.

‘ਗੁਰਬਾਣੀ’ ਦਲੀਲ਼ਾਂ, ਤਰਕਾਂ ਅਤੇ ਸੁਆਲਾਂ ਨਾਲ ਭਰਪੂਰ।

ਕਿਸ਼ਤ ਨੰਬਰ 2

** ਗੁਰਬਾਣੀ ਗਿਆਨ ਵਿਚਾਰ ਦਾ ਉਹ ਖ਼ਜਾਨਾ ਹੈ, ਜਿਸ ਵਿਚੋਂ ਗਿਆਨ ਵਿਚਾਰ ਦੇ ਮੋਤੀ ਲੈਕੇ ਅਸੀਂ ਆਪਣੇ ਮਨੁੱਖਾ ਜੀਵਨ ਨੂੰ ਰੋਸ਼ਨਾਅ ਸਕਦੇ ਹਾਂ, ਆਪਣੀਆਂ ਪੁਰਾਣੀਆਂ ਬਣੀਆਂ ਮਾਨਤਾਵਾਂ ਵਿੱਚ ਬਦਲਾਅ ਲਿਆ ਸਕਦੇ ਹਾਂ। ਆਪਣੇ ਅੰਦਰ ਗ੍ਰਹਿਣ ਕੀਤੇ ਗਿਆਨ ਵਿਚਾਰ ਨੂੰ ਜਿਨਾਂ ਮਰਜ਼ੀ ਵਰਤਿਆ ਜਾਵੇ ਇਹ ਕਦੇ ਵੀ ਖਤਮ ਹੋਣ ਵਾਲਾ ਨਹੀਂ ਹੈ, ਬਲਕਿ ਇਸ ਗਿਆਨ ਵਿਚਾਰ ਦੀ ਵਰਤੋਂ ਕੀਤਿਆਂ, ਇਸ ਗਿਆਨ ਵਿੱਚ ਹੋਰ ਵਾਧਾ ਹੁੰਦਾ ਹੈ। ਤਾਜ਼ੁਰਬੇ ਦੇ ਨਾਲ ਨਾਲ ਇਹ ਗਿਆਨ ਵਿੱਚ ਹੋਰ ਕਈ ਤਰਾਂ ਦੇ ਗਿਆਨ ਦੀਆਂ ਪਰਤਾਂ ਚੜ੍ਹਦੀਆਂ ਜਾਂਦੀਆਂ ਹਨ।

. .’ਗੁਰਬਾਣੀ’ ਕਾਵਿਆ ਰੂਪ ਵਿੱਚ ਹੋਣ ਦੇ ਨਾਲ ਨਾਲ ਦਲੀਲ਼ਾਂ, ਤਰਕਾਂ ਅਤੇ ਸੁਆਲਾਂ ਨਾਲ ਸਿੰਗਾਰੀ ਹੋਈ ਹੈ। ਬਾਣੀ ਕਾਰਾਂ ਨੇ ਸਮੇਂ ਦੇ ਬਿਪਰ/ਪੂਜਾਰੀ/ਪਾਂਡੇ/ਬ੍ਰਾਹਮਣ, ਯੋਗੀ, ਕਾਜ਼ੀ, ਮੁਲਾਂ ਮੌਲਾਣਿਆਂ, ਰਜਵਾੜਿਆਂ ਨੂੰ ‘ਸੱਚ’ ਦੇ ਰਾਹ ਦੇ ਪਾਂਧੀ ਬਨਣ ਲਈ ਉਪਦੇਸ਼ ਦੇਣਾ ਕੀਤਾ।

. . ਇਹ ਉਪਦੇਸ਼ ਜਿੱਤਨਾ ਉਸ ਸਮੇਂ ਦੇ ਪੂਜਾਰੀਆਂ, ਰਜ਼ਵਾੜਿਆਂ ਦੇ ਲਈ ਜਰੂਰੀ ਸੀ, ਉਤਨਾ ਹੀ ਅੱਜ ਦੇ ਸਮੇਂ ਦੇ ਪੂਜਾਰੀਆਂ ਅਤੇ ਰਜ਼ਵਾੜਿਆਂ ਲਈ ਅਤੇ ਆਮ ਸੰਗਤਾਂ ਲਈ ਵੀ ਜਰੂਰੀ ਹੈ।

*** ਬਾਬਾ ਭਗਤ ਕਬੀਰ ਜੀ ਨਿਰਵੈਰ ਅਤੇ ਨਿਰਭਉ ਸਨ। ਉਹਨਾਂ ਨੇ ਸਮੇਂ ਦੇ ਬ੍ਰਾਹਮਣ ਪੂਜਾਰੀ ਪਾਂਡੇ ਨੂੰ ਸਵਾਲ ਕੀਤਾ, ਕਿਉਂਕਿ ਬਰਾਹਮਣ ਆਪਣੇ ਆਪ ਨੂੰ ਉੱਚ-ਕੁੱਲ ਦਾ ਭਾਵ ਆਪਣੇ ਆਪ ਨੂੰ ਬ੍ਰਹਮੇ ਦੇ ਮੂੰਹ ਵਿਚੋਂ ਪੈਦਾ ਹੋਇਆ ਦੱਸਦਾ ਸੀ, ਅਤੇ ਬਾਕੀਆਂ ਨੂੰ ਨੀਚ–ਕੁੱਲ ਦਾ, ਭਾਵ ਬਰਹਮੇ ਦੇ ਪੈਰਾਂ ਵਿਚੋਂ ਪੈਦਾ ਹੋਇਆ ਕਹਿੰਦਾ ਸੀ।

. . ਸਚਾਈ ਇਹ ਹੈ ਕਿ ਕੁੱਦਰਤ ਦੀ ਬਣਾਈ ਇਸ ਕਾਇਨਾਤ ਵਿੱਚ ਸਾਰੇ ਬਰਾਬਰ ਹਨ। ਪਰ ਬਰਾਹਮਣ ਆਪਣੇ ਆਪ ਨੂੰ ਉੱਚ ਕੁੱਲ ਦਾ ਮੰਨਦਾ ਕਰਕੇ, ਕਬੀਰ ਸਾਹਿਬ ਜੀ ਬ੍ਰਾਹਮਣ ਦੀ ਇਸ ਮਨਾਉਤ ਤੇ ਚੋਟ ਕਰਦਿਆਂ ਸਵਾਲ ਕੀਤਾ, ਬ੍ਰਾਹਮਣਾਂ ਜੇ ਤੂੰ ਆਪਣੇ ਆਪ ਨੂੰ ਬ੍ਰਹਮੇ ਦੇ ਮੂੰਹ ਵਿਚੋਂ ਪੈਦਾ ਹੋਇਆ ਦੱਸਦਾ ਹੈਂ ਤਾਂ ਤੇਰਾ ਦੁਨੀਆਂ ਤੇ ਆਉਣ ਦਾ ਰਸਤਾ ਆਮ ਮਨੁੱਖਾਂ ਵਾਲਾ ਕਿਉਂ ਹੈ? ? ? :-

*** ਗਉੜੀ ਕਬੀਰ ਜੀ॥ ਪੰਨਾ 324॥

ਗਰਭ ਵਾਸ ਮਹਿ ਕੁਲੁ ਨਹੀ ਜਾਤੀ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ॥ 1॥

ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ॥ ਬਾਮਨ ਕਹਿ ਕਹਿ ਜਨਮੁ ਮਤ ਖੋਏ॥ 1॥ ਰਹਾਉ॥

ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਹੀਂ ਆਇਆ॥ 2॥

ਤੁਮ ਕਤ ਬ੍ਰਾਹਮਣ ਹਮ ਕਤ ਸੂਦ॥ ਹਮ ਕਤ ਲੋਹੂ ਤੁਮ ਕਤ ਦੂਧ॥ 3॥

ਕਹੁ ਕਬੀਰ ਜੋ ਬ੍ਰਹਮ ਬੀਚਾਰੈ॥ ਸੋ ਬ੍ਰਾਹਮਣ ਕਹੀਅਤੁ ਹੈ ਹਮਾਰੈ॥ 4॥

** ਦਲੀਲ। ਗਰਭ ਵਾਸ ਮਹਿ ਕੁਲੁ ਨਹੀ ਜਾਤੀ॥

ਬ੍ਰਹਮ ਬਿੰਦੁ ਤੇ ਸਭ ਉਤਪਾਤੀ॥ 1॥

** ਤਰਕ ਅਤੇ ਸਵਾਲ? ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ॥

ਬਾਮਨ ਕਹਿ ਕਹਿ ਜਨਮੁ ਮਤ ਖੋਏ॥ 1॥ ਰਹਾਉ॥

** ਤਰਕ ਅਤੇ ਸਵਾਲ? ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥

ਤਉ ਆਨ ਬਾਟ ਕਾਹੇ ਨਹੀਂ ਆਇਆ॥ 2॥

** ਤਰਕ ਅਤੇ ਸਵਾਲ? ਤੁਮ ਕਤ ਬ੍ਰਾਹਮਣ ਹਮ ਕਤ ਸੂਦ॥

ਹਮ ਕਤ ਲੋਹੂ ਤੁਮ ਕਤ ਦੂਧ॥ 3॥

** ਦਲੀਲ। ਕਹੁ ਕਬੀਰ ਜੋ ਬ੍ਰਹਮ ਬੀਚਾਰੈ॥

ਸੋ ਬ੍ਰਾਹਮਣ ਕਹੀਅਤੁ ਹੈ ਹਮਾਰੈ॥ 4॥

*** ਇਸ ਉੱਪਰਲੇ ਸਬਦ ਵਿੱਚ ਬਾਬਾ ਕਬੀਰ ਜੀ ਆਪਣੀ ਦਲੀਲ-ਲੌਜ਼ਿਕ ਨਾਲ ਕੁੱਦਰਤ/ਅਕਾਲ-ਪੁਰਖ ਦੇ ਬਣਾਏ ਵਿਧੀ-ਵਿਧਾਨ/ਸਿਸਟਿਮ ਦੀ ਅਟੱਲ ‘ਸੱਚਾਈ’ ਬਿਆਨ ਕਰਦੇ ਹੋਏ ਬਰਾਹਮਣ ਨੂੰ ਤਰਕ ਦੇ ਨਾਲ ਸੁਆਲ ਕਰਦੇ ਹਨ।

** ਦਲੀਲ। ਗਰਭ ਵਾਸ ਮਹਿ ਕੁਲੁ ਨਹੀ ਜਾਤੀ॥

ਬ੍ਰਹਮ ਬਿੰਦੁ ਤੇ ਸਭ ਉਤਪਾਤੀ॥ 1॥

ਹੇ ਪੰਡਿਤ ਜੀ! ! ਮਾਤਾ ਦੇ ਗਰਭ ਅੰਦਰ ਕਿਸੇ ਇਨਸਾਨ/ਮਨੁੱਖ (ਨਰ ਅਤੇ ਮਾਦਾ) ਦੀ ਕੋਈ ਜਾਤ ਨਹੀਂ ਹੁੰਦੀ। ਸਾਰੇ ਜੀਵ ਬ੍ਰਹਮਾਂ (ਅਕਾਲ-ਪੁਰਖ) ਬਿੰਦ, ਭਾਵ ਵੀਰਯ ਤੋਂ ਪੈਦਾ ਹੁੰਦੇ ਹਨ, ਭਾਵ ਸਾਰੇ ਅਕਾਲ-ਪੁਰਖ ਦੀ ਅੰਸ਼ ਹਨ।

** ਤਰਕ ਅਤੇ ਸਵਾਲ? ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ॥ ਬਾਮਨ ਕਹਿ ਕਹਿ ਜਨਮੁ

ਮਤ ਖੋਏ॥ 1॥ ਰਹਾਉ॥

ਬਾਬਾ ਕਬੀਰ ਜੀ! ਬ੍ਰਾਹਮਨ ਨੂੰ ਤਰਕ ਅਤੇ ਸਵਾਲ ਕਰਦੇ ਹਨ। ਰੇ ਬ੍ਰਾਹਮਨ/ਪੰਡਿਤ, ਤੂੰ ਬ੍ਰਹਮਾ ਦੇ ਮੁੱਖ ਤੋਂ ਕਦੋਂ ਤੋਂ ਪੈਦਾ ਹੋਇਆ? ?

ਬ੍ਰਹਮਾ ਦੇ ਮੁੱਖ ਤੋਂ ਪੈਦਾ ਹੋਇਆ ਦੱਸ ਕੇ ਤੂੰ ਲੋਕਾਂ ਵਿੱਚ ਭਰਮ ਭੁਲੇਖਾ ਪਾਇਆ ਹੋਇਆ ਹੈ, ਆਪਣਾ ਮਨੁੱਖਾ ਜਨਮ ਅਜਾਂਈ ਗਵਾ ਰਿਹਾ ਹੈਂ।

ਬਾਬਾ ਕਬੀਰ ਜੀ, ਬਾਹਮਣ ਤੇ ਹੋਰ ਨੁਕੀਲਾ ਤਰਕ ਕਰਦੇ ਹੋਏ ਸਵਾਲ ਕਰਦੇ ਹਨ ਕਿ:-

** ਤਰਕ ਅਤੇ ਸਵਾਲ? ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥ ਤਉ ਆਨ ਬਾਟ ਕਾਹੇ

ਨਹੀਂ ਆਇਆ॥ 2॥

** ਹੇ ਬ੍ਰਾਹਮਣ! ਜੇਕਰ ਤੂੰ ਬ੍ਰਹਮਾ ਦੇ ਮੁੱਖ ਚੋਂ ਪੈਦਾ ਹੋਇਆ ਬ੍ਰਹਮਾ ਦੀ ਔਲਾਦ ਹੈਂ, ਕਿਸੇ ਬ੍ਰਾਹਮਣੀ ਦੀ ਕੁੱਖ ਵਿਚੋਂ ਪੈਦਾ ਹੋਇਆ ਹੈਂ ਤਾਂ ਤੇਰੇ ਇਸ ਸੰਸਾਰ ਵਿੱਚ ਆਉਣ ਦਾ ਤਰੀਕਾ, ਇਸ ਸੰਸਾਰ ਦੇ ਬਾਕੀ ਜੀਵਾਂ ਤੋਂ ਅਲੱਗ ਕਿਉਂ ਨਹੀਂ ਹੈ? ? ?

ਅਗਰ ਤੂੰ ਆਪਣੇ ਆਪ ਨੂੰ ਸੰਸਾਰ ਦੇ ਬਾਕੀ ਜੀਵਾਂ ਤੋਂ ਉੱਤਮ ਸਮਝਦਾ ਹੈਂ ਤਾਂ ਤੇਰੇ ਇਸ ਸੰਸਾਰ ਵਿੱਚ ਆਉਣ ਦੇ ਤਰੀਕੇ ਵਿੱਚ ਫ਼ਰਕ ਚਾਹੀਦਾ ਸੀ। ਪਰ …

ਤੂੰ ਵੀ ਤਾਂ ਉਸੇ ਤਰੀਕੇ ਇਸ ਸੰਸਾਰ ਵਿੱਚ ਆਉਣਾ ਕੀਤਾ ਹੈ ਜਿਸ ਤਰੀਕੇ ਸੰਸਾਰ ਦੇ ਬਾਕੀ ਜੀਅ ਇਸ ਸੰਸਾਰ ਵਿੱਚ ਪੈਦਾ ਹੁੰਦੇ ਹਨ।

** ਤਰਕ ਅਤੇ ਸਵਾਲ? ਤੁਮ ਕਤ ਬ੍ਰਾਹਮਣ ਹਮ ਕਤ ਸੂਦ॥

ਹਮ ਕਤ ਲੋਹੂ ਤੁਮ ਕਤ ਦੂਧ॥ 3॥

ਦੱਸ! ! ਹੇ ਬ੍ਰਾਹਮਨ/ਪੰਡਿਤ ਤੂੰ ਕਦੋਂ ਦਾ ਬ੍ਰਾਹਮਣ/ਪੰਡਿਤ ਬਣ ਗਿਆ?

ਤੇ ਅਸੀ ਕਦੋਂ ਦੇ ਸੂਦਰ ਬਣ ਗਏ?

ਸਾਡੇ ਸਾਰਿਆਂ ਦੇ ਸਰੀਰ ਵਿੱਚ ਖੂਨ ਚਲ ਰਿਹਾ ਹੈ

ਤੇਰੇ ਸਰੀਰ ਵਿੱਚ ਕਦੋਂ ਦਾ ਦੁਧ ਚਲ ਰਿਹਾ ਹੈ? ?

** ਦਲੀਲ। ਕਹੁ ਕਬੀਰ ਜੋ ਬ੍ਰਹਮ ਬੀਚਾਰੈ॥

ਸੋ ਬ੍ਰਾਹਮਣ ਕਹੀਅਤੁ ਹੈ ਹਮਾਰੈ॥ 4॥

ਬਾਬਾ ਕਬੀਰ ਸਾਹਿਬ ਜੀ ਆਪਣੀ ਦਲੀਲ਼ ਨਾਲ ਪੰਡਿਤ ਨੂੰ ਗਿਆਨ ਦੇ ਰਹੇ ਹਨ।

ਹੇ! ! ਪੰਡਿਤ, ਜੋ ਮਨੁੱਖ ਬ੍ਰਹਮਾ/ਪ੍ਰਮੇਸ਼ਰ ਨੂੰ ਵੀਚਾਰਦਾ ਹੈ, ਚੇਤੇ ਕਰਦਾ ਹੈ, ਸਿਮਰਦਾ ਹੈ, ਉਸਨੂੰ ਅਸੀਂ ਬ੍ਰਾਹਮਣ ਜਾਣਦੇ ਹਾਂ। ਸੱਦਦੇ ਹਾਂ।

** ਗੁਰੂ ਨਾਨਕ ਸਾਹਿਬ ਜੀ ਤਾਂ ਬਚਪਨ ਤੋਂ ਹੀ ਪਾਂਡੇ ਪੂਜਾਰੀ ਦੇ ਟਾਕਰੇ ਤੇ ਆ ਖੜੇ ਹੋਏ। ਬਰਾਹਮਣ ਦੀ ਹਰ ਮਨਮੱਤ ਦਾ ਵਿਰੋਧ ਕੀਤਾ। ਗੁਰੂ ਸਾਹਿਬ ਜੀ ਨੇ ਬਚਪਨ ਤੋਂ ਹੀ ਬ੍ਰਾਹਮਨ ਪੂਜਾਰੀ ਨੂੰ ਤਰਕ ਅਤੇ ਸੁਆਲ ਕਰਨਾ ਸੁਰੂ ਕੀਤਾ। :-

ਜਨੇਊ ਬਾਰੇ:-

{{{{. . ਗੁਰੂ ਨਾਨਕ ਸਾਹਿਬ ਜੀ ਆਪ ਆਪਣੀ ਉਚਾਰਨ ਕੀਤੀ ਬਾਣੀ ਵਿੱਚ ਆਪਣੀ ‘ਦਲੀਲ਼’ ਰਾਂਹੀ ਹਰ ਬ੍ਰਾਹਮਣੀ-ਕਰਮਕਾਂਡ, ਪਾਖੰਡਵਾਦ ਦਾ ਖੰਡਨ ਕਰਦੇ ਹਨ। ਪਰ ਫਿਰ ਭੀ ਕਈਆ ਲਿਖਾਰੀਆਂ ਵਲੋਂ ਗੁਰੂ ਨਾਨਕ ਸਾਹਿਬ ਜੀ ਦੇ ਜਨੇਊ ਪਾਉਣ ਬਾਰੇ ਕਈ ਤਰਾਂ ਦੀਆਂ ਕਥਾ-ਕਹਾਣੀਆਂ ਪ੍ਰਚੱਲਤ ਕਰ ਦਿੱਤੀਆਂ। ਜਿਹਨਾਂ ਵਿੱਚ ਸਨਾਤਨੀ ਕਵੀ ਸੰਤੋਖ ਸਿੰਘ ਦਾ ਲਿਖਤ ਗਰੰਥ ‘ਸੂਰਜ-ਪ੍ਰਕਾਸ਼’ ਸੱਬ ਤੋਂ ਮੋਹਰੀ ਹੈ, ਜਿਸ ਕਰਕੇ ਅੱਜ ਦਾ ਸਿੱਖ ਸਮਾਜ ਨੇ ਹਰ ਬ੍ਰਾਹਮਣੀ ਕਰਮ ਨੂੰ ਅਪਨਾਉਣਾ ਕਰ ਲਿਆ। ਸਨਾਤਨ ਮੱਤ ਨਾਲ ਸੰਬੰਧਤ ਸੰਪਰਦਾਵਾਂ ਵੀ ਇਸੇ ਗਰੰਥ ਸੂਰਜ-ਪ੍ਰਕਾਸ਼ ਦੀ ਕਥਾ ਵੀ ਗੁਰਦੁਆਰਿਆਂ ਵਿੱਚ ਆਮ ਹਰ ਰੋਜ਼ ਸ਼ਾਮ ਨੂੰ ਕਰਦੀਆਂ ਹਨ।}}}}}

** ਬਾਬਾ ਨਾਨਕ ਸਾਹਿਬ ਜੀ ਨੂੰ ਬਚਪਨ ਵਿੱਚ ਬ੍ਰਾਹਮਣ/ਪਾਂਡੇ ਵਲੋਂ ਜਨੇਊ ਪਵਾਉਣ ਦੇ ਬਾਰੇ ਸਾਖੀ ਬੜੀ ਮਸ਼ਹੂਰ ਹੈ। ਜੋ ਸਰਾਸਰ ਸਨਾਤਨ ਮੱਤੀਆਂ ਦੀ ਬਣਾਈ ਹੋਈ/ਘੜੀ ਹੋਈ ਕਹਾਣੀ ਹੈ, ਸਾਖੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਆਤਮ ਗਿਆਨ ਰਾਂਹੀ, ਦਲੀਲ਼ ਰਾਹੀਂ, … ਬ੍ਰਾਹਮਣ/ਬਿਪਰ/ਪੂਜਾਰੀ/ਪਾਂਡੇ ਨੂੰ ਜੋ ਵਿਚਾਰ ਦੇਣੇ ਕੀਤੇ ਹਨ, ਉਹਨਾਂ ਨੂੰ ਪੜ੍ਹਕੇ ਲੱਗਦਾ ਹੈ ਕੀ, ਗੁਰੂ ਸਾਹਿਬ ਜੀ ਨੇ ਜਨੇਊ ਪਾਇਆ ਹੋਏਗਾ? ? ? ? ਨਹੀਂ ਨਾ।

. . ਸਬਦ ਗੁਰੂ ਗਰੰਥ ਸਾਹਿਬ ਜੀ ਵਿੱਚ ਦਰਜ਼ ਬਾਣੀ ਕਾਰਾਂ ਦੇ ਜੀਵਨ ਦੀ ਝਲਕੀ, ਉਹਨਾਂ ਦੁਆਰਾ ਰਚੀ ਬਾਣੀ ਅੰਦਰ ਝਲਕਾਂ ਮਾਰਦੀ ਹੈ। ਸੋ ਬਾਹਰਲੀਆਂ ਮੰਨਮੱਤੀਆਂ ਸਾਖੀਆਂ ਕਹਾਣੀਆਂ ਨੂੰ ਮੰਨਣ ਦੀ ਬਜਾਏ ਆਪ ਗੁਰਬਾਣੀ ਨੂੰ ਪੜ੍ਹਕੇ 35 ਮਹਾਂ-ਪੁਰਸ਼ਾਂ ਦੇ ਜੀਵਨਾਂ ਬਾਰੇ ਜਾਨਣਾ ਕਰੋ ਜੀ।

** ਸਲੋਕ ਮ1॥ ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥ ਨਾ ਏਹੁ ਤੁਟੈ ਨ ਮਲੁ ਲਗੈ ਨ ਏਹੂ ਜਲੈ ਨ ਜਾਇ॥ ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੈ ਪਾਇ॥ ਚਉਕੜਿ ਮਲਿ ਅਣਾਇਆ ਬਹਿ ਚਉਕੈ ਪਾਇਆ॥ ਸਿਖਾ ਮੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ॥ ੳਹੁ ਮੁਆ ੳਹੁ ਝੜਿ ਪਇਆ ਵੇਤਗਾ ਗਇਆ॥

ਅਰਥ:- ਹੇ ਪੰਡਤ! ਜੇ (ਤੇਰੇ ਪਾਸ) ਇਹ ਆਤਮਾ ਦੇ ਕੰਮ ਆਉਣ ਵਾਲਾ ਜਨੇਊ ਹੈ ਤਾਂ (ਮੇਰੇ ਗਲ) ਪਾ ਦੇਹ—ਇਹ ਜਨੇਊ ਜਿਸ ਦੀ ਕਪਾਹ ਦਇਆ ਹੋਵੇ, ਜਿਸ ਦਾ ਸੂਤ ਸੰਤੋਖ ਹੋਵੇ, ਜਿਸ ਦੀਆਂ ਗੰਢਾਂ ਜਤ ਹੋਣ, ਅਤੇ ਜਿਸ ਦਾ ਵੱਟ ਉੱਚਾ ਆਚਰਨ ਹੋਵੇ। (ਹੇ ਪੰਡਿਤ)! ਇਹੋ ਜਿਹਾ ਜਨੇਊ ਨਾ ਟੁੱਟਦਾ ਹੈ, ਨਾ ਹੀ ਇਸ ਨੂੰ ਮੈਲ ਲੱਗਦੀ ਹੈ, ਨਾ ਇਹ ਸੜਦਾ ਹੈ ਅਤੇ ਨਾ ਹੀ ਇਹ ਗੁਆਚਦਾ ਹੈ। ਹੇ ਨਾਨਕ! ਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਇਹ ਜਨੇਊ ਆਪਣੇ ਗਲੇ ਵਿੱਚ ਪਾ ਲਿਆ ਹੈ।

(ਹੇ ਪੰਡਤ! ਇਹ ਜਨੇਊ ਜੋ ਤੂੰ ਪਾਂਦਾ ਫਿਰਦਾ ਹੈਂ, ਇਹ ਤਾਂ ਤੂੰ) ਚਾਰ ਕੌਡਾਂ ਮੁੱਲ ਦੇ ਕੇ ਮੰਗਵਾ ਲਿਆ, (ਆਪਣੇ ਜਜਮਾਨ ਦੇ) ਚੌਕੇ ਵਿੱਚ ਬੈਠ ਕੇ (ਉਸ ਦੇ ਗਲ) ਪਾ ਦਿੱਤਾ, (ਫੇਰ ਤੂੰ ਉਸ ਦੇ) ਕੰਨ ਵਿੱਚ ਉਪਦੇਸ਼ ਦਿੱਤਾ (ਕਿ ਅੱਜ ਤੋਂ ਤੇਰਾ) ਗੁਰੂ ਬ੍ਰਾਹਮਣ ਹੋ ਗਿਆ। (ਸਮਾ ਪੁੱਗਣ ਤੇ ਜਦੋਂ) ਉਹ (ਜਜਮਾਨ) ਮਰ ਗਿਆ (ਤਾਂ) ਉਹ (ਜਨੇਊ ਉਸ ਦੇ ਸਰੀਰ ਤੋਂ) ਢਹਿ ਪਿਆ (ਭਾਵ ਸੜ ਗਿਆ ਜਾਂ ਡਿੱਗ ਪਿਆ, ਪਰ ਆਤਮਾ ਦੇ ਨਾਲ ਨਾ ਨਿਭਿਆ, ਇਸ ਵਾਸਤੇ ਉਹ ਜਜਮਾਨ ਵਿਚਾਰਾ) ਜਨੇਊ ਤੋਂ ਬਿਨਾ ਹੀ (ਸੰਸਾਰ ਤੋਂ) ਗਿਆ। 1.

. . ਮ 1 ॥ ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ ॥ ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ ॥ ਤਗੁ ਕਪਾਹਹੁ ਕਤੀਐ ਬਾਮ੍ਹ੍ਹਣੁ ਵਟੇ ਆਇ ॥ ਕੁਹਿ ਬਕਰਾ ਰਿੰਨ੍ਹ੍ਹਿ ਖਾਇਆ ਸਭੁ ਕੋ ਆਖੈ ਪਾਇ ॥ ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥ ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ ॥੨॥

ਅਰਥ:- (ਮਨੁੱਖ) ਲੱਖਾਂ ਚੋਰੀਆਂ ਤੇ ਜਾਰੀਆਂ (ਯਾਰੀਆਂ ਪਰ-ਇਸਤ੍ਰੀ ਗਮਨ) ਕਰਦਾ ਹੈ; ਲੱਖਾਂ ਝੂਠ ਬੋਲਦਾ ਹੈ ਤੇ ਗਾਲ੍ਹੀਆਂ ਕੱਢਦਾ ਹੈ। ਦਿਨ ਰਾਤ ਲੋਕਾਂ ਤੋਂ ਚੋਰੀ ਚੋਰੀ ਲੱਖਾਂ ਠੱਗੀਆਂ ਤੇ ਪਹਿਨਾਮੀਆਂ ਕਰਦਾ ਹੈ। (ਇਹ ਤਾਂ ਹੈ ਮਨੁੱਖ ਦੇ ਅੰਤਰ-ਆਤਮੇ ਦਾ ਹਾਲ ਪਰ ਬਾਹਰ ਤੱਕੋ, ਲੋਕਾ-ਚਾਰੀ ਕੀਹ ਕੁੱਝ ਹੋ ਰਿਹਾ ਹੈ) ਕਪਾਹ ਤੋਂ (ਭਾਵ, ਕਪਾਹ ਲਿਆ ਕੇ) ਧਾਗਾ ਕੱਤਿਆ ਜਾਂਦਾ ਹੈ ਅਤੇ ਬ੍ਰਾਹਮਣ (ਜਜਮਾਨ ਦੇ ਘਰ) ਆ ਕੇ (ਉਸ ਧਾਗੇ ਨੂੰ) ਵੱਟ ਦੇਂਦਾ ਹੈ। (ਘਰ ਆਏ ਹੋਏ ਸਾਰੇ ਅੰਗ-ਸਾਕਾਂ ਨੂੰ) ਬੱਕਰਾ ਮਾਰ ਕੇ ਤੇ ਰਿੰਨ੍ਹ ਕੇ ਖੁਆਇਆ ਜਾਂਦਾ ਹੈ; (ਘਰ ਦਾ) ਹਰੇਕ ਪ੍ਰਾਣੀ ਆਖਦਾ ਹੈ ‘ਜਨੇਊ ਪਾਇਆ ਗਿਆ ਹੈ; ਜਨੇਊ ਪਾਇਆ ਗਿਆ ਹੈ’। ਜਦੋਂ ਇਹ ਜਨੇਊ ਪੁਰਾਣਾ ਹੋ ਜਾਂਦਾ ਹੈ ਤਾਂ ਸੁੱਟ ਦਿੱਤਾ ਜਾਂਦਾ ਹੈ। ਅਤੇ ਇਸ ਦੇ ਥਾਂ ਹੋਰ ਜਨੇਊ ਪਾ ਲਿਆ ਜਾਂਦਾ ਹੈ। ਹੇ ਨਾਨਕ! ਜੇ ਧਾਗੇ ਵਿੱਚ ਜ਼ੋਰ ਹੋਵੇ (ਭਾਵ, ਜੇ ਆਤਮਾ ਦੇ ਕੰਮ ਆਉਣ ਵਾਲਾ ਆਤਮਾ ਨੂੰ ਬਲ ਦੇਣ ਵਾਲਾ ਕੋਈ ਜਨੇਊ ਹੋਵੇ) ਤਾਂ ਉਹ ਧਾਗਾ ਨਹੀਂ ਟੁੱਟਦਾ। 2.

. . ਮ 1 ॥ ਨਾਇ ਮੰਨਿਐ ਪਤਿ ਊਪਜੈ ਸਾਲਾਹੀ ਸਚੁ ਸੂਤੁ ॥ ਦਰਗਹ ਅੰਦਰਿ ਪਾਈਐ ਤਗੁ ਨ ਤੂਟਸਿ ਪੂਤ ॥੩॥ ਮ ੧ ॥ ਤਗੁ ਨ ਇੰਦ੍ਰੀ ਤਗੁ ਨ ਨਾਰੀ ॥ ਭਲਕੇ ਥੁਕ ਪਵੈ ਨਿਤ ਦਾੜੀ ॥ ਤਗੁ ਨ ਪੈਰੀ ਤਗੁ ਨ ਹਥੀ ॥ ਤਗੁ ਨ ਜਿਹਵਾ ਤਗੁ ਨ ਅਖੀ ॥ ਵੇਤਗਾ ਆਪੇ ਵਤੈ ॥ ਵਟਿ ਧਾਗੇ ਅਵਰਾ ਘਤੈ ॥ ਲੈ ਭਾੜਿ ਕਰੇ ਵੀਆਹੁ ॥ ਕਢਿ ਕਾਗਲੁ ਦਸੇ ਰਾਹੁ ॥ ਸੁਣਿ ਵੇਖਹੁ ਲੋਕਾ ਏਹੁ ਵਿਡਾਣੁ ॥ ਮਨਿ ਅੰਧਾ ਨਾਉ ਸੁਜਾਣੁ ॥੪॥ਪੰ 471॥

ਅਰਥ:- (ਪੰਡਤ ਨੇ ਆਪਣੇ) ਇੰਦਰਿਆਂ ਤੇ ਨਾੜੀਆਂ ਨੂੰ (ਇਹੋ ਜਿਹਾ) ਜਨੇਊ ਨਹੀਂ ਪਾਇਆ (ਕਿ ਉਹ ਇੰਦਰੇ ਵਿਕਾਰਾਂ ਵਲ ਨਾ ਜਾਣ; ਇਸ ਵਾਸਤੇ) ਨਿਤ ਹਰ ਰੋਜ਼ ਉਸ ਦੀ ਬੇਇੱਜ਼ਤੀ ਹੁੰਦੀ ਹੈ; ਪੈਰਾਂ ਨੂੰ (ਅਜਿਹਾ) ਜਨੇਊ ਨਹੀਂ ਪਾਇਆ (ਕਿ ਭੈੜੇ ਪਾਸੇ ਨਾ ਲੈ ਜਾਣ), ਹੱਥਾਂ ਨੂੰ ਜਨੇਊ ਨਹੀਂ ਪਾਇਆ (ਕਿ ਉਹ ਮੰਦੇ ਕੰਮ ਨ ਕਰਨ); ਜੀਭ ਨੂੰ (ਕੋਈ) ਜਨੇਊ ਨਹੀਂ ਪਾਇਆ (ਕਿ ਪਰਾਈ ਨਿੰਦਾ ਕਰਨ ਤੋਂ ਹਟੀ ਰਹੇ), ਅੱਖਾਂ ਨੂੰ (ਐਸਾ) ਜਨੇਊ ਨਹੀਂ ਪਾਇਆ (ਕਿ ਪਰਾਈ ਇਸਤ੍ਰੀ ਵਲ ਨਾ ਤੱਕਣ)। ਆਪ ਤਾਂ ਇਹੋ ਜਿਹੇ ਜਨੇਊ ਤੋਂ ਵਾਂਜਿਆ ਹੋਇਆ ਭਟਕਦਾ ਫਿਰਦਾ ਹੈ, ਪਰ (ਕਪਾਹ ਦੇ ਸੂਤ ਦੇ) ਧਾਗੇ ਵੱਟ ਵੱਟ ਕੇ ਹੋਰਨਾਂ ਨੂੰ ਪਾਂਦਾ ਹੈ, ਆਪਣੇ ਹੀ ਜਜਮਾਨਾਂ ਦੀਆਂ ਧੀਆਂ ਦੇ ਵਿਆਹ ਦੱਛਣਾ ਲੈ ਲੈ ਕੇ ਕਰਦਾ ਹੈ ਤੇ ਪੱਤ੍ਰੀ ਸੋਧ ਸੋਧ ਕੇ ਉਹਨਾਂ ਨੂੰ ਰਸਤਾ ਦੱਸਦਾ ਹੈ। ਹੇ ਲੋਕੋ! ਸੁਣੋ, ਵੇਖੋ, ਇਹ ਅਚਰਜ ਤਮਾਸ਼ਾ! (ਪੰਡਿਤ ਆਪ ਤਾਂ) ਮਨੋਂ ਅੰਨ੍ਹਾ ਹੈ (ਭਾਵ, ਅਗਿਆਨੀ ਹੈ), (ਪਰ ਆਪਣਾ) ਨਾਮ (ਰਖਵਾਇਆ ਹੋਇਆ ਹੈ) ‘ਸਿਆਣਾ’। 4. (ਟੀਕਾ ਪ੍ਰੋ ਸਾਹਿਬ ਸਿੰਘ ਜੀ)

*** ਜਨੇਊ ਬਾਰੇ ਹੋਰ ਜਾਣਕਾਰੀ:

. . ਜਨੇਊ:-. . ਸਨਾਤਨ/ਹਿੰਦੂ-ਮਤ ਵਿੱਚ ਬ੍ਰਾਹਮਣ-ਬਿਪਰ-ਪੂਜਾਰੀ-ਪਾਂਡੇ ਵਲੋਂ ਧਾਰਨ ਕੀਤਾ ਜਾਂਦਾ, … ਪਵਿੱਤਰ ਧਾਗਾ, ਇਹ ਧਾਗਾ ਚਿੱਟੇ ਰੰਗ ਦਾ ਹੁੰਦਾ ਹੈ।

. . (ਸਨਾਤਨ ਸਮਾਜ ਵਿੱਚ ਬੁਰਾਈ ਤੋਂ ਬਚਣ ਲਈ ਲਾਲ ਰੰਗ ਦਾ ਧਾਗਾ (ਮਉਲੀ) ਵੀ ਪਹਿਨਾਇਆ ਜਾਂਦਾ ਹੈ। ਇਹ ਲਾਲ ਰੰਗ ਦਾ ਧਾਗਾ ਸਨਾਤਨੀ ਔਰਤਾਂ ਦੇ ਖੱਬੇ ਹੱਥ ਦੇ ਗੁੱਟ ਤੇ ਬੰਨ੍ਹਿਆ ਜਾਂਦਾ ਹੈ, ਅਤੇ ਸਨਾਤਨ ਮਰਦਾਂ ਦੇ ਸੱਜੇ ਹੱਥ ਦੇ ਗੁੱਟ ਉੱਪਰ ਬੰਨ੍ਹਿਆ ਜਾਂਦਾ ਹੈ। ਮਰਦਾਂ ਲਈ ਇਹ ਧਾਗਾ ਵਿਸਨੂੰ ਦਾ ਪ੍ਰਤੀਕ ਹੈ, ਔਰਤਾ ਲਈ ਲਕਸ਼ਮੀ ਦਾ ਪ੍ਰਤੀਕ ਹੈ।)

. . ਸਨਾਤਨ ਮੱਤ ਵਿੱਚ ਕਾਲੇ ਰੰਗ ਦਾ ਧਾਗਾ ਪਾਉਣ ਦਾ ਰਿਵਾਜ਼ ਵੀ ਹੈ। ਬੱਚਿਆਂ ਦੇ ਲੱਕ ਦੁਆਲੇ ਬੰਨ੍ਹਿਆ ਜਾਂਦਾ ਹੈ। ਉੱਮਰ ਦਰਾਜ਼ ਮਨੁੱਖਾਂ ਦੀ ਖੱਬੇ ਬਾਂਹ ਜਾਂ ਗੁੱਟ ਉੱਪਰ ਬੰਨ੍ਹਿਆ ਜਾਂਦਾ ਹੈ।

. . ਚਿੱਟੇ ਰੰਗ ਦਾ ਜਨੇਊ, ਹਰ ਸਨਾਤਨੀ ਮਰਦ ਲਈ ਪਾਉਣਾ ਜਰੂਰੀ ਹੈ। ਇਸ ਪਵਿੱਤਰ ਧਾਗੇ (ਜਨੇਊ) ਵਿੱਚ 9 ਧਾਗੇ ਹੁੰਦੇ ਹਨ। ਫਿਰ 3-3 ਧਾਗੇ ਵੱਟ ਦੇਕੇ 3 ਲੜੀਆਂ ਬਣਦੀਆਂ ਹਨ। ਇਹ ਤਿੰਨ ਧਾਗਿਆਂ ਦੀਆਂ ਤਿੰਨ ਲੜੀਆਂ, ਤਿੰਨ ਦੇਵੀਆਂ (1. ਗਾਇਤਰੀ-ਵਿਚਾਰ, 2. ਸ਼ਰਸਵੱਤੀ-ਬੋਲਾਂ/ਲਫਜ਼ਾਂ, 3. ਸ਼ਵਿੱਤਰੀ-ਕਰਮਾਂ) ਦੀਆਂ ਲਖਾਇਕ ਹਨ। ਤਿੰਨਾਂ ਲੜੀਆਂ ਨੂੰ ਜੋੜਦੀ ਵਿਚਾਲੇ ਇੱਕ ਗੰਢ ਹੁੰਦੀ ਹੈ। ਇਸ ਗੰਢ ਨੂੰ ਬ੍ਰਹਮਾਂ-ਗੰਠੀ ਵੀ ਕਿਹਾ ਜਾਂਦਾ ਹੈ। ਜਨੇਊ ਖੱਬੇ ਮੋਢੇ ਉੱਪਰ ਧਾਰਨ ਕੀਤਾ ਜਾਂਦਾ ਹੈ।

. . ਸੂਤ ਦੇ ਜਨੇਊ ਵਿੱਚ ਤਿੰਨ-ਤਿੰਨ ਧਾਗਿਆਂ ਦੀਆਂ ਤਿੰਨ ਲੜੀਆਂ ਹੁੰਦੀਆਂ ਹਨ। ਇੱਹ ਲਖਾਇਕ ਹਨ (1. ਬ੍ਰਹਮਾਚਾਰਅ. 2. ਗ੍ਰਹਿਸਤ. 3. ਵਾਨਪ੍ਰਸਤ (ਘਰ-ਗ੍ਰਹਿਸਤੀ ਦੀਆਂ ਜਿੰਮੇਂਵਾਰੀਆਂ ਤੋਂ ਆਜ਼ਾਦ।)

. . ਜਨੇਊ ਧਾਰਨ ਕਰਨ ਲਈ ਬ੍ਰਾਹਮਣ ਜ਼ਾਤ ਦੇ ਲੜਕੇ ਦੀ ਉਮਰ 7 ਸਾਲ ਦੀ ਹੋਣੀ ਚਾਹੀਦੀ ਹੈ। 13 ਸਾਲ ਦੀ ਉੱਮਰ ਖਤਰੀ ਜ਼ਾਤ ਦੇ ਲੜਕੇ ਦੀ ਚਾਹੀਦੀ ਹੈ। 17 ਸਾਲ ਦੀ ਉੱਮਰ ਵੈਸ਼ ਜ਼ਾਤ ਦੇ ਲੜਕੇ ਦੀ ਚਾਹੀਦੀ ਹੈ।

. . ਸਨਾਤਨ ਮੱਤ ਦੀਆਂ ਔਰਤਾਂ ਨੂੰ ਜਨੇਊ ਨਹੀਂ ਪਹਿਨਾਇਆ ਜਾਂਦਾ, ਬਲਕਿ ਯਾਜੁਰ ਵੇਦ ਦੇ ਅਨੁਸਾਰੀ ਔਰਤਾਂ ਨੂੰ ਇੱਕ ਪਵਿੱਤਰ ਧਾਗਾ ਉਹਨਾਂ ਦੇ ਗਲ ਵਿੱਚ ਪਵਾਇਆ ਜਾਂਦਾ ਹੈ।

. . ਜਨੇਊ ਦੇ 9 ਧਾਗੇ ਅਲੱਗ ਅਲੱਗ ਦੇਵਤਿਆਂ ਦੇ ਪ੍ਰਤੀਕ ਹਨ। 1. ਉਮਕਾਰ। 2. ਅੱਗਨੀ। 3. ਨਾਗ। 4. ਚੰਦਰਮਾ। 5. ਪਿੱਤਰ। 6. ਪਰਜ਼ਾਪੱਤੀ। 7. ਵਾਯੂ। 8. ਯਮ। 9. ਵਿਸ਼ਵਦੇਵਤਾ।

. . ਇੱਕ ਵਾਰ ਜਨੇਊ ਪਾ ਕੇ ਉਤਾਰਿਆ ਨਹੀਂ ਜਾ ਸਕਦਾ। ਟੁੱਟ ਜਾਵੇ ਤਾਂ ਨਵਾਂ ਧਾਰਨ ਕਰਨਾ ਚਾਹੀਦਾ ਹੈ, ਟੁਟਿਆ ਹੋਇਆ ਜਨੇਊ ਨਹੀਂ ਪਾਇਆ ਜਾਂਦਾ।

. . ਪਿਸ਼ਾਬ ਕਰਨ ਵੇਲੇ ਜਨੇਊਧਾਰੀ ਨੂੰ ਜਨੇਊ ਨੂੰ ਖੱਬੇ ਕੰਨ ਉੱਪਰ ਲਪੇਟਣਾ ਪੈਂਦਾ ਹੈ। ਇਸ ਕਿਰਿਆ ਨਾਲ ਜਨੇਊਧਾਰੀ ਦਾ ਪਿਸ਼ਾਬ ਕਰਨ ਵਾਲਾ ਸਾਰਾ ਸਿਸਟਿਮ ਸਹੀ ਰਹਿੰਦਾ ਹੈ।

. . ਕੁਆਰੇ ਲੜਕੇ ਦੇ ਜਨੇਊ ਵਿੱਚ ਤਿੰਨ ਲੜੀਆਂ ਦੇ ਧਾਗਿਆਂ ਵਿੱਚ 3-3 ਧਾਗੇ ਹੋਣੇ ਚਾਹੀਦੇ ਹਨ। ਵਿਆਹੇ ਹੋਏ ਲੜਕੇ ਦੇ ਜਨੇਊ ਦੇ ਤਿੰਨ ਲੜੀਆਂ ਦੇ ਧਾਗੇ 6-6 ਹੋਣੇ ਚਾਹੀਦੇ ਹਨ। ਬੰਦਾ ਜਿਸ ਦੇ ਮਾਂ-ਬਾਪ ਮਰ ਗਏ ਹੋਣ, ਉਸਦੇ ਜਨੇਊ ਦੇ ਧਾਗੇ ਦੀਆਂ 3 ਲੜੀਆਂ ਵਿੱਚ 9-9 ਧਾਗੇ ਹੋਣੇ ਚਾਹੀਦੇ ਹਨ।

. . ਨਵਾਂ ਜਨੇਊ ਧਾਰਨ ਕਰਨਾ ਹੋਵੇ ਤਾਂ ਸਾਵਨ ਨਹੀਨੇ ਦੀ ਪੂਰਨਮਾਸ਼ੀ ਨੂੰ ਕਰ ਸਕਦੇ ਹਨ।

. . ਨਵਾਂ ਜਨੇਊ ਧਾਰਨ ਕਰਨ ਲਈ ਗਾਇਤਰੀ ਮੰਤਰ ਪੜ੍ਹਨਾ ਲਾਜ਼ਮੀ ਹੈ।

. .

*** ਇਹ ਜਨੇਊ ਧਾਰਨ ਕਰਨ ਪਿਛੇ ਕੇਵਲ ਬ੍ਰਾਹਮਣ ਦੀ ਸੋਚ, ਆਪਣੀ ਸੁਪਰਮੇਸੀ ਬਰਕਰਾਰ ਰੱਖਣ ਦੀ ਹੈ।

. . ਬ੍ਰਾਹਮਣੀ-ਮਨਸ਼ਾ ਕੇਵਲ ‘ਸ਼ੂਦਰ’ ਨੂੰ ਆਪਣੇ ਬਰੋਬਰ ਖੜ੍ਹਨ ਤੋਂ ਰੋਕਣਾ ਹੈ। ਆਪਣੇ ਬਰੋਬਰ ਦਾ ਨਹੀਂ ਵੇਖਣਾ ਚਹੁੰਦਾ।

. . ਇਸੇ ਲਈ ‘ਗੁਰਮੱਤ’ ਵਿੱਚ ਬ੍ਰਾਹਮਣ/ਪੂਜਾਰੀਪਾਂਡੇ/ਬਿਪਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਗਿਆ ਹੈ।

. . ਵਿਰੋਧ ਵੀ ਦਲੀਲ਼-ਤਰਕ ਅਤੇ ਸੁਆਲਾਂ ਰੂਪ ਵਿੱਚ ਹੈ। ਬ੍ਰਾਹਮਣ ਵੀ ਇੱਕ ਮਨੁੱਖ ਹੈ।

. . ਗੁਰਮੱਤ ਦਾ ਵਿਰੋਧ ਬਰਾਹਮਣ ਮਨੁੱਖ ਨਾਲ ਨਹੀਂ,

. . ਬਲਕਿ ਬ੍ਰਾਹਮਣੀ ਕੁਚਾਲਾਂ, ਕੁਰੀਤੀਆਂ, ਮੰਨਮੱਤਾਂ, ਪਾਖੰਡਾਂ, ਵਹਿਮਾਂ, ਭਰਮਾਂ, ਆਡੰਬਰਾਂ, ਜ਼ਾਤ-ਪਾਤ, ਊਚਨੀਚ ਦੇ ਪਾਏ ਪਾੜੈ, ਵਰਨਵੰਡ ਦੀਆਂ ਨਫਰਤਾਂ ਕਰਕੇ ਹੈ, ਜੋ ਬਰਾਹਮਣ ਦੀ ਮਾੜੀਆਂ ਨੀਤੀਆਂ ਕਰਕੇ ਮਨੁੱਖਾ ਸਮਾਜ ਵਿੱਚ ਨਫਰਤਾਂ, ਲੜਾਈਆਂ ਝਗੜਿਆਂ ਦੇ ਸਬੱਬ ਬਣੀਆਂ।

………… ਚੱਲਦਾ।

ਇੰਜ ਦਰਸਨ ਸਿੰਘ ਖਾਲਸਾ।

ਸਿੱਡਨੀ ਅਸਟਰੇਲੀਆ

19 ਅਕਤੂਬਰ 2018
.