.

ਰੱਬੀ ਮਿਲਨ ਦੀ ਬਾਣੀ
ਸਲੋਕ ਮ: ੯
ਦੀ ਵਿਚਾਰ
ਅਠਾਈਵਾਂ ਸਲੋਕ

ਵੀਰ ਭੁਪਿੰਦਰ ਸਿੰਘ


28. ਅਠਾਈਵਾਂ ਸਲੋਕ -
ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ ॥
ਕਹੁ ਨਾਨਕ ਬਿਨੁ ਹਰਿ ਭਜਨ ਬਿਰਥਾ ਜਨਮੁ ਸਿਰਾਨ ॥28॥

‘ਜਨਮੁ ਸਿਰਾਨ’ ਦੇ ਲਫਜ਼ੀ ਅਰਥ ਬਣਦੇ ਹਨ ਕਿ ਸਾਡਾ ਜਨਮ ਜ਼ਾਇਆ ਜਾ ਰਿਹਾ ਹੈ। ਤਾਂ ਕੀ ਅਸੀਂ ਕੰਮ ਨਾ ਕਰੀਏ? ਕੀ ਅਸੀਂ ਕਮਾਈਆਂ ਨਾ ਕਰੀਏ? ਕੀ ਅਸੀਂ ਦੁਕਾਨ, ਨੌਕਰੀ ਨਾ ਕਰੀਏ? ਕੀ ਪਤਨੀ ਕੰਮ ਤੇ ਨਾ ਜਾਏ ਜਾਂ ਘਰ ਰੋਟੀਆਂ ਨਾ ਪਕਾਏ? ਵਹੁਟੀ ਬੱਚੇ ਨਾ ਪਾਲੀਏ, ਫਿਰ ‘ਜਨਮ ਸਿਰਾਨ’ ਕਿਵੇਂ ਜਾ ਰਿਹਾ ਹੈ। ‘ਜਨਮੁ ਸਿਰਾਨ’ ਨੂੰ ਇਸ ਪੱਖੋਂ ਸਮਝਣਾ ਹੈ ਕਿ ਦਰਅਸਲ ਇੱਕ ਬੜਾ ਕੀਮਤੀ ਕੰਮ ਹੈ ਕਿ ਤੂੰ ਰੱਬੀ ਗੁਣਾਂ ਨਾਲ ਇਨਸਾਨੀਅਤ ਅਤੇ ਹਲੀਮੀ, ਨਿਮਰਤਾ ਭਰਪੂਰ ਜੀਵਨ ਜੀ ਜਿਹੜਾ ਤੂੰ ਕਰ ਨਹੀਂ ਰਿਹਾ ਹੈਂ ਤੇ ਤੇਰਾ ਜਨਮ ਜ਼ਾਇਆ ਜਾ ਰਿਹਾ ਹੈ।
ਖਿਸਰਿ ਗਇਓ ਭੂਮ ਪਰਿ ਡਾਰਿਓ ॥ (389) ਹੱਥ ਵਿਚ ਤੈਨੂੰ ਹੀਰਾ ਮਿਲਿਆ ਹੈ। ਤੂੰ ਇਸਨੂੰ ਰੇਤ ਵਿਚ ਮਿਲਾ ਰਿਹਾ ਹੈਂ। ਕਿਉਂਕਿ ਤੈਨੂੰ ਹੰਕਾਰ ਹੈ। ਹਾਥੀ ਨੂੰ ਵੀ ਹੰਕਾਰ ਹੁੰਦਾ ਹੈ, ਪਰ ਉਹ ਬੁੱਧੀ ਮਾਨ ਵੀ ਹੁੰਦਾ ਹੈ, ਪਰ ਰੇਤ ਉੱਤੇ ਜੇ ਚੀਨੀ ਦਾ ਦਾਣਾ ਡਿੱਗ ਪਵੇ ਤਾਂ ਕੀੜੀ ਖਾ ਲੈਂਦੀ ਹੈ ਹਾਥੀ ਨਹੀਂ ਖਾ ਪਾਉਂਦਾ। ਸੁੰਡ ਨਾਲ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਤੇ ਰੇਤ ਆ ਜਾਂਦੀ ਹੈ। ਚੀਨੀ ਦਾ ਸ੍ਵਾਦ ਨਹੀਂ ਲੈ ਪਾਉਂਦਾ। ਤੈਨੂੰ ਸਮਝ ਨਹੀਂ ਆ ਰਿਹਾ ਤੂੰ ਹੰਕਾਰੀ ਹਾਥੀ ਹੈਂ। ਐ ਮਨੁੱਖ ਇਸ ਗਲ ਨੂੰ ਸਮਝ। ਬਾਰ-ਬਾਰ ਹੰਕਾਰ ਦੀ ਗਲ ਕੀਤੀ ਹੈ, ਤਾਂ ਹੀ ਤੇ ਇਹ ਸਾਰੀ ਘੁੰਡੀ ਖੁੱਲ੍ਹੇਗੀ ਜਦੋਂ ਬਲੁ ਛੁਟਕਿਓ ਬੰਧਨ ਪਰੇ ਤੇ ਪਹੁੰਚਾਂਗੇ। ਉਹ ਸਾਰੀ ਖੇਡ ਸਮਝ ਆਉਂਦੀ ਜਾਏਗੀ। ਅਸੀਂ ਸਾਰੇ ਮਨੁੱਖ ਜੇ ਹੰਕਾਰ ਵਿਚ ਫਸੇ ਹੋਏ ਹਾਂ ਤਾਂ ਸਾਡੀ ਬਿਰਤੀ ਹਾਥੀ ਵਾਲੀ ਹੈ। ਅਸੀਂ ਹਾਥੀ ਵਾਂਗੂੰ ਆਪਣੇ ਆਪ ਨੂੰ ਬਹੁਤ ਅਕਲ ਮੰਦ ਸਮਝਦੇ ਹਾਂ, ਬਹੁਤ ਸਿਆਣਾ ਚਤੁਰ ਸਮਝਦੇ ਹਾਂ। ਜਿਸ ਤਰ੍ਹਾਂ ਹਾਥੀ ਨਹਾਕੇ ਆਉਂਦਾ ਹੈ ਤੇ ਮਿੱਟੀ ਪਾ ਲੈਂਦਾ ਹੈ ਉਸੀ ਤਰ੍ਹਾਂ ਮਨੁੱਖ ਆਪਣੇ ਤੇ ਹੰਕਾਰ-ਹਉਮੈ ਦੀ ਮਿੱਟੀ ਪਾ ਲੈਂਦਾ ਹੈ। ਸਾਨੂੰ ਪਤਾ ਹੀ ਨਹੀਂ ਕਿ ਕਿੱਥੇ-ਕਿੱਥੇ ਅਸੀਂ ਹੰਕਾਰ ਕਾਰਨ ਫਿਸਲ ਜਾਂਦੇ ਹਾਂ। ਇਸ ਤੋਂ ਛੁੱਟਣਾ ਹੈ ਇਹੀ ਇਨ੍ਹਾਂ ਸਲੋਕਾਂ ਦਾ ਮੰਤਵ ਹੈ।
ਹੁਣ ਕਹਿੰਦੇ ਹਨ ਕਿ ਤੇਰਾ ਜਨਮ ਜ਼ਾਇਆ ਜਾ ਰਿਹਾ ਹੈ, ਤੈਨੂੰ ਕੀਮਤੀ ਕੰਮ ਕਰਨਾ ਹੈ ਕਿ ਤੂੰ, ਆਪਣੇ ਘਰ ਦਾ ਕਾਰਜ ਰਾਸ ਕਰ। ਆਪਣੇ ਇਸ ਹਿਰਦੇ ਘਰ ਦਾ ਕੰਮ ਕਰ। ਵਹੁਟੀ ਬੱਚੇ ਪਾਲਣੇ ਹਨ, ਘਰ ਦਾ ਕੰਮ ਕਰਨਾ ਹੈ, ਜਨਾਨੀਆਂ ਹੋਣ, ਭਾਵੇਂ ਮਰਦ ਹੋਣ, ਭਾਵੇਂ ਸੱਸ ਹੋਵੇ ਜਾਂ ਨੂੰਹ ਹੋਵੇ, ਅਧਿਆਪਕ ਹੋਵੇ ਜਾਂ ਵਿਦਿਆਰਥੀ, ਅਮੀਰ ਹੋਵੇ ਜਾਂ ਗਰੀਬ, ਨੌਕਰੀ ਵਾਲਾ ਹੋਵੇ ਜਾਂ ਵਾਪਾਰੀ ਹੋਵੇ ਜੋ ਮਰਜ਼ੀ ਹੋਵੇ, ਇਹ ਸਾਰੇ ਕੰਮ ਹਨ ਇਨ੍ਹਾਂ ਨੂੰ ਛੱਡਣਾ ਨਹੀਂ ਹੈ। ਅਸੀਂ ਛੱਡ ਨਹੀਂ ਪਾਉਂਦੇ ਇਸ ਲਈ ਆਪਣੇ ਆਪ ਨੂੰ ਪਾਪੀ ਸਮਝਦੇ ਰਹਿੰਦੇ ਹਾਂ। ਫਿਰ ਕੋਈ ਕਰਮ ਕਾਂਡ ਜਾਂ ਦਾਨ ਪੁੰਨ ਕਰਦੇ ਰਹਿੰਦੇ ਹਾਂ, ਕਿ ਉਨ੍ਹਾਂ ਨਾਲ ਮੇਰੇ ਪਾਪ ਲੱਥਣਗੇ। ਇਹ ਭੁਲੇਖਾ ਹੈ। ਇਹ ਕੰਮ ਤੇ ਕਰਨੇ ਹੀ ਹਨ ਪਰ ਇਨ੍ਹਾਂ ਕੰਮਾਂ ਨੂੰ ਕਰਦਿਆਂ-ਕਰਦਿਆਂ ਪ੍ਰਮੁੱਖਤਾ ਇਸ ਕੰਮ ਨੂੰ ਦੇਣੀ ਹੈ ਕਿ ਮੈਂ ਬਾਹਰਲੇ ਕਾਰਜ ਕਰਦਾ-ਕਰਦਾ ਹਿਰਦੇ-ਘਰ ਦਾ ਕਾਰਜ ਸੰਵਾਰਾਂ। ਇਹ ਜੇ ਨਹੀਂ ਕਰ ਰਿਹਾ ਤੇ ਜਨਮ ਜ਼ਾਇਆ ਜਾ ਰਿਹਾ ਹੈ। ਜ਼ਿੰਦਗੀ ਦਾ ਸਮਾਂ ਰੁਕਦਾ ਨਹੀਂ ਬੀਤਦਾ ਹੀ ਜਾ ਰਿਹਾ ਹੈ।
ਇਸੇ ਤਰ੍ਹਾਂ ਸਾਡਾ ਜੀਵਨ ਜ਼ਾਇਆ ਜਾ ਰਿਹਾ ਹੈ। ਤੂੰ ਕੇਵਲ ਆਪਣੇ ਹਿਰਦੇ ਘਰ ਦੇ ਕੰਮ ਨੂੰ ਪ੍ਰਮੁੱਖਤਾ ਨਹੀਂ ਦੇਂਦਾ! ਅਸੀਂ ਕਹਿੰਦੇ ਹਾਂ ਕਿ ਮੈਂ ਬੱਚੇ ਪੜ੍ਹਾਉਣੇ ਹਨ - ਪ੍ਰਮੁੱਖਤਾ ਦਿੱਤੀ ਪੜ੍ਹਾਈ ਨੂੰ। ਫਿਰ ਕੈਰੀਅਰ, ਨੌਕਰੀ, ਕਮਾਈਆਂ ਆਦਿ। ਗੁਰਬਾਣੀ ਪੜ੍ਹਨ ਲਈ ਕਹਿੰਦੇ ਹਾਂ ਕਿ ਨਹੀਂ ਜਦੋਂ ਵੱਡਾ ਹੋ ਜਾਏਗਾ ਤਾਂ ਪੜ੍ਹ ਲਏਗਾ। ਤੇ ਉਹ ਵੱਡਾ ਕਦੀ ਹੁੰਦਾ ਹੀ ਨਹੀਂ ਹੈ। ਸਾਰੀ ਉਮਰ ਹੀ ਨਿੱਕਾ ਰਹਿੰਦਾ ਹੈ। ਅਸੀਂ ਸਾਰੇ ਕੰਮਾਂ ਨੂੰ ਪ੍ਰਮੁੱਖਤਾ ਦੇਂਦੇ ਹਾਂ। ਪਰ ਜੇ ਸਤਿਗੁਰ ਦੀ ਮਤ ਲੈਣੀ ਹੋਵੇ ਸਾਡੀ ਪ੍ਰਮੁੱਖਤਾ ਹੀ ਨਹੀਂ ਹੈ। ਜਦੋਂ ਇਹ ਮੰਗ ਨਹੀਂ ਹੈ ਤਾਂ ਸਾਡਾ ਜੀਵਨ ਜ਼ਾਇਆ ਚਲਾ ਜਾਂਦਾ ਹੈ।
.