.

ਸ਼ੇਖ ਫਰੀਦ ਜੀ ਦੀ ਤਸਵੀਰ ਦਾ ਅਸਲ ਸੱਚ

ਦੁਕਾਨਦਾਰ ਅਪਣੀ ਜਿੰਦਗੀ ਦੇ ਨਿਰਬਾਹ ਲਈ ਅਤੇ ਮੁਨਾਫਾ ਕਮਾਉਣ ਲਈ ਦੁਕਾਨਦਾਰੀ ਕਰਦਾ ਹੈ ਅਤੇ ਕਰਨੀ ਵੀ ਚਾਹੀਦੀ ਹੈ। ਕਈ ਦੁਕਾਨਦਾਰ ਇਹੋ ਜਿਹੇ ਵੀ ਹੰਦੇ ਹਨ ਜਿਹੜੇ ਅਪਣੀ ਦੁਕਾਨ ਤੇ ਪਏ ਸਮਾਨ ਨੂੰ ਆਪ ਖੁਦ ਬਹੁਤ ਘੱਟ ਵਰਤਦੇ ਹਨ ਜਾਂ ਵਰਤਦੇ ਹੀ ਨਹੀ, ਉਹਨਾਂ ਨੂੰ ਕੇਵਲ ਸਮਾਨ ਵੇਚਣ ਅਤੇ ਮੁਨਾਫਾ ਕਮਾਉਣ ਤੱਕ ਹੀ ਮਤਲਬ ਹੰਦਾ ਹੈ। ਪਿਛਲੇ ਦਿਨੀ ਮੇਰੇ ਨਾਲ ਵੀ ਕੁੱਝ ਇਸ ਤਰਾ ਹੀ ਵਾਪਰਿਆ। ਮੈ ਅਪਣੀ ਨਿਜੀ ਲਾਇਬਰੇਰੀ ਵਾਸਤੇ "ਤੇ ਸਿੱਖ ਵੀ ਨਿਗਲਿਆ ਗਿਆ" ਪੁਸਤਕ ਦੀ ਭਾਲ ਕਰ ਰਿਹਾ ਸੀ ਭਾਵੇ ਕਿ ਇਹ ਪੁਸਤਕ ਮੈ ਪੜ੍ਹ ਚੁਕਾ ਸੀ ਪਰ ਜੇ ਕੋਈ ਮੇਰੇ ਕੋਲੋ ਇਹ ਪੁਸਤਕ ਪੜ੍ਹਨ ਵਾਸਤੇ ਮੰਗ ਕੇ ਲੈ ਜਾਦਾ ਤਾਂ ਮੈ ਇਹ ਪੁਸਤਕ ਕਦੇ ਵੀ ਪੜ੍ਹਨ ਵਾਲੇ ਕੋਲੋ ਵਾਪਸ ਨਾਂ ਮੰਗਦਾ ਤੇ ਅਪਣੇ ਵਾਸਤੇ ਹੋਰ ਨਵੀ ਖਰੀਦ ਲੈਦਾ। ਮੁਕਦੀ ਗੱਲ ਜਦੋ ਮੈ ਪੁਸਤਕਾ ਦੀ ਦੁਕਾਨ ਤੌ ਇਹ ਪੁਸਤਕ ਖਰੀਦ ਰਿਹਾ ਸੀ ਤਾਂ ਨਾਲ ਲਗਦੀ ਤਸਵੀਰਾਂ ਦੀ ਦੁਕਾਨ ਤੇ ਗੁਰੂ ਸਾਹਿਬ ਜੀ ਦੀਆਂ ਕਾਲਪਨਿਕ ਤਸਵੀਰਾ ਦੇ ਨਾਲ ਸ਼ੇਖ ਫਰੀਦ ਜੀ ਦੀ ਤਸਵੀਰ ਵੀ ਲਟਕ ਰਹੀ ਸੀ ਇਸ ਤਸਵੀਰ ਵਿੱਚ ਸ਼ੇਖ ਫਰੀਦ ਜੀ ਖੱਬੀ ਬਾਹ ਦੇ ਸਹਾਰੇ ਨਾਲ ਆਸਰਾ ਜਿਹਾ ਲਾ ਕਿ ਲੇਟੇ ਹੋਏ ਸਨ ਤੇ ਸੱਜੇ ਹੱਥ ਦੀਆ ਦੋਵੇ ਉਗਲਾਂ ਨਾਲ ਅਪਣੀਆਂ ਅੱਖਾ ਵੱਲ ਇਸ਼ਾਰਾ ਕਰ ਰਹੇ ਸਨ। ਲਾਗੇ ਹੀ ਸੁਕੇ ਜਿਹੇ ਦਰੱਖਤ ਉਪਰ ਇੱਕ ਕਾਂ ਬੇਠਾ ਹੈ ਜੋ ਸ਼ੇਖ ਫਰੀਦ ਜੀ ਵੱਲ ਤੱਕ ਰਿਹਾ ਹੈ। ਇਸੇ ਤਸਵੀਰ ਵਿੱਚ ਇੱਕ ਪਾਣੀ ਵਾਲੀ ਮੱਟਕੀ ਅਤੇ ਫਰੀਦ ਜੀ ਦੇ ਹੱਥ ਹੇਠਾਂ ਇੱਕ ਪੁਸਤਕ ਵੀ ਵਿਖਾਈ ਗਈ ਹੈ। ਆਮ ਇਨਸਾਨ ਇਸ ਤਸਵੀਰ ਨੂੰ ਵੇਖ ਕਿ ਸਹਿਜੇ ਹੀ ਇਹ ਅਨੁਮਾਨ ਲਗਾ ਸਕਦਾ ਹੈ ਕਿ ਸ਼ੈਖ ਫਰੀਦ ਜੀ ਕਾਂ ਨਾਲ ਕੋਈ ਗੱਲ ਬਾਤ ਕਰ ਰਹੇ ਤੇ ਅਪਣੀਆ ਅੱਖਾਂ ਬਾਰੇ ਕੁੱਝ ਕਹਿ ਰਹੇ ਹਨ ਪਰ ਕਈ ਤਸਵੀਰਾ ਤੇ ਫਰੀਦ ਜੀ ਦੀ ਬਾਣੀ ਦਾ ਇਹ ਸ਼ਲੋਕ ਬਿਲਕੁਲ ਸਪੱਸ਼ਟ ਕਰ ਦਿੰਦਾ ਹੈ ਕਿ ਫਰੀਦ ਜੀ ਕਾਂ ਨਾਲ ਹੀ ਗੱਲਾਂ ਕਰ ਰਹੇ ਹਨ। ਸ਼ਲੋਕ ਹੈ "ਕਾਗਾ ਕਰੰਗ ਢਢੋਲਿਆ ਸਗਲਾ ਖਾਇਆ ਮਾਸ॥ ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ॥ ਹੁਣ ਸ਼ਲੋਕ ਦੇ ਅਖਰੀ ਅਰਥ ਤਸਵੀਰ ਨਾਲ ਬਿਲਕੁਲ ਮੇਲ ਖਾਦੇ ਹਨ। ਬੇ-ਦਿਮਾਗੇ ਸਾਖੀਕਾਰਾ, ਅਨਪੜ੍ਹ ਬਾਬਿਆ, ਵਿਹਲੜ ਸਾਧਾ, ਸੰਤਾਂ ਨੇ ਭੋਲੀ ਭਾਲੀ ਸੰਗਤ ਵਿੱਚ ਇਸ ਸ਼ਲੋਕ ਦੇ ਅਰਥ ਗਲਤ ਹੀ ਕਰ ਦਿੱਤੇ। ਇਸ ਸ਼ਲੋਕ ਦੇ ਜੇ ਉਪਰੀ ਜਿਹੇ ਅਖਰੀ ਅਰਥ ਵੀਚਾਰੀਏ ਤਾਂ ਇਝ ਲਗਦਾ ਹੈ ਕਿ ਫਰੀਦ ਜੀ ਕਾਂ ਨੂੰ ਆਖ ਰਹੇ ਹਨ ਕਿ ਤੂੰ ਭਾਵੇ ਮੇਰੇ ਸਾਰੇ ਸਰੀਰ ਦਾ ਮਾਸ ਖਾਂ ਲੈ ਪਰ ਮੇਰੀਆਂ ਇਹਨਾ ਦੋਵੇ ਅੱਖਾਂ ਨੂੰ ਨਾ ਛੇੜੀ ਭਾਵ ਨਾ ਖਾਈ ਕਿਉਕਿ ਮੈ ਹਲੇ ਪ੍ਰਭੂ ਪਰਮੇਸ਼ਰ ਦੇ ਦਰਸ਼ਨ ਕਰਨੇ ਹਨ ਜਦੋ ਕਿ ਗੁਰਮਤਿ ਅਨੁਸਾਰ ਅਕਾਲ ਪੁਰਖ, ਅਜੁਨੀ ਪ੍ਰਭੂ ਜੀ ਦੇ ਸਰੀਰਕ ਅੱਖਾ ਨਾਲ ਦਰਸ਼ਨ ਨਹੀ ਕੀਤੇ ਜਾ ਸਕਦੇ। ਸੰਗਤ ਜੀ ਅਸਲੀਅਤ ਤਾਂ ਕੁੱਝ ਹੋਰ ਹੀ ਹੈ ਜਿਸ ਦੀ ਆਪਾ ਖੋਜ ਕਰਕੇ ਹੀ ਰਹਾਗੇ। ਗੁਰਬਾਣੀ ਦੇ ਅਰਥ ਕੇਵਲ ਅਖਰੀ ਅਰਥਾਂ ਉਪਰ ਹੀ ਨਹੀ ਨਿਰਭਰ ਕਰਦੇ। ਪ੍ਰੋ. ਸਾਹਿਬ ਸਿੰਘ ਜੀ ਇਸ ਸ਼ਲੋਕ ਦੇ ਅਰਥ ਬੜ੍ਹੇ ਹੀ ਵਿਸਥਾਰ ਵਿੱਚ ਲਿਖਦੇ ਹਨ ਕਿ ਇਥੇ ਕਾਗਾ (ਕਾਂ) ਤੋ ਭਾਵ ਮਨੁੱਖ ਦੀ ਵਿਕਾਰੀ ਬਿਰਤੀ ਤੌ ਹੈ। ਜਿਸ ਮਨੁੱਖ ਦੀ ਸੋਚ ਹੀ ਪਦਾਰਥਵਾਦੀ ਹੋਵੇ, ਵਿਕਾਰੀ ਹੋਵੇ ਉਹ ਭਾਵੇ ਅਪਣੇ ਜੀਵਨ ਦੇ ਆਖਰੀ ਪੜਾਅ ਤੇ ਵੀ ਹੋਵੇ ਉਸ ਨੇ ਵਿਕਾਰਾ ਅਨੁਸਾਰ ਹੀ ਕਾਰਜ ਕਰਦੇ ਜਾਣਾ ਹੈ। ਅੱਜ ਕੱਲ ਜਿੰਨੇ ਵੀ ਬਾਬੇ ਬਲਾਤਕਾਰਾ ਦੇ ਦੋਸ਼ ਵਿੱਚ ਜੇਲ੍ਹਾ ਵਿੱਚ ਬੰਦ ਹਨ ਉਹਨਾ ਸਭ ਦੀ ਉਮਰ ਪੰਜਾਹਾ ਤੋ ਪਾਰ ਹੈ। ਇਸ ਸ਼ਲੋਕ ਨੂੰ ਸਮਝਣ ਦੇ ਲਈ ਸਾਨੂੰ ਇਸ ਤੋ ਪਹਿਲਾ ਇੱਕ ਸ਼ਲੋਕ ਅਤੇ ਇਸ ਸ਼ਲੋਕ ਤੌ ਬਾਅਦ ਦੇ ਇੱਕ ਸ਼ਲੋਕ ਦੀ ਵੀ ਪੜਚੋਲ ਕਰਨੀ ਪਵੇਗੀ। ਇਸ ਸ਼ਲੋਕ ਨੰਬਰ 91 ਤੌ ਪਹਿਲਾ 90 ਨੰਬਰ ਸ਼ਲੋਕ ਵਿੱਚ ਸ਼ੇਖ ਫਰੀਦ ਜੀ ਆਖਦੇ ਹਨ "ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆ ਖੂੰਡਹਿ ਕਾਗ ਅਜੈ ਸੁ ਰਬ ਨ ਬਾਹੁੜਿੳ ਦੇਖੁ ਬੰਦੇ ਕੇ ਭਾਗ"॥ ਅਰਥ ਹੇ ਫਰੀਦ ਇਹ ਸਰੀਰ ਮਾੜੀ ਸੰਗਤ ਅਤੇ ਵਿਸ਼ੇ ਵਿਕਾਰਾ ਵਿੱਚ ਪੇ ਪੇ ਕੇ ਡਾਢਾ ਮਾੜਾ ਹੋ ਗਿਆ ਹੈ ਹੱਡੀਆ ਦੀ ਮੁਠ ਹੀ ਰਹਿ ਗਿਆ ਹੈ ਫਿਰ ਵੀ ਵਿਕਾਰ ਰੁਪੀ ਕਾਂ ਇਸ ਦੀਆਂ ਤਲੀਆ ਨੂੰ ਠੂੰਗੇ ਮਾਰੀ ਜਾ ਰਹੇ ਹਨ ਭਾਵ ਦੁਨਿਆਵੀ ਪਦਾਰਥਾ ਦੇ ਚਸਕੇ ਇਸ ਦੇ ਮਨ ਨੂੰ ਕੁਕਰਮ ਕਰਨ ਲਈ ਪ੍ਰੇਰੀ ਜਾ ਰਹੇ ਹਨ ਵੇਖੋ ਵਿਕਾਰਾ ਵਿੱਚ ਪਏ ਮਨੁੱਖ ਦੀ ਕਿਸਮਤ ਭੀ ਅਜੀਬ ਹੈ ਕਿ ਅਜੇ ਭੀ ਜਦੋ ਕਿ ਇਸ ਦਾ ਸਰੀਰ ਦੁਨੀਆ ਦੇ ਵਿਸ਼ੇ ਭੋਗ ਭੋਗ ਕਿ ਅਪਣੀ ਸੱਤਿਆ ਭੀ ਗਵਾ ਬੈਠਾ ਹੈ ਰੱਬ ਇਸ ਉਤੇ ਤ੍ਰਠਾ ਨਹੀ ਭਾਵ ਇਸ ਦੀ ਝਾਕ ਮਿਟੀ ਨਹੀ ਤ੍ਰਿਸ਼ਨਾ ਲਾਲਚ ਗਿਆ ਨਹੀ। ਇਸ ਸ਼ਬਦ ਵਿੱਚ ਫਰੀਦ ਜੀ ਨੇ ਮਨੁੱਖ ਦੀ ਮਾਨਸਿਕ ਬਿਰਤੀ ਦਾ ਖੁਲ ਕੇ ਵਰਣਨ ਕੀਤਾ ਹੈ। ਤੇ ਬਾਅਦ ਵਾਲੇ ਸ਼ਲੋਕ ਨੰਬਰ 92 ਵਿੱਚ ਫਰੀਦ ਜੀ ਆਖਦੇ ਹਨ "ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ॥ ਜਿਤ ਪਿੰਜਰੈ ਮੇਰਾ ਸਹੁ ਵਸੈ ਮਾਸੁ ਨ ਤਿਦੂ ਖਾਹਿ"॥ ਭਾਵ ਹੈ ਵਿਕਾਰ ਰੂਪੀ ਕਾਂ ਮੇਰਾ ਪਿੰਜਰ ਮੇਰਾ ਸਰੀਰ ਨਾਂ ਠੂੰਗ ਜੇ ਤੇਰੇ ਵੱਸ ਵਿੱਚ ਹੈ ਤਾ ਤੂੰ ਇਥੋ ਉਡ ਜਾ, ਜਿਸ ਸਰੀਰ ਵਿੱਚ ਮੇਰਾ ਖਸਮ ਪ੍ਰਭੁ ਵੱਸ ਰਿਹਾ ਹੈ ਇਸ ਵਿੱਚੋ ਮਾਸ (ਚੰਗੇ ਗੁਣ) ਨਾਂ ਖਾ। ਭਾਵ ਹੈ ਵਿਸ਼ਿਆ ਦੇ ਚਸਕੇ ਮੇਰੇ ਸਰੀਰ ਨੂੰ ਚੋਭਾ ਲਾਣੀਆਂ ਛੱਡ ਦੇ ਤਰਸ ਕਰ ਤੇ ਜਾ। ਇਸ ਸਰੀਰ ਵਿੱਚ ਤਾਂ ਖਸਮ ਪ੍ਰਭੁ ਦਾ ਪਿਆਰ ਵੱਸ ਰਿਹਾ ਹੈ ਤੂੰ ਇਸ ਨੂੰ ਵਿਕਾਰ ਭੋਗਣ ਵੱਲ ਨਾਂ ਪ੍ਰੇਰ। ਹੁਣ ਜੇ ਫਰੀਦ ਜੀ ਦੇ ਇਹਨਾਂ ਤਿੰਨਾ ਸ਼ਲੋਕਾ ਨੂੰ ਗਭੀਰਤਾ ਨਾਲ ਵੀਚਾਰਿਆ ਜਾਵੇ ਤਾਂ ਸਮਝ ਪੈ ਜਾਦੀ ਹੈ ਕਿ ਫਰੀਦ ਜੀ ਕਿਸੇ ਕਾਂ ਨਾਲ ਗੱਲਾ ਨਹੀ ਕਰ ਰਹੇ ਹਨ। ਸਗੋ ਮਨੁੱਖ ਨੂੰ ਵਿਕਾਰਾ ਕੋਲੋ ਬਚ ਕਿ ਰਹਿਣ ਦੀ ਪ੍ਰੇਰਨਾ ਦੇ ਰਹੇ ਹਨ। ਪਰ ਸਾਡੇ ਬੇ ਦਿਮਾਗੇ ਪ੍ਰਚਾਰਕਾ ਨੇ ਗੁਰਬਾਣੀ ਤੋੜ ਮਰੋੜ ਕਿ ਪ੍ਰਚਾਰ ਹੀ ਕੁੱਝ ਇਸ ਤਰਾ ਕਰ ਦਿੱਤਾ ਕਿ ਦੁਕਾਨਦਾਰ ਨੇ ਉਹਨਾ ਦੇ ਕੀਤੇ ਗਏ ਪ੍ਰਚਾਰ ਅਨੁਸਾਰ ਹੀ ਤਸਵੀਰਾ ਘੜ੍ਹ ਦਿਤੀਆਂ। ਇਸ ਤਸਵੀਰ ਵਿੱਚ ਸ਼ੈਖ ਫਰੀਦ ਜੀ ਨੂੰ ਸਰੀਰ ਤੋ ਨੰਗਾ ਜਿਹਾ ਤੇ ਮਾੜੇ ਸਰੀਰ ਵਾਲਾ ਵਿਖਾਇਆ ਗਿਆ ਜਦੋ ਕਿ ਫਰੀਦ ਜੀ ਦਾ ਜਨਮ ਸਰਦੇ ਪੁਜਦੇ ਪਰਿਵਾਰ ਵਿੱਚ ਹੋਇਆ ਸੀ ਤੇ ਇਹਨਾ ਦੇ ਅੱਗੇ ਛੇ ਪੁਤਰ ਅਤੇ ਦੋ ਧੀਆ ਸਨ ਕਈ ਵਾਰ ਪੰਜ ਪੁਤਰ ਤੇ ਤਿੰਨ ਧੀਆਂ ਦਾ ਵੀ ਜਿਕਰ ਪੜ੍ਹਨ ਨੂੰ ਮਿਲਦਾ ਹੈ ਤੇ ਫਰੀਦ ਜੀ 93 ਸਾਲ ਦੀ ੳਮਰ ਭੋਗ ਕਿ 1266 ਈ ਵਿੱਚ ਅੱਲਾ ਨੂੰ ਪਿਆਰੇ ਹੋਏ ਸਨ। ਸ਼ੈਖ ਫਰੀਦ ਜੀ ਦੀ ਦੇ ਜੀਵਨ ਦੀ ਖੁਸ਼ਬੋ ਨਾਲ ਲੱਖਾ ਹੀ ਬੰਦਿਆਂ ਨੂੰ ਜਿੰਦਗੀ ਦਾ ਸਹੀ ਰਾਹ ਲੱਭਾ, ਕਿਸੇ ਵੀ ਧਰਮ ਦਾ ਬੰਦਾ ਹੋਵੇ ਉਹ ਫਰੀਦ ਜੀ ਦੇ ਜੀਵਨ ਦੇ ਗੁਣਾ ਨੂੰ ਵੇਖ ਕੇ ਉਹਨਾ ਵੱਲ ਖਿਚਿਆ ਜਾਦਾ ਸੀ। ਮਨੁੱਖ ਦੀ ਨਿਮਰਤਾ ਤੇ ਮਿਠਾਸ ਇੱਕ ਐਸਾ ਗੁਣ ਹੈ ਜੋ ਹੋਰ ਸਾਰੇ ਇਨਸਾਨੀ ਗੁਣਾ ਦਾ ਸੋਮਾ ਹੈ ਹੋਰ ਸਾਰੀਆ ਚੰਗਿਆਈਆਂ ਦਾ ਤੱਤ ਹੈ। ਗੁਰੂ ਨਾਨਕ ਪਾਤਸ਼ਾਹ ਜੀ ਫੁਮਾਉਦੇ ਹਨ "ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ"॥ ਮਿਠਾ ਬੋਲਣਾ ਤੇ ਕਿਸੇ ਦਾ ਦਿਲ ਨਾ ਦੁਖਾਣਾ ਰੱਬੀ ਗੁਣ ਹੀ ਹਨ।

ਕਸੁਰ ਕੇਵਲ ਮੁਰਖ ਬਣਾਉਣ ਵਾਲੇ ਦਾ ਹੀ ਨਹੀ ਹੂੰਦਾ ਮੁਰਖ ਬਣਨ ਵਾਲੇ ਦਾ ਵੀ ਹੂੰਦਾ ਹੈ। ਗੱਲ ਕੁੱਝ ਵੀ ਨਹੀ ਜੇ ਅਪਣੇ ਜੀਵਨ ਦੇ ਚੋਵੀ ਘੰਟਿਆ ਵਿੱਚੋ ਕੇਵਲ ਪੰਦਰਾ ਮਿੰਟ ਹੀ ਗੁਰਬਾਣੀ ਅਤੇ ਇਤਿਹਾਸ ਨੂੰ ਦੇ ਦਿੱਤੇ ਜਾਣ ਤਾਂ ਅਸੀ ਕਾਫੀ ਹੱਦ ਤੱਕ ਸਫਲ ਹੋ ਸਕਦੇ ਹਾਂ। ਝੁਠੀਆ ਸਾਖੀਆ ਅਤੇ ਮਨੋਕਲਪਿਤ ਤਸਵੀਰਾਂ ਬਣਾਉਣ ਵਾਲਿਆਂ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਸਕਦਾ ਹੈ। ਦੁਸ਼ਮਣ ਨੂੰ ਸਮਝ ਪੈ ਗਈ ਹੈ ਕਿ ਸਿੱਖਾ ਨੇ ਪੜ੍ਹਨਾ ਤੇ ਸਮਝਣਾ ਛੱਡ ਦਿੱਤਾ ਹੈ। ਸਭ ਤੋ ਵੱਡੀ ਗੱਲ ਕੋਈ ਕੱਝ ਵੀ ਲਿਖ ਦੇਵੇ ਕੁੱਝ ਵੀ ਬੋਲ ਦੇਵੇ ਅਸੀ ਸਿਰ ਸੁਟ ਕਿ ਉਸ ਨੂੰ ਪਰਵਾਨ ਕਰ ਲੈਦੇ ਹਾਂ ਕਦੇ ਵੀ ਕਿਸੇ ਪ੍ਰਚਾਰਕ ਦਾ ਜਾਂ ਸਾਧ ਬਾਬੇ ਦਾ ਵਿਰੋਧ ਨਹੀ ਕਰਦੇ। ਇੱਕ ਆਮ ਇਨਸਾਨ ਜਾਂ ਅਸੀ ਖੁਦ ਅਪਣੀ ਉਦਾਹਰਨ ਪੇਸ਼ ਕਰ ਸਕਦੇ ਹਾਂ। ਮੈਨੂੰ ਜਿਸ ਦਿਨ ਤੋ ਇਸ ਗੱਲ ਦਾ ਪਤਾ ਲੱਗਾ ਕਿ ਇਹ ਸਾਰੀਆ ਤਸਵੀਰਾ ਗੁਰੂ ਸਾਹਿਬਾਨ ਅਤੇ ਭਗਤਾ ਦੀਆਂ ਮਨੋਕਲਪਿਤ ਹਨ ਮੈ ਇਹਨਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਇਸੇ ਤਰਾ ਜਦੋ ਇਸ ਗੱਲ ਦੀ ਸੋਝੀ ਆਈ ਕਿ ਸ਼੍ਰੋਮਣੀ ਕਮੇਟੀ ਸਿੱਖ ਵਿਰੋਧੀ ਤਾਕਤਾ ਦੇ ਹੱਥਾ ਵਿੱਚ ਚਲੀ ਗਈ ਹੈ ਮੈ ਇਹਨਾ ਦੇ ਗੁਰਦਵਾਰਿਆ ਵਿੱਚ ਪੈਸੇ ਆਦਿ ਪਾਉਣੇ ਬੰਦ ਕਰ ਦਿੱਤੇ ਅਪਣੀ ਕਿਰਤ ਕਮਾਈ ਵਿੱਚੋ ਪੁਸਤਕਾ ਖਰੀਦਿਆ, ਪ੍ਰੋ. ਸਾਹਿਬ ਸਿੰਘ ਜੀ ਦੁਆਰਾ ਲਿਖਿਆ ਗੁਰੂ ਗ੍ਰੰਥ ਸਾਹਿਬ ਦਰਪਣ ਦਸ ਭਾਗ ਖਰੀਦਿਆ ਅਤੇ ਹੋਲੀ-ਹੋਲੀ ਪੜ੍ਹਨਾ ਸ਼ੁਰੂ ਕਰ ਦਿੱਤਾ। ਕਹਿਣ ਤੋ ਭਾਵ ਜੇ ਹਰ ਸਿੱਖ ਵੀਰ ਭੈਣ ਥੋੜਾ ਥੋੜਾ ਵੀ ਉਪਰਾਲਾ ਕਰੇ ਤਾ ਆਉਣ ਵਾਲੇ ਸਮੇ ਵਿੱਚ ਬਾਬ ਫਰੀਦ ਜੀ ਅਤੇ ਗੁਰੂ ਨਾਨਕ ਪਤਾਸ਼ਾਹ ਜੀ ਦੇ ਸੁਫਨਿਆ ਦਾ ਪੰਜਾਬ ਸਿਰਜਿਆ ਜਾ ਸਕਦਾ ਹੈ। ਸੁਧਾਰ ਕਿਸੇ ਮੰਤਰ ਜਾਪ ਜਾ ਪੂਜਾ ਪਾਠ ਨਾਲ ਨਹੀ ਆਉਦੇ, ਸੁਧਾਰ ਲਿਆਉਣ ਲਈ ਅਪਣੀ ਸੋਚ ਅਤੇ ਕਰਮ ਬਦਲਨੇ ਪੇਦੈ ਹਨ ਗੁਰੂ ਸਾਹਿਬ ਦੁਆਰਾ ਬਖਸ਼ੀ ਅਕਲ ਦਾ ਇਸਤੇਮਾਲ ਕਰਨਾ ਪੈਦਾ ਹੈ। ਮੇਰਾ ਇਹ ਨਿਜੀ ਤਜਰਬਾ ਵੀ ਰਿਹਾ ਹੈ ਕਿ ਪੰਜਾਬ ਦੇ ਲੋਕ (ਸਾਰੇ ਨਹੀ) ਅਕਲ ਦਾ ਇਸਤੇਮਾਲ ਬਹੁਤ ਘੱਟ ਕਰਦੇ ਹਨ ਜਿਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਚਲਾਕ ਲੋਕ ਇਹਨਾ ਦਾ ਮਾਨਸਿਕ. ਆਰਥਿਕ ਅਤੇ ਸਰੀਰਕ ਸ਼ੋਸ਼ਣ ਕਰਦੇ ਹੀ ਰਹਿਦੇ ਹਨ। ਵੱਡੇ–ਵੱਡੇ ਧਨਾਢ ਤੇ ਅਮੀਰ ਸਿੱਖ ਜਦੋ ਹਰਿਮੰਦਰ ਸਾਹਿਬ ਵਿੱਖੇ ਦਰਸ਼ਨ ਕਰਨ ਆਉਦੇ ਹਨ ਤਾ ਅੰਨੀ ਸ਼ਰਧਾ ਵਿੱਚ ਲੱਖਾ ਹੀ ਰੁਪਿਆ ਗੁਰਦੁਆਰਿਆ ਨੂੰ ਦਾਨ ਕਰ ਜਾਦੇ ਹਨ ਪਰ ਉਹਨਾ ਨੇ ਕਦੇ ਵੀ ਕਿਸੇ ਬੇ ਸਹਾਰਾ ਲੋੜਵੰਦ ਦੀ ਬਾਹ ਨਹੀ ਫੜੀ। ਮੈ ਇਹਨਾ ਧਨਾਢ ਅਤੇ ਅਮੀਰ ਸਿੱਖਾ ਨੂੰ ਵੀ ਬੇਨਤੀ ਕਰਨੀ ਚਾਹਾਗਾ ਕਿ ਭਾਵੇ ਜਿੰਨਾ ਮਰਜੀ ਸੋਨਾ, ਪੈਸਾ ਪਦਾਰਥ ਤੁਸੀ ਗੁਰਦੁਆਰਿਆ ਨੂੰ ਦਾਨ ਕਰੀ ਜਾਵੋ ਤੁਸੀ ਗੁਰੂ ਕੀਆ ਖੁਸ਼ੀਆ ਹਾਸਲ ਨਹੀ ਕਰ ਸਕਦੇ। ਤੁਸੀ ਉਥੇ ਨੋਕਰੀ ਕਰਦੇ ਤਨਖਾਹਦਾਰ ਚਾਪਲੁਸਾ ਦੀਆ ਹੀ ਖੁਸ਼ੀਆ ਹਾਸਲ ਕਰ ਸਕਦੇ ਹੋ। ਇਸ ਦੇ ਸਬੰਧ ਵਿੱਚ ਕਬੀਰ ਜੀ ਆਖਦੇ ਹਨ "ਕੰਚਨ ਸਿਉ ਪਾਈਐ ਨਹੀ ਤੋਲਿ॥ ਮਨੁ ਦੇ ਰਾਮੁ ਲੀਆ ਹੈ ਮੋਲਿ॥" ਪਰ ਅਸੀ ਗੁਰਦੁਆਰਿਆ ਨੂੰ ਹੀ ਕੰਚਨ (ਸੋਨਾ) ਨਾਲ ਮੜ੍ਹੀ ਜਾਦੇ ਹਾ। ਅੱਜ ਮਾੜੇ ਤੋ ਮਾੜੇ ਪਿੰਡ ਵਿੱਚ ਵੀ ਗੁਰਦੁਆਰੇ ਆਲੀਸਾਨ ਹਨ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਵਿੱਚ ਭਾਈ ਫੇਰੂ ਜੀ ਦੀ ਸਾਖੀ ਬੜ੍ਹੀ ਹੀ ਗਿਆਨ ਭਰਪੂਰ ਹੈ ਭਾਈ ਫੇਰੂ ਜੀ ਤਹਿਸੀਲ ਚੁੰਨੀਆਂ ਜਿਲਾ ਲਾਹੋਰ ਦੇ ਮਸੰਦ ਸਨ। ਉਹਨਾ ਸਮਿਆ ਵਿੱਚ ਸੰਗਤਾ ਅਪਣਾ ਦਸਵੰਧ ਮਸੰਦਾ ਕੋਲ ਹੀ ਜਮਾ ਕਰਵਾ ਦਿੰਦੀਆਂ ਸਨ। ਮਾਇਆ ਅਤੇ ਪਦਾਰਥ ਵੇਖ ਕੇ ਹਰ ਕਿਸੇ ਦਾ ਮਨ ਲਲਚਾ ਜਾਦਾ ਹੈ। ਜਿਵੇ ਅੱਕ ਕੱਲ ਧਾਰਮਿਕ ਸਥਾਨਾ ਦੇ ਚੜ੍ਹਾਵੇ ਦੀ ਦੁਰਵਰਤੋ ਉਥੋ ਦੇ ਪ੍ਰਬੰਧਕ ਕਰਦੇ ਹਨ ਇਸੇ ਤਰਾ ਮਸੰਦਾ ਨੇ ਸੰਗਤਾ ਦੇ ਦਸਵੰਧ ਦੀ ਦੁਰਵਰਤੋ ਕਰਨੀ ਸ਼ੁਰੂ ਕਰ ਦਿੱਤੀ। ਸੰਗਤ ਜੀ ਇਹ ਗੱਲ ਬਿਲਕੁਲ ਸਾਫ ਅਤੇ ਸਪੱਸ਼ਟ ਹੈ ਕਿ ਗੁਰਦੁਆਰਾ ਕਮੇਟੀਆ ਇਹਨਾ ਦੇ ਪ੍ਰਬੰਧਕ, ਸਾਧ, ਬਾਬੇ ਤੁਹਾਡੇ ਦਿੱਤੇ ਹੋਏ ਦਸਵੰਧ ਦਾ ਨਿਜੀ ਸਹੁਲਤਾ ਲਈ ਇਸਤੇਮਾਲ ਕਰਦੇ ਹਨ। ਜਦੋ ਇਸ ਗੱਲ ਦਾ ਪਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗਾ ਤਾਂ ਉਹਨਾ ਨੇ ਮਸੰਦਾ ਨੂੰ ਉਹਨਾ ਦੇ ਦਾਹੜਿਆ ਤੋ ਫੜ ਕੇ ਲਿਆਉਣ ਦਾ ਹੁਕਮ ਕੲ ਦਿੱਤਾ। ਪਰ ਜਦੋ ਭਾਈ ਫੇਰੁ ਜੀ ਨੂੰ ਕੋਈ ਵੀ ਫੜ੍ਹਨ ਨਾਂ ਅਇਆ ਤਾਂ ਭਾਈ ਫੇਰੁ ਜੀ ਖੁਦ ਹੀ ਅਪਣੀ ਦਾੜ੍ਹੀ ਫੜ ਕਿ ਗੁਰੂ ਜੀ ਦੇ ਦਰਬਾਰ ਵਿੱਚ ਹਾਜਰ ਹੋਏ ਤਾ ਗੁਰੂ ਜੀ ਨੇ ਭਾਈ ਫੇਰੂ ਜੀ ਨੂੰ "ਸੱਚੀ ਦਾੜ੍ਹੀ" ਤੇ "ਸੰਗਤ ਸਾਹਿਬ" ਦੀ ਪਦਵੀ ਨਾਲ ਬਖਸ਼ਿਸ਼ ਕੀਤੀ। ਕਈ ਸਿੱਖਾ ਨੇ ਇਤਰਾਜ ਕੀਤਾ ਕਿ ਗੁਰੂ ਸਾਹਿਬ ਜੀ ਭਾਈ ਫੇਰੂ ਜੀ ਨੇ ਅਪਣਾ ਦਸਵੰਧ ਜਮਾ ਨਹੀ ਕਰਵਾਇਆ। ਅੱਗੋ ਗੁਰੂ ਸਾਹਿਬ ਜੀ ਨੇ ਆਖਿਆ ਕਿ ਭਾਈ ਫੇਰੂ ਜੀ ਦਾ ਦਸਵੰਧ ਸਿੱਧਾ ਹੀ ਮੇਰੇ ਕੋਲ ਆ ਜਾਦਾ ਹੈ ਕਹਿਣ ਤੋ ਭਾਵ ਭਾਈ ਫੇਰੂ ਜੀ ਦਸਵੰਧ ਦਾ ਪੈਸਾ ਅਤੇ ਪਦਾਰਥ ਲੋੜਵੰਦ ਅਤੇ ਬੇਸਹਾਰਾ ਲੋਕਾ ਵਿੱਚ ਵੰਡ ਦਿੰਦੇ ਸਨ। ਪਰ ਅੱਕ ਕੋਈ ਵੀ ਗਰੀਬ ਅਤੇ ਬੇਸਹਾਰਾ ਗੁਰਦੁਆਰੇ ਦੀ ਗੋਲਕ ਵਿੱਚੋ ਪੇਸੈ ਨਹੀ ਲੈ ਸਕਦਾ। ਲੁਧਿਆਣੇ ਦੇ ਲਾਗੇ ਇੱਕ ਪਿੰਡ ਵਿੱਚ ਕਿਸੇ ਪਰਿਵਾਰ ਦੇ ਇਕਲੋਤੇ ਪੁਤਰ ਦੀ ਦੁਰਘਟਨਾ ਵਿੱਚ ਸਿਰ ਵਿੱਚ ਸੱਟ ਲੱਗਣ ਕਾਰਨ ਦਿਮਾਗੀ ਹਾਲਤ ਥੋੜੀ ਜਿਹੀ ਵਿਗੜ ਗਈ। ਡਾਕਟਰਾ ਨੇ ਅਪਰੇਸ਼ਨ ਕਰਨ ਲਈ ਆਖ ਦਿੱਤਾ ਤੇ ਖਰਚਾ ਇੱਕ ਲੱਖ ਰੁਪਏ ਦੱਸ ਦਿੱਤਾ ਪਰ ਪਰਿਵਾਰ ਕੋਲ ਪੇਸੈ ਨਹੀ ਸਨ ਜੇ ਪੇਸੈ ਹੂੰਦੇ ਤਾ ਅਪਰੇਸ਼ਨ ਹੋ ਜਾਦਾ। ਮੈ ਗੁਰਦੁਆਰਿਆ ਦੇ ਪ੍ਰਬੰਧਕਾਂ, ਗੁਰਦੁਆਰਿਆ ਨੂੰ ਲੱਖਾਂ ਰੁਪਏ ਦੇ ਚੈਕ ਦੇਣ ਵਾਲਿਆ, ਗੁਰਦੁਆਰਿਆ ਨੂੰ ਸੋਨੇ ਵਿੱਚ ਮੜ੍ਹਨ ਵਾਲਿਆ ਨੂੰ ਬੇਨਤੀ ਕਰਾਗਾ ਕਿ ਉਹ ਇਸ ਪਰਿਵਾਰ ਦੀ ਵੀ ਸਾਰ ਲੇਣ।

ਅੰਤ ਵਿੱਚ ਮੈ ਹਰ ਵੀਰ ਭੈਣ ਨੂੰ ਇਹੀ ਬੇਨਤੀ ਕਰਾਗਾ ਕਿ ਹਰ ਕੰਮ ਵਿੱਚ ਅਪਣੀ ਅਕਲ ਦਾ ਵੱਧ ਤੋ ਵੱਧ ਇਸਤੇਮਾਲ ਕੀਤਾ ਜਾਵੇ ਚਲਾਕ ਅਤੇ ਸਵਾਰਥੀ ਲੋਕਾਂ ਦੀ ਚਾਲਬਾਜੀ ਨੂੰ ਗੁਰੂ ਦੇ ਗਿਆਨ ਦਾ ਆਸਰਾ ਲੈ ਕੇ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ। ਗੁਰਬਾਣੀ ਦੇ ਅਰਥਾ ਨੂੰ ਖੁਦ ਪੜ੍ਹਨ ਅਤੇ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਚੋਵੀ ਘੰਟਿਆ ਵਿਚੋ ਜੇ ਕੇਵਲ ਦਸ ਮਿੰਟ ਹੀ ਇਸ ਕੰਮ ਲਈ ਕੱਢ ਲਏ ਜਾਣ ਤਾਂ ਸਾਡੇ ਜੀਵਨ ਵਿੱਚ ਬਹੁਤ ਵੱਡਾ ਬਦਲਾ ਆ ਸਕਦਾ ਹੈ।

ਹਰਪ੍ਰੀਤ ਸਿੰਘ (ਐਮ ਏ ਇਤਿਹਾਸ)

ਸ਼ਬਦ ਗੁਰੂ ਵੀਚਾਰ ਮੰਚ ਸੁਸਾਇਟੀ (ਰਜਿ)

ਸਰਹਿੰਦ 88475-46903




.