਹਨ ਅਤੇ ਕਿਸੇ ਨੂੰ ਦਿਖਾਈ ਨਹੀਂ ਦਿੰਦੇ। ਕਈ ਐਸੇ ਹਨ ਜੋ ਆਪਣੇ-ਆਪ ਵਿੱਚ ਹੀ ਗਿਆਨਵਾਨ ਬਣੀ ਬੈਠੇ ਹਨ।੬।
ਇਨ੍ਹਾਂ ਸਾਰਿਆਂ ਵਿੱਚੋਂ ਕਿਸੇ ਨੇ ਭੀ ਆਪਣੇ-ਆਪ ਨੂੰ ਕਿਸੇ ਹੋਰ ਨਾਲੋਂ ਘੱਟ ਨਹੀਂ ਅਖਵਾਇਆ। ਸਭ ਇਹ ਹੀ ਆਖਦੇ ਹਨ ਕਿ ਅਸੀਂ ਪ੍ਰਮਾਤਮਾ ਨੂੰ ਲੱਭ ਲਿਆ ਹੈ। ਪਰ ਪ੍ਰਮਾਤਮਾ ਦਾ ਭਗਤ ਉਹ ਹੀ ਹੈ ਜਿਸ ਨੂੰ ਪ੍ਰਮਾਤਮਾ ਨੇ ਆਪ-ਆਪਣੇ ਨਾਲ ਮਿਲਾ ਲਿਆ ਹੈ।੭।
ਹੇ ਨਾਨਕ! ਮੈਂ ਤਾਂ ਇਹ ਸਾਰੀਆਂ ਦਲੀਲਾਂ ਅਤੇ ਸਾਰੇ ਉਪਾਉ ਛੱਡ ਕੇ ਪ੍ਰਭੂ ਦੀ ਸ਼ਰਨ ਪੈ ਗਿਆ ਹਾਂ ਅਤੇ ਗੁਰੂ ਦੀ ਚਰਨੀਂ ਆ ਡਿੱਗਾ ਹਾਂ।੮।
੨. ਭਗਤ ਕਬੀਰ ਜੀ: ਭਗਤ ਕਬੀਰ ਜੀ ਦੱਸਦੇ ਹਨ ਕਿ ਪ੍ਰਭੂ ਦਾ ਸਿਮਰਨ ਛੱਡ ਕੇ ਦੁਨੀਆਂ ਕ੍ਰਮ-ਕਾਂਡਾਂ ਦੇ ਉਲਟੇ ਰਾਹ ਤੁਰ ਪੈਂਦੀ ਹੈ। ਪਰ ਨਬੇੜਾ ਪ੍ਰਮਾਤਮਾ ਦੇ ਦਰ ਤੇ ਹੀ ਹੋਣਾ ਹੈ। ਇਸ ਲਈ ਕ੍ਰਮ-ਕਾਂਡ ਅਤੇ ਪਾਖੰਡ ਕਰਨ ਦਾ ਕੋਈ ਲਾਭ ਨਹੀਂ।
ਕਬੀਰ ਰਾਮੁ ਨ ਛੋਡੀਐ ਤਨੁ ਧਨੁ ਜਾਇ ਤ ਜਾਉ ॥
ਚਰਨ ਕਮਲ ਚਿਤੁ ਬੇਧਿਆ ਰਾਮਹਿ ਨਾਮਿ ਸਮਾਉ ॥੧੦੨॥ ਪੰਨਾਂ ੧੩੬੯

ਅਰਥ: ਹੇ ਕਬੀਰ! ਪ੍ਰਮਾਤਮਾ ਦਾ ਨਾਮ ਕਦੇ ਭੀ ਨਹੀਂ ਭੁਲਾਉਣਾ ਚਾਹੀਦਾ। ਜੇ ਨਾਮ ਸਿਮਰਨ ਕਰਨ ਨਾਲ ਸਾਡਾ ਸਰੀਰ ਅਤੇ ਧਨ ਭੀ ਨਾਸ਼ ਹੋਣ ਲੱਗੇ ਤਾਂ ਹੋ ਜਾਵੇ। ਪਰ ਸਾਡਾ ਚਿੱਤ ਪ੍ਰਭੂ ਦੇ ਸੋਹਣੇ ਚਰਨਾਂ ਭਾਵ ਪ੍ਰਮਾਤਮਾ ਦੇ ਨਾਮ ਵਿੱਚ ਟਿਕਿਆ ਰਹਿਣਾ ਚਾਹੀਦਾ ਹੈ।
ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਇ ॥
ਪਰਗਟ ਭਏ ਨਿਦਾਨ ਸਭ ਜਬ ਪੂਛੇ ਧਰਮ ਰਾਇ ॥੧੦੫॥ ਪੰਨਾਂ ੧੩੭੦

ਅਰਥ: ਪ੍ਰਮਾਤਮਾ ਦੀ ਯਾਦ ਭੁਲਾਉਣ ਨਾਲ ਜੀਵ ਸਰੀਰਕ ਮੋਹ ਵਿੱਚ ਖਪ ਕੇ ਵਿਕਾਰਾਂ ਵਿੱਚ ਪੈ ਜਾਂਦਾ ਹੈ। ਤਿਲਕ, ਮਾਲਾ, ਪੂਜਾ, ਧੋਤੀ ਆਦਿ ਧਾਰਮਕ-ਭੇਖ ਪਾਉਣ ਅਤੇ ਧਾਰਮਕ ਗ੍ਰੰਥ ਪੜ੍ਹਨ ਨਾਲ ਲੋਕ ਤਾਂ ਭਾਵੇਂ ਪਤੀਜ ਜਾਣ, ਪਰ ਕੀਤੇ ਹੋਏ ਪਾਪ ਪ੍ਰਮਾਤਮਾ ਤੋਂ ਲੁਕੇ ਨਹੀਂ ਰਹਿ ਸਕਦੇ। ਹੇ ਕਬੀਰ! ਜੋ ਜੋ ਪਾਪ ਕੀਤੇ ਜਾਂਦੇ ਹਨ; ਉਹ ਪਾਪ ਭਾਵੇਂ ਆਪਣੇ ਅੰਦਰ ਲੁਕਾ ਕੇ ਰੱਖੇ ਜਾਣ, ਜਦੋਂ ਧਰਮਰਾਜ ਪੁੱਛਦਾ ਹੈ ਤਾਂ ਉਹ ਸਾਰੇ ਪਾਪ ਉੱਘੜ ਆਉਂਦੇ ਹਨ।
ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਪਾਲਿਓ ਬਹੁਤੁ ਕੁਟੰਬੁ ॥
ਧੰਧਾ ਕਰਤਾ ਰਹਿ ਗਇਆ ਭਾਈ ਰਹਿਆ ਨ ਬੰਧੁ ॥੧੦੬॥ ਪੰਨਾਂ ੧੩੭੦

ਅਰਥ: ਹੇ ਕਬੀਰ! ਪ੍ਰਮਾਤਮਾ ਦਾ ਸਿਮਰਨ ਛੱਡ ਕੇ ਪ੍ਰਾਣੀ ਸਾਰੀ ਉਮਰ ਨਿਰਾ ਟੱਬਰ ਹੀ ਪਾਲਦਾ ਰਹਿੰਦਾ ਹੈ। ਸੰਸਾਰ ਦੇ ਧੰਧੇ ਕਰਦਾ ਅਤੇ ਪ੍ਰਮਾਤਮਾ ਤੋਂ ਵਿਛੜ ਕੇ ਜੀਵ ਆਤਮਕ ਮੌਤ ਮਰ ਜਾਂਦਾ ਹੈ। ਇਸ ਆਤਮਕ ਮੌਤ ਤੋਂ ਕੋਈ ਰਿਸ਼ਤੇਦਾਰ ਬਚਾਉਣ ਵਾਲਾ ਨਹੀਂ ਹੁੰਦਾ।
ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਰਾਤਿ ਜਗਾਵਨ ਜਾਇ ॥
ਸਰਪਨਿ ਹੋਇ ਕੈ ਅਉਤਰੈ ਜਾਏ ਅਪੁਨੇ ਖਾਇ ॥੧੦੭॥ ਪੰਨਾਂ ੧੩੭੦

ਅਰਥ: ਨੋਟ: ਪਿੰਡਾਂ ਵਿੱਚ, ਜਿਨ੍ਹਾਂ ਔਰਤਾਂ ਦੇ ਘਰ ਸੰਤਾਨ ਨਹੀਂ ਹੁੰਦੀ, ਆਮ ਤੌਰ ਤੇ ਉਹ ਔਰਤਾਂ ਮਸਾਣ-ਭੂਮੀ ਵਿੱਚ ਜਾ ਕੇ, ਕਿਸੇ ਸੜ ਰਹੇ ਮੁਰਦੇ ਦੀ ਚਿਖ਼ਾ ਕੋਲ ਖ਼ਾਸ ਜਾਦੂ, ਟੂਣੇ, ਤਵੀਤ ਆਦਿ ਕਰਨ ਤੋਂ ਬਾਅਦ ਨ੍ਹਾ ਕੇ, ਰੋਟੀ ਖਾਂਦੀਆਂ ਹਨ। ਉਹ ਸਮਝਦੀਆਂ ਹਨ ਕਿ ਜਿਸ ਦੀ ਚਿਖ਼ਾ ਕੋਲ ਇਹ ਟੂਣਾ ਕੀਤਾ ਜਾ ਰਿਹਾ ਹੈ, ਉਨ੍ਹਾਂ ਦੇ ਬੱਚੇ ਮਰ ਜਾਣ ਅਤੇ ਟੂਣਾ ਕਰਨ ਵਾਲੀ ਔਰਤ ਦੇ ਘਰ ਔਲਾਦ ਪੈਦਾ ਹੋ ਜਾਵੇ। ਭਗਤ ਕਬੀਰ ਜੀ ਕਹਿੰਦੇ ਹਨ ਕਿ ਪ੍ਰਮਾਤਮਾ ਦੇ ਸਿਮਰਨ ਕਰਨ ਦੀ ਬਜਾਏ, ਕੋਈ ਬੇਅਉਲਾਦ ਔਰਤ ਰਾਤ ਨੂੰ ਮਸਾਣ ਜਗਾਉਣ ਲਈ ਮਸਾਣ ਵਿੱਚ ਜਾਂਦੀ ਹੈ। ਪਰ ਇਸ ਤਰ੍ਹਾਂ ਦੇ ਮੰਦੇ ਕੰਮ ਤੋਂ ਸੁਖ ਨਹੀਂ ਮਿਲਦਾ। ਅਜਿਹੀ ਔਰਤ ਮਰਨ ਮਗਰੋਂ ਸੱਪਣੀ ਬਣ ਕੇ ਜੰਮਦੀ ਹੈ ਅਤੇ ਆਪਣੇ ਹੀ ਬੱਚੇ ਖਾਂਦੀ ਹੈ।

ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ ॥
ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ ॥੧੦੮॥ ਪੰਨਾਂ ੧੩੭੦

ਅਰਥ: ਹੇ ਕਬੀਰ! ਪ੍ਰਮਾਤਮਾ ਦੇ ਨਾਮ-ਸਿਮਰਨ ਨੂੰ ਛੱਡ ਕੇ ਮੂਰਖ ਇਸਤ੍ਰੀ ਸੀਤਲਾ ਦੀ ਵਰਤ ਰੱਖਦੀ ਹੈ। ਮੰਨ ਲਵੋ ਕਿ ਸੀਤਲਾ ਉਸ ਨਾਲ ਬਹੁਤ ਹੀ ਪਿਆਰ ਕਰਦੀ ਹੈ ਤਾਂ ਮਰਨ ਤੋਂ ਬਾਅਦ ਉਸ ਔਰਤ ਨੂੰ ਆਪਣੀ ਸਵਾਰੀ ਲਈ ਖੋਤੀ ਬਣਾ ਲਵੇਗੀ। ਇਸ ਤਰ੍ਹਾਂ ਉਹ ਮੂਰਖ ਇਸਤ੍ਰੀ ਖੋਤੀ ਦੀ ਜੂਨ ਪੈਂਦੀ ਹੈ ਜੋ ਖੋਤੇ-ਖੋਤੀਆਂ ਵਾਂਗ ਭਾਰ ਢੋਂਦੀ ਫਿਰਦੀ ਹੈ।
ਗਉੜੀ ਕਬੀਰ ਜੀ ॥
ਨਗਨ ਫਿਰਤ ਜੌ ਪਾਈਐ ਜੋਗੁ ॥
ਬਨ ਕਾ ਮਿਰਗੁ ਮੁਕਤਿ ਸਭੁ ਹੋਗੁ ॥੧॥
ਕਿਆ ਨਾਗੇ ਕਿਆ ਬਾਧੇ ਚਾਮ ॥
ਜਬ ਨਹੀ ਚੀਨਸਿ ਆਤਮ ਰਾਮ ॥੧॥ ਰਹਾਉ ॥
ਮੂਡ ਮੁੰਡਾਏ ਜੌ ਸਿਧਿ ਪਾਈ ॥
ਮੁਕਤੀ ਭੇਡ ਨ ਗਈਆ ਕਾਈ ॥੨॥
ਬਿੰਦੁ ਰਾਖਿ ਜੌ ਤਰੀਐ ਭਾਈ ॥
ਖੁਸਰੈ ਕਿਉ ਨ ਪਰਮ ਗਤਿ ਪਾਈ ॥੩॥
ਕਹੁ ਕਬੀਰ ਸੁਨਹੁ ਨਰ ਭਾਈ ॥
ਰਾਮ ਨਾਮ ਬਿਨੁ ਕਿਨਿ ਗਤਿ ਪਾਈ ॥੪॥ ਪੰਨਾਂ ੩੨੪

ਅਰਥ: ਹੇ ਭਾਈ! ਜਦੋਂ ਤੱਕ ਤੂੰ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦਾ, ਉਦੋਂ ਤੱਕ ਨੰਗੇ ਰਹਿਣ ਅਤੇ ਪਿੰਡੇ ਨੂੰ ਦੁੱਖ ਦੇਣ ਨਾਲ ਰੱਬ ਨਹੀਂ ਮਿਲਣਾ।੧। ਰਹਾਉ।
ਜੇ ਨੰਗੇ ਫਿਰਨ ਨਾਲ ਪ੍ਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ ਤਾਂ ਜੰਗਲ ਦਾ ਹਰ ਪਸ਼ੂ ਮੁਕਤ ਹੋ ਜਾਣਾ ਚਾਹੀਦਾ ਹੈ।੧।
ਜੇ ਸਿਰ ਮੁਨਾਉਣ ਨਾਲ ਸਿੱਧੀ ਮਿਲ ਸਕਦੀ ਹੈ ਤਾਂ ਇਹ ਕੀ ਕਾਰਨ ਹੈ ਕਿ ਅੱਜ ਤੱਕ ਕੋਈ ਭੀ ਭੇਡ ਮੁਕਤ ਨਹੀਂ ਹੋਈ।੨।
ਹੇ ਭਾਈ! ਜੇ ਬਾਲ-ਜਤੀ ਰਹਿਣ ਨਾਲ ਸੰਸਾਰ-ਸਮੁੰਦਰ ਤੋਂ ਤਰ ਹੁੰਦਾ ਤਾਂ ਖੁਸਰਿਆਂ ਨੂੰ ਜ਼ਰੂਰ ਮੁਕਤੀ ਮਿਲ ਜਾਣੀ ਸੀ।੩।
ਭਗਤ ਕਬੀਰ ਜੀ ਉਪਦੇਸ਼ ਕਰਦੇ ਹਨ ਕਿ ਹੇ ਭਰਾਵੋ! ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਗੈਰ ਕਿਸੇ ਪਾਖੰਡ ਅਤੇ ਕ੍ਰਮ-ਕਾਂਡ ਨਾਲ ਮੁਕਤੀ ਨਹੀਂ ਮਿਲਦੀ।੪।

੩. ਬਾਬਾ ਸ਼ੇਖ ਫ਼ਰੀਦ/ ਗੁਰੂ ਨਾਨਕ ਸਾਹਿਬ ਅਤੇ ਗੁਰੂ ਅਮਰ ਦਾਸ ਸਾਹਿਬ:
ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ ॥
ਜਿਨ੍ਹੀ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ ॥੧੦੩॥ ਪੰਨਾਂ ੧੩੮੩
ਅਰਥ: ਬਾਬਾ ਸ਼ੇਖ ਫਰੀਦ ਕਹਿੰਦੇ ਹਨ ਕਿ ਰੇਸ਼ਮ ਦਾ ਕੱਪੜਾ ਪਾੜ ਕੇ ਮੈਂ ਲੀਰਾਂ-ਲੀਰਾਂ ਕਰ ਦਿਆਂ ਅਤੇ ਮਾੜੀ ਜਿਹੀ ਕੰਬਲੀ ਪਾ ਲਵਾਂ। ਮੈਂ ਉਹ ਭੇਖ ਧਾਰ ਲਵਾਂ, ਜਿਸ ਭੇਖ ਨਾਲ ਮੈਨੂੰ ਮੇਰਾ ਖਸਮ ਪ੍ਰਮਾਤਮਾ ਮਿਲ ਜਾਵੇ। ਗੁਰੂ ਅਮਰ ਦਾਸ ਸਾਹਿਬ ਨੇ ਸੋਚਿਆ ਕਿ ਵੇਸ ਕਦੇ ਭੇਖ ਹੀ ਨਾ ਬਣ ਜਾਵੇ ਇਸ ਲਈ ਉਨ੍ਹਾਂ ਅਗਲੇ ਸ਼ਲੋਕ ਵਿੱਚ ਇਹ ਗੱਲ ਸਾਫ਼ ਕਰ ਦਿੱਤੀ ਕਿ ਰੱਬ ਨੂੰ ਮਿਲਣ ਲਈ ਕਿਸੇ ਖਾਸ ਲਬਾਸ ਜਾਂ ਭੇਖ ਧਾਰਨ ਦੀ ਜ਼ਰੂਰਤ ਨਹੀਂ, ਰੱਬ ਨੂੰ ਮਿਲਣ ਵਾਸਤੇ ਮਨ ਦਾ ਸਾਫ਼ ਹੋਣਾ ਜ਼ਰੂਰੀ ਹੈ। ਗੁਰੂ ਸਾਹਿਬ ਲਿਖਦੇ ਹਨ ਕਿ;

ਮਃ ੩ ॥
ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ ॥
ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ ॥੧੦੪॥ ਪੰਨਾਂ ੧੩੮੩

ਅਰਥ: ਪਤੀ ਪ੍ਰਮਾਤਮਾ ਨੂੰ ਮਿਲਣ ਵਾਸਤੇ ਜੀਵ-ਇਸਤ੍ਰੀ ਨੂੰ ਆਪਣੇ ਸਿਰ ਦੇ ਰੇਸ਼ਮ ਦੇ ਕਪੜੇ ਨੂੰ ਪਾੜਨ ਅਤੇ ਭੈੜੀ ਜਿਹੀ ਕੰਬਲੀ ਪਹਿਨਣ ਦੀ ਜ਼ਰੂਰਤ ਨਹੀਂ। ਜੇ ਜੀਵ-ਇਸਤ੍ਰੀ ਦਾ ਆਪਣਾ ਮਨ ਪਵਿਤ੍ਰ ਹੋਵੇ ਤਾਂ ਹੇ ਨਾਨਕ! ਖਸਮ ਪ੍ਰਮਾਤਮਾ ਘਰ ਵਿੱਚ ਬੈਠਿਆਂ ਹੀ ਮਿਲ ਪੈਂਦਾ ਹੈ।

ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨ੍ਹਿ॥
ਪੈਰੀ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨ੍ਹਿ॥੧੧੯॥ ਪੰਨਾਂ ੧੩੮੪

ਅਰਥ: ਮੇਰਾ ਸਰੀਰ ਬੇਸ਼ੱਕ ਤਨੂਰ ਵਾਂਗ ਤਪੇ, ਮੇਰੇ ਹੱਡ ਬੇਸ਼ੱਕ ਇਉਂ ਬਲਣ ਜਿਵੇਂ ਬਾਲਣ ਬਲਦਾ ਹੈ। ਪਿਆਰੇ ਰੱਬ ਨੂੰ ਮਿਲਣ ਵਾਸਤੇ ਜੇ ਪੈਰਾਂ ਨਾਲ ਤੁਰਦਾ-ਤੁਰਦਾ ਥੱਕ ਜਾਵਾਂ, ਤਾਂ ਮੈਂ ਸਿਰ ਭਾਰ ਤੁਰਨ ਲੱਗ ਜਾਵਾਂ। ਮੈਂ ਇਹ ਸਾਰੇ ਦੁੱਖ ਸਹਾਰਨ ਨੂੰ ਤਿਆਰ ਹਾਂ ਜੇ ਮੈਨੂੰ ਮੇਰਾ ਪਿਆਰਾ ਰੱਬ ਮਿਲ ਜਾਵੇ ਭਾਵ ਰੱਬ ਨੂੰ ਮਿਲਣ ਵਾਸਤੇ ਜੇ ਇਹ ਜ਼ਰੂਰੀ ਹੋਵੇ ਕਿ ਸਰੀਰ ਨੂੰ ਧੂਣੀਆਂ ਤਪਾ-ਤਪਾ ਕੇ ਦੁਖੀ ਕੀਤਾ ਜਾਵੇ ਤਾਂ ਮੈਂ ਇਹ ਕਸ਼ਟ ਸਹਾਰਨ ਨੂੰ ਭੀ ਤਿਆਰ ਹਾਂ।

ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ ॥
ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ ॥੧੨੦॥ ਪੰਨਾਂ ੧੩੮੪

ਨੋਟ: ਪੰਨਾਂ ੧੪੧੧ ਤੇ ਉਪ੍ਰੋਕਿਤ ਸਲੋਕ, ‘ਸਲੋਕ ਵਾਰਾਂ ਤੇ ਵਧੀਕ, ਮਹਲਾ ੧’ ਦੇ ਸਿਰਲੇਖ ਹੇਠ ਥੋੜੇ ਜਿਹੇ ਫਰਕ ਨਾਲ ਦਰਜ਼ ਹੈ ਜਿਸ ਤੋਂ ਪਤਾ ਚਲਦਾ ਹੈ ਕਿ ਇਹ ਸ਼ਲੋਕ ਗੁਰੂ ਨਾਨਕ ਸਾਹਿਬ ਦਾ ਹੈ।
ਅਰਥ: ਗੁਰੂ ਨਾਨਕ ਸਾਹਿਬ ਇਹ ਉਪਦੇਸ਼ ਕਰਦੇ ਹਨ ਕਿ ਰੱਬ ਨੂੰ ਪਾਉਣ ਲਈ ਕਿਸੇ ਤੱਪ ਨਾਲ ਸਰੀਰ ਨੂੰ ਧੂਣੀਆਂ ਨਾਲ ਤਨੂਰ ਵਾਂਗ ਨਾ ਸਾੜਨ ਅਤੇ ਹੱਡਾਂ ਨੂੰ ਬਾਲਣ ਵਾਂਗ ਬਾਲਣ ਦੀ ਜ਼ਰੂਰਤ ਨਹੀਂ। ਸਿਰ ਅਤੇ ਪੈਰਾਂ ਨੇ ਤੇਰਾ ਕੁੱਝ ਨਹੀਂ ਵਿਗਾੜਿਆ। ਇਸ ਲਈ ਇਨ੍ਹਾਂ ਨੂੰ ਦੁਖੀ ਨਾ ਕਰ ਅਤੇ ਪ੍ਰਮਾਤਮਾ ਨੂੰ ਆਪਣੇ ਅੰਦਰ ਹੀ ਵੇਖਣ ਦੀ ਕੋਸ਼ਿਸ਼ ਕਰ।

੪. ਭਗਤ ਨਾਮ ਦੇਵ:
ਰਾਮਕਲੀ ਘਰੁ ੨ ॥
ਬਾਨਾਰਸੀ ਤਪੁ ਕਰੈ ਉਲਟਿ ਤੀਰਥ ਮਰੈ ਅਗਨਿ ਦਹੈ ਕਾਇਆ ਕਲਪੁ ਕੀਜੈ ॥
ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥੧॥
ਛੋਡਿ ਛੋਡਿ ਰੇ ਪਾਖੰਡੀ ਮਨ ਕਪਟੁ ਨ ਕੀਜੈ ॥
ਹਰਿ ਕਾ ਨਾਮੁ ਨਿਤ ਨਿਤਹਿ ਲੀਜੈ ॥੧॥ ਰਹਾਉ ॥
ਗੰਗਾ ਜਉ ਗੋਦਾਵਰਿ ਜਾਈਐ ਕੁੰਭਿ ਜਉ ਕੇਦਾਰ ਨ੍ਹਹਾਈਐ ਗੋਮਤੀ ਸਹਸ ਗਊ ਦਾਨੁ ਕੀਜੈ ॥
ਕੋਟਿ ਜਉ ਤੀਰਥ ਕਰੈ ਤਨੁ ਜਉ ਹਿਵਾਲੇ ਗਾਰੈ ਰਾਮ ਨਾਮ ਸਰਿ ਤਊ ਨ ਪੂਜੈ ॥੨॥
ਅਸੁ ਦਾਨ ਗਜ ਦਾਨ ਸਿਹਜਾ ਨਾਰੀ ਭੂਮਿ ਦਾਨ ਐਸੋ ਦਾਨੁ ਨਿਤ ਨਿਤਹਿ ਕੀਜੈ ॥
ਆਤਮ ਜਉ ਨਿਰਮਾਇਲੁ ਕੀਜੈ ਆਪ ਬਰਾਬਰਿ ਕੰਚਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥੩॥
ਮਨਹਿ ਨ ਕੀਜੈ ਰੋਸੁ ਜਮਹਿ ਨ ਦੀਜੈ ਦੋਸੁ ਨਿਰਮਲ ਨਿਰਬਾਣ ਪਦੁ ਚੀਨ੍ਹਹ ਲੀਜੈ ॥
ਜਸਰਥ ਰਾਇ ਨੰਦੁ ਰਾਜਾ ਮੇਰਾ ਰਾਮ ਚੰਦੁ ਪ੍ਰਣਵੈ ਨਾਮਾ ਤਤੁ ਰਸੁ ਅੰਮ੍ਰਿਤੁ ਪੀਜੈ ॥੪॥ ਪੰਨਾਂ ੯੭੩

ਸ਼ਬਦ ਦਾ ਭਾਵ: ਤੀਰਥ-ਇਸ਼ਨਾਨ, ਦਾਨ, ਮੂਰਤੀ-ਪੂਜਾ, ਇਹ ਕੋਈ ਭੀ ਸਿਮਰਨ ਦੀ ਬਰਾਬਰੀ ਨਹੀਂ ਕਰ ਸਕਦੇ। ਪ੍ਰਭੂ ਦੇ ਨਾਮ-ਸਿਮਰਨ ਤੋਂ ਬਗੈਰ ਬਾਕੀ ਹੋਰ ਧਾਰਮਿਕ ਕੰਮ ਪਖੰਡ ਹੀ ਹਨ। ਇਸ ਸ਼ਬਦ ਦੇ ਪਹਿਲੇ ਤਿੰਨ ਬੰਦਾਂ ਵਿੱਚ ਉਨ੍ਹਾਂ ਕੰਮਾਂ ਦਾ ਜ਼ਿਕਰ ਹੈ ਜਿਨ੍ਹਾਂ ਨੂੰ ਲੋਕ ਧਾਰਮਕ ਕੰਮ ਸਮਝਦੇ ਹਨ ਪਰ ਭਗਤ ਨਾਮ ਦੇਵ ਅਨੁਸਾਰ ਇਹ ਨਿਰਾ ਪਖੰਡ ਹਨ। ਭਗਤ ਨਾਮ ਦੇਵ ਜੀ ਆਖਦੇ ਹਨ ਕਿ ਅਜਿਹੇ ਕੰਮਾਂ ਨਾਲ ਜਮਾਂ ਤੋਂ ਖ਼ਲਾਸੀ ਨਹੀਂ ਹੋ ਸਕਦੀ।
ਲਫ਼ਜ਼ ਕ੍ਰਿਸ਼ਨ, ਦਾਮੋਦਰ, ਮਾਧੋ, ਮੁਰਾਰ/ਮੁਰਾਰੀ, ਰਾਮ/ਰਾਮ ਚੰਦ ਆਦਿ ਭਗਤਾਂ ਅਤੇ ਗੁਰੂ ਸਾਹਿਬਾਨਾਂ ਨੇ ਭੀ ਸੈਂਕੜੇ ਵਾਰੀ ਪ੍ਰਮਾਤਮਾ ਵਾਸਤੇ ਵਰਤੇ ਹਨ; ਪਰ ਜਦੋਂ ਕਿਸੇ ਦੇ ਪਿਤਾ ਦਾ ਨਾਮ ਭੀ ਨਾਲ ਦਿੱਤਾ ਜਾਵੇ ਤਾਂ ਉਸ ਵੇਲੇ ਉਹ ਨਾਮ ਪ੍ਰਮਾਤਮਾ ਵਾਸਤੇ ਨਹੀਂ ਵਰਤਿਆ ਜਾ ਸਕਦਾ। ਇਹ ਨਾਮ ਕਿਸੇ ਵਿਅਕਤੀ ਦਾ ਹੀ ਹੋ ਸਕਦਾ ਹੈ।
ਜਿਵੇਂ ਪਹਿਲੇ ਤਿੰਨ ਬੰਦਾਂ ਵਿੱਚ ਤਪ, ਜੱਗ, ਤੀਰਥ-ਇਸ਼ਨਾਨ ਅਤੇ ਦਾਨ ਆਦਿ ਪਾਖੰਡ ਹਨ, ਉਸੇ ਤਰ੍ਹਾਂ ਕਿਸੇ ਅਵਤਾਰ ਦੀ ਮੂਰਤੀ ਪੂਜਾ ਭੀ ਪ੍ਰਮਾਤਮਾ ਦੇ ਨਾਮ ਸਿਮਰਨ ਸਾਹਮਣੇ ਪਾਖੰਡ ਹੀ ਹੈ।
ਅਰਥ: ਹੇ ਮੇਰੇ ਪਖੰਡੀ ਮਨ! ਕਪਟ ਨਾ ਕਰ, ਛੱਡ-ਛੱਡ ਇਹ ਕਪਟ। ਕੇਵਲ ਪ੍ਰਮਾਤਮਾ ਦੇ ਨਾਮ ਦਾ ਹੀ ਸਿਮਰਨ ਕਰ।੧। ਰਹਾਉ।
ਹੇ ਮੇਰੇ ਮਨ! ਜੇ ਕੋਈ ਪ੍ਰਾਣੀ ਕਾਸ਼ੀ ਵਿੱਚ ਉਲਟਾ ਲਮਕ ਕੇ ਤਪ ਕਰੇ, ਤੀਰਥਾਂ ਤੇ ਜਾ ਕੇ ਸਰੀਰ ਤਿਆਗੇ, ਧੂਣੀਆਂ ਵਿੱਚ ਸੜੇ, ਜੇ ਜੋਗ-ਅੱਭਿਆਸ ਆਦਿ ਨਾਲ ਆਪਣੀ ਉਮਰ ਵਧਾ ਲਵੇ; ਜੇ ਕੋਈ ਅਸਮੇਧ ਜੱਗ ਕਰੇ ਅਤੇ ਸੋਨਾ ਆਦਿ ਦਾਨ ਕਰੇ; ਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ।੧।
ਹੇ ਮੇਰੇ ਮਨ! ਜੇ ਕੋਈ ਪ੍ਰਾਣੀ ਕੁੰਭ ਦੇ ਮੇਲੇ ਅਤੇ ਗੰਗਾ ਜਾਂ ਗੋਦਾਵਰੀ, ਕੇਦਾਰ ਆਦਿ ਨਦੀ ਤੇ ਜਾ ਕੇ ਤੀਰਥ ਇਸ਼ਨਾਨ ਕਰ ਲਵੇ ਜਾਂ ਗੋਮਤੀ ਨਦੀ ਦੇ ਕੰਢੇ ਹਜ਼ਾਰ ਗਊਆਂ ਦਾ ਦਾਨ ਭੀ ਕਰ ਦੇਵੇ। ਇਸੇ ਤਰ੍ਹਾਂ ਜੇ ਕੋਈ ਕ੍ਰੋੜਾਂ ਵਾਰੀ ਤੀਰਥ-ਜਾਤ੍ਰਾ ਕਰ ਆਵੇ ਜਾਂ ਆਪਣਾ ਸਰੀਰ ਹਿਮਾਲੇ ਪਰਬਤ ਦੀ ਬਰਫ਼ ਵਿੱਚ ਗਾਲ ਦੇਵੇ ਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ।੨।
ਹੇ ਮੇਰੇ ਮਨ! ਜੇ ਕੋਈ ਘੋੜੇ, ਹਾਥੀ, ਸੇਜਾ, ਆਪਣੀ ਵਹੁਟੀ ਅਤੇ ਜ਼ਿਮੀਂਨ ਦਾ ਦਾਨ ਕਰ ਦੇਵੇ; ਜੇ ਉਹ ਸਦਾ ਕੋਈ ਨ ਕੋਈ ਦਾਨ ਕਰਦਾ ਰਵੇ; ਜੇ ਉਹ ਆਪਣਾ ਆਪ ਭੀ ਭੇਟ ਕਰ ਦੇਵੇ; ਜੇ ਕੋਈ ਆਪਣੇ ਬਰਾਬਰ ਤੋਲ ਕੇ ਸੋਨਾ ਦਾਨ ਕਰ ਦੇਵੇ, ਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ।੩।
ਹੇ ਮੇਰੇ ਮਨ! ਜੇ ਸਦਾ ਹੀ ਅਜਿਹੇ ਪਾਖੰਡ ਕਰਦੇ ਰਹਿਣਾ ਹੈ ਅਤੇ ਪ੍ਰਭੂ ਦਾ ਨਾਮ ਨਹੀਂ ਸਿਮਰਨਾ ਤਾਂ ਫਿਰ ਗਿਲ੍ਹਾ ਨਾ ਕਰਨਾ ਅਤੇ ਜਮ ਨੂੰ ਦੋਸ਼ ਨਾ ਦੇਣਾ ਕਿ ਉਹ ਕਿਉਂ ਆ ਗਿਆ ਹੈ; ਇਨ੍ਹਾਂ ਕੰਮਾਂ ਨੇ ਜਮਾਂ ਤੋਂ ਖ਼ਲਾਸੀ ਨਹੀਂ ਕਰਵਾਉਣੀ। ਇਸ ਲਈ ਤੂੰ ਪਵਿੱਤਰ ਅਤੇ ਵਾਸ਼ਨਾ-ਰਹਿਤ ਪ੍ਰਭੂ ਨਾਲ ਜਾਣ-ਪਛਾਣ ਪਾ ਲੈ
ਹੇ ਨਾਮਦੇਵ! ਸਭ ਰਸਾਂ ਦੇ ਮੂਲ ਰੱਬ ਨਾਮ-ਅੰਮ੍ਰਿਤ ਪੀਣਾ ਚਾਹੀਦਾ ਹੈ। ਪ੍ਰਭੂ ਦਾ ਨਾਮ ਹੀ ਮੇਰੇ ਲਈ ਰਾਜਾ ਰਾਮ ਚੰਦ ਹੈ, ਜੋ ਰਾਜਾ ਜਸਰਥ ਦਾ ਪੁੱਤਰ ਹੈ। ਮੈਂ ਕਿਸੇ ਅਵਤਾਰ ਦੀ ਪੂਜਾ ਨਹੀਂ ਕਰਦਾ ।੪।

੫. ਗੁਰੂ ਨਾਨਕ ਸਾਹਿਬ:
ਮਹੂਰਤ, ਪੂਜਾ, ਤੀਰਥ, ਭੇਖ ਆਦਿ ਵਰਗੇ ਕ੍ਰਮ-ਕਾਂਡਾਂ ਕਰਨ ਨਾਲ ਜੋ ਦੁੱਖ ਮਿਲਦੇ ਹਨ; ਉਨ੍ਹਾਂ ਦਾ ਵੇਰਵਾ ਹੇਠਾਂ ਦਿੱਤਾ ਜਾ ਰਿਹਾ ਹੈ ਕਿ;

ਮਃ ੧ ॥
ਲਿਖਿ ਲਿਖਿ ਪੜਿਆ ॥
ਤੇਤਾ ਕੜਿਆ ॥
ਬਹੁ ਤੀਰਥ ਭਵਿਆ ॥
ਤੇਤੋ ਲਵਿਆ ॥
ਬਹੁ ਭੇਖ ਕੀਆ ਦੇਹੀ ਦੁਖੁ ਦੀਆ ॥
ਸਹੁ ਵੇ ਜੀਆ ਅਪਣਾ ਕੀਆ ॥
ਅੰਨੁ ਨ ਖਾਇਆ ਸਾਦੁ ਗਵਾਇਆ ॥
ਬਹੁ ਦੁਖੁ ਪਾਇਆ ਦੂਜਾ ਭਾਇਆ ॥
ਬਸਤ੍ਰ ਨ ਪਹਿਰੈ ॥
ਅਹਿਨਿਸਿ ਕਹਰੈ ॥
ਮੋਨਿ ਵਿਗੂਤਾ ॥
ਕਿਉ ਜਾਗੈ ਗੁਰ ਬਿਨੁ ਸੂਤਾ ॥
ਪਗ ਉਪੇਤਾਣਾ ॥
ਅਪਣਾ ਕੀਆ ਕਮਾਣਾ ॥
ਅਲੁ ਮਲੁ ਖਾਈ ਸਿਰਿ ਛਾਈ ਪਾਈ ॥
ਮੂਰਖਿ ਅੰਧੈ ਪਤਿ ਗਵਾਈ ॥
ਵਿਣੁ ਨਾਵੈ ਕਿਛੁ ਥਾਇ ਨ ਪਾਈ ॥
ਰਹੈ ਬੇਬਾਣੀ ਮੜੀ ਮਸਾਣੀ ॥
ਅੰਧੁ ਨ ਜਾਣੈ ਫਿਰਿ ਪਛੁਤਾਣੀ ॥
ਸਤਿਗੁਰੁ ਭੇਟੇ ਸੋ ਸੁਖੁ ਪਾਏ ॥
ਹਰਿ ਕਾ ਨਾਮੁ ਮੰਨਿ ਵਸਾਏ ॥
ਨਾਨਕ ਨਦਰਿ ਕਰੇ ਸੋ ਪਾਏ ॥
ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ ॥੨॥ ਪੰਨਾਂ ੪੬੭

ਅਰਥ: ਜਿਨ੍ਹਾਂ ਕੋਈ ਜੀਵ ਨਿਰੀ ਵਿੱਦਿਆ ਲਿਖਣੀ-ਪੜ੍ਹਨੀ ਜਾਣਦਾ ਹੈ, ਉਨ੍ਹਾਂ ਹੀ ਉਸ ਨੂੰ ਆਪਣੀ ਵਿੱਦਿਆ ਦਾ ਮਾਣ ਹੋ ਜਾਂਦਾ ਹੈ ਪਰ ਇਹ ਜ਼ਰੂਰੀ ਨਹੀਂ ਕਿ ਕੇਵਲ ਵਿੱਦਿਆ ਪੜ੍ਹਣ ਨਾਲ ਰੱਬ ਦੇ ਦਰ ਤੇ ਪਰਵਾਣ ਹੋ ਜਾਈਦਾ ਹੈ| ਜਿਨ੍ਹਾਂ ਕੋਈ ਬਹੁਤੀ ਤੀਰਥ ਯਾਤ੍ਰਾ ਕਰਦਾ ਹੈ, ਉਨ੍ਹਾਂ ਹੀ ਉਹ ਥਾਂ ਥਾਂ ਤੇ ਦੱਸਦਾ ਫਿਰਦਾ ਹੈ ਕਿ ਮੈਂ ਫਲਾਣੇ ਤੀਰਥ ਅਤੇ ਇਸ਼ਨਾਨ ਕਰ ਆਇਆ ਹਾਂ। ਇਸ ਤਰ੍ਹਾਂ ਤੀਰਥ-ਯਾਤ੍ਰਾ ਭੀ ਹੰਕਾਰ ਦਾ ਹੀ ਕਾਰਨ ਬਣਦੀ ਹੈ। ਜੋ ਲੋਕਾਂ ਨੂੰ ਪਤਿਆਉਣ ਵਾਸਤੇ ਅਤੇ ਧਰਮ ਦੇ ਭੇਖ ਧਾਰ ਕੇ ਆਪਣੇ ਸਰੀਰ ਨੂੰ ਕਸ਼ਟ ਦੇ ਰਹੇ ਹਨ, ਉਨ੍ਹਾਂ ਨੂੰ ਇਹ ਹੀ ਕਹਿਣਾ ਠੀਕ ਬਣਦਾ ਹੈ ਕਿ ਹੁਣ ਆਪਣੇ ਕੀਤੇ ਦਾ ਦੁੱਖ ਸਹਾਰੋ ਭਾਵ ਭੇਖ ਧਾਰਨੇ ਸਰੀਰ ਨੂੰ ਦੁੱਖ ਦੇਣ ਦੇ ਬਰਾਬਰ ਹਨ ਅਤੇ ਭੇਖ ਧਾਰਨ ਵਾਲੇ ਜੀਵ ਭੀ ਰੱਬ ਦੇ ਦਰ ਤੇ ਕਬੂਲ ਨਹੀਂ ਹੁੰਦੇ। ਜਿਸ ਨੇ ਅੰਨ ਛੱਡਿਆ ਹੋਇਆ ਹੈ ਉਹ ਪ੍ਰਭੂ ਦਾ ਸਿਮਰਨ ਤਾਂ ਨਹੀਂ ਕਰ ਸਕਦਾ, ਸਿਮਰਨ ਤਿਆਗ ਕੇ ਉਹ ਹੋਰ ਹੀ ਕੰਮ ਲੱਗਾ ਹੋਇਆ ਹੈ। ਉਸ ਨੇ ਭੀ ਆਪਣੀ ਜ਼ਿੰਦਗੀ ਦੁਖੀ ਬਣਾਈ ਹੋਈ ਹੈ ਅਤੇ ਦੁੱਖ ਸਹਾਰ ਰਿਹਾ ਹੈ। ਜੋ ਕੱਪੜੇ ਨਹੀਂ ਪਾਉਂਦਾ ਅਤੇ ਨੰਗਾ ਫਿਰਦਾ ਹੈ ਉਹ ਦਿਨ-ਰਾਤ ਔਖਾ ਹੋ ਰਿਹਾ ਹੈ। ਮੋਨੀ ਚੁੱਪ ਵੱਟ ਕੇ ਅਸਲੀ ਰਾਹ ਤੋਂ ਖੁੰਝਿਆ ਹੋਇਆ ਹੈ| ਮਾਇਆ ਦੀ ਨੀਂਦ ਵਿੱਚ ਸੁੱਤਾ ਹੋਇਆ ਜੀਵ ਗੁਰੂ ਤੋਂ ਬਿਨ੍ਹਾਂ ਕਿਵੇਂ ਜਾਗ ਸਕਦਾ ਹੈ ਭਾਵ ਨਹੀਂ ਜਾਗ ਸਕਦਾ? ਉਸ ਨੂੰ ਪ੍ਰਮਾਤਮਾ ਦਾ ਮੇਲ ਨਹੀਂ ਹੋ ਸਕਦਾ|
ਕੋਈ ਪੈਰਾਂ ਤੋਂ ਨੰਗਾ ਫਿਰਦਾ ਹੈ ਅਤੇ ਇਸ ਤਰ੍ਹਾਂ ਆਪਣੀ ਇਸ ਕੀਤੀ ਹੋਈ ਭੁੱਲ ਨਾਲ ਦੁੱਖ ਸਹਿ ਰਿਹਾ ਹੈ। ਸੁੱਚਾ ਅਤੇ ਚੰਗਾ ਭੋਜਨ ਛੱਡ ਕੇ ਜੂਠਾ ਅਤੇ ਮਲ੍ਹ ਖਾਣ ਵਾਲੇ ਜੀਵ ਨੇ ਆਪਣੇ ਸਿਰ ਵਿੱਚ ਆਪ ਸੁਆਹ ਪਾ ਲਈ ਹੈ| ਇਸ ਤਰ੍ਹਾਂ ਅਗਿਆਨੀ ਮੂਰਖ ਜੀਵ ਨੇ ਆਪਣੀ ਇਜ਼ਤ ਆਪ ਗਵਾ ਲਈ ਹੈ। ਇਨ੍ਹਾਂ ਦਾ ਸਿੱਟਾ ਭੀ ਇਹ ਹੀ ਹੈ ਕਿ ਪ੍ਰਭੂ ਦੇ ਨਾਮ ਤੋਂ ਬਿਨ੍ਹਾਂ ਉਪ੍ਰੋਕਤ ਕੋਈ ਭੀ ਸਾਧਨ ਪ੍ਰਭੂ ਮਿਲਾਪ ਲਈ ਸਹਾਈ ਨਹੀਂ ਹੈ।
ਅੰਨ੍ਹਾ ਅਤੇ ਮੂਰਖ ਜੀਵ ਉਜਾੜਾਂ, ਮੜ੍ਹੀਆਂ ਅਤੇ ਮਸਾਣਾਂ ਵਿੱਚ ਜਾ ਰਹਿੰਦਾ ਹੈ, ਰੱਬ ਵਾਲਾ ਰਸਤਾ ਨਹੀਂ ਸਮਝਦਾ ਅਤੇ ਸਮਾਂ ਬੀਤ ਜਾਣ ਤੇ ਪਛਤਾਉਂਦਾ ਹੈ।
ਜਿਸ ਜੀਵ ਨੂੰ ਗੁਰੂ ਮਿਲ ਗਿਆ ਹੈ ਅਸਲੀ ਸੁਖ ਉਹ ਜੀਵ ਹੀ ਮਾਣ ਸਕਦਾ ਹੈ ਅਤੇ ਵਡਭਾਗੀ ਰੱਬ ਦਾ ਨਾਮ ਆਪਣੇ ਹਿਰਦੇ ਵਿੱਚ ਟਿਕਾਉਂਦਾ ਹੈ। ਪਰ ਹੇ ਨਾਨਕ ! ਗੁਰੂ ਭੀ ਉਸ ਨੂੰ ਹੀ ਮਿਲਦਾ ਹੈ ਜਿਸ ਉੱਤੇ ਆਪ ਦਾਤਾਰ ਮਿਹਰ ਦੀ ਨਜ਼ਰ ਕਰਦਾ ਹੈ। ਉਹ ਸੰਸਾਰ ਦੀਆਂ ਆਸਾਂ ਅਤੇ ਫ਼ਿਕਰਾਂ ਤੋਂ ਨਿਰਲੇਪ ਹੋ ਕੇ ਗੁਰੂ ਦੇ ਸ਼ਬਦ ਦੁਆਰਾ ਆਪਣੀ ਹਉਮੈ ਨੂੰ ਸਾੜ ਦਿੰਦਾ ਹੈ।੨

ਭੈਰਉ ਮਹਲਾ ੧ ॥
ਜਗਨ ਹੋਮ ਪੁੰਨ ਤਪ ਪੂਜਾ ਦੇਹ ਦੁਖੀ ਨਿਤ ਦੂਖ ਸਹੈ ॥
ਰਾਮ ਨਾਮ ਬਿਨੁ ਮੁਕਤਿ ਨ ਪਾਵਸਿ ਮੁਕਤਿ ਨਾਮਿ ਗੁਰਮੁਖਿ ਲਹੈ ॥੧॥
ਰਾਮ ਨਾਮ ਬਿਨੁ ਬਿਰਥੇ ਜਗਿ ਜਨਮਾ ॥
ਬਿਖੁ ਖਾਵੈ ਬਿਖੁ ਬੋਲੀ ਬੋਲੈ ਬਿਨੁ ਨਾਵੈ ਨਿਹਫਲੁ ਮਰਿ ਭ੍ਰਮਨਾ ॥੧॥ ਰਹਾਉ ॥
ਪੁਸਤਕ ਪਾਠ ਬਿਆਕਰਣ ਵਖਾਣੈ ਸੰਧਿਆ ਕਰਮ ਤਿਕਾਲ ਕਰੈ ॥
ਬਿਨੁ ਗੁਰ ਸਬਦ ਮੁਕਤਿ ਕਹਾ ਪ੍ਰਾਣੀ ਰਾਮ ਨਾਮ ਬਿਨੁ ਉਰਝਿ ਮਰੈ ॥੨॥
ਡੰਡ ਕਮੰਡਲ ਸਿਖਾ ਸੂਤੁ ਧੋਤੀ ਤੀਰਥਿ ਗਵਨੁ ਅਤਿ ਭ੍ਰਮਨੁ ਕਰੈ ॥
ਰਾਮ ਨਾਮ ਬਿਨੁ ਸਾਂਤਿ ਨ ਆਵੈ ਜਪਿ ਹਰਿ ਹਰਿ ਨਾਮੁ ਸੁ ਪਾਰਿ ਪਰੈ ॥੩॥
ਜਟਾ ਮੁਕਟੁ ਤਨਿ ਭਸਮ ਲਗਾਈ ਬਸਤ੍ਰ ਛੋਡਿ ਤਨਿ ਨਗਨੁ ਭਇਆ ॥
ਰਾਮ ਨਾਮ ਬਿਨੁ ਤ੍ਰਿਪਤਿ ਨ ਆਵੈ ਕਿਰਤ ਕੈ ਬਾਂਧੈ ਭੇਖੁ ਭਇਆ ॥੪॥
ਜੇਤੇ ਜੀਅ ਜੰਤ ਜਲਿ ਥਲਿ ਮਹੀਅਲਿ ਜਤ੍ਰ ਕਤ੍ਰ ਤੂ ਸਰਬ ਜੀਆ ॥
ਗੁਰ ਪਰਸਾਦਿ ਰਾਖਿ ਲੇ ਜਨ ਕਉ ਹਰਿ ਰਸੁ ਨਾਨਕ ਝੋਲਿ ਪੀਆ ॥੫॥੭॥੮॥ ਪੰਨਾਂ ੧੧੨੭

ਅਰਥ: ਪ੍ਰਮਾਤਮਾ ਦੇ ਨਾਮ ਤੋਂ ਵਗੈਰ ਜੀਵ ਦਾ ਸੰਸਾਰ ਵਿੱਚ ਆਉਣਾ ਵਿਅਰਥ ਹੈ। ਜਿਹੜਾ ਪ੍ਰਾਣੀ ਵਿਸ਼ਿਆਂ ਦੀ ਜ਼ਹਰ ਖਾ ਕੇ ਵਿਸ਼ਿਆਂ ਦੀਆਂ ਹੀ ਰੋਜ਼ ਗੱਲਾਂ ਕਰਦਾ ਹੈ; ਪ੍ਰਭੂ-ਸਿਮਰਨ ਤੋਂ ਬਗੈਰ ਉਸ ਦੀ ਜ਼ਿੰਦਗੀ ਵਿਅਰਥ ਹੈ। ਉਹ ਜੀਵ ਸਦਾ ਭਟਕਦਾ ਰਹਿੰਦਾ ਹੈ ਅਤੇ ਆਤਮਕ ਮੌਤ ਮਰਦਾ ਹੈ।੧। ਰਹਾਉ।
ਪ੍ਰਮਾਤਮਾ ਦੇ ਨਾਮ-ਸਿਮਰਨ ਤੋਂ ਬਗੈਰ ਕੋਈ ਭੀ ਜੀਵ, ਵਿਕਾਰਾਂ ਅਤੇ ਉਨ੍ਹਾਂ ਤੋਂ ਪੈਦਾ ਹੋਏ ਦੁੱਖਾਂ ਤੋਂ ਖ਼ਲਾਸੀ ਨਹੀਂ ਪਾ ਸਕਦਾ। ਇਨ੍ਹਾਂ ਦੁੱਖਾਂ ਤੋਂ ਖ਼ਲਾਸੀ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ-ਨਾਮ ਵਿੱਚ ਜੁੜਨ ਨਾਲ ਹੀ ਮਿਲਦੀ ਹੈ। ਜੇ ਪ੍ਰਾਣੀ ਪ੍ਰਭੂ ਦਾ ਸਿਮਰਨ ਨਹੀਂ ਕਰਦਾ ਤਾਂ ਜੱਗ, ਹਵਨ, ਪੁੰਨ-ਦਾਨ, ਤਪ, ਪੂਜਾ ਆਦਿ ਕ੍ਰਮ-ਕਾਂਡ ਕਰਨ ਨਾਲ ਦੁੱਖ ਹੀ ਸਹਾਰਦਾ ਹੈ।੧।
ਪੰਡਿਤ ਸੰਸਕ੍ਰਿਤ ਦੇ ਪਾਠ ਅਤੇ ਵਿਆਕਰਣ ਆਦਿ ਆਪਣੇ ਵਿਦਿਆਰਥੀਆਂ ਨੂੰ ਸਮਝਾਉਦਾ ਹੈ; ਤਿੰਨ ਵੇਲੇ ਹਰ ਰੋਜ਼ ਸੰਧਿਆ ਭੀ ਕਰਦਾ ਹੈ, ਪਰ, ਹੇ ਪ੍ਰਾਣੀ! ਗੁਰੂ ਦੀ ਸਿੱਖਿਆ ਤੋਂ ਬਿਨ੍ਹਾਂ ਉਸ ਨੂੰ ਵਿਸ਼ਿਆਂ ਤੋਂ ਖ਼ਲਾਸੀ ਨਹੀਂ ਮਿਲ ਸਕਦੀ। ਪ੍ਰਮਾਤਮਾ ਦੇ ਨਾਮ ਤੋਂ ਬਗੈਰ ਉਹ ਵਿਕਾਰਾਂ ਵਿੱਚ ਫਸਿਆ ਰਹਿੰਦਾ ਹੈ ਅਤੇ ਉਸ ਦੀ ਆਤਮਕ ਮੌਤ ਹੋ ਜਾਂਦੀ ਹੈ।੨।
ਜੋਗੀ ਹੱਥ ਵਿੱਚ ਡੰਡਾ ਅਤੇ ਖੱਪਰ ਰੱਖਦਾ ਹੈ। ਬ੍ਰਾਹਮਣ ਬੋਦੀ ਰੱਖਦਾ, ਜਨੇਊ ਅਤੇ ਧੋਤੀ ਪਹਿਨਦਾ ਹੈ। ਜੋਗੀ ਤੀਰਥ-ਜਾਤ੍ਰਾ ਅਤੇ ਧਰਤੀ ਦਾ ਚੱਕਰ ਕਰਦਾ ਹੈ। ਪਰ ਪ੍ਰਮਾਤਮਾ ਦੇ ਨਾਮ ਸਿਮਰਨ ਤੋਂ ਬਿਨ੍ਹਾਂ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਜੋ ਜੀਵ ਹਰੀ ਦਾ ਨਾਮ ਸਦਾ ਸਿਮਰਦਾ ਹੈ, ਉਹ ਵਿਕਾਰਾਂ ਤੋਂ ਦੂਰ ਰਹਿੰਦਾ ਹੈ।੩।
ਜਟਾ-ਜੂੜ, ਪਿੰਡੇ ਤੇ ਸੁਆਹ, ਨੰਗਾ ਰਹਿਣ ਨਾਲ ਅਤੇ ਪਿਛਲੇ ਕੀਤੇ ਕਰਮਾਂ ਦੇ ਬੱਝੇ ਹੋਏ ਜੀਵ ਲਈ ਇਹ ਸਾਰਾ ਅਡੰਬਰ ਕੇਵਲ ਬਾਹਰਲਾ ਧਾਰਮਿਕ ਭੇਖ ਹੈ। ਪ੍ਰਭੂ ਦਾ ਨਾਮ ਜਪਣ ਤੋਂ ਬਿਨ੍ਹਾਂ ਮਾਇਆ ਦੀ ਤ੍ਰਿਸ਼ਨਾ ਤੋਂ ਮਨ ਨਹੀਂ ਰੱਜਦਾ ।੪।
ਪਰ ਹੇ ਪ੍ਰਭੂ! ਜੀਵਾਂ ਦੇ ਕੁੱਝ ਵੱਸ ਨਹੀਂ। ਪਾਣੀ, ਧਰਤੀ ਅਤੇ ਆਕਾਸ਼ ਵਿੱਚ ਜਿਨ੍ਹੇਂ ਭੀ ਜੀਵ ਹਨ ਸਭ ਵਿੱਚ, ਤੂੰ ਆਪ ਹੀ ਵਸਦਾ ਹੈਂ।
ਗੁਰੂ ਦੀ ਕਿਰਪਾ ਨਾਲ, ਹੇ ਨਾਨਕ! ਜਿਸ ਜੀਵ ਨੂੰ ਪ੍ਰਭੂ, ਵਿਸ਼ੇ ਵਿਕਾਰਾਂ ਤੋਂ ਬਚਾ ਲੈਂਦਾ ਹੈ ਕੇਵਲ ਉਹ ਜੀਵ ਹੀ ਪ੍ਰਮਾਤਮਾ ਦੇ ਨਾਮ ਦਾ ਰਸ ਪੀਂਦਾ ਹੈ।੫।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਰਾਗੁ ਸੂਹੀ ਮਹਲਾ ੧ ਚਉਪਦੇ ਘਰੁ ੧    
ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ ॥
ਦੂਧੁ ਕਰਮ ਫੁਨਿ ਸੁਰਤਿ ਸਮਾਇਣੁ ਹੋਇ ਨਿਰਾਸ ਜਮਾਵਹੁ ॥੧॥
ਜਪਹੁ ਤ ਏਕੋ ਨਾਮਾ ॥
ਅਵਰਿ ਨਿਰਾਫਲ ਕਾਮਾ ॥੧॥ ਰਹਾਉ ॥
ਇਹੁ ਮਨੁ ਈਟੀ ਹਾਥਿ ਕਰਹੁ ਫੁਨਿ ਨੇਤ੍ਰਉ ਨੀਦ ਨ ਆਵੈ ॥
ਰਸਨਾ ਨਾਮੁ ਜਪਹੁ ਤਬ ਮਥੀਐ ਇਨ ਬਿਧਿ ਅੰਮ੍ਰਿਤੁ ਪਾਵਹੁ ॥੨॥
ਮਨੁ ਸੰਪਟੁ ਜਿਤੁ ਸਤ ਸਰਿ ਨਾਵਣੁ ਭਾਵਨ ਪਾਤੀ ਤ੍ਰਿਪਤਿ ਕਰੇ ॥
ਪੂਜਾ ਪ੍ਰਾਣ ਸੇਵਕੁ ਜੇ ਸੇਵੇ ਇਨ੍ਹ੍ਹ ਬਿਧਿ ਸਾਹਿਬੁ ਰਵਤੁ ਰਹੈ ॥੩॥
ਕਹਦੇ ਕਹਹਿ ਕਹੇ ਕਹਿ ਜਾਵਹਿ ਤੁਮ ਸਰਿ ਅਵਰੁ ਨ ਕੋਈ ॥
ਭਗਤਿ ਹੀਣੁ ਨਾਨਕੁ ਜਨੁ ਜੰਪੈ ਹਉ ਸਾਲਾਹੀ ਸਚਾ ਸੋਈ ॥੪॥੧॥ ਪੰਨਾਂ ੭੨੮

ਨੋਟ: ੧. ਚਉਪਦੇ ਦਾ ਅਰਥ ਹੈ ਚਾਰ ਬੰਦਾਂ ਵਾਲਾ ਸ਼ਬਦ।
ਨੋਟ ੨: ਇਸ ਸ਼ਬਦ ਵਿੱਚ ਦੋ ਅਲੰਕਾਰ ਦਿੱਤੇ ਹੋਏ ਹਨ;
ਪਹਿਲਾ ਦੁੱਧ ਰਿੜਕਣ ਦਾ: ਭਾਂਡਾ ਸਾਫ਼ ਕਰਕੇ ਉਸ ਵਿੱਚ ਦੁੱਧ ਪਾ ਲਿਆ ਜਾਂਦਾ ਹੈ; ਫਿਰ ਦੁਧ ਨੂੰ ਜਾਗ ਲਾਈਦਾ ਹੈ; ਉਸ ਤੋਂ ਬਾਅਦ ਦੁੱਧ ਨੂੰ ਰਿੜਕ ਕੇ ਮੱਖਣ ਕੱਢ ਲਿਆ ਜਾਂਦਾ ਹੈ।
ਦੂਜਾ ਮੂਰਤੀ ਪੂਜਣ ਦਾ: ਠਾਕਰਾਂ ਦੀ ਮੂਰਤੀ ਨੂੰ ਡੱਬੇ ਵਿੱਚ ਪਾ ਕੇ ਇਸ਼ਨਾਨ ਕਰਾਈਦਾ ਹੈ ਅਤੇ ਫਿਰ ਫੁੱਲ ਆਦਿ ਭੇਟ ਕਰਕੇ ਪੂਜਾ ਕੀਤੀ ਜਾਂਦੀ ਹੈ।

ਪਦ ਅਰਥ: ਅਵਰਿ-ਹੋਰ ਉੱਦਮ ਅਤੇ ਕ੍ਰਮ-ਕਾਂਡ; ਮਥੀਐ-ਰਿੜਕੀਦਾ ਹੈ; ਸੰਪਟੁ-ਉਹ ਡੱਬਾ ਜਿਸ ਵਿੱਚ ਮੂਰਤੀ ਨੂੰ ਰੱਖਿਆ ਜਾਂਦਾ ਹੈ; ਤ੍ਰਿਪਤਿ ਕਰੇ-ਪ੍ਰਸੰਨ ਕਰੇ; ਪੂਜਾ ਪ੍ਰਾਣ-ਅਪਣੱਤ ਛੱਡੇ; ਰਵਤੁ ਰਹੈ-ਮਿਲਿਆ ਰਹਿੰਦਾ ਹੈ; ਕਹਦੇ-ਸਿਮਰਨ ਤੋਂ ਬਿਨ੍ਹਾਂ ਪ੍ਰਭੂ ਨੂੰ ਪ੍ਰਸੰਨ ਕਰਨ ਦੇ ਹੋਰ ਉੱਦਮ ਜਾਂ ਕ੍ਰਮ-ਕਾਂਡ ਦੱਸਣ ਵਾਲੇ; ਜਾਵਹਿ-ਸਮੇਂ ਨੂੰ ਵਿਅਰਥ ਗਵਾ ਜਾਂਦੇ ਹਨ; ਤੁਮ ਸਰਿ- ਪ੍ਰਭੂ ਤੇਰੇ ਬਰਾਬਰ; ਅਵਰੁ-ਹੋਰ ਕ੍ਰਮ-ਕਾਂਡ।
ਅਰਥ: ਹੇ ਭਾਈ! ਪ੍ਰਭੂ-ਪ੍ਰਾਪਤੀ ਵਾਸਤੇ ਕੇਵਲ ਪ੍ਰਭੂ ਦਾ ਨਾਮ ਜਪੋ। ਪ੍ਰਭੂ-ਸਿਮਰਨ ਛੱਡ ਕੇ ਪ੍ਰਭੂ-ਪ੍ਰਾਪਤੀ ਲਈ ਹੋਰ ਸਾਰੇ ਉੱਦਮ ਅਤੇ ਕ੍ਰਮ-ਕਾਂਡ ਵਿਅਰਥ ਹਨ।੧। ਰਹਾਉ।
ਹੇ ਭਾਈ! ਮੱਖਣ ਪ੍ਰਾਪਤ ਕਰਨ ਲਈ, ਤੁਸੀ ਪਹਿਲਾਂ ਭਾਂਡਾ ਧੋਂਦੇ ਹੋ। ਉਸ ਭਾਂਡੇ ਨੂੰ ਸਾਫ਼ ਕਰਕੇ ਫਿਰ ਤੁਸੀਂ ਦੁੱਧ ਲੈਣ ਜਾਂਦੇ ਹੋ। ਫਿਰ ਜਾਗ ਲਾ ਕੇ ਉਸ ਦੁੱਧ ਨੂੰ ਜਮਾਂਉਦੇ ਹੋ। ਇਸੇ ਤਰ੍ਹਾਂ ਹੀ ਜੇ ਪ੍ਰਮਾਤਮਾ ਦੇ ਨਾਮ-ਅੰਮ੍ਰਿਤ ਨੂੰ ਪ੍ਰਾਪਤ ਕਰਨਾ ਹੈ ਤਾਂ ਪਹਿਲਾਂ ਹਿਰਦੇ ਨੂੰ ਪਵਿਤ੍ਰ ਕਰ ਕੇ ਮਨ ਨੂੰ ਵਿਸ਼ੇ ਵਿਕਾਰਾਂ ਤੋਂ ਰੋਕੋ। ਇਹ ਹਿਰਦਾ-ਭਾਂਡੇ ਨੂੰ ਧੂਪ ਦੇਣਾ ਹੈ। ਉਸ ਤੋਂ ਬਾਅਦ ਦੁੱਧ ਲੈਣ ਜਾਵੋ। ਰੋਜ਼ਾਨਾ ਦੀ ਕਿਰਤ-ਕਾਰ ਦੁੱਧ ਹੈ। ਪ੍ਰਭੂ-ਚਰਨਾਂ ਵਿੱਚ ਹਰ ਵੇਲੇ ਸੁਰਤ ਜੋੜ ਰੱਖਣੀ ਰੋਜ਼ਾਨਾ ਕਿਰਤ-ਕਾਰ ਵਿੱਚ ਜਾਗ ਲਾਉਣਾ ਹੈ। ਪ੍ਰਭੂ ਨਾਲ ਜੁੜੀ ਹੋਈ ਸੁਰਤ ਦੀ ਬਰਕਤ ਨਾਲ ਦੁਨੀਆਂ ਦੀਆਂ ਆਸਾਂ ਤੋਂ ਉਤਾਂਹ ਉੱ​ਠੋ। ਇਸ ਤਰ੍ਹਾਂ ਦੁੱਧ ਜਮਾ ਲਵੋ ਭਾਵ ਪ੍ਰਮਾਤਮਾ ਨਾਲ ਜੁੜੀ ਹੋਈ ਸੁਰਤ ਨਾਲ ਰੋਜ਼ਾਨਾ ਕਿਰਤ-ਕਾਰ ਕਰਨ ਨਾਲ ਹੀ ਮਾਇਆ ਵਲੋਂ ਉਪਰਾਮਤਾ ਬਣਦੀ ਹੈ।੧।
ਦੁੱਧ ਰਿੜਕਣ ਵੇਲੇ ਤੁਸੀ ਨੇਤ੍ਰੇ ਦੀਆਂ ਈਟੀਆਂ ਹੱਥ ਵਿੱਚ ਫੜਦੇ ਹੋ। ਆਪਣੇ ਮਨ ਨੂੰ ਵੱਸ ਵਿੱਚ ਕਰੋ। ਆਤਮਕ ਜੀਵਨ ਲਈ ਇਸ ਤਰ੍ਹਾਂ ਇਹ ਮਨ-ਰੂਪ ਈਟੀਆਂ ਹੱਥ ਵਿੱਚ ਫੜੋ। ਮਾਇਆ ਦੇ ਮੋਹ ਦੀ ਨੀਂਦ ਮਨ ਉੱਤੇ ਪ੍ਰਭਾਵ ਨ ਪਾਵੇ-ਇਹ ਸਾਡੇ ਆਤਮਕ ਜੀਵਨ ਲਈ ਨੇਤ੍ਰਾ ਹੈ। ਜੀਭ ਨਾਲ ਪ੍ਰਮਾਤਮਾ ਦਾ ਨਾਮ ਜਪੋ। ਜਿਉਂ- ਜਿਉਂ ਪ੍ਰਮਾਤਮਾ ਦਾ ਨਾਮ ਜਪੋਗੇ, ਤਿਉਂ-ਤਿਉਂ ਇਹ ਰੋਜ਼ਾਨਾ ਕਿਰਤ-ਕਾਰ-ਰੂਪ ਦੁੱਧ ਰਿੜਕਦਾ ਰਹੇਗਾ। ਇਨ੍ਹਾਂ ਤਰੀਕਿਆਂ ਨਾਲ ਰੋਜ਼ਾਨਾ ਕਿਰਤ-ਕਾਰ ਕਰਦੇ ਹੋਏ ਪ੍ਰਭੂ ਦਾ ਨਾਮ-ਅੰਮ੍ਰਿਤ ਪ੍ਰਾਪਤ ਕਰ ਲਵੋਗੇ।੨।
ਦੂਜੇ ਪਾਸੇ ਪੁਜਾਰੀ ਮੂਰਤੀ ਨੂੰ ਡੱਬੇ ਵਿੱਚ ਪਾਉਂਦਾ ਹੈ। ਜੇ ਜੀਵ ਆਪਣੇ ਮਨ ਨੂੰ ਡੱਬਾ ਬਣਾ ਲਵੇ। ਜੇ ਜੀਵ ਆਪਣੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਟਿਕਾ ਲਵੇ। ਜੇ ਜੀਵ ਪ੍ਰਭੂ-ਨਾਮ ਨਾਲ ਸਾਧ-ਸੰਗਤ ਦੇ ਸਰੋਵਰ ਵਿੱਚ ਇਸ਼ਨਾਨ ਕਰੇ। ਜੇ ਜੀਵ ਆਪਣੇ ਮਨ ਵਿੱਚ ਟਿਕੇ ਹੋਏ ਪ੍ਰਭੂ-ਠਾਕੁਰ ਨੂੰ ਸ਼ਰਧਾ ਦੇ ਪੱਤਰਾਂ ਨਾਲ ਪ੍ਰਸੰਨ ਕਰ ਲਵੇ। ਜੇ ਜੀਵ ਸੇਵਕ ਬਣ ਕੇ ਅਤੇ ਆਪਣਾ ਹੰਕਾਰ ਛੱਡ ਕੇ ਆਪਣੇ ਅੰਦਰ-ਵੱਸਦੇ ਠਾਕੁਰ-ਪ੍ਰਭੂ ਦਾ ਸਿਮਰਨ ਕਰੇ ਤਾਂ ਇਨ੍ਹਾਂ ਤਰੀਕਿਆਂ ਨਾਲ ਉਹ ਜੀਵ ਆਪਣੇ ਮਾਲਕ-ਪ੍ਰਭੂ ਨਾਲ ਸਦਾ ਲਈ ਮਿਲ਼ ਜਾਂਦਾ ਹੈ।੩।
ਸਿਮਰਨ ਤੋਂ ਬਿਨ੍ਹਾਂ, ਪ੍ਰਭੂ ਨੂੰ ਪ੍ਰਸੰਨ ਕਰਨ ਦੇ ਹੋਰ ਸਾਰੇ ਕ੍ਰਮ-ਕਾਂਡ ਅਤੇ ਪਾਖੰਡ ਦੱਸਣ ਵਾਲੇ ਬੰਦੇ, ਜੋ-ਜੋ ਭੀ ਕ੍ਰਮ-ਕਾਂਡ ਦੱਸਦੇ ਹਨ, ਉਹ ਕ੍ਰਮ-ਕਾਂਡ ਅਤੇ ਪਾਖੰਡ ਦੱਸ ਕੇ ਆਪਣਾ ਜੀਵਨ-ਸਮਾ ਵਿਅਰਥ ਗਵਾ ਲੈਂਦੇ ਹਨ। ਹੇ ਪ੍ਰਭੂ! ਤੇਰੇ ਸਿਮਰਨ ਵਰਗਾ ਹੋਰ ਕੋਈ ਉੱਦਮ ਨਹੀਂ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਹੇ ਪ੍ਰਭੂ! ਤੇਰਾ ਦਾਸ ਤੇਰੀ ਭਗਤੀ ਤੋਂ ਸੱਖਣਾ ਹੈ ਪਰ ਫਿਰ ਭੀ ਇਹ ਬੇਨਤੀ ਕਰਦਾ ਹੈ ਕਿ ਸਦਾ ਕਾਇਮ ਰਹਿਣ ਵਾਲੇ ਹੇ ਪ੍ਰਭੂ! ਮੈਂ ਸਦਾ ਤੇਰੀ ਸਿਫ਼ਤ-ਸਾਲਾਹ ਕਰਦਾ ਰਹਾਂ।੪।

ਗੁਰੂ ਬਖਸ਼ਸ਼ ਕਰਨ । ਗੁਰੂ ਨਾਨਕ ਸਾਹਿਬ ਨੇ ਸਾਨੂੰ ਕ੍ਰਮ-ਕਾਂਡ ਅਤੇ ਪਾਖੰਡ ਛੱਡ ਕੇ ਕੇਵਲ ਅਕਾਲ ਪੁਰਖ ਨਾਲ ਜੋੜਿਆ ਹੈ। ਇਸ ਲਈ ਮਨੁੱਖਾ ਜੀਵਨ ਦੀ ਸਫ਼ਲਤਾ ਲਈ ਸਾਨੂੰ ਕੇਵਲ ਪ੍ਰਮਾਤਮਾ ਦਾ ਹੀ ਅਸਰਾ ਤੱਕਣਾ ਚਾਹੀਦਾ ਹੈ।

ਸਭ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਦੇ ਆਗਮਨ ਦਿਹਾੜੇ ਦੀ ਲੱਖ-ਲੱਖ ਵਾਧਾਈ ਹੋਵੇ ਜੀ!

ਵਾਹਿਗੁਰੂ ਜੀ ਕਾ ਖਾਲਸਾ ।।

ਵਾਹਿਗੁਰੂ ਜੀ ਕੀ ਫ਼ਤਹਿ।।

ਬਲਬਿੰਦਰ ਸਿੰਘ ਅਸਟ੍ਰੇਲੀਆ
.