.

ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ


ਗੁਰਸ਼ਰਨ ਸਿੰਘ ਕਸੇਲ


ਹਰ ਧਰਮ ਦੇ ਲੋਕਾਂ ਨੇ ਸਮਾਜ ਨੂੰ ਅਤੇ ਇਨਸਾਨ ਦੇ ਜੀਵਨ ਨੂੰ ਚੰਗਾ ਬਣਾਉਣ ਲਈ ਕੁਝ ਅਸੂਲ (ਨਿਯਮ) ਬਣਾਏ ਹੋਏ ਹਨ । ਜਿਹੜੇ ਉਹਨਾ ਅਸੂਲਾਂ ਨੂੰ ਮੰਨਦੇ ਹਨ, ਸਮਾਜ ਉਹਨਾਂ ਨੂੰ ਚੰਗਾ ਸਮਝਦਾ ਹੈ । ਪਰ ਕਈ ਸ਼ੈਤਾਨ ਬਿਰਤੀ ਵਾਲੇ ਲੋਕ ਵੀ ਹੁੰਦੇ ਹਨ, ਜਿਹਨਾ ਦੀ ਸੋਚ ਚੰਗੀ ਤਾਂ ਨਹੀਂ ਹੁੰਦੀ ਪਰ ਉਹ ਲੋਕਾਈ ਨੂੰ ਠਗਣ ਲਈ ਆਪਣੇ ਪਹਿਰਾਵੇ ਅਤੇ ਬੋਲਚਾਲ ਤੋਂ ਉਹਨਾ ਮਨੁੱਖਾਂ ਵਰਗੇ ਬਣ ਕੇ ਲੋਕਾਂ ਸਾਹਮਣੇ ਆਉਂਦੇ ਹਨ, ਜਿਹਨਾ ਦਾ ਲੋਕਾਂ ਵਿਚ ਬਹੁਤ ਸਤਿਕਾਰ ਹੁੰਦਾ ਹੈ । ਲੋਕ ਉਹਨਾ ਦਾ ਬਾਹਰੀ ਪੈਰਾਵਾ ਅਤੇ ਮੂੰਹ ਤੋਂ ਸਤਿਕਾਰ ਵਾਲੇ ਇਨਸਾਨਾਂ ਵਰਗੇ ਬੋਲ ਸੁਣ ਕੇ ਉਹਨਾ ਨੂੰ ਵੀ ਸੱਚੇ ਸੁੱਚੇ ਇਨਸਾਨ ਸਮਝਣ ਦਾ ਧੋਖਾ ਖਾ ਲੈਂਦੇ ਹਨ ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਮਤਲਬ ਜਿਥੇ ਦੁਨੀਆਂ ਨੂੰ ਸਿਰਫ ਇਕ ਅਕਾਲ ਪੁਰਖ ਦੇ ਉਪਾਸ਼ਕ ਬਣਾਉਣਾ ਹੈ, ਉਥੇ ਚੰਗੇ ਜੀਵਨ ਜਾਚ ਦੀ ਸੋਝੀ ਵੀ ਦੇਣਾ ਹੈ; ਕਿ ਕਿਵੇਂ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਅਤੇ ਆਪਣੇ ਅੰਦਰ ਦੀ ਅਵਾਜ਼ (ਜ਼ਮੀਰ) ਨੂੰ ਮਹਿਸੂਸ ਕਰਕੇ ਆਪਣੇ ਜੀਵਨ ਸਫਰ ਨੂੰ ਸੁਖਾਲਿਆਂ ਤੇ ਸਫਲ ਕਰਨਾ ਹੈ । ਜਿਵੇਂ ਸਮਾਜ ਵਿੱਚ ਜਿਥੇ ਬਹੁਤ ਚੰਗੇ ਇਨਸਾਨ ਹਨ, ਜਿਹੜੇ ਹੋਰਨਾ ਲੋੜਵੰਦਾਂ ਦੀ ਵੀ ਮਦਦ ਕਰਦੇ ਹਨ, ਉਥੇ ਹੀ ਕੁਝ ਬਹਿਰੂਪੀਏ ਠੱਗ ਵੀ ਹਨ । ਗੁਰਬਾਣੀ ਵਿੱਚ ਕਈ ਪਸ਼ੂ, ਪੰਛੀਆਂ ਦੇ ਨਾਂਅ ਆਉਂਦੇ ਹਨ, ਜਿਹਨਾਂ ਨੂੰ ਮਾੜੀ ਬਿਰਤੀ ਵਾਲੇ ਮੰਨਿਆਂ ਗਿਆ ਹੈ । ਸੋ, ਗੁਰਬਾਣੀ ਦੇ ਰਚੇਤਾ ਜਦੋਂ ਕਿਸੇ ਮਨੁੱਖ ਦੇ ਔਗੁਣਾਂ ਬਾਰੇ ਗੱਲ ਕਰਦੇ ਹਨ ਤਾਂ ਜਿਸ ਪੰਛੀ ਜਾਂ ਪਸ਼ੂ ਵਿੱਚ ਉਹ ਔਗੁਣ ਮੰਨੇ ਗਏ ਹਨ ਤਾਂ ਮਨੁੱਖ ਨੂੰ ਸਮਝਾਉਣ ਖਾਤਰ ਉਸ ਦਾ ਪ੍ਰਮਾਣ ਦਿੱਤਾ ਜਾਂਦਾ ਹੈ ।

ਇਸ ਤਰ੍ਹਾਂ ਦੀ ਬਿਰਤੀ ਵਾਲੇ ਭੇਖੀਆਂ ਦਾ ਪਾਜ਼ ਨੰਗਿਆਂ ਕਰਨ ਵਾਲਾ ਇਕ ਸਲੋਕ ਭਗਤ ਸ਼ੇਖ ਫ਼ਰੀਦ ਜੀ ਦਾ ਵੀ ਹੈ । ਇਸ ਸਲੋਕ ਦੇ ਵਿੱਚੋਂ ਇਹ ਪੰਗਤੀ ਲੈ ਕੇ ਕਿਸੇ ਨੇ ਫੇਸਬੁਕ ਤੇ ਆਪਣੇ ਕਿਸੇ ਪਿਆਰੇ ਦੀ ਮੌਤ ਹੋ ਜਾਣ ਤੇ ਪਾਈ ਸੀ : “ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ” ।। ਇਹ ਪੰਗਤੀ ਪੜ੍ਹਕੇ ਮੈਂ ਹੈਰਾਨ ਹੋਇਆ, ਕਿ ਕੀ ਇਸ ਇਨਸਾਨ ਨੂੰ ਇਸ ਸਾਰੇ ਸਲੋਕ ਦੇ ਅਰਥ ਨਹੀਂ ਪਤਾ ? ਕੀ ਇਹ ਆਪਣੇ ਪਿਆਰੇ ਦੀ ਇਹ ਸਲੋਕ ਲਿਖ ਕੇ ਇੱਜ਼ਤ ਕਰ ਰਿਹਾ ਹੈ ਜਾਂ ਨਿਰਾਦਰ ?

ਇਸ ਤਰ੍ਹਾਂ ਦਾ ਹੀ ਵਾਕਿਆ ਕੁਝ ਸਮਾਂ ਪਹਿਲਾਂ ਹੋਇਆ ਸੀ । ਸਾਡੇ ਇੱਕ ਦੋਸਤ ਦੀ ਮੌਤ ਹੋ ਗਈ । ਉਸਦੀ ਅੰਤਮ ਅਰਦਾਸ ਸਾਡੇ ਲਾਗਲੇ ਗੁਰਦੁਆਰੇ ਹੋਈ ਸੀ । ਉਸ ਸਮੇਂ ਜਦੋਂ ਭਾਈ ਜੀ ਮੁੱਖ ਵਾਕ ਲੈਣ ਲੱਗੇ ਤਾਂ ਪਹਿਲਾ ਉਹਨਾ ਨੇ ਵੀ ਇਹ ਹੀ ਪੰਗਤੀ ਪੜ੍ਹੀ । ਇਹ ਪੰਗਤੀ ਸੁਣ ਕੇ ਹੈਰਾਨੀ ਹੋਈ, ਕਿ ਇਸੇ ਗੁਰਦੁਆਰੇ ਦੇ ਪ੍ਰਬੰਧਕ ਤਾਂ ਮਿਰਤਕ ਸੱਜਣ ਦੀ ਸਿਫਤ ਕਰ ਰਹੇ ਹਨ, ਪਰ ਭਾਈ ਜੀ ਉਹ ਸਲੋਕ ਪੜ੍ਹ ਰਹੇ ਹਨ ਜਿਸ ਵਿੱਚ ਗੁਰਬਾਣੀ ਮਨੁੱਖ ਨੂੰ ਬਗਲੇ ਦੀ ਮਿਸਾਲ ਦੇ ਕੇ ਢੌਂਗੀ ਆਖ ਰਹੀ ਹੈ । ਸਮਾਗਮ ਦੀ ਸਮਾਪਤੀ ਤੋਂ ਬਾਦ ਕੁਝ ਚਿਰ ਉਸ ਭਾਈ ਜੀ ਦੀ ਉਡੀਕ ਕੀਤੀ ਕਿ ਇਸ ਤੋਂ ਸਾਰੇ ਸਲੋਕ ਦੀ ਵਿਆਖਿਆ ਤਾਂ ਸੁਣ ਲਵਾਂ; ਪਰ ਉਹ ਕਿਸੇ ਕੰਮ ਰੁਝ ਗਏ ਅਤੇ ਅਸੀਂ ਵੀ ਕਿਤੇ ਜਾਣਾ ਸੀ ।

ਆਉ ਵੇਖਦੇ ਹਾਂ ਭਗਤ ਜੀ ਦਾ ਪੂਰਾ ਸਲੋਕ : ਫਰੀਦਾ ਦਰੀਆਵੈ ਕੰਨ੍ਹ੍ਹੈ ਬਗਲਾ ਬੈਠਾ ਕੇਲ ਕਰੇ ॥ ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ ॥ ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥ ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥੯੯॥ (ਪੰਨਾ 1383)

ਪਦ ਅਰਥ: ਕੰਨੈ = ਕੰਢੇ ਤੇ। ਕੇਲ = ਕਲੋਲ। ਹੰਝ = ਹੰਸ (ਜਿਹਾ ਚਿੱਟਾ ਬਗੁਲਾ) । ਅਚਿੰਤੇ = ਅਚਨ-ਚੇਤ। ਤਿਹੁ = ਉਸ (ਹੰਝ) ਨੂੰ। ਵਿਸਰੀਆਂ = ਭੁੱਲ ਗਈਆਂ। ਮਨਿ = ਮਨ ਵਿਚ। ਚੇਤੇ ਸਨਿ = ਚੇਤੇ ਵਿਚ ਸਨ, ਯਾਦ ਸਨ। ਗਾਲੀ = ਗੱਲਾਂ।

ਅਰਥ: ਹੇ ਫਰੀਦ! (ਬੰਦਾ ਜਗਤ ਦੇ ਰੰਗ-ਤਮਾਸ਼ਿਆਂ ਵਿਚ ਮਸਤ ਹੈ, ਜਿਵੇਂ) ਦਰਿਆ ਦੇ ਕੰਢੇ ਤੇ ਬੈਠਾ ਹੋਇਆ ਬਗਲਾ ਕਲੋਲ ਕਰਦਾ ਹੈ (ਜਿਵੇਂ ਉਸ) ਹੰਸ (ਵਰਗੇ ਚਿੱਟੇ ਬਗੁਲੇ) ਨੂੰ ਕਲੋਲ ਕਰਦੇ ਨੂੰ ਅਚਨ-ਚੇਤ ਬਾਜ਼ ਆ ਪੈਂਦੇ ਹਨ, (ਤਿਵੇਂ ਬੰਦੇ ਨੂੰ ਮੌਤ ਦੇ ਦੂਤ ਆ ਫੜਦੇ ਹਨ) । ਜਦੋਂ ਉਸ ਨੂੰ ਬਾਜ਼ ਆ ਕੇ ਪੈਂਦੇ ਹਨ, ਤਾਂ ਸਾਰੇ ਕਲੋਲ ਉਸ ਨੂੰ ਭੁੱਲ ਜਾਂਦੇ ਹਨ (ਆਪਣੀ ਜਾਨ ਦੀ ਪੈ ਜਾਂਦੀ ਹੈ, ਇਹੀ ਹਾਲ ਮੌਤ ਆਇਆਂ ਬੰਦੇ ਦਾ ਹੁੰਦਾ ਹੈ) । ਜੋ ਗੱਲਾਂ (ਮਨੁੱਖ ਦੇ ਕਦੇ) ਮਨ ਵਿਚ ਚਿੱਤ-ਚੇਤੇ ਵਿਚ ਨਹੀਂ ਸਨ, ਰੱਬ ਨੇ ਉਹ ਕਰ ਦਿੱਤੀਆਂ।

ਗੁਰਬਾਣੀ ਵਿੱਚ ‘ਹੰਸ’ ਨੂੰ ਬਹੁਤ ਸੱਚਾ ਸੁੱਚਾ ਹੋਣ ਦਾ ਪ੍ਰਤੀਕ ਮੰਨਿਆ ਗਿਆ ਹੈ । ਪਰ ਦੂਜੇ ਪਾਸੇ ਬਗਲੇ ਨੂੰ ਪਾਖੰਡੀ, ਭੇਖੀ, ਵਿਕਾਰੀ ਆਖਿਆ ਗਿਆ ਹੈ । ਗੁਰਬਾਣੀ ਵਿੱਚ ਜਿਥੇ ਹੰਸ ਜਾਂ ਹੰਝ ਨਾਲ ਬਗਲਾ ਸ਼ਬਦ ਆਇਆ ਹੈ, ਉਥੇ ਇਸ ਨੂੰ ਭੇਖੀ ਆਖਿਆ ਗਿਆ ਹੈ । ਕਿਉਂਕਿ ਬਗਲਾ ਵੇਖਣ ਨੂੰ ਤਾਂ ਹੰਸ ਵਰਗਾ ਚਿੱਟਾ ਲੱਗਦਾ ਹੈ ਪਰ ਉਸਦੇ ਕਰਮ ਹੰਸ ਵਰਗੇ ਨਹੀਂ ਹਨ । ਜਿਵੇਂ ਕਈ ਪਹਿਰਾਵੇ ਤੋਂ ਤਾਂ ਸੰਤ ਲੱਗਦੇ ਹਨ ਪਰ ਕਰਤੂਤਾਂ ਤੋਂ ਸੰਤ ਨਹੀਂ ਹਨ । ਉਹਨਾ ਨੂੰ ਬਗਲਾ ਭਗਤ ਹੀ ਆਖਿਆ ਜਾਂਦਾ ਹੈ । ਉਂਝ ਵੀ ਗੁਰਬਾਣੀ ਵਿੱਚ ਜਿਥੇ ਕਿਸੇ ਮਨੁੱਖ ਦੇ ਪਾਖੰਡ ਕਰਨ ਦੀ ਗੱਲ ਹੈ ਉਥੇ ਬਗਲੇ ਦਾ ਨਾਂਅ ਲਿਆ ਹੈ, ਜਿਵੇਂ ਬਹੁਤ ਨੇਕ ਪਵਿਤਰ ਰੂਹ ਵਾਸਤੇ ‘ਹੰਸ’ ਵਰਤਿਆ ਹੈ । ਇਸ ਸਲੋਕ ਵਿੱਚ ਵੀ ਮੌਤ ਨੂੰ ਭਲਾਈ ਬੈਠੇ ਬੰਦੇ ਦੀ ਗੱਲ ਕੀਤੀ ਹੈ । ਚੰਗੇ ਇਨਸਾਨਾਂ ਨੂੰ ਤਾਂ ਮੌਤ ਯਾਦ ਹੀ ਰਹਿੰਦੀ ਹੈ । ਸੋ, ਜਿਹੜਾ ਆਪਣੇ ਆਪ ਨੂੰ ਮਹਾਂਪੁਰਖ, ਬ੍ਰਹਮ ਗਿਆਨੀ ਜਾਂ ਸੰਤ ਅਖਵਾਉਂਦਾ ਹੈ, ਪਰ ਹੈ ਸ਼ੈਤਾਨ ਬਿਰਤੀ ਦਾ ਮਾਲਕ ਤਾਂ ਅਜਿਹੇ ਬੰਦੇ ਦਾ ਅੰਤ ਫਰੀਦ ਜੀ ਇਸ ਸਲੋਕ ਵਿੱਚ ਦੱਸਦੇ ਹਨ ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ‘ਹੰਝ’ ਸਿਰਫ 2 ਵਾਰੀ ਭਗਤ ਫਰੀਦ ਜੀ ਦੇ ਸਲੋਕਾਂ ਵਿੱਚ ਹੀ ਆਇਆ ਹੈ । ਇਕ ਵਾਰੀ ਇਕੱਲੇ ਹੰਝ ਨਾਲ ਹੈ । ਜਿਵੇਂ ਇਥੇ ਭਗਤ ਜੀ ਨੇ ‘ਹੰਝ’ ਨੂੰ ਹੰਸ ਹੀ ਆਖਿਆ ਹੈ ਜਾਨੀ ਕਿ ਭੇਖੀ ਨਹੀਂ:- ਕਲਰ ਕੇਰੀ ਛਪੜੀ ਆਇ ਉਲਥੇ ਹੰਝ ॥ ਚਿੰਜੂ ਬੋੜਨ੍ਹ੍ਹਿ ਨਾ ਪੀਵਹਿ ਉਡਣ ਸੰਦੀ ਡੰਝ ॥੬੪॥ (ਪੰਨਾ 1381)

ਅਰਥ: ਕੱਲਰ ਦੀ ਛੱਪਰੀ ਵਿਚ ਹੰਸ ਆ ਉਤਰਦੇ ਹਨ, (ਉਹ ਹੰਸ ਛੱਪੜੀ ਵਿਚ ਆਪਣੀ) ਚੁੰਝ ਡੋਬਦੇ ਹਨ, (ਪਰ, ਉਹ ਮੈਲਾ ਪਾਣੀ) ਨਹੀਂ ਪੀਂਦੇ, ਉਹਨਾਂ ਨੂੰ ਉਥੋਂ ਉੱਡ ਜਾਣ ਦੀ ਤਾਂਘ ਲੱਗੀ ਰਹਿੰਦੀ ਹੈ।

ਗੁਰੂ ਨਾਨਕ ਪਾਤਸ਼ਾਹ ਨੇ ਵੀ ਜਿਥੇ ਭੇਖੀ ਬੰਦਿਆਂ ਦੀ ਗੱਲ ਕੀਤੀ ਹੈ, ਉਥੇ ਹੰਸ ਨਾਲ ਬਗਲਾ ਸ਼ਬਦ ਵਰਤਿਆ ਹੈ: ਹੰਸ ਹੰਸਾ ਬਗ ਬਗਾ ਲਹੈ ਮਨ ਕੀ ਜਾਲਾ ॥ ਬੰਕੇ ਲੋਇਣ ਦੰਤ ਰੀਸਾਲਾ ॥੭॥(ਮ:1, ਪੰਨਾ 567)

ਅਰਥ: ਮਨ ਤੋਂ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ। (ਸਿਮਰਨ ਦੀ ਬਰਕਤਿ ਨਾਲ (ਮਹਾ ਪਾਖੰਡੀ ਬਗਲਿਆਂ ਤੋਂ ਸ੍ਰੇਸ਼ਟ ਹੰਸ ਬਣ ਜਾਂਦੇ ਹਨ (ਪਖੰਡੀ ਬੰਦਿਆਂ ਤੋਂ ਉੱਚੇ ਜੀਵਨ ਵਾਲੇ ਗੁਰਮੁਖ ਬਣ ਜਾਂਦੇ ਹਨ)

ਗੁਰੂ ਨਾਨਕ ਪਾਤਸ਼ਾਹ ਦਾ ਇਕ ਹੋਰ ਸ਼ਬਦ ਬਗਲੇ ਦੇ ਸੁਭਾਉ ਬਾਰੇ ਹੈ :

ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨ੍ਹ੍ਹਿ ॥ ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨ੍ਹ੍ਹਿ ॥੩॥(ਮ:1,ਪੰਨਾ 729)

ਅਰਥ: ਬਗਲਿਆਂ ਦੇ ਚਿੱਟੇ ਖੰਭ ਹੁੰਦੇ ਹਨ, ਵੱਸਦੇ ਭੀ ਉਹ ਤੀਰਥਾਂ ਉਤੇ ਹੀ ਹਨ। ਪਰ ਜੀਆਂ ਨੂੰ (ਗਲੋਂ) ਘੁੱਟ ਘੁੱਟ ਕੇ ਖਾ ਜਾਣ ਵਾਲੇ (ਅੰਦਰੋਂ) ਸਾਫ਼ ਸੁਥਰੇ ਨਹੀਂ ਆਖੇ ਜਾਂਦੇ।੩।

ਗੁਰੂ ਅਮਰਦਾਸ ਜੀ ਦਾ ਇਹ ਸਲੋਕ ਹੈ : ਹੰਸਾ ਦੇਖਿ ਤਰੰਦਿਆ ਬਗਾ ਆਇਆ ਚਾਉ ॥ ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ ॥੧੨੨॥ {ਪੰਨਾ 1384}

ਅਰਥ: ਹੰਸਾਂ ਨੂੰ ਤਰਦਿਆਂ ਵੇਖ ਕੇ ਬਗਲਿਆਂ ਨੂੰ ਭੀ ਚਾਉ ਆ ਗਿਆ, ਪਰ ਵਿਚਾਰੇ ਬਗਲੇ (ਇਹ ਉੱਦਮ ਕਰਦੇ) ਸਿਰ ਹੇਠਾਂ ਤੇ ਪੈਰ ਉੱਪਰ (ਹੋ ਕੇ) ਡੁੱਬ ਕੇ ਮਰ ਗਏ। 122।

ਗੁਰੂ ਰਾਮਦਾਸ ਜੀ ਨੇ ਵੀ ਬਗਲਾ ਸ਼ਬਦ ਪਾਖੰਡੀ ਮਨੁੱਖ ਲਈ ਵਰਤਿਆ ਹੈ: ਭਾਈ ਏਹੁ ਤਪਾ ਨ ਹੋਵੀ ਬਗੁਲਾ ਹੈ ਬਹਿ ਸਾਧ ਜਨਾ ਵੀਚਾਰਿਆ ॥ ਸਤ ਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤੀ ਵਿਚਿ ਹੋਵੈ ਏਤੁ ਦੋਖੈ ਤਪਾ ਦਯਿ ਮਾਰਿਆ ॥ (ਮ:4,ਪੰਨਾ 315)

ਅਰਥ: ਭਲੇ ਮਨੁੱਖਾਂ ਨੇ ਇਕੱਠੇ ਹੋ ਕੇ ਵਿਚਾਰ ਕੀਤੀ ਹੈ (ਤੇ ਫ਼ੈਸਲਾ ਕੀਤਾ ਹੈ) ਕਿ ਹੇ ਭਾਈ! ਇਹ (ਸੱਚਾ) ਤਪਾ ਨਹੀਂ ਹੈ ਬਗੁਲਾ (ਭਾਵ, ਪਖੰਡੀ) ਹੈ। ਭਲੇ ਮਨੁੱਖਾਂ ਦੀ ਇਹ ਤਪਾ ਨਿੰਦਾ ਕਰਦਾ ਹੈ ਤੇ ਸੰਸਾਰ ਦੀ ਉਸਤਤਿ ਵਿਚ ਹੈ (ਭਾਵ, ਸੰਸਾਰੀ ਜੀਵਾਂ ਦੀ ਵਡਿਆਈ ਵਿਚ ਖ਼ੁਸ਼ ਹੁੰਦਾ ਹੈ) ਇਸ ਦੂਸ਼ਣ ਕਰਕੇ ਇਸ ਤਪੇ ਨੂੰ ਖਸਮ ਪ੍ਰਭੂ ਨੇ (ਆਤਮਕ ਜੀਵਨ ਵਲੋਂ) ਮੁਰਦਾ ਕਰ ਦਿੱਤਾ ਹੈ।

ਇਸੇ ਵਿਸ਼ੇ ਬਾਰੇ ਗੁਰੂ ਅਰਜਨ ਪਾਤਸ਼ਾਹ ਜੀ ਦਾ ਵੀ ਸਲੋਕ ਵੇਖਦੇ ਹਾਂ : ਹੰਸਾ ਵਿਚਿ ਬੈਠਾ ਬਗੁ ਨ ਬਣਈ ਨਿਤ ਬੈਠਾ ਮਛੀ ਨੋ ਤਾਰ ਲਾਵੈ ॥ ਜਾ ਹੰਸ ਸਭਾ ਵੀਚਾਰੁ ਕਰਿ ਦੇਖਨਿ ਤਾ ਬਗਾ ਨਾਲਿ ਜੋੜੁ ਕਦੇ ਨ ਆਵੈ ॥ ਹੰਸਾ ਹੀਰਾ ਮੋਤੀ ਚੁਗਣਾ ਬਗੁ ਡਡਾ ਭਾਲਣ ਜਾਵੈ ॥

ਅਰਥ: ਹੰਸਾਂ ਵਿਚ ਬੈਠਾ ਹੋਇਆ ਬਗਲਾ ਹੰਸ ਨਹੀਂ ਬਣ ਜਾਂਦਾ, (ਹੰਸਾਂ ਵਿਚ) ਬੈਠਾ ਹੋਇਆ ਭੀ ਉਹ ਸਦਾ ਮੱਛੀ (ਫੜਨ) ਲਈ ਤਾੜੀ ਲਾਂਦਾ ਹੈ; ਜਦੋਂ ਹੰਸ ਰਲ ਕੇ ਵਿਚਾਰ ਕਰ ਕੇ ਵੇਖਦੇ ਹਨ ਤਾਂ (ਇਹੀ ਸਿੱਟਾ ਨਿਕਲਦਾ ਹੈ ਕਿ) ਬਗਲਿਆਂ ਨਾਲ ਉਹਨਾਂ ਦਾ ਜੋੜ ਫਬਦਾ ਨਹੀਂ, (ਕਿਉਂਕਿ) ਹੰਸਾਂ ਦੀ ਖੁਰਾਕ ਹੀਰੇ ਮੋਤੀ ਹਨ ਤੇ ਬਗਲਾ ਡੱਡੀਆਂ ਲੱਭਣ ਜਾਂਦਾ ਹੈ; ਵਿਚਾਰਾ ਬਗਲਾ (ਆਖ਼ਰ ਹੰਸਾਂ ਦੀ ਡਾਰ ਵਿਚੋਂ) ਉੱਡ ਹੀ ਜਾਂਦਾ ਹੈ ਕਿ ਮਤਾਂ ਮੇਰਾ ਪਾਜ ਖੁਲ੍ਹ ਨ ਜਾਏ। ਟੀਕਾਕਾਰ: ਪ੍ਰੋ. ਸਾਹਿਬ ਸਿੰਘ ਜੀ .

ਉਪਰ ਦਿਤੇ ਗੁਰਬਾਣੀ ਦੇ ਪ੍ਰਮਾਣਾ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਭਗਤ ਫਰੀਦ ਜੀ ਦਾ ਇਹ ਸਲੋਕ ਕਿਸੇ ਚੰਗੇ ਇਨਸਾਨ ਦੀ ਮੌਤ ਹੋ ਜਾਣ ਦੀ ਗੱਲ ਨਹੀਂ ਕਰ ਰਿਹਾ । ਸੋ, ਇਹ ਅਸੀਂ ਸੋਚਣਾ ਹੈ ਕਿ ਕਿਸੇ ਪ੍ਰਾਣੀ ਦੇ ਅਕਾਲ ਚਲਾਣਾ ਕਰ ਗਏ ਦੇ ਰੱਖੇ ਸਮਾਗਮ ਵਿੱਚ ਭਗਤ ਜੀ ਦੇ ਇਸ ਸਲੋਕ ਦੀ ਵਰਤੋਂ ਕਰਨ ਤੋਂ ਪਹਿਲਾਂ ਇਹ ਜਰੂਰ ਸੋਚ ਲਈਏ ਕਿ, ਕੀ ਅਸੀਂ ਮਿਰਤਕ ਪ੍ਰਾਣੀ ਦੀ ਸਿਫਤ ਕਰ ਰਹੇ ਹਾਂ, ਜਾਂ ਕਿ ਉਸਨੂੰ ਪਾਖੰਡੀ, ਭੇਖੀ ਤੇ ਵਿਕਾਰੀ ਆਖ ਰਹੇ ਹਾਂ ?

ਫਰੀਦਾ ਦਰੀਆਵੈ ਕੰਨ੍ਹ੍ਹੈ ਬਗਲਾ ਬੈਠਾ ਕੇਲ ਕਰੇ ॥ ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ ॥ ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥ ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥੯੯॥ (ਪੰਨਾ 1383)
.