.

ਐਸੇ ਭਰਮਿ ਭੁਲੇ ਸੰਸਾਰਾ

ਖਾਲਸਾ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਲੱਖ-ਲੱਖ ਵਧਾਈ ਹੋਵੇ ਅੰਗਰੇਜ਼ੀ ਵਿਚ ਇਕ ਕਹਾਵਤ ਬੜੀ ਮਸ਼ਹੂਰ ਹੈ, "Money makes the mare go" ਭਾਵ ਰੋਜ਼ੀ, ਰੋਟੀ, ਕੱਪੜਾ, ਮਕਾਨ ਅਤੇ ਹੋਰ ਮਨੁੱਖੀ ਲੋੜਾਂ ਵਾਸਤੇ ਪੈਸੇ ਦੀ ਲੋੜ ਹੈ। ਜੇ ਪੈਸਾ ਨਾ ਹੋਵੇ ਤਾਂ ਦੁਨੀਆਂ ਦੇ ਸਾਰੇ ਕੰਮ ਰੁਕ ਜਾਣ।

ਧਨ ਕਮਾਉਣ ਲਈ ਲੋਕ ਵੱਖ-ਵੱਖ ਕਿੱਤੇ ਅਖਤਿਆਰ ਕਰਦੇ ਹਨ ਜਿਵੇਂ ਕੋਈ ਨੌਕਰੀ, ਕੋਈ ਵਪਾਰ, ਕੋਈ ਖੇਤੀਬਾੜੀ ਆਦਿ।

ਜੇ ਪੈਸਾ ਇਮਾਨਦਾਰੀ ਨਾਲ ਕਮਾਇਆ ਜਾਵੇ ਤਾਂ ਮਨੁੱਖ ਖੁਸ਼ੀ ਅਤੇ ਤਸੱਲੀ ਮਹਿਸੂਸ ਕਰਦਾ ਹੈ ਪਰ ਗਲਤ (ਜਿਵੇਂ ਬੇਇਮਾਨੀ, ਹੇਰਾਫੇਰੀ, ਰਿਸ਼ਵਤ ਆਦਿ) ਅਤੇ ਨਜਾਇਜ ਢੰਗਾਂ ਨਾਲ ਇਕੱਠੀ ਕੀਤੀ ਮਾਇਆ ਪ੍ਰੇਸ਼ਾਨੀ ਖੜੀ ਕਰ ਦਿੰਦਾ ਹੈ ਜਿਵੇਂ ਕਿ ਇਸ ਦੀ ਸੰਭਾਲ, ਟੈਕਸ ਛਾਪਾ ਆਦਿ। ਇਸ ਤੋਂ ਇਲਾਵਾ ਇਹ ਬੇਲੋੜੀ ਮਾਇਆ ਮਨੁੱਖ ਨੂੰ ਪਜੂਲ ਖਰਚੀ ਵੱਲ ਪ੍ਰੇਰਦੀ ਹੈ ਅਤੇ ਮਨੁੱਖ ਦਾ ਧਿੳਾਨ ਗਲਤ ਕੰਮਾਂ ਵੱਲ ਖਿੱਚਿਆ ਜਾਂਦਾ ਹੈ। ਭਾਵੇਂ ਸਾਨੂੰ ਪਤਾ ਹੈ ਕਿ ਇਸ ਤਰ੍ਹਾਂ ਦੀ ਗਲਤ ਢੰਗਾਂ ਨਾਲ ਇਕੱਤਰ ਕੀਤੀ ਮਾਇਆ ਅੰਤ ਸਮੇਂ ਸਾਡੇ ਨਾਲ ਨਹੀਂ ਜਾਣੀ। ਭਾਵ:

ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥ ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥ ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ ॥ (ਗੁਰੂ ਗ੍ਰੰਥ ਸਾਹਿਬ, ਪੰਨਾ 417)

ਪਰ ਮਨੁੱਖ ਦਾ ਮਨ ਜਦ ਮਾਇਆ ਦੇ ਭਰਮ ਜਾਲ ਵਿਚ ਫਸ ਜਾਵੇ ਤਾਂ ਇਸ ਮੋਹ ਦੇ ਚਿੱਕੜ ਵਿੱਚੋਂ ਨਿਕਲਣਾ ਬਹੁਤ ਔਖਾ ਹੋ ਜਾਂਦਾ ਹੈ ਅਤੇ ਮਨੁੱਖ ਆਪਣਾ ਜੀਵਨ ਮਨੋਰਥ ਭੁੱਲ ਜਾਂਦਾ ਹੈ, ਉਲਟੇ ਕੰਮ ਸ਼ੁਰੂ ਕਰ ਦੇਂਦਾ ਹੈ ਅਤੇ ਦੁੱਧ ਦੀ ਥਾਂ ਪਾਣੀ ਰਿੜਕਦਾ ਹੈ। ਜੀਵਨ ਦੇ ਅਸਲ ਤੱਤ ਨੂੰ ਸਮਝਦਾ ਨਹੀਂ। ਇਸ ਤਰ੍ਹਾਂ ਕਰਨ ਨਾਲ ਆਪਣੀ ਮੱਤ ਤੋਂ ਕੰਮ ਨਾ ਲੈਣ ਦੀ ਬਜਾਏ ਮਨ ਪਿੱਛੇ ਲੱਗ ਕੇ (ਭਾਵ ਕਰਮ ਕਾਂਡਾਂ) ਵਿਚ ਹੀ ਅੰਤ ਨੂੰ ਜੀਵਨ ਖੇਡ ਹਾਰ ਜਾਂਦਾ ਹੈ।

ਗੁਰਬਾਣੀ ਸਿੱਖ ਦਾ ਜੀਵਨ ਆਧਾਰ ਹੈ। ਹੇਠ ਲਿਖੇ ਗੁਰਬਾਣੀ ਸ਼ਬਦਾਂ ਰਾਹੀਂ ਮਾਇਆ ਦੇ ਭਰਮ ਜਾਲ ਵਿਚ ਖਚਤ ਹੋ ਰਹੀ ਲੋਕਾਈ ਦੀ ਹਾਲਤ ਪੇਸ਼ ਕੀਤੀ ਜਾ ਰਹੀ ਹੈ। ਲੋੜ ਹੈ ਇਨ੍ਹਾਂ ਬੁਰਿਆਈਆਂ ਤੋਂ ਸੁਚੇਤ ਹੋ ਕੇ ਮਨੁੱਖਾ ਜੀਵਨ ਨੂੰ ਸੁਧਾਰਨ ਦੀ।

1. ਆਮ ਤੌਰ ਤੇ ਮਾਇਆ ਦਾ ਮਤਲਬ ਪੈਸਾ ਧੇਲਾ ਹੀ ਲਿਆ ਜਾਂਦਾ ਹੈ ਪਰ ਅਨੰਦ ਸਾਹਿਬ ਵਿਚ ਗੁਰੂ ਅਮਰਦਾਸ ਜੀ ਮਾਇਆ ਦੀ ਪ੍ਰੀਭਾਸ਼ਾ ਦੇਂਦੇ ਹੋਏ, ਸਾਨੂੰ ਸਮਝਾਉਂਦੇ ਹਨ ਕਿ:

ਜੈਸੀ ਅਗਨਿ ਉਦਰ ਮਹਿ ਤੈਸੀ ਬਾਹਰਿ ਮਾਇਆ ॥ ਮਾਇਆ ਅਗਨਿ ਸਭ ਇਕੋ ਜੇਹੀ ਕਰਤੈ ਖੇਲੁ ਰਚਾਇਆ ॥ ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ ਭਾਇਆ ॥ ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ ॥ ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ ॥ ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ ॥

(ਗੁਰੂ ਗ੍ਰੰਥ ਸਾਹਿਬ, ਪੰਨਾ 917)

ਭਾਵ: ਜਿਵੇਂ ਮਾਂ ਦੇ ਪੇਟ ਵਿਚ ਅੱਗ ਹੈ ਤਿਵੇਂ ਬਾਹਰ ਜਗਤ ਵਿਚ ਮਾਇਆ ਦੁਖਦਾਈ ਹੈ। ਮਾਇਆ ਅਤੇ ਅੱਗ ਇੱਕੋ ਜਿਹੀਆਂ ਹਨ, ਪਰਮਾਤਮਾ ਨੇ ਐਸੀ ਹੀ ਖੇਡ ਰਚੀ ਹੋਈ ਹੈ। ਜਦੋਂ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਤਾਂ ਜੀਵ ਪੈਦਾ ਹੁੰਦਾ ਹੈ ਅਤੇ ਪਰਵਾਰ ਵਿਚ ਪਿਆਰ ਲਗਦਾ ਹੈਪ ਪਰਵਾਰ ਦੇ ਜੀਅ ਉਸ ਨਵੇਂ ਜੰਮੇਂ ਬੱਚੇ ਨੂੰ ਪਿਆਰ ਕਰਦੇ ਹਨ। ਇਸ ਪਿਆਰ ਕਾਰਨ ਉਸ ਬੱਚੇ ਦੀ ਪ੍ਰੀਤ ਪ੍ਰਭੂ ਚਰਨਾਂ ਨਾਲੋਂ ਟੁੱਟ ਜਾਂਦੀ ਹੈ ਅਤੇ ਮਾਇਆ ਦੀ ਤ੍ਰਿਸ਼ਨਾ ਆ ਚੰਬੜਦੀ ਹੈ। ਮਾਇਆ ਬੱਚੇ ਉੱਤੇ ਆਪਣਾ ਜੋਰ ਪਾ ਲੈਂਦੀ ਹੈ।

ਮਾਇਆ ਉਸ ਨੂੰ ਕਹਿੰਦੇ ਹਨ, "ਜਿਸ ਰਾਹੀਂ ਰੱਬ ਭੁੱਲ ਜਾਂਦਾ ਹੈ, ਦੁਨੀਆਂ ਦਾ ਮੋਹ ਪੈਦਾ ਹੋ ਜਾਂਦਾਹੈ ਅਤੇ ਰੱਬ ਤੋਂ ਬਿਨਾਂ ਹੋਰ ਹੋਰ ਚੀਜ਼ਾ ਨਾਲ ਪਿਆਰ ਹੋ ਜਾਂਦਾ ਹੈ।" ਫਿਰ ਅਜਿਹੀ ਹਾਲਤ ਵਿਚ ਆਤਮਿਕ ਅਨੰਦ ਕਿੱਥੋਂ ਮਿਲੇ? ਕਿਉਂਕਿ ਮਾਇਆ ਨੇ ਪ੍ਰਭੂ ਨੂੰ ਵਿਛੋੜ ਦਿੱਤਾ ਹੈ। ਇਸ ਦੇ ਜਵਾਬ ਵਿਚ ਨਾਨਕ ਆਖਦਾ ਹੈ, "ਗੁਰੂ ਦੀ ਕ੍ਰਿਪਾ ਨਾਲ ਜਿਨ੍ਹਾਂ ਦੀ ਪ੍ਰੀਤ ਪ੍ਰਭੂ ਚਰਨਾਂ ਨਾਲ ਜੁੜੀ ਰਹਿੰਦੀ ਹੈ, ਉਨ੍ਹਾਂ ਨੂੰ ਮਾਇਆ ਵਿਚ ਵਰਤਿਆਂ ਭੀ ਆਮਿਤਕ ਅਨੰਦ ਮਿਲ ਜਾਂਦਾ ਹੈ।"

2. ਗੁਰੂ ਅਰਜਨ ਪਾਤਸ਼ਾਹ ਭੀ ਅਜਿਹੇ ਵਿਚਾਰ ਗਉੜੀ ਸੁਖਮਨੀ ਵਿਚ ਪੇਸ਼ ਕਰਦੇ ਹੋਏ ਕਹਿੰਦੇ ਹਨ:

ਸੰਗਿ ਸਹਾਈ ਸੁ ਆਵੈ ਨ ਚੀਤਿ ॥ ਜੋ ਬੈਰਾਈ ਤਾ ਸਿਉ ਪ੍ਰੀਤਿ ॥ ਬਲੂਆ ਕੇ ਗ੍ਰਿਹ ਭੀਤਰਿ ਬਸੈ ॥ ਅਨਦ ਕੇਲ ਮਾਇਆ ਰੰਗਿ ਰਸੈ ॥ ਦ੍ਰਿੜੁ ਕਰਿ ਮਾਨੈ ਮਨਹਿ ਪ੍ਰਤੀਤਿ ॥ ਕਾਲੁ ਨ ਆਵੈ ਮੂੜੇ ਚੀਤਿ ॥ ਬੈਰ ਬਿਰੋਧ ਕਾਮ ਕ੍ਰੋਧ ਮੋਹ ॥ ਝੂਠ ਬਿਕਾਰ ਮਹਾ ਲੋਭ ਧ੍ਰੋਹ ॥ ਇਆਹੂ ਜੁਗਤਿ ਬਿਹਾਨੇ ਕਈ ਜਨਮ ॥ ਨਾਨਕ ਰਾਖਿ ਲੇਹੁ ਆਪਨ ਕਰਿ ਕਰਮ ॥7॥

(ਗੁਰੂ ਗ੍ਰੰਥ ਸਾਹਿਬ, ਪੰਨਾ 267)

ਭਾਵ: ਮਾਇਆ ਵੇੜਿਆ ਮੂਰਖ ਮਨੁੱਖ, ਉਸ ਪ੍ਰਭੂ ਨੂੰ, ਜੋ ਹਰ ਵੇਲੇ ਇਸ ਦਾ ਸੰਗੀ ਸਾਥੀ ਹੈ, ਨੂੰ ਇਹ ਚੇਤੇ ਨਹੀਂ ਕਰਦਾ ਪਰ ਜੋ ਵੈਰੀ ਹੈ ਉਸ ਨਾਲ ਪਿਆਰ ਕਰ ਰਿਹਾ ਹੈ। ਰੇਤ ਦੇ ਕਿਣਕਿਆਂ ਵਾਂਗ ਇਸ ਦੀ ਉਮਰ ਛਿਣ-ਛਿਣ ਕਰਕੇ ਬੀਤ ਰਹੀ ਹੈ ਪਰ ਫਿਰ ਭੀ ਮਾਇਆ ਦੀ ਮਸਤੀ ਵਿਚ ਇਹ ਮੂਰਖ ਮਨ ਅਨੰਦ ਮੌਜਾਂ ਮਾਣ ਰਿਹਾ ਹੈ। ਆਪਣੇ ਆਪ ਨੂੰ ਕਿੲ ਮੂਰਖ ਯਕੀਨ ਸਮਝੀ ਬੈਠਾ ਹੈ ਕਿ ਇਸ ਨੇ ਕਦੇ ਮਰਨਾ ਹੀ ਨਹੀਂ। ਮੌਤ ਦਾ ਉਸ ਨੂੰ ਖਿਆਲ ਭੀ ਨਹੀਂ ਆਉਂਦਾ।

ਵੈਰ, ਵਿਰੋਧ, ਕਾਮ, ਗੁੱਸਾ, ਮੋਹ, ਝੂਠ, ਮੰਦੇ ਕਰਮ, ਭਾਰੀ ਲਾਲਚ ਅਤੇ ਦਗਾ। ਇਨ੍ਹਾਂ ਰਾਹਾਂ ਤੇ ਪੈ ਕੇ ਇਸ ਮੂਰਖ ਨੇ ਕਈ ਜਨਮ ਗੁਜਾਰ ਦਿੱਤੇ ਹਨ। ਨਾਨਕ ਆਖਦਾ ਹੈ ਕਿ ਹੇ ਪ੍ਰਭੂ ਕ੍ਰਿਪਾ ਕਰੋ, ਇਸ ਮੂਰਖ ਨੂੰ ਬਚਾ ਲਵੋ।

ਅਤੇ

ਰਤਨੁ ਤਿਆਗਿ ਕਉਡੀ ਸੰਗਿ ਰਚੈ ॥ ਸਾਚੁ ਛੋਡਿ ਝੂਠ ਸੰਗਿ ਮਚੈ ॥ ਜੋ ਛਡਨਾ ਸੁ ਅਸਥਿਰੁ ਕਰਿ ਮਾਨੈ ॥ ਜੋ ਹੋਵਨੁ ਸੋ ਦੂਰਿ ਪਰਾਨੈ ॥ ਛੋਡਿ ਜਾਇ ਤਿਸ ਕਾ ਸ੍ਰਮੁ ਕਰੈ ॥ ਸੰਗਿ ਸਹਾਈ ਤਿਸੁ ਪਰਹਰੈ ॥ ਚੰਦਨ ਲੇਪੁ ਉਤਾਰੈ ਧੋਇ ॥ ਗਰਧਬ ਪ੍ਰੀਤਿ ਭਸਮ ਸੰਗਿ ਹੋਇ ॥ ਅੰਧ ਕੂਪ ਮਹਿ ਪਤਿਤ ਬਿਕਰਾਲ ॥ ਨਾਨਕ ਕਾਢਿ ਲੇਹੁ ਪ੍ਰਭ ਦਇਆਲ ॥

(ਗੁਰੂ ਗ੍ਰੰਥ ਸਾਹਿਬ, 267)

ਭਾਵ: ਮਾਇਆ-ਧਾਰੀ ਜੀਵ ਪ੍ਰਭੂ ‘ਰਤਨ’ ਨੂੰ ਛੱਡ ਕੇ ਮਾਇਆ ਰੂਪ ‘ਕਉਡੀ’ ਨਾਲ ਖੁਸ਼ ਫਿਰਦਾ ਹੈ। ‘ਸੱਚੇ’ ਪ੍ਰਭੂ ਨੂੰ ਛੱਡ ਕੇ ‘ਨਾਸ਼ਵੰਤ’ ਪਦਾਰਥਾਂ ਨਾਲ ਆਕੜਦਾ ਹੈ ਭਾਵ ਅਹੰਕਾਰ ਕਰਦਾ ਹੈ।

ਜਿਸ ਮਾਇਆ ਨੇ ਇਸ ਨੂੰ ਛੱਡ ਜਾਣਾ ਹੈ, ਉਸ ਨੂੰ ਇਹ ਅਟੱਲ ਸਮਝਦਾ ਹੈ, ਮੌਤ ਜੋ ਜਰੂਰ ਆਉਣੀ ਹੈ ਉਸ ਨੂੰ ਭੁਲਾਈ ਬੈਠਾ ਹੈ। ਧਨ ਪਦਾਰਥ ਦੀ ਖਾਤਰ, ਜੋ ਅੰਤ ਵਿਚ ਛੱਡ ਜਾਣੀ ਹੈ, ਲਈ ਇਹ ਬਹੁਤ ਘਾਲਣਾ ਘਾਲਦਾ ਹੈ ਪਰ ਪ੍ਰਭੂ ਜੋ ਹਮੇਸ਼ਾ ਇਸ ਦੇ ਨਾਲ ਹੈ, ਨੂੰ ਵਿਸਾਰੀ ਬੈਠਾ ਹੈ। ਜਿਸ ਤਰ੍ਹਾਂ ਖੋਤੇ ਨੂੰ ਭਸਮ ਨਾਲ ਪਿਆਰ ਹੁੰਦਾ ਹੈ, ਉਸੇ ਤਰ੍ਹਾਂ ਇਹ ਪ੍ਰਭੂ ‘ਚੰਦਨ’ ਦਾ ਲੇਪ ਧੋ ਕੇ ਲਾਹ ਦਿੰਦਾ ਹੈ। ਜੀਵ ਮਾਇਆ ਰੂਪੀ ਹਨੇਰੇ ਅਤੇ ਭਿਆਨਕ ਖੂਹ ਵਿਚ ਡਿੱਗੇ ਹੋਏ ਹਨ। ਨਾਨਾਕ ਅਰਦਾਸ ਕਰਦਾ ਹੈ ਕਿ "ਹੇ ਦਿਆਲ ਪ੍ਰਭੂ, ਇਨ੍ਹਾਂ ਜੀਵਾਂ ਨੂੰ ਤੂੰ ਆਪ ਇਸ ਮਾਇਆ ਦੇ ਖੂਹ ਵਿਚੋਂ ਕੱਡ ਲੈ"।

3. ਪੰਨਾ 229 ਰਾਗ ਗਉੜੀ ਵਿਚ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ ਕਿ:

ਗੁਰ ਪਰਸਾਦੀ ਬੂਝਿ ਲੇ ਤਉ ਹੋਇ ਨਿਬੇਰਾ ॥ ਘਰਿ ਘਰਿ ਨਾਮੁ ਨਿਰੰਜਨਾ ਸੋ ਠਾਕੁਰੁ ਮੇਰਾ ॥1॥ ਬਿਨੁ ਗੁਰ ਸਬਦ ਨ ਛੂਟੀਐ ਦੇਖਹੁ ਵੀਚਾਰਾ ॥ ਜੇ ਲਖ ਕਰਮ ਕਮਾਵਹੀ ਬਿਨੁ ਗੁਰ ਅੰਧਿਆਰਾ ॥1॥ ਰਹਾਉ ॥ ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ ॥ ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ ॥2॥ ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ ॥ ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ ॥3॥ ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ ॥ ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ ॥4॥ ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ ॥ ਪਰ ਕੀ ਕਉ ਅਪੁਨੀ ਕਹੈ ਅਪੁਨੋ ਨਹੀ ਭਾਇਆ ॥5॥ ਮੀਠੇ ਕਉ ਕਉੜਾ ਕਹੈ ਕੜੂਏ ਕਉ ਮੀਠਾ ॥ ਰਾਤੇ ਕੀ ਨਿੰਦਾ ਕਰਹਿ ਐਸਾ ਕਲਿ ਮਹਿ ਡੀਠਾ ॥6॥ ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ ॥ ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ ॥7॥ ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ ॥ ਨਾਨਕ ਚੀਨੈ ਆਪ ਕਉ ਸੋ ਅਪਰ ਅਪਾਰਾ ॥8॥ ਸਭੁ ਆਪੇ ਆਪਿ ਵਰਤਦਾ ਆਪੇ ਭਰਮਾਇਆ ॥ ਗੁਰ ਕਿਰਪਾ ਤੇ ਬੂਝੀਐ ਸਭੁ ਬ੍ਰਹਮੁ ਸਮਾਇਆ ॥9॥

(ਗੁਰੂ ਗ੍ਰੰਥ ਸਾਹਿਬ, ਪੰਨਾ 229)

ਭਾਵ: ਮਾਇਆ ਦੇ ਮੋਹ ਨੇ ਜੀਵਾਂ ਦੀਆਂ ਆਤਮਕ ਅੱਖਾਂ ਅੱਗੇ ਹਨੇਰਾ ਖੜ੍ਹਾ ਕਰ ਦਿੱਤਾ ਹੈ। ਹੇ ਭਾਈ ਵੀਚਾਰ ਕੇ ਵੇਖ ਲਵੋ, ਗੁਰੂ ਦੇ ਸ਼ਬਦ ਤੋਂ ਬਿਨਾਂ ਇਸ ਆਤਮਕ ਹਨੇ੍ਹਰੇ ਤੋਂ ਖਲਾਸੀ ਨਹੀਂ ਹੋ ਸਕਦੀ। ਹੇ ਭਾਈ, ਜੇ ਤੂੰ ਲੱਖਾਂ ਭੀ ਕਰਮ-ਧਰਮ ਕਰਦਾ ਰਹੇਂ, ਤਾਂ ਭੀ ਗੁਰੂ ਦੀ ਸ਼ਰਨ ਆਉਣ ਤੋਂ ਬਿਨਾਂ ਇਹ ਹਨ੍ਹੇਰਾ ਟਿਕਿਆ ਹੀ ਰਹੇਗਾ॥ ਰਹਾਉ॥1॥

ਹੇ ਭਾਈ! ਜੇ ਤੂੰ ਗੁਰੂ ਦੀ ਕ੍ਰਿਪਾ ਨਾਲ ਇਹ ਗੱਲ ਸਮਝ ਲਏਂ ਕਿ ਮਾਇਆ-ਰਹਿਤ ਪ੍ਰਭੂ ਦਾ ਨਾਮ ਹਰੇਕ ਹਿਰਦੇ-ਘਰ ਵਿਚ ਵੱਸਦਾ ਹੈ ਤੇ ਉਹੀ ਨਿਰੰਜਨ ਮੇਰਾ ਭੀ ਪਾਲਣਹਾਰ ਮਾਲਕ ਹੈ, ਤਾਂ ਮਾਇਆ ਦੇ ਇਸ ਪ੍ਰਭਾਵ ਤੋਂ ਪੈਦਾ ਹੋਏ ਆਤਮ ਹਨ੍ਹੇਰੇ ਵਿੱਚੋਂ ਤੇਰੀ ਖਲਾਸੀ ਹੋ ਜਾਏਗੀ॥1॥

ਜਿਨ੍ਹਾਂ ਬੰਦਿਆਂ ਨੂੰ ਮਾਇਆ ਦੇ ਮੋਹ ਨੇ ?ਅੰਨ੍ਹਾਂ ਅਤੇ ਅਕਲ-ਹੀਣ ਕਰ ਦਿੱਤਾ ਹੈ, ਉਨ੍ਹਾਂ ਨੂੰ ਇਹ ਸਮਝਾਉਣ ਦਾ ਕੋਈ ਲਾਭ ਨਹੀਂ। ਗੁਰੂ ਦੀ ਸ਼ਰਨ ਤੋਂ ਬਿਨਾਂ ਉਨ੍ਹਾਂ ਨੂੰ ਜੀਵਨ ਦਾ ਸਹੀ ਰਸਤਾ ਲੱਭ ਨਹੀਂ ਸਕਦਾ, ਸਹੀ ਜੀਵਨ-ਰਾਹ ਦੇ ਰਾਹੀ ਦਾ ਉਨ੍ਹਾਂ ਨਾਲ ਕਿਸੇ ਤਰ੍ਹਾਂ ਭੀ ਸਾਥ ਨਹੀਂ ਨਿਭ ਸਕਦਾ॥2॥

ਮਾਇਆ ਦੇ ਮੋਹ ਵਿਚ ਅੰਨ੍ਹਾਂ ਹੋਇਆ ਮਨੁੱਖ ਉਸ ਧਨ ਨੂੰ ਜਿਸ ਦਾ ਪ੍ਰਭੂ ਦੀ ਦਰਗਾਹ ਵਿਚ ਕੋਈ ਮੁੱਲ ਨਹੀਂ ਪੈਂਦਾ, ਨੂੰ ਅਸਲੀ ਧਨ ਕਹਿੰਦਾ ਹੈ, ਪਰ ਜਿਹੜਾ ਨਾਮ-ਧਨ ਅਸਲ ਧਨ ਹੈ, ਉਸ ਦੀ ਮਾਇਆ-ਵੇੜਿਆਂ ਮਨ ਕਦਰ ਨਹੀਂ ਸਮਝਦਾ। ਮਾਇਆ ਵਿਚ ‘ਅੰਨ੍ਹੇਂ ਹੋਏ ਮਨੁੱਖ ਨੂੰ ‘ਸਿਆਣਾ’ ਆਖਿਆ ਜਾ ਰਿਹਾ ਹੈ। (ਅੰਧੇ ਕਾ ਨਾਉ ਪਾਰਖੂ) ਅੱਜ ਦੇ ਸਮੇਂ ਵਿਚ ਇਹ ਅਸਚਰਜ ਚਾਲ ਹੈ ਦੁਨੀਆਂ ਦੀ॥3॥

ਹੋਰ ਦੇਖੋ! ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੇ ਨੂੰ ਜਗਤ "ਇਹ ਜਾਗਦਾ ਹੈ, ਸੁਚੇਤ ਹੈ" ਕਹਿੰਦਾ ਹੈ ਪਰ ਜਿਹੜਾ ਮਨੁੱਖ ਪਰਮਾਤਮਾ ਦੀ ਯਾਦ ਵਿਚ ਜਾਗਦਾ ਹੈ, ਸੁਚੇਤ ਹੈ ਉਸ ਨੂੰ ਇਹ ਜਗਤ ਕਹਿੰਦਾ ਹੈ, ‘ਇਹ ਸੁੱਤਾ ਪਿਆ ਹੈ’। ਪ੍ਰਭੂ ਦੀ ਭਗਤੀ ਦੀ ਬਰਕਤ ਨਾਲ ਜਿਉਂਦੇ ਆਤਮਕ ਜੀਵਨ ਵਾਲੇ ਮਨੁੱਖ ਨੂੰ ਜਗਤ ਆਖਦਾ ਹੈ, ‘ਇਹ ਸਾਡੇ ਭਾਅਦਾ ਮੋਇਆ ਹੋਇਆ ਹੈ’ ਪਰ ਆਤਮਕ ਮੌਤੇ ਮਰੇ ਹੋਏ ਨੂੰ ਵੇਖ ਕੇ ਕੋਈ ਅਫਸੋਸ ਨਹੀਂ ਕਰਦਾ॥4॥

ਪਰਮਾਤਮਾ ਦੇ ਦੱਸੇ ਰਾਹ ਤੇ ਚੱਲਣ ਵਾਲੇ ਨੂੰ ਜਗਤ ਆਖਦਾ ਹੈ, ‘ਇਹ ਗਿਆ ਗੁਜਰਿਆ ਹੈ।‘, ਪਰ ਪ੍ਰਭੂ ਵੱਲੋਂ ‘ਗਏ-ਗੁਜਰੇ’ ਨੂੰ ਜਗਤ ਸਮਝਦਾ ਹੈ, ‘ਇਸ ਦਾ ਜਗਤ ਵਿਚ ਆਉਣਾ ਸਫਲ ਹੋਇਆ। ਹੈ’। ਜਿਸ ਮਾਇਆ ਨੇ ਦੂਜੇ ਦੀ ਬਣ ਜਾਣਾ ਹੈ ਉਸ ਨੂੰ ਜਗਤ ਆਪਣੀ ਆਖਦਾ ਹੈ ਪਰ ਜਿਹੜਾ ਨਾਮ-ਧਨ ਅਸਲ ਵਿਚ ‘ਆਪਣਾ’ ਹੈ ਉਹ ਇਸ ਮਾਇਆ-ਵੇੜੇ ਜਗਤ ਨੂੰ ਚੰਗਾ ਨਹੀਂ ਲੱਗਦਾ॥5॥

ਨਾਮ-ਰਸ ਹੋਰ ਸਾਰੇ ਰੱਸਾਂ ਨਾਲੋਂ ਮਿੱਠਾ ਹੈ, ਪਰ ਇਸ ਨੂੰ ਜਗਤ ‘ਕੌੜਾ’ ਆਖਦਾ ਹੈ। ਵਿਸ਼ਿਆਂ ਦਾ ਰਸ ਜੋ ਅੰਤ ਨੂੰ ‘ਕੌੜਾ’ ਅਤੇ ‘ਦੁਖਦਾਈ’ ਸਾਬਤ ਹੁੰਦਾ ਹੈ, ਨੂੰ ਇਹ ਜਗਤ ‘ਮਿੱਠਾ’ ਆਖ ਰਿਹਾ ਹੈ। ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਹੋਏ ਮਨੁੱਖਾਂ ਦੀ ਇਹ ਲੋਕ ‘ਨਿੰਦਾ’ ਕਰਦੇ ਹਨ। ਦੇਖੋ! ਕੈਸਾ ਇਹ ਅਸਚਰਜ ਤਮਾਸ਼ਾ ਇਸ ਦੁਨੀਆਂ ਵਿਚ ਦੇਖਣ ਨੂੰ ਆ ਰਿਹਾ ਹੈ॥6॥

ਲੋਕ ਪਰਮਾਤਮਾ ਦੀ ਦਾਸੀ ‘ਮਾਇਆ’ ਦੀ ਤਾਂ ਸੇਵਾ ਕਰਦੇ ਹਨ, ਪਰ ਮਾਇਆ ਦਾ ਮਾਲਕ, ‘ਪ੍ਰਭੂ’ ਕਿਸੇ ਨੂੰ ਦਿੱਸਦਾ ਨਹੀਂ। ‘ਮਾਇਆ’ ਪਿੱਛੇ ਲੱਗ ਕੇ ‘ਸੁੱਖ’ ਲੱਭਣਾ ਇਸੇ ਹੀ ਤਰ੍ਹਾਂ ਹੈ ਜਿਵੇਂ ‘ਪਾਣੀ ਨੂੰ ਰਿੜਕ ਕੇ ਉਸ ਵਿੱਚੋਂ ਮੱਖਣ ਲੱਭਣਾ’ ਭਾਵ ਬੇਅਰਥ ਅਤੇ ਉਲਟ ਕੰਮ’ ਹੈ। ਜੇ ‘ਛੱਪੜ’ ਨੂੰ ਰਿੜਕੀਏ, ਜੇ ‘ਪਾਣੀ’ ਨੂੰ ਰਿੜਕੀਏ, ਉਸ ਵਿਚੋਂ ‘ਮੱਖਣ’ ਨਹੀਂ ਨਿਕਲ ਸਕਦਾ॥7॥

ਹੇ ਨਾਨਕ! ਜਿਹੜਾ ਮਨੁੱਖ ਆਪਣੇ ਅਸਲ ਨੂੰ ਪਛਾਣ ਲੈਂਦਾ ਹੈ, ਉਹ ਮਨੁੱਖ ਉਸ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ ਕਿਉਂਕਿ ‘ਪਰਮਾਤਮਾ’ ‘ਮਾਇਆ’ ਦੇ ਪ੍ਰਭਾਵ ਤੋਂ ਪਰ੍ਹੇ ਹੈ। ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਆਪਾ ਪਛਾਨਣ ਦੇ ਆਤਮਕ ਦਰਜੇ ਨੂੰ ਜਿਹੜਾ ਮਨੁੱਖ ਪ੍ਰਾਪਤ ਕਰ ਲੈਂਦਾ ਹੈ, ਮੈਂ ਉਸ ਅੱਗੇ ਆਪਣਾ ਸਿਰ ਨਿਵਾਉਂਦਾ ਹਾਂ॥8॥

ਪਰ ‘ਮਾਇਆ’ ਵਿਚ, ਸਭ ‘ਜੀਵਾਂ’ ਵਿਚ ਅਤੇ ਸਭ ‘ਥਾਂ’ ਪਰਮਾਤਮਾ ਆਪ ਹੀ ਵਿਆਪਕ ਹੈ ਅਤੇ ਆਪ ਹੀ ਜੀਵਾਂ ਨੂੰ ਕੁਰਾਹੇ ਪਾਉਂਦਾ ਹੈ। ਗੁਰੂ ਦੀ ਮਿਹਰ ਨਾਲ ਹੀ ਇਹ ਸਮਝ ਪੈਂਦੀ ਹੈ ਕਿ ਪਰਮਾਤਮਾ ਹਰੇਕ ਥਾਂ ਮੌਜੂਦ ਹੈ॥9॥

4. ਪੰਨਾ 326 ਉੱਤੇ ‘ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿੀਖਆ ਮਹਲਾ ਪੰਜਵਾਂ’ ਵਿਚ ਭਗਤ ਕਬੀਰ ਅਤੇ ਗੁਰੂ ਅਰਜਨ ਸਾਹਿਬ ਲਿਖਦੇ ਹਨ ਕਿ:

ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ 5 ॥ ਐਸੋ ਅਚਰਜੁ ਦੇਖਿਓ ਕਬੀਰ ॥ ਦਧਿ ਕੈ ਭੋਲੈ ਬਿਰੋਲੈ ਨੀਰੁ ॥1॥ ਰਹਾਉ ॥ ਹਰੀ ਅੰਗੂਰੀ ਗਦਹਾ ਚਰੈ ॥ ਨਿਤ ਉਠਿ ਹਾਸੈ ਹੀਗੈ ਮਰੈ ॥1॥ ਮਾਤਾ ਭੈਸਾ ਅੰਮੁਹਾ ਜਾਇ ॥ ਕੁਦਿ ਕੁਦਿ ਚਰੈ ਰਸਾਤਲਿ ਪਾਇ ॥2॥ ਕਹੁ ਕਬੀਰ ਪਰਗਟੁ ਭਈ ਖੇਡ ॥ ਲੇਲੇ ਕਉ ਚੂਘੈ ਨਿਤ ਭੇਡ ॥3॥ ਰਾਮ ਰਮਤ ਮਤਿ ਪਰਗਟੀ ਆਈ ॥ ਕਹੁ ਕਬੀਰ ਗੁਰਿ ਸੋਝੀ ਪਾਈ ॥4॥1॥

(ਗੁਰੂ ਗ੍ਰੰਥ ਸਾਹਿਬ, ਪੰਨਾ 326)

ਭਾਵ: ਹੇ ਕਬੀਰ! ਮੈਂ ਅਜੀਬ ਤਮਾਸ਼ਾ ਵੇਖ ਰਿਹਾ ਹਾਂ ਕਿ ਜੀਵ ‘ਦਹੀਂ’ ਦੇ ਭੁਲੇਖੇ ‘ਪਾਣੀ’ ਰਿੜਕ ਰਿਹਾ ਹੈ। (ਪਾਣੀ ਵਿੱਚੋਂ ‘ਮੱਖਣ’ ਨਹੀਂ ਨਿਕਲਦਾ ਇਸ ਲਈ ਇਹ ਉਲਟ ਅਤੇ ਬੇ ਅਰਥ ਕੰਮ ਹੈ)॥1॥ਰਹਾਉ॥

ਮਾਇਆ ਵੇੜਿਆ ਮੂਰਖ ਜੀਵ ਮਨ ਭਾਉਂਦੇ ਵਿਕਾਰ ਮਾਣਦਾ ਹੈ, ਸਿੇ ਤਰ੍ਹਾਂ ਸਦਾ ‘ਹੱਸਦਾ’ ਅਤੇ ਖੋਤੇ ਵਾਂਗ ‘ਹੀਂਗਦਾ’ ਰਹਿੰਦਾ ਹੈ ਆਖਰ ਜਨਮ-ਮਰਨ ਦੇ ਗੇੜ ਵਿਚ ਪੈ ਜਾਂਦਾ ਹੈ।

ਮਸਤੇ ਹੋਏ ਸੰਡੇ ਵਾਂਗ ਇਹ ਮਾਇਆ ਵੇੜਿਆਂ ਮਨ ‘ਅਮੋੜ-ਪੁਣਾ’ ਕਰਦਾ ਹੈ, ਹੰਕਾਰ ਕਰਦਾ ਹੈ, ਵਿਸ਼ਿਆਂ ਦੀ ਖੇਤੀ ਚੁਗਦਾ ਹੈ ਅਤੇ ਅੰਤ ਨੂੰ ਨਰਕ ਵਿਚ ਪੈ ਜਾਂਦਾ ਹੈ ਭਾਵ ਇਹ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ॥2॥

ਭਗਤ ਕਬੀਰ ਸਾਹਿਬ ਕਹਿੰਦੇ ਹਨ, ‘ਇਹ ਅਜੀਬ ਤਮਾਸ਼ਾ ਮੇਰੀ ਸਮਝ ਵਿਚ ਆ ਗਿਆ ਹੈ ਕਿ ਲੋਕਾਂ ਦੀ ‘ਬੁੱਧੀ (ਮੱਤ)’ ਉਨ੍ਹਾਂ ਦੇ ‘ਮਨ’ ਪਿੱਛੇ ਲੱਗੀ ਫਿਰਦੀ ਹੈ। (ਉਲਟਾ ਕੰਮ ਹੋ ਰਿਹਾ ਹੈ ਇਸ ਦੁਨੀਆਂ ਵਿਚ) ਸਿੱਖ ਦੀ ਤਾਂ ਹਰ ਰੋਜ਼ ਅਰਦਾਸ ਹੈ, ‘ਸਿੱਖਾਂ ਦਾ ‘ਮਨ’ ਨੀਵਾਂ ‘ਮੱਤ’ ਉੱਚੀ, ਮੱਤ ਦਾ ਰਾਖਾ ‘ਵਾਹਿਗੁਰੂ’ ਭਾਵ ‘ਮਨ’ ‘ਬੁੱਧੀ’ ਦੇ ਅਧੀਨ ਰਹੇ॥3॥

ਇਹ ਸਮਝ ਕਿਸ ਨੇ ਪਾਈ ਬਾਰੇ ਗੁਰੂ ਅਰਜਨ ਜੀ ਕਹਿੰਦੇ ਹਨ, "ਇਹ ਸਮਝ ਮੈਨੂੰ ‘ਸਤਿਗੁਰ’ ਨੇ ਬਖਸ਼ੀ ਹੈ, ਇਜ ਦੀ ਬਰਕਤ ਨਾਲ ਪ੍ਰਭੂ-ਸਿਮਰਨ ਕਰਕੇ ਮੇਰੀ ‘ਬੁੱਧੀ ਭਾਵ ‘ਮੱਤ ਜਾਗ ਪਈ ਹੈ ਅਤੇ ‘ਮਨ’ ਦੇ ਪਿੱਛੇ ਤੁਰਨੋਂ ਹਟ ਗਈ ਹੈ। ਮੈਂ ਹੁਣ ਪਰਮਾਤਮਾ ਦੇ ਸਿਮਰਨ ਦੇ ‘ਸਿੱਧੇ’ ਰਸਤੇ ਤੇ ਤੁਰ ਪਿਆ ਹਾਂ। ਕੋਈ ਕਰਮ-ਧਰਮ, ਕਰਮ-ਕਾਂਡ ਨਹੀਂ ਕਰਦਾ॥4॥

5. ਧਨਾਸਰੀ ਰਾਗ ਵਿਚ ਪੰਨਾ 676 ਤੇ ਗੁਰੂ ਅਰਜਨ ਸਾਹਿਬ ਲਿਖਦੇ ਹਨ:

ਧਨਾਸਰੀ ਮਹਲਾ 5 ਘਰੁ 2 ਚਉਪਦੇ ੴ ਸਤਿਗੁਰ ਪ੍ਰਸਾਦਿ ॥ ਛੋਡਿ ਜਾਹਿ ਸੇ ਕਰਹਿ ਪਰਾਲ ॥ ਕਾਮਿ ਨ ਆਵਹਿ ਸੇ ਜੰਜਾਲ ॥ ਸੰਗਿ ਨ ਚਾਲਹਿ ਤਿਨ ਸਿਉ ਹੀਤ ॥ ਜੋ ਬੈਰਾਈ ਸੇਈ ਮੀਤ ॥1॥ ਐਸੇ ਭਰਮਿ ਭੁਲੇ ਸੰਸਾਰਾ ॥ ਜਨਮੁ ਪਦਾਰਥੁ ਖੋਇ ਗਵਾਰਾ ॥ ਰਹਾਉ ॥ ਸਾਚੁ ਧਰਮੁ ਨਹੀ ਭਾਵੈ ਡੀਠਾ ॥ ਝੂਠ ਧੋਹ ਸਿਉ ਰਚਿਓ ਮੀਠਾ ॥ ਦਾਤਿ ਪਿਆਰੀ ਵਿਸਰਿਆ ਦਾਤਾਰਾ ॥ ਜਾਣੈ ਨਾਹੀ ਮਰਣੁ ਵਿਚਾਰਾ ॥2॥ ਵਸਤੁ ਪਰਾਈ ਕਉ ਉਠਿ ਰੋਵੈ ॥ ਕਰਮ ਧਰਮ ਸਗਲਾ ਈ ਖੋਵੈ ॥ ਹੁਕਮੁ ਨ ਬੂਝੈ ਆਵਣ ਜਾਣੇ ॥ ਪਾਪ ਕਰੈ ਤਾ ਪਛੋਤਾਣੇ ॥3॥ ਜੋ ਤੁਧੁ ਭਾਵੈ ਸੋ ਪਰਵਾਣੁ ॥ ਤੇਰੇ ਭਾਣੇ ਨੋ ਕੁਰਬਾਣੁ ॥ ਨਾਨਕੁ ਗਰੀਬੁ ਬੰਦਾ ਜਨੁ ਤੇਰਾ ॥ ਰਾਖਿ ਲੇਇ ਸਾਹਿਬੁ ਪ੍ਰਭੁ ਮੇਰਾ ॥4॥1॥

(ਗੁਰੂ ਗ੍ਰੰਥ ਸਾਹਿਬ, ਪੰਨਾ 676)

ਭਾਵ: ਹੇ ਭਾਈ! ਮੂਰਖ ਜਗਤ ਮਾਇਆ ਦੀ ਭਟਕਣਾ ਵਿੱਚ ਪੈਕੇ ਅਤੇ ਕੁਰਾਹੇ ਪਿਆ ਹੋਇਆ ਹੈ। ਇਸ ਤਰ੍ਹਾਂ ਮੂਰਖ ਮਨੁੱਖ ਆਪਣਾ ਕੀਮਤੀ ਮਨੁੱਖਾ ਜਨਮ ਅਜਾਈਂ ਗਵਾ ਰਿਹਾ ਹੈ॥1॥ਰਹਾਉ॥

ਹੇ ਭਾਈ! ਮਾਇਆ-ਵੇੜੇ ਜੀਵ ਉਹੀ ਨਿਕੰਮੇ ਕੰਮ ਕਰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਆਖਰ ਛੱਡ ਕੇ ਇੱਥੋਂ ਚਲੇ ਜਾਂਦੇ ਹਨ ਅਤੇ ਉਹੀ ਜੰਜਾਲ ਸਹੇੜੀ ਰੱਖਦੇ ਹਨ, ਜਿਹੜੇ ਇਨ੍ਹਾਂ ਮੂਰਖਾਂ ਦੇ ਕਿਸੇ ਕੰਮ ਨਹੀਂ ਆਉਂਦੇ। ਉਹ ਉਨ੍ਹਾਂ ਨਾਲ ਮੋਹ-ਪਿਆਰ ਬਣਾਈ ਰੱਖਦੇ ਹਨ ਜਿਹੜੇ ਅੰਤ ਵੇਲੇ (ਭਾਵ ਮੌਤ ਵੇਲੇ) ਨਾਲ ਨਹੀਂ ਜਾਂਦੇ। ਇਹ ਮੂਰਖ ਉਨ੍ਹਾਂ ਨੂੰ ਹੀ ਮਿੱਤਰ ਸਮਝਦੇ ਹਨ। ਜੋ ਅਸਲ ਵਿਚ ਆਤਮਕ ਜੀਵਨ ਦੇ ਵੈਰੀ ਹਨ॥1॥

ਹੇ ਭਾਈ! ਮਾਇਆ-ਵੇੜੇ ਮੂਰਖ ਮਨੁੱਖ ਨੂੰ ‘ਸਦਾ-ਥਿਰ’ ‘ਹਰਿ ਨਾਮ’ ਸਿਮਰਨ ਵਾਲਾ ਧਰਮ ਚੰਗਾ ਨਹੀਂ ਲੱਗਦਾ। ਝੂਠ, ਠੱਗੀ ਆਦਿ ਨੂੰ ਮਿੱਠਾ ਜਾਣ ਕੇ ਇਨ੍ਹਾਂ ਵਿਚ ਮਸਤ ਰਹਿੰਦਾ ਹੈ। ‘ਦਾਤਾਰ-ਪ੍ਰਭੂ’ ਨੂੰ ਤਾਂ ਇਹ ਮੂਰਖ ਭੁਲਾਈ ਰੱਖਦਾ ਹੈ ਪਰ ਉਸ ਦੀ ਬਖਸ਼ੀ ਹੋਈ ‘ਦਾਤਿ’ ਇਸ ਮੂਰਖ ਨੂੰ ਪਿਆਰੀ ਲੱਗਦੀ ਹੈ। ਇਸੇ ਮੋਹ ਵਿਚ ਬੇਬਸ ਹੋਇਆ ਇਹ ਜੀਵ ਆਪਣੀ ਮੌਤ ਨੂੰ ਚੇਤੇ ਨਹੀਂ ਕਰਦਾ॥2॥

ਹੈ ਭਾਈ! ਭਟਕਣਾ ਵਿਚ ਪਿਆ ਹੋਇਆ ਇਹ ਜੀਵ ਉਸ ਚੀਜ ਲਈ ਦੌੜ-ਦੌੜ ਤਰਲੇ ਲੈਂਦਾ ਹੈ ਜੋ ਆਖਿਰ ਬਿਗਾਨੀ ਹੋ ਜਾਣੀ ਹੈ। ਮੂਰਖ ਆਪਣਾ ਇਨਸਾਨੀ ਫਰਜ ਸਾਰਾ ਹੀ ਭੁਲਾ ਦੇਂਦਾ ਹੈ। ਇਹ ਜੀਵ ਪਰਮਾਤਮਾ ਦੀ ਰਜ਼ਾ ਨੂੰ ਨਹੀਂ ਸਮਝਦਾ (ਜਿਸ ਕਰਕੇ ਇਹ ਜਨਮ-ਮਰਨ ਦਾ ਗੇੜ ਬਣਿਆ ਰਹਿੰਦਾ ਹੈ), ਨਿੱਤ ਪਾਪ ਕਰਦਾ ਰਹਿੰਦਾ ਹੈ ਅਤੇ ਅੰਤ ਨੂੰ ਪਛਤਾਉਂਦਾ ਹੈ॥3॥

ਪਰ, ਹੇ ਪ੍ਰਭੂ! ਜੀਵਾਂ ਦੇ ਕੀ ਵੱਸ? ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਅਸਾਂ ਜੀਵਾਂ ਨੂੰ ਕਬੂਲ ਹੁੰਦਾ ਹੈ{ ਹੇ ਪ੍ਰਭੂ! ਮੈਂ ਤੇਰੀ ਰਜਾ ਤੋਂ ਸਦਕੇ ਹਾਂ। ਗਰੀਬ ਨਾਨਕ ਤੇਰਾ ਦਾਸ ਹੈ, ਤੇਰਾ ਗੁਲਾਮ ਹੈ। ਹੇ ਭਾਈ! ਮੇਰਾ ਮਾਲਕ-ਪ੍ਰਭੂ ਆਪਣੇ ਦਾਸ ਦੀ ਲਾਜ ਆਪ ਹੀ ਰੱਖ ਲੈਂਦਾ ਹੈ॥4॥

ਹੁਣ ਤੱਕ ਦੇ ਗੁਰਬਾਣੀ ਵੀਚਾਰ ਤੋਂ ਸਪਸ਼ਟ ਹੈ ਕਿ:

1. ਪ੍ਰਭੂ ਸਦ ਬਖਸ਼ੰਦ, ਮਿਹਰਬਾਨ ਅਤੇ ਸਭ ਦਾਤਾਂ ਦਾ ਮਾਲਕ ਹੈ।

2. ਪ੍ਰਭੂ ਸਦਾ ਥਿਰ ਹੈ ਅਤੇ ਸਰਬ ਵਿਆਪਕ ਹੈ।

3. ਪ੍ਰਭੂ ਦੀਆਂ ਬਖਸ਼ੀਆਂ ਦਾਤਾਂ ਦੀ ਬਜਾਏ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ।

4. ਆਪਣੀ ਅਕਲ, ਸ਼ਕਲ, ਸਰੀਰ ਅਤੇ ਮਾਇਆ ਤੇ ਹੰਕਾਰ ਕਰਨਾ ਮੂਰਖਤਾ ਹੈ ਕਿਉਂਕਿ ਇਹ ਜਾਂਦੇ ਬਿਲਮ ਨਹੀਂ ਲਾਉਂਦੇ।

ਮੈਂ ਸਦਕੇ ਜਾਂਦਾ ਹਾਂ ‘ਖਾਲਸਾ ਪੰਥ’ ਦੇ ਜਿਸ ਨੇ ‘ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀਂ’ ਨੂੰ ਅਪਾਣੀ ਰੋਜ਼ਾਨਾ ਅਰਦਾਸ ਦਾ ਅਨਿੱਖੜਵਾਂ ਅੰਗ ਬਣਾਇਆ ਹੋਇਆ ਹੈ।

ਦਾਸ ਦੀ ਵੀ ਗੁਰੂ ਚਰਨਾਂ ਵਿਚ ਅਰਦਾਸ ਹੈ ਕਿ ਉਹ ਸਾਡੀ ਸਭ ਦੀ ‘ਮੱਤ’ ਉੱਚੀ ਰੱਖੇ ਤਾਂ ਜੋ ਮਾਇਆ ਦੇ ਸਾਰੇ ਭਰਮ ਭੁਲੇਖਿਆਂ ਤੋਂ ਸਾਡਾ ਜੀਵਨ ਸੁਤੰਤਰ ਹੋ ਕੇ ਗੁਰੂ ਭਾਣੇ ਵਿਚ ਹੀ ਬਤੀਤ ਹੋਵੇ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥

ਬਲਬਿੰਦਰ ਸਿੰਘ ਅਸਟ੍ਰੇਲੀਆ
.