.

ਨਵਾਬ ਕਪੂਰ ਸਿੰਘ ਸਿੰਘਪੁਰੀਆ ਦੀਆਂ ਨੀਤੀਆਂ

(ਜਿਨ੍ਹਾਂ ਸਦਕਾ ਉਸ ਨੇ ਮੁਸੀਬਤਾਂ ਮਾਰੀ ਸਿਖ ਕੌੰਮ ਨੂੰ ਚੜ੍ਹਦੀ ਕਲਾ ਵਿੱਚ ਰਖਿਆ)

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪ੍ਰੋਫੈਸਰ ਅਮੈਰੀਟਸ ਈਟਰਨਲ ਯੂਨੀਵਰਸਿਟੀ

dalvinder45@rediffmal.com

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਪਿਛੋਂ ਤੋਂ ਸਿਖ ਰਾਜ ਸਥਾਪਤ ਹੋ ਜਾਣ ਤਕ ਸਿਖਾਂ ਨੂੰ ਚੜ੍ਹਦੀਆਂ ਕਲਾਂ ਵਿੱਚ ਰਖਣ ਵਾਲਿਆ ਵਿੱਚ ਬਾਬਾ ਬੰਦਾ ਸਿੰਘ ਬਹਾਦਰ, ਨਵਾਬ ਕਪੂਰ ਸਿੰਘ, ਜਸਾ ਸਿੰਘ ਆਹਲੂਵਾਲੀਆ ਤੇ ਜਸਾ ਸਿੰਘ ਰਾਮਗੜ੍ਹੀਆ ਪ੍ਰਮੁਖ ਸਮਝੇ ਜਾਂਦੇ ਹਨ। ਇਨ੍ਹਾਂ ਵਿਚੋਂ ਨਵਾਬ ਕਪੂਰ ਸਿੰਘ ਦਾ ਨਾਮ ਖਾਸ ਹੈ ਕਿਉਂਕਿ ਉਸਨੇ ਸਿਖਾਂ ਨੂੰ ਉਸ ਵੇਲੇ ਸੰਭਾਲਿਆ, ਵਧਾਇਆ ਤੇ ਤਾਕਤਵਰ ਕੀਤਾ ਜਦੋਂ ਮੁਗਲਾਂ ਤੇ ਫਿਰ ਦੁਰਾਨੀਆਂ-ਅਬਦਾਲੀਆਂ ਨੇ ਉਨ੍ਹਾਂ ਨੂੰ ਖਤਮ ਕਰਨ ਲਈ ਪੂਰਾ ਟਿਲ ਲਾਇਆ ਹੋਇਆ ਸੀ। ਅਸੀਂ ਸਿਖ ਅਰਦਾਸ ਵਿੱਚ ਹਮੇਸ਼ਾਂ ‘ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਨ ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿਖੀ ਕੇਸਾਂ ਸਵਾਸਾਂ ਨਾਲ ਨਿਬਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ" ਉਸ ਸਮੇਂ ਦੇ ਸਿੰਘਾਂ ਨੂੰ ਹੀ ਯਾਦ ਕਰਕੇ ਨਤਮਸਤਕ ਹੁੰਦੇ ਹਾਂ। ਇਹੋ ਸਮਾਂ ਸੀ ਜਿਸ ਵਿੱਚ ਸਰਦਾਰ ਕਪੂਰ ਸਿੰਘ ਨੇ ਅਪਣੀ ਦੂਰਅੰਦੇਸ਼ੀ, ਡੂੰਘੀ ਸੂਝ, ਸਿਖੀ ਪਰਪਕਤਾ, ਸਿਆਣਪ ਤੇ ਦਲੇਰੀ ਭਰੀ ਅਗਵਾਈ, ਸਿਰੜ-ਸਿਦਕ ਤੇ ਸ਼ਹਿਨਸ਼ੀਲਤਾ-ਧੀਰਜਤਾ-ਠਰੰਮੇ ਨਾਲ ਬੁਰੇ ਤੋਂ ਬੁਰੇ ਹਾਲਾਤਾਂ ਤੇ ਜ਼ਾਲਮ ਤੋਂ ਜ਼ਾਲਮ ਦੁਸ਼ਮਣਾਂ ਨਾਲ ਆਢਾ ਲਿਆਂ ਤੇ ਸਿਖੀ ਦੇ ਜ਼ਹਾਜ਼ ਨੂੰ ਅਗੇ ਵਧਾਇਆ। ਉਸ ਵਿੱਚ ਸਿਖਾਂ ਦਾ ਅਥਾਹ ਭਰੋਸਾ ਹੀ ਸੀ ਜਿਸ ਸਦਕਾ ਸਾਰੇ ਸਿਖ ਉਸਦੀ ਅਗਵਾਈ ਵਿੱਚ ਇਕਮੁਠ-ਇਕਜੁਟ ਹੋਕੇ ਸਮੇਂ ਦੀ ਜ਼ਾਲਿਮ ਸਰਕਾਰ ਨੂੰ ਹੀ ਨਹੀਂ ਸਗੋਂ ਦੁਰਾਨੀ ਅਬਦਾਲੀ ਵਰਗੇ ਹਮਲਾਵਰਾਂ ਨੂੰ ਜਿਨ੍ਹਾਂ ਅਗੇ ਲਹੌਰ ਸਰਕਾਰ ਤਾਂ ਕੀ ਦਿਲੀ ਦਰਬਾਰ ਵੀ ਗੋਡੇ ਟੇਕ ਦਿੰਦਾ ਸੀ, ਨੂੰ ਲੁਟਿਆ-ਪੁਟਿਆ ਤੇ ਭਾਂਜ ਵੀ ਦਿਤੀ। ਇਸ ਲੇਖ ਰਾਹੀਂ ਉਸ ਮਹਾਨ ਸਿਖ ਜਰਨੈਲ਼ ਦੀ ਜੀਵਨੀ, ਸਮੇਂ ਦੇ ਹਾਲਾਤ ਤੇ ਉਸ ਦੀਆਂ ਨੀਤੀਆਂ ਦਾ ਵਿਸ਼ਲੇਸ਼ਣ ਹੈ।

ਕਪੂਰ ਸਿੰਘ ਦਾ ਜਨਮ ਵਿਰਕ ਜਟ ਚੌਧਰੀ ਦਲੀਪ ਸਿੰਘ ਦੇ ਘਰ 1697 ਈ: ਨੂੰ ਹੋਇਆ। ਖੁਸ਼ਵਕਤ ਰਾਇ, ਤਵਾਰੀਖ-ਰਿ-ਸਿਖਾਂ, ਪੰਨਾ 69) ਸਿਖੀ ਨਾਲ ਜੁੜੇ ਪਰਿਵਾਰ ਸਦਕਾ ਉਸ ਨੂੰ ਛੋਟੀ ਉਮਰ ਵਿੱਚ ਹੀ ਪਿਤਾ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ ਲੈ ਗਏ ਜਿਸ ਨੇ ਉਸ ਦੇ ਜੀਵਨ ਤੇ ਸਦੀਵੀ ਪ੍ਰਭਾਵ ਪਾਇਆ। ਪਿਤਾ ਜੀ ਨੂੰ ਘੋੜਿਆਂ ਦਾ ਸ਼ੌਕ ਸੀ ਤੇ ਉਸ ਨੇ ਅਪਣਾ ਅਸਤਬਲ ਬਣਾਇਆ ਹੋਇਆ ਸੀ ਇਸ ਲਈ ਕਪੂਰ ਸਿੰਘ ਦਾ ਸ਼ੌਕ ਵੀ ਘੋੜ ਸਵਾਰੀ ਹੋ ਗਿਆ। ਚੁਸਤ-ਤੰਦਰੁਸਤ ਤੇ ਸ਼ੋਹਲਾ ਹੋਣ ਕਰਕੇ ਉਹ ਮਲਯੁਧ. ਗਤਕਾ, ਨੇਜ਼ਾਬਾਜ਼ੀ, ਤਲਵਾਰਬਾਜ਼ੀ ਆਦਿ ਵਿੱਚ ਵੀ ਕਾਫੀ ਪ੍ਰਬੀਣ ਹੋ ਗਿਆਂ। ਇੱਕ ਵਾਰ ਤਲਵਾਰ-ਯੁਧ ਕਰਦੇ ਸਮੇ ਉਸ ਦੇ ਮੋਢੇ ਤੇ ਅਜਿਹਾ ਡੂੰਘਾ ਘਾਉ ਲਗਿਆ ਜਿਸ ਤੋਂ ਉਹ ਬੜੇ ਲੰਬੇ ਇਲਾਜ ਪਿਛੋਂ ਹੀ ਬਚ ਸਕਿਆ। ਪਰ ਉਸ ਨੇ ਅਪਣੇ ਇਨ੍ਹਾਂ ਸ਼ੌਕਾਂ ਨੂੰ ਕਦੇ ਵੀ ਠੰਢਾ ਨਹੀਂ ਪੈਣ ਦਿਤਾ।

ਉਹ ਹਮੇਸ਼ਾ ਜੋਸ਼ ਵਿੱਚ ਰਹਿੰਦਾ ਤੇ ਮੁਗਲਾਂ ਦੇ ਜ਼ੁਲਮਾਂ ਦੀਆਂ ਕਹਾਣੀਆਂ ਸੁਣ ਸੁਣ ਉਨ੍ਹਾਂ ਵਿਰੁਧ ਕੁੱਝ ਕਰਨ ਲਈ ਤਤਪਰ ਹੁੰਦਾ। ਉਸ ਦੇ ਇਰਾਦੇ ਉਚੇ, ਸੁਚੇ ਤੇ ਪਕੇ ਹੁੰਦੇ ਸਨ ਤੇ ਦੂਰ ਦਰਸ਼ੀ ਹੋਣ ਕਰਕੇ ਉਹ ਹਰ ਘਟਨਾ ਦੇ ਹੋਣ ਵਾਲੇ ਨਤੀਜਿਆਂ ਬਾਰੇ ਪਹਿਲਾਂ ਹੀ ਸੋਚ ਲੈਂਦਾ ਤੇ ਉਸੇ ਤਰ੍ਹਾਂ ਦੀ ਤਿਆਰੀ ਕਰ ਲੈਂਦਾ। (ਭਗਤ ਸਿੰਘ, ਏ ਹਿਸਟਰੀ ਆਫ ਸਿਖ ਮਿਸਲਜ਼, 1993, ਪੰਨਾ 134) ਸਿਖ ਪੰਥ ਲਈ ਉਸ ਵਿੱਚ ਅਥਾਹ ਸ਼ਰਧਾ ਸੀ। ਉਸ ਨੇ ਅਪਣੇ ਕੁੱਝ ਸਾਥੀਆਂ ਨਾਲ ਮਿਲਕੇ ਘੋੜ ਸਵਾਰਾਂ ਦਾ ਹਥਿਆਰਾਂ ਨਾਲ ਲੈਸ ਦਸਤਾ ਬਣਾ ਲਿਆ ਤੇ ਦਰਬਾਰਾ ਸਿੰਘ ਦੇ ਜਥੇ ਵਿੱਚ ਮਿਲ ਗਏ। ਉਨ੍ਹਾਂ ਨੇ ਮੁਗਲਾਂ ਵਿਰੁਧ ਜੂਝਣਾ ਸ਼ੁਰੂ ਕਰ ਦਿਤਾ ਜੋ ਸਿਖਾਂ ਨੂੰ ਸਤਾ-ਖਪਾ ਰਹੇ ਸਨ। ਮੁਢਲੇ ਦਿਨਾਂ ਵਿੱਚ ਉਸ ਦਾ ਬੰਦਾ ਸਿੰਘ ਬਹਾਦੁਰ ਦੇ ਸਿੰਘਾਂ ਵਿੱਚ ਸ਼ਾਮਿਲ ਹੋਣਾ ਦਸਿਆ ਗਿਆ ਹੈ।

ਬੰਦਾ ਸਿੰਘ ਬਹਾਦਰ ਨੂੰ 700 ਸਿਖਾਂ ਸਮੇਤ ਸਖਤ ਤਸੀਹੇ ਦੇ ਕੇ ਦਿਲੀ ਵਿੱਚ ਸ਼ਹੀਦ ਕੀਤਾ ਗਿਆ। ਸਮਦ-ਖਾਨ ਉਸ ਵੇਲੇ ਪੰਜਾਬ ਦਾ ਨਵਾਬ ਸੀ ਜਿਸ ਨੇ ਸਿਖਾਂ ਵਿਰੁਧ ਤਸ਼ਦਦ ਦੀ ਅਤ ਚੁਕੀ ਹੋਈ ਸੀ। ਫਰੁਖਸੀਅਰ ਨੇ ਹੁਕਮ ਦਿਤੇ ਹੋਏ ਸਨ ਕਿ ਕੋਈ ਵੀ ਸਿਖ ਜ਼ਿੰਦਾ ਨਾ ਰਹੇ। ਜਾਰਜ ਫਾਰਸਟਰ ਜਿਸ ਨੇ ਉਨ੍ਹੀਂ ਦਿਨੀ ਪੰਜਾਬ ਵੇਖਿਆ ਸੀ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਪਿਛੋਂ ਦੇ ਹਾਲਾਤ ਇਉਂ ਲਿਖਦਾ ਹੈ."ਬੰਦੇ ਦੀ ਹਾਰ ਤੇ ਮੌਤ ਨੇ ਸਿਖਾਂ ਦੀ ਤਾਕਤ ਨੂੰ ਮਟੀਆ ਮੇਟ ਕਰ ਦਿਤਾ ਤੇ ਇਸ ਕਬੀਲੇ ਦਾ ਤਕਰੀਬਨ ਖਾਤਮਾ ਹੀ ਹੋ ਗਿਆ। ਫਰੁਖਸੀਆਰ! (1712-1719) ਨੇ ਆਦੇਸ਼ ਦਿਤੇ ਕਿ ਜਿਸ ਅਧਿਕਾਰੀ ਦੇ ਹਥ ਜੋ ਵੀ ਸਿਖ ਲਗਦਾ ਹੈ ਉਸ ਨੂੰ ਮੁਸਲਮਾਨ ਬਣਾਵੇ ਤੇ ਜੇ ਨਾਂ ਬਣੇ ਤਾਂ ਮੌਤ ਦੇ ਘਾਟ ਉਤਾਰ ਦੇਵੇ। ਸਿਖ ਦੇ ਸਿਰ ਲਈ ਯੋਗ ਇਨਾਮ ਵੀ ਘੋਸ਼ਤ ਕੀਤੇ ਗਏ। ਇਸ ਦਾ ਅਸਰ ਇਹ ਹੋਇਆ ਕਿ ਸਿਖ ਚੁਣ ਚੁਣ ਕੇ ਕਤਲ ਕਰ ਦਿਤੇ ਗਏ ਤੇ ਜੋ ਨਾਨਕ ਨਾਮ ਲੇਵਾ ਬਚੇ ਪਰਬਤਾਂ ਜੰਗਲਾਂ ਵਿੱਚ ਚਲੇ ਗਏ"। (ਜਾਰਜ ਫਾਰਸਟਰ, ਪੰਜਾਬ ਪਾਸਟ ਐਂਡ ਪ੍ਰੈਜ਼ੈਂਟ, ਅਪ੍ਰੈਲ 1991, ਪੰਨਾ 76)

ਭਾਈ ਮਨੀ ਸਿੰਘ ਦੇ 22 ਵੈਸਾਖ 1768, (ਮਈ 1721) ਨੂੰ ਮਾਤਾ ਸੁੰਦਰੀ ਨੂੰ ਲਿਖੇ ਇੱਕ ਖਤ ਵਿੱਚ ਇਸ ਦਾ ਜ਼ਿਕਰ ਹੈ:

"… ਦੇਸ ਵਿੱਚ ਖਾਲਸੇ ਦਾ ਬਲ ਛੁਟ ਗਇਆ ਹੈ। ਸਿੰਘ ਪਰਬਤਾਂ ਬਬਾਨਾ ਵਿੱਚ ਜਾਇ ਬਸੇ ਹੈਨ। ਮਲੇਛੋਂ ਕੀ ਦੇਸ ਮੇਂ ਦੋਹੀ ਹੈ। ਬਸਤੀ ਮੇ ਬਾਲਕ ਜੁਵਾ ਇਸਤਰੀ ਸਲਾਮਤ ਨਹੀਂ। ਮੁਛ ਮੁਛ ਕਰ ਮਾਰਦੇ ਹੈਨ। ਗੁਰੁ ਦ੍ਰੋਹੀ ਬੀ ਉਨਾ ਦੇ ਸੰਗਿ ਮਿਲ ਗਏ ਹੈਨ। ਹੰਦਾਲੀਏ ਮਿਕਿ ਕਰ ਮੁਕਬਰੀ ਕਰਦੇ ਹੈਨ। ਸਬੀ ਚਕ ਛੋੜ ਗਏ ਹੈਨ। ਮੁਸਤਦੀ ਭਾਗ ਗਏ ਹੈਨ। ਸਾਡੇ ਪਰ ਅਬੀ ਤੋ ਅਕਾਲ ਕੀ ਰਛਾ ਹ। ਕਲ ਕੀ ਖਬਰ ਨਹੀ। ਸਾਹਿਬਾਂ ਦੇ ਹੁਕਮ ਅਟਲ ਹੈਨ। …." (ਸੇਵਾ ਸਿੰਘ ਕਵੀ, ਸ਼ਹੀਦ ਬਿਲਾਸ, ਸੰ ਗਿਆਨੀ ਗਰਜਾ ਸਿੰਘ ਦਸੰਬਰ 1961, ਪੰਨਾ 96)

ਰਤਨ ਸਿੰਘ ਭੰਗੂ. ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਇਸ ਬਾਰੇ ਕਾਫੀ ਵਿਸਥਾਰ ਨਾਲ ਲਿਖਦਾ ਹੈ:

ਕਈ ਚਰਖ ਕਈ ਫਾਂਸੀ ਮਾਰੇ। ਕਈ ਤੋਪਨ ਕਈ ਛੁਰੀ ਕਟਾਰੇ।

ਕਈਅਨ ਕੇ ਸਿਰ ਮੁੰਗਲੀ ਕਟੇ। ਕਈ ਡੋਬੇ ਕਈ ਘਸੀਟਸ ਸੁਟੇ।

ਦਬੇ, ਕਟੇ ਬÃਦੂਖਨ ਦੇਹ ਮਾਰ। ਕੌਨ ਗਨੇ ਜੋ ਮਾਰੇ ਹਜ਼ਾਰ।

ਪਾਤ ਪਾਤ ਕਈ ਪਕੜਾਏ। ਸਾਥ ਤੇਗਨ ਕੇ ਸੀਸ ਉਡਵਾਏ।

ਕਿਸੇ ਹਾਥ ਕਿਸੇ ਟੰਗ ਕਟਵਾਇ। ਅਖ ਕਢ ਕਿਸੇ ਖਲ ਕਢਵਾਇ।

ਕੇਸਨ ਵਾਲੇ ਜੇਕਰ ਹੋਈ। ਬਾਲ ਬਿਰਧ ਲਭ ਛਡੈ ਨ ਕੋਈ।

(ਰਤਨ ਸਿੰਘ ਭੰਗੂ. ਪ੍ਰਾਚੀਨ ਪੰਥ ਪ੍ਰਕਾਸ਼ (1841) ਪੰਨਾ 202-203)

……………………………………………

ਟੋਲ ਟੋਲ ਸਿੰਘਨ ਕੋ ਮਾਰੇ। ਜੈਸੇ ਮਾਰੇ ਟੋਲ ਸ਼ਿਕਾਰੇ।

ਜੋ ਸਿੰਘਨ ਕੋ ਆਨ ਬਤਾਵੈ। ਤੁਰਤ ਅਨਮ ਸੁ ਤਾਹਿ ਦਿਵਾਵੈ।

………………………………….

ਰਾਤ ਤੁਰੇ ਦਿਨ ਰਹੈਂ ਲੁਕਾਰਿ। ਕਈਆਨ ਲੀਨੇ ਕੁੰਭਲ ਬਨਾਇ।

ਕਈ ਰਹੈਂ ਘਰ ਤੀਜੇ ਜਾਇ। ਕਈ ਰਹੈਂ ਪਰਦੇਸਹਿ ਜਾਇ।

…………………………

ਸਿੰਘ ਕੜਾਕੇ ਸਿਉਂ ਰਹੈਂ। ਦੁਇ ਚੌਥੇ ਦਿਨ ਖਾਹਿ।

ਬਿਨ ਲੂਣ ਭਾਜੀ ਲਭੈ, ਤੇ ਖਾਵੈ ਬਹੁਾ ਸਲਾਹਿ।

ਲਭੈ ਸਾਗ ਖਾਹਿ ਕਚਾ ਪਕਾ। ਬ੍ਰਿਛਨ ਕੇ ਫਲ ਫੂਲ ਔ ਸਕਾ।।

(ਰਤਨ ਸਿੰਘ ਭੰਗੂ. ਪ੍ਰਾਚੀਨ ਪੰਥ ਪ੍ਰਕਾਸ਼ (1841) ਪੰਨਾ 202-203)

ਕੇਸਰ ਸਿੰਘ ਛਿਬਰ ਵੀ ਇਨ੍ਹਾਂ ਸਿਤਮਾਂ ਦਾ ਜ਼ਿਕਰ ਕਰਦਾ ਹੈ

ਛਟਾ ਵਿੱਚ ਸੀਵਨ, ਚਰਖੀ ਚਾੜ ਸਟਨ। ਸੂਲੀ ਫਾਹੇ, ਅੰਗ ਟੁਕਾਵਨ। (ਕੇਸਰ ਸਿੰਘ ਛਿਬਰ)

ਇਸ ਹਾਲਤ ਵਿੱਚ ਕਪੂਰ ਸਿੰਘ ਵਿੱਚ ਇੱਕ ਕ੍ਰਾਤੀਕਾਰੀ ਯੋਧੇ ਵਾਂਗੂੰ ਸਿਖਾਂ ਲਈ ਕੁੱਝ ਨਵਾਂ ਕਰ ਕੇ ਵਿਖਾਉਣ ਦਾ ਦਾਈਆ ਸੀ। (ਕੁਲਦੀਪ ਸਿੰਘ ਹਉਰਾ, 1996, ਨਵਾਬ ਕਪੂਰ ਸਿੰਘ, ਪੰਨਾ 126)

ਉਸ ਦੇ ਅਪਣੇ ਪਿੰਡ ਕਾਲੇਕੇ ਦੇ ਨੇੜੇ ਫੈਜ਼ੁਲਪੁਰ ਵਿੱਚ ਮੁਸਲਮਾਨਾਂ ਦਾ ਦਬਦਬਾ ਸੀ ਤੇ ਉਹ ਸਿਖਾਂ ਨੂੰ ਬੜੀ ਨਫਰਤ ਨਾਲ ਦੇਖਦੇ ਸਨ। ਉਥੋਂ ਦੇ ਚੌਧਰੀ ਫੈਜ਼ੁਲਾ ਨੂੰ ਜ਼ਕਰੀਆ ਖਾਨ ਦੀ ਭੈਣ ਵਿਆਹੀ ਹੋਈ ਸੀ। ਉਸ ਨੇ ਫੈਜੁਲਪੁਰ ਦੇ 700 ਸਿਖਾਂ ਦਾ ਕਤਲ ਕਰ ਦਿਤਾ। ਇਸ ਦਾ ਕਪੂਰ ਸਿੰਘ ਨੂੰ ਬਹੁਤ ਦੁਖ ਲਗਾ ਤੇ ਉਸਨੇ ਉਸ ਨੇ ਪਿੰਡ ਦੇ ਚੌਧਰੀਆਂ ਤੇ ਹਮਲਾ ਕਰਕੇ ਉਨ੍ਹਾ ਨੂੰ ਭਜਾ ਦਿਤਾ ਤੇ ਉਥੋਂ ਦੇ ਚੌਧਰੀ ਫੈਜ਼ੁਲਾ ਨੂੰ ਮੌਤ ਦੇ ਘਾਟ ਉਤਾਰ ਦਿਤਾ ਤੇ ਪਿੰਡ ਦਾ ਨਾਮ ਬਦਲ ਕੇ ਸਿੰਘਪੁਰਾ ਰਖ ਦਿਤਾ। ਪਿੰਡ ਦੀ ਸਾਰੀ ਜਗੀਰ ਵੀ ਅਪਣੇ ਕਬਜ਼ੇ ਵਿੱਚ ਕਰ ਲਈ। ਪਿਛੋਂ ਜਦ ਮਿਸਲਾਂ ਬਣੀਆਂ ਤਾਂ ਉਸ ਦੀ ਅਪਣੀ ਮਿਸਲ ਇਸੇ ਪਿੰਡ ਦੇ ਨਾ ਤੇ ਫੈਜ਼ੁਲਪੁਰੀਆਂ/ਸਿੰਘਪੁਰੀਆ ਮਿਸਲ ਅਖਵਾਈ। (ਬੂਟੇ ਸ਼ਾਹ, ਤਾਰੀਖਿ-ਇ-ਪੰਜਾਬ, ਪੰਨਾ 1)

ਪੰਜਾਬ ਦੇ ਨਵਾਬ ਅਬਦੁਸ ਸਮਦ (22 ਫਰਵਰੀ 1713 ਤੋਂ 1726) ਨੇ ਸਿਖਾਂ ਨੂੰ ਮਿਟਾਉਣ ਦਾ ਹਰ ਸੰਭਵ ਯਤਨ ਕੀਤਾ। ਪਰ ਉਹ ਸਿਖਾਂ ਨੂੰ ਖਤਮ ਨਾ ਕਰ ਸਕਿਆ।

ਅਬਦੁਸ ਸਮਦ ਜਦ ਸਿਖਾਂ ਨੂੰ ਖਤਮ ਕਰਨੋਂ ਅਸਫਲ ਰਿਹਾ ਤਾਂ ਦਿਲੀ ਦੇ ਵਜ਼ੀਰ ਨੇ ਅਪਣੇ ਜਵਾਈ ਜ਼ਕਰੀਆ ਖਾਨ ਲਹੌਰ ਦਾ ਨਵਾਬ ਬਣਾ ਦਿਤਾ ਤੇ ਅਪਣੇ ਕੁੜਮ ਅਬਦੁਸ ਸਮਦ ਨੂੰ ਮੁਲਤਾਨ ਭੇਜ ਦਿਤਾ। ਜ਼ਕਰੀਆ ਖਾਨ ਸਿਖਾਂ ਵਿਰੁਧ ਕਈ ਮੁਹਿੰਮਾਂ ਵਿੱਚ ਸਫਲ ਰਿਹਾ ਸੀ। ਜ਼ਕਰੀਆ ਖਾਨ ਨੇ ਆਉਂਦੇ ਹੀ ਸਿਖਾਂ ਵਿਰੁਧ ਭਾਰੀ ਮੁਹਿਮ ਸ਼ੁਰੂ ਕਰ ਦਿਤੀ। ਉਸ ਦੇ ਵਿਚਾਰ ਵਿੱਚ ਸਿੰਘਾਂ ਦਾ ਜਿਉਂ ਜਿਉਂ ਖੂਨ ਡੁਲਦਾ ਹੈ ਉਹ ਉਸ ਖੁਨ ਤੋਂ ਹੋਰ ਸਵਾਏ ਹੁੰਦੇ ਜਾਂਦੇ ਹਨ। ਸਿਖਾਂ ਦੇ ਮਨਾਂ ਵਿੱਚ ਦਹਿਸ਼ਤ ਪੈਦਾ ਕਰਨ ਲਈ ਯਾਸਾ ਦਾ ਹਰ ਢੰਗ ਵਰਤਿਆ। ਕਿਸੇ ਦਾ ਖੋਪਰ ਉਤਾਰਿਆ ਗਿਆ। ਕਿਸੇ ਨੂੰ ਚਰਖੜੀ ਤੇ ਚਾੜਿਆ ਗਿਆ। ਕਈ ਸਿਖ ਟੋਏ ਵਿੱਚ ਦਬ ਕੇ ਉਸ ਉਪਰ ਖੁਨ ਸੁਟ ਕੇ ਕੁਤੇ ਛਡੇ ਗਏ। ਹਾਥੀ ਦੇ ਪੈਰਾਂ ਥਲੇ ਲਿਤਾੜੇ ਗਏ। ਬੰਦ ਬੰਦ ਕਟੇ ਗਏ। ਦੇਗਾਂ ਵਿੱਚ ਉਬਾਲੇ ਗਏ। ਭੁਖਿਆਂ ਮਾਰਿਆ ਗਿਆ। ਸਿਰਾਂ ਵਿੱਚ ਲੋਹੇ ਦੇ ਕਿਲੇ ਗਡੇ ਗਏ। ਕਈ ਨਿਸ਼ਾਨਾ ਬਣਾਕੇ ਫੁੰਡੇ ਗਏ। ਕਈਆਂ ਨੂੰ ਛੁਰੀਆਂ ਨਾਲ ਕੋਹਿਆ ਗਿਆ। ਕਈਆਂ ਨੂੰ ਮੂੰਗਲੀਆਂ ਨਾਲ ਕੁਟਿਆ ਗਿਆ। ਕਈਆਂ ਨੂੰ ਘਸੀਟ ਘਸੀਟ ਮਾਰਿਆ ਗਿਆ, ਪਰ ਇਹ ਸਿਖ ਹੀ ਸਨ ਜਿਨ੍ਹਾ ਦੁਖ ਸਹਾਰ ਕੇ ਵੀ ਸੀ ਨਾ ਕੀਤੀ। (ਸਤਬੀਰ ਸਿੰਘ, (1962) ਸਾਡਾ ਇਤਿਹਾਸ ਭਾਗ 2, ਪੰਨਾ 153) ਹਾਲਤ ਇਹ ਸੀ:

ਲਖ ਹਜ਼ਾਰ ਸਿਖ ਤੁਰਕਾਂ ਖਪਾਏ। ਪਰ ਪੰਥ ਡਾਢੇ ਪੁਰਖ ਦਾ ਵਧਦਾ ਹੀ ਜਾਏ। (ਕੇਸਰ ਸਿੰਘ ਛਿਬਰ)

ਸਿੰਘ ਨਾ ਖਤਮ ਹੋਣੇ ਸੀ ਨਾ ਹੋਏ। ਆਖਰ ਥਕ ਹਾਰ ਕੇ ਜ਼ਕਰੀਆ ਖਾਨ ਨੇ 1732 ਵਿੱਚ ਦਿਲੀ ਦਰਬਾਰ ਵਿੱਚ ਸਿੰਘਾਂ ਨਾਲ ਸਮਝੋਤੇ ਦਾ ਪ੍ਰਸਤਾਵ ਭੇਜਿਆ ਜਿਸ ਵਿੱਚ ਸਿਖਾਂ ਲਈ ਅਪਣੇ ਇਲਾਕੇ ਵਿੱਚ ਖੁਦਮੁਖਤਾਰੀ ਦੀ ਤਜ਼ਵੀਜ਼ ਸੀ। ਸ਼ਾਹ ਮੁਹੰਮਦ ਨੇ 1733 ਵਿੱਚ ਜ਼ਕਰੀਆ ਖਾਨ ਦੀ ਤਜ਼ਵੀਜ਼ ਮਨਜ਼ੂਰ ਕਰ ਲਈ। ਜ਼ਕਰੀਆ ਖਾਨ ਨੇ ਸੁਬੇਗ ਸਿੰਘ ਰਾਹੀਂ ਖਾਲਸਾ ਵਲ ਸਮਝੌਤੇ ਦੀ ਪੇਸ਼ਕਸ਼ ਭੇਜੀ ਜਿਸ ਵਿੱਚ ਇੱਕ ਲਖ ਦੀ ਜਗੀਰ ਤੇ ਨਵਾਬੀ ਦੀ ਪੇਸ਼ਕਸ਼ ਸੀ ਨਵਾਬੀ ਅਧੀਨ ਦਿਪਾਲਪੁਰ, ਕੰਗਣਵਾਲ ਤੇ ਝਬਾਲ ਦੇ ਪਰਗਣੇ ਸਨ। ਨਾਂਹ ਨੁਕਰ ਤੋਂ ਬਾਦ, ਸੁਬੇਗ ਸਿੰਘ ਦੇ ਸਮਝਾਉਣ ਤੇ ਆਖਰ ਸਰਬਤ ਖਾਲਸਾ ਨੇ ਸ਼ਾਂਤੀ ਦੀ ਪੇਸ਼ਕਸ਼ ਮੰਨ ਲਈ। ਨਵਾਬੀ ਲਈ ਉਸ ਸਮੇਂ ਦੇ ਸਿਰ ਕਢ ਨੇਤਾ ਦਰਬਾਰਾ ਸਿੰਘ ਦਾ ਨਾਮ ਆਇਆ ਤਾਂ ਉਸ ਨੇ ਕਪੂਰ ਸਿੰਘ ਦਾ ਨਾਮ ਪੇਸ਼ ਕੀਤਾ ਜੋ ਨਵੀਂ ਪੀੜੀ ਵਿੱਚ ਬੜਾ ਮਕਬੂਲ ਸੀ ਤੇ ਤੁਰਕਾਂ ਵਿਰੁਧ ਕਈ ਕਾਰਨਾਮੇ ਸਫਲਤਾਪੂਰਵਕ ਕਰ ਚੁਕਿਆ ਸੀ। ਕਪੂਰ ਸਿੰਘ ਜੋ ਇਸ ਵੇਲੇ ਸੰਗਤਾਂ ਲਈ ਪਖਾ ਝੁਲਾ ਰਿਹਾ ਸੀ ਪਹਿਲਾਂ ਤਾਂ ਲੈਣ ਲਈ ਤਿਆਰ ਨਾ ਹੋਇਆ ਪਰ ਫਿਰ ਇਸ ਸ਼ਰਤ ਤੇ ਕਿ ਉਸ ਦੀ ਲੰਗਰ ਤੇ ਘੋੜਿਆ ਦੀ ਸੇਵਾ ਉਸੇ ਤਰ੍ਹਾਂ ਬਰਕਰਾਰ ਰਹੇਗੀ ਉਸ ਨੇ ਇਹ ਅਹੁਦਾ ਸਵੀਕਾਰ ਕੀਤਾ। ਉਸ ਨੇ ਨਵਾਬੀ ਦੀ ਖਿਲਅਤ ਜਿਸ ਵਿੱਚ ਰੇਸ਼ਮੀ ਦਸਤਾਰ, ਹੀਰਿਆਂ ਨਾਲ ਜੜੀ ਹੋਈ ਕਲਗੀ, ਸੁਨਹਿਰੀ ਕੜੇ, ਇੱਕ ਹਾਰ, ਇੱਕ ਮੋਤੀਆਂ ਦੀ ਮਾਲਾ ਤੇ ਇੱਕ ਤਲਵਾਰ ਸੀ ਲਈ ਖਾਲਸਾ ਨੂੰ ਬੇਨਤੀ ਕੀਤੀ

ਪੰਜ ਭੁਝੰਗੀਅਨ ਚਰਨ ਛੁਹਾਇ, ਧਰੋ ਸੀਸ ਮੋਹਿ ਪਵਿਤ੍ਰ ਕਰਾਇ। (ਪ੍ਰਾਚੀਨ ਪੰਥ ਪ੍ਰਕਾਸ਼)।

ਆਖਰ ਖਿਲਅਤ ਪੰਜ ਪਿਆਰਿਆਂ ਬਾਬਾ ਦੀਪ ਸਿੰਘ, ਭਾਈ ਕਰਮ ਸਿੰਘ, ਭਾਈ ਬੁਧ ਸਿੰਘ, ਹਰੀ ਸਿੰਘ ਹਜ਼ੂਰੀਆ ਤੇ ਸਰਦਾਰ ਜਸਾ ਸਿੰਘ ਰਾਮਗੜ੍ਹੀਆ ਦੇ ਚਰਨਾਂ ਨੂੰ ਛੁਹਾ ਕੇ ਸਿਰ ਮਥੇ ਸਵੀਕਾਰ ਕੀਤੀ ਪਰ ਜਗੀਰ ਗੁਰੂ ਕੇ ਲੰਗਰ ਦੇ ਨਾਮ ਲਗਾ ਦਿਤੀ।

ਨਵਾਬ ਬਣਨ ਪਿਛੋਂ ਕਪੂਰ ਸਿੰਘ ਵਿੱਚ ਨਿਮਰਤਾ ਤੇ ਹਲੀਮੀ ਹੋਰ ਵਧ ਗਈ।

ਕਪੂਰ ਸਿੰਘ ਪਰ ਕ੍ਰਿਪਾ ਪੰਥ ਕਰੀ। ਭਲੀ ਬੁਧਿ ਆਇ ਤਿਸ ਮੈਂ ਪਰੀ।

ਬਹੁਤ ਸਿੰਘਨ ਕੋ ਆਦਰ ਧਰੈ। ਬਿਨਾਂ ਪੁਛੇ ਪੰਥ ਗਲ ਨ ਕਰੈ।

ਟਹਲ ਅਗੈ ਤੇ ਕਰੈ ਸਵਾਈ। ਬਹੁਤ ਗਰੀਬੀ ਉਸ ਮਨ ਆਈ।

ਜਿਮ ਮਿ ਪੰਥਹਿ ਟਹਿਲ ਕਮਾਵੈ। ਤਿਮ ਤਿਮ ਸਿੰਘ ਜੀ ਗੁਰਮਤ ਆਵੈ। (ਪ੍ਰਾਚੀਨ ਪੰਥ ਪ੍ਰਕਾਸ਼)

ਨਵਾਬ ਦੀ ਜ਼ਿਮੇਵਾਰੀ ਸਮਝਣ ਪਿਛੋਂ ਕਪੂਰ ਸਿੰਘ ਦਾ ਸਤਿਕਾਰ ਸਾਰੇ ਪੰਥ ਵਿੱਚ ਤਾਂ ਵਧਿਆ ਹੀ ਨਾਲ ਹੀ ਅਧੀਨ ਪਿੰਡਾਂ ਦੇ ਸਾਰੇ ਨੰਬਰਦਾਰ ਤੇ ਚੌਧਰੀ ਸਾਰਾ ਮਾਮਲਾ ਖੁਸ਼ ਹੋ ਕੇ ਲੰਗਰ ਵਿੱਚ ਜਮਾਂ ਕਰਵਾਉਣ ਲਗ ਪਏ।

ਪੰਥ ਦੀ ਯੋਜਨਾਬਧ ਸਥਾਪਤੀ

ਕਪੂਰ ਸਿੰਘ ਦੇ ਇਰਾਦੇ ਹਮੇਸ਼ਾ ਉਚੇ ਹੁੰਦੇ ਸਨ ਜਿਨ੍ਹਾਂ ਦੀ ਪ੍ਰਾਪਤੀ ਲਈ ਉਹ ਯੋਜਨਾਬਧ ਅਮਲ ਕਰਦਾ ਸੀ। (ਭਗਤ ਸਿੰਘ ਪੰਨਾ 134) ਉਸ ਨੇ ਪਹਿਲਾਂ ਤਾਂ ਸਾਰੇ ਹਾਲਾਤ ਦਾ ਜ਼ਇਜ਼ਾ ਲਿਆ। ਉਸ ਦੀ ਦੂਰਦਰਸ਼ਤਾ ਸੀ ਕਿ ਉਸ ਨੇ ਇਹ ਭਾਂਪ ਲਿਆ ਸੀ ਕਿ ਜ਼ਕਰੀਆ ਖਾਨ ਤੇ ਸਿਖਾਂ ਦੀ ਗੰਢ ਤੁਪ ਥੁੜਚਿਰੀ ਹੈ ਇਸ ਲਈ ਜ਼ਕਰੀਆ ਖਾਨ ਜਾਂ ਮੁਗਲਾਂ ਉਪਰ ਪਕਾ ਵਿਸ਼ਵਾਸ ਕਰਨਾ ਗਲਤ ਹੋਵੇਗਾ। ਉਹ ਉਦੋਂ ਤਕ ਹੀ ਸ਼ਾਂਤੀ ਬਣਾਈ ਰਖਣਗੇ ਜਦ ਤਕ ਉਨ੍ਹਾਂ ਕੋਲ ਸਿਖਾਂ ਨੂੰ ਦਬਾਉਣ ਦੀ ਹਿੰਮਤ ਤੇ ਤਾਕਤ ਨਹੀਂ ਹੋਵੇਗੀ ਪਰ ਜਦ ਵੀ ਉਨ੍ਹਾਂ ਨੂੰ ਲਗਿਆ ਕਿ ਉਹ ਸਿਖਾਂ ਉਪਰ ਭਾਰੂ ਹੋ ਸਕਦੇ ਹਨ ੳਹ ਸਿਖਾਂ ਨੂੰ ਕੁਚਲਣ ਲਈ ਤਤਪਰ ਹੋ ਜਾਣਗੇ। ਇਸ ਲਈ ਜਿਤਨਾ ਕੁ ਸਮਾਂ ਮਿਲੇ ਉਸ ਵਿੱਚ ਪੰਥ ਨੂੰ ਪਕੇ ਪੈਰੀਂ ਕਰ ਲੈਣਾ ਚਾਹੀਦਾ ਹੈ। ਸਿਖਾਂ ਨੂੰ ਇਕਮੁਠ ਤੇ ਪਕੇ ਪੈਰੀਂ ਕਰਨ ਲਈ ਉਸ ਨੇ ਸਿਖਾਂ ਨੂੰ ਜਥੇਬੰਦ ਕਰਕੇ, ਸਿਖਲਾਈ ਦੇਕੇ, ਯੁਧ ਲਈ ਹਰ ਵੇਲੇ ਤਿਆਰ ਰਹਿਣ ਦੀ ਨੀਤੀ ਅਪਣਾਈ। ਸਮੁਚੀ ਸਰਕਾਰ ਨਾਲ ਆਢਾ ਲਾ ਕੇ ਸਿਧੀ ਜੰਗ ਰਾਹੀਂ ਆਪਾ ਗੁਆਉਣ ਦੀ ਥਾਂ ਗੁਰੀਲਾ ਯੁਧ ਕਰਨਾ ਯੋਗ ਸਮਝਿਆ। ਕਿਸੇ ਵੀ ਅਚਾਨਕ ਹਮਲੇ ਤੋਂ ਬਚਾ ਲਈ ਹਮੇਸ਼ਾ ਤਿਆਰ ਰਹਿਣ ਲਈ ਚੌਕੰਨਾਂ ਕੀਤਾ। ਦੁਸ਼ਮਣ ਪਤਾ ਨਹੀਂ ਕਦੋਂ ਤੇ ਕਿਥੇ ਵਾਰ ਕਰੇ। ਸਹੀ ਇਹ ਹੀ ਹੋਵੇਗਾ ਕਿ ਜਦ ਵੀ ਦੁਸ਼ਮਣ ਦੇ ਹਮਲੇ ਦੀ ਤਿਆਰੀ ਦੀ ਸੂਹ ਮਿਲੇ ਉਸ ਦੀ ਤਿਆਰੀ ਸਮੇਂ ਹੀ ਉਸ ਉਪਰ ਹਮਲਾ ਕਰ ਦਿਤਾ ਜਾਵੇ। ਚੁਸਤੀ, ਫੁਰਤੀ ਤੇ ਸੂਝ ਹਰ ਹਮਲੇ ਦੇ ਜਵਾਬ ਵਿੱਚ ਵਰਤਣੀ ਹੈ। ਸੂਚਨਾ ਸਮੇਂ ਸਿਰ ਮਿਲੇ ਇਸ ਲਈ ਉਸ ਨੇ ਆਮ ਲੋਕਾਂ ਨੂੰ ਸਿਖਾਂ ਦਾ ਹਮਦਰਦ ਬਣਾਈ ਰਖਣ ਲਈ ਹਰ ਹੀਲਾ ਅਪਣਾਉਣ ਦੀ ਯੋਜਨਾ ਬਣਾਈ। ਸਿਖਾਂ ਦਾ ਉਸ ਸਮੇਂ ਸਭ ਤੋਂ ਵਡਾ ਲੋਕ ਹਿਤਕਾਰੀ ਹੋਣ ਦਾ ਸਚ, ਮੁਗਲਾਂ ਦਾ ਵਿਦੇਸ਼ੀ ਧਾੜਵੀ ਹੋਣਾ ਤੇ ਲੋਕ ਹਿਤੈਸ਼ੀ ਨਾ ਹੋਣਾ ਤੇ ਸਵਰਾਜ ਦਾ ਸੁਪਨਾ ਆਮ ਲੋਕਾਂ ਦੇ ਮਨਾਂ ਵਿੱਚ ਬਿਠਾਉਣਾ ਜ਼ਰੂਰੀ ਸੀ। ਮੁਗਲਾਂ ਤੇ ਧਾੜਵੀਆਂ ਵਿਰੁਧ ਇੱਕ ਸਿਖ ਹੀ ਸਨ ਸੋ ਡਟੇ ਹੋਏ ਸਨ ਇਸ ਲਈ ਆਮ ਲੋਕਾਂ ਨੂੰ ਸਿਖ ਬਣਕੇ ਜਾਂ ਸਿਖੀ ਦਾ ਹਮਦਰਦ ਬਣ ਕੇ ਸਵਰਾਜ ਸਥਾਪਿਤ ਕਰਨ ਦੀ ਮਦਦ ਕਰਨੀ ਚਾਹੀਦੀ ਹੈ। ਧਰਮਾਂ ਦੇ ਵਿਤਕਰਿਆ ਦੀ ਥਾਂ ਸਭ ਨਾਲ ਇਕੋ ਜਿਹਾ ਵਰਤਾਉ ਕੀਤਾ ਜਾਂਦਾ ਜਿਸ ਨਾਲ ਵਿਰੋਧੀ ਮਨਾਂ ਵਿੱਚ ਵੀ ਸਿਖਾਂ ਪ੍ਰਤੀ ਸ਼ਰਧਾ ਜਾਗ ਪਈ। ਸਿਖਾਂ ਨੂੰ ਲੋਕ ਹਿਤ ਬਣਾਈ ਰਖਣ ਲਈ ਇਹ ਜ਼ਰੂਰੀ ਕਰ ਦਿਤਾ ਗਿਆ ਕਿ ਹਰ ਸਿਖ ਆਮ ਲੋਕਾਂ ਨਾਲ ਹਮਦਰਦੀ ਨਾਲ ਪੇਸ਼ ਆਵੇ, ਜਿਥੇ ਲੋੜ ਪਵੇ ਮਦਦ ਕਰੇ ਜੇ ਜਿਥੇ ਕਿਸੇ ਨਹਕੇ ਜਾਂ ਪੀੜਿਤ ਤੇ ਜ਼ੁਲਮ ਹੁੰਦਾ ਹੈ ਤਾਂ ਉਸ ਦਾ ਵਿਰੋਧ ਕਰੇ। ਕਪੂਰ ਸਿੰਘ ਨੇ ਜ਼ਮੀਨਾਂ ਦੀ ਉਗਰਾਹੀ ਲਈ ਦਮਨ ਦੀ ਥਾਂ ਲੋਕਾਂ ਦੀ ਇਛਾ ਨੂੰ ਹੀ ਮੁਖ ਰਖਿਆ ਤੇ ਸ਼ਰਧਾ ਅਨੁਸਾਰ ਬਣਦਾ ਜੁੜਦਾ ਲੰਗਰ ਸੇਵਾ ਵਿੱਚ ਦੇਣ ਲਈ ਕਿਹਾ। ਜੋ ਕਿਧਰੇ ਕੋਈ ਸਿਖ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਕਰਦਾ ਤਾਂ ਉਸ ਨੂੰ ਸਜ਼ਾ ਦਿਤੀ ਜਾਂਦੀ। ਸਜ਼ਾ ਦੇਣ ਵੇਲੇ ਸਿਖ ਤੇ ਗੈਰ ਸਿਖ ਵਿੱਚ ਕੋਈ ਵਿਤਕਰਾ ਨਹੀਂ ਸੀ ਕੀਤਾ ਜਾਂਦਾ। ਇਸ ਦਾ ਇਹ ਅਸਰ ਹਇਆ ਕਿ ਆਮ ਲੋਕਾਂ ਦਾ ਕਪੂਰ ਸਿੰਘ ਵਿੱਚ ਭਰੋਸਾ ਬਹੁਤ ਵਧ ਗਿਆ। ਮੁਸਲਿਮ ਵੀ ਬੇਝਿਜਕ ਸ਼ਰਧਾ ਨਾਲ ਅਪਣੇ ਬਣਦੇ ਮਾਮਲੇ ਦੀ ਰਕਮ ਲੰਗਰ ਵਿੱਚ ਜਮਾਂ ਕਰਾ ਜਾਂਦੇ। ਹਰ ਆਮਦ ਖਰਚ ਦਾ ਹਿਸਾਬ ਜਸਾ ਸਿੰਘ ਆਹਲੂਵਾਲੀਆ ਰਖਦੇ। ਕਪੂਰ ਸਿੰਘ ਨੇ ਮਾਮਲਾ ਉਗਰਾਹੁਣ ਲਈ ਕਿਸੇ ਤੇ ਕੋਈ ਜ਼ੋਰ ਜ਼ਬਰਦਸਤੀ ਨਾ ਕੀਤੀ ਜਿਸ ਕਰਕੇ ਆਮ ਲੋਕਾਂ ਦਾ ਉਸ ਵਿੱਚ ਭਰੋਸਾ ਵਧ ਗਿਆ ਤੇ ਆਮ ਲੋਕ ਵੀ ਖੁਸ਼ਹਾਲ ਹੋਣ ਲਗ ਪਏ। ਕਪੂਰ ਸਿੰਘ ਦੀਆਂ ਇਨ੍ਹਾਂ ਨੀਤੀਆਂ ਦੇ ਪ੍ਰਭਾਵ ਸਦਕਾ ਸਿਖੀ ਵਿੱਚ ਲਗਾਤਾਰ ਵਾਧਾ ਹੋਣ ਲਗ ਪਿਆ।

ਗੁਰੀਲਾ ਯੁਧ

ਗੁਰੀਲਾ ਯੁਧ ਇੱਕ ਕਿਸਮ ਦਾ ਅਨਯਿਮਿਤ ਯੁਧ ਹੈ ਜਿਸ ਵਿੱਚ ਛੋਟੇ ਗ੍ਰੁਪਾਂ ਵਿੱਚ ਯੋਧੇ ਅਪਣੇ ਤੋਂ ਵਡੇ, ਤਕੜੇ ਜਾਂ ਘਟ ਗਤੀਸ਼ੀਲ ਦੁਸ਼ਮਣ ਵਿਰੁਧ ਐਂਬੁਸ਼, ਸੈਬੋਤਾਜ, ਰੇਡ, ਛੁਟ-ਯੁਧ, ਮਾਰੋ-ਤੇ-ਖਿਸਕੋ ਤੇ ਤੁਰਤ-ਫੁਰਤ ਹਮਲੇ ਵਰਗੀਆਂ ਸੈਨਿਕ ਚਾਲਾਂ ਵਰਤਦੇ ਹਨ। (ਸਿਮੰਦਨ, 2017) ਇਹ ਅਸੰਤੁਲਿਤ ਤਾਕਤਾਂ ਵਿਚਕਾਰ ਯੁਦ ਹੈ ਜਿਥੇ ਇੱਕ ਦੁਸ਼ਮਣ ਬਹੁਤ ਤਾਕਤਵਰ ਤੇ ਇੱਕ ਘਟ ਸ਼ਕਤੀ ਵਾਲਾ ਹੁੰਦਾ ਹੈ। (ਟਾਮ, 2004) ਇਹ ਯੁਧ ਜਿਤਣ ਲਈ ਨਹੀਂ ਸਗੋਂ ਦੁਸ਼ਮਣ ਨੂੰ ਨੁਕਸਾਨ ਪਹੁੰਚਾ ਕੇ ਅਪਣੀ ਹੋਂਦ ਦੇ ਬਰਕਰਾਰ ਰਖਣ ਲਈ, ਆਮ ਲੋਕਾਂ ਦੀ ਮਦਦ ਖਿਚਣ ਲਈ ਤੇ ਰਾਜਨੀਤਿਕ ਪ੍ਰਭਾਵ ਪਾਉਣ ਲਈ ਲੜਿਆ ਜਾਂਦਾ ਹੈ। (ਸਿਮੰਦਨ, 2015) ਗੁਰਿਲਾ ਨੀਤੀ ਛੋਟੀ, ਗਤੀਸ਼ੀਲ ਟੁਕੜੀ ਦਾ ਵਡੀ ਗਠਿਤ ਸਿਖਲਾਈ ਯਾਫਤਾ ਸੈਨਾ ਉਪਰ ਹਮਲੇ ਕਰਕੇ ਕਮਜ਼ੋਰ ਕਰਨਾ ਹੈ। (ਮਾਰਟਿਨ, 2000) ਮਾਉ ਜ਼ੁ ਤੁੰਗ ਕਹਿੰਦਾ ਹੈ, "ਦੁਸ਼ਮਣ ਵਧਦਾ ਹੈ ਤਾਂ ਅਸੀਂ ਪਿਛੇ ਹਟਦੇ ਹਾਂ, ਦੁਸ਼ਮਣ ਡੇਰੇ ਲਾਉਂਦੇ ਹਨ ਤਾਂ ਅਸੀਂ ਉਸ ਨੂੰ ਤੰਗ ਕਰਦੇ ਹਾਂ, ਉਹ ਥਕ ਜਾਂਦਾ ਹੈ ਤਾਂ ਅਸੀਂ ਉਸ ਤੇ ਹਮਲਾ ਕਰਦੇ ਹਾਂ ਤੇ ਉਸ ਦਾ ਪਿਛਾ ਕਰਦੇ ਹੋਏ ਉਸ ਨੂੰ ਪਛਾੜਦੇ ਹਾਂ। (ਮਾ-ਣੇ-ਤੁੰਗ, 1965, ਪੰਨਾ 124) ਮੁਖ ਤਕਨੀਕ ਦੁਸ਼ਮਣ ਨੂੰ ਲਗਾਤਾਰ ਤੰਗ ਕਰਨਾ, ਛੋਟੇ ਛੋਟੇ ਪਰ ਕਾਰਗਰ ਘਾਓ ਦੇਣਾ ਤੇ ਬੜੇ ਹੀ ਚੁਸਤ-ਫੁਰਤ ਤਰੀਕੇ ਨਾਲ ਹਮਲੇ ਕਰਕੇ ਉਸ ਦੀ ਇਛਾ-ਸ਼ਕਤੀ ਨੂੰ ਤੋੜਕੇ ਹਾਰ ਦੇ ਮੂੰਹ ਤੇ ਖੜਾ ਕਰਨਾ ਤੇ ਫਿਰ ਇੱਕ ਅਚਾਨਕ ਭਰਪੂਰ ਵਾਰ ਨਾਲ ਤਬਾਹ ਕਰਨਾ ਹੁੰਦਾ ਹੈ।

ਸਿਖ ਥੋੜੇ ਸਨ ਤੇ ਦੁਸ਼ਮਣ ਦੀ ਤਾਕਤ ਬਹੁਤ ਵਡੀ ਸੀ। ਦੁਸ਼ਮਣ ਸਿਖਿਆ ਪ੍ਰਾਪਤ, ਯੋਜਨਾਬਧ ਤੇ ਸੰਗਠਿਤ ਪਰ ਹਿਲ ਸੀ ਜਦ ਕਿ ਸਿਖ ਲਗਾਤਾਰ ਕਰਮਬਧ ਸਿਖਿਆ ਤੋਂ ਵਾਂਝੇ ਸਨ ਤੇ ਉਨ੍ਹਾਂ ਦੇ ਹਮਲੇ ਜ਼ਿਆਦਾ ਤਰ ਦੁਸ਼ਮਣ ਦੇ ਹਮਲਿਆਂ ਤੋਂ ਬਚਾ ਖਾਤਰ ਹੁੰਦੇ ਸਨ ਨਾ ਕਿ ਯੋਜਨਾਬਦ ਯੁਧ ਦੀ ਤਰ੍ਹਾਂ। ਦੁਸ਼ਮਣ ਨੇ ਸਿਧੇ ਹਮਲਿਆਂ ਵਿੱਚ ਬਾਬਾ ਬੰਦਾ ਸਿੰਘ ਨੂੰ ਹਰਾ ਕੇ ਤਸੀਹੇ ਦੇ ਦੇ ਕੇ ਮਾਰਿਆਂ ਤਾਂ ਕਿ ਸਿਖਾਂ ਦਾ ਹੌਸਲਾ ਟੁਟ ਜਾਵੇ। ਸਿਖ ਥੋੜੇ ਰਹਿ ਗਏ ਸਨ ਤੇ ਲਗਾਤਾਰ ਦੀ ਮਾਰੀ ਮਾਰੀ ਕਰਕੇ ਹੌਸਲੇ ਵੀ ਪਸਤ ਸਨਿ ਇਸ ਹਾਲਤ ਵਿੱਚ ਜਦ ਪੰਥ ਦੀ ਜ਼ਿਮੇਵਾਰੀ ਨਵਾਬ ਕਪੂਰ ਸਿੰਘ ਕੋਲ ਆਈ ਤਾਂ ਉਸ ਨੇ ਗੁਰੀਲਾ ਯੁਧ ਨੀਤੀ ਅਪਣਾਈ ਜਿਸ ਵਿੱਚ ਉਪਰੋਕਤ ਦਰਸਾਏ ਸਾਰੇ ਲਛਣ ਸਨ। ਸਿਖਾਂ ਦੀ ਲਗਾਤਾਰ ਮਾਰਾਮਾਰੀ, ਸਿੰਘਾਂ ਤੇ ਨਿਤਾਪ੍ਰਤੀ ਵਧਦੇ ਜ਼ੁਲਮ, ਸਿੰਘਾਂ ਦੇ ਸਿਰਾਂ ਦੇ ਮੁਲ, ਆਮ ਲੋਕਾਂ ਵਿੱਚ ਸਿਖਾਂ ਨੂੰ ਮਦਦ ਦੇਣ ਲਈ ਡਰ, ਤੇ ਸਿਖਾਂ ਦੀ ਘਟਦੀ ਗਿਣਤੀ ਚਿੰਤਾ ਦਾ ਕਾਰਣ ਤਾਂ ਜ਼ਰੂਰ ਸਨ ਜਿਸ ਹਾਲਾਤ ਵਿੱਚ ਕੋਈ ਵੀ ਆਗੂ ਹੌਸਲਾ ਛਡ ਸਕਦਾ ਹੈ। ਪਰ ਕਪੂਰ ਸਿੰਘ ਨੂੰ ਤਾਂ ਗੁਰੁ ਦੀ ਗੁੜ੍ਹਤੀ ਮਿਲੀ ਹੋਈ ਸੀ ਤ ਜਬਰ ਜ਼ੁਲਮ ਅਗੇ ਡਟਣ ਦਾ ਪਾਠ ਪੜ੍ਹਾਇਆ ਗਿਆ ਸੀ। ਘਟ ਗਿਣਤੀ ਹੋਣ ਕਰਕੇ ਵਡੇ ਤੇ ਤਾਕਤਵਰ ਮੁਗਲ ਸੈਨਾ ਨਾਲ ਸਿਧਾ ਯੁਧ ਤਾਂ ਕਿਸੇ ਹਾਲਤ ਵਿੱਚ ਸੰਭਵ ਨਹੀਂ ਸੀ ਸੋ ਉਸ ਨੇ ਇਸ ਹਾਲਾਤ ਵਿੱਚ ਵੀ ਦੁਸ਼ਮਣ ਨਾਲ ਆਢਾ ਲੈਣ ਲਈ ਗੁਰਿਲਾ ਯੁਧ ਨੂੰ ਸਹੀ ਸਮਝਿਆ। ਇਸ ਯੁਧ ਲਈ ਸਭ ਤੋਂ ਪਹਿਲਾਂ ਤਾਂ ਉਸ ਨੇ ਸਾਰੇ ਸਿੰਘਾਂ ਨੂੰ ਗਤੀਸ਼ੀਲ ਤੇ ਅਗਤੀਸ਼ੀਲ ਟੁਕੜੀਆਂ ਤਰੁਣਾ ਦਲ ਤੇ ਬੁਢਾ ਦਲ ਵਿੱਚ ਵੰਡਿਆ ਤੇ ਫਿਰ ਅਗੋਂ ਮਿਸਲਾਂ ਵਿੱਚ ਵੰਡਿਆ ਤੇ ਵਿਸਥਾਰ ਨਾਲ ਸਾਰਾ ਢਾਂਚਾ ਗੁਰਿਲਾ ਯੁਦ ਲਈ ਤਿਆਰ ਕੀਤਾ।

ਮਜ਼ਬੂਤ ਤੇ ਢੁਕਵੀਂ ਜਥੇਬੰਦੀ ਬਣਾਉਣੀ ਤੇ ਵਿਸਥਾਰ

ਜ਼ਕਰੀਆ ਖਾਨ ਨਾਲ ਸੰਧੀ ਹੋਣ ਨਾਲ ਸਿਖਾਂ ਨੂੰ ਅਪਣੇ ਘਰੀਂ ਪਰਤਣ ਤੇ ਟਿਕ ਕੇ ਰੋਜ਼ੀ ਰੋਟੀ ਕਮਾਉਣ ਦਾ ਅਵਸਰ ਮਿਲ ਗਿਆ। ਕਪੂਰ ਸਿੰਘ ਨੇ ਸਾਰੇ ਸਿਖਾਂ ਨੂੰ ਜੋ ਪਹਾੜੀਂ, ਕੰਦਰੀਂ ਜਾਂ ਜੰਗਲੀਂ ਲੁਕੇ ਹੋਏ ਸਨ ਅਪਣੇ ਘਰ ਪਰਤਣ ਤੇ ਘਰ ਬਾਰ ਤੇ ਕੰਮ ਕਾਰ ਸੰਭਾਲਣ ਦਾ ਸੁਨੇਹਾ ਭੇਜਿਆ। ਸਾਰੇ ਸਿੰਘਾਂ ਨੂੰ ਇੱਕ ਸੂਤ ਪਰੋ ਕੇ ਭਵਿਖ ਲਈ ਤਿਆਰ ਕਰਨ ਦਾ ਬੀੜਾ ਵੀ ਨਵਾਬ ਕਪੂਰ ਸਿੰਘ ਨੇ ਚੁਕਿਆ। ਸਭ ਤੋਂ ਪਹਿਲਾਂ ਸਾਰਾ ਖਾਲਸਾ ਇਕਠਾ ਹੋ ਕੇ ਧਲ ਖਾਲਸਾ ਜਾਂ ਖਾਲਸਾ ਦਲ ਕਹਿਲਾਇਆ ਪਰ ਜਿਉਂ ਜਿਉਂ ਸਮੇਂ ਨਾਲ ਇਸ ਦੀ ਗਿਣਤੀ ਵਧਦੀ ਗਈ ਤਾਂ ਇਸ ਨੂੰ ਦੋ ਗੁਟਾਂ ਬੁਢਾ ਦਲ ਤੇ ਤਰੁਨਾ ਦਲ ਵਿੱਚ ਵੰਡ ਦਿਤਾ। ਬੁਢਾ ਦਲ ਵਿੱਚ 40 ਸਾਲ ਤੋਂ ਉਪਰ ਵਾਲੇ ਤੇ ਤਰੁਨਾ ਦਲ ਵਿੱਚ 40 ਸਾਲ ਤੋਂ ਥਲੇ ਵਾਲੇ ਸਿਖ ਰਖੇ ਗਏ। ਬੁਢਾ ਦਲ ਨੂੰ ਅੰਮ੍ਰਿਤਸਰ ਤੇ ਆਲੇ ਦੁਆਲੇ ਦੇ ਇਤਿਹਾਸਿਕ ਗੁਰਦਵਾਰਿਆ ਤੇ ਸਾਂਝੇ ਲੰਗਰ ਦੀ ਜ਼ਿਮੇਵਾਰੀ ਮਿਲੀ। ਬੁਢਾ ਦਲ ਦਾ ਇੰਚਾਰਜ ਨਵਾਬ ਕਪੂਰ ਸਿੰਘ ਸੀ ਤੇ ਤਰੁਨਾ ਦਲ ਦਾ ਇੰਚਾਰਜ ਹਰੀ ਸਿੰਘ ਢਿਲੋਂ ਨੂੰ ਬਣਾਇਆ ਗਿਆ। ਤਰੁਨਾ ਦਲ ਬੜਾ ਤੇਜ਼ ਤਰਾਰ ਦਲ ਸੀ, ਹਰ ਹਮਲੇ ਨੂੰ ਨਿਪਟਣਾ ਇਸ ਦੀ ਜ਼ਿਮੇਵਾਰੀ ਸੀ ਤੇ ਇਸ ਨੂੰ ਕੇਂਦਰੀ ਪੰਜਾਬ ਤੋਂ ਬਾਹਰ ਦੇ ਇਲਾਕਿਆ ਵਿੱਚ ਪ੍ਰਭਾਵ ਫੈਲਾਉਣੀ ਦੀ ਡਿਉਟੀ ਵੀ ਮਿਲੀ। ਸਮੁਚੇ ਖਾਲਸੇ ਦਾ ਪ੍ਰਬੰਧ ਨਵਾਬ ਕਪੂਰ ਸਿੰਘ ਅਧੀਨ ਰਿਹਾ। ਜਿਥੇ ਦੋਨਾਂ ਦਲਾਂ ਦੇ ਇਕਠਿਆਂ ਹੋਣ ਦੀ ਲੋੜ ਪੈਂਦੀ ਉਥੇ ਨਵਾਬ ਕਪੂਰ ਸਿੰਘ ਦੇ ਆਦੇਸ਼ ਚਲਦੇ। ਸਿਖਾਂ ਕਪੂਰ ਸਿੰਘ ਦੇ ਆਦੇਸ਼ ਮੰਨਣ ਵਿੱਚ ਅਪਣਾ ਮਾਣ ਸਮਝਦੇ। ਖਾਲਸਾ ਦਿਨੋ ਦਿਨ ਵਧ ਰਿਹਾ ਸੀ। ਜਦ ਤਰੁਣਾ ਦਲ ਦੀ ਗਿਣਤੀ 12000 ਦੇ ਕਰੀਬ ਹੋ ਗਈ ਤਾਂ ਇਸ ਨੂੰ ਅਗੋਂ ਮਿਸਲਾਂ ਵਿੱਚ ਵੰਡ ਦਿਤਾ ਗਿਆ।

ਬਾਬਾ ਦੀਪ ਸਿੰਘ (ਜਥਾ ਸ਼ਹੀਦਾਂ), ਭਾਈ ਕਰਮ ਸਿੰਘ (ਜਥਾ ਅੰਮ੍ਰਿਤਸਰੀਆਂ), ਭਾਈ ਕਾਹਨ ਸਿੰਘ (ਜਥਾ ਕਾਹਨ ਸਿੰਘ) ਭਾਈ ਦਸੌਂਧਾ ਸਿੰਘ (ਜਥਾ ਡਲੇਵਾਲੀਆਂ) ਤੇ ਭਾਈ ਬੀਰ ਸਿੰਘ (ਜਥਾ ਰੰਘਰੇਟਾ) ਪੰਜ ਜਥਿਆ ਦੇ ਇੰਚਾਰਜ ਬਣੇ। ਹਰ ਜਥੇ ਵਿੱਚ 2000 ਕ ਸਿਖ ਸਨ ਪਰ ਇਹ ਗਿਣਤੀ ਵਧਦੀ ਘਟਦੀ ਰਹਿੰਦੀ ਸੀ। ਸਾਂਝਾ ਲੰਗਰ ਹੁਣ ਜਥਿਆਂ ਦੇ ਸਾਂਝੇ ਲੰਗਰਾਂ ਵਿੱਚ ਵੰਡ ਦਿਤਾ ਗਿਆਸੀ ਤੇ ਹੁਣ ਹਰ ਜਥੇ ਦਾ ਸਾਂਝਾ ਲੰਗਰ ਹੁੰਦਾ ਸੀ। ਸਾਰੇ ਸਿੰਘ ਇੱਕ ਥਾਂ ਖਾਂਦੇ, ਪਹਿਨਦੇ ਤੇ ਰਹਿੰਦੇ ਸਨ। ਕੋਈ ਜਥਾ ਅਪਣੇ ਕੋਲ ਕੁੱਝ ਨਹੀਂ ਸੀ ਰਖਦਾ ਸਾਰੇ ਲੁਟਿਆ ਖਟਿਆ ਕਮਾਇਆ ਨਵਾਬ ਕਪੂਰ ਸਿੰਘ ਕੋਲ ਲੈ ਕੇ ਆਉਂਦੇ ਜਿਸ ਦਾ ਹਿਸਾਬ ਇੱਕ ਰਜਿਸਟਰ (ਮਿਸਲ) ਵਿੱਚ ਦਰਜ ਹੁੰਦਾ। ਮਿਸਲ ਦਾ ਸਾਰਾ ਹਿਸਾਬ ਕਿਤਾਬ ਜਸਾ ਸਿੰਘ ਆਹਲੂਵਾਲੀਆ ਕੋਲ ਹੁੰਦਾ ਸੀ। ਇਸੇ ਮਿਸਲ ਸਦਕਾ ਜਥਿਆਂ ਦਾ ਨਾਮ ਵੀ ਮਿਸਲ ਪੈ ਗਿਆ। ਹਰ ਜਥੇ ਦਾ ਅਪਣਾ ਝੰਡਾ ਤੇ ਧੌਂਸਾ ਸੀ ਤੇ ਅਪਣੇ ਆਪ ਵਿੱਚ ਇੱਕ ਰਿਆਸਤ ਦੀ ਤਰ੍ਹਾ ਕੰਮ ਕਰਦੇ ਸਨ। ਜੋ ਜਥਾ ਕਿਸੇ ਵੀ ਇਲਾਕੇ ਉਤੇ ਜਿਤ ਹਾਸਲ ਕਰਦਾ ਉਸ ਦਾ ਰਿਕਾਰਡ ਜਸਾ ਸਿੰਘ ਆਹਲੂਵਾਲੀਆ ਮਿਸਲ ਵਿੱਚ ਦਰਜ ਕਰ ਲਿਆ ਜਾਂਦਾ ਤੇ ਇਸ ਬਾਰੇ ਬਾਕੀ ਮਿਸਲਾਂ ਨੂੰ ਇਤਲਾਹ ਦਿਤੀ ਜਾਂਦੀ ਤਾਂ ਕਿ ਕੋਈ ਆਪਸੀ ਝਗੜਾ ਨਾ ਉਠੇ। ਜੇ ਕੋਈ ਝਗੜਾ ਉਠਦਾ ਵੀ ਤਾਂ ਉਸਦਾ ਨਿਪਟਾਰਾ ਨਵਾਬ ਕਪੂਰ ਸਿੰਘ ਕਰਦੇ ਜਿਸ ਵਿੱਚ ਕਦੇ ਵੀ ਕੋਈ ਕਿੰਤੂ ਪ੍ਰੰਤੂ ਨਹੀਂ ਹੁੰਦਾ ਸੀ। ਇਹ ਬੜਾ ਪ੍ਰਭਾਵਸ਼ਾਲੀ ਢਾਂਚਾ ਸੀ ਜਿਸ ਨੇ ਸਾਰੀ ਸਿਖ ਕੌਮ ਨੂੰ ਜੋੜੀ ਹੀ ਨਹੀਂ ਰਖਿਆ ਸਗੋਂ ਅਗੇ ਵਧਣ ਫੁਲਣ ਵਿੱਚ ਮਦਦ ਵੀ ਕੀਤੀ।

ਸਿਖਾਂ ਦਾ ਵਧਦਾ ਦਬਦਬਾ ਤੇ ਫੈਲਦਾ ਅਧਿਕਾਰ ਜ਼ਕਰੀਆ ਖਾਨ ਕਦੋਂ ਜਰਨ ਵਾਲਾ ਸੀ। ਕਪੂਰ ਸਿੰਘ ਦਾ ਜ਼ਕਰੀਆ ਖਾਨ ਬਾਰੇ ਖਦਸ਼ਾ ਉਦੋਂ ਦੂਰ ਹੋ ਗਿਆ ਜਦ ਉਸ ਨੇ ਕਪੂਰ ਸਿੰਘ ਕੋਲ ਸ਼ਕਾਇਤਾਂ ਲਾਈਆਂ ਕਿ ਸਿਖ ਲਹੌਰੋਂ ਬਾਹਰ ਦਿਲੀ ਦਰਬਾਰ ਦੇ ਇਲਾਕਿਆ ਉਪਰ ਕਬਜ਼ਾ ਕਰ ਰਹੇ ਹਨ ਉਨ੍ਹਾਂ ਨੂੰ ਰੋਕੋ ਤੇ ਸਾਰੇ ਸਿਖਾਂ ਨੂੰ ਕਹੋ ਕਿ ਜੇ ਉਨ੍ਹਾਂ ਦਾ ਗੁਜ਼ਾਰਾ ਮਿਲੀ ਜਗੀਰ ਤੇ ਨਹੀਂ ਚਲਦਾ ਤਾਂ ਉਹ ਆਕੇ ਉਸ ਕੋਲ ਨੌਕਰ ਲਗ ਸਕਦੇ ਹਨ ਉਨ੍ਹਾਂ ਨੂੰ ਨੌਕਰੀ ਦੀ ਪਹਿਲ ਦੇ ਅਧਾਰ ਤੇ ਦਿਤੀ ਜਾਵੇਗੀ। ਸਿਖਾਂ ਨੂੰ ਅਪਣੇ ਅਧੀਨ ਕਰਨ ਦੀ ਇਹ ਜ਼ਕਰੀਆ ਖਾਨ ਦੀ ਚਾਲ ਸੀ ਜਿਸ ਨੂੰ ਨਵਾਬ ਕਪੂਰ ਸਿੰਘ ਦਾ ਤੇਜ਼ ਦਿਮਾਗ ਇੱਕ ਦਮ ਸਮਝ ਗਿਆ ਤੇ ਉਸ ਨੇ ਜ਼ਕਰੀਆ ਖਾਨ ਦੀ ਪੇਸ਼ਕਸ਼ ਠੁਕਰਾ ਦਿਤੀ। ਜ਼ਕਰੀਆ ਖਾਨ ਨੇ ਫਸਲਾਂ ਦੀ ਕਟਾਈ ਤੋਂ ਪਹਿਲਾਂ ਹੀ 1735 ਵਿੱਚ ਕਪੂਰ ਸਿੰਘ ਦੀ ਨਵਾਬੀ ਜ਼ਬਤ ਕਰ ਲਈ ਤੇ ਸਿਖਾਂ ਉਪਰ ਫਿਰ ਤਸ਼ਦਦ ਦਾ ਦੌਰ ਚਲਾ ਦਿਤਾ ਤੇ ਸਿਖਾਂ ਦੇ ਦੁਬਾਰਾ ਇਕਠੇ ਹੋਣ ਤੋਂ ਪਹਿਲਾਂ ਹੀ ਕੁਚਲਣ ਦਾ ਮਨ ਬਣਾ ਲਿਆ।

ਗੁਰੀਲਾ ਯੁਧ ਦੀਆ ਝਲਕੀਆਂ

ਹੁਣ ਸਿਖ ਜਥੇਬੰਦ ਹੋ ਚੁਕੇ ਸਨ ਤੇ ਦੁਸ਼ਮਣ ਦੀ ਯੋਜਨਾ ਨੂੰ ਉਹ ਪਹਿਲਾਂ ਹੀ ਜਾਣਦੇ ਸਨ। ਜਿਥੇ ਜਿਥੇ ਵੀ ਹਮਲੇ ਹੁੰਦੇ ਸਿਖ ਇਕਠੇ ਹੋ ਕੇ ਟੁਟ ਪੈਂਦੇ ਤੇ ਸਰਕਾਰੀ ਦਸਤਿਆਂ ਨੂੰ ਭਾਜੜਾਂ ਪਾ ਦਿੰਦੇ। ਜ਼ਕਰੀਆ ਖਾਨ ਨੇ ਅਪਣੇ ਮੁਲਾਂ ਕਾਜ਼ੀਆਂ ਤੋਂ ਸਿਖਾਂ ਨੂੰ ਕਾਬੂ ਕਰਨ ਲਈ ਸੁਝਾ ਮੰਗਿਆ ਤਾਂ ਉਨ੍ਹਾ ਕਿਹਾ ਕਿ ਸਿਖ ਸ੍ਰੀ ਅੰਮ੍ਰਿਤਸਰ ਦੇ ਸਰੋਵਰ ਤੋਂ ਆਬੇ ਹਯਾਤ ਪੀਂਦੇ ਹਨ ਜਾਂ ਇਸ਼ਨਾਨ ਕਰਦੇ ਹਨ ਤੇ ਅਮਰ ਹੋ ਜਾਂਦੇ ਹਨ। ਤੁਸੀਂ ਉਨ੍ਹਾਂ ਦਾ ਇਹ ਸਰੋਵਰ ਉਕਾ ਹੀ ਖਤਮ ਕਰ ਦਿਉ ਜਾਂ ਇਸ ਤੇ ਪਹਿਰਾ ਬਿਠਾ ਦਿਉ, ਫਿਰ ਦੇਖਣਾ ਇਨ੍ਹਾਂ ਵਿਚੋਂ ਸ਼ਕਤੀ ਕਿਥੋਂ ਆਉਂਦੀ ਹੈ। ਜ਼ਕਰੀਆ ਖਾਨ ਨੇ ਸਲਾਹ ਨੂੰ ਵਾਜਬ ਸਮਝ ਮੁਹੰਮਦ ਬਖਸ਼ ਤੇ ਲਖਪਤ ਰਾਇ ਨੂੰ ਅੰਮ੍ਰਿਤਸਰ ਭੇਜਿਆ ਕਿ ਸਰੋਵਰ ਭਰ ਦੇਣ। ਸਿਖਾਂ ਨੂੰ ਪਤਾ ਲਗਾ ਤਾਂ ਉਨ੍ਹਾ ਨੇ ਜਵਾਬੀ ਹਮਲੇ ਕਰਕੇ ਕਈਆਂ ਨੂੰ ਮੌਤ ਦੇ ਘਾਟ ਉਤਾਰ ਦਿਤਾ। ਬਾਕੀ ਦੇ ਭਜ ਕੇ ਲਹੌਰ ਜਾ ਵੜੇ।

ਸਿਖਾਂ ਨੇ ਅਗਲੇ ਹਮਲਿਆਂ ਦੀ ਆਮਦ ਨੂੰ ਭਾਂਪ ਕੇ ਅੰਮ੍ਰਿਤਸਰ ਛਡ ਦਿਤਾ ਤੇ ਬਾਰੀ ਦੁਆਬ ਤੋਂ ਹੁੰਦੇ ਹੋਏ ਸਤਿਲੁਜ ਪਾਰ ਕਰਕੇ ਮਾਲਵੇ ਦੇ ਇਲਾਕੇ ਵਿੱਚ ਚਲੇ ਗਏ ਜਿਥੇ ਫੂਲਕੀਆਂ ਦਾ ਬੋਲਬਾਲਾ ਸੀ। ਫੂਲਕੀਆ ਮਿਸਲ ਦੇ ਆਲਾ ਸਿੰਘ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਤੇ ਨਵਾਬ ਕਪੂਰ ਸਿੰਘ ਤੋਂ ਅੰਮ੍ਰਿਤ ਵੀ ਛਕਿਆ। ਨਵਾਬ ਕਪੂਰ ਸਿੰਘ ਨੇ ਸੁਨਾਮ ਦਾ ਇਲਾਕਾ ਜਿਤ ਕੇ ਆਲਾ ਸਿੰਘ ਦੇ ਹਵਾਲੇ ਕਰ ਦਿਤਾ। ਸਰਹਿੰਦ ਤੇ ਹਮਲਾ ਕਰ ਕੇ ਉਥੋਂ ਦੇ ਨਵਾਬ ਨੂੰ ਹਰਾ ਕੇ ਉਸਦੇ ਇਲਾਕੇ ਅਪਣੀ ਮਿਸਲ ਦੀ ਜਗੀਰ ਬਣਾ ਲਏ।

ਦਿਵਾਲੀ ਮਨਾਉਣ ਸਿਖ ਮਾਝੇ ਵਲ ਮੁੜੇ ਤੇ ਅੰ੍ਰਿਤਸਰ ਆ ਟਿਕੇ। ਲਖਪਤ ਰਾਇ ਅੰਮ੍ਰਿਤਸਰ ਕੋਲ ਪਹਿਲਾਂ ਹੀ ਉਡੀਕ ਰਿਹਾ ਸੀ। ਬੁਢਾ ਦਲ ਤੇ ਤਰੁਣਾ ਦਲ ਮਿਲ ਕੇ ਲਖਪਤ ਰਾਇ ਤੇ ਟੁਟ ਪਏ ਤੇ ਲਹੌਰ ਜਾਣ ਤੋਂ ਪਹਿਲਾਂ ਉਸ ਨੂੰ ਬੁਰੀ ਤਰ੍ਹਾ ਭਾਂਜ ਦਿਤੀ। ਉਸ ਦਾ ਭਤੀਜਾ ਦੁਨੀ ਚੰਦ ਤੇ ਦੋ ਖਾਸ ਫੌਜਦਾਰ ਜਮਾਲ ਖਾਨ ਤੇ ਤਤਾਰ ਖਾਨ ਇਸ ਯੁਧ ਵਿੱਚ ਮਾਰੇ ਗਏ।

ਚੁਸਤੀ ਤੇ ਫੁਰਤੀ

ਸਿਖ ਜਿਸ ਤਰ੍ਹਾਂ ਅਚਾਨਕ ਹਮਲਾ ਕਰਦੇ ਤੇ ਲੁਟ ਘਸੁਟ ਕੇ ਗਾਇਬ ਹੋ ਜਾਂਦੇ ਇਹ ਮੁਗਲਾਂ ਲਈ ਸਭ ਤੋਂ ਚਿੰਤਾ ਜਨਕ ਸੀ। ਉਨ੍ਹਾਂ ਦੀ ਅਪਣੀ ਸੈਨਾ ਤਾਂ ਯੋਜਨਾ, ਤਿਆਰੀਆਂ ਤੇ ਪਹੁੰਚ ਵਿੱਚ ਏਨੀ ਦੇਰੀ ਲਾ ਦਿੰਦੀ ਕਿ ਜਦ ਤਕ ਉਹ ਭਾਰੀ ਬਰਕਮ ਸੈਨਾ ਲੈ ਕੇ ਸਿਖਾ ਤਕ ਪਹੁੰਚਦੇ ਸਿਖ ਉੜਣ ਛੂਹ ਹੋ ਗਏ ਹੁੰਦੇ। ਜਦ ਹਰਿਮੰਦਰ ਸਾਹਿਬ ਜਾਣ ਤੇ ਸਿਖਾਂ ਤੇ ਰੋਕ ਲਗੀ ਤਾਂ ਸਿਖ ਚੋਰੀ ਛੁਪੇ ਆਉਂਦੇ ਤੇ ਇਸ਼ਨਾਨ ਕਰ ਕੇ ਖਿਸਕ ਜਾਂਦੇ ਤੇ ਸੰਤਰੀ ਦੇਖਦੇ ਰਹਿ ਜਾਂਦੇ। ਜਦ ਸੁਖਾ ਸਿੰਘ ਮਹਿਤਾਬ ਸਿੰਘ ਨੇ ਮਸੇ ਰੰਗੜ ਤੇ ਹਮਲਾ ਕਰਕੇ ਉਸ ਦਾ ਸਿਰ ਨੇਜ਼ੇ ਤੇ ਟੰਗਿਆ ਤਾਂ ਦੁਸ਼ਮਣ ਦੇਖਦਾ ਹੀ ਰਹਿ ਗਿਆ। ਜਦ ਲਹੌਰ ਜਾ ਕੇ ਨਵਾਬ ਕਪੂਰ ਸਿੰਘ ਨੇ ਉਗਰਾਹੀ ਕੀਤੀ ਤਾਂ ਜ਼ਕਰੀਆ ਖਾਨ ਬੜਾ ਸੜਿਆ। ਜਦ ਨਾਦਿਰ ਸ਼ਾਹ ਦੇ ਖਜ਼ਾਨੇ ਸਿਖਾਂ ਨੇ ਅਖਨੂਰ ਲੁਟੇ ਤੇ ਇੱਕ ਦਮ ਗਾਇਬ ਹੋ ਗਏ ਤਾਂ ਨਾਦਰ ਸ਼ਾਹ ਵੀ ਅਚੰਭੇ ਨਾਲ ਭਰ ਗਿਆ ਤੇ ਸਿਖ ਰਾਜ ਦੀ ਪੇਸ਼ੀਨ ਗੋਈ ਕੀਤੀ।

ਚੜ੍ਹਦੀ ਕਲਾ ਤੇ ਸ਼ਹਾਦਤ ਦਾ ਜ਼ਜ਼ਬਾ

ਸਿਖ ਵਡੇ ਤੋਂ ਵਡੇ ਤਸੀਹੇ ਝਲਦੇ ਵੀ ਚੜ੍ਹਦੀ ਕਲਾ ਵਿੱਚ ਰਹਿੰਦੇ। ਛੋਟੇ ਘਲੂਘਾਰੇ ਵਿੱਚ 7000 ਸਿੰਗ ਸ਼ਹੀਦ ਹੋਣ ਪਿਛੋਂ ਵੀ ਸਿੰਘ ਚੜ੍ਹਦੀ ਕਲਾ ਵਿੱਚ ਰਹੇ ਤੇ ਜ਼ਕਰੀਆ ਖਾਨ ਨਾਲ ਜਾ ਆਢਾ ਲਾਇਆ। ਮਲਾਣਿਆਂ ਦੇ ਖਿਆਲ ਵਿੱਚ ਸਿਖਾਂ ਦੀ ਚੜਦੀ ਕਲਾ ਦਾਕਾਰਣ ਹਰਿਮੰਦਰ ਸਾਹਿਬ ਦਾ ਆਬੇ ਹਯਾਤ ਸੀ ਤੇ ਉਸ ਨੇ ਹਰਿਮੰਦਰ ਸਾਹਿਬ ਤੇ ਪਹਿਰੇ ਵੀ ਬਿਠਾਏ ਤੇ ਇਸ ਨੂਮ ਭਰਿਆ ਪਰ ਸਿਖਾਂ ਨੇ ਹਰਿਮੰਦਰ ਸਾਹਿਬ ਨੂੰ ਫਿਰ ਤਿਆਰ ਕਰ ਲਿਆ। ਪਰ ਉਨ੍ਹਾ ਦੀ ਚੜ੍ਹਦੀ ਕਲਾ ਅਪਣੇ ਗੁਰੁ ਦੀ ਸਿਖਿਅ ਤੇ ਆਗੂ ਤੇ ਭਰੋਸਾ ਸੀ ਜਿਸ ਲਈ ਨਵਾਬ ਕਪੂਰ ਸਿੰਘ ਬਵੈ ਯੋਗ ਸਮਝੇ ਜਾਂਦੇ ਸਨ। ਸਿਖਾਂ ਵਿੱਚ ਸ਼ਹਾਦਤ ਦਾ ਜ਼ਜ਼ਬਾ ਵੀ ਕਮਾਲ ਦਾ ਸੀ। ਨਵਾਬ ਕਪੂਰ ਸਿੰਘ ਉਹ ਸਿਖ ਸਰਦਾਰ ਸੀ ਜਿਸ ਨੇ ਸਿਖ ਕੌੰਮ ਨੂੰ ਉਸ ਵੇਲੇ ਸੰਭਾਲਿਆ ਜਦ ਸਮੇਂ ਦੀ ਸਰਕਾਰ ਨੇ ਸਿਖਾਂ ਨੂੰ ਖਤਮ ਕਰਨ ਦਾ ਦਾਈਆਂ ਕੀਤਾ ਹੋਇਆ ਸੀ। ਸਾਡਾ ਇਤਿਹਾਸ ਭਾਗ 2 ਪੰਨਾ

ਤੇ ਦਿਤੇ ਜ਼ਾਇਜ਼ੇ ਅਨੁਸਾਰ ਇਸ ਸਮੇਂ ਹੋਏ ਸਿਖਾਂ ਦੀ ਗਿਣਤੀ ਹੇਠ ਲਿਖੇ ਅਨੁਸਾਰ ਸੀ;

ਬਹਾਦਰ ਸ਼ਾਹ ਤੇ ਫਰੁਖਸ਼ੀਯਰ ਵੇਲੇ- 25000

ਅਬਦਸ ਸਮਦ ਖਾਨ ਵੇਲੇ - 20000 ਤੋਂ ਵਧ

ਜ਼ਕਰੀਆ ਖਾਨ ਵੇਲੇ 25000

ਛੋਟਾ ਘਲੂਘਾਰਾ 7000

ਸ਼ਾਹ ਨਵਾਜ਼ ਖਾਨ ਵੇਲੇ 1000

ਮੀਰ ਮੰਨੂੰ ਵੇਲੇ 40000 ਤੋਂ ਵਧ

ਅਦੀਨਾ ਬੇਗ ਵੇਲੇ 10000

ਵਡਾ ਘਲੂਘਾਰਾ 30000

ਅਬਦਾਲੀ ਵੇਲੇ ਹੋਰ ਸ਼ਹੀਦ 30000

ਜਹਾਦੀਆਂ ਜ਼ਮੀਦਾਰਾਂ ਕੋਲੋਂ 10000

ਕੁਲ 173000 ਤੋਂ ਵਧ

ਪ੍ਰੰਤੂ ਇਸ ਧਾਂਦਲੀ ਤੇ ਅਤਿਆਚਾਰੀ ਨਿਜ਼ਾਮ ਵਿੱਚ ਸਿਖਾਂ ਨੂੰ ਸੂਈ ਦੇ ਨਕੇ ਵਿਚੋਂ ਦੀ ਕਢਕੇ ਨਿਜਾਤ ਦਿਵਾਉਣ ਤੇ ਫਿਰ ਅਗੇ ਵਧਾਣ ਵਿੱਚ ਸਭ ਤੋਂ ਵਡਾ ਹਥ ਨਵਾਬ ਕਪੂਰ ਸਿੰਘ ਦਾ ਮੰਨਿਆਂ ਜਾਣਾ ਚਾਹੀਦਾ ਹੈ ਜਿਸ ਲਈ ਲਿਖਾਰ ਮਮਨਦੇ ਹਨ ਉਨ੍ਹਾ ਜਿਹਾ ਕੋਈ ਘਟ ਹੀ ਮਿਲਦਾ ਹੈ। ਸਾਡੇ ਇਤਿਹਾਸਕਾਰਾਂ ਨੇ ਉਸ ਨੂੰ ਸੂਰ, ਸਤੀ, ਦਤਾਤ, ਹਠੀ ਤੇ ਜਪੀ ਦਾ ਸਨਮਾਨ ਦਿਤਾ। ਨਵਾਬ ਕਪੂਰ ਸਿੰਘ ਸਿਖੀ ਆਚਰਣ ਦੀ ਮੂਰਤ, ਨਿਮਰਤਾ ਵਿੱਚ ਸਭ ਤੋਂ ਅਗੇ, ਨਿਰਭੈਤਾ ਵਿੱਚ ਸਿਖਰ ਉਤੇ ਅਤੇ ਇੱਕ ਤਕੜੇ ਜਥੇਦਾਰ, ਪ੍ਰਬੰਧਕ ਤੇ ਸਭ ਦੇ ਆਗੂ ਸਨ। (ਸਤਿਬੀਰ ਸਿੰਘ, ਸਾਡਾ ਇਤਿਹਾਸ, ਭਾਗ 2, ਪੰਨਾ 141)

ਧੀਰਜ, ਸੰਤੋਸ਼ ਤੇ ਸਹਿਣਸ਼ੀਲਤਾ

ਸਿਖ ਧਰਮ ਪ੍ਰਤੀ ਪ੍ਰਤੀਬਧਤਾ ਸਦਕਾ ਸਿਖਾਂ ਵਿੱਚ ਅਤਿਅੰਤ ਧਰਿਜ, ਸੰਤੋਸ਼ ਤੇ ਸਹਿਣਸ਼ੀਲਤਾ ਆ ਗਈ ਸੀ। ਜਿਸਤਰ੍ਹਾਂ ਮੁਗਲਈ ਸੈਨਾ ਉਨ੍ਹਾਂ ਉਤੇ ਅਤਿਆਚਾਰਾਂ ਦੇ ਪਹਾੜ ਢਾਈ ਜਾ ਰਹੀ ਸੀ, ਸਿਖ ਇਸ ਹਾਲਤ ਵਿੱਚ ਵੀ ਟੁਟੇ ਨਹੀਂ ਸੀ ਇਸ ਦਾ ਵਡਾ ਕਾਰਣ ਨਵਾਬ ਕਪੂਰ ਸਿੰਘ ਉਪਰ ਭਰੋਸਾ ਸੀ। ਮੁਗਲਾਂ ਦੀ ਇਤਨੀ ਅਤਤਾਈ ਵੀ ਸਿਖਾਂ ਨੂਮ ਡੁਲਾ ਨਾ ਸਕੀ ਤਾਂ ਉਹ ਇੱਕ ਤਰ੍ਹਾ ਨਾਲ ਅਕ ਥਕ ਗਏ ਸਨ ਤੇ ਸਿਖਾਂ ਨਾਲ ਸਮਝੌਤਿਆ ਦੀ ਰਾਹ ਭਾਲਦੇ ਰਹਿੰਦੇ ਸਨ। ਪਰ ਸਿਖ ਤਾਂ ਘਲੂਘਾਰਿਆ ਦੀ ਅਥਾਹ ਮਾਰ ਤੋਂ ਵੀ ਨਹੀਂ ਸਨ ਦਬੇ ਤੇ ਉਨ੍ਹਾਂ ਨੇ ਜ਼ਾਲਮਾਂ ਨੂੰ ਲਹੌਰ ਵੀ ਨਹੀਨ ਸੀ ਟਪਣ ਦਿਤਾ ਕਿ ਲਹੌਰ ਤੇ ਜਾ ਕਬਜ਼ਾ ਕੀਤਾ।

ਅਗਰਸਰ ਸੁਰਖਿਆ

ਸਿਖਾਂ ਨੇ ਦੁਸ਼ਮਣ ਦੇ ਹਮਲੇ ਨੂੰ ਉਡੀਕਣ ਦੀ ਥਾ ਹਮਲਾਵਰ ਉਪਰ ਹਮਲਾ ਕਰਨ ਦੀ ਨੀਤੀ ਅਪਣਾਈ। ਉਹ ਮੌਕਾ ਵੇਖਕੇ ਦੁਸ਼ਮਣ ਉਪਰ ਅਚਾਨਕ ਹਮਲਾ ਜਾ ਕਰਦੇ। ਨਵਾਬ ਕਪੂਰ ਸਿੰਗ ਦੀ ਅਗਵਾਈ ਵਿੱਚ ਫੈਸਲਾ ਕੀਤਾ ਗਿਆ ਕਿ ਮੁਗਲਾਂ ਦੇ ਖਜ਼ਾਨਿਆ ਉਪ ਹਮਲਾ ਕਰਨ ਨਾਲ ਉਨ੍ਹਾ ਦੀ ਮਾਇਕ ਹਾਲਤ ਕਮਜ਼ੋਰ ਹੋਵੇਗੀ ਤੇ ਸਿਖਾਂ ਨੂਮ ਯੁਧਾ ਦੀ ਤਿਆਰੀ ਲਈ ਯੋਗ ਮਾਇਆ ਮਿਲ ਜਾਵੇਗੀ। ਸੰਨ 1726 ਵਿੱਚ 4 ਲਖ ਰੁਪਏ ਦੇ ਕਰੀਬ ਸਰਕਾਰੀ ਖਜ਼ਾਨਾ ਬੜੇ ਸਖਤ ਬੰਦੋਬਸਤ ਅਧੀਨ ਮੁਲਤਾਨ ਤੋਂ ਦਿਲੀ ਲਿਜਾਇਆ ਜਾ ਰਿਹਾ ਸੀ। ਸਿਖਾਂ ਨੇ ਅਚਾਨਕ ਹਮਲਾ ਕਰਕੇ ਸੰਤਰੀਆ ਨੂਮ ਮਾਰਨਕੇ ਖਜ਼ਾਨਾੰ ਲੁਟ ਲਿਆ ਤੇ ਆ ਸਿਖਾਂ ਦੇ ਖਜ਼ਾਨੇ ਜਮਾ ਕਰਵਾਇਆ। ਇਸੇਤਰ੍ਹਾਂ ਲਹੌਰ ਤੋਂ ਕਸੂਰ ਜਾਂਦੇ ਖਜ਼ਾਨੇ ਨੂੰ ਵੀ ਲੁਟਿਆ ਤੇ ਮੁਰਤਜ਼ਾ ਖਾਨ ਦੇ ਦਿਲੀ ਵਲ ਜਾਂਦੇ ਘੋੜਿਆਂ ਨੂੰ ਵੀ ਲੁਟਿਆ। ਨਾਦਰ ਸ਼ਾਹ ਤੇ ਅਬਦਾਲੀ ਦੀ ਲੁਟ ਮਾਰ ਨੂੰ ਵੀ ਹਲਕਾ ਕੀਤਾ। ਕਲਮੁਕਲੇ ਮੁਗਲ ਸਿਪਾਹੀਆ ਉਪਰ ਹਮਲੇ ਤਾਂ ਆਮ ਗਲ ਸੀ ਸਿਖ ਔਰਤਾਂ ਵੀ ਕਈ ਵੀ ਮੁਗਲ ਸਿਪਾਹੀਆਂ ਨੂੰ ਅਚਾਨਕ ਹਮਲਾ ਕਰਕੇ ਮਾਰ ਸੁਟਦੀਆਂ। ਇਨ੍ਹਾਂ ਅਗਰਸਰ ਹਮਲਿਆਂ ਨੇ ਜ਼ਕਰੀਆਂ ਖਾਨ ਨੂੰ ਹਿਲਾ ਕੇ ਰਖ ਦਿਤਾ। ਜਦ ਉਸ ਨੇ ਸਮਝਿਆ ਕਿ ਸਿਖ ਖਤਮ ਹੋ ਗਏ ਹਨ ਤਾਂ ਸਿਖ ਹੋਰ ਜੋਸ਼ ਨਾਲ ਉਭਰੇ।

ਸਾਂਝੀ ਕੜੀ

ਨਵਾਬ ਕਪੂਰ ਸਿੰਘ ਦੀ ਸ਼ਖਸ਼ੀਅਤ ਹੀ ਅਜਿਹੀ ਸੀ ਖਿ ਦਲ ਖਾਲਸਾ/ਖਾਲਸਾ ਦਲ ਦੇ ਆਗੂ ਹੋਣ ਦੇ ਨਾਤੇ ਬੁਢਾ ਦਲ ਤੇ ਤਰੁਣਾ ਦ ਉਸ ਦਾ ਹਰ ਹੁਕਮ ਮੰਨਦੇ ਸਨ। ਉਹ ਦੋਨਾਂ ਦਲਾਂ ਵਿਚਕਾਰ ਇੱਕ ਮਜ਼ਬੂਤ ਕੜੀ ਸੀ। ਉਹ ਸੰਤ ਸੁਭਾ, ਭਰਵਾਂ ਜੁਸਾ, ਰੋਬਦਾਰ ਚਿਹਰਾ ਤੇ ਸਾਫ ਦਿਲ ਸਭ ਤੇ ਇਹੋ ਜਿਹਾ ਪ੍ਰਭਾਵ ਪਾਉਂਦੇ ਸਨ ਕਿ ਸਾਰੇ ਸਿਖ ਉਸ ਦੇ ਹੁਕਮ ਅਗੇ ਖੁਸ਼ੀ ਖੁਸ਼ੀ ਸਿਰ ਨਿਵਾਉਂਦੇ ਸਨ। ਉਸ ਦੇ ਹਥੋਂ ਅੰਮ੍ਰਿਤ ਪਾਨ ਕਰਨਾ ਹਰ ਸਿਖ ਲਈ ਸੁਭਾਗ ਮੰਨਿਆਂ ਜਾਂਦਾ ਸੀ।

ਮਾਇਆ ਪ੍ਰਬੰਧ

ਖਾਲਸੇ ਨੇ ਮਤਾ ਪਾਕੇ ਫੈਸਲਾ ਕੀਤਾ ਕਿ ਜੋ ਸਰਕਾਰੀ ਖਜ਼ਾਨੇ ਪਰਗਣਿਆਂ ਤੋਂ ਸੂਬੇ ਨੂੰ ਜਾਂਦੇ ਹਨ ਉਨ੍ਹਾਂ ਨੂੰ ਲੁਟਿਆ ਜਾਵੇ ਤਾਂ ਕਿ ਖਾਲਸੇ ਦੀਆਂ ਯੁਧ, ਲੰਗਰ ਤੇ ਜੀਵਨ ਲੋੜਾਂ ਪੂਰੀਆ ਹੋ ਸਕਣ। ਤਰਨਾ ਦਲ ਦੇ ਛੋਟੇ ਜਥੇ ਖਜ਼ਾਨਿਆ ਦੀ ਸੂਹ ਰਖਦੇ ਤੇ ਮੌਕਾ ਪਾ ਕੇ ਲੁਟਾਂ ਖੋਹਾਂ ਕਰ ਲੈਂਦੇ। ਸੰਨ 1739 ਦੀਆਂ ਗਰਮੀਆਂ ਵਿੱਚ ਜਦ ਨਾਦਰ ਸ਼ਾਹ ਜਦ ਪੰਜਾਬ ਨੂੰ ਰੌਦਦਾ ਹੋਇਆ ਦਿਲੀ ਤੇ ਚੜ੍ਹ ਗਿਆ ਤੇ ਬੇਸ਼ੁਮਾਰ ਦੌਲਤ, ਤਖਤੇ ਤਾਊਸ, ਕੋਹਿਨੂਰ ਹੀਰਾ, ਸੋਨੇ ਚਾਦੀ ਤੇ ਹੀਰੇ ਜਵਾਹਾਰਾਤ ਦੇ ਗਡੇ ਤੇ ਸੁੰਦਰ ਲੜਕੀਆਂ ਲੈ ਕੇ ਵਾਪਿਸ ਪਰਤਿਆ ਤਾਂ ਸਾਰਾ ਹਿੰਦੁਸਤਾਨ ਦਹਿਲਿਆ ਹੋਇਆ ਸੀ ਤੇ ਜ਼ਕਰੀਆ ਖਾਨ ਨੇ ਤਾਂ ਉਸ ਅਗੇ ਗੋਡੇ ਟੇਕ ਦਿਤੇ ਸਨ। ਮਿ: ਫਰੇਜ਼ਰ ਦੇ ਕਥਨ ਅਨੁਸਾਰ, ‘ਨਾਦਰਅਪਣੇ ਨਾਲ ਸਤਰ ਕ੍ਰੋੜ ਰੁਪਏ ਦਾ ਸੋਨਾ ਤੇ ਜਵਾਹਾਰਾਤ, ਵੀਹ ਕ੍ਰੋੜ ਰੁਪਏ ਤਾਵਾਨ-ਏ-ਜੰਗ, 1000 ਹਾਥੀ, 7000 ਘੋੜੇ, 10, 000 ਊਠ, 2000 ਚੰਗੇ ਕਾਰੀਗਰ ਤਰਖਾਣ, 130 ਖੁਸ਼ ਨਵੀਸ, 200 ਲੁਹਾਰ, 300 ਰਾਜ, 200 ਪਥਰ ਘਾੜੇ, 100 ਹਜਿੜੇ ਹਰਮ ਲਈ, 2200 ਔਰਤਾਂ, ਕੋਹਿਨੂਰ ਹੀਰਾ, ਤਖਤੇਤਾਉਸ਼ ਲੈ ਕੇ ਈਰਾਨ ਵਲ ਮੁੜਿਆ। ਸੁਰਖਿਆ ਤੇ ਵਧਦੀ ਗਰਮੀ ਦਾ ਖਿਆਲ ਕਰਕੇ ਉਹ ਪਹਾੜਾਂ ਦੇ ਨਾਲ ਨਾਲ ਜੰਮੂ ਹੁੰਦਾ ਹੋਇਆ ਚਨਾਬ ਦੇ ਨਾਲ ਨਾਲ ਅਖਨੂਰ ਪਹੁੰਚਿਆ ਤਾਂ ਨਵਾਬ ਕਪੂਰ ਸਿੰਘ ਨੇ ਜਸਾ ਸਿੰਘ ਆਹਲੂਵਾਲੀਆ ਦ ਅਗਵਾਈ ਹੇਠ ਸਿੰਘਾ ਦੇ ਜਥੇ ਭੇਜੇ ਜਿਨ੍ਹਾਂ ਨੇਸਭ ਤੋਂ ਪਹਿਲਾਂ 2200 ਲੜਕੀਆਂ ਛੁਡਵਾ ਕੇ ਘਰੋ ਘਰੀ ਪਹੁੰਚਾਈਆਂ ਤੇ ਉਸ ਦੇ ਖਜ਼ਾਨੇ ਤੇ ਵੀ ਹਥ ਸਾਫ ਕੀਤਾ (ਸਤਿਬੀਰ ਸਿੰਘ, ਸਾਡਾ ਇਤਿਹਾਸ ਭਾਗ 2, ਪੰਨਾ 156)

ਲੰਗਰ ਪ੍ਰਬੰਧ

ਲੰਗਰ ਦੀ ਸੇਵਾ ਕਰਨਾ ਉਸ ਨੂੰ ਪਰਿਵਾਰ ਤੋਂ ਵਿਰਸੇ ਵਿੱਚ ਮਿਲਿਆ ਸੀ ਜਿਸ ਨੂੰ ਉਨ੍ਹਾ ਨੇ ਆਖਰ ਤਕ ਨਿਭਾਹਿਆ। ਪਹਿਲਾਂ ਪਹਿਲ ਸਾਰੇ ਸਿਖਾਂ ਦਾ ਲੰਗਰ ਇਕੋ ਥਾ ਹੁੰਦਾ ਸੀ ਜਿਸ ਦਾ ਪ੍ਰਬੰਧ ਕਪੂਰ ਸਿੰਘ ਕਰਦੇ ਸਨ। ਨਵਾਬ ਬਣੇ ਤਾਂ ਲੰਗਰ ਦੀ ਸੇਵਾ ਬਰਕਰਾਰ ਰਖਣ ਲਈ ਪੰਥ ਤੋਂ ਮਨਜ਼ੂਰੀ ਲੈ ਲਈ ਤੇ ਆਖਰ ਤਕ ਨਿਬਾਹੀ। ਇਹ ਮਸ਼ਹੂਰ ਸੀ ਕਿ ਉਸ ਦਾ ਲੰਗਰ ਚੌਵੀ ਘੰਟੇ ਖੁਲ੍ਹਾ ਰਹਿੰਦਾ ਸੀ ਤੇ ਦਾਲਾਂ ਬਣਾਉਣ ਦੀ ਜ਼ਿਮੇਵਾਰੀ ਉਹ ਖੁਦ ਨਿਭਾਉਂਦੇ। ਲੋੜਵੰਦ ਨੂੰ ਕਪੜੇ ਵੀ ਵੰਡਦੇ। ਜਦ ਮਿਸਲਾਂ ਬਣੀਆਂ ਤੇ ਲੰਗਰ ਮਿਸਲ ਅਨੁਸਾਰ ਬਣਨ ਲਗੇ ਤਾਂ ਸਾਰੇ ਰਸਦ ਪਾਣੀ ਦਾ ਹਿਸਾਬ ਉਨ੍ਹਾ ਦੀ ਨਿਗਾਹ ਥਲੇ ਜਸਾ ਸਿੰਘ ਆਹਲੂਵਾਲੀਆ ਕਰਦੇ ਤੇ ਜਿਥੇ ਥੁੜਦਾ ਨਵਦਾ ਹੁੰਦਾ ਰਸਦ ਪਹੁੰਚਾਉਂਦੇ। ਮੌਲਵੀ ਸ਼ਾਹ ਨੇ ਨਵਾਬ ਕਪੂਰ ਸਿੰਘ ਨੂੰ ਬੜਾ ਪ੍ਰਤਾਪੀ, ਸੁੰਦਰ ਤੇ ਨਿਹਾਇਤ ਦਾਨੀ ਲਿਖਿਆ ਹੈ। ਉਸ ਦੇ ਲੰਗਰ ਵਿੱਚ ਹਰ ਵਕਤ ਭੁਖਿਆਂ ਨੂੰ ਪ੍ਰਸ਼ਾਦ ਤੇ ਪਹਿਨਣ ਨੂੰ ਵਸਤਰ ਮਿਲਦੇ ਸਨ। ਜੋ ਵੀ ਇੱਕ ਵਾਰ ਉਨ੍ਹਾ ਨੂੰ ਮਿਲਦਾ ਉਸ ਦਾ ਦਿਲ ਉਨ੍ਹਾਂ ਤੋਂ ਵਿਛੜ ਨਾ ਸਕਦਾ। ਗਿਆਨੀ ਗਿਆਨ ਸਿੰਘ ਲਿਖਦੇ ਹਨ ਕਿ ਧਨ ਤੇ ਮਾਲਕੀ ਕਰਕੇ ਕਈ ਮਿਸਲਾਂ ਨਵਾਬ ਕਪੂਰ ਸਿੰਘ ਦੀ ਮਿਸਲ ਨਾਲੋਂ ਵਡੀਆਂ ਸਨ ਪਰ ਉਨ੍ਹਾ ਦੀ ਬਜ਼ੁਰਗੀ ਤੇ ਪਾਵਨ ਆਚਰਣ ਹੋਣ ਦੇ ਕਾਰਨ ਸਾਰੇ ਹੀ ਉਸ ਨੂੰ ਆਗੂ ਸਮਝਦੇ ਸਨ ਅਤੇ ਸਾਰੀਆ ਮਿਸਲਾਂ ਨਵਾਬ ਕਪੂਰ ਸਿੰਘ ਦਾ ਹਰ ਤਰ੍ਹਾਂ ਨਾਲ ਅਦਬ ਤੇ ਸਤਿਕਾਰ ਕਰਦੀਆਂ ਰਹਿੰਦੀਆ ਸਨ। ਫਤਹਿ ਨੇ ਸਦਾ ਹੀ ਉਸ ਦੇ ਪੈਰ ਚੁੰਮੇ। (ਸਤਿਬੀਰ ਸਿੰਘ: ਸਾਡਾ ਇਤਿਹਾਸ ਭਾਗ 2, ਪੰਨਾ 138)

ਧਰਾਤਲ ਤਿਆਰ ਕਰਨਾ

ਜਦ ਸਿਖਾਂ ਲਈ ਅਪਣੇ ਘਰਾਂ ਵਿੱਚ ਰਹਿਣਾ ਅਸੁਰਖਿਅਤ ਹੋ ਗਿਆ ਤਾਂ ਉਹ ਪਰਬਤਾਂ ਤੇ ਜੰਗਲਾਂ ਵਲ ਵਧੇ ਪਰ ਪਹਿਲੇ ਵਡੇ ਘਲੂਘਾਰੇ ਵਿੱਚ 7000 ਦੇ ਕਰੀਬ ਸਿਖ ਕਾਹਨੂੰ ਵਾਨ ਦੇ ਛੰਭ ਵਿੱਚ ਸ਼ਹੀਦ ਕੀਤੇ ਗਏ ਤਾਂ ਸਿੰਘਾਂ ਨੇ ਅਗੋਂ ਲਈ ਫੂਲਕੀਆ ਰਿਆਸਤ ਦੇ ਇਲਾਕੇ ਨੂੰ ਚੁਣਿਆ। ਸਰਹਿੰਦ ਦੀ ਮਾਰ ਮਾਰ ਕੇ ਉਧਰਲਾ ਸਾਰਾ ਇਲਾਕਾ ਅਪਣੇ ਕਬਜ਼ੇ ਵਿੱਚ ਲੈ ਲਿਆ ਤੇ ਨਾਲ ਹੀ ਕੁੱਝ ਦਸਤਿਆਂ ਨੂੰ ਲਖੀ ਜੰਗਲ ਵਿੱਚ ਡੇਰੇ ਲਾਉਣ ਲਈ ਕਿਹਾ। ਵਡੇ ਘਲੂਘਾਰੇ ਵਿੱਚ ਸਿੰਘ ਪਰਿਵਾਰਾਂ ਸਮੇਤ ਇਨ੍ਹਾਂ ਇਲਾਕਿਆਂ ਵਲ ਹੀ ਜਾ ਰਹੇ ਸਨ ਜਦੋਂ ਅਬਦਾਲੀ ਨੇ ਇੱਕ ਪਾਸਿਓਂ ਤੇ ਮਲੇਰੀਏ ਨੇ ਦੂਜੇ ਪਾਸਿਓਂ ਘੇਰ ਕੇ ਤਕਰੀਬਨ 30000 ਦੇ ਕਰੀਬ ਸਿਖ ਸ਼ਹੀਦ ਕੀਤੇ। ਇਸ ਪਿਛੋਂ ਸਿਖਾਂ ਨੇ ਲਖੀ ਜੰਗਲ ਨੂੰ ਦੂਜਾ ਘਰ ਬਣਾ ਲਿਆ ਕਿਉਂ ਕਿ ਏਧਰ ਫੂਲਕੀਆਂ ਰਿਆਸਤ ਦਾ ਪ੍ਰਭਾਵ ਸੀ ਤੇ ਰਾਜਿਸਥਾਨ ਦੇ ਰਾਜਪੂਤਾਂ ਦਾ ਇਲਾਕਾ ਨੇੜੇ ਪੈਂਦਾ ਸੀ ਜੋ ਸਿਖਾ ਦੇ ਹਮਦਰਦ ਸਨ। ਮਸਾ ਰੰਗੜ ਦਾ ਕਤਲ ਏਥੋਂ ਆਕੇ ਹੀ ਮਹਿਤਾਬ ਸਿੰਘ ਨੇ ਕੀਤਾ। ਬੁਢਾ ਦਲ ਧਾਰਮਿਕ ਸਥਾਨਾਂ ਦੀ ਰਖਵਾਲੀ ਕਰਦਾ ਤਾਂ ਤਰੁਨਾ ਦਲ ਜਦ ਵੀ ਲੋੜ ਪੈਂਦੀ ਜਵਾਬੀ ਹਮਲੇ ਲਈ ਤਿੳਾਰ ਬਰ ਤਿਆਰ ਮਿਲਦਾ। ਇਹ ਇੱਕ ਪੈਰ ਧਰਤੀ ਤੇ ਅਤੇ ਦੂਜਾ ਪੈਰ ਉਪਰ ਰਖਣ ਦੀ ਬਹੁਤ ਵਧੀਆ ਯੋਜਨਾ ਸੀ।

ਸਿਖ ਧਰਮ ਦਾ ਪਰਚਾਰ ਪ੍ਰਸਾਰ

ਕਪੂਰ ਸਿੰਘ ਸਿਖਾਂ ਦਾ ਰਾਜਸੀ ਆਗੂ ਹੀ ਨਹੀਂ ਧਾਰਮਿਕ ਆਗੂ ਵੀ ਸੀ। ਉਸ ਨੇ ਸਿਖੀ ਦੀ ਪੜਾਣ ਬਣਾਈ ਰਖਣ ਲਈ ਅਣਥਕ ਮਿਹਨਤ ਕੀਤੀ। ਉਸ ਨੇ ਹਜ਼ਾਰਾਂ ਸਿਖਾਂ ਨੂੰ ਅੰਮ੍ਰਿਤ ਛਕਾਇਆ। ਉਹ ਇੱਕ ਵਡੇ ਕੜਾਹੇ ਵਿੱਚ ਅੰਮ੍ਰਿਤ ਤਿਆਰ ਕਰਦਾ ਤੇ ਹਜ਼ਾਰਾਂ ਨੂੰ ਇਕੋ ਪਾਲ ਵਿੱਚ ਅੰਮ੍ਰਿਤ ਛਕਾਉਂਦਾ। ਜੋ ਬਚ ਜਾਂਦਾ ਝਾੜੀਆਂ ਤੇ ਛਿੜਕ ਕੇ ਕਹਿੰਦਾ: "ਮੈਂ ਗੁਰੂ ਗੋਬਿੰਦ ਸਿੰਘ ਦੀ ਸਿਖੀ ਪੌਦਿਆ ਤਕ ਵੀ ਫੈਲਾ ਰਿਹਾ ਹਾਂ"। (ਸੀਤਲ, ਪੰਨੇ 82-83) ਉਸਦੇ ਹਥੋਂ ਅੰਮਿਤਪਾਨ ਕਰਨ ਵਾਲਿਆਂ ਵਿੱਚ ਮਹਰਾਜੇ ਮਹਾਰਾਜੇ ਤੇ ਵਡੁ ਸਿਖ ਯੋਧੇ ਵੀ ਸ਼ਾਮਿਲ ਸਨ। ਬਾਬਾ ਆਲਾ ਸਿੰਘ, ਜਸਜੀਤ ਸਿੰਘ ਤੇ ਜਸਾ ਸਿੰਘ ਆਹਲੂਵਾਲੀਆ ਉਨ੍ਹਾ ਕੋਲੋਂ ਹੀ ਅੰਮ੍ਰਿਤ ਪਾਨ ਕਰਨ ਵਾਲੇ ਸਿੰਘ ਸਨ।

ਮੁਖ ਇਰਾਦਾ ਸਿਖਾਂ ਤੇ ਸਿਖੀ ਨੂੰ ਬਚਾਈ ਰਖਣ ਦਾ ਸੀ, ਇਸ ਲਈ ਸਿਖੀ ਦਾ ਪਰਚਾਰ ਪਰਸਾਰ ਵੀ ਜ਼ੋਰ ਸ਼ੋਰ ਨਾਲ ਸ਼ੁਰੂ ਕੀਤਾ ਗਿਆ। ਕਪੂਰ ਸਿੰਘ ਅਧੀਨ ਬੁਢਾ ਦਲ ਨੇ ਸਿਖੀ ਪਰਚਾਰ, ਨਵੇਂ ਬਣੇ ਸਿਖਾਂ ਦੀ ਸਿਖਲਾਈ ਤੇ ਸੰਭਾਲ ਤੇ ਅੰਮ੍ਰਿਤ ਸੰਚਾਰ ਦੀਆਂ ਜ਼ਿਮੇਵਾਰੀਆਂ ਸੰਭਾਲੀਆਂ। ਧਾਰਮਿਕ ਸੰਸਥਾਵਾਂ ਦਾ ਪ੍ਰਬੰਧ ਵੀ ਨਂਵਾਬ ਕਪੂਰ ਸਿੰਘ ਅਧੀਨ ਬੁਢਾ ਦਲ ਨੇ ਸਾਰੇ ਅਪਣੇ ਜ਼ਿਮੇ ਲਿਆ। ਸਿਖੀ ਪਰਚਾਰ ਦੀ ਲਗਨ ਕਪੂਰ ਸਿੰਘ ਦੇ ਹਿਰਦੇ ਵਿੱਚ ਠਾਠਾਂ ਮਾਰਦੀ ਰਹਿੰਦੀ ਸੀ। ਲਤੀਫ ਲਿਖਦਾ ਹੈ, "ਕੋਈ ਵੀ ਪ੍ਰਭਾਵਤ ਹੋਏ ਬਿਨਾ ਨਹੀਂ ਸੀ ਰਹਿ ਸਕਦਾ। ਹਜ਼ਾਰਾਂ ਦੀ ਗਿਣਤੀ ਵਿੱਚ ਜਟਾਂ, ਤਰਖਾਣਾਂ, ਜੁਲਾਹਿਆਂ. ਝੀਵਰਾਂ ਤੇ ਖਤਰੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਪੰਥ ਵਿੱਚ ਪ੍ਰਵੇਸ਼ ਕਰਵਾਇਆ। ਇਸ ਦੀ ਯੋਗ ਅਗਵਾਈ ਸਦਕਾ ਪੰਥ ਚੋਟੀ ਤੇ ਪੁਜਾ। (ਮੁਹੰਮਦ ਲਤੀਫ, ਹਿਸਟਰੀ ਆਫ ਪੰਜਾਬ, ਪੰਨਾ 323)

ਕਨਹੀਆ ਲਾਲ ਦਾ ਕਹਿਣਾ ਹੈ ਕਿ ਸਿਖ ਨਵਾਬ ਕਪੂਰ ਸਿੰਘ ਨੂੰ ਆਗੂ ਮੰਨਣ ਵਿੱਚ ਖੁਸ਼ੀ ਪ੍ਰਤੀਤ ਕਰਦੇ ਸਨ। ਉਸ ਹਥੋਂ ਅੰਮ੍ਰਿਤ ਛਕਣਾ ਫਖਰ ਸਮਝਦੇ ਸਨ। ਉਨ੍ਹਾ ਨੇ ਬਿਨਾ ਵਿਤਕਰੇ ਹਜ਼ਾਰਾਂ ਨੂੰ ਅੰਮ੍ਰਿਤ ਛਕਾਇਆ। ਫੂਲਕੀਆਂ ਦੇ ਮੁਖੀ ਬਾਬਾ ਆਲਾ ਸਿੰਘ ਨੇ ਵੀ ਕਪੂਰ ਸਿੰਘ ਤੋਂ ਅੰਮ੍ਰਿਤ ਛਕਿਆ ਤੇ ਇਸੇ ਦੀ ਯਾਦ ਵਿੱਚ ਉਸ ਨੇ ਠੀਕਰੀਵਾਲ ੇਵਿਚ ਜਿਥੇ ਅੰਮ੍ਰਿਤ ਛਕਿਆ ਸੀ ਇਖ ਖੂਹ ਲਗਵਾਇਆ।

ਅੰਮ੍ਰਿਤਸਰ ਸਰੋਵਰ ਦੀ ਰਾਖੀ

ਜਦ ਨਵਾਬ ਕਪੂਰ ਸਿੰਘ ਨੇ ਖਾਲਸਾ ਦਲ ਨੂੰ ਬੁਢਾ ਦਲ ਤੇ ਤਰਣਾ ਦਲ ਵਿੱਚ ਵੰਡਿਆ ਤੇ ਬੁਢਾ ਦਲ ਦਾ ਚਾਰਜ ਾਪ ਸੰਭਾਲਿਆ ਤਾਂ ਉਸ ਵੇਲੇ ਉਸ ਦੇ ਮਨ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਸੁਰਖਿਆ ਜ਼ਰ੍ਰੁ ਧਿਆਨ ਵਿੱਚ ਸੀ ਜਿਸ ਲਈ ਉਸ ਨੇ ਬੁਢਾ ਦਲ ਨੂੰ ਹਰਿਮੰਦਰ ਸਾਹਿਬ ਤੇ ਹੋਰ ਗੁਰਦਵਾਰਿਆਂ ਦੀ ਸਾਂਭ ਸੰਭਾਲ ਦਾ ਜ਼ਿਮਾ ਦਿਤਾ। ਇਸ ਲਈ ਹਰਿਮੰਦਰ ਸਾਹਿਬ ਵਿੱਚ ਜੋ ਵੀ ਘਟਨਾ ਜਾਂ ਹਮਲਾ ਹੋਇਆ ਉਸ ਨਾਲ ਉਸ ਦਾ ਪਰੋਖ ਜਾਂ ਅਪਰੋਖ ਰੂਪ ਵਿੱਚ ਸਬੰਧ ਜ਼ਰੂਰ ਸੀ।

ਮੁਲਾਂ ਮੁਲਾਣਿਆਂ ਨੇ ਨਾਦਰ ਨੂੰ ਵੀ ਦਸਿਆ ਕਿ ਸਿਖਾਂ ਦੀ ਤਾਕਤ ਆਬੇ ਹਯਾਤ ਹੈ ਜੋ ਅੰਮ੍ਰਿਤਸਰ ਵਿਖੇ ਹੈ। ਜ਼ਕਰੀਆ ਖਾਨ ਨਾਦਰ ਸ਼ਾਹ ਦਾ ਇਸ਼ਾਰਾ ਸਮਝ ਗਿਆ ਤੇ ਉਸ ਨੇ ਸਿਖਾਂ ਨੂੰ ਮੁਕਾਉਣ ਦੀ ਮੁਹਿੰਮ ਫਿਰ ਤੇਜ਼ ਕਰ ਦਿਤੀ ਤੇ ਐਲਾਨ ਕੀਤਾ:

ਸਿਰ ਪਰ ਹੋਵੈਂ ਜਿਸ ਕੇ ਕੇਸ। ਰਹਿਣ ਨ ਦੇਨੋ ਅਪਣੇ ਦੇਸ।

ਸੰਨ 1721 ਵਿੱਚ ਸਿਖਾਂ ਨੂੰ ਹਰਿਮੰਦਰ ਤੋਂ ਦੂਰ ਰਖਣ ਲਈ ਪਹਿਰੇ ਲਾ ਦਿਤੇ ਗਏ। ਸਿਖ ਅਜੇ ਪਹਾੜਾਂ ਜੰਗਲਾਂ ਵਿੱਚ ਹੀ ਸਨ ਪਰ ਭੇਸ ਬਦਲ ਕੇ ਫੁਰਤੀ ਨਾਲ ਸਰੋਵਰ ਵਿੱਚ ਚੁਭੀ ਜ਼ਰੂਰ ਲਾ ਜਾਂਦੇ ਸਨ। ਸੰਨ 1726 ਦੀ ਵਿਸਾਖੀ ਨੂੰ ਸਿਖ ਹਰਿਮੰਦਰ ਸਾਹਿਬ ਇਕਠੇ ਹੋੲ ਤਾਂ ਅਬਦੁਸ ਸਮਦ ਨੇ ਮੁਗਲ ਜਰਨੈਲ ਅਸਲਮ ਖਾਨ ਨੂੰ ਸਿਖਾਂ ਨੂੰ ਮਾਰਨ ਲਈ ਭੇਜਿਆ। ਉਸ ਦੇ ਨਾਲ ਪਟੀ ਦਾ ਹਰਸਹਾਇ ਤੇ ਡੇਰਾ ਵੀ ਸਨ। ਸਿਖਾਂ ਨੇ ਮੂੰਹ ਤੋੜਵਾਂ ਜਵਾਬ ਦੇ ਕੇ ਹਰ ਸਹਾਇ ਨੂੰ ਮੌਤ ਦੇ ਘਾਟ ਉਤਾਰ ਦਿਤਾ ਤੇ ਅਸਲਮ ਖਾਨ ਅਤੇ ਡੇਰਾ ਭਜ ਗਏ।

ਜਦ ਸਿਖਾਂ ਨੂੰ ਜਗੀਰ ਮਿਲੀ ਤਾਂ ਹਰਿਮੰਦਰ ਸਾਹਿਬ ਆਉਣਾ ਜਾਣਾ ਖੁਲ੍ਹਾ ਹੋ ਗਿਆ। ਭਾਈ ਮਨੀ ਸਿੰਘ ਦਿਵਾਲੀ ਤੇ ਵਿਸਾਖੀ ਮਨਾਉਂਦੇ ਜਦੋਂ ਸਰਬਤ ਖਾਲਸਾ ਵੀ ਗੁਰਮਤੇ ਪਾਸ ਕਰਦਾ। 1735 ਵਿੱਚ ਜਗੀਰ ਖੁਸਣ ਪਿਛੋਂ ਇਹ ਇਕਠ ਹੋਣੇ ਬੰਦ ਹੋਗਏ। 1738 ਦੀ ਦਿਵਾਲੀ ਨੂੰ ਭਾਈ ਮਨੀ ਸਿੰਘ ਨੇ ਇਕਠ ਦੀ ਸੋਚੀ। ਜਦ ਦਿਵਾਲੀ ਦਾ ਮੇਲਾ ਨੇੜੇ ਆਇਆ ਤਾਂ ਭਾਈ ਮਨੀ ਸਿੰਘ ਨੇ ਪੁਰਬ ਮਨਾਉਣ ਦੀ ਇਜ਼ਾਜ਼ਤ ਮੰਗੀ। ਉਸ ਨੂੰ 10, 000 ਰੁਪੈ ਦੇਣ ਲਿਆ ਕਿਹਾ ਗਿਆ ਅਧੇ ਪਹਿਲਾਂ ਤੇ ਅਧੇ ਮੇਲੇ ਤੋਂ ਬਾਦ ਵਿੱਚ ਦੇਣੇ ਸਨ। ਪਰ ਜਦ ਸਿੰਘ ਇਕਠੇ ਹੋਣ ਲਗੇ ਤਾਂ ਜ਼ਕਰੀਆ ਖਾਨ ਨੇ ਯੋਜਨਾ ਬਣਾਈ ਕਿ ਸਿੰਘਾਂ ਨੂੰ ਇਸ ਪੁਰਬ ਤੇ ਘੇਰ ਤੇ ਖਤਮ ਕਰ ਦਿਤਾ ਜਾਵੇ। ਇਸ ਲਈ ਸੈਨਾ ਦਾ ਘੇਰਾ ਅੰਮ੍ਰਿਤਸਰ ਦੁਆਲੇ ਲਾ ਦਿਤਾ ਗਿਆ। ਭਾਈ ਮਨੀ ਸਿੰਘ ਨੂੰ ਜਦੋਂ ਜ਼ਕਰੀਆ ਦੀ ਚਾਲ ਦਾ ਪਤਾ ਲਗਾ ਤਾਂ ਉਸ ਨੇ ਸਾਰੇ ਸਿੰਘਾਂ ਨੂੰ ਅੰਮ੍ਰਿਤਸਰ ਆਉਣੋਂ ਰੋਕਣ ਲਈ ਸੁਨੇਹੇ ਭੇਜ ਦਿਤੇ। ਜੋ ਪਹਿਲਾਂ ਆ ਚੁਕੇ ਸਨ ਜਾਂ ਜਿਨ੍ਹਾਂ ਕੋਲ ਇਤਲਾਹ ਨਹੀਂ ਸੀ ਪਹੁੰਚੀ ਤੇ ਆ ਗਏ ਸਨ ਉਨ੍ਹਾਂ ਨੂੰ ਲਖਪਤ ਰਾਇ ਜੋ ਅੰਮ੍ਰਿਤਸਰ ਨੂੰ ਘੇਰੀ ਖੜਾ ਸੀ ਨੇ ਮੌਤ ਦੇ ਘਾਟ ਉਤਾਰ ਦਿਤੇ। ਹਜ਼ਾਰਾਂ ਸਿੰਘਾਂ ਦੀਆ ਕੁਰਬਾਨੀਆ ਹੋਈਆਂ। ਇਧਰ ਜ਼ਕਰੀਆ ਖਾਨ ਭਾਈ ਮਨੀ ਸਿੰਘ ਨੂੰ ਬਾਕੀ ਬਚਦੇ 5000 ਰੁਪੈ ਦੇਣ ਲਈ ਕਹਿਣ ਲਗਾ ਤਾਂ ਭਾਈ ਮਨੀ ਸਿੰਘ ਨੇ ਸਾਫ ਕਹਿ ਦਿਤਾ ਕਿ ਜਦ ਤੁਸੀਂ ਮੇਲਾ ਹੀ ਨਹੀਂ ਭਰਨ ਦਿਤਾ ਤਾਂ ਪੈਸੇ ਕਾਹਦੇ। ਇਸ ਤੇ ਭਾਈ ਮਨੀ ਸਿੰਘ ਨੂੰ ਜ਼ਕਰੀਆ ਨੇ ਕਾਜ਼ੀ ਤੋਂ ਬੰਦ ਬੰਦ ਕਟਣ ਦੀ ਸਜ਼ਾ ਦਿਵਾ ਦਿਤੀ ਤੇ ਕਿਹਾ ਕਿ ਇਹ ਸਜ਼ਾ ਤਾਂ ਹੀ ਮਾ ਫਹੋ ਸਕਦੀ ਹੈ ਜੇ ਉਹ ਪੰਜ ਹਜ਼ਾਰ ਦੇਵੇ ਜਾਂ ਮੁਸਲਮਾਨ ਬਣ ਜਾਵੇ। ਕੁੱਝ ਲੋਕਾਂ ਨੇ ਪੈਸੇ ਵੀ ਦੇਣੇ ਚਾਹੇ ਪਰ ਭਾਈ ਮਨੀ ਸਿੰਘ ਨੇ ਇਨਕਾਰ ਕਰ ਦਿਤਾ ਤੇ ਉਸ ਨੂੰ ਬੰਦ ਬੰਦ ਕਟ ਕੇ ਸ਼ਹੀਦ ਕਰ ਦਿਤਾ ਗਿਆ ਉਸ ਨਾਲ ਉਸ ਦੇ ਭਾਈ ਗੁਲਜ਼ਾਰਾ ਸਿੰਗ ਦਾ ਵੀ ਬੰਦ ਬੰਦ ਕਟਿਆ ਗਿਆ ਤੇ ਭੂਪਤ ਸਿੰਘ ਦੀਆ ਅਖਾਂ ਕਢਕੇ ਚਰਖੜੀ ਤੁ ਚਾੜ੍ਹਿਆ। ਭਾਈ ਗੁਰਬਖਸ਼ ਸਿੰਘ, ਭਾਈ ਸੰਤ ਸਿੰਗ, ਭਾਈ ਸ਼ਰਧਾ ਸਿੰਘ, ਭਾਈ ਗੁਰਮੁਖ ਸਿੰਘ, ਭਾਈ ਊਦੈ ਸਿੰਘ, ਭਾਈ ਰਣ ਸਿੰਘ ਅਤੇ ਭਾਈ ਸੰਗਤ ਭਾਈ ਚੈਨ ਸਿੰਘ, ਭਾਈ ਮੁਹਕਮ ਸਿੰਘ ਤੇ ਆਲਮ ਸਿੰਘ ਅਉਲੀਆ ਵੀ ਯਾਸਾ ਅਨੁਸਾਰ ਤਸੀਹੇ ਦੇ ਕੇ ਸ਼ਹੀਦ ਕੀਤੇ ਗਏ। ਜਿਨ੍ਹਾ ਦੀਆ ਸਮਾਧਾਂ ਸ: ਸਤਿਬੀਰ ਸਿੰਘ ਨੇ 1955 ਵਿੱਚ ਬਣਵਾਈਆਂ। (ਸਤਿਬੀਰ ਸਿੰਘ, ਸਾਡਾ ਇਤਿਹਾਸ ਭਾਗ 2, , ਪੰਨਾ 147-149)

ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨਾਲ ਸ਼ਹਾਦਤਾਂ ਦਾ ਇੱਕ ਨਵਾਂ ਦੌਰ ਸ਼ੁਰੂ ਹੋ ਗਿਆ। ਸਿੰਘ ਬਚਣ ਲਈ ਲਖੀ ਜੰਗਲ, ਤੇ ਕਾਹਨੂਵਾਨ ਦੇ ਛੰਭ ਵਿੱਚ ਜਾਂ ਫਿਰ ਰਾਜਪੂਤਾਨੇ ਚਲੇ ਗਏ।

ਜ਼ਕਰੀਆ ਖਾਨ ਨੇ ਚੌਧਰੀਆਂ, ਮੁਕਦਮਾਂ ਅਤੇ ਫੌਜਦਾਰਾਂ ਨੂੰ ਸਿਖ ਮੁਕਾਉਣ ਲਈ ਹੁਕਮ ਭੇਜੇ। ਤਲਵੰਡੀ ਦੇ ਰਾਮਾ ਰੰਧਾਵਾ ਅਤੇ ਛੀਨੇ ਦੇ ਦੇ ਕਰਮਾ ਚੌਧਰੀ ਅਤੇ ਸਾਹਿਬ ਰਾਇ ਸੰਧੂ ਨੁਸ਼ਹਿਰਾ ਢਿਲਵਾਂ ਵਧਕੇ ਅਤਿਆਚਾਰ ਕਰਨ ਲਗੇ। ਮੰਡਿਆਣੀ ਦੇ ਚੌਧਰੀ ਮਸਾਲਾਉਲਦੀਨ (ਮਸਾ ਰੰਗੜ) ਨੂੰ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਹੁਕਮ ਦਿਤਾ ਤਾਂ ਉਸਨੇ ਸ਼ਰਾਬਾਂ ਪੀਣੀਆਂ ਤੇ ਵੇਸਵਾ ਦੇ ਨਾਚ ਨਚਾਉਣੇ ਸ਼ੁਰੂ ਕਰ ਦਿਤੇ। ਭਾਈ ਸੁਖਾ ਸਿੰਘ ਮਹਿਤਾਬ ਸਿੰਘ ਜੋ ਉਸ ਵੇਲੇ ਮਾਲਵੇ ਵਿੱਚ ਸਨ ਨੇ ਮਸੇ ਰੰਗੜ ਦਾ ਸਿਰ ਜਾ ਵਢਿਆ ਤੇ ਨੇਜ਼ੇ ਤੇ ਟੰਗ ਕੇ ਲੋਕਾਂ ਨੂੰ ਵਿਖਾਉਂਦੇ ਫਿਰ ਮਾਲਵੇ ਚਲੇ ਗਏ।

ਸਿਖਾਂ ਨੂੰ ਅੰਮ੍ਰਿਤਸਰ ਜਾਣੋ ਰੋਕਣ ਲਈ ਸਮਦ ਖਾਨ ਨੂੰ ਤੈਨਾਤ ਕੀਤਾ ਗਿਆ। ਸਿੰਘਾਂ ਨੂੰ ਇਸ ਉੋ ਬੜਾ ਰੋਹ ਸੀ ਕਿਉਂਕਿ ਇਸ ਨੇ ਜੂਨ 1734 ਨੂੰ ਭਾਈ ਮਨੀ ਸਿੰਘ ਨੂੰ ਹਿਰਾਸਤ ਵਿੱਚ ਲਿਆ ਤੇ ਸ਼ਹਾਦਤ ਤਕ ਪਹੁੰਚਾਇਆ। ਸਿੰਘਾ ਨੇ ਇਸ ਦੇ ਦਸਤੇ ਤੇ ਅਚਾਨਕ ਹਮਲਾ ਕੀਤਾ ਤੇ ਸਮਦ ਖਾਨ ਨੂੰ ਮਾਰ ਮੁਕਾਇਆ।

ਚਰਿਤ੍ਰ ਉਭਾਰਨਾ

ਡਾ: ਗੋਕਲ ਚੰਦ ਨਾਰੰਗ ਲਿਖਦਾ ਹੈ ਕਿ ‘ਸਾਰੇ ਸਿਖਾਂ ਵਿੱਚ ਉਹ ਪਵਿਤਰ ਜੀਵਨ ਵਾਲਾ ਸੰਤ ਮੰਨਿਆਂ ਜਾਦਾ ਸੀ। ਇਸ ਲਈ ਸਾਰਾ ਪੰਥ ਉਸ ਨੂੰ ਸਤਿਕਾਰਦਾ ਸੀ। ਪਵਿਤਰ ਆਤਮਾ ਹੋਣ ਦੇ ਨਾਤੇ ਉਸ ਦੀ ਖਾਲਸੇ ਵਿੱਚ ਬਹੁਤ ਇਜ਼ਤ ਸੀ। (ਟ੍ਰਾਂਸਫਾਰਮੇਸ਼ਨ ਆਫ ਸਿਖਿਇਜ਼ਮ, ਪੰਨਾ 279 ਜਿਲਦ ਦੂਜੀ) ਉਹ ਨਵੀਂ ਪੀੜੀ ਲਈ ਇੱਕ ਚਾਨਣ ਮੁਨਾਰਾ ਸੀ ਜਿਸ ਤੋਂ ਸਿਖ ਗਭਰੂ ਲੜਾਈ ਦੇ ਢੰਗ ਤੇ ਸ਼ਸ਼ਤਰ ਵਿਦਿਆ ਹੀ ਨਹੀਂ ਸਨ ਸਿਖਦੇ ਸਗੋਂ ਉਸ ਅਨੁਸਾਰ ਉਚ ਪਾਏ ਦਾ ਪਵਿਤਰ ਧਾਰਮਿਕ ਜੀਵਨ ਜੀਣ ਲਈ ਪ੍ਰਭਾਵਤ ਹੁੰਦੇ। ਉਸ ਤੋਂ ਅੰਮ੍ਰਿਤ ਛਕਣ ਵਾਲਿਆਂ ਦੀ ਲੰਬੀ ਲੜੀ ਸੀ ਜਿਨ੍ਹਾ ਵਿੱਚ ਆਲਾ ਸਿੰਘ ਤੇ ਜਸਜੀਤ ਸਿੰਘ ਵਰਗੇ ਰਾਜੇ ਮਹਾਰਾਜੇ ਤੇ ਜਸਾ ਸਿੰਘ ਆਹਲੂਵਾਲੀਆ ਵਰਗੇ ਮਹਾਨ ਯੋਧੇ ਵੀ ਸ਼ਾਮਲ ਸਨ।

ਸਵਰਾਜ ਮਾਰਗ

ਕਪੂਰ ਸਿੰਘ ਦੀ ਕਾਬਲੀਅਤ ਤੇ ਸ਼ਖਸ਼ੀਅਤ ਸਦਕਾ ਆਮ ਲੋਕ ਵੀ ਸਿਖਾਂ ਵਲ ਖਿਚੇ ਆਉਣ ਲਗੇ। ਉਨ੍ਹਾਂ ਨੂੰ ਸਮਝ ਆ ਗਈ ਕਿ ਸਿਖ ਤਾਂ ਉਨ੍ਹਾਂ ਦੇ ਹਮਦਰਦ ਹਨ ਜਦਕਿ ਮੁਗਲ ਤਾਂ ਵਿਦੇਸ਼ਿ ਧਾੜਵੀ ਹਨ ਜਿਨ੍ਹਾਂ ਦਾ ਇਰਾਦਾ ਅਪਣਾ ਧਨ ਮਾਲ ਤੇ ਤਾਕਤ ਵਧਾਉਣਾ ਹੈ। ਉਨ੍ਹਾ ਦਾ ਆਮ ਜੰਤਾ ਵਿੱਚ ਕੋਈ ਧਿਆਨ ਨਹੀਂ। ਉਨ੍ਹਾਂ ਨੂੰ ਤਾਂ ਬਸ ਅਪਣੇ ਖਜ਼ਾਨੇ ਭਰੇ ਚਾਹੀਦੇ ਹਨ। ਨਾਦਰ ਤੇ ਅਬਦਾਲੀ ਤਾਂ ਸਨ ਹੀ ਧਾੜਵੀ ਜੋ ਭਾਰਤ ਦੇ ਸਾਰੇ ਖਜ਼ਾਨੇ ਲੁਟ ਕੇ ਲੈ ਗੇ। ਹਿੰਦੀਆਂ ਲਈ ਤੇ ਹਿੰਦ ਦੀ ਸੁਰਖਿਆ ਲਈ ਸਿਰਫ ਭਾਰਤਵਾਸੀ ਹੀ ਲੜ ਸਕਦੇ ਸਨ ਖੁਰਾਸਾਨ ਤੋਂ ਆਏ ਵਿਦੇਸ਼ੀ ਨਹੀਂ। ਇਸ ਵਕਤ ਜੇ ਕੋਈ ਉਮੀਦ ਦੀ ਕਿਰਨ ਸੀ ਤਾਂ ਸਿਰਫ ਸਿਖਾਂ ਵਿੱਚ ਜੋ ਆਮ ਲੋਕਾਂ ਦੀ ਮਦਦ ਤੇ ਹਮੇਸ਼ਾਂ ਖੜੇ ਸਨ ਤੇ ਉਨ੍ਹਾ ਗਲੋਂ ਵਿਦੇਸ਼ੀਆਂ ਦੀ ਗੁਲਾਮੀ ਦਾ ਜੂਲਾ ਲਾਹ ਸਕਦੇ ਸਨ। ਇਸ ਫੈਲਦੀ ਭਾਵਨਾ ਨੇ ਸਿਖਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਕੀਤਾ ਸਗੋਂ ਆਮ ਲੋਕਾਂ ਦਾ ਸਹਾਰਾ ਵੀ ਮਿਲਿਆ। ਪਿੰਡਾਂ ਦੇ ਜ਼ਿੳਾਦਾ ਤਰ ਲੋਕ ਤਾਂ ਦਿਲੋਂ ਮਨੋਂ ਸਿਖਾਂ ਨਾਲ ਹੀ ਸਨ ਤੇ ਵਾਹ ਕਰਦੀ ਸਿਖਾਂ ਨੂੰ ਪਨਾਹ ਵੀ ਦਿੰਦੇ, ਦੁਸ਼ਮਣ ਦੀਆਂ ਚਾਲਾਂ ਤੇ ਗਤੀਵਿਧੀਆਂ ਦੀ ਸੂਚਨਾ ਵੀ ਦਿੰਦੇ ਤੇ ਖਿਸਕਣ ਵਿੱਚ ਵੀ ਮਦਦ ਕਰਦੇ। ਆਮ ਲੋਕਾਂ ਦੀ ਮਦਦ ਨੇ ਸਿਖਾਂ ਦਾ ਹੌਸਲਾ ਬੁਲੰਦ ਕਰੀ ਰਖਿਆਂ।

ਕਪੂਰ ਸਿੰਘ …ਦੀ ਵਡਿਆਈ ਦਾ ਕਾਰਨ ਇਹੋ ਸੀ ਉਨ੍ਹਾ ਨੇ ਸਿਖਾਂ ਲਈ ਐਸਾ ਰਸਤਾ ਬਣਾ ਦਿਤਾ ਜਿਸ ਉਤੇ ਤੁਰ ਕੇ ਉਹ ਪੰਜਾਬ ਵਿੱਚ ਸੁਤੰਤਰ ਰਾਜ ਦੇ ਮਾਲਕ ਹੋ ਸਕਣ। ……ਉਹ ਬਿਲਾਸ਼ਕ ਸਿਖ ਆਗੂਆਂ ਵਿਚੋਂ ਸਭ ਤੋਂ ਉਪਰ ਸੀ ਜਿਸ ਨੇ ਸਿਖਾਂ ਦੀ ਮਹਾਨ ਕੌਮ ਨੂੰ ਆਜ਼ਾਦ ਰਾਜਸੀ ਤਾਕਤ ਵਜੋਂ ਸਥਾਪਿਤ ਕੀਤਾ। (ਮੁਹੰਮਦ ਲਤੀਫ, ਹਿਸਟਰੀ ਆਂਫ ਪੰਜਾਬ, ਪੰਨਾ 323)

ਮਾਰਚ 29, 1948 ਨੂੰ ਸਿਖ ਅਕਾਲ ਤਖਤ ਤੇ ਇਕਠੇ ਹੋਏ ਤੇ ਅਪਣੀ ਮੁਹਿੰਮ ਵਿੱਚ ਗਰਮੀਂ ਲਿਆਉਣ ਦੀਆਂ ਵਿਚਾਰਾਂ ਕੀਤੀਆਂ। ਸਾਰੇ ਖਾਲਸਾ ਦਲ ਜਾਂ ਦਲ ਖਾਲਸਾ ਦੀ ਇਕਤਰਤਾ ਸੀ ਜੋ ਨਵਾਬ ਕਪੂਰ ਸਿੰਘ ਦੀ ਪ੍ਰਧਾਨਗੀ ਥਲੇ ਹੋਈ। ਇਸ ਵਿੱਚ ਮਿਸਲਾਂ ਪੰਜ ਤੋਂ 12 ਬਣਾਈਆ ਗਈਆਂ। ਸਿਖਾਂ ਦੀ ਗਿਣਤੀ ਵਧਣ ਕਰਕੇ ਮਿਸਲਾਂ ਦੇਯੋਗ ਤੇ ਸੁਚਜੇ ਪ੍ਰਬੰਧ ਲਈ ਮਿਸਲਾਂ ਵੀ ਵਧਾਉਣੀਆਂ ਜ਼ਰੂਰੀ ਸਨ। ਨਵੇਂ ਢਾਂਚੇ ਅਧੀਨ ਬਾਰਾਂ ਮਿਸਲਾਂ ਇਹ ਸਨ ਸ਼ੁਕਰਚਕੀਆ, ਭੰਗੀ, ਰਾਮਗੜ੍ਹੀਆ, ਕਨਈਆਂ, ਨਕਈਆਂ, ਸਿੰਘਪੁਰੀਆਂ (ਫੈਜ਼ੁਲਪੁਰੀਆਂ), ਸ਼ਹੀਦਾਂ (ਨਿਹੰਗਾਂ), ਨਿਸ਼ਾਨਾਂ ਵਾਲੀ, ਡਲੇਵਲੀਆਂ, ਕਰੋੜਸਿੰਘੀਆਂ, ਆਹਲੂਵਾਲੀਆਂ ਤੇ ਫੂਲਕੀਆਂ। ਨਵਾਬ ਕਪੂਰ ਸਿੰਘ ਨੇ ਵਡੀ ਉਮਰ ਦਾ ਤਕਾਜ਼ਾ ਕਰਦਿਆਂ ਤੇ ਜਸਾ ਸਿੰਘ ਆਹਲੂਵਾਲੀਆ ਦੀ ਸਿਖਲਾਈ ਤੇ ਤਜਰਬੇ ਦਾ ਹਵਾਲਾ ਦਿੰਦਿਆ ਸਮੁਚੇ ਦਲ ਦੀ ਪ੍ਰਧਾਨਗੀ ਜਸਾ ਸਿੰਘ ਆਹਲੂਵਾਲੀਆ ਨੂ ਸੌਂਪਣ ਦੀ ਗੁਜ਼ਾਰਿਸ਼ ਕੀਤੀ ਜੋ ਸਰਬਤ ਖਾਲਸਾ ਵਿੱਚ ਪ੍ਰਵਾਣ ਹੋਈ। 12 ਮਿਸਲਾਂ ਹੁਣ ਅਪਣੇ ਆਪ ਵਿੱਚ ਖੁਦ ਮੁਖਤਿਆਰ ਰਿਆਸਤਾਂ ਦਾ ਰੂਪ ਹੋ ਗਈਆਂ ਸਨ। ਛੇਤੀ ਹੀ ਇਨ੍ਹਾਂ ਮਿਸਲਾਂ ਦਾ ਅਧਿਕਾਰ ਪੰਜਾਬ ਦੇ ਵਡੇ ਹਿਸੇ ਤੇ ਹੋ ਗਿਆ ਤੇ ਸਿਖ ਇੱਕ ਖੁਦਮੁਖਤਾਰ ਕੌਮ ਦੀ ਜ਼ਿੰਦਗੀ ਜੀਣ ਲਗੇ ਤੇ ਨਵਾਬ ਕਪੂਰ ਸਿੰਘ ਦਾ ਸਵਰਾਜ ਦਾ ਸੁਪਨਾ ਪੂਰਾ ਹੋ ਗਿਆ ਸੀ।

ਨਵਾਬ ਕਪੂਰ ਸਿੰਘ ਖਾਲਸਾ ਦਲ ਦੇ ਮੁਖੀ ਦੇ ਨਾਲ ਨਾਲ ਸਿੰਘਪੁਰੀਆ ਮਿਸਲ ਦਾ ਜਥੇਦਾਰ ਵੀ ਸੀ। ਇਸ ਮਿਸਲ ਨੂੰ ਅਗੇ ਵਧਾਣ ਲਈ ਯੁਧ ਲੜਣ ਦੇ ਨਾਲ ਨਾਲ ਉਹ ਸਮੁਚੇ ਦਲ ਦੇ ਯੁਧਾਂ ਦੀ ਅਗਵਾਈ ਵੀ ਉਸੇ ਤਨਦੇਹੀ ਨਾਲ ਕਰਦਾ ਰਿਹਾ। ਸਰਹਿੰਦ ਦੀ ਲੜਾਈ (1764) ਵਿੱਚ ਸਿੰਘਪੁਰੀਆ ਮਿਸਲ ਨੇ ਅਜੋਕੇ ਰੂਪਨਗਰ ਜ਼ਿਲੇ ਦਾ ਜ਼ਿਆਦਾ ਹਿਸਾ ਅਪਣੇ ਕਬਜ਼ੇ ਵਿੱਚ ਲੈ ਲਿਆ ਜਿਸ ਵਿੱਚ ਅਬੋਹਰ, ਆਦਮਪੁਰ. ਛਤ, ਬਨੂੜ, ਮਨੌਲੀ, ਘਨੌਲੀ, ਭਰਤਗੜ੍ਹ, ਕੰਧੋਲਾ, ਚੂਨੀ, ਮਛਲੀ, ਭਰੇਲੀ, ਬੁੰਗਾ, ਬੇਲਾ ਅਤੇ ਅਟਲਗੜ੍ਹ ਦੇ ਇਲਾਕੇ ਸਨ। 1769 ਤਕ ਇਸ ਮਿਸਲ ਨੇ ਹੋਰ ਮਲਾਂਮਾਰੀਆਂ ਜਿਨ੍ਹਾਂ ਵਿੱਚ ਦੁਆਬੇ ਦੇ ਜਲੰਧਰ ਤੇ ਹੁਸ਼ਿਆਰਪੁਰ ਦੇ ਕੁੱਝ ਇਲਾਕੇ ਬਾਰੀ ਦੁਆਬ ਵਿੱਚ ਖਪਰਖੇੜੀ ਤੇ ਸਿੰਘਪੁਰਾ ਸ਼ਾਮਿਲ ਸਨ।

ਸਿਖਾਂ ਦਾ ਅਟੁਟ ਯਕੀਨ:

ਨਵਾਬ ਕਪੂਰ ਸਿੰਘ ਦੀ ਅਗਵਾਈ ਵਿੱਚ ਸਿਖਾਂ ਦਾ ਅਟੁਟ ਯਕੀਨ ਸੀ। ਗੁਰੂ ਗੋਬਿੰਦ ਸਿੰਘ ਦੇ ਬਚਨ ਕਿ ਸਿਖ ਪਾਤਸ਼ਾਹੀ ਕਰਨਗੇ’ ਸਿਖਾਂ ਨੂੰ ਕਪੂਰ ਸਿੰਘ ਵਿੱਚ ਨਜ਼ਰ ਆਏ ਤਾਂ ਉਨ੍ਹਾ ਨੇਂ ਨਵਾਬੀ ਉਸ ਦੀ ਝੋਲੀ ਪਾਈ। ਸਿਖਾਂ ਦੇ ਇਸ ਯਕੀਨ ਨੁੰ ਕਪੂਰ ਸਿੰਘ ਨੇ ਸਦਾ ਬਣਾਈ ਰਖਿਆ ਤੇ ਕਦੇ ਟੁਟਣ ਨਾ ਦਿੰਦਾ। ਸਗੋਂ ਉਸ ਨੇ ਅਪਣੇ ਸਹਾਇਕ ਜਸਾ ਸਿੰਘ ਨੂੰ ਵੀ ਪਾਤਸ਼ਾਹੀ ਦਾ ਵਰ ਦਿਤਾ ਜੋ ਬਾਦ ਵਿੱਚ ਸਚ ਵੀ ਹੋਇਆ ਜਦੋਂ ਉਸ ਨੇ ਅਪਣਾ ਸਿਕਾ ਚਲਾਇਆ।

ਉਤਮ ਅਗਵਾਈ

ਕਪੂਰ ਸਿੰਘ ਦੀ ਇਹ ਅਗਵਾਈ ਉਸ ਸਮੇਂ ਸੀ ਜਦ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦ ਕੀਤੇ ਜਾਣ ਪਿਛੋਂ ਸਿਖ ਕਿਸੇ ਯੋਗ ਆਗੂ ਤੋਂ ਸਖਣੇ ਹੋ ਗਏ ਸਨ ਤੇ ਅੰਦਰੂਨੀ ਝਗੜੇ ਵੀ ਵਧ ਗਏ ਸਨ। ਬੰਦਈ ਤੇ ਤਤ ਖਾਲਸਾ ਦਾ ਝਗੜਾ ਤਾਂ ਭਾਈ ਮਨੀ ਸਿੰਘ ਨੇ ਨਿਪਟਾ ਦਿਤਾ ਸੀ ਪਰ ਕਿਤੇ ਨਾ ਕਿਤੇ ਖਲਿਸ਼ ਹਾਲੇ ਵੀ ਬਾਕੀ ਸੀ। ਗੁਰੁ ਘਰ ਦੇ ਦੋਖੀਆਂ ਨੇ ਅਤ ਚੁਕੀ ਹੋਈ ਸੀ ਤੇ ਸਿਖਾਂ ਵਿਰੁਧ ਲਹੌਰ ਦਰਬਾਰ ਨੂੰ ਤੁਖਣਾ ਦਿੰਦੇ ਰਹਿੰਦੇ ਸਨ ਜਿਸ ਸਦਕਾ ਬੜੇ ਸਿਖ ਸ਼ਹੀਦ ਹੋਏ। ਭਾਈ ਮਨੀ ਸਿੰਘ ਤੇ ਦਰਬਾਰਾ ਸਿੰਘ ਸਿਖਾਂ ਨੂੰ ਲੋੜੀਂਦੀ ਸੇਧ ਦੇਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਹੁਣ ਦੋਨੋਂ ਬਿਰਧ ਹੋ ਚੁਕੇ ਸਨ। ਤੇ ਤਾਰਾ ਸਿੰਘ ਵਾਂ ਤੇ 24 ਹੋਰ ਸਿੰਘਾਂ ਦੀ 1726 ਵਿੱਚ ਸ਼ਹੀਦੀ ਨੇ ਸਿਖਾਂ ਵਿੱਚ ਰੋਹ ਭਰ ਦਿਤਾ। ਪੰਥ ਨੇ ਗੁਰਮਤਾ ਕੀਤਾ ਕਿ ਹੁਣ ਚੁਪ ਬੈਠਣ ਦੀ ਥਾਂ ਦੋਖੀਆਂ ਨੂੰ ਸਜ਼ਾਵਾਂ ਦਿਤੀਆਂ ਜਾਣ ਤੇ ਸ਼ਾਹੀ ਖਜ਼ਾਨੇ ਲੁਟੇ ਜਾਣ।। ਇਸ ਵੇਲੇ ਕਪੂਰ ਸਿੰਘ ਨੇ ਜੋ ਮੁਹਿੰਮਾਂ ਮੁਘਲ ਹਾਕਮਾਂ ਵਿਰੁਧ ਕੀਤੀਆਂ ਉਨ੍ਹਾਂ ਕਰਕੇ ਕਪੂਰ ਸਿੰਘ ਪਹਿਲੀ ਕਤਾਰ ਵਿੱਚ ਗਿਣਿਆ ਜਾਣ ਲਗ ਪਿਆ।

ਫਿਰ ਭਾਈ ਮਨੀ ਸਿੰਘ ਤੇ ਹੋਰ ਸਿੰਘਾਂ ਦੀਆਂ ਤਸੀਹਿਆਂ ਨਾਲ ਹੋਈਆ ਸ਼ਹੀਦੀਆਂ ਨੇ ਸਿਖਾਂ ਵਿੱਚ ਅੰਤਾਂ ਦਾ ਰੋਹ ਭਰ ਦਿਤਾ ਸੀ। ਦਰਬਾਰਾ ਸਿੰਘ ਵੀ 1734 ਵਿੱਚ ਅਕਾਲ ਚਲਾਣਾ ਕਰ ਗਏ। ਭਾਈ ਮਨੀ ਸਿੰਘ ਜੀ ਵੀ 1738 ਈ: ਵਿੱਚ ਜ਼ਕਰੀਆ ਖਾਨ ਨੇ ਬੰਦ ਬੰਦ ਕਰਵਾ ਕੇ ਸ਼ਹੀਦ ਕਰ ਦਿਤੇ

ਉਹ ਬਹੁਤ ਬਹਾਦੁਰ ਯੋਧਾ ਸੀ ਉਸ ਦੀ ਸੂਝ ਸਮਝ ਤੇ ਫੈਸਲੇ ਮਿਸਾਲੀ ਸਨ। (ਗੋਰਡਨ: ਦ ਸਿਖਜ਼, ਪੰਨਾ 70-71)

ਗੁਰੁ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾ ਜਾਣ ਉਪਰੰਤ ਖਾਲਸਾ ਕੌਮ ਖਿੰਡ ਗਈ ਸੀ। ਮੈਦਾਨਿ ਜੰਗ ਵਿੱਚ ਇਸ ਦੀ ਅਗਵਾਈ ਕਰਨ ਵਾਲਾ ਕੋਈ ਆਗੂ ਨਹੀਂ ਸੀ ਰਿਹਾ। ਇਸ ਵਰਿਆਮ ਸੂਰਮੇ ਨੇ ਅਗਵਾਈ ਕਰਕੇ ਸਭ ਦਾ ਦੁਖ ਸੁਖ ਤੇ ਕਮਾਈ ਸਾਂਝੀ ਕਰਵਾਈ। (ਗੋਰਡਨ: ਦ ਸਿਖਜ਼, ਪੰਨਾ 70-71)

ਮੈਕਗ੍ਰੈਗਰ ਨਵਾਬ ਕਪੂਰ ਸਿੰਘ ਨੂੰ ਇੱਕ ਨਿਡਰ, ਬਹਾਦਰ ਤੇ ਨੀਤੀਵਾਨ ਸੂਰਮਾ ਲਿਖਦਾ ਹੈ। (ੰਮਕਗ੍ਰੈਗਰ ਹਿਸਟਰੀ ਆਫ ਦੀ ਸਿਖਜ਼ ਜਿਲਦ ਪਹਿਲੀ, ਪੰਨਾ 121)

ਡਾਕਟਰ ਸਿਨਹਾ ਇਸ ਨੂੰ ਇੱਕ ਅਦੁਤੀ ਸ਼ਖਸ਼ੀਅਤ ਲਿਖਦਾ ਹੈ। ਲੈਪਲ ਗ੍ਰਿਫਨ ਨੇ ਲਿਖਿਆ ਹੈ ਕਿ ਉਹ ਇੱਕ ਐਸਾ ਮਹਾਨ ਪੁਰਸ਼ ਸੀ ਜਿਸ ਨੇ ਪੰਥ ਨੂੰ ਖੇਰੂੰ ਖੇਰੂੰ ਹੋਣ ਤੋਂ ਬਚਾਇਆ। (ਲੈਪਲ ਗ੍ਰਿਫਨ, ਦ ਰਾਜਾਜ਼ ਆਫ ਪੰਜਾਬ)

ਜ਼ਕਰੀਆ ਖਾਨ ਤੇ ਉਸ ਦੇ ਵਜ਼ੀਰ ਲਖਪਤ ਰਾਇ ਨੇ ਸਿਖਾਂ ਵਿਰੁਧ ਮਿਟੋ ਜਾਂ ਮਿਟਾਉ ਵਾਲੀ ਜੰਗ ਸ਼ੁਰੂ ਕਰ ਦਿਤੀ। ਸਿਖ ਗੁਰਦਾਸਪੁਰ ਦੇ ਕਾਹਨੂੰ ਵਾਨ ਛੰਭ ਵਿੱਚ ਜਾ ਛੁਪੇ। ਭਾਰੀ ਮੁਗਲ ਸੈਨਾ ਨੇ ਉਨ੍ਹਾਂ ਨੂੰ ਚਾਰੇ ਪਾਸਿਓਂ ਘੇਰ ਲਿਆ। ਏਥੋਂ ਬਚ ਕੇ ਨਿਕਲਣਾ ਸੌਖਾ ਨਹੀਂ ਸੀ ਪਰ ਸਿਖ ਛੋਟੇ ਛੋਟੇ ਗ੍ਰੁਪਾਂ ਵਿੱਚ ਲੜਦੇਲੜਦੇ ਬਾਹਰ ਪਹਾੜਾ ਵਲ ਨੂੰ ਨਿਕਲਦੇ ਗਏ ਪਰ ਫਿਰ ਵੀ 7000 ਦੇ ਕਰੀਬ ਸਿਖ ਸ਼ਹੀਦੀ ਪਾ ਗਏ। ਸਯਦ ਲਤੀਫ ਮੁਤਾਬਕ, "ਪੂਰੀ ਤਰ੍ਹਾਂ ਬਦਲਾ ਲੈਣ ਲਈ ਲਖਪਤ ਰਾਇ 1000 ਸਿਖਾਂ ਨੂੰ ਕੈਦ ਕਰਕੇ ਗਧਿਆਂ ਦੀ ਸਵਾਰ ਕਰਕੇ ਲਹੌਰ ਦੇ ਬਜ਼ਾਰਾ ਵਿੱਚ ਘੁਮਾਉਂਦਾ ਰਿਹਾ ਤੇ ਦਿਲੀ ਦਰਵਾਜ਼ੇ ਕੋਲ ਨਖਾਸ ਚੌਂਕ ਵਿੱਚ ਬੇਕਿਰਕ ਸਿਰ ਧੜੋਂ ਅਲਗ ਕਰ ਦਿਤੇ ਗਏ"। ਇਹ ਘਲੂਘਾਰਾ ਇਤਨਾ ਘਾਤਕ ਸੀ ਕਿ ਸਿਖ ਇਸ ਨੂੰ ਛੋਟੇ ਘਲੂਘਾਰੇ ਦੇ ਨਾਮ ਨਾਲ ਯਾਦ ਕਰਦੇ ਹਨ।

ਸਿਖ ਤਾਂ ਮਰਜੀਵੜੇ ਸਨ ਇਤਨੀਆਂ ਜ਼ੁਲਮਾਂ ਤੇ ਸ਼ਹਾਦਤਾਂ ਦੇਣ ਤੋਂ ਬਾਦ ਵੀ ਚੜ੍ਹਦੀ ਕਲਾ ਵਿੱਚ ਸਨ।

ਰਾਜਿਆਂ, ਨਵਾਬਾਂ ਤੇ ਵਡੇ ਹਾਕਮਾਂ ਦੇ ਦਿਲਾਂ ਵਿੱਚ ਖੌਫ

ਨਾਦਰ ਤੇ ਅਬਦਾਲੀ ਦੇ ਕਾਫਲਿਆਂ ਨੂੰ ਲੁਟਣ ਵਾਲਾ ਤੇ ਹਿੰਦੁਸਤਾਨੀ ਲੜਕੀਆਂ ਛੁੜਾ ਕੇ ਲੈ ਜਾਣ ਵਾਲਾ ਨਵਾਬ ਕਪੂਰ ਸਿੰਘ ਉਸ ਵੇਲੇ ਦਾ ਉਹ ਬਬਰ ਸ਼ੇਰ ਗਿਣਿਆ ਜਾਂਦਾ ਸੀ ਜੋ ਡਰਦਾ ਕਿਸੇ ਤੋਂ ਨਹੀਂ ਸੀ ਪਰ ਡਰਾਉਂਦਾ ਸਭ ਨੂੰ ਸੀ। ਜਦ ਨਾਦਰ ਖਾਨ ਨੂੰ ਉਸ ਦੇ ਕਾਫਲੇ ਦੇ ਲੁਟੇ ਜਾਣ ਦੀ ਖਬਰ ਮਿਲੀ ਤਾਂ ਉਸ ਨੇ ਜ਼ਕਰੀਆ ਖਾਨ ਨੂੰ ਪੁਛਿਆ, "ਇਹ ਕੌਣ ਹਨ? ੑ" ਜ਼ਕਰੀਆ ਖਾਨ "ਫਕੀਰਾਂ ਦਾ ਟੋਲਾ"। ਇਨ੍ਹਾ ਦੇ ਘਰਾਂ ਨੂੰ ਅਗ ਲਗਾ ਦਿਾਂ, ਇਨ੍ਹਾਂ ਦੀਆ ਬਸਤੀਆਂ ਜਲਾ ਦਿਓ"। ਨਾਦਰ ਦਾ ਹੁਕਮ ਸੀ। "ਇਨ੍ਹਾ ਦੇ ਘਰ ਘੋੜਿਆ ਦੀਆਂ ਕਾਠੀਆਂ ਉਤੇ ਹਨ"। ਜ਼ਕਰੀਆ ਖਾਨ ਦੇ ਇਸ ਨਾਲ ਨਾਦਰ ਅਵਾਕ ਹੋ ਗਿਆ ਤੇ ਪੇਸ਼ੀਨ ਗੋਈ ਕੀਤੀ, "ਇਹ ਸਿਖ ਰਾਜ ਕਰਨਗੇ"॥ ਇਹੋ ਨੀਂਹ ਨਵਾਬ ਕਪੂਰ ਸਿੰਘ ਨੇ ਪੰਥ ਦੀ ਰਖੀ ਜਿਸ ਸਦਕਾ ਸਿਖਾਂ ਨੂੰ ਉਨੀਵੀਂ ਸਦੀ ਵਿੱਚ ਇਸੇ ਲਹੌਰ ਦਾ ਰਾਜ ਹਾਸਲ ਹੋਇਆ।

ਮਾਰਤ ਹੋ ਤੁਮ ਆਪ ਹੀ ਅਪਨੇ ਪੈਰ ਕੁਠਾਰ। ਕੁਛ ਦਿਨ ਕੋ ਸਿੰਘ ਹੋਇ ਹੈ ਭੂਪਤਿ ਮੁਲਕ ਮਝਾਰ।

ਨਾਦਰ ਦੇ ਇਸ ਹਮਲੇ ਨੇ ਬਹੁਤ ਕੁੱਝ ਬਦਲ ਦਿਤਾ। ਦਿਲੀ ਦਰਬਾਰ ਤੇ ਲਹੌਰ ਦਾ ਨਵਾਬ ਝਗ ਵਾਂਗੂ ਬੈਠ ਗਏ ਪਰ ਸਭ ਨੂੰ ਇਹ ਪਤਾ ਲਗ ਗਿਆ ਕਿ ਜਿਸ ਕੋਲੋਂ ਦਿਲੀ ਤੇ ਲਹੌਰ ਡਰਦੇ ਹਨ ਉਨ੍ਹਾਂ ਚੋਰਾਂ ਨੂੰ ਪੈਣ ਵਾਲੇ ਮੋਰ ਸਿਖ ਹਨ ਜੋ ਕਿਸੇ ਤੋਂ ਨਹੀਂ ਡਰਦੇ।

ਫਿਰ ਇੱਕ ਵਾਰ ਨਵਾਬ ਕਪੂਰ ਸਿੰਘ ਨੇ ਲਹੌਰ ਜਾ ਕੇ ਜ਼ਕਰੀਆ ਖਾਨ ਦਾ ਸਿਰ ਕਲਮ ਕਰਨ ਦੀ ਸੋਚੀ। 2000 ਸਿਖ ਯੋਧੇ ਲੈ ਕੇ ਉਹ ਲਹੌਰ ਪਹੁੰਚ ਗਿਆ ਪਰ ਸ਼ਾਹੀ ਮਸਜਿਦ ਜਿਸ ਵਿੱਚ ਉਸ ਨੇ ਉਦੋਂ ਨਮਾਜ਼ ਪੜ੍ਹਣੀ ਸੀ ਨਾ ਗਿਆ। ਕਪੂਰ ਸਿੰਘ ਨੇ ਸਾਰੇ ਮੀਰ ਮੁਸਦੀ ਇਕਠੇ ਕੀਤੇ ਤੇ ਉਨ੍ਹਾਂ ਨੂੰ ਖਜ਼ਾਨੇ ਵਿਚੋਂ ਸੁਗਾਤਾਂ ਭੇਟ ਕਰਨ ਦਾ ਹੁਕਮ ਦਿਤਾ। ਕਾਫੀ ਖਜ਼ਾਨਾ ਲੈ ਕੇ ਕਪੂਰ ਸਿੰਘ ਜੈਕਾਰੇ ਗਜਾਉਂਦਾ ਹੋਇਆ ਲਹੌਰੋਂ ਪਰਤਿਆ ਤਾਂ ਇਸ ਦੀ ਖਬਰ ਜ਼ਕਰੀਆ ਖਾਨ ਨੂੰ ਲਗੀ ਤੇ ਉਸ ਦਾ ਦਿਲ ਦਹਿਲ ਗਿਆ।

ਉਹ ਤਲਵਾਰ ਦਾ ਧਨੀ ਸੀ। ਉਸ ਇਕਲੇ ਨੇ ਮਗਲ ਫੌਜ ਦੇ ਤਕਰੀਬਨ ਸੌ ਸਿਪਾਹੀ ਤੇ ਜਰਨੈਲ ਮੌਤ ਦੇ ਘਾਟ ਉਤਾਰੇ। ਉਸ ਦੇ ਅਪਣੇ ਸਰੀਰ ਤੇ ਵੀ ਅਤਿਅੰਤ ਜ਼ਖਮਾਂ ਦੇ ਦਾਗ ਸਨ’ (ਸੀਤਲ, 1983)

ਸਵਰਗਵਾਸ

Death of kapoor Singh

Different dates are available of the death of Nawab Kapoor Singh. The year of death is 1753 AD according to Latif (p.223) and Griffin (Punjab Rajaj, p.505). Gupta ( Part 1, p.158) gives the evidence from various sources to prove that he declared Jassa Singh Alhuwalia as the King of Lahore in November 1761 AD . He also states that during the Great Holocaust (Wada Ghalughara) Abdali had demolished Harimandir Sahib. To reconstruct it its neeh was laid by Nawab kapoor Singh on 17 Novemeber 1763 AD. These legends were also passed on mouth to mouth among Sikhs. Giani Gian Singh gives the date of his death as samwat 1817 Bikrami (1761 AD) but stating the battle of sarhind he stats that Tharaj Singh cut the head of Zain Khan and placed before Nawab Kapoor Singh. This event took place on 14 January 1764. Kazi Noor Mohammad arrives with Amad Sjah Abdali in December 1764 AD. He does not mention the name of Nawab kapoor Singh in his Jangnama. So it is most likely that Nawab kapoor Singh died in the year 1764 before December. His mausoleum is near Baba Atal in Darbar Sahib complex.

 

The great Sikh Warrior was cremated near Baba Atal Rai Gurdwara, near the banks of the Kaulsar Sarovar, at Amritsar. The Samadh existed in 1923, as a Photo was taken of it, by a Gurmukh. But after that the old building of the Samadh disappeared, and now the Samadh of Sultan Al Quam Jassa Singh Ahluwalia Stands their and nothing is written about Nawab Kpur Singh.

Nawab Kapur Singh requested the community to relieve him of his office, due to his old age, and at his suggestion, Jassa Singh Ahluwali was chosen as the supreme commander of the Dal Khalsa. Kapur Singh died in 1753 at Amritsar and was succeeded by his younger brother, Hameer Singh.

ਗਿਆਨੀ ਗਿਆਨ ਸਿੰਘ ਲਿਖਦੇ ਹਨ ਕਿ ਸਿਖ ਕਪੂਰ ਸਿੰਘ ਦਾ ਬਹੁਤ ਹੀ ਆਦਰ ਕਰਦੇ ਸਨ। ਬਹੁਤ ਹਲੀਮੀ ਭਰੇ ਸਨ ਤੇ ਪੰਥ ਦੀ ਬਹੁਤ ਟਹਿਲ ਸੇਵਾ ਕਰਦੇ ਸਨ।

ਬਹੁਤ ਸਿੰਘਨ ਕੋ ਆਦਰ ਕਰੈ। ਬਿਨਾ ਪੁਛੇ ਪੰਥ ਗਲ ਨ ਕਰੈ।

ਟਹਲ ਅਗੈ ਤੇ ਕਰੈ ਸਵਾਈ। ਬਹੁਤ ਗਰੀਬੀ ਉਸ ਮਨ ਆਈ।

ਜਿਮ ਜਿਮ ਪੰਥਹਿ ਟਹਿਲ ਕਮਾਵੈ। ਤਿਮ ਤਿਮ ਸਿੰਘ ਜੀ ਗੁਰਮਤ ਆਵੈ। (ਪ੍ਰਾਚੀਨ ਪੰਥ ਪ੍ਰਕਾਸ਼)

ਨੋਟ:

ਹਵਾਲੇ

 1. ਅਲੀਉਦਦੀਨ ਮੁਫਤੀ, ਇਬਰਤਨਾਮਾ, 1 (1854) ਲਹੌਰ, 1961, ਪੰਨਾ 207
 2. ਅਨੰਦ ਸਿੰਘ ਮੁਖਲਿਸ, ਤਜ਼ਕਰਾ ਹਥਲਿਖਤ, ਪੰਜਾਬ ਹਿਸਟੋਰੀਲ ਸਟਡੀਜ਼, ਡਿਪਾਰਟਮੈਂਟ ਲਾਇਬਰੇਰੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1748.
 3. ਸਤਬੀਰ ਸਿੰਘ (1962) ਸਾਡਾ ਇਤਿਹਾਸ ਭਾਗ 2 (ਪੰਜਾਬ ਦਾ ਇਤਿਹਾਸ 1708-1799) ਨਿਊ ਬੁਕ ਸ਼ਾਪ, ਜਲੰਧਰ।
 4. ਸਿਮੰਦਨ ਡੀ (2017) ਕੰਪੀਟੀਸ਼ਨ, ਕੰਟਿਨਜੈਂਸੀ ਐਂਡ ਦੀਸਟੈਬਿਲਾਈਜ਼ੇਸ਼ਨ ਇਨ ਅਰਬਨ ਅਸੈਂਬਲੀਜ਼ ਐਂਡ ਐਕਟਰ ਨੈਟਵਰਕਸ, ਅਰਬਨ ਓਿਗ੍ਰਾਫੀ, ਪੰਨੇ 1-12
 5. ਸੇਵਾ ਸਿੰਘ ਕਵੀ, ਸ਼ਹੀਦ ਬਿਲਾਸ (ਭਾਈ ਮਨੀ ਸਿੰਘ) ਸੰ: ਗਿਆਨੀ ਗਰਜਾ ਸਿੰਘ, ਦਿਸੰਬਰ 1961, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ, ਅੰਤਿਕਾ 2, ਪੰਨਾ 96
 6. ਸੋਹਨ ਲਾਲ ਸੂਰੀ, ਉਮਦਾਤ-ਉਲ-ਤਵਾਰੀਖ, ਲਹੌਰ, 1885, ਪੰਨਾ 17 ਅਹਿਮਦ ਸ਼ਾਹ ਬੁਟਾਲੀਆ,
 7. ਸੋਹਨ ਸਿੰਘ ਸੀਤਲ (1952) ਸਿਖ ਮਿਸਲਾਂ ਤੇ ਸਰਦਾਰ ਘਰਾਣੇ, ਲਹੌਰ ਬੁਕ ਸ਼ਾਪ, ਲੁਧਿਆਣਾ, ਛਾਪ ਪੰਜਵੀਂ, 1993, ਪੰਨਾ 79-83.
 8. ਹਰਬੰਸ ਸਿੰਘ, ਪ੍ਰੌਫੈਸਰ (1993), ਨਵਾਬ ਕਪੂਰ ਸਿੰਘ, ਪੰਜਾਬ ਪਾਸਟ ਐਂਡ ਪ੍ਰੈਜ਼ੈਂਟ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨੇ 81-92
 9. ਹਰਪ੍ਰੀਤ ਕੌਰ (1988) ਸਿਖ ਸਟਰਗਲ ਫਾਰ ਸਾਵਰੈਨਿਟੀ (1708-1768), ਪੀ ਐਚ ਡੀ ਥੀਸਿਜ਼, ਅਣਛਪਿਆ, ਪੰਜਾਬੀ ਯੂਨੀਵਰਸਿਟੀ, ਪਟਿਆਲਾ
 10. ਕਾਨ ਸਿੰਘ ਨਾਭਾ ਭਾਈ, (1930) ਮਹਾਨਕੋਸ਼, ਵਾਲਿਊਮ 1, ਪਟਿਆਲਾ, 1970
 11. ਕਨ੍ਹਈਆ ਲਾਲ (1877) ਤਾਰੀਖ-ਇ- ਪੰਜਾਬ, ਲਹੌਰ, ਪੰਨਾ 106
 12. ਕੁਲਦੀਪ ਸਿੰਘ ਹਉਰਾ (1996), ਪ੍ਰਮੁਖ ਸਿਖ ਸ਼ਖਸ਼ੀਅਤਾਂ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸੰ: ਰੂਪ ਸਿੰਘ, 2005, ਚੌਥੀ ਐਡੀਸ਼ਨ, ਪੰਨੇ 122-125
 13. ਖੁਸ਼ਵੰਤ ਸਿੰਘ, ਦ ਸਿਖਜ਼, ਜਾਰਜ ਐਲਨ ਐਂਡ ਉਨਵਿਨ, ਲਹੌਰ, 1953
 14. ਖੁਸ਼ਵਕਤ ਰਾਇ ਤਵਾਰੀਖ-ਇ-ਸਿਖਾਂ, ਹਥਲਿਖਤ, ਡਾ: ਗੰਡਾ ਸਿੰਘ, ਪ੍ਰਾਈਵੇਟ ਕਲੈਕਸ਼ਨ, ਪਟਿਆਲਾ, ਪੰਨਾ 69
 15. ਗਣੇਸ਼ ਦਾਸ ਬਡੇਰਾ. (1855). ਅੰਮ੍ਰਿਤਸਰ, 1965
 16. ਗਿਆਨ ਸਿੰਘ ਗਿਆਨੀ, 1893, ਤਵਾਰੀਖ ਗੁਰੁ ਖਾਲਸਾ, ਭਾਗ 2, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, 1970
 17. ਗਿਆਨ ਸਿੰਘ ਗਿਆਨੀ, 1890 ਪੰਥ ਪ੍ਰਕਾਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ, 1970 ੍ਰ
 18. ਗੁਪਤਾ ਹਰੀ ਰਾਮ, ਹਿਸਟਰੀ ਆਫ ਦ ਸਿਖਜ਼, ਵਾਲਿਊਮ 1, 1739-68, ਕਲਕਤਾ, 1939
 19. ਗੁਲਾਮ ਅਲੀ ਆਜ਼ਾਦ ਬੀਰਗਾਮੀ (1871), ਖਜ਼ਾਨਾ-ਇ- ਅਮੀਰਾ (1762-63), ਨਵਲ ਕਿਸ਼ੋਰ ਪ੍ਰੈਸ, ਕਾਨਪੁਰ, 1900,
 20. ਜਾਰਜ ਫਾਰਸਟਰ, ਏ ਜਰਨੀ ਫਰਾਮ ਬੰਗਾਲ ਟੂ ਇੰਗਲੈਂਡ, ਵਾਲਿਊਮ 1, ਪੰਨੇ 225-295 ਤੇ ਵਾਲਿਊਮ 2, ਪੰਨੇ 126-12, 197, 199, 227-228, 324-326. 382, 389. ਪਬਲਿਸ਼ਡ ਇਨ ਦ ਪਾਸਟ ਐਂਡ ਪ੍ਰੈਜ਼ੈਂਟ ਵਾਲਿਊਮ 26, 49, ਅਪ੍ਰੈਲ 1991, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ 76;
 21. ਟਾਮਜ਼ (ਸਪਰਿੰਗ, 2004) ਰੀਲਰੰਿਗ ਕਾਊਨਟਰਇਨਸਰਜੈਸੀ ਵਾਰਫੇਅਰ (ਪੀਡੀ ਐਫ) ਪਾਰਾਮੀਟਰਜ਼, ਯੂ ਐਸ ਆਰਮੀ ਵਾਰ ਕਾਲਜ.
 22. ਤੇਜਾ ਸਿੰਘ ਤੇ ਗੰਡਾ ਸਿੰਗ (1950), ਏ ਸ਼ਾਰਟ ਹਿਸਟਰੀ ਆਫ ਦ ਸਿਖਜ਼, ਬੰਬਈ।
 23. ਤਹਮਾਸ ਖਾਨ, ਤਹਮਾਸਨਾਮਾ (1782) ਹਥਲਿਖਿਤ ਅੰਗ੍ਰੇਜ਼ੀ ਤਰਜਮਾ ਪੀ ਸੇਤੂ ਮਾਧਵ ਰਾਉ, ਪਾਪੂਲਰ ਪ੍ਰਕਾਸ਼ਨ ਬੰਬਈ, 1967.
 24. ਨੂਰ ਮੁਹੰਮਦ ਕਾਜ਼ੀ, ਜੰਗ ਨਾਮਾ (1765) ਹਥਲਿਖਤ, ਅੰਗ੍ਰੇਜ਼ੀ ਤਰਜ਼ਮਾ ਡਾ: ਗੰਡਾ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ, 1939.
 25. ਪ੍ਰੇਮ ਸਿੰਘ, ਨਵਾਬ ਕਪੂਰ ਸਿੰਘ, ਲਹੌਰ ਬੁਕ ਸ਼ਾਪ, ਲੁਧਿਆਣਾ, 1952.
 26. ਫੌਜਾ ਸਿੰਘ, ਦ ਮਿਸਲਦਾਰੀ ਪੀਰੀਅਡ ਆਫ ਸਿਖ ਹਿਸਟਰੀ, ਦ ਮਿਸ਼ਿਨਰੀ, (ਮਾਰਚ 1960), ਦਿਲੀ
 27. ਬੁਧ ਸਿੰਘ ਅਰੋੜਾ, ਰਿਸਾਲਾ-ਇ-ਨਾਨਕ-ਸ਼ਾਹ (1783) ਹਥਲਿਖਤ, ਐਨ ਅਕਾਉਂਟ ਆਫ ਦ ਸਿਖਜ਼ ਫਰਾਮ ਦੇਅਰ ਉਰਿਜਿਨ ਟੂ 1764. ਰਾਈਜ਼ ਆਫ ਸਿਖਜ਼ ਐਂਡ ਵਡਾ ਘਲੂਘਾਰਾ।
 28. ਬੂਟੇ ਸ਼ਾਹ, ਤਾਰੀਖ-ਇ- ਪੰਜਾਬ (1848) 4, ਹਥਲਿਖਤ. ਡਾ: ਗੰਡਾ ਸਿੰਘ, ਪ੍ਰਾਈਵੇਟ ਕਲੈਕਸ਼ਨ, ਪਟਿਆਲਾ, ਫਾਰਸੀ।
 29. ਭਗਤ ਸਿੰਘ, ਏ ਹਿਸਟਰੀ ਆਫ ਸਿਖ ਮਿਸਲਜ਼, (1993). ਪੰਜਾਬੀ ਯੂਨੀਵਰਸਿਟੀ, ਪਟਿਆਲਾ।
 30. ਮਾਓ ਜ਼ੇ ਤੁੰਗ (1965) ਏ ਸਿੰਗਲ ਸਪਾਰਕ ਕੈਨ ਸਟਾਰਟ ਏ ਪਰਿਆਇਰੀ ਢਾਇਰ. ਸਲੈਕਟਡ ਵਰਕਸ ਇੰਗਲਿਸ਼. ਸੰ: ਐਫ ਐਲ ਪੀ ਪੀਕਿੰਗ ਵਾਲਿਊਮ 1;
 31. ਰਤਨ ਸਿੰਘ ਭੰਗੂ, ਪ੍ਰਾਚੀਨ ਪੰਥ ਪ੍ਰਕਾਸ਼ (1841), ਅੰਮ੍ਰਿਤਸਰ (1939)
 32. ਲਤੀਫ ਸਯਦ ਮੁਹੰਮਦ (1891) ਹਿਸਟਰੀ ਆਫ ਦ ਪੰਜਾਬ, ਸੈਂਟਰਲ ਪ੍ਰੈਸ ਲਿਮਿਟਡ ਕਲਕਤਾ।
 33. ਲੇਪਲ ਗ੍ਰਿਫਨ ਐਂਡ ਸੀ ਐਫ ਮੈਸੀ (1909) ਚੀਫਜ਼ ਐਂਡ ਫੈਮਿਲੀਜ਼ ਆਫ ਨੋਟ ਇਨ ਦ ਪੰਜਾਬ, ਗਵਰਨਮੈਂਟ ਪ੍ਰਿੰਟਿੰਗ ਪ੍ਰੈਸ, ਲਹੌਰ।
 34. ਲੇਪਲ ਗ੍ਰਿਫਨ, ਦ ਪੰਜਾਬ ਚੀਫਜ਼, ਐਮ ਜੀ, ਪ੍ਰੈਸ, ਲਹੌਰ, 1890 2 ਵਾਲਿਊਮਜ਼
 35. ਵਾਨ ਕਰੀਵੈਲਡ, ਮਾਰਟਿਨ (2000) ਟੈਕਨਾਲੋਜੀ ਐਂਡ ਵਾਰ 2: ਪੋਸਟਮਾਡਰਨ ਵਾਰ? ੀੲਨ ਚਾਰਲਸ ਟਾਊਨਜ਼ੈਂਡ, ਦਆਕਸਫੋਰਡ ਹਿਸਟਰੀ ਆਫ ਮਾਡਰਨ ਵਾਰ, ਨਿਊ ਯਾਰਕ, ਯੂ ਐਸ ਏ, ਆਕਸਫੋਰਡ ਯੂਨੀਵਰਸਿਟੀ ਪ੍ਰੈਸ, ਪੰਨੇ 356-58..