.

ਭਗਤਾਂ ਦੀ ਬਾਣੀ ਵਿੱਚ ਗੁਰੂਆਂ ਦੀ ਬਾਣੀ

ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਪਠਨ ਪੱੜਨ ਵਾਲਿਆਂ ਨੇ ਦੇਖਿਆ ਹੋਣਾ ਹੈ ਕਿ ਗੁਰੂ ਗ੍ਰਂਥ ਸਾਹਿਬ ਜੀ ਦੀ ਬਾਣੀ ਦੀ ਸੰਪਾਦਨਾਂ ਗੁਰੂ ਅਰਜਨ ਦੇਵ ਜੀ ਨੇ ਬੜੇ ਸਾੰਇਟੇਫਿਟੇਕ ਢੰਗ ਨਾਲ ਕਰਵਾਈ ਹੈ। ਜਿਸ ਵਿੱਚ ਰਾਗਾਂ ਦੀ ਤਰਤੀਬ ਬਾਣੀ ਰਚਨਹਾਰਿਆ ਦੀ ਤਰਤੀਬ ਤੇ ਬਾਣੀ ਦੀ ਛੰਦਾਂ ਬੰਦੀ ਦੀ ਤਰਤੀਬ। ਇਨ੍ਹਾਂ ਸਾਰੀਆ ਗੱਲਾਂ ਦਾ ਬੜੀ ਬਰੀਕੀ ਨਾਲ ਧਿਆਨ ਰਖਿਆ ਗਿਆ ਹੈ। ਸ਼ਬਦਾਂ ਦੀ ਗਿਣਤੀ ਇਸ ਢੰਗ ਨਾਲ ਕੀਤੀ ਗਈ ਹੈ ਕਿ, ਕੋਈ ਭੀ ਬਾਣੀ ਨਾਲ ਛੇੜ ਛਾੜ ਨਹੀ ਕਰ ਸਕਦਾ। ਭਾਵ ਜੇ ਕੋਈ ਬਾਣੀ ਵਿੱਚ ਕਿਸੇ ਸ਼ਬਦ ਦਾ ਵਾਧਾ ਘਾਟਾ ਕਰਨਾ ਚਾਹੇ ਤਾਂ ਇਹ ਕੰਮ ਇਤਨਾਂ ਮੁਸ਼ਕਲ ਹੈ ਕਿ ਉਸ ਬਾਰੇ ਹਰੇਕ ਨੂੰ ਪਤਾ ਲੱਗ ਸਕਦਾ ਹੈ ਇਥੋਂ ਸ਼ਬਦ ਕਢਿਆ ਗਿਆ ਹੈ ਕਿ ਜਾਂ ਪਾਇਆ ਗਿਆ ਹੈ। ਕਿਉਕਿ ਸ਼ਬਦਾ ਦੀ ਗਿਣਤੀ ਦਾ ਹਿਸਾਬ ਗੁਰੂ ਅਰਜਨ ਸਾਹਿਬ ਜੀ ਨੇ ਐਸੇ ਢੰਗ ਨਾਲ ਭਾਈ ਗੁਰਦਾਸ ਜੀ ਕੋਲੋ ਕਰਵਾਇਆ ਹੈ ਕਿ ਉਸ ਗਿਣਤੀ ਦੀ ਕੋਈ ਤੋੜ ਭੰਨ ਨਹੀ ਕਰ ਸਕਦਾ।

ਜਿਥੇ ਸਤਿਗੁਰਾਂ ਨੇ ਗਿਣਤੀ ਦੇ ਹਿਸਾਬ ਵਿੱਚ ਐਸੀ ਚੁਕੰਨਤਾਂ ਵਰਤੀ ਹੈ ਉਥੇ ਸ਼ਬਦ ਲਿਖਾਉਣ ਵਿੱਚ ਭੀ ਗੁਰੂ ਅਰਜਨ ਦੇਵ ਜੀ ਨੇ ਬਾ ਕਮਾਲ ਦਾ ਕੰਮ ਕਰਵਾਇਆ ਹੈ। ਹਰ ਰਾਗ ਵਿੱਚ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਸਬਦ (ਜੇ ਉਸ ਰਾਗ ਵਿੱਚ ਉਚਾਰੇ ਹੋਣ) ਲਿਖਵਾਏ, ਫਿਰ ਗੁਰੂ ਅਮਰਦਾਸ ਸਾਹਿਬ ਜੀ ਦੇ, ਫਿਰ ਗੁਰੂ ਰਾਮਦਾਸ ਜੀ ਦੇ। ਉਪਰੰਤ ਆਪਣੀ ਬਾਣੀ। ਬਾਅਦ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ਼ ਕਰਵਾਈ। ਗੁਰੂਆਂ ਦੀ ਬਾਣੀ ਤੇ ਪਿਛੋਂ ਭਗਤਾਂ ਦੀ ਬਾਣੀ, ਵਾਰੀ ਵਾਰੀ ਲਿਖਵਾਈ। ਪਹਿਲੇ ਨੰਬਰ ਤੇ ਭਗਤ ਕਬੀਰ ਜੀ ਦੂਸਰੇ ਨੰਬਰ ਤੇ ਨਾਮਦੇਵ ਜੀ ਤੀਸਰੇ ਥਾਂ ਭਗਤ ਰਵਿਦਾਸ ਜੀ ਇਸਤਰ੍ਹਾਂ ਬਾਕੀ ਭਗਤਾਂ ਨੂੰ ਸਨਮਾਣ ਯੋਗ ਥਾਂ ਦਿਤਾ ਗਿਆ।

ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਰਾਗਾਂ ਦੀ ਤਰਤੀਬ ਵਿੱਚ ਪਹਿਲਾਂ ਸ਼ਬਦ, ਫਿਰ ਅਸ਼ਟਪਦੀਆਂ ਫਿਰ ਛੰਤ, ਫਿਰ ਵਾਰਾਂ ਬਾਅਦ ਵਿੱਚ ਭਗਤਾਂ ਦੀ ਬਾਣੀ। ਰਾਗਾਂ ਦੀ ਸਮਾਪਤੀ ਤੋਂ ਬਅਦ ਸਹਿਸਕ੍ਰਿਤੀ, ਗਾਥਾ, ਫੁਨਹੇ, ਚਉਬੋਲੇ, ਭਗਤ ਕਬੀਰ ਜੀ ਦੇ ਸਲੋਕ ਭਗਤ ਫਰੀਦ ਜੀ ਦੇ ਸਲੋਕ। ਭੱਟਾਂ ਦੇ ਸਵਯੈ, ਵਾਰਾਂ ਤੇ ਵਧੀਕ, ਨਾਵੇ ਮਹਲੇ ਦੇ ਸਲੋਕ ਮੁੰਦਾਵਣੀ ਸਲੋਕ ਮ: ੫ ਲਿਖ ਕੇ ਸੰਪੂਰਨਤਾ ਕਰ ਦਿਤੀ। ਇਹ ਤਰਤੀਬ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਣਾਂ ਕਰਨ ਦੇ ਸਮੇ ਗੁਰੂ ਅਰਜਨ ਦੇਵ ਜੀ ਨੇ ਵਰਤੀ। ਬਗੈਰ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਬਾਣੀ ਤੋਂ ਇਹ ਪਵਿੱਤਰ ਬਾਣੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਪਾਸੋਂ ਸਾਬੋ ਦੀ ਤਲਵੰਡੀ ਦਮਦਮਾ ਸਾਹਿਬ ਵਿਖੇ ਦਰਜ਼ ਕਰਵਾਈ।

ਹੁਣ ਅਸੀ ਉਹ ਬਾਣੀ ਜੋ ਭਗਤਾਂ ਦੀ ਬਾਣੀ ਵਿੱਚ ਗੁਰੂਆਂ ਦੀ ਬਾਣੀ ਦਰਜ਼ ਹੈ ਉਸਦਾ ਵਰਨਣ ਕਰਾਂਗੇ। ਪਹਿਲਾ ਸ਼ਬਦ, ੧, ਰਾਗ ਗਾਉੜੀ ਵਿੱਚ ਭਗਤ ਕਭੀਰ ਜੀ ਦਾ ਇੱਕ ਸ਼ਬਦ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾਂ ੩੨੬ ਤੇ ਅੰਕਿਤ ਹੈ ਜਿਸਦਾ ਸਿਰਲੇਖ ਹੈ।

ਗਾਉੜੀ ਕਬੀਰ ਜੀ ਕੀ, ਨਾਲਿ ਰਲਾਇ ਲਿਖਿਆ ਮਹਲਾ ੫।। ਪੰਨਾ ੩੨੬।।

ਇਸ ਸਬਦ ਦੇ ਇਸ ਸਿਰਲੇਖ ਨੂੰ ਧਿਆਨ ਨਾਲ ਵੇਖੀਏ ਤਾਂ ਪਤਾ ਚਲਦਾ ਹੈ ਕਿ ਇਹ ਸ਼ਬਦ ਇਕੱਲੇ ਕਬੀਰ ਜੀ ਦਾ ਹੀ ਨਹੀ ਬਲਕਿ ਗੁਰੂ ਅਰਜਨ ਦੇਵ ਜੀ ਦਾ ਭੀ ਇਸ ਸਲੋਕ ਵਿੱਚ ਕੁੱਝ ਹਿਸਾ ਹੈ। ਆਉ ਉਸ ਸ਼ਬਦ ਦੇ ਦਿਦਾਰ ਕਰੋ ਜੀ।

ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ ੫।। ਐਸੋ ਅਚਰਜੁ ਦੇਖਿਓ ਕਬੀਰ।। ਦਧਿ ਕੈ ਭੋਲੈ ਬਿਰੋਲੈ ਨੀਰੁ।। ੧।। ਰਹਾਉ।। ਹਰੀ ਅੰਗੂਰੀ ਗਦਹਾ ਚਰੈ।। ਨਿਤ ਉਠਿ ਹਾਸੈ ਹੀਗੈ ਮਰੈ।। ੧।। ਮਾਤਾ ਭੈਸਾ ਅੰਮੁਹਾ ਜਾਇ।। ਕੁਦਿ ਕੁਦਿ ਚਰੈ ਰਸਾਤਲਿ ਪਾਇ।। ੨।। ਕਹੁ ਕਬੀਰ ਪਰਗਟੁ ਭਈ ਖੇਡ।। ਲੇਲੇ ਕਉ ਚੂਘੈ ਨਿਤ ਭੇਡ।। ੩।। ਰਾਮ ਰਮਤ ਮਤਿ ਪਰਗਟੀ ਆਈ।। ਕਹੁ ਕਬੀਰ ਗੁਰਿ ਸੋਝੀ ਪਾਈ।।॥੪॥੧॥੧੪॥ {ਪੰਨਾ ੩੨੬}

ਇਸ ਸ਼ਬਦ ਨੂੰ ਜਦੋਂ ਅਸੀ ਗਹੁ ਨਾਲ ਵੇਖਾਂਗੇ ਤਾ ਪਤਾ ਚਲੇਗਾ ਕਿ ਇਸ ਸ਼ਬਦ ਦੇ ਰਹਾਉ ਤੋਂ ਇਲਾਵਾ ਚਾਰ ਬੰਦ ਹੋਰ ਹਨ। ਜਿਨਾਂਹ ਦੇ ਅੰਕ ੧, ੨, ੩ ਤੱਕ ਲਗਾਤਾਰ ਸਿਲਸਲੇ ਵਾਰ ਗਿਣਤੀ ਆਈ ਹੈ। ਪਰ ਚਾਉਥੈ ਅੰਕ ਦੇ ਅੱਗੇ ਫਿਰ ਅੰਕ ੧ ਪਿਆ ਹੈ ਜਿਸ ਤੋ ਪ੍ਰਤੀਕ ਹੁੰਦਾਂ ਹੈ ਇਹੋ ਹੀ ਪਦਾ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ। ਕਿਉਕਿ ਜੇ ਇਹ ਪਦਾ ਭੀ ਭਗਤ ਕਬੀਰ ਜੀ ਦਾ ਹੀ ਹੁੰਦਾਂ ਤਾਂ ਅੱਗੇ ਏਕਾ ਨਹੀ ਸੀ ਆਉਣਾ ਸਗੋਂ ਅੰਕ ੪ ਆੁੳਣਾ ਸੀ। ਸੋ ਇਸ ਪਦੇ ਰਾਹੀ ਹੀ ਗੁਰੂ ਅਰਜਨ ਦੇਵ ਜੀ ਭਗਤ ਕਬੀਰ ਜੀ ਦੇ ਸ਼ਬਦ ਦੀ ਗੁੰਜਲ ਨੂੰ ਖੋਲਣਾ ਚਾਹੁੰਦੇ ਹਨ। ਜੇ ਅਸੀ ਇਸ ਗੁੰਜਲ ਨੂੰ ਭਾਲਨਾ ਚਾਹੀਏ ਕਿ ਉਹ ਕਿਹੜੀ ਗੱਲ ਹੈ ਜਿਸ ਨੂੰ ਖੋਲਨ ਲਈ ਗੁਰੂ ਸਾਹਿਬ ਜੀ ਨੇ ਆਪਣਾ ਪਦਾ ਉਚਾਰਨ ਕੀਤਾ। ਤਾਂ ਕਬੀਰ ਜੀ ਆਪਣਾ ਮਜਬੂਨ ਇਸ ਸ਼ਬਦ ਵਿੱਚ ਲਿਖਦੇ ਹਨ ਕਿ ਜਗਤ ਵਿੱਚ ਇੱਕ ਅਜੀਬ ਤਮਾਸ਼ਾ ਹੋ ਰਿਹਾ ਹੈ। ਜੀਵ ਦਹੀ ਦੇ ਭੁਲੇਖੇ ਪਾਣੀ ਰਿੜਕ ਰਿਹਾ ਹੇ। ਭਾਵ ਵਿਆਰਥ ਤੇ ਉਲਟਾ ਕੰਮ ਕਰ ਰਿਹਾ ਹੇ, ਜਿਸ ਵਿੱਚੋਂ ਕੋਈ ਲਾਭ ਨਹੀ ਹੋਣਾ। ਬੁਧੀ ਮਨ ਨੂੰ ਚੁੰਘ ਰਹੀ ਹੈ ਭਾਵ ਬੁਧੀ ਵਿਕਾਰੀ ਮਨ ਦੇ ਪਿਛੇ ਲਗੀ ਫਿਰਦੀ ਹੈ। ਲੋਗਾ ਨੂੰ ਇਸ ਤਮਾਸ਼ੇ ਦੀ ਸਮਝ ਹੀ ਨਹੀ ਆਈ, ਪਰ ਕਬੀਰ ਨੇ ਇਹ ਤਮਾਸ਼ਾ ਸਮਝ ਲਿਆ ਹੈ।

ਕਬੀਰ ਜੀ ਨੇ ਇਹ ਜਿਕਰ ਨਹੀ ਕੀਤਾ ਕਿ ਇਸ ਤਮਾਸ਼ੇ ਦੀ ਸਮਝ ਕਿਵੇਂ ਆਈ ਹੇ। ਤੇ ਹੋਰਨਾਂ ਲੋਕਾਂ ਨੂੰ ਕਿਵੇਂ ਆ ਸਕਦੀ ਹੈ। ਇਸ ਘੁੰਡੀ ਨੂੰ ਖੋਲਣ ਲਈ ਗੁਰੂ ਅਰਜਨ ਸਾਹਿਬ ਜੀ ਨੇ ਅਖੀਰਲਾ ੪ ਨੰ ਬੰਦ ਉਚਾਰਨ ਕੀਤਾ ਹੈ। ਇਸ ਦਾ ਭਾਵ ਹੈ ਕਿ ਹੇ-ਕਬੀਰ –ਆਖ ਸਤਿਗੁਰ ਨੇ ਇਹ ਸਮਝ ਬਖਸੀ ਹੈ, ਜਿਸ ਦੀ ਬਰਕਤਿ ਨਾਲ ਪ੍ਰਭੂ ਦਾ ਸਿਮਰਨ ਕਰਦਿਆਂ ਮੇਰੀ ਬੁਧ ਜਾਗ ਪਈ ਹੈ, ਤੇ ਮਨ ਦੇ ਪਿਛੇ ਤੁਰਨੋ ਹਟ ਗਈ ਹੈ।

(੨) ਸ਼ਬਦ ਨੰ -: ਰਾਗ ਆਸਾ ਵਿੱਚ ਭਗਤ ਧੰਨਾ ਜੀ ਦੀ ਰਚਨਾ ਵਿੱਚ ਗੁਰੂ ਅਰਜਨ ਦੇਵ ਜੀ ਦਾ ਸ਼ਬਦ।।

ਜਿਵੇ ਅਸੀ ਪਿਛੈ ਭਗਤ ਕਬੀਰ ਜੀ ਦੀ ਰਾਗ ਗਾਉੜੀ ਦੀ ਬਾਣੀ ਵਿੱਚ ਇੱਕ ਮਿਸ਼ਰਤ ਸ਼ਬਦ ਜਿਸ ਦੀ ਵਿਚਾਰ ਉਪਰਲੇ ਹਿਸੇ ਵਿੱਚ ਕੀਤੀ ਹੈ। ਉਸੇ ਤਰਾਂ ਹੀ ਇਸ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਦਾ ਭੀ ਇੱਕ ਸਬਦ ਪਾਇਆ ਗਿਆ ਹੈ। ਪਰ ਹੈ ਬਹੁਤ ਅਜੀਬ ਢੰਗ ਨਾਲ ਸਮਝ ਵਿੱਚ ਆਉਣ ਵਾਲਾ ਹੈ। ਕਿਉਕਿ ਸ਼ਬਦ ਦੀ ਗਿਣਤੀ ਦੇ ਅਧਾਰ ਤੇ ਇਸ ਰਾਗ ਵਿੱਚ ਭਗਤ ਧੰਨਾ ਜੀ ਦੇ ਸ਼ਬਦਾਂ ਦਾ ਜੋੜ ਵੇਖੀਏ ਤਾਂ ਤਿੰਨ ਹੈ ਕੁਲ ਸ਼ਬਦ ਭੀ ਤਿੰਨ ਹੀ ਹਨ। ਪਰ ਨ: ੨ ਵਾਲੇ ਸਬਦ ਦੇ ਮੁਢ ਵਿੱਚ ਸਿਰਲੇਖ ਜੋ ਹੈ ਉਹ ਮ: ੫ ਹੈ ਜਿਸ ਕਰਕੇ ਇਹ ਛੱਕ ਪੈਦਾਂ ਹੈ ਕਿ ਇਹ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ। ਪਰ ਗਿਣਤੀ ਵਾਲੇ ਪਾਸੇ ਵੇਖੀਏ ਤਾਂ ਸ਼ਬਦ ਜੋੜ ਤਿੰਨ ਤੇ ਸ਼ਬਦ ਭੀ ਤਿੰਨ ਹੀ ਹਨ। ਇਸ ਗੁੰਝਲ ਨੂੰ ਸਮਝਣ ਲਈ ਸਾਨੂੰ ਵਿਦਵਾਨਾਂ ਦੀ ਵਿਚਾਰ ਘੋਖਨੀ ਪਵੇਗੀ। ਇਸ ਸਬੰਧੀ ਸਿਆਣਿਆਂ ਦਾ ਕੀ ਵਿਚਾਰ ਹੈ।

ਪਰੋਫੈਸਰ ਗਿਆਨੀ ਹਰਬੰਸ ਸਿੰਘ ਜੀ ਆਪਣੇ ਸਟੀਕ "ਆਦਿ ਸਿਰੀ ਗੁਰੂ ਗਰੰਥ ਸਾਹਿਬ ਜੀ ਦਰਸਨ ਨਿਰਣੇ ਸਟੀਕ ਦੀ ਛੇਵੀ ਪੋਥੀ ਦੇ ਪੰਨਾਂ ੩੭੦ ਤੇ ਇਸ ਤਰ੍ਹਾ ਲਿਖਦੇ ਹਨ। {ਭਗਤ ਧੰਨਾ ਜੀ ਦੇ ਰਾਗ ਆਸਾ ਦੇ} ਦੂਜੇ ਸ਼ਬਦ ਦਾ ਸਿਰਲੇਖ ਮਹਲਾ ੫ ਹੈ ਪਰ ਅੰਤਲੀ ਪੰਕਤੀ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ਤੋਂ ਇਹ ਸ਼ੰਕਾਂ ਉਠਦੀ ਹੈ ਕਿ ਮਹਲਾ ੫ ਦੇ ਸਿਰਲੇਖ ਅਨੁਸਾਰ ਅੰਤਲੀ ਪੰਕਤੀ ਵਿੱਚ ਨਾਨਕ ਦੀ ਛਾਪ ਨਹੀ ਵਰਤੀ ਗਈ। ਜਿਸ ਤੋਂ ਸਪਸ਼ਟ ਹੁੰਦਾਂ ਹੈ ਕਿ ਇਹ ਭਗਤ ਧੰਨਾ ਜੀ ਦਾ ਆਪਣਾ ਰਚਿਤ ਸ਼ਬਦ ਹੈ। ਕਿੳਕਿ ਤੀਜੇ ਸਬਦ ਦੀ ਅੰਤਲੀ ਪੰਕਤੀ ਵਿੱਚ" ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਹੀ।। ਤੋਂ ਬਾਅਦ ੩/੩ ਅੰਕ ਹੈ। ਅੰਕ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਇਹ ਸ਼ਬਦ ਭੀ ਭਗਤ ਧੰਨੇ ਜੀ ਦਾ ਹੇ, ਪੰਚਮ ਗੁਰਦੇਵ ਦਾ ਰਚਿਤ ਨਹੀ। ਜੇ ਮਹਲਾ ੫ ਦਾ ਰਚਿਤ ਨਹੀ ਤਾਂ "ਮਹਲਾ ੫ ਵਾਲਾ ਸਿਰਲੇਖ" ਹੇਠ ਕਿਸ ਆਸ਼ੇ ਨੂੰ ਮੁਖ ਰੱਖ ਕੇ ਅੰਕਿਤ ਕਰਵਾਇਆ ਹੈ? ਜੇ ਅੰਕਾਵਲੀ ਵਿੱਚ ਭੇਦ ਰਖਿਆ ਜਾਂਦਾ ਤਾਂ ਭੀ ਕਿਸੇ ਸ਼ੰਕੇ ਦੀ ਗੁਜਾਇਸ਼ ਨਹੀ ਸੀ ਰਹਿਣੀ। ਇਸ ਬਾਰੇ ਪੁਰਾਤਨ ਟੀਕਾਕਾਰ ਪੰਡਤ ਨਰਾਇਣ ਸਿੰਘ, ਸੰਤ ਸੰਪੂਰਨ ਸਿੰਘ ਜੀ, ਪੀ ਐਚ ਡੀ, ਕਰਤਾ (ਮਰਮ ਬੋਧਨੀ ਸਟੀਕ) ਨੇ ਹੇਠ ਲਿਖੇ ਫੁਟ ਨੋਟ ਦਿਤੇ ਹਨ: _

  1. ਸ੍ਰੀ ਪੰਜਵੇਂ ਸਤਿਗੁਰ ਜੀ ਨੇ ਭਗਤ ਧੰਨੇ ਨੂੰ ਆਪਣੇ ਵਲੋਂ ਸਿਰਪਾਉ ਦੇਣ ਵਾਸਤੇ ਉਸਦੇ ਨਾਮ ਤੇ ਸ਼ਬਦ ਉਚਾਰਦੇ ਹਨ।
  2. ਆਗੇ ਕੁਤਰਕ ਸਮੇਂ ਦੀ ਭਾਵੀ ਦਸ਼ਾ ਨੇ ਆਪਣੇ ਅੰਦਰ ਤੱਕ ਕੇ ਗੁਰੂ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਸਿਖਾਂ ਅੰਦਰ ਕੁਤਰਕ ਦੀ ਕਾਈ ਨਾ ਪੈਦਾ ਹੋਣੀ ਪਾਵੇ ਤੇ ਉਹ ਭਗਤ ਜਨਾਂ ਦੀ ਇਤਹਾਸਿਕ ਘਟਨਾ ਪੁਰ ਯਥਾਰਥ ਨੁਕਤਾਚੀਨੀ ਦੇ ਸ਼ਿਕਾਰ ਹੋਣੋ ਬਚ ਸਕਨ –ਭਗਤ ਧੰਨੇ ਜੀ ਦੇ ਨਿਮਿਤ ਨੂੰ ਪਾ ਕੇ ਸ੍ਰੀ ਮੁਖ ਦੁਆਰਾ ਇਸ ਸ਼ਬਦ ਰਾਹੀ ਸ਼ਾਖ ਭਰਦਿਆਂ ਇੱਕ ਤਰਾਂ ਨਾਲ ਸਹੀ ਪਾਈ ਹੈ।
  3. ਸ਼ਬਦਾਰਥ ਇਸ ਸ਼ਬਦ ਕੋਈ ਸੰਕੇਤ ਨ੍ਹੀ ਦੇਂਦੇ

ਮੇਰੇ ਆਪਣੇ ਵਿਚਾਰ (ਦਾਸ ਦਲੇਰ ਸਿੰਘ)

ਵਿਚਾਰ ਇਥੋਂ ਤੱਕ ਪਹੁੰਚੀ ਹੈ ਕਿ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਹੀ ਹੈ ਪਰ ਮਾਨ ਪ੍ਰਤਿਸ਼ਟਾ ਭਗਤ ਧੰਨੇ ਜੀ ਨੂੰ ਸਤਿਗੁਰਾਂ ਨੇ ਬਖਸ਼ੀ ਹੈ। ਜਿਵੇ ਭਗਤ ਕਬੀਰ ਜੀ ਸਲੋਕ ਤਾਂ ਆਪ ਉਚਾਰ ਰਹੇ ਹਨ ਪਰ ਮਾਨ ਪ੍ਰਤਿਸ਼ਟਾ ਭਗਤ ਰਵਿਦਾਸ ਜੀ ਨੂੰ ਦਿਤੀ ਹੈ। ਠੋਸ ਪਰਮਾਨ ਵਜੋ ਪੜੋ।

ਹਰਿ ਸੋ ਹੀਰਾ ਛਾਡਿ ਕੇ ਕਰਹਿ ਆਨ ਕੀ ਆਸ।।

ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ।। ਸਲੋਕ ਨੰ:- ੨੪੨ ਭਗਤ ਕਬੀਰ ਜੀ।। ਪੰਨਾਂ ੧੩੭੭।।

ਦੋ ਪਰਮਾਨ ਹੋਰ ਜਿਵੇ ਭਗਤ ਕਬੀਰ ਜੀ ਭਗਤ ਤਿਰਚੋਨ ਵਲੋਂ ਭਗਤ ਨਾਮਦੇਵ ਜੀ ਨੂੰ ਦੁਨਿਆਵੀਂ ਧੰਧਿਆਂ ਵਿੱਚ ਫਸਿਆ ਵੇਖ ਕੇ ਨਾਮ ਨਾ ਜੱਪਣ ਦਾ ਉਲਾਭਾਂ ਦੇਦੇਂ ਹਨ। ਭਗਤ ਨਾਮਦੇਵ ਜੀ ਆਪਣੇ ਵਲੋਂ ਦੁਨਿਆਵੀ ਕਾਰ ਵਿਹਾਰ ਕਰਦਿਆਂ ਭੀ ਰੱਬ ਦੀ ਬੰਦਗੀ ਦੀ ਗੱਲ ਭਗਤ ਤਿਰਲੋਚਨ ਜੀ ਨੂੰ ਦਸਦੇ ਹਨ। ਇਹ ਦੋਵੇ ਗਲਾਂ ਜਿਨ੍ਹਾਂ ਦੇ "ਗੁਫਤਗੁਹ ਕਰਤਾ" ਭਗਤ ਤਿਰਲੋਚਨ ਤੇ ਭਗਤ ਨਾਮਦੇਵ ਜੀ ਹਨ ਪਰ ਇਸ ਸੰਬਾਦ ਨੂੰ ਲਿਖਣ ਵਾਲੇ ਭਗਤ ਕਬੀਰ ਜੀ ਹਨ ਭਾਵੇ ਉਹਨਾਂ ਦੋਵਾਂ ਸਲੋਕਾ ਵਿੱਚ ਭਗਤ ਕਬੀਰ ਜੀ ਦਾ ਨਾਮ ਨਹੀ ਪਰ ਉਚਾਰਨ ਕਰਤਾ ਭਗਤ ਕਬੀਰ ਜੀ ਹੀ ਹਨ। ਪੜੋ ਸਲੋਕ ਨੰ ੨੧੨ ਅਤੇ ੨੧੩

ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ।।

ਕਾਹੇ ਛੀਪਹੁ ਛਾਇਲੈ ਰਾਮੁ ਨ ਲਾਵਹੁ ਚੀਤੁ।। ਸਲੋਕ ਨੰ ੨੧੨।। ਪੰਨਾਂ ੧੩੭੫।।

ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮ ਸੰਮਾਲਿ।।

ਹਾਥ ਪਾਉ ਕਰਿ ਕਾਮੁ ਸਭ ਚੀਤੁ ਨਿਰੰਜਨ ਨਾਲਿ।। ਸਲੋਕ ਨੰ ੨੧੩।। ਪੰਨਾਂ ੧੩੭੫।।

ਇਸੇ ਤਰ੍ਹਾਂ ਇਸ ਸ਼ਬਦ ਦੇ ਅਖੀਰ ਤੇ ਭਾਂਵੇਂ ਨਾਨਕ ਦੀ ਛਾਪ ਨਹੀ ਆਈ ਫਿਰ ਭੀ ਉਪਰੋਕਤ ਪਰਮਾਣ ਵਾਙ ਇਹ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਹੀ ਹੈ।

ਗੁਰੂ ਅਰਜਨ ਦੇਵ ਜੀ ਦੀ ਬਖਸ਼ਸ਼ ਦਾ ਕਿ ਹੋਰ ਪਰਮਾਨ ਆਪ ਜੀ ਨਾਲ ਸਾਂਝਾ ਕਰਾਂ। ਭਾਵੇ ਇਹ ਸ਼ਬਦ ਭਗਤਾਂ ਦੀ ਉਚਾਰਨ ਕੀਤੀ ਬਾਣੀ ਵਿੱਚ ਦਰਜ਼ ਨਹੀ, ਇਹ ਨਿਰੋਲ ਗੁਰੂਆਂ ਦੀ ਬਾਣੀ ਵਿੱਚੋਂ ਭਗਤ ਕਬੀਰ ਜੀ ਦੇ ਇੱਕ ਸ਼ਬਦ ਦੇ ਵਿਚਾਰ ਦੀ ਪੁਸ਼ਟੀ ਕਰਦਾ ਹੈ। ਰਾਗ ਭੈਰਉ ਵਿੱਚ ਇੱਕ ਸ਼ਬਦ ਕਬੀਰ ਜੀ ਦਾ ਜਿਸ ਵਿੱਚ ਉਹਨਾਂ ਫੁਰਮਾਨ ਕੀਤਾ ਹੈ।

ਉਲਟਿ ਜਾਤਿ ਕੁਲ ਦੋਊ ਬਿਸਾਰੀ।।

ਸੁੰਨ ਸਹਜ ਮਹਿ ਬੁਨਤ ਹਮਾਰੀ।। ੧।।

ਹਮਰਾ ਝਗਰਾ ਰਹਾ ਨ ਕੋਊ।।

ਪੰਡਿਤ ਮੁਲਾਂ ਛਾਡੇ ਦੋਊ।। ਰਹਾਉ।।

ਬੁਨਿ ਬੁਨਿ ਆਪ ਆਪ ਪਹਿਰਾਵਉ।।

ਜਹ ਨਹੀ ਆਪੁ ਤਹਾ ਹੋਇ ਗਾਵਉ।। ੨।।

ਪੰਡਿਤ ਮੁਲਾਂ ਜੋ ਲਿਖਿ ਦੀਆ।।

ਛਾਡਿ ਚਲੇ ਹਮ ਕਛੂ ਨਲੀਆ।। ੩।।

ਰਿਦੈ ਇਖਲਾਸੁ ਨਿਰਖਿ ਲੇ ਮੀਰਾ।।

ਆਪੁ ਖੋਜਿ ਖੋਜਿ ਮਿਲੇ ਕਬੀਰਾ।। ੪।। ਰਾਗ ਭੈਰਉ ਭਗਤ ਕਬੀਰ ਜੀ। ਪੰਨਾ ੧੧੫੮।।

ਦਰਪਣ ਦੇ ਲਿਖਾਰੀ ਪ੍ਰੋ-: ਸਾਹਿਬ ਸਿੰਘ ਜੀ ਇਸ ਸ਼ਬਦ ਦੀ ਵਿਚਾਰ ਲ਼ਿਖਣ ਲਗਿਆ ਇੱਕ ਟੂਕ ਲਿਖਦੇ ਹਨ। ਇਸ ਸ਼ਬਦ ਦੀ ਰਹਾਉ ਦੀ ਤੁਕ ਪੜਨ ਵੇਲੇ ਪਾਠਕਾਂ ਨੂੰ ਇਹ ਖਿਆਲ ਪੈਦਾ ਹੁੰਦਾਂ ਹੈ ਕਿ, ਪੰਡਤ ਮੁਲਾਂ ਛੱਡਣ ਦਾ ਭਾਵ ਚੰਗੀ ਤਰਾਂ ਸਾਫ ਨਹੀ ਹੋਇਆ ਬੰਦ ਨੰ: ੩ ਵਿੱਚ ਜਾ ਕੇ ਇਹ ਪ੍ਰਸ਼ਨ ਕੁੱਝ ਹੱਲ ਹੋ ਜਾਂਦਾ ਹੈ ਕਿ ਪੰਡਤ ਦੇ ਦੱਸੇ ਕਰਮਕਾਂਡ ਅਤੇ ਮੌਲਵੀਆਂ ਦੀ ਦੱਸੀ ਸ਼ਰਹ ਦਾ ਹੀ ਕਬੀਰ ਜੀ ਜ਼ਿਕਰ ਕਰ ਰਹੇ ਹਨ। ਪਰ ਗੁਰੂ ਅਰਜਨ ਸਾਹਿਬ ਜੀ ਆਪਣੇ ਇੱਕ ਸ਼ਬਦ ਜੋ ਇਸੇ ਭੈਰਉ ਰਾਗ ਵਿੱਚ ਹੀ ਹੈ ਉਸ ਰਾਹੀ ਇਸ ਭੇਤ ਨੂੰ ਖੁਲੇ ਸ਼ਬਦਾਂ ਵਿੱਚ ਬਿਆਨ ਕੀਤਾ ਹੈ।

ਭੈਰਉ ਮਹਲਾ ੫।। ਵਰਤ ਨ ਰਹਉ ਨ ਮਹ ਰਮਦਾਨਾ।। ਤਿਸੁ ਸੇਵੀ ਜੋ ਰਖੈ ਨਿਦਾਨਾ।। ੧।। ਏਕੁਗੁਸਾਈਅਲਹੁ ਮੇਰਾ।। ਹਿੰਦੂ ਤੁਰਕ ਦੁਹਾਂ ਨੇਬੇਰਾ।। ੧।। ਰਹਾਉ।। ਹਜ ਕਾਬੈ ਜਾਉ ਨ ਤੀਰਥ ਪੂਜਾ।। ਏਕੋ ਸੇਵੀ ਅਵਰੁ ਨ ਦੂਜਾ।। ੨।। ਪੂਜਾ ਕਰਉ ਨ ਨਿਵਾਜ ਗੁਜਾਰਉ।। ਏਕ ਨਿਰੰਕਾਰ ਲੇ ਰਿਦੈ ਨਮਸਕਾਰਉ।। ੩।। ਨਾ ਹਮ ਹਿੰਦੂ ਨ ਮੁਸਲਮਾਨ।। ਅਲਹ ਰਾਮ ਕੇ ਪਿੰਡੁ ਪਰਾਨ।। ੪।। ਕਹੁ ਕਬੀਰ ਇਹੁ ਕੀਆ ਵਖਾਨਾ।। ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ।। ੫।। ੩

ਭਗਤਾਂ ਦੀ ਬਾਣੀ ਵਿੱਚ ਜਿਥੈ ਭੀ ਕੋਈ ਸ਼ਬਦ ਦੀ ਗੁੰਜਲ ਖੋਲਣ ਦੀ ਲੋੜ ਪਈ ਗੁਰੂ ਸਾਬਿਾਨਾਂ ਵਲੋਂ ਉਹਨਾਂ ਦੇ ਸ਼ਬਦਾਂ ਦੇ ਨਾਲ ਜਾਂ ਫਿਰ ਆਪਣੀ ਰਚਨਾਂ ਵਿੱਚ ਹੀ ਹੋਰ ਥਾਂਵਾ ਤੇ ਸ਼ਬਦ ਦੇ ਭੇਦ ਨੂੰ ਖੋਲਿਆ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਬਾਬਾ ਫਰੀਦ ਜੀ ਦੇ ਇੱਕ ਸ਼ਬਦ ਦਾ ਭੇਦ ਰਾਗ ਸੂਹੀ ਵਿੱਚ ਬੜੇ ਵਿਸਥਾਰ ਨਾਲ ਖੋਲਦੇ ਹਨ।

ਭਗਤ ਫਰੀਦ ਜੀ ਰਾਗ ਸੂਹੀ ਵਿੱਚ ਇੱਕ ਸ਼ਬਦ ਉਚਾਰਨ ਕਰਦੇ ਹਨ ਜਿਸਦਾ ਮੂਲ ਪਾਠ ਆਪ ਜੀ ਦੇ ਸਾਹਮਣੇ ਹੈ।

ਸੂਹੀ ਲਲਿਤ।। ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ।। ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ।। ੧।। ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ।। ੧।। ਰਹਾਉ।। ਇੱਕ ਆਪੀਨੈੑ ਪਤ ਲੀ ਸਹ ਕੇ ਰੇ ਬੋਲਾ।। ਦੁਧਾ ਥਣੀ ਨ ਆਵਈ ਫਿਰਿ ਹੋਇ ਨ ਮੇਲਾ।। ੨।। ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ।। ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ।। ੩।। ੨

ਇਸ ਸ਼ਬਦ ਵਿੱਚ ਭਗਤ ਫਰੀਦ ਜੀ ਇਹ ਗੱਲ ਕਹਿ ਰਹਿ ਹਨ ਕਿ ਹੇ ਇਨਸਾਨ ਤੂੰ ਇੱਕ ਬੇੜਾ ਬਣਾਨਾ ਸੀ ਜਾਂ ਤਿਆਰ ਕਰਨਾ ਸੀ ਪਰ ਤਿਆਰ ਨਹੀ ਕੀਤਾ ਤੈਨੂੰ ਪਤਾ ਹੈ ਜਦ ਕੋਈ ਸਰੋਵਰ (ਜਾਂ ਦਰਿਆ) ਨਕੋ ਨੱਕ ਭਰ ਜਾਵੇ ਤਾਂ ਜੀਵ ਲਈ ਉਸਨੂੰ ਤਰਨਾ ਔਖਾ ਹੋ ਜਾਂਦਾ ਹੈ। ਉਸ ਸਰੋਵਰ ਨੂੰ ਤਰਨ ਲਈ ਕੋਈ ਤੁਲਹਾ ਜਾਂ ਬੇੜੀ ਬੇੜਾ ਚਾਹੀਦਾ ਹੈ। ਪਰ ਉਸ ਬੇੜੇ ਦਾ ਜਿਕਰ ਬਾਬਾ ਜੀ ਆਪਣੇ ਇਸ ਸਬਦ ਵਿੱਚ ਨਹੀ ਕਰਦੇ ਗੁਰੂ ਨਾਨਕ ਸਾਹਿਬ ਜਦ ਇਸ ਸ਼ਬਦ ਦੇ ਦਰਸਨ ਕਰਦੇ ਹਨ ਤਾਂ, ਇਸ ਦਾ ਭੇਤ ਆਪਣੀ ਰਚੀ ਬਾਣੀ ਰਾਗ ਸੂਹੀ ਵਿੱਚ ਹੀ ਖੋਲਦੇ ਹਨ, ਕਿ ਉਹ ਬੇੜਾ ਕਿਹੜਾ ਹੈ। ਜਿਸ ਬੇੜੇ ਦੀ ਗਲ ਬਾਬਾ ਫਰੀਦ ਜੀ ਨੇ ਕਹੀ ਹੈ। ਪੜੋ ਉਸ ਸ਼ਬਦ ਦਾ ਮੂਲ ਪਾਠ।

ਸੂਹੀ ਮਹਲਾ ੧।। ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ।। ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ।। ੧।। ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ।। ੧।। ਰਹਾਉ।। ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ।। ਜੇ ਗੁਣ ਹੋਵਹਿ ਗੰਠੜੀਐ ਮੇਲੇਗਾ ਸੋਈ।। ੨।। ਮਿਲਿਆ ਹੋਇ ਨ ਵੀਛੁੜੈ ਜੇ ਮਿਲਿਆ ਹੋਈ।। ਆਵਾ ਗਉਣੁ ਨਿਵਾਰਿਆ ਹੈ ਸਾਚਾ ਸੋਈ।। ੩।। ਹਉਮੈ ਮਾਰਿ ਨਿਵਾਰਿਆ ਸੀਤਾ ਹੈ ਚੋਲਾ।। ਗੁਰ ਬਚਨੀ ਫਲੁ ਪਾਇਆ ਸਹ ਕੇ ਅੰਮ੍ਰਿਤ ਬੋਲਾ।। ੪।। ਨਾਨਕੁ ਕਹੈ ਸਹੇਲੀਹੋ ਸਹੁ ਖਰਾ ਪਿਆਰਾ।। ਹਮ ਸਹ ਕੇਰੀਆ ਦਾਸੀਆ ਸਾਚਾ ਖਸਮੁ ਹਮਾਰਾ।। ੫।। ੨।। ੪।।

ਇਸ ਸ਼ਬਦ ਰਾਹੀ ਗੁਰੂ ਨਾਨਕ ਸਾਹਿਬ ਜੀ ਫੁਰਮਾਅ ਰਹੇ ਹਨ ਕਿ ਹੇ ਜੀਵ ਜੀਵਨ ਸਫਰ ਦੇ ਰਾਹੀ, ਪ੍ਰਭੂ –ਸਿਮਰਨ ਦਾ ਸੋਹਣਾ ਜਿਹਾ ਬੇੜਾ ਤਿਆਰ ਕਰ। ਜਿਸ ਬੇੜੇ ਵਿੱਚ ਤੂੰ ਸੰਸਾਰ-ਸਮੁੰਦਰ ਵਿਚੋਂ ਛੇਤੀ ਪਾਰ ਲੰਘ ਜਾਵੇਂਗਾ।

ਇਸ ਤਰ੍ਹਾਂ ਜਿਥੇ ਕਿਤੇ ਭੀ ਭਗਤਾਂ ਦੀ ਵਿਚਾਰ ਨੂੰ ਸੁਲਝਾਉਣ ਦੀ ਜਰੂਰਤ ਪਈ ਹੈ ਉਥੇ ਹੀ ਗੁਰੂ ਸਾਹਿਬਾਨ ਜੀ ਨੇ ਆਪਣੇ ਵਿਚਾਰ ਬਾਣੀ ਰਾਹੀ ਦੇ ਕੇ ਉਸ ਬੁਝਾਰਤ ਨੂੰ ਹੱਲ ਕੀਤਾ ਹੈ।

ਇਥੇ ਤੱਕ ਰਾਗਾਂ ਵਿੱਚ ਉਹ ਸ਼ਬਦ ਜੋ ਭਗਤਾਂ ਦੀ ਬਾਣੀ ਵਿੱਚ ਗੁਰੂ ਸਾਹਿਬਾਨਾਂ ਦੇ ਸ਼ਬਦ ਦਾਸ ਨੂੰ ਮਿਲੇ ਉਹਨਾ ਦੀ ਵਿਚਾਰ ਆਪ ਨਾਲ ਸਾਂਝੀ ਕਰਨ ਦਾ ਜਤਨ ਹੈ। ਹੁਣ ਉਹ ਸਲੋਕ ਜੋ ਭਗਤ ਕਬੀਰ ਜੀ ਤੇ ਭਗਤ ਫਰੀਦ ਜੀ ਦੇ ਸਲੋਕਾਂ ਵਿੱਚ ਗੁਰੂ ਸਾਹਿਬਾਂ ਦੇ ਆਏ ਹਨ ਉਹਨਾਂ ਨਾਲ ਆਪ ਜੀ ਦੀ ਸਾਂਝ ਪਵਾਉਣ ਦਾ ਜਤਨ ਕੀਤਾ ਜਾ ਰਿਹਾ ਹੈ।

ਪਹਿਲਾ ਸਲੋਕ ਭਗਤ ਕਬੀਰ ਜੀ ਦੈ ਸਲੋਕਾ ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ੨੦੯ ਨੰ: ਸਲੋਕ ਹੈ ਜਿਸਦਾ ਮੂਲ਼ ਪਾਠ ਇਸ ਤਰ੍ਹਾਂ ਹੈ

ਮਹਲਾ ੫।। ਕਬੀਰ ਕੂਕਰੁ ਭਉਕਨਾ ਕਰੰਗ ਪਿਛੈ ਉਠਿ ਧਾਇ।।

ਕਰਮੀ ਸਤਿਗੁਰੁ ਪਾਇਆ, ਜਿਨਿ ਹਉ ਲੀਆ ਛਡਾਇ।। ੨੦੯।।

ਕਬੀਰ ਜੀ ਆਖਦੇ ਹਨ ਕਿ ਭੌਕਨ ਵਾਲਾ ਮਨ ਰੂਪੀ ਲੋਭੀ ਕੁਤਾ ਵਿਸ਼ੇ ਰੂਪੀ (ਹੱਡੀਆਂ ਦੇ ਪਿੰਜਰ) ਪਿਛੇ ਉਠ ਕੇ ਦੋੜਦਾ ਹੈ। ਜਿਸ ਸਤਿਗੁਰ ਨੇ ਮੈਨੂੰ ਲੋਭ ਵਾਲੀ ਬ੍ਰਿਤੀ ਤੋਂ ਛੁਡਾ ਲਿਆ ਹੈ, ਉਹ ਸਤਿਗੁਰ ਮੈ ਪ੍ਰਭੂ ਦੀ ਬਖਸ਼ਿਸ਼ ਨਾਲ ਪ੍ਰਾਪਤ ਕੀਤਾ ਹੈ।

ਗੁਰੂ ਸਾਹਿਬ ਜੀ ਦੇ ਇਹ ਤਿੰਨ ਸਲੋਕ ਭਗਤ ਕਬੀਰ ਜੀ ਦੇ ਉਚਾਰਨ ਕੀਤੇ ਸਲੋਕ ਨੰ: ੨੦੭, ਅਤੇ ਸਲੋਕ ਨੰ: ੨੦੮ ਦੇ ਸਬੰਧ ਵਿੱਚ ਉਚਾਰਨ ਕੀਤੇ ਹਨ ਉਹਨਾਂ ਦੋਨਾਂ ਸਲੋਕਾਂ ਦਾ ਮੂਲ ਪਾਠ ਇਸ ਪ੍ਰਕਾਰ ਹੈ

ਕਬੀਰ ਘਾਣੀ ਪੀੜਤੇ ਸਤਿਗੁਰ ਲੀਏ ਛਡਾਇ।।

ਪਰਾ ਪੂਰਬਲੀ ਭਾਵਨੀ ਪਰਗਟ ਹੋਈ ਆਇ।। ੨੦੭।।

ਕਬੀਰ ਟਾਲੈ ਟੋਲੈ ਦਿਨੁ ਗਇਆ ਬਿਆਜ ਬਢੰਤਉ ਜਾਇ।।

ਨ ਹਰਿ ਭਜਿਓ ਨ ਖਤੁ ਫਟਿਓ ਕਾਲੁ ਪਹੁੰਚੋ ਆਇ।। ੨੦੮।।

ਭਾਵ ਅਰਥ:- ਹੇ ਕਬੀਰ ਜੋ ਮਨੁਖ ਗੁਰੂ ਦੀ ਸ਼ਰਨ ਨਹੀ ਆਉਦੇ, ਉਹਨਾਂ ਦੇ ਕੀਤੇ ਵਿਕਾਰ, ਤੇ ਬਣਾਈਆਂ ਆਸਾਂ ਦੇ ਕਾਰਣ ਸਿਮਰਨ ਵਲੋਂ ਅੱਜ ਕੱਲ ਕਰਦਿਆਂ ਉਹਨਾਂ ਦੀ ਉਮਰ ਦਾ ਸਮਾਂ ਗੁਜ਼ਰਦਾ ਜਾਂਦਾ ਹੈ। ਵਿਕਾਰਾਂ ਤੇ ਆਸਾਂ ਦਾ ਵਿਆਜ਼ ਵਧਦਾ ਜਾਦਾ ਹੈ।।

ਨਾ ਹੀ ਉਹ ਪਰਮਾਤਮਾ ਦਾ ਸਿਮਰਨ ਕਰਦੇ ਹਨ, ਨਾਂ ਹੀ ਉਹਨਾਂ ਦਾ ਵਿਕਾਰਾਂ ਤੇ ਆਸਾਂ ਦਾ ਲੇਖਾ ਮੁਕਦਾ ਹੈ। ਬਸ ਇਹਨਾਂ ਵਿਕਾਰ" ਤੇ ਆਸਾਂ ਵਿੱਚ ਫਸੇ ਹੋਇਆ ਦੇ ਸਿਰ ਉਤੇ ਮੌਤ ਆ ਖੜੋਦੀ ਹੈ।

ਅਗੇ ਸਲੋਕ ਨੰ: ੨੧੦, ੨੧੧ ਵਿੱਚ ਭੀ ਗੁਰੂ ਅਰਜਨ ਸਾਹਿਬ ਜੀ ਹੋਰ ਵਿਸਥਾਰ ਕਰਦੇ ਹੋਏ ਬਚਨ ਕਰਦੇ ਹਨ

ਮਹਲਾ।। ੫।। ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਆਇ।।

ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ।। ੨੧੦।।

ਹੇ ਕਬੀਰ ਜੇ ਵਿਕਾਰੀ ਮਨੁਖ ਚੰਗੇ ਭਾਗਾਂ ਨਾਲ ਹੋਰ ਝਾਕ ਛੱਡ ਕੇ ਸਤਿਗੁਰ ਦੀ ਸੰਗਤ ਵਿੱਚ ਆ ਬੈਠਣ ਤਾਂ ਵਿਕਾਰੀਆਂ ਦਾ ਅਸਰ ਉਹਨਾਂ ਤੇ ਨਹੀ ਪੈਦਾ। ਭਾਵ ਵਿਕਾਰੀ ਬੰਦਿਆਂ ਨੂੰ ਜਰੂਰ ਲਾਭ ਅੱਪੜਦਾ ਹੈ, ਉਹ ਵਿਕਾਰੀ ਬੰਦੇ ਜਰੂਰ ਲਾਭ ਉਠਾਦੇਂ ਹਨ।

ਮਹਲਾ।। ੫।। ਕਬੀਰ ਚਾਵਲ ਕਾਰਨੇ ਤੁਖ ਕਉ ਮੁਹਲੀ ਲਾਇ।।

ਸੰਗਿ ਕੁਸੰਗੀ ਬੈਸਤੇ ਤਬ ਪੂਛੈ ਧਰਮ ਰਾਇ ੨੧੧।।

ਹੇ ਕਬੀਰ ਤੋਹਾਂ ਨਾਲੋਂ ਚਉਲ ਵੱਖਰੇ ਕਰਨ ਦੀ ਖਾਤਰ ਤੋਹਾਂ ਨੂੰ ਮੁਹਲੀ ਦੀ ਸੱਟ ਵਜਦੀ ਹੈ, ਇਸ ਤਰ੍ਹਾਂ ਜੋ ਮਨੁਖ ਵਿਕਾਰੀਆਂ ਦੀ ਸੁਹਬਤਿ ਵਿੱਚ ਬੈਠਦਾ ਹੈ ਉਹ ਭੀ ਵਿਕਾਰਾਂ ਦੀ ਸੱਟ ਖਾਦਾਂ ਹੈ। ਉਸ ਤੋਂ ਧਰਮਰਾਜ ਲੇਖਾ ਮੰਗਦਾ ਹੈ।

ਅਗੇ ਇੱਕ ਸਲੋਕ ਜੋ ਗੁਰੂ ਅਰਜਨ ਦੇਵ ਜੀ ਦਾ ਹੈ ਜੋ ੨੧੪ ਨੰ: ਹੈ।। ਇਹ ਸਲੋਕ ਭਗਤ ਕਬੀਰ ਜੀ ਦੇ ਸਲੋਕਾਂ ਵਿੱਚ ੧੩੬੬ ਪੰਨੇ ਤੇ ਆਇਆ ਹੈ ਇਹੋ ਹੀ ਸਲੋਕ ਪਿਛੇ ਰਾਮਕਲੀ ਦੀ ਵਾਰ ਮ: ੫ ਵਿੱਚ ੯੬੫ ਪੰਨੇ ਤੇ ਗੁਰੂ ਅਰਜਨ ਸਾਹਿਬ ਜੇ ਦੇ ਵਲੋਂ ਭਗਤ ਕਬੀਰ ਜੀ ਦੇ ਨਾਮ ਤੇ ਉਚਾਰਨ ਕਤਿਾ ਹੋਇਆ ਮਿਲਦਾ ਹੈ ਇਸ ਤਰ੍ਹਾਂ ਇਹ ਸਲੋਕ ਬਾਣੀ ਵਿੱਚ ਦੋ ਵਾਰ ਆ ਚੁਕਾ ਹੈ ਜਿਸਦਾ ਪਾਠ ਇਸ ਅਨੁਸਾਰ ਹੈ।

ਮਹਲਾ ੫।। ਕਬੀਰਾ ਹਮਰਾ ਕੋ ਨਹੀ ਹਮ ਕਿਸ ਹੂ ਕੇ ਨਾਹਿ।।

ਜਿਨਿ ਇਹੁ ਰਚਨੁ ਰਚਾਇਆ ਤਿਸ ਹੀ ਮਾਹਿ ਸਮਾਹਿ।। ੨੧੪।।

ਭਾਵ ਅਰਥ:- ਹੇ ਕਬੀਰ ਨਾ ਕੋਈ ਸਾਡਾ ਸਾਥੀ ਹੈ, ਅਤੇ ਨ ਅਸੀ ਕਿਸੇ ਦੇ ਸਦਾ ਲਈ ਸਾਥੀ ਬਣ ਸਕਦੇ ਹਾਂ। (ਸੰਸਾਰ ਬੇੜੀ ਦੇ ਪੂਰ ਦਾ ਮੇਲਾ ਹੈ)।

ਜਿਸ ਪਰਮਾਤਮਾ ਨੇ ਇਹ ਰਚਨਾਂ ਰੱਚੀ ਹੈ; ਅਸੀ ਤਾਂ ਉਸ ਦੀ ਯਾਦ ਵਿੱਚ ਜੁੜੇ ਰਹਿੰਦੇ ਹਾਂ।

ਅਗੇ ਸਲੋਕ ਨੰ: ੨੧੯ ਭਗਤ ਕਬੀਰ ਜੀ ਦਾ ਇੱਕ ਸਲੋਕ ਹੈ ਜਿਸ ਵਿੱਚ ਭਗਤ ਜੀ ਕਹਿ ਰਹੇ ਹਨ ਹੇ ਕਬੀਰ ਜੋ ਮੈ ਸੋਚਦਾ ਹਾਂ ਪਰਮਾਤਮਾ ਉਹ ਨਹੀ ਕਰਦਾ, ਮੇਰੇ ਸੋਚਣ ਨਾਲ ਕੀ ਬਣਦਾ ਹੈ? ਪਰਮਾਤਮਾ ਆਪਣਾ ਸੋਚਿਆ ਹੋਇਆ ਹੀ ਕਰਦਾ ਹੈ। ਸਲੋਕ ਦਾ ਮੂਲ ਪਾਠ ਹੈ।

ਕਬੀਰ ਜੋ ਮੈ ਚਿਤਵਉ ਨਾ ਕਰੇ ਕਿਆ ਮੇਰੇ ਚਿਤਵੇ ਹੋਇ।।

ਅਪਨਾ ਸਿਤਵਿਆਤ ਹਰਿ ਕਰੇ ਜੋ ਮੇਰੇ ਚਿਤਿ ਨ ਹੋਇ।। ੨੧੯।।

ਕਬੀਰ ਜੀ (ਆਖਦੇ ਹਨ) ਜੋ ਮੈ ਸੋਚਦਾ ਹਾਂ; ਪਰਮਾਤਮਾ ਉਹ ਨਹੀ ਕਰਦਾ; ਫਿਰ ਮੇਰੇ ਸੋਚਣ ਨਾਲ ਕੀ ਬਣਦਾ ਹੈ? ਪਰਮਾਤਮਾ ਆਪਣਾ ਸੋਚਿਆ ਹੀ ਕਰਦਾ ਹੈ; ਜੋ ਮੇਰੇ ਚਿੱਤ ਚੇਤੇ ਭੀ ਨਹੀ ਹੁੰਦਾਂ।

ਇਸ ਸਲੋਕ ਦੇ ਸਬੰਧ ਵਿੱਚ ਗੁਰੂ ਅਮਰਦਾਸ ਜੀ ਆਪਣੇ ਵਲੋਂ ਭਗਤ ਕਬੀਰ ਜੀ ਦੇ ਇਸ ਸਲੋਕ ਦਾ ਉਤਰ ਆਪਣੇ ਇਨ੍ਹਾਂ ਸ਼ਬਦਾਂ ਰਾਹੀਂ ਬਖਸ਼ਿਸ ਕਰਦੇ ਹਨ ਜੋ ਸਲੋਕ ਨੰ: ੨੨੦ ਵਿੱਚ ਦਰਜ਼ ਹੈ

ਮ: ੩।। ਚਿੰਤਾ ਭਿ ਆਪਿ ਕਰਾਇਸੀ ਅਚਿੰਤ ਭੀ ਆਪੇ ਦੇਇ।।

ਨਾਨਕ ਸੋ ਸਲਾਹੀਐ. ਜੇ ਸਭਨਾ ਸਾਰ ਕਰੇਇ।। ੨੨੦।।

ਅਰਥ:- ਨਾਨਕ ਗੁਰੂ ਜੀ ਆਖਦੇ ਹਨ ਕਿ ਹੇ ਭਾਈ ਪ੍ਰਭੂ ਆਪ ਹੀ ਮਨੁਖੀ ਮਨ ਵਿੱਚ ਚਿੰਤਾ ਪੈਦਾ ਕਰਦਾ ਹੈ ਅਤੇ ਬੇ ਫਿਕਰੀ ਭੀ ਆਪੇ ਹੀ ਦਿੰਦਾਂ ਹੈ। ਇਸ ਲਈ ਉਸ ਅਚਿੰਤ ਪ੍ਰਭੂ ਨੂੰ ਸਲਾਹੁਣਾ ਚਾਹੀਦਾ ਹੈ; ਜੋ ਸਾਰਿਆਂ ਦੀ ਸੰਭਾਲ ਕਰਦਾ ਹੈ। ਭਾਵ ਪਰਮਾਤਮਾ ਸਮਰੱਥ ਹੈ ਜੋ ਸਭ ਕੁੱਝ ਕਰਨ ਦੀ ਸ਼ਕਤੀ ਰਖਦਾ ਹੈ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਰਹਿ ਹਨ, ਉਹ ਪਰਮਾਤਮਾ ਇੱਕ ਛਿਨ ਵਿੱਚ ਕੰਗਾਲ ਨੂੰ ਰਾਜਾ ਬਣਾ ਦੇਂਦਾ ਹੈ, ਰਾਜੇ ਨੂੰ ਕੰਗਾਲ। ਜੋ ਖਾਲੀ ਭਾਂਡਿਆਂ ਨੂੰ ਭਰ ਦਾਂਦਾ ਹੈ ਤੇ ਭਰਿਆਂ ਨੂੰ ਖਾਲੀ ਕਰ ਦੇਂਦਾ ਹੈ। (ਭਾਵ ਗਰੀਬਾਂ ਨੂੰ ਅਮੀਰ ਤੇ ਅਮੀਰਾਂ ਨੁੰ ਗਰੀਬ ਬਣਾ ਦੇਂਦਾ ਹੈ) ਇਹ ਉਸਦਾ ਨਿੱਤ ਦਾ ਕੰਮ ਹੈ।। ਪਰਮਾਣ ਹੈ।

ਛਿਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰਿ ਡਾਰੇ।।

ਰੀਤੇ ਭਰੇ ਭਰੇ ਸਖਨਾਵੈ ਯਹ ਤਾ ਕੋ ਬਿਵਹਾਰੇ।। ਬਿਹਾਗੜਾ ਮ: ੯।। ਪੰਨਾ ੫੩੭।।

ਭਗਤ ਕਬੀਰ ਜੀ ਦੇ ਸਲੋਕਾਂ ਵਿੱਚ ਇੱਕ ਹੋਰ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਹੈ, ਜੋ ਸਲੋਕ ਨੰ: ੨੨੧ ਹੈ ਜਿਸਦਾ ਮੂਲ ਪਾਠ ਹੈ।

ਕਬੀਰ ਰਾਮੁ ਨ ਚੇਤਿਓ ਫਿਰਿਆ ਲਾਲਚ ਮਾਹਿ।।

ਪਾਪ ਕਰੰਤਾ ਮਰਿ ਗਇਆ ਅਉਧ ਪੁਨੀ ਖਿਨ ਮਾਹਿ।। ੨੨੧।। ਪੰਨਾ।। ੧੩੭੬

ਗੁਰੂ ਜੀ ਆਖਦੇ ਹਨ:- ਹੇ ਕਬੀਰ ਜਿਸ ਜੀਵ ਨੇ ਪ੍ਰਭੂ ਨੂੰ ਨਹੀ ਸਿਮਿਰਿਆ, ਲਾਲਚ ਦੇ ਵਿੱਚ ਹੀ ਇਧਰ ਉਧਰ ਫਿਰਦਾ ਰਿਹਾ, ਇਸੇ ਤਰ੍ਹਾ ਹੀ ਉਮਰ ਪੁਗ ਗਈ ਤੇ ਪਾਪ ਕਰਦਾ ਮਰ ਗਿਆ।

ਬਾਬਾ ਫਰੀਦ ਜੀ ਦੇ ਸਲੋਕਾਂ ਵਿੱਚ ਗੁਰੂ ਬਾਣੀ।

--------------------------------

ਬਾਬਾ ਫਰੀਦ ਜੀ ਦੇ ਸਲੋਕਾਂ ਦੀ ਲੜੀ ਵਿੱਚ ਬਾਹਰਵਾਂ ਸਲੋਕ ਉਚਾਰਨ ਕੀਤਾ, ਜਿਸ ਵਿੱਚ ਉਹਨਾਂ ਜਿਕਰ ਕੀਤਾ ਕਿ ਕਾਲੇ ਕੇਸਾਂ ਦੇ ਹੂੰਦਿਆਂ ਜਿਨ੍ਹਾਂ ਨੇ ਅਲਾਹ ਨਾਲ ਪਿਆਰ ਨਹੀ ਕੀਤਾ, ਉਹਨਾਂ ਵਿੱਚੋਂ ਕੋਈ ਵਿਰਲਾ ਹੀ ਹੈ ਜੋ ਧਾਉਲੇ ਔਣ ਤੇ ਬਿਰਧ ਅਵਸਥਾ ਵਿੱਚ ਰਬ ਨੂੰ ਯਾਦ ਕਰ ਸਕਦਾ ਹੈ। ਇਹ ਸਲੋਕ ਜਿਸ ਵੱਕਤ ਗੁਰੂ ਅਮਰਦਾਸ ਜੀ ਦੀ ਨਿਗਾਹ ਪਿਆ ਤਾਂ ਇਸਦਾ ਸਾਰਥਿਕ ਉਤਰ ਸਲੋਕ ਨੰ ਤੇਰਾਂ ਵਿੱਚ ਦਿਤਾ, ਜੋ ਆਪ ਜੀ ਇਹ ਦੋਵੇਂ ਸਲੋਕ ਪੜ੍ਹੋ ਜੀ।

ਫਰੀਦਾ ਕਾਲੀਂ ਜਿਨੀ ਨਾ ਰਾਵਿਆ ਧਉਲੀ ਰਾਵੈ ਕੋਇ।।

ਹੇ ਫਰੀਦ ਕਾਲੇ ਕੇਸਾਂ ਦੇ ਹੁੰਦਿਆਂ ਜਿਨ੍ਹਾ ਨੇ ਪਤੀ ਪ੍ਰਭੂ ਨਾਲ ਪਿਆਰ ਨਹੀ ਕੀਤਾ ਉਨ੍ਹਾਂ ਵਿਚੋਂ ਕੋਈ ਵਿਰਲਾ ਹੀ ਧਉਲੇ ਆਇਆਂ ਰੱਬ ਨੂੰ ਯਾਦ ਕਰ ਸਕਦਾ ਹੈ।

ਕਰਿ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ।।

ਹੇ ਫਰੀਦ ਤੂੰ ਸਾਂਈ ਪ੍ਰਭੂ ਨਾਲ ਪਿਆਰ ਕਰ ਇਹ ਪਿਆਰ ਨਿੱਤ ਨਵਾਂ ਰਹੇਗਾ। ਦੁਨੀਆਂ ਦੀ ਪੋਟਲੀ ਵਾਲਾ ਪਿਆਰ ਤਾਂ ਸਰੀਰ –ਸਾਖ ਪੱਕਣ ਤੇ ਟੁਟ ਜਾਏਗਾ। ਬਾਬਾ ਫਰੀਦ ਜੀ ਦਾ ਭਾਵ ਤਾਂ ਇਹ ਹੈ ਕਿ ਰਬ ਸਿਰਫ ਜੁਆਨੀ ਵਿੱਚ ਹੀ ਚੇਤੇ ਕੀਤਿਆਂ ਮਿਲਦਾ ਹੈ ਬੁਢਾਪੇ ਵਿੱਚ ਨਹੀ। ਤਾਂ ਗੁਰੂ ਅਮਰਦਾਸ ਜੀ ਇਸ ਸਲੋਕ ਨੂੰ ਪੱੜ੍ਹ ਕੇ ਸੋਚਿਆ ਕਿ ਲੋਕ ਕਿਤੇ ਨਿਰਾਸ਼ ਹੀ ਨਾ ਹੋ ਜਾਣ ਤਾਂ ਇਹ ਸਲੋਕ ਉਚਾਰਨ ਕੀਤਾ।

ਮ: ੩।। ਫਰੀਦਾ ਕਾਲੀ ਧਉਲੀ ਸਾਹਿਬ ਸਦਾ ਹੈ, ਜੇ ਕੋ ਚਿਤਿ ਕਰੇ।।

ਆਪਣਾ ਲਾਇਆ ਪਿਰਮ ਨ ਲਗਈ ਜੇ ਲੋਚੈ ਸਭ ਕੋਇ।।

ਗੁਰੂ ਅਮਰਦਾਸ ਜੀ ਕਹਿ ਰਹੇ ਹਨ:- ਹੇ ਫਰੀਦ ਜੇ ਕੋਈ ਬੰਦਾਂ ਬੰਦਗੀ ਕਰੇ, ਤਾਂ ਜੁਆਨੀ ਵਿੱਚ ਭੀ ਤੇ ਬੁਢੇਪੇ ਵਿੱਚ ਭੀ ਮਾਲਿਕ ਮਿਲ ਸਕਦਾ ਹੈ।

ਪਰ ਬੇਸ਼ਕ ਕੋਈ ਤਾਂਘ ਕਰ ਕੇ ਵੇਖ ਲਏ, ਇਹ ਪਿਆਰ ਆਪਣਾ ਲਾਇਆ ਨਹੀ ਲਗਦਾ।

ਫਰੀਦਾ ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ।। ਜੋ ਤਨ ਰਤੇ ਰਬ ਸਿਉ ਤਿਨ ਤਨਿ ਰਤੁ ਨ ਹੋਇ।। ੫੧।।

ਹੇ ਫਰੀਦ! ਜੇ ਕੋਈ ਰੱਬ ਦੇ ਪਿਆਰ ਵਿੱਚ ਰੰਗੇ ਹੋਏ ਦਾ ਸਰੀਰ ਚੀਰੇ ਤਾਂ ਉਸ ਵਿਚੋਂ ਰਤਾ ਜਿਤਨਾ ਭੀ ਲਹੂ ਨਹੀ ਨਿਕਲਦਾ। ਜੋ ਬੰਦੇ ਰੱਬ ਨਾਲ ਰੰਗੇ ਹੁੰਦੇ ਹਨ ਉਹਨਾਂ ਦੇ ਸਰੀਰ ਵਿੱਚ (ਵਿਸ ਗੰਦਲਾਂ ਮੋਹ ਰੂਪ) ਲਹੂ ਨਹੀ ਹੁੰਦਾ।

ਮਃ ੩।। ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ।।

ਜੋ ਸਹ ਰਤੇ ਆਪਣੇਤਿਤੁ ਤਨਿ ਲੋਭੁ ਰਤੁ ਨ ਹੋਇ।।

ਭੈ ਪਇਐ ਤਨੁ ਖੀਣੁ ਹੋਇ ਲੋਭੁ ਰਤੁ ਤਨੁ ਵਿਚਹੁ ਜਾਇ।।

ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ।।

ਨਾਨਕ ਤੇ ਜਨ ਸੋਹਣੇ ਜਿ ਰਤੇ ਹਰਿ ਰੰਗੁ ਲਾਇ।।

ਬਾਬਾ ਫਰੀਦ ਜੀ ਦੇ ਇਕਵੰਜਾ ਨੰ: ਸਲੋਕ ਦਾ ਉਤਰ ਗੁਰੂ ਅਮਰਦਾਸ ਜੀ ਇਸ ਬਵੰਜਾ ਨੰ: ਸਲੋਕ ਰਾਹੀਂ ਦੇ ਰਹੇ ਹਨ। ਤਾਂ ਕੇ ਲੋਕ ਕਿਤੇ ਭੁਲੇਖੇ ਵਿੱਚ ਨਾ ਪੈ ਜਾਣ ਕਿ ਭਗਤੀ ਕਰਨ ਵਾਲਿਆਂ ਦੇ ਸਰੀਰ ਵਿੱਚ ਵਾਕਿਆ ਹੀ ਲਹੂ ਨਹੀ ਹੁੰਦਾਂ? ਤਾਂ ਗੁਰੂ ਸਾਹਿਬ ਜੀ ਨੂੰ ਲਿਖਣਾ ਪਿਆ:- ਹੇ ਫਰੀਦ ਇਹ ਸਾਰਾ ਸਰੀਰ ਲਹੂ ਹੈ। ਲਹੂ ਤੋਂ ਬਿਨਾ ਸਰੀਰ ਰਹਿ ਨਹੀ ਸਕਦਾ, ਫਿਰ ਸਰੀਰ ਨੂੰ ਚੀਰਿਆ ਭਾਵ ਪੜਤਾਲ ਕੀਤਿਆਂ ਕੇਹੜਾ ਲਹੂ ਨਹੀ ਨਿਕਲਦਾ। ਤਾਂ ਗੁਰੂ ਸਾਹਿਬ ਜੀ ਉਤਰ ਦੇ ਰਹਿ ਹਨ। ਜੋ ਬੰਦੇ ਆਪਣੇ ਖਸਮ ਪ੍ਰਭੂ ਦੇ ਪਿਆਰ ਵਿੱਚ ਰੰਗੇ ਹੋਏ ਹਨ ਉਹਨਾਂ ਦੇ ਇਸ ਸਰੀਰ ਵਿੱਚ ਲਾਲਚ ਰੂਪ ਲਹੂ ਨਹੀ ਹੁੰਦਾਂ। ਜੇ ਪਰਮਾਤਮਾ ਦੇ ਭੈ ਵਿੱਚ ਜੀਵੀਏ, ਤਾਂ ਸਰੀਰ ਇਸ ਤਰ੍ਹਾਂ ਲਿਸਾ ਹੋ ਜਾਂਦਾ ਹੈ ਕਿ ਇਸ ਵਿਚੋਂ ਲੋਭ ਰੂਪ ਰੱਤ ਨਿਕਲ ਜਾਂਦੀ ਹੈ। ਉਦਾਹਰਨ ਦੇ ਕੇ ਸਮਝਾਉਦੇ ਹਨ ਕਿ ਜਿਵੇਂ ਅੱਗ ਵਿੱਚ ਪਾਇਆ ਸੋਨਾ ਆਦਿਕ ਧਾਤ ਸਾਫ ਹੋ ਜਾਂਦੀ ਹੈ, ਇਸੇ ਤਰ੍ਹਾਂ ਪਰਮਾਤਮਾ ਦਾ ਡਰ ਮਨੁਖ ਦੀ ਭੈੜੀ ਮਤ-ਰੂਪ ਮੈਲ ਨੂੰ ਕੱਟ ਦੇਂਦਾ ਹੈ।

ਹੇ ਨਾਨਕ! ਉਹ ਮਨੁਖ ਸੋਹਣੇ ਹਨ, ਜੋ ਪਰਮਾਤਮਾ ਨਾਲ ਨਿਹੂੰ ਲਾ ਕੇ ਉਸ ਦੇ ਨਿਹੂੰ ਵਿੱਚ ਰੰਗੇ ਰਹਿੰਦੇ ਹਨ।

ਸਲੋਕ ਨੰ: ੭੫ ਗੁਰੂ ਅਰਜਨ ਸਾਹਿਬ ਜੀ ਦਾ ਹੈ। ਜਿਸ ਵਿੱਚ ਇੱਕ ਗਲ ਸਮਝਾਈ ਹੈ। ਉਹ ਕਿਹੜੀ ਗਲ ਹੈ? ਬਾਬਾ ਫਰੀਦ ਜੀ ਸਲੋਕ ਨ:-੭੪ ਵਿੱਚ ਜਿਕਰ ਕਰਦੇ ਹਨ।

ਫਰੀਦਾ ਮਨ ਮੈਦਾਨ ਕਰਿ, ਟੋਏ ਟਿਬੇ ਲਾਹਿ।।

ਅਗੈ ਮੂਲਿ ਨ ਆਵਈ, ਦੋਜਕ ਸੰਦੀ ਭਾਹਿ।।

ਫਰੀਦ ਜੀ ਦੇ ਸਲੋਕ ਦਾ ਭਾਵ ਹੈ ਕਿ:- ਟੋਏ ਟਿਬੇ ਲਾਹ ਕੇ ਮਨ ਨੂੰ ਪੱਧਰਾ ਕਰ ਫਿਰ ਤੇਰੇ ਨੇੜੇ ਦੋਜ਼ਕ ਦੀ ਅੱਗ ਨਹੀ ਆਵੇਗੀ। ਪਰ ਇਹ ਨਹੀ ਦਸਿਆ ਕਿ ਉਹ ਟੋਏ ਟਿਬੇ ਦੂਰ ਕਿਵੇ ਕਰਨੇ ਹਨ। ਇਸ ਲਈ ਗੁਰੂ ਸਾਹਿਬ ਜੀ ਨੂੰ ਆਪਣਾ ਇੱਕ ਸਲੋਕ ਉਚਾਰਨ ਕਰਨਾ ਪਿਆ ਜਿਸ ਵਿੱਚ ਇਸ ਰਾਜ਼ ਨੂੰ ਬੜੇ ਸੌਖੇ ਤਾਰੀਕੇ ਨਾਲ ਸਮਝਾਉਣਾ ਕੀਤਾ ਹੈ। ਮ: ੫ ਦੇ ਸਿਰਲੇਖ ਤੇ ਇਹ ਸਲੋਕ ਹੈ ਜੀ।

ਫਰੀਦਾ ਖਾਲਕ ਖਲਕ ਮਹਿ, ਖਲਕ ਵਸੈ ਰਬ ਮਾਹਿ।।

ਮੰਦਾ ਕਿਸ ਨੋ ਆਖੀਐ, ਜਾ ਤਿਸੁ ਬਿਨੁ ਕੋਈ ਨਾਹਿ।। ਸਲੋਕ ਨ: ੭੫।। ੧੩੮੧

ਜਿਸਦਾ ਭਾਵ ਹੈ ਕਿ ਖਲਕਤ ਪੈਦਾ ਕਰਨ ਵਾਲਾ ਪਰਮਾਤਮਾ ਸਾਰੀ ਖਲਕਤ ਵਿੱਚ ਵਸਦਾ ਹੈ। ਖਲਕਤ ਪਰਮਾਤਮਾ ਵਿੱਚ ਵੱਸਦੀ ਹੈ। ਮੰਦਾਂ ਕਿਸ ਨੂੰ ਆਖੀਐ ਜਦ ਕਿ ਉਸ ਖਾਲਕ ਤੋ ਬਿਨਾ ਦੂਜਾ ਕੋਈ ਨਹੀ।

ਇਹ ਟੋਏ ਟਿਬੇ ਕਿਵੇ ਦੂਰ ਹੋਣ? ਸੱਭ ਦੁਨੀਆਂ ਦੇ ਜੀਵਾਂ ਵਿੱਚ ਇੱਕ ਰਬੀ ਜੋਤ ਵੇਖਣ ਨਾਲ ਟੋਏ ਟਿਬੇ ਲਹਿ ਜਾਂਦੇ ਹਨ। ਊਚ ਨੀਚ ਦਾ ਭੇਦ ਮੁਕ ਜਾਂਦਾ ਹੈ। ਆਪਣੇ ਮਨ ਦੇ ਹੰਕਾਰ ਨੂੰ ਦੂਰ ਕਰਕੇ ਮਨ ਮੈਦਾਨ ਪੱਧਰਾ ਕਰਨਾ। ਕਿਸੇ ਨੂੰ ਬੁਰਾ ਭਲਾ ਨਹੀ ਕਹਿਣਾ।

ਬਾਬਾ ਫਰੀਦ ਜੀ ਦਾ ਸਲੋਕ ਹੈ।

ਮੈ ਜਾਨਿਆ ਦੁਖ ਮੁਝ ਕੂ ਦੁਖੁ ਸਬਾਇਅੇ ਜਗਿ।।

ਊਚੇ ਚੜਿ ਕੈ ਦੇਖਿਆ, ਤਾ ਘਰਿ ਘਰਿ ਏਹਾ ਅਗਿ।।

ਫਰੀਦ ਜੀ ਕਹਿਂਦੇ ਹਨ ਕਿ ਮੈ ਸਮਝਿਆ ਕਿ ਦੁਖ ਮੈਨੂੰ ਹੀ ਹੈ, ਪਰ ਇਹ ਦੁਖ ਸਾਰੇ ਜਗਤ ਵਿੱਚ ਵਿਆਪਕ ਹੈ। ਜਦ ਮੈ ਵਿਚਾਰ ਕਰ ਕੇ ਵੇਖਿਆ ਤਾਂ ਹਰ ਘਰ ਵਿੱਚ ਦੁਖ ਤੇ ਭੁਖ ਦੀ ਅੱਗ ਬਲਦੀ ਨਜ਼ਰ ਆਈ।

ਗੁਰੂ ਸਾਹਿਬ ਜੀ ਨੇ ਜਿਸ ਵੱਕਤ ਇਸ ਸਲੋਕ ਨੂੰ ਪੜਿਆ ਤਾਂ ਵਿਚਾਰ ਕਰਕੇ ਇਹ ਬਚਨ ਜੋ ੮੨ ਨੰ:- ਸਲੋਕ ਲਿਖਿਆ ਤੇ ਇਸ ਗਲ ਦਾ ਸਪਸ਼ਟੀਕਰਣ ਆਪਣੇ ਇਸ ਸਲੋਕ ਰਾਹੀ ਦਿਤਾ ਤੇ ਸਮਝਾਉਣਾ ਕੀਤਾ ਕਿ ਇਹ ਜਗਤ, ਮਾਲਕ ਦੀ ਸੁਹਾਵਣੀ ਧਰਤੀ ਹੈ। ਜਿਸ ਵਿੱਚ ਜ਼ਹਰੀਲਾ ਬਾਗ ਭੀ ਲੱਗਾ ਹੋਇਆ ਹੈ। ਜਿਸ ਜਿਸ ਮਨੁਖ ਨੂੰ ਸਤਿਗੁਰਾਂ ਨੇ ਮਾਣ ਦਿਤਾ ਹੈ ਉਹ ਉਹ ਮਨੁਖ ਦੁਖਾਂ ਦੀ ਅੱਗ ਦੇ ਸੇਕ ਤੋਂ ਬੱਚ ਗਏ ਹਨ। ਕਿਤਨੇ ਪਿਆਰੇ ਬਚਨ ਸਲੋਕ ਵਿੱਚ ਦਰਜ਼ ਹਨ।

ਮਹਲਾ ੫:-ਫਰੀਦਾ, ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ।।

ਜੋ ਜਨ ਪੀਰ ਨਿਵਾਜਿਆ, ਤਿਨਾ ਅੰਚ ਨ ਲਾਗ।।

ਤੱਤ ਵਿਚਾਰ ਇਹ ਹੈ ਕਿ ਸਰੀਰ ਸੁਹਾਵਾ ਬਾਗ ਹੈ। ਇਸ ਵਿੱਚ ਜਿਹੋ ਜਿਹਾ ਬੀਜ਼ ਬੀਜਾਗੇ ਉਹੋ ਜਿਹਾ ਫਲ ਪ੍ਰਾਪਤ ਕਰਾਂਗੇ। ਜਿਵੇਂ ਪੱੜਦੇ ਹਾਂ।

ਜੇਹਾ ਬੀਜੇ ਸੁ ਲੁਣੈ ਕਰਮਾ ਸੰਦੜਾ ਖੇਤ।। ਬਾਰਾਹਮਾਂਹ।।

ਜਿੰਨ੍ਹਾਂ ਜੀਵਾਂ ਤੇ ਸਤਿਗੁਰ ਦੀ ਮਿਹਰ ਹੁੰਦੀ ਹੈ ਉਹਨਾਂ ਨੂੰ ਪ੍ਰਭੂ ਸਿਮਰਨ ਦਾ ਸਦਕਾ ਦੁਖ ਸੰਤਾਪ ਨਹੀ ਲਗਦਾ। ਇਤਹਾਸ ਦੀਆਂ ਬਹੁਤ ਸਾਰੀਆਂ ਸਾਖੀਆਂ ਭੀ ਇਸ ਗੱਲ ਦੀ ਸ਼ਾਹਦੀ ਭਰਦੀਆਂ ਹਨ। ਅਗਲਾ ਸਲੋਕ ਭੀ ਗੁਰੂ ਅਰਜਨ ਸਾਹਿਬ ਜੀ ਦਾ ਹੈ, ਜਿਸ ਵਿੱਚ ਇਸੇ ਗਲ ਨੂੰ ਹੋਰ ਪਕਿਆ ਕੀਤਾ ਗਿਆ ਹੈ।

ਮਹਲਾ ੫:-ਫਰੀਦਾ ਉਮਰ ਸੁਹਾਵੜੀ; ਸੰਗਿ ਸੁਵੰਨੜੀ ਦੇਹ।।

ਵਿਰਲੇ ਕੇਈ ਪਾਈਅਨ, ਜਿਨਾ ਪਿਆਰੇ ਨੇਹ।। ੮੩ ਸਲੋਕ।। ਪੰਨਾ ੧੩੮੨।।

ਹੇ ਫਰੀਦ ਸੋਹਣੇ ਰੰਗ ਵਾਲੀ ਸੁੰਦਰ ਦੇਹੀ ਨਾਲ ਉਮਰ ਭੀ ਸੋਹਣੀ ਤੇ ਸੁਖਦਾਈ ਬੀਤਦੀ ਹੈ. ਪਰ ਉਹਨਾਂ ਦੀ ਜਿਨ੍ਹਾ ਦਾ ਪਿਆਰੇ ਪ੍ਰਭੂ ਨਾਲ ਪ੍ਰੇਮ ਹੋਵੇ। ਪਰ ਐਸੇ ਇਨਸਾਨ ਵਿਰਲੇ ਹੁੰਦੇ ਹਨ। ਜਿਵੇ ਗੁਰਬਾਣੀ ਦਾ ਫੁਰਮਾਨ ਹੈ

ਮੁਹਬਤਿ ਤਿਸੁ ਖੁਦਾਇ ਦੀ ਰਤਾ ਰੰਗਿ ਚਲੂਲ।।

ਨਾਨਕ ਵਿਰਲੇ ਪਾੲਅਿਹ ਤਿਸੁ ਜਨ ਕੀਮ ਨ ਮੂਲਿ।।

ਹੈਨਿ ਵਿਰਲੈ ਨਾਹੀ ਘਣੇ ਫੈਲ ਫਕੜੁ ਸੰਸਾਰੁ।।

ਭਗਤ ਫਰੀਦ ਜੀ ਦਾ ਇੱਕ ਸਲੋਕ ਹੈ ੧੦੩ ਨੰ:- ਜਿਸ ਦਾ ਭਾਵ ਹੈ, ਰੇਸ਼ਮ ਦਾ ਕਪੜਾ ਪਾੜ ਕੇ ਮੈਂ ਲੀਰਾਂ ਕਰ ਦੇਵਾ, ਉਸਦੀ ਥਾਂ ਮਾੜੀ ਜਿਹੀ ਕੰਬਲੀ ਪਹਿਣ ਲਵਾਂ। ਜਿਸ ਵੇਸ ਨਾਲ ਮੇਰਾ ਖਸਮ ਮਿਲ ਪਵੇ ਮੈ ਉਹੀ ਵੇਸ ਕਰ ਲਵਾ। ਸਲੋਕ ਦਾ ਸਰੂਪ ਹੈ।

ਫਰੀਦਾ, ਪਾੜ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ।।

ਜਿਨੀ ਵੇਸੀ ਸਹੁ ਮਿਲੇ ਸੋਈ ਵੇਸ ਕਰੇਉ।। ੧੦੩।। ਪੰਨਾ-੧੩੮੩।।

ਗੁਰੂ ਅਮਰਦਾਸ ਜੀ ਇਹ ਸਲੋਕ ਪੱੜ ਕੇ ਆਪਣੀ ਰਾਇ ਦੇਣੀ ਕੀਤੀ ਤੇ ਕਹਿਣ ਲਗੇ, ਹੇ ਫਰੀਦ ਕਾਹਦੇ ਵਾਸਤੇ ਰੇਸ਼ਮੀ ਕਪੜਾ ਪਾੜਦੇ ਹੋ? ਕੰਬਲੀ ਕਿਉ ਪਹਿਨਦੇ ਹੋ? ਗੁਰੂ ਨਾਨਕ ਸਾਹਿਬ ਜੀ ਫੁਰਮਾਦੇਂ ਹਨ, ਕਿ ਹੇ ਜੀਵ ਇਸਤਰੀਏ ਜੇ ਕਰ ਤੂੰ ਆਪਣੀ ਨੀਅਤ ਸਾਫ ਕਰ ਲਵੇ ਤਾਂ ਤੈਨੂੰ ਘਰ ਬੈਠਿਆ ਹੀ ਖਸਮ (ਪਰਮੇਸ਼ਰ) ਮਿਲ ਪਵੇਗਾ।

ਸੱਭ ਤੋਂ ਵੱਡੀ ਜੀਵਨ ਕ੍ਰਿਆ ਸਾਫ ਨੀਅਤ ਦੀ ਹੈ। ਜੇ ਨੀਅਤ ਰਾਸਿ ਹੋਵੈ ਤਾਂ ਸਾਰੇ ਕੰਮ ਸੁਤੇ ਸਿਧ ਰਾਸਿ ਆ ਜਾਂਦੇ ਹਨ। ਜਿਸ ਜੀਵ ਇਸਤਰੀ ਦੇ ਕੋਲ ਸ਼ੁਭ ਗੁਣ ਨਹੀ ਉਹ ਵਾਹਿਗੁਰੂ ਜੀ ਨੂੰ ਨਹੀ ਮਿਲ ਸਕਦੀ। ਗੁਰਬਾਣੀ ਦਾ ਫੁਰਮਾਨ ਹੈ।।

ਮਹਲ ਕੁਚਜੀ ਮੜਵੜੀ, ਕਾਲੀ ਮਨਹੁ ਕਸੁਧ।।

ਜੇ ਗੁਨ ਹੋਵਨ ਤਾ ਪਿਰ ਰਵੈ ਨਾਨਕ ਅਵਗੁਣ ਮੁੰਧ।। ਸਲੋਕ ਮ: ੧।। ਪੰਨਾ ੧੦੮੮।। ਰਾਗ ਮਾਰੂ।।

ਇਸ ਸਲੋਕ ਦੇ ਸਬੰਧ ਵਿੱਚ ਹੀ ਗੁਰੂ ਅਰਜਨ ਸਾਹਿਬ ਜੀ ਨੇ ਭੀ ਆਪਣੇ ਵੀਚਾਰ ਅਗਲੇ ਸਲੋਕ ੧੦੫ ਵਿੱਚ ਦਰਸਾਏ ਹਨ। ਗੁਰੂ ਸਾਹਿਬ ਜੀ ਬਚਨ ਕਰਦੇ ਹਨ ਕਿ ਹੇ ਫਰੀਦ ਜਿਨ੍ਹਾ ਮਨੁਖਾਂ ਨੂੰ ਬਹੁਤ ਸਾਰੀਆਂ ਵਡਿਆਈਆਂ, ਬਹੁਤ ਸਾਰਾ ਧੰਨ, ਜੁਆਨੀ, ਆਦਿ ਦਾ ਮਾਣ ਹੋਵੇ ਐਸੇ ਹੰਕਾਰੀ ਜੀਵ ਮਾਲਕ ਦੀ ਬਖਸ਼ਿਸ ਤੋ ਇਉ ਹੀ ਵਿਰਵੇ (ਸੱਖਣੇ) ਰਹਿ ਜਾਂਦੇ ਹਨ, ਜਿਵੇ ਬਰਸਾਤ ਦੇ ਪਾਣੀ ਤੋਂ ਟਿਬੇ ਵਾਂਝੇ ਰਹਿ ਜਾਂਦੇ ਹਨ।

ਮ: ੫:-ਫਰੀਦਾ ਗਰਬ ਜਿਨਾ ਵਡਿਆਈਆ, ਧਨਿ ਜੋਬਨਿ ਆਗਾਹ।।

ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ।।

ਆਉ ਇੱਕ ਸਲੋਕ ਦੇ ਦਰਸਨ ਕਰੀਏ ਜੋ ਬਾਬਾ ਫਰੀਦ ਜੀ ਦੇ ੧੦੭ ਨੰ: ਸਲੋਕ ਦੇ ਸਬੰਧ ਵਿੱਚ ਗੁਰੂ ਸਾਹਿਬਾਨ ਜੀ ਬਚਨ ਕਰ ਰਹਿ ਹਨ। ਇਨ੍ਹਾਂ ਸਲੋਕਾਂ ਦਾ ਪਾਠ ਅਤੇ ਅਰਥ ਦਰਪਣ ਵਿਚੋਂ ਆਪ ਜੀ ਨਾਲ ਸਾਂਝਾ ਕਰਦਾ ਹਾਂ ਜੀ।

ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ।।

ਜੇ ਤੈ ਰਬੁ ਵਿਸਾਰਿਆ ਤਾ ਰਬਿ ਨ ਵਿਸਰਿਓਹਿ।। ੧੦੭।।

ਇਹ ਇੱਕ ਸਲੋਕ ਹੈ ਜਿਸਦੇ ਸਬੰਧ ਵਿੱਚ ਬਾਬਾ ਫਰੀਦ ਜੀ ਕਹਿ ਰਹਿ ਹਨ ਕਿ ਹੇ ਫਰੀਦ ਜੇ ਤੂੰ ਅੰਮ੍ਰਿਤ ਵੇਲੇ ਨਹੀ ਜਾਗਿਆ ਤਾਂ ਤੂੰ ਜਿਊਦਾਂ ਹੀ ਮਰਿਆ ਹੋਇਆ ਹੈ। ਵੇਖ ਤੂੰ ਰੱਬ ਨੂੰ ਭੁਲਾ ਦਿਤਾ ਹੈ ਪਰ ਰੱਬ ਨੇ ਤੈਨੂੰ ਨਹੀ ਭੁਲਾਇਆ, ਭਾਵ ਹਰ ਵੇਲੇ ਤੇਰੇ ਅਮਲਾਂ ਨੂੰ ਵੇਖ ਰਿਹਾ ਹੈ।

ਐਸੇ ਇੱਕ ਸਲੋਕ ਦੇ ਉਤਰ ਦੇ ਸਬੰਧ ਵਿੱਚ ਗੁਰੂ ਅਰਜਨ ਸਾਹਿਬ ਜੀ ਹੋਰ ਚਾਰ ਸਲੋਕ ਉਚਾਰ ਕੇ ਗਲ ਨੂੰ ਬੜੇ ਤਾਰੀਕੇ ਨਾਲ ਸਮਝਾ ਰਹੇ ਹਨ।

ਮਃ ੫।। ਫਰੀਦਾ ਕੰਤੁ ਰੰਗਾਵਲਾ ਵਡਾ ਵੇਮੁਹਤਾਜੁ।।

ਅਲਹ ਸੇਤੀ ਰਤਿਆ ਏਹੁ ਸਚਾਵਾਂ ਸਾਜੁ।। ੧੦੮।।

ਹੇ ਫਰੀਦ ਖਸਮ (ਪਰਮਾਤਮਾ) ਸੋਹਣਾ ਹੈ ਤੇ ਬੜਾ ਬੇ-ਮੁਥਾਜ ਹੈ, ਅੰਮ੍ਰਿਤ ਵੇਲੇ ਉਠ ਕੇ ਜੇ ਰੱਬ ਨਾਲ ਰੰਗੇ ਜਾਈਏ ਤਾਂ ਮਨੁਖ ਨੂੰ ਭੀ ਰੱਬ ਵਾਲਾ ਇਹ ਸੋਹਣਾ ਤੇ ਬੇ- ਮੁਥਜੀ ਵਾਲਾ ਰੂਪ ਮਿਲ ਜਾਂਦਾ ਹੈ। ਭਾਵ ਮਨੁਖ ਦਾ ਮਨ ਭੀ ਸੁੰਦਰ ਹੋ ਜਾਂਦਾ ਹੈ। ਇਸ ਨੂੰ ਕਿਸੇ ਦੀ ਮੁਥਾਜੀ ਨਹੀ ਰਹਿ ਜਾਂਦੀ।

ਮਃ ੫।। ਫਰੀਦਾ ਦੁਖੁ ਸੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ।।

ਹੇ ਫਰੀਦ ਅੰਮ੍ਰਿਤ ਵੇਲੇ ਉਠ ਕੇ ਰੱਬੀ ਯਾਦ ਦੇ ਅਭਿਆਸ ਨਾਲ ਜੀਵਨ ਵਿੱਚ ਵਾਪਰਦੇ ਦੁਖ ਸੁਖ ਨੂੰ ਇਕੋ ਜਿਹਾ ਜਾਣ ਕੇ ਦਿਲ ਵਿਚੋਂ ਪਾਪ ਕੱਢ ਦੇ।

ਅਲਹ ਭਾਵੈ ਸੋ ਭਲਾ ਤਾਂ ਲਭੀ ਦਰਬਾਰੁ।। ੧੦੯।।

ਜੋ ਰੱਬ ਦੀ ਰਜ਼ਾ ਵਿੱਚ ਵਰਤੇ ਉਸ ਨੂੰ ਚੰਗਾਂ ਜਾਣ, ਤਾਂ ਤੈਨੂੰ ਰੱਬ ਦੀ ਦਰਗਾਹ ਦੀ ਪ੍ਰਾਪਤੀ ਹੋਵੇਗੀ।

ਮਃ ੫।। ਫਰੀਦਾ ਦੁਨੀ ਵਜਾਈ ਵਜਦੀ ਤੂੰ ਭੀ ਵਜਹਿ ਨਾਲਿ।।

ਹੇ ਫਰੀਦ ਦੁਨੀਆਂ ਦੇ ਲੋਕ ਵਾਜੇ ਹਨ, ਜੋ ਮਾਇਆ ਦੇ ਵਜਾਏ ਹੋਏ ਵਜ ਰਹੇ ਹਨ, ਤੂੰ ਭੀ ਉਹਨਾਂ ਨਾਲ ਹੀ ਵੱਜ ਰਿਹਾਂ ਹੇ। ਭਾਵ ਮਾਇਆ ਦਾ ਨਚਾਇਆ ਨੱਚ ਰਿਹਾ ਹੈ। ਉਹੀ ਭਾਗਾ ਵਾਲਾ ਜੀਵ ਮਾਇਆ ਦਾ ਵਜਾਇਆ ਹੋਇਆ ਨਹੀ ਵੱਜਦਾ, ਜਿਸ ਦੀ ਸੰਭਾਲ ਪਰਮਾਤਮਾ ਆਪ ਕਰਦਾ ਹੈ। ਸੋ ਉਹ ਅੰਮ੍ਰਿਤ ਵੇਲੇ ਉਠ ਕੇ ਉਸ ਦੀ ਯਾਦ ਵਿੱਚ ਜੁੜ, ਤਾ ਕਿ ਤੇਰੀ ਭੀ ਸੰਭਾਲ ਹੋ ਸਕੇ।

ਸੋਈ ਜੀਉ ਨ ਵਜਦਾ ਜਿਸੁ ਅਲਹੁ ਕਰਦਾ ਸਾਰ।। ਪੰਨਾ ੧੩੮੩।।

ਮ: ੫:-ਫਰੀਦਾ ਦਿਲੁ ਰਤਾ ਇਸ ਦੁਨੀ ਸਿਉ ਦੁਨੀ ਨ ਕਿਤੈ ਕੰਮਿ।।

ਹੇ ਫਰੀਦ! ਅੰਮ੍ਰਿਤ ਵੇਲੇ ਉਠਣਾ ਹੀ ਕਾਫੀ ਨਹੀ, ਉਸ ਉਠਣ ਦਾ ਕੀਹ ਲਾਭ ਜੇ ਉਸ ਵੇਲੇ ਭੀ ਉਠ ਕੇ ਦਿਲ ਦੁਨੀਆਂ ਦੇ ਪਦਾਰਥਾਂ ਵਿੱਚ ਰੰਗਿਆ ਰਿਹਾ। ਦੁਨੀਆਂ ਅੰਤ ਵੇਲੇ ਕਿਸੇ ਕੰਮ ਨਹੀ ਆਉਂਦੀ।

ਮਿਸਲ ਫਕੀਰਾਂ ਗਾਖੜੀ ਸੁ ਪਾਈਐ ਪੂਰ ਕਰੰਮਿ। ੧੧੧।। ੧੩੮੩।।

ਉਠ ਕੇ ਰੱਬ ਨੂੰ ਯਾਦ ਕਰ, ਇਹ ਫਕੀਰਾਂ ਵਾਲੀ ਰਹਿਣੀ ਬੜੀ ਔਖੀ ਹੈ ਤੇ ਮਿਲਦੀ ਹੈ ਵਡੇ ਭਾਗਾ ਨਾਲ।

ਅਗੇ ਭੱਟਾਂ ਦੇ ਸਵਯੈ ਅਰੰਭ ਹੋਏ ਹਨ ਇਨ੍ਹਾਂ ਵਿੱਚ ਭੀ ਗੁਰੂਆਂ ਦੀ ਬਾਣੀ ਅੰਕਿਤ ਹੈ ਜੋ ਬਹੁਤ ਸਾਰੀ ਹੈ ਉਸਦਾ ਮੂਲ਼ ਪਾਠ ਅਸੀ ਓਥੋਂ ਪੜ ਸਕਦੇ ਹਾਂ

ਕਿਨੇ ਪਿਆਰ ਨਾਲ ਬਾਣੀ ਸਾਨੂੰ ਪਰਮਾਤਮਾਂ ਦੀ ਬੰਦਗੀ ਕਰਣ ਦੀ ਪਰੇਰਨਾ ਪ੍ਰਦਾਨ ਕਰਦੀ ਹੈ। ਕਿੰਨਾਂ ਚੰਗਾਂ ਹੋਵੇ ਜੇ ਇਹ ਵਾਹਿਗੁਰੂ ਜੀ ਦੇ ਬਚਨਾਂ ਨੂੰ ਸਮਝ ਜਾਵੇ ਤਾਂ, ਜੀਵਨ ਸਫਲ ਹੋ ਜਾਵੇ। ਇਹ ਖੋਜ ਪੱਤਰ ਲਿਖਦਿਆਂ ਲਿਖਦਿਆਂ ਬਹੁਤ ਸਾਰੀਆ ਗੁਰਮਤਿ ਵੀਚਾਰਾਂ ਸਾਹਮਨੇ ਆਈਆਂ ਹਨ। ਗੁਰੂ ਕਿਰਪਾ ਕਰੇ ਇਹਨਾਂ ਵਿਚਾਰਾਂ ਦਾ ਦਾਸ ਭੀ ਧਾਰਨੀ ਹੋ ਸਕੇ। ਪਾਠਕ ਜਨ ਦਾਸ ਲਈ ਭੀ ਅਰਦਾਸ ਕਰਨ ਤਾਂ ਕਿ ਆਪ ਜੀ ਦੀਆਂ ਅਸੀਸਾਂ ਦਾ ਸਦਕਾ ਮੇਰਾ ਭੀ ਨਿਸਤਾਰਾ ਹੋ ਜਾਵੇ ਜੀ

ਚਰਨ ਰਜ

ਦਲੇਰ ਸਿੰਘ ਜੋਸ਼
.