.

ਇਸੁ ਮਨ ਕਉ ਕੋਈ ਖੋਜਹੁ ਭਾਈ ॥

ਪ੍ਰਭੂ ਵਲੋਂ ਸਾਨੂੰ ਇਹ ਸਰੀਰ ਇਸ ਲਈ ਪ੍ਰਾਪਤ ਹੋਇਆ ਹੈ ਕਿ ਅਸੀਂ ਆਪਣੇ ਇਸ ਜੀਵਨ ਕਾਲ ਦੌਰਾਨ ਹੀ ਪ੍ਰਭੂ-ਪ੍ਰਾਪਤੀ ਕਰ ਲਈਏ। ਰੱਬ ਦਾ ਮਿਲਾਪ ਕਿਸੇ ਸਿਆਣਪ, ਚਤੁਰਾਈ, ਦਾਨ-ਪੁੰਨ, ਕ੍ਰਮ-ਕਾਂਡ ਆਦਿ ਨਹੀਂ ਹੁੰਦਾ ਰਾਮਕਲੀ ਦੀ ਵਾਰ ਦੀ ੧੦ਵੀਂ ਪਉੜੀ ਵਿੱਚ ਗੁਰੂ ਅਰਜਨ ਸਾਹਿਬ ਉਪਦੇਸ਼ ਕਰਦੇ ਹਨ ਕਿ;

ਪਉੜੀ ॥
ਨਾ ਤੂ ਆਵਹਿ ਵਸਿ ਬਹੁਤੁ ਘਿਣਾਵਣੇ ॥
ਨਾ ਤੂ ਆਵਹਿ ਵਸਿ ਬੇਦ ਪੜਾਵਣੇ ॥
ਨਾ ਤੂ ਆਵਹਿ ਵਸਿ ਤੀਰਥਿ ਨਾਈਐ ॥
ਨਾ ਤੂ ਆਵਹਿ ਵਸਿ ਧਰਤੀ ਧਾਈਐ ॥
ਨਾ ਤੂ ਆਵਹਿ ਵਸਿ ਕਿਤੈ ਸਿਆਣਪੈ ॥
ਨਾ ਤੂ ਆਵਹਿ ਵਸਿ ਬਹੁਤਾ ਦਾਨੁ ਦੇ ॥
ਸਭੁ ਕੋ ਤੇਰੈ ਵਸਿ ਅਗਮ ਅਗੋਚਰਾ ॥
ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ ॥੧੦॥ ਪੰਨਾਂ ੯੬੨

ਅਰਥ: ਹੇ ਪ੍ਰਭੂ! ਬਹੁਤੇ ਵਿਖਾਵੇ ਦੇ ਤਰਲੇ ਲਿਆਂ, ਵੇਦ ਪੜ੍ਹਨ-ਪੜ੍ਹਾਉਣ ਨਾਲ, ਤੀਰਥ ਤੇ ਇਸ਼ਨਾਨ ਕਰਨ ਨਾਲ, ਰਮਤੇ ਸਾਧੂਆਂ ਵਾਂਗ ਸਾਰੀ ਧਰਤੀ ਗਾਹਣ ਨਾਲ, ਕਿਸੇ ਚਤੁਰਾਈ-ਸਿਆਣਪ ਨਾਲ, ਬਹੁਤਾ ਦਾਨ ਦੇਣ ਨਾਲ, ਤੂੰ ਕਿਸੇ ਜੀਵ ਦੇ ਵੱਸ ਵਿੱਚ ਨਹੀਂ ਆਉਂਦਾ ਅਤੇ ਰੀਝਦਾ ਨਹੀਂ।
ਹੇ ਅਪਹੁੰਚ ਤੇ ਅਗੋਚਰ ਪ੍ਰਭੂ! ਸਾਰੇ ਜੀਵ ਤੇਰੇ ਅਧੀਨ ਹਨ; ਕਿਸੇ ਵਿਖਾਵੇ ਦੇ ਉੱਦਮਾਂ ਨਾਲ ਕੋਈ ਜੀਵ ਤੇਰੀ ਪ੍ਰਸੰਨਤਾ ਪ੍ਰਾਪਤ ਨਹੀਂ ਕਰ ਸਕਦਾ। ਹੇ ਪ੍ਰਭੂ! ਤੂੰ ਉਨ੍ਹਾਂ ਜੀਵਾਂ ਤੇ ਖੁਸ਼ ਹੁੰਦਾ ਹੈਂ ਜੋ ਸਦਾ ਕੇਵਲ ਤੇਰਾ ਹੀ ਸਿਮਰਨ ਕਰਦੇ ਹਨ ਅਤੇ ਤੇਰਾ ਭਜਨ-ਸਿਮਰਨ ਕਰਨ ਵਾਲੇ ਪ੍ਰਾਣੀ ਕੇਵਲ ਤੇਰੇ ਤੇ ਹੀ ਟੇਕ ਰਖਦੇ ਹਨ।

ਰੱਬ ਦੀ ਪ੍ਰਾਪਤੀ ਦਾ ਇੱਕ ਹੀ ਸਾਧਨ ਹੈ ਕਿ ਆਪਣੇ ਮਨ ਦੇ ਸੁਭਾਅ ਨੂੰ ਪ੍ਰਮਾਤਮਾ ਦੇ ਸੁਭਾਅ ਵਰਗਾ ਬਣਾਇਆ ਜਾਵੇ ਪਸ਼ੂਆਂ ਅਤੇ ਸਾਡੇ ਵਿੱਚ ਇਹ ਹੀ ਫ਼ਰਕ ਹੈ ਕਿ ਪਸ਼ੂਆਂ ਨੂੰ ਮਾੜੇ-ਚੰਗੇ ਨੂੰ ਪਰਖਣ ਦੀ ਕੋਈ ਸੋਝੀ ਨਹੀਂ ਪਰ ਸਾਨੂੰ ਪ੍ਰਮਾਤਮਾ ਨੇ ਬਬੇਕ ਬੁੱਧ ਦਿੱਤੀ ਹੋਈ ਹੈ ਜਿਸ ਨਾਲ ਅਸੀਂ ਮਾੜੇ-ਚੰਗੇ ਨੂੰ ਪਰਖ ਕਰਨ ਦੀ ਸੋਝੀ ਰੱਖਦੇ ਹਾਂ।
ਸੋਰਠਿ ਰਾਗ ਵਿੱਚ ਗੁਰੂ ਅਰਜਨ ਸਾਹਿਬ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦੇ ਹਨ ਕਿ ਮੇਰੇ ਵੇਖਦਿਆਂ ਲੋਕ ਅਨੇਕਾਂ ਹੀ ਮਿਥੇ ਹੋਏ ਧਾਰਮਿਕ ਕਰਮ-ਕਾਂਡ ਕਰਦੇ ਹਨ, ਪਰ ਇਨ੍ਹਾਂ ਕ੍ਰਮ-ਕਾਂਡਾਂ ਅਤੇ ਤਰੀਕਿਆਂ ਨਾਲ ਪ੍ਰਮਾਤਮਾ ਦੇ ਨਾਲ ਜੁੜਿਆ ਨਹੀਂ ਜਾ ਸਕਦਾ। ਇਸ ਲਈ ਹੇ ਭਾਈ! ਮੈਂ ਤਾਂ ਇਨ੍ਹਾਂ ਕਰਮ-ਕਾਂਡਾਂ ਨੂੰ ਛੱਡ ਕੇ ਮਾਲਕ-ਪ੍ਰਭੂ ਦੇ ਦਰ ਤੇ ਆ ਡਿੱਗਾ ਹਾਂ ਅਤੇ ਅਰਜ਼ੋਈ ਕਰਦਾ ਰਹਿੰਦਾ ਹਾਂ ਕੇ ਹੇ ਪ੍ਰਭੂ! ਮੈਨੂੰ ਭਲੇ-ਬੁਰੇ ਨੂੰ ਪਰਖ ਕਰ ਸਕਣ ਵਾਲੀ ਬੁੱਧੀ ਅਤੇ ਅਕਲ ਬਖਸ਼ ਦਿਉ ਤਾਂ ਜੋ ਤੇਰੇ ਚਰਨਾਂ ਨਾਲ ਜੁੜਿਆ ਜਾ ਸਕੇ।

ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥
ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ ਰਹਾਉ ॥ ਪੰਨਾਂ ੬੪੧

ਮਨੁੱਖਾ ਜੀਵਨ ਤਾਂ ਹੀ ਸਫਲ ਹੈ ਜੇ ਇਸ ਜਨਮ ਵਿੱਚ ਪ੍ਰਭੂ ਦਾ ਮਿਲਾਪ ਹੋ ਜਾਵੇ। ਪ੍ਰਭੂ-ਪ੍ਰਾਪਤੀ ਲਈ ਆਪਣੇ ਮਨ ਨੂੰ ਖੋਜਣਾ ਅਤੇ ਪ੍ਰਮਾਤਮਾ ਦੇ ਗਿਆਨ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਭਗਤ ਕਬੀਰ ਜੀ ਆਖਦੇ ਹਨ ਕਿ;

ਤੁਰਕ ਤਰੀਕਤਿ ਜਾਨੀਐ ਹਿੰਦੂ ਬੇਦ ਪੁਰਾਨ।।
ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ।। ਪੰਨਾਂ ੩੪੦
ਅਰਥ: ਚੰਗਾ ਮੁਸਲਮਾਨ ਉਸ ਨੂੰ ਕਿਹਾ ਜਾਂਦਾ ਹੈ ਜੋ ਤਰੀਕਤ ਵਿੱਚ ਲੱਗਿਆ ਹੋਵੇ ਅਤੇ ਚੰਗਾ ਹਿੰਦੂ ਉਸ ਨੂੰ ਕਿਹਾ ਜਾਂਦਾ ਹੈ ਜੋ ਵੇਦਾਂ-ਪੁਰਾਣਾਂ ਦੀ ਖੋਜ ਕਰਦਾ ਹੈ। ਇਸ ਲਈ ਦੁਬਿਧਾ ਆਦਿ ਨੂੰ ਮਿਟਾ ਕੇ ਪ੍ਰਭੂ-ਚਰਨਾਂ ਵਿੱਚ ਜੁੜੇ ਰਹਿਣ ਲਈ ਮਨ ਨੂੰ ਉੱਚੇ ਜੀਵਨ ਦੀ ਸੂਝ ਦੇਣ ਵਾਸਤੇ ਉੱਚੀ ਵੀਚਾਰ ਵਾਲਾ ਗਿਆਨ ਲੈਣਾ ਜ਼ਰੂਰੀ ਹੈ।
ਜੋ ਮਨ ਕਹਿੰਦਾ ਹੈ, ਸਾਡਾ ਸਰੀਰ ਉਹ ਹੀ ਕੰਮ ਕਰਦਾ ਹੈ। ਇਸ ਤਰ੍ਹਾਂ ਸਾਡਾ ਮਨ ਸਾਡੇ ਜੀਵਨ ਦਾ ਡਰਾਈਵਰ ਹੈ। ਆਪਣੇ ਮਨ ਦੀ ਖੋਜ ਕਰਨ ਤੋਂ ਪਤਾ ਲਗਦਾ ਹੈ ਕਿ ਸਾਡਾ ਸੁਭਾਅ ਕਿਸ ਤਰ੍ਹਾਂ ਦਾ ਹੈ। ਮਨ ਦੇ ਸੁਭਾਅ ਵਾਰੇ ਭਗਤ ਕਬੀਰ ਜੀ ਦੇ ਬਚਨ ਹਨ ਕਿ;

ਗਉੜੀ ਕਬੀਰ ਜੀ ॥
ਮਨ ਕਾ ਸੁਭਾਉ ਮਨਹਿ ਬਿਆਪੀ ॥
ਮਨਹਿ ਮਾਰਿ ਕਵਨ ਸਿਧਿ ਥਾਪੀ ॥੧॥
ਕਵਨੁ ਸੁ ਮੁਨਿ ਜੋ ਮਨੁ ਮਾਰੈ ॥
ਮਨ ਕਉ ਮਾਰਿ ਕਹਹੁ ਕਿਸੁ ਤਾਰੈ ॥੧॥ ਰਹਾਉ ॥
ਮਨ ਅੰਤਰਿ ਬੋਲੈ ਸਭੁ ਕੋਈ ॥
ਮਨ ਮਾਰੇ ਬਿਨੁ ਭਗਤਿ ਨ ਹੋਈ ॥੨॥
ਕਹੁ ਕਬੀਰ ਜੋ ਜਾਨੈ ਭੇਉ ॥
ਮਨੁ ਮਧੁਸੂਦਨੁ ਤ੍ਰਿਭਵਣ ਦੇਉ ॥੩॥੨੮॥ ਪੰਨਾਂ ੩੨੯

ਅਰਥ: ਉਹ ਕਿਹੜਾ ਮੁਨੀ ਹੈ ਜੋ ਮਨ ਨੂੰ ਮਾਰਦਾ ਹੈ ਅਤੇ ਉਹ ਆਪਣੇ ਮਨ ਨੂੰ ਮਾਰ ਕੇ ਕਿਸ ਨੂੰ ਤਾਰਦਾ ਹੈ? ਭਾਵ ਕੋਈ ਵਿਰਲਾ ਹੀ ਹੈ।੧। ਰਹਾਉ।
ਹਰੇਕ ਪ੍ਰਾਣੀ ਦੇ ਮਨ ਦੀ ਲਗਨ ਅਤੇ ਸਾਡੇ ਜੀਵਨ ਦੀ ਸਾਰੀ ਦੌੜ-ਭੱਜ ਸਾਡੇ ਜੀਵਨ ਉੱਤੇ ਪ੍ਰਭਾਵ ਪਾਉਂਦੀ ਹੈ। ਇਸ ਤਰ੍ਹਾਂ ਦੀ ਦੌੜ-ਭੱਜ ਨਾਲ ਕੋਈ ਕਾਮਯਾਬੀ ਨਹੀਂ ਹੁੰਦੀ। ਹਰੇਕ ਪ੍ਰਾਣੀ ਮਨ ਦਾ ਪ੍ਰੇਰਿਆ ਹੋਇਆ ਹੀ ਬੋਲਦਾ ਹੈ ਭਾਵ ਜੋ ਚੰਗੇ-ਮੰਦੇ ਕੰਮ ਪ੍ਰਾਣੀ ਕਰਦਾ ਹੈ, ਉਨ੍ਹਾਂ ਲਈ ਪ੍ਰੇਰਨਾ ਉਸ ਦੇ ਮਨ ਵਲੋਂ ਹੀ ਹੁੰਦੀ ਹੈ। ਇਸ ਲਈ ਮਨ ਨੂੰ ਵਿਕਾਰਾਂ ਤੋਂ ਰੋਕਣ ਤੋਂ ਬਗੈਰ ਰੱਬ ਦੀ ਭਗਤੀ ਨਹੀਂ ਹੋ ਸਕਦੀ। ਹੇ ਕਬੀਰ! ਜੋ ਪ੍ਰਾਣੀ ਇਸ ਰਮਜ਼ ਨੂੰ ਸਮਝ ਲੈਂਦਾ ਹੈ, ਉਸ ਦਾ ਮਨ ਤਿਨ੍ਹਾਂ ਲੋਕਾਂ ਨੂੰ ਚਾਨਣ ਦੇਣ ਵਾਲੇ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੈ।
ਜੋ ਚੰਗੇ-ਮੰਦੇ ਕੰਮ ਜੀਵ ਕਰਦੇ ਰਹਿੰਦੇ ਹਨ ਉਨ੍ਹਾਂ ਦੇ ਅਸਰ ਜੀਵ ਦੇ ਅੰਦਰ ਇਕੱਠੇ ਹੁੰਦੇ ਰਹਿੰਦੇ ਹਨ। ਇਨ੍ਹਾਂ ਸੰਸਕਾਰਾਂ ਦੇ ਅਸਰ ਦੇ ਇਕੱਠ ਦਾ ਨਾਮ ‘ਮਨ’ ਹੈ। ਜਦੋਂ ਕੋਈ ਇੱਕ ਖ਼ਾਸ ਚੰਗੀ ਜਾਂ ਮੰਦੀ ਵਾਦੀ ਬਣ ਜਾਏ ਤਾਂ ਉਹ ਮਨ ਦੇ ਬਾਕੀ ਦੇ ਅਸਰਾਂ ਨੂੰ ਦਬਾਅ ਰੱਖਦੀ ਹੈ ਅਤੇ ਜੀਵ ਦੇ ਸਾਰੇ ਜੀਵਨ ਨੂੰ ਓਧਰ ਹੀ ਬਦਲ ਦਿੰਦੀ ਹੈ। ਜੀਵ ਦੀ ਸਾਰੀ ਦੌੜ-ਭੱਜ ਮਨ ਦੇ ਸੰਸਕਾਰਾਂ ਦੀ ਪ੍ਰੇਰਨਾ ਦੇ ਆਸਰੇ ਹੁੰਦੀ ਹੈ। ਜੇ ਮਨ ਨੂੰ ਮਾਰਨ ਦਾ ਜਤਨ ਕੀਤਾ ਜਾਏ ਅਤੇ ਮਨ ਨੂੰ ਉੱਕਾ ਹੀ ਮੁਕਾ ਦੇਣ ਦੀ ਕੋਸ਼ਿਸ਼ ਕੀਤੀ ਜਾਏ ਤਾਂ ਸਾਡੇ ਜੀਵਨ ਦੀ ਸਾਰੀ ਕ੍ਰਿਆ ਮੁੱਕ ਜਾਵੇਗੀ। ਇਸ ਲਈ ਮਨ ਨੂੰ ਮੁਕਾਉਣਾ ਨਹੀਂ, ਬਲਕਿ ਉਨ੍ਹਾਂ ਰੁਚੀਆਂ ਨੂੰ ਵੱਸ ਕਰਨਾ ਹੈ ਜੋ ਜੀਵ ਨੂੰ ਮਾੜੇ ਪਾਸੇ ਵੱਲ ਲੈ ਜਾਂਦੀਆਂ ਹਨ।
ਇੱਕ ਹੋਰ ਥਾਂ ਤੇ ਭਗਤ ਕਬੀਰ ਮਨ ਦੇ ਸੁਭਾਅ ਵਾਰੇ ਦੱਸਦੇ ਹਨ ਕਿ;
ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹ ਦਿਸ ਜਾਇ ॥
ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ ॥੮੬॥ ਪੰਨਾਂ ੧੩੬੯
ਅਰਥ: ਹੇ ਕਬੀਰ! ਪ੍ਰਭੂ ਦੀ ਸਿਫ਼ਤ-ਸਾਲਾਹ ਵਿਕਾਰਾਂ ਨੂੰ ਸਾੜ ਕੇ ਪ੍ਰਭੂ-ਚਰਨਾਂ ਨਾਲ ਜੋੜਦੀ ਹੈ ਪਰ ਫਿਰ ਭੀ ਜੀਵ ਦਾ ਮਨ ਪੰਛੀ ਬਣ ਕੇ ਇੱਕ ਪ੍ਰਭੂ ਦਾ ਆਸਰਾ ਛੱਡ ਕੇ ਮਾਇਕ ਪਦਾਰਥਾਂ ਵੱਲ ਸਾਰੇ ਪਾਸੇ ਦੌੜਦਾ ਫਿਰਦਾ ਹੈ। ਇਸੇ ਤਰ੍ਹਾਂ ਜਿਹੋ ਜਿਹੀ ਸੰਗਤ ਜੀਵ ਕਰਦਾ ਹੈ, ਉਸੇ ਤਰ੍ਹਾਂ ਦਾ ਫਲ ਉਸ ਜੀਵ ਨੂੰ ਪ੍ਰਾਪਤ ਹੋ ਜਾਂਦਾ ਹੈ।
ਮਨ ਨੂੰ ਖੋਜਣ ਵਾਰੇ ਰਾਮਕਲੀ ਓਂਕਾਰ ਵਿੱਚ ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ;

ਖੋਜਤ ਖੋਜਤ ਅੰਮ੍ਰਿਤੁ ਪੀਆ ॥
ਖਿਮਾ ਗਹੀ ਮਨੁ ਸਤਗੁਰਿ ਦੀਆ ॥
ਖਰਾ ਖਰਾ ਆਖੈ ਸਭੁ ਕੋਇ ॥
ਖਰਾ ਰਤਨੁ ਜੁਗ ਚਾਰੇ ਹੋਇ ॥
ਖਾਤ ਪੀਅੰਤ ਮੂਏ ਨਹੀ ਜਾਨਿਆ ॥
ਖਿਨ ਮਹਿ ਮੂਏ ਜਾ ਸਬਦੁ ਪਛਾਨਿਆ ॥
ਅਸਥਿਰੁ ਚੀਤੁ ਮਰਨਿ ਮਨੁ ਮਾਨਿਆ ॥
ਗੁਰ ਕਿਰਪਾ ਤੇ ਨਾਮੁ ਪਛਾਨਿਆ ॥੧੯॥ ਪੰਨਾਂ ੯੩੨

ਅਰਥ: ਸਤਿਗੁਰੂ ਦੀ ਮਤ ਲੈ ਕੇ ਜੋ ਪ੍ਰਾਣੀ ਵਾਰ-ਵਾਰ ਆਪਣਾ-ਆਪ ਖੋਜ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, ਉਹ ਦੂਜਿਆਂ ਦੀ ਵਧੀਕੀ ਨੂੰ ਸਹਾਰਨ ਦਾ ਸੁਭਾਉ ਪੱਕਾ ਕਰ ਲੈਂਦਾ ਹੈ ਅਤੇ ਆਪਣਾ ਮਨ ਆਪਣੇ ਸਤਿਗੁਰੂ ਵਿੱਚ ਲੀਨ ਕਰ ਲੈਂਦਾ ਹੈ। ਹਰ ਕੋਈ ਉਸ ਜੀਵ ਦੇ ਖਰੇ ਅਤੇ ਸੁੱਚੇ ਜੀਵਨ ਦੀ ਸ਼ਲਾਘਾ ਕਰਦਾ ਹੈ। ਇਸ ਤਰ੍ਹਾਂ ਆਪਣੇ ਮਨ ਦੀ ਖੋਜ ਕਰਕੇ ਉਹ ਜੀਵ ਸਦਾ ਲਈ ਸੁੱਚਾ ਅਤੇ ਸ੍ਰੇਸ਼ਟ ਜੀਵਨ ਜਿਉਂਦਾ ਹੈ।
ਪਰ ਜੋ ਜੀਵ ਦੁਨੀਆਂ ਦੇ ਭੋਗ ਭੋਗਦੇ ਰਹਿੰਦੇ ਹਨ ਉਹ ਆਤਮਕ ਜੀਵਨ ਵਲੋਂ ਮਰ ਜਾਂਦੇ ਹਨ, ਉਨ੍ਹਾਂ ਨੂੰ ਨਾਮ-ਅੰਮ੍ਰਿਤ ਦੀ ਸੂਝ ਨਹੀਂ ਪੈ ਸਕਦੀ। ਉਹ ਹੀ ਜੀਵ ਜਦ ਸਤਿਗੁਰੂ ਦੇ ਸ਼ਬਦ ਨਾਲ ਡੂੰਘੀ ਸਾਂਝ ਪਾਉਂਦੇ ਹਨ ਤਾਂ ਉਹ ਇੱਕ ਦੰਮ ਹਉਮੈ ਨੂੰ ਮਾਰ ਦਿੰਦੇ ਹਨ। ਉਨ੍ਹਾਂ ਦਾ ਮਨ ਕਾਮ, ਕ੍ਰੋਧ ਆਦਿ ਵਲੋਂ ਅਡੋਲ ਹੋ ਜਾਂਦਾ ਹੈ ਅਤੇ ਆਪਣੀ ਹਉਮੈ ਨੂੰ ਮਾਰ ਕੇ ਖ਼ੁਸ਼ ਹੁੰਦੇ ਹਨ। ਇਸ ਤਰ੍ਹਾਂ ਸਤਿਗੁਰੂ ਦੀ ਮੇਹਰ ਨਾਲ ਉਨ੍ਹਾਂ ਦੀ ਪ੍ਰਮਾਤਮਾ ਨਾਲ ਡੂੰਘੀ ਸਾਂਝ ਪੈ ਜਾਂਦੀ ਹੈ।
ਰਾਗ ਆਸਾ ਵਿੱਚ ਲਿਖੀ ਪੱਟੀ ਵਿੱਚ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਹਨ ਕਿ;

ਭਭੈ ਭਾਲਹਿ ਸੇ ਫਲੁ ਪਾਵਹਿ ਗੁਰ ਪਰਸਾਦੀ ਜਿਨ੍ਹ ਕਉ ਭਉ ਪਇਆ ॥
ਮਨਮੁਖ ਫਿਰਹਿ ਨ ਚੇਤਹਿ ਮੂੜੇ ਲਖ ਚਉਰਾਸੀਹ ਫੇਰੁ ਪਇਆ ॥੨੭॥ ਪੰਨਾਂ ੪੩੪

ਅਰਥ: ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਜੀਵਾਂ ਦੇ ਮਨ ਵਿੱਚ ਪ੍ਰਮਾਤਮਾ ਦਾ ਡਰ ਟਿਕ ਜਾਂਦਾ ਹੈ ਭਾਵ ਜਿਨ੍ਹਾਂ ਨੂੰ ਇਹ ਸਮਝ ਪੈ ਜਾਂਦੀ ਹੈ ਕਿ ਪ੍ਰਮਾਤਮਾ ਸਾਡੇ ਅੰਗ- ਸੰਗ ਵੱਸਦਾ ਹੈ ਅਤੇ ਸਾਡੇ ਹਰੇਕ ਕੰਮ ਨੂੰ ਵੇਖਦਾ ਹੈ, ਉਹ ਜੀਵ ਫਿਰ ਪ੍ਰਮਾਤਮਾ ਦਾ ਦਰਸ਼ਨ ਕਰਨ ਦੇ ਜਤਨ ਕਰਦੇ ਹਨ ਅਤੇ ਆਪਣੇ ਇਨ੍ਹਾਂ ਜਤਨਾਂ ਨਾਲ ਪ੍ਰਮਾਤਮਾ ਨੂੰ ਮਿਲਣ ਵਿੱਚ ਸਫ਼ਲ ਹੋ ਜਾਂਦੇ ਹਨ।
ਪਰ ਦੁਨਿਆਵੀ ਵਿੱਦਿਆ ਦੇ ਮਾਣ ਵਿੱਚ ਆਪਣੇ-ਆਪ ਨੂੰ ਸਿਆਣੇ ਸਮਝਣ ਵਾਲੇ ਜੀਵ ਆਪਣੇ ਮਨ ਦੇ ਪਿੱਛੇ ਤੁਰਦੇ ਰਹਿੰਦੇ ਹਨ। ਉਹ ਜੀਵ ਹੋਰ ਪਾਸੇ ਭਟਕਦੇ ਰਹਿੰਦੇ ਹਨ ਪਰ ਪ੍ਰਮਾਤਮਾ ਨੂੰ ਯਾਦ ਨਹੀਂ ਕਰਦੇ। ਇਸ ਤਰ੍ਹਾਂ ਉਹ ਜਨਮ-ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ।

ਰਾਗ ਮਲਾਰ ਵਿੱਚ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਹਨ ਕਿ;

ਸੇਵਾ ਸੁਰਤਿ ਰਹਸਿ ਗੁਣ ਗਾਵਾ ਗੁਰਮੁਖਿ ਗਿਆਨੁ ਬੀਚਾਰਾ ॥
ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ ਕਰਤਾਰਾ ॥
ਹਮ ਨੀਚ ਹੋੁਤੇ ਹੀਣਮਤਿ ਝੂਠੇ ਤੂ ਸਬਦਿ ਸਵਾਰਣਹਾਰਾ ॥
ਆਤਮ ਚੀਨਿ ਤਹਾ ਤੂ ਤਾਰਣ ਸਚੁ ਤਾਰੇ ਤਾਰਣਹਾਰਾ ॥੩॥ ਪੰਨਾਂ ੧੨੫੫

ਹੇ ਮੇਰੇ ਗੁਰੂ! ਹੇ ਮੇਰੇ ਕਰਤਾਰ! ਮੈਂ ਤੇਰੇ ਤੋਂ ਕੁਰਬਾਨ ਜਾਂਦਾ ਹਾਂ, ਤੂੰ ਮਿਹਰ ਕਰ! ਮੇਰੀ ਸੁਰਤ, ਤੇਰੀ ਸੇਵਾ-ਭਗਤੀ ਵਿੱਚ ਟਿਕੀ ਰਹੇ ਅਤੇ ਮੈਂ ਪੂਰਨ ਆਨੰਦ ਵਿੱਚ ਟਿਕ ਕੇ ਮੈਂ ਤੇਰੇ ਗੁਣ ਗਾਉਂਦਾ ਰਹਾਂ। ਹੇ ਮੇਰੇ ਕਰਤਾਰ! ਗੁਰੂ ਦੀ ਸ਼ਰਨ ਪੈ ਕੇ ਮੈਂ ਸਦਾ ਇਹ ਵਿਚਾਰ ਕਰਦਾ ਰਹਾਂ ਕਿ ਤੇਰੇ ਨਾਲ ਮੇਰੀ ਡੂੰਘੀ ਸਾਂਝ ਬਣੀ ਰਹੇ। ਤੇਰੇ ਨਾਲ ਡੂੰਘੀ ਜਾਣ ਪਛਾਣ ਦੇ ਜਤਨ ਖੋਜਣ ਵਾਲਾ ਜੀਵ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ, ਪਰ ਨਿੱਤ ਮਾਇਆ ਦੇ ਝਗੜੇ ਕਰਨ ਵਾਲਾ ਜੀਵ ਜਨਮ-ਮਰਨ ਦੇ ਗੇੜ ਵਿੱਚ ਪੈ ਜਾਂਦਾ ਹੈ।
ਹੇ ਪ੍ਰਭੂ! ਅਸੀਂ ਤ੍ਰਿਸ਼ਨਾ ਵਿੱਚ ਪੈ ਕੇ ਬਹੁਤ ਨੀਵੇਂ ਜੀਵਨ ਵਾਲੇ ਹੋ ਚੁੱਕੇ ਹਾਂ। ਅਸੀਂ ਮੂਰਖ ਹਾਂ। ਅਸੀਂ ਝੂਠੇ ਪਦਾਰਥਾਂ ਵਿੱਚ ਫਸੇ ਹੋਏ ਹਾਂ। ਹੇ ਪ੍ਰਭੂ! ਤੂੰ ਆਪਣੀ ਸਿਫ਼ਤ-ਸਾਲਾਹ ਦੀ ਬਾਣੀ ਵਿੱਚ ਜੋੜ ਕੇ ਸਾਡਾ ਜੀਵਨ ਸਵਾਰਨ ਦੇ ਸਮਰੱਥ ਹੈਂ। ਹੇ ਪ੍ਰਭੂ! ਜਿਥੇ ਤੇਰੇ ਗੁਣਾਂ ਦੀ ਵਿਚਾਰ ਹੁੰਦੀ ਹੈ, ਉਥੇ ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ ਬਚਾਉਣ ਲਈ ਤੂੰ ਜੀਵਾਂ ਕੋਲ ਆਪ ਪਹੁੰਚ ਜਾਂਦਾ ਹੈਂ। ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਜੀਵਾਂ ਤਾਰਨ ਦੇ ਸਮਰੱਥ ਹੈਂ, ਸਾਨੂੰ ਜੀਵਾਂ ਨੂੰ ਤਾਰ ਲੈ।

ਪ੍ਰਮਾਤਮਾ-ਪ੍ਰਾਪਤੀ ਨੂੰ ਪਾਉਣ ਵਾਸਤੇ, ਸਾਡੇ ਮਨ ਦੇ ਬਹੁਤ ਸਾਰੇ ਸ਼ੰਕੇ ਸਾਨੂੰ ਹਰ ਰੋਜ਼ ਸਤਾਉਂਦੇ ਰਹਿੰਦੇ ਹਨ। ਇਹ ਸ਼ੰਕੇ ਦੂਰ ਕਰਨ ਲਈ ਭਗਤ ਕਬੀਰ ਜੀ ਹੇਠ ਲਿਖਿਆ ਸ਼ਬਦ ਬਹੁਤ ਸਹਾਈ ਲਗਦਾ ਹੈ;

ਗਉੜੀ ॥
ਝਗਰਾ ਏਕੁ ਨਿਬੇਰਹੁ ਰਾਮ ॥
ਜਉ ਤੁਮ ਅਪਨੇ ਜਨ ਸੌ ਕਾਮੁ ॥੧॥ ਰਹਾਉ ॥
ਇਹੁ ਮਨੁ ਬਡਾ ਕਿ ਜਾ ਸਉ ਮਨੁ ਮਾਨਿਆ ॥
ਰਾਮੁ ਬਡਾ ਕੈ ਰਾਮਹਿ ਜਾਨਿਆ ॥੧॥
ਬ੍ਰਹਮਾ ਬਡਾ ਕਿ ਜਾਸੁ ਉਪਾਇਆ ॥
ਬੇਦੁ ਬਡਾ ਕਿ ਜਹਾਂ ਤੇ ਆਇਆ ॥੨॥
ਕਹਿ ਕਬੀਰ ਹਉ ਭਇਆ ਉਦਾਸੁ ॥
ਤੀਰਥੁ ਬਡਾ ਕਿ ਹਰਿ ਕਾ ਦਾਸੁ ॥੩॥੪੨॥ ਪੰਨਾਂ ੩੩੧

ਅਰਥ: ਹੇ ਪ੍ਰਭੂ! ਜੇ ਤੈਨੂੰ ਆਪਣੇ ਸੇਵਕ ਨਾਲ ਕੰਮ ਹੈ, ਜੇ ਤੂੰ ਮੈਨੂੰ ਆਪਣੇ ਚਰਨਾਂ ਵਿੱਚ ਜੋੜੀ ਰੱਖਣਾ ਹੈ ਤਾਂ ਮੇਰਾ ਇੱਕ ਵੱਡਾ ਸ਼ੰਕ ਦੂਰ ਕਰ ਦੇ ਕਿਉਂਕਿ ਇਹ ਸ਼ੱਕ ਮੈਨੂੰ ਤੇਰੇ ਚਰਨਾਂ ਨਾਲ ਜੁੜਨ ਨਹੀਂ ਦੇਵੇਗਾ।੧। ਰਹਾਉ।
ਪਹਿਲੀ ਸ਼ੰਕਾ: ਕੀ ਇਹ ਮਨ ਵਧੇਰੇ ਬਲਵਾਨ ਹੈ ਜਾਂ ਉਹ ਪ੍ਰਭੂ ਜਿਸ ਨਾਲ ਮਨ ਪਤੀਜ ਕੇ ਭਟਕਣੋਂ ਹਟ ਜਾਂਦਾ ਹੈ? ਕੀ ਪ੍ਰਮਾਤਮਾ ਜ਼ਿਆਦਾ ਸਤਕਾਰ-ਜੋਗ ਹੈ ਜਾਂ ਉਹ ਮਹਾਂਪੁਰਖ ਜਿਸ ਨੇ ਪ੍ਰਮਾਤਮਾ ਨੂੰ ਪਛਾਣ ਲਿਆ ਹੈ?
ਦੂਜੀ ਸ਼ੰਕਾ: ਕੀ ਬ੍ਰਹਮਾ ਆਦਿਕ ਦੇਵਤਾ ਜ਼ਿਆਦਾ ਬਲਵਾਨ ਹੈ ਜਾਂ ਪ੍ਰਭੂ ਜਿਸ ਨੇ ਬ੍ਰਹਮਾ ਨੂੰ ਪੈਦਾ ਕੀਤਾ ਹੋਇਆ ਹੈ? ਕੀ ਵੇਦ ਆਦਿ ਧਰਮ-ਪੁਸਤਕਾਂ ਦਾ ਗਿਆਨ ਸਿਰ-ਨਿਵਾਉਣ-ਜੋਗ ਹੈ ਜਾਂ ਉਹ ਮਹਾਂਪੁਰਖ ਜਿਸ ਤੋਂ ਇਹ ਗਿਆਨਮਿਲਿਆ?
ਭਗਤ ਕਬੀਰ ਕਹਿੰਦੇ ਹਨ ਕਿ ਮੇਰੇ ਮਨ ਵਿੱਚ ਇੱਕ ਹੋਰ ਸ਼ੱਕ ਉੱਠ ਰਿਹਾ ਹੈ ਕਿ ਤੀਰਥ, ਧਰਮ-ਅਸਥਾਨ ਆਦਿ ਪੂਜਣ-ਜੋਗ ਹੈ ਜਾਂ ਪ੍ਰਭੂ ਦਾ ਉਹ ਭਗਤ ਜਿਸ ਦਾ ਸਦਕਾ ਉਹ ਤੀਰਥ ਬਣਿਆ?
ਇਸ ਸ਼ਬਦ ਦੀ ਰਾਹੀਂ ਕਬੀਰ ਜੀ ਨੇ ਹੇਠ ਲਿਖੇ ਭੁਲੇਖੇ ਦੂਰ ਕੀਤੇ ਹਨ;
(1) ‘ਮੈਂ ਬ੍ਰਹਮ ਹਾਂ, ਮੈਂ ਰੱਬ ਹਾਂ’; ਇਹ ਖ਼ਿਆਲ ਹਉਮੈ ਵਲ ਲੈ ਜਾਂਦਾ ਹੈ। ਇਸ ‘ਮੈਂ’ ਨੂੰ, ਇਸ ‘ਮਨ’ ਨੂੰ ਬੇਅੰਤ ਪ੍ਰਭੂ ਵਿੱਚ ਲੀਨ ਕਰਨਾ ਹੀ ਸਹੀ ਰਸਤਾ ਹੈ। (2) ਪ੍ਰਭੂ ਨਾਲ ਮਿਲਾਪ ਤਾਂ ਹੀ ਸੰਭਵ ਹੈ ਜੇ ਸਤਿਗੁਰੂ ਤੋਂ ਆਪਾ ਵਾਰਿਆ ਜਾਵੇ।
(3) ਸਾਰੀ ਕੁਰ੍ਤ ਅਤੇ ਸਭ ਦੇਵਤਿਆਂ ਦਾ ਸਿਰਜਣ-ਹਾਰ ਭੀ ਪ੍ਰਭੂ ਆਪ ਹੀ ਹੈ।
(4) ਨਿਰਾ ‘ਗਿਆਨ’ ਕਾਫ਼ੀ ਨਹੀਂ, ਗਿਆਨ ਦੇ ਦਾਤੇ ਸਤਿਗੁਰੂ ਨਾਲ ਪਿਆਰ ਕਰਨਾ ਭੀ ਜ਼ਰੂਰੀ ਹੈ।
(5) ਅਸਲ ਤੀਰਥ ‘ਸਤਿਗੁਰੂ’ ਆਪ ਅਤੇ ਉਸ ਦਾ ਉਪਦੇਸ਼ ਹੀ ਹੈ।

ੴ ਸਤਿਗੁਰ ਪ੍ਰਸਾਦਿ ॥
ਤਿਲੰਗ ਬਾਣੀ ਭਗਤਾ ਕੀ ਕਬੀਰ ਜੀ    
ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥
ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ ॥੧॥
ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥
ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥੧॥ ਰਹਾਉ ॥
ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿ ॥
ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ ॥੨॥
ਅਸਮਾਨ ਮ੍ਹਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਦ ॥
ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਉਜੂਦੁ ॥੩॥
ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ ॥
ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ ॥੪॥੧॥ ਪੰਨਾਂ ੭੨੭

ਪਦ ਅਰਥ: ਕਤੇਬ-ਪੱਛਮੀ ਲੋਕਾਂ ਦੀਆਂ ਧਾਰਮਿਕ ਪੁਸਤਕਾਂ ਤੌਰੇਤ, ਜ਼ੰਬੂਰ, ਅੰਜੀਲ, ਕੁਰਾਨ; ਇਫਤਰਾ-ਬਣਾਵਟੀ, ਅਸਲੀਅਤ ਨਾਲੋਂ ਵਧਾ ਕੇ ਦੱਸੀਆਂ ਹੋਈਆਂ ਗੱਲਾਂ; ਸਿਹਰੁ-ਜਾਦੂ; ਦਸਤਗੀਰੀ-ਚੀਜ਼, ਸਦਾ ਸਾਂਭ ਰੱਖਣ ਵਾਲੀ ਚੀਜ਼; ਦਰੋਗੁ-ਝੂਠ; ਬੇਖਬਰ-ਅਣਜਾਣ ਜੀਵ; ਸਿਆਮ ਮੂਰਤਿ-ਕ੍ਰਿਸ਼ਨ ਜੀ ਦੀ ਮੂਰਤੀ; ਲਹੰਗ-ਲੰਘਦਾ ਹੈ; ਕਰਦਨ ਬੂਦ-ਕਰਨਾ ਚਾਹੀਦਾ ਸੀ।
ਅਰਥ: ਹੇ ਭਾਈ! ਆਪਣੇ ਦਿਲ ਨੂੰ ਹਰ ਰੋਜ਼ ਖੋਜ, ਬਹਿਸ ਆਦਿ ਦੀ ਘਬਰਾਹਟ ਵਿੱਚ ਨਾ ਭਟਕ। ਇਹ ਸੰਸਾਰ ਇੱਕ ਜਾਦੂ ਅਤੇ ਇੱਕ ਤਮਾਸ਼ਾ ਜਿਹਾ ਹੈ, ਇਸ ਬਹਿਸ, ਵਾਦ-ਵਿਵਾਦ ਆਦਿ ਵਿੱਚੋਂ ਹੱਥ-ਪੱਲੇ ਪੈਣ ਵਾਲੀ ਕੋਈ ਚੀਜ਼ ਨਹੀਂ ਹੈ।੧। ਰਹਾਉ।
ਹੇ ਭਾਈ! ਵਾਦ-ਵਿਵਾਦ ਦੀ ਖ਼ਾਤਰ ਵੇਦਾਂ ਕਤੇਬਾਂ ਦੇ ਹਵਾਲੇ ਦੇ ਦੇ ਕੇ ਵਧ ਗੱਲਾਂ ਕਰਨ ਨਾਲ ਜੀਵ ਦੇ ਆਪਣੇ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਹੇ ਭਾਈ! ਜੇ ਤੂੰ ਆਪਣੇ ਮਨ ਨੂੰ ਥੋੜੇ ਚਿਰ ਲਈ ਹੀ ਟਿਕਾਓ ਤਾਂ ਤੁਹਾਨੂੰ ਸਾਰਿਆਂ ਵਿੱਚ ਵੱਸਦਾ ਰੱਬ ਦਿੱਸੇਗਾ ਅਤੇ ਕਿਸੇ ਦੇ ਵਿਰੁੱਧ ਤਰਕ ਕਰਨ ਦੀ ਲੋੜ੍ਹ ਨਹੀਂ ਪਵੇਗੀ।
ਬੇ-ਸਮਝ ਲੋਕ ਹੋਰ-ਲੋਕਾਂ ਦੀਆਂ ਧਰਮ-ਪੁਸਤਕਾਂ ਨੂੰ ਪੜ੍ਹ ਕੇ ਇਨ੍ਹਾਂ ਵਿੱਚ ਜੋ ਲਿਖਿਆ ਹੋਇਆ ਹੈ; ਨੂੰ ਝੂਠ ਸਮਝਦੇ ਹਨ ਨ ਅਤੇ ਉਨ੍ਹਾਂ ਵਾਰੇ ਬਹਿਸ ਕਰਦੇ ਹਨ। ਪਰ ਉਹ ਲੋਕ ਇਹ ਨਹੀਂ ਜਾਣਦੇ ਕਿ ਸਦਾ ਕਾਇਮ ਰਹਿਣ ਵਾਲਾ ਰੱਬ ਸੰਸਾਰ ਵਿੱਚ ਹੀ ਵੱਸਦਾ ਹੈ, ਉਹ ਨਾ ਤਾਂ ਵੱਖਰਾ ਸੱਤਵੇਂ ਅਸਮਾਨ ਤੇ ਬੈਠਾ ਹੈ ਅਤੇ ਨਾ ਹੀ ਉਹ ਪ੍ਰਮਾਤਮਾ ਕ੍ਰਿਸ਼ਨ ਦੀ ਮੂਰਤੀ ਹੈ। ਹੇ ਭਾਈ! ਰੱਬ ਨੂੰ ਸਤਵੇਂ ਅਸਮਾਨ ਤੇ ਬੈਠਾ ਸਮਝਣ ਦੀ ਥਾਂ, ਉਸ ਦਰਿਆ-ਪ੍ਰਭੂ ਨੂੰ ਆਪਣੇ ਅੰਦਰ ਹੀ ਵਸਦਾ ਦੇਖ ਕੇ, ਉਸ ਵਿੱਚ ਇਸ਼ਨਾਨ ਕਰ ਅਤੇ ਹਰ ਵੇਲੇ ਕੇਵਲ ਪ੍ਰਭੂ ਦੀ ਬੰਦਗੀ ਕਰ, ਇਸ ਤਰ੍ਹਾਂ ਦੇ ਗਿਆਨ ਦੀ ਐਨਕ ਲਾ ਕੇ ਦੇਖ ਕਿ ਪ੍ਰਭੂ ਹਰ ਥਾਂ ਮੌਜ਼ੂਦ ਹੈ।
ਰੱਬ ਸਭ ਤੋਂ ਪਵਿੱਤ੍ਰ ਹਸਤੀ ਹੈ, ਉਸ ਤੋਂ ਜ਼ਿਆਦਾ ਪਵਿੱਤ੍ਰ ਹੋਰ ਕੋਈ ਚੀਜ਼ ਨਹੀਂ। ਇਸ ਵਿੱਚ ਮੈਂ ਤਾਂ ਹੀ ਸ਼ੱਕ ਕਰਾਂ, ਜੇ ਉਸ ਰੱਬ ਵਰਗਾ ਕੋਈ ਹੋਰ ਦੂਜਾ ਹੋਵੇ। ਹੇ ਕਬੀਰ! ਇਸ ਭੇਤ ਨੂੰ ਉਹ ਹੀ ਸਮਝ ਸਕਦਾ ਹੈ ਜਿਸ ਨੂੰ ਪ੍ਰਭੂ ਆਪ ਸਮਝਣ-ਜੋਗ ਬਣਾ ਦੇਵੇ। ਇਹ ਬਖ਼ਸ਼ਸ਼ ਉਸ ਬਖ਼ਸ਼ਣ ਜੋਗ ਪ੍ਰਭੂ ਦੇ ਹੱਥ ਹੈ।

ੴ ਸਤਿਗੁਰ ਪ੍ਰਸਾਦਿ ॥
ਰਾਗੁ ਗਉੜੀ ਗੁਆਰੇਰੀ ਅਸਟਪਦੀ ਕਬੀਰ ਜੀ ਕੀ    
ਸੁਖੁ ਮਾਂਗਤ ਦੁਖੁ ਆਗੈ ਆਵੈ ॥
ਸੋ ਸੁਖੁ ਹਮਹੁ ਨ ਮਾਂਗਿਆ ਭਾਵੈ ॥੧॥
ਬਿਖਿਆ ਅਜਹੁ ਸੁਰਤਿ ਸੁਖ ਆਸਾ ॥
ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ॥੧॥ ਰਹਾਉ ॥
ਇਸੁ ਸੁਖ ਤੇ ਸਿਵ ਬ੍ਰਹਮ ਡਰਾਨਾ ॥
ਸੋ ਸੁਖੁ ਹਮਹੁ ਸਾਚੁ ਕਰਿ ਜਾਨਾ ॥੨॥
ਸਨਕਾਦਿਕ ਨਾਰਦ ਮੁਨਿ ਸੇਖਾ ॥
ਤਿਨ ਭੀ ਤਨ ਮਹਿ ਮਨੁ ਨਹੀ ਪੇਖਾ ॥੩॥
ਇਸੁ ਮਨ ਕਉ ਕੋਈ ਖੋਜਹੁ ਭਾਈ ॥
ਤਨ ਛੂਟੇ ਮਨੁ ਕਹਾ ਸਮਾਈ ॥੪॥
ਗੁਰ ਪਰਸਾਦੀ ਜੈਦੇਉ ਨਾਮਾਂ ॥
ਭਗਤਿ ਕੈ ਪ੍ਰੇਮਿ ਇਨ ਹੀ ਹੈ ਜਾਨਾਂ ॥੫॥
ਇਸੁ ਮਨ ਕਉ ਨਹੀ ਆਵਨ ਜਾਨਾ ॥
ਜਿਸ ਕਾ ਭਰਮੁ ਗਇਆ ਤਿਨਿ ਸਾਚੁ ਪਛਾਨਾ ॥੬॥
ਇਸੁ ਮਨ ਕਉ ਰੂਪੁ ਨ ਰੇਖਿਆ ਕਾਈ ॥
ਹੁਕਮੇ ਹੋਇਆ ਹੁਕਮੁ ਬੂਝਿ ਸਮਾਈ ॥੭॥
ਇਸ ਮਨ ਕਾ ਕੋਈ ਜਾਨੈ ਭੇਉ ॥
ਇਹ ਮਨਿ ਲੀਣ ਭਏ ਸੁਖਦੇਉ ॥੮॥
ਜੀਉ ਏਕੁ ਅਰੁ ਸਗਲ ਸਰੀਰਾ ॥
ਇਸੁ ਮਨ ਕਉ ਰਵਿ ਰਹੇ ਕਬੀਰਾ ॥੯॥੧॥੩੬॥ ਪੰਨਾਂ ੩੩੦

ਪਦ ਅਰਥ: ਮਾਂਗਿਆ ਨ ਭਾਵੈ-ਮੰਗਣ ਦੀ ਲੋੜ ਅਤੇ ਚੰਗਾ ਨਹੀਂ; ਬਿਖਿਆ-ਮਾਇਆ; ਹੋਈ ਹੈ-ਹੋ ਸਕਦਾ ਹੈ; ਰਾਜਾ-ਜੋਤਿ-ਰੂਪ; ਸਨਕਾਦਿਕ-ਸਨਕ ਆਦਿ ਭਾਵ ਸਨਕ ਅਤੇ ਬ੍ਰਹਮਾ ਦੇ ਚਾਰੇ ਪੁੱਤਰ (ਸਨਕ, ਸਨੰਦਨ, ਸਤਾਤਨ, ਸਨਤਕੁਮਾਰ); ਸੇਖਾ-ਸ਼ੇਸ ਨਾਗ; ਤਨ ਛੂਟੇ-ਸਰੀਰ ਨਾਲੋਂ ਵਿਛੜ ਕੇ; ਜੀਉ ਏਕੁ-ਇੱਕ ਰੱਬੀ ਜੋਤਿ; ਰਵਿ ਰਹੇ-ਸਿਮਰ ਰਿਹਾ ਹੈ।
ਅਰਥ: ਅਜੇ ਭੀ ਸਾਡੀ ਸੁਰਤ ਮਾਇਆ ਵਿੱਚ ਹੀ ਲੱਗੀ ਹੋਈ ਹੈ ਅਤੇ ਇਸ ਮਾਇਆ ਤੋਂ ਹੀ ਸੁਖਾਂ ਦੀ ਆਸ ਲਾਈ ਬੈਠੇ ਹਾਂ। ਫਿਰ ਜੋਤ-ਰੂਪ ਨਿਰੰਕਾਰ ਦਾ ਨਿਵਾਸ ਸਾਡੀ ਸੁਰਤ ਵਿੱਚ ਕਿਵੇਂ ਹੋ ਸਕਦਾ ਹੈ? ਭਾਵ ਹੋ ਨਹੀਂ ਸਕਦਾ। ਜਦ ਤੱਕ ਮਾਇਕ ਸੁੱਖਾਂ ਦੀ ਲਾਲਸਾ ਸਾਡੇ ਮਨ ਵਿੱਚ ਟਿਕੀ ਰਹਿੰਦੀ ਹੈ, ਉਸ ਸਮੇਂ ਤੱਕ ਪ੍ਰਮਾਤਮਾ ਨਾਲ ਸਾਡਾ ਮਿਲਾਪ ਨਹੀਂ ਹੋ ਸਕਦਾ।੧। ਰਹਾਉ।
ਮੈਨੂੰ ਉਸ ਸੁਖ ਦੇ ਮੰਗਣ ਦੀ ਲੋੜ ਨਹੀਂ, ਜਿਸ ਸੁਖ ਦੇ ਮੰਗਣ ਨਾਲ ਦੁੱਖ ਮਿਲਦਾ ਹੈ।1।
ਇਸ ਮਾਇਆ ਦੇ ਸੁਖ ਤੋਂ ਤਾਂ ਸ਼ਿਵ ਜੀ ਅਤੇ ਬ੍ਰਹਮਾ ਵਰਗਿਆਂ ਨੇ ਭੀ ਕੰਨਾਂ ਨੂੰ ਹੱਥ ਲਾਏ ਪਰ ਸੰਸਾਰੀ ਜੀਵਾਂ ਨੇ ਇਸ ਸੁਖ ਨੂੰ ਸਦਾ ਸੱਚਾ ਕਰਕੇ ਜਾਣਿਆ ਹੈ। ਬ੍ਰਹਮਾ ਦੇ ਚਾਰੇ ਪੁੱਤਰ ਸਨਕ ਆਦਿ, ਨਾਰਦ. ਮੁਨੀ ਅਤੇ ਸ਼ੇਸ਼ ਨਾਗ ਨੇ ਭੀ ਇਸ ਮਾਇਆ-ਸੁਖ ਵਲ ਸੁਰਤ ਲੱਗੀ ਰਹਿਣ ਦੇ ਕਾਰਨ ਆਪਣੇ ਮਨ ਨੂੰ ਆਪਣੇ ਸਰੀਰ ਵਿੱਚ ਨਹੀਂ ਦੇਖਿਆ ਭਾਵ ਇਨ੍ਹਾਂ ਦਾ ਮਨ ਭੀ ਅੰਤਰ-ਆਤਮੇ ਟਿਕਿਆ ਨਹੀਂ ਰਹਿ ਸਕਿਆ।
ਹੇ ਭਾਈ! ਕੋਈ ਇਸ ਮਨ ਦੀ ਭੀ ਖੋਜ ਕਰੋ ਕਿ ਸਰੀਰ ਨਾਲੋਂ ਵਿਛੋੜਾ ਹੋਣ ਤੇ ਇਹ ਮਨ ਕਿੱਥੇ ਜਾ ਟਿਕਦਾ ਹੈ।
ਸਤਿਗੁਰੂ ਦੀ ਕਿਰਪਾ ਨਾਲ, ਜੈਦੇਵ ਅਤੇ ਨਾਮਦੇਵ ਆਦਿਵਰਗੇ ਭਗਤਾਂ ਨੇ ਹੀ ਭਗਤੀ ਦੇ ਚਾਉ ਨਾਲ ਇਹ ਗੱਲ ਸਮਝੀ ਹੈ ਕਿ ਸਰੀਰ ਨਾਲੋਂ ਵਿਛੋੜਾ ਹੋਣ ਤੇ ਇਹ ਮਨ ਕਿੱਥੇ ਜਾ ਟਿਕਦਾ ਹੈ।
ਜਿਸ ਜੀਵ ਦੀ ਦੁਨਿਆਵੀ ਸੁਖ ਪ੍ਰਾਪਤ ਕਰਨ ਵਾਸਤੇ ਭਟਕਣਾ ਦੂਰ ਹੋ ਗਈ ਹੈ, ਉਸ ਜੀਵ ਨੇ ਪ੍ਰਭੂ ਨੂੰ ਪਛਾਣ ਕੇ ਪ੍ਰਭੂ ਨਾਲ ਸਾਂਝ ਪਾ ਲਈ ਹੈ। ਇਸ ਤਰ੍ਹਾਂ ਫਿਰ ਉਸ ਜੀਵ ਦੀ ਇਸ ਆਤਮਾ ਨੂੰ ਜਨਮ ਮਰਨ ਦੇ ਗੇੜ ਵਿਚ ਪੈਣਾ ਨਹੀਂ ਪੈਂਦਾ।
ਅਸਲ ਵਿੱਚ ਇਸ ਜੀਵ ਦਾ ਪ੍ਰਭੂ ਤੋਂ ਵੱਖਰਾ ਕੋਈ ਰੂਪ ਜਾਂ ਰੇਖ ਨਹੀਂ ਹੈ। ਪ੍ਰਭੂ ਦੇ ਹੁਕਮ ਵਿੱਚ ਹੀ ਇਹ ਵੱਖਰੇ ਰੂਪ ਵਾਲਾ ਬਣਿਆ ਬੈਠਾ ਹੈ ਅਤੇ ਪ੍ਰਭੂ ਦੀ ਰਜ਼ਾ ਨੂੰ ਸਮਝ ਕੇ ਉਹ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ।
ਜੋ ਜੀਵ ਇਸ ਮਨ ਦਾ ਭੇਦ ਜਾਣ ਲੈਂਦਾ ਹੈ, ਉਹ ਇਸ ਮਨ ਰਾਹੀਂ ਲੀਨ ਹੋ ਕੇ ਸੁਖਦੇਵ ਪ੍ਰਭੂ ਦਾ ਰੂਪ ਹੋ ਜਾਂਦਾ ਹੈ।
ਹੇ ਕਬੀਰ ਮੈਂ ਕੇਵਲ ਸਰਬ-ਵਿਆਪਕ ਪ੍ਰਮਾਤਮਾ ਦਾ ਸਿਮਰਨ ਕਰ ਰਿਹਾ ਹਾਂ ਜੋ ਆਪ ਇੱਕ ਹੈ ਅਤੇ ਸਾਰੇ ਸਰੀਰਾਂ ਵਿੱਚ ਮੌਜ਼ੂਦ ਹੈ।

ਭੈਰਉ ਮਹਲਾ ੩ ॥
ਸੋ ਮੁਨਿ ਜਿ ਮਨ ਕੀ ਦੁਬਿਧਾ ਮਾਰੇ ॥
ਦੁਬਿਧਾ ਮਾਰਿ ਬ੍ਰਹਮੁ ਬੀਚਾਰੇ ॥੧॥
ਇਸੁ ਮਨ ਕਉ ਕੋਈ ਖੋਜਹੁ ਭਾਈ ॥
ਮਨੁ ਖੋਜਤ ਨਾਮੁ ਨਉ ਨਿਧਿ ਪਾਈ ॥੧॥ ਰਹਾਉ ॥
ਮੂਲੁ ਮੋਹੁ ਕਰਿ ਕਰਤੈ ਜਗਤੁ ਉਪਾਇਆ ॥
ਮਮਤਾ ਲਾਇ ਭਰਮਿ ਭੋੁਲਾਇਆ ॥੨॥
ਇਸੁ ਮਨ ਤੇ ਸਭ ਪਿੰਡ ਪਰਾਣਾ ॥
ਮਨ ਕੈ ਵੀਚਾਰਿ ਹੁਕਮੁ ਬੁਝਿ ਸਮਾਣਾ ॥੩॥
ਕਰਮੁ ਹੋਵੈ ਗੁਰੁ ਕਿਰਪਾ ਕਰੈ ॥
ਇਹੁ ਮਨੁ ਜਾਗੈ ਇਸੁ ਮਨ ਕੀ ਦੁਬਿਧਾ ਮਰੈ ॥੪॥
ਮਨ ਕਾ ਸੁਭਾਉ ਸਦਾ ਬੈਰਾਗੀ ॥
ਸਭ ਮਹਿ ਵਸੈ ਅਤੀਤੁ ਅਨਰਾਗੀ ॥੫॥
ਕਹਤ ਨਾਨਕੁ ਜੋ ਜਾਣੈ ਭੇਉ ॥
ਆਦਿ ਪੁਰਖੁ ਨਿਰੰਜਨ ਦੇਉ ॥੬॥੫॥ ਪੰਨਾਂ ੧੧੨੮-੨੯

ਪਦ ਅਰਥ: ਕਉ-ਨੂੰ; ਖੋਜਹੁ-ਖੋਜ ਕਰਦੇ ਰਹੋ; ਖੋਜਤ-ਪੜਤਾਲ ਕਰਨ ਨਾਲ; ਨਉ ਨਿਧਿ-ਧਰਤੀ ਦੇ ਸਾਰੇ ਖ਼ਜ਼ਾਨੇ; ਪਿੰਡ ਪਰਾਣਾ-ਸਰੀਰ ਅਤੇ ਪ੍ਰਾਣ ਭਾਵ ਜਨਮ ਮਰਨ ਦਾ ਗੇੜ; ਸਮਾਣਾ-ਜਨਮ ਮਰਨ ਮੁੱਕ ਜਾਂਦਾ ਹੈ; ਬੈਰਾਗੀ-ਮਾਇਆ ਤੋਂ ਨਿਰਲੇਪ; ਅਤੀਤੁ-ਵਿਰਕਤ; ਅਨਰਾਗੀ-ਰਾਗ-ਰਹਿਤ; ਭੇਉ-ਭੇਤ; ਪੁਰਖ-ਸਰਬ-ਵਿਆਪਕ ਪ੍ਰਭੂ; ਨਿਰੰਜਨ-ਮਾਇਆ ਦੇ ਮੋਹ ਦੀ ਕਾਲਖ ਤੋਂ ਨਿਰਲੇਪ; ਦੇਉ-ਪ੍ਰਕਾਸ਼-ਰੂਪ ਪ੍ਰਮਾਤਮਾ।
ਅਰਥ: ਹੇ ਭਾਈ! ਆਪਣੇ ਇਸ ਮਨ ਨੂੰ ਖੋਜਦੇ ਰਿਹਾ ਕਰੋ। ਮਨ ਦੀ ਦੌੜ-ਭੱਜ ਦੀ ਖੋਜ ਕਰਨ ਨਾਲ ਪ੍ਰਮਾਤਮਾ ਮਿਲ ਜਾਂਦਾ ਹੈ। ਪ੍ਰਮਾਤਮਾ ਦਾ ਮਿਲਣਾ ਹੀ ਸਮਝੋ ਕਿ ਧਰਤੀ ਦੇ ਸਾਰੇ ਨੌ ਖ਼ਜ਼ਾਨੇ ਪ੍ਰਾਪਤ ਹੋ ਗਏ ਹਨ।੧। ਰਹਾਉ।
ਹੇ ਭਾਈ! ਅਸਲ ਵਿੱਚ ਉਹ ਹੀ ਮੋਨ-ਧਾਰੀ ਸਾਧੂ ਹੈ ਜਿਹੜਾ ਆਪਣੇ ਮਨ ਦੀ ਮੇਰ-ਤੇਰ ਮੁਕਾ ਲੈਂਦਾ ਹੈ ਅਤੇ ਮੇਰ-ਤੇਰ ਮੁਕਾ ਕੇ ਉਹ ਮੋਨੀ ਫਿਰ ਆਪਣੇ ਮਨ ਵਿੱਚ ਪ੍ਰਮਾਤਮਾ ਨੂੰ ਵਸਾ ਲੈਂਦਾ ਹੈ।
ਹੇ ਭਾਈ! ਸੰਸਾਰ ਦੀ ਰਚਨਾ ਦੇ ਮੋਹ ਦੀ ਫਾਂਦੀ ਬਣਾ ਕੇ ਕਰਤਾਰ ਨੇ ਇਹ ਜਗਤ ਪੈਦਾ ਕੀਤਾ ਹੈ। ਫਿਰ ਜੀਵਾਂ ਨੂੰ ਅਪਣੱਤ ਨਾਲ ਜੋੜ ਕੇ ਮਾਇਆ ਲਈ ਭਟਕਣਾ ਲਾ ਦਿੱਤੀ। ਇਸ ਤਰ੍ਹਾਂ ਮਾਇਆ ਦਾ ਮੋਹ ਪੈਦਾ ਕਰਕੇ ਪ੍ਰਮਾਤਮਾ ਨੇ ਆਪ ਹੀ ਜੀਵਾਂ ਨੂੰ ਕੁਰਾਹੇ ਪਾ ਦਿੱਤਾ ਹੈ।
ਹੇ ਭਾਈ! ਇਹ ਮਨ ਦੇ ਮੇਰ-ਤੇਰ ਅਪਣੱਤ ਆਦਿ ਦੇ ਸੰਸਕਾਰਾਂ ਤੋਂ ਹੀ ਸਾਰਾ ਜਨਮ ਮਰਨ ਦਾ ਸਿਲਸਿਲਾ ਬਣਦਾ ਹੈ। ਮਨ ਦੇ ਸੁਚੱਜੇ ਵੀਚਾਰ ਰਾਹੀਂ ਪ੍ਰਮਾਤਮਾ ਦੀ ਰਜ਼ਾ ਨੂੰ ਸਮਝ ਕੇ ਜੀਵ ਪ੍ਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ।
ਹੇ ਭਾਈ! ਜਦੋਂ ਪਰਮਾਤਮਾ ਦੀ ਮਿਹਰ ਹੁੰਦੀ ਹੈ, ਗੁਰੂ (ਜੀਵ ਉੱਤੇ) ਕਿਰਪਾ ਕਰਦਾ ਹੈ, (ਜੀਵ ਦਾ) ਇਹ ਮਨ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦਾ ਹੈ, ਇਸ ਮਨ ਦੀ ਮੇਰ-ਤੇਰ ਮੁੱਕ ਜਾਂਦੀ ਹੈ।
ਹੇ ਭਾਈ! ਜੀਵ ਦੇ ਮਨ ਦਾ ਅਸਲਾ ਉਹ ਪ੍ਰਭੂ ਹੈ ਜੋ ਮਾਇਆ ਤੋਂ ਸਦਾ ਨਿਰਲੇਪ ਰਹਿੰਦਾ ਹੈ। ਜੋ ਸਭ ਵਿਚ ਵੱਸਦਾ ਹੈ ਜੋ ਵਿਰਕਤ ਹੈ ਜੋ ਨਿਰਮੋਹ ਹੈ।5।
ਹੇ ਨਾਨਕ! ਜਿਹੜਾ ਜੀਵ ਆਪਣੇ ਮਨ ਦੀ ਇਸ ਅਸਲੀਅਤ ਦਾ ਭੇਤ ਸਮਝ ਲੈਂਦਾ ਹੈ ਉਹ ਪ੍ਰਮਾਤਮਾ ਦੀ ਯਾਦ ਵਿੱਚ ਜੁੜ ਕੇ, ਪ੍ਰਮਾਤਮਾ ਦੇ ਨਾਮ ਦੀ ਬਰਕਤ ਨਾਲ, ਆਪਣੇ ਅੰਦਰੋਂ ਮਮਤਾ ਦੀ ਦੁਬਿਧਾ ਆਦਿ ਨੂੰ ਮੁਕਾ ਲੈਂਦਾ ਹੈ। ਇਸ ਤਰ੍ਹਾਂ ਕਰਨ ਨਾਲ ਉਹ ਜੀਵ ਉਸ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੈ ਜੋ ਸਭ ਦਾ ਮੁੱਢ ਹੈ, ਜੋ ਸਭ ਵਿੱਚ ਵਿਆਪਕ ਹੈ ਅਤੇ ਜੋ ਮਾਇਆ ਦੇ ਮੋਹ ਦੀ ਕਾਲਖ ਤੋਂ ਨਿਰਲੇਪ ਹੈ।

ਅੰਤ ਵਿੱਚ ਬੇਨਤੀ ਹੈ ਕਿ ਹੇ ਭਾਈ! ਆਪਣੇ ਇਸ ਮਨ ਨੂੰ ਖੋਜਦੇ ਰਿਹਾ ਕਰੋ। ਮਨ ਦੀ ਦੌੜ-ਭੱਜ ਦੀ ਖੋਜ ਕਰਨ ਨਾਲ ਪ੍ਰਮਾਤਮਾ ਮਿਲ ਜਾਂਦਾ ਹੈ। ਜੇ ਪ੍ਰਮਾਤਮਾ ਮਿਲ ਗਿਆ ਤਾਂ ਸਮਝੋ ਕਿ ਧਰਤੀ ਦੇ ਸਾਰੇ ਨੌ ਖ਼ਜ਼ਾਨੇ ਪ੍ਰਾਪਤ ਹੋ ਗਏ ਹਨ।

ਭਗਤ ਕਬੀਰ ਜੀ ਦੀ ਅਤੇ ਬਾਕੀ ਭਗਤਾਂ ਬਾਣੀ ਪੜ੍ਹਨ ਤੋਂ ਬਾਅਦ ਇੱਕ ਗੱਲ ਹੋਰ ਵੀ ਸ਼ਪਸ਼ਟ ਹੋ ਜਾਂਦੀ ਹੈ ਕਿ;

"ਇਸੁ ਮਨ ਕਉ ਕੋਈ ਖੋਜਹੁ ਭਾਈ ॥
ਤਨ ਛੂਟੇ ਮਨੁ ਕਹਾ ਸਮਾਈ ॥੪॥"

ਵਾਲਾ ਸ਼ਬਦ ਲਿਖਣ ਵੇਲੇ ਗੁਰੂ ਅਮਰ ਦਾਸ ਸਾਹਿਬ ਕੋਲ, ਭਗਤ ਕਬੀਰ ਜੀ ਦੇ ਇਹ ਦੋਨ੍ਹੋੰ ਸ਼ਬਦ,
"ਇਸੁ ਮਨ ਕਉ ਕੋਈ ਖੋਜਹੁ ਭਾਈ ॥
ਮਨੁ ਖੋਜਤ ਨਾਮੁ ਨਉ ਨਿਧਿ ਪਾਈ ॥੧॥ ਰਹਾਉ ॥"
ਅਤੇ
"ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥
ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥੧॥ ਰਹਾਉ ॥"

ਮੌਜ਼ੂਦ ਸਨ।
ਭਗਤ ਕਬੀਰ ਜੀ ਅਤੇ ਬਾਕੀ ਭਗਤਾਂ ਦੀ ਬਾਣੀ ਗੁਰੂ ਨਾਨਕ ਸਾਹਿਬ ਨੇ ਆਪਣੇ ਪ੍ਰਚਾਰਿਕ ਦੌਰਿਆਂ ਵੇਲੇ ਇੱਕਤਰ ਕੀਤੀ ਸੀ। ਗੁਰਤਾ ਬਖਸ਼ਣ ਸਮੇਂ ਉਨ੍ਹਾਂ ਆਪਣੀ ਅਤੇ ਇੱਕਤਰ ਕੀਤੀ ਹੋਈ ਸਾਰੇ ਭਗਤਾਂ ਦੀ ਸਾਰੀ ਬਾਣੀ, ਗੁਰੂ ਅੰਗਦ ਸਾਹਿਬ ਨੂੰ ਸੌੰਪ ਦਿੱਤੀ ਸੀ। ਗੁਰਤਾ ਬਖਸ਼ਣ ਵੇਲੇ ਗੁਰੂ ਅੰਗਦ ਸਾਹਿਬ ਨੇ ਆਪਣੀ ਲਿਖੀ ਅਤੇ ਗੁਰੂ ਨਾਨਕ ਸਾਹਿਬ ਤੋਂ ਭਗਤਾਂ ਸਮੇਤ ਮਿਲੀ ਸਾਰੀ ਬਾਣੀ, ਗੁਰੂ ਅਮਰ ਦਾਸ ਸਾਹਿਬਬ ਨੂੰ ਸਪੁਰਦ ਕਰ ਦਿੱਤੀ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਸਾਹਿਬ ਦੀ ਸਾਰੀ ਬਾਣੀ ਗੁਰੂ ਅਮਰ ਦਾਸ ਸਾਹਿਬ ਦੇ ਪਾਸ ਮੌਜ਼ੂਦ ਸੀ। ਇਹ ਸਾਂਝ ਕਿਸੇ ਸਬੱਬ ਨਾਲ ਨਹੀਂ ਬਣੀ ਸੀ।

ਗੁਰੂ ਗ੍ਰੰਥ ਸਾਹਿਬ ਗੁਰਤਾ ਗੱਦੀ ਦੀ ਸਭ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਹੋਵੇ ਜੀ!

ਵਾਹਿ ਗੁਰੂ ਜੀ ਕਾ ਖਾਲਸਾ ।।

ਵਾਹਿ ਗੁਰੂ ਜੀ ਕੀ ਫ਼ਤਹਿ।।

ਬਲਬਿੰਦਰ ਸਿੰਘ ਅਸਟ੍ਰੇਲੀਆ
.