.

ਸਿਖਿਆਵਾਂ ਦਾ ਸ੍ਰੋਤ

ਚਾਰ ਸਾਲ ਪਹਿਲਾਂ ਇਹ ਬੋਲ ਵੀਰ ਭੁਪਿੰਦਰ ਸਿੰਘ ਜੀ ਨੇ ਗੁਰਬਾਣੀ ਵਿਚਾਰ ਦੌਰਾਨ ਇਕ ਸਮਾਗਮ ਵਿਚ ਵਰਤੇ ਸਨ ਕਿ -

"ਮੇਰੇ ਬੀਜੀ 90 ਸਾਲਾਂ ਦੇ ਹੋ ਗਏ ਹਨ ਅਤੇ ਬਿਮਾਰ ਰਹਿੰਦੇ ਹਨ ਪਰ ਫਿਰ ਵੀ ਪੂਰੀ ਸ਼ਿੱਦਤ ਨਾਲ ਗੁਰਬਾਣੀ ਸਾਂਝ ਕਰਨ ਲਈ ਦੇਸ਼ਾਂ-ਵਿਦੇਸ਼ਾਂ ਵਿਚ ਜਾਣ ਲਈ ਮੇਰੀ ਹੌਸਲਾ ਅਫਜ਼ਾਈ ਕਰਦੇ ਹਨ। ਬੀਜੀ ਮੈਨੂੰ ਕਹਿੰਦੇ ਕਿ ਤੂੰ ਸਮਾਜ ਦੇ ਭਲੇ ਲਈ, ਸੱਚ ਦੀ ਅਵਾਜ਼ ਨੂੰ ਬੁਲੰਦ ਕਰਨ ਲਈ, ਗੁਰਬਾਣੀ ਵਿਚ ਦਰਸ਼ਾਈ ਜੀਵਨ-ਜਾਚ ਦੀ ਸਾਂਝ ਕਰਨ ਲਈ ਜਾ... ਮੇਰੀ ਚਿੰਤਾ ਨਾ ਕਰ... ਮੈਂ ਠੀਕ ਹਾਂ..."

ਮੈਨੂੰ ਐਸੀ ਮਹਾਨ ਸ਼ਖਸੀਅਤ ਦੇ ਨੇੜੇ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਜਦੋਂ ਵੀ ਬੀਜੀ ਨਾਲ ਗੱਲ ਹੁੰਦੀ ਤਾਂ ਉਹ ਸਭ ਤੋਂ ਪਹਿਲਾਂ ਦਰਬਾਰ ਸਹਿਬ ਦਾ ਹੁਕਮਨਾਮਾ ਸਾਂਝ ਕਰਦੇ ਸਨ ਅਤੇ ਫਿਰ ਜੀਵਨ ਨੂੰ ਸੇਧ ਦੇਣ ਵਾਲੀ ਕੋਈ ਹੱਡ ਬੀਤੀ ਸੁਣਾਉਂਦੇ ਜਾਂ ਕੋਈ ਕਵਿਤਾ ਸਾਂਝ ਕਰਦੇ ਸਨ।

ਬੀਜੀ ਨੂੰ ਸਲੋਕ ਸਹਸਕ੍ਰਿਤੀ, ਪਹਰੇ, ਬਾਰਹਮਾਹ, ਗਾਥਾ ਅਤੇ ਹੋਰ ਕਈ ਲਮੇਰੀ ਬਾਣੀਆਂ ਕੰਠ ਸਨ। ਗੁਰਬਾਣੀ ਦੇ ਨਾਲ ਅਥਾਹ ਪਿਆਰ ਸਦਕੇ ਹੀ ਉਨ੍ਹਾਂ ਦੇ ਪੁੱਤਰ (ਵੀਰ ਭੁਪਿੰਦਰ ਸਿੰਘ ਜੀ) ਨੂੰ ਵੀ ਗੁਰਬਾਣੀ ਖੋਜ ਕਰਨ ਦੀ ਚੇਟਕ ਲੱਗੀ। ਵੀਰ ਜੀ ਹਰ ਸ਼ਬਦ ਅਤੇ ਸੈਮੀਨਾਰ ਦੀ ਤਿਆਰੀ ਅਮਰੀਕਾ ਆਪਣੇ ਘਰ ’ਚ ਬੀਜੀ ਕੋਲ ਬੈਠ ਕੇ ਕਰਦੇ ਰਹੇ ਹਨ। ਬੀਜੀ ਗੁਰਬਾਣੀ ਅਤੇ ਆਪਣੇ ਤਜ਼ੁਰਬੇ, ਅਖਾਣਾਂ ਅਤੇ ਕਈ ਕਵੀਤਾਵਾਂ ਨਾਲ ਵੀਰ ਜੀ ਦੀ ਅਗਵਾਈ ਕਰਦੇ ਰਹੇ ਹਨ।

ਜਦੋਂ ਵੀ ਵੀਰ ਜੀ ਬੀਜੀ ਤੋਂ ਦੂਰ ਹੁੰਦੇ ਤਾਂ ਹਰ ਵੇਲੇ ਧਿਆਨ ਬੀਜੀ ਵੱਲ ਹੀ ਰਹਿੰਦਾ ਸੀ। ਹਰ ਰੋਜ਼ ਫੋਨ ਕਰਦੇ ਅਤੇ ਹੁਕਮਨਾਮਾ ਅਤੇ ਉਸਦੀ ਵਿਚਾਰ ਸੁਣਦੇ ਸਨ। ਬੀਜੀ ਦੀ ਆਦਤ ਹੀ ਇਹ ਸੀ ਕਿ ਉਨ੍ਹਾਂ ਦੇ ਸੰਮਪਰਕ ਵਿਚ ਜੋ ਵੀ ਆਉਂਦਾ ਉਸ ਨਾਲ ਗੁਰਬਾਣੀ ਦੀ ਹੀ ਸਾਂਝ ਕਰਦੇ ਸਨ।

17 ਅਗਸਤ 2018 ਦਿੱਲੀ (ਸਾਕੇਤ) ਵਿਖੇ ਗੁਰਬਾਣੀ ਵਿਚਾਰ ਸਮਾਗਮ ਸੀ ਜਿਸ ਤੋਂ ਪਹਿਲਾਂ ਮਾਂ ਦੀ ਅਸੀਸ ਲੈਣ ਲਈ ਵੀਰ ਜੀ ਨੇ ਅਮਰੀਕਾ ਆਪਣੇ ਬੀਜੀ ਨਾਲ ਗੱਲ ਕੀਤੀ। ਮੈਂ ਵੀ ਬੀਜੀ ਦਾ ਹਾਲ-ਚਾਲ ਪੁੱਛਿਆ ਅਤੇ ਹੁਕਮਨਾਮਾ ਸਰਵਨ ਕੀਤਾ - "ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥ ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥" ਬੀਜੀ ਤੋਂ ਅਸੀਸ ਲੈਕੇ ਅਸੀਂ ਸਾਰੇ ਗੁਰਦੁਆਰੇ ਪੁੱਜੇ ਅਤੇ ਪ੍ਰੋਗਰਾਮ ਤੋਂ ਉਪਰੰਤ ਫੋਨ ਆਇਆ ਕਿ ਬੀਜੀ ਸ਼ਰੀਰਕ ਵਿਛੋੜਾ ਦੇ ਗਏ ਹਨ।

ਬੀਜੀ ਦੀ ਖਾਹਸ਼ ਸੀ ਕਿ ਉਨ੍ਹਾਂ ਦਾ ਸਰੀਰ ਅਗਨ ਭੇਂਟ ਨਾ ਕੀਤਾ ਜਾਵੇ। ਇਹ ਗਲ ਉਹ ਬਹੁਤ ਹੀ ਦ੍ਰਿੜਤਾ ਨਾਲ ਵੀਰ ਜੀ ਨੂੰ ਬਾਰ-ਬਾਰ ਦੁਹਰਾਉਂਦੇ ਸਨ ਕਿ ਮੇਰੇ ਅੰਗਾਂ ਨੂੰ ਮਨੁੱਖਤਾ ਦੇ ਭਲੇ ਲਈ ਦਿੱਤਾ ਜਾਵੇ। ਉਹ ਚਾਹੁੰਦੇ ਸਨ ਕਿ ਮੇਰੀਆਂ ਅੱਖਾਂ ਨਾਲ ਅੰਨ੍ਹਿਆਂ ਦੀਆਂ ਅੱਖਾਂ ਨੂੰ ਰੌਸ਼ਨੀ ਮਿਲੇ। ਇਸ ਲਈ ਉਨ੍ਹਾਂ ਦੀਆਂ ਅੱਖਾਂ ਲੋੜਵੰਦਾਂ ਨੂੰ ਅਤੇ ਬਾਕੀ ਸਾਰਾ ਸਰੀਰ ਸਾਇੰਸ ਦੀ ਖੋਜ ਲਈ ਦੇ ਦਿੱਤਾ ਗਿਆ ਹੈ। ਆਸ ਕਰਦਾ ਹਾਂ ਕਿ ਮਿਰਤਕ ਪ੍ਰਾਣੀ ਦੇ ਸਰੀਰ ਨੂੰ ਮਨੁੱਖਤਾ ਦੇ ਭਲੇ ਲਈ ਦੇਣ ਦਾ ਇਹ ਉਪਰਾਲਾ ਵੱਧ ਤੋਂ ਵੱਧ ਕੀਤਾ ਜਾਵੇ। ਇਸ ਸਦਕਾ ਰੀਤ-ਰਿਵਾਜ਼, ਕਰਮ ਕਾਂਢ, ਪਾਖੰਡ ਤੋਂ ਮੁਕਤੀ ਵੀ ਮਿਲੇਗੀ ਅਤੇ ਵਾਤਾਵਰਣ ਦਾ ਧਿਆਨ ਰੱਖਦਿਆਂ ਪੇੜਾਂ ਦੀਆਂ ਲੱਕੜਾਂ ਬਾਲਣ ਦੀ ਲੋੜ ਵੀ ਨਹੀਂ ਪਵੇਗੀ। ਉਹ ਇਹ ਵੀ ਚਾਹੁੰਦੇ ਸਨ ਕਿ ਮੇਰੇ ਬਾਅਦ ਕੋਈ ਕਰਮ ਕਾਂਢ, ਦਿਖਾਵਾ ਜਾਂ ਪਾਖੰਡ ਨਾ ਕੀਤਾ ਜਾਵੇ।

ਮਾਤਾ ਆਗਿਆ ਕੌਰ ਜੀ ਦੇ ਜੀਵਨ ਤੋਂ ਇਹ ਸੀਖ ਮਿਲਦੀ ਹੈ ਕਿ ਭਲਾਈ ਦੇ ਕੰਮ ਕੇਵਲ ਜਿਊਂਦੇ ਜੀ ਹੀ ਨਹੀਂ ਬਲਕਿ ਸਰੀਰਕ ਵਿਛੋੜਾ ਦੇਣ ਮਗਰੋਂ ਆਪਣਾ ਤਨ ਮਨੁੱਖਤਾ ਦੇ ਭਲੇ ਲਈ ਅਰਪਣ ਕਰਕੇ ਵੀ ਕੀਤੇ ਜਾ ਸਕਦੇ ਹਨ।

ਅੱਜ ਕੌਮ ਨੂੰ "ਅਗਿਆ ਕੌਰ" ਜੈਸੀ ਮਾਂ ਚਾਹੀਦੀ ਹੈ ਜੋ ਦ੍ਰਿੜਤਾ ਨਾਲ ਗੁਰਬਾਣੀ ਅਨੁਸਾਰ ਆਪਣਾ ਜੀਵਨ ਜੀਵੇ ਅਤੇ ਆਪਣੇ ਪਰਵਾਰ ਨੂੰ ਸੁਚੱਜੀ ਜੀਵਨ ਜਾਚ ਲਈ ਪ੍ਰੇਰਣਾ ਦੇ ਸਕੇ।

ਉਪਰੋਕਤ ਲੇਖ ਅਤੇ ਮਾਤਾ ਜੀ ਦੀ ਯਾਦ ਵਿਚ ਗੁਰਬਾਣੀ ਵਿਚਾਰ ਸਮਾਗਮ ਦਾ ਸੁਨੇਹਾ ਸਾਂਝੇ ਤੋਰ ਤੇ ਦੇਣ ਦਾ ਉਪਰਾਲਾ

ਵੱਲੋਂ - ਦੀ ਲਿਵਿੰਗ ਟ੍ਰੈਯਰ

(ਪੁਸ਼ਪਿੰਦਰ ਸਿੰਘ)

ਹਰਮਨ ਪਿਆਰੇ ਬੀਜੀ ਵੱਲੋਂ ਲਿਖੀ ਪੁਸਤਕ "ਸੁਖਾਵੀਂ ਜ਼ਿੰਦਗੀ ਦੇ ਅਸੂਲ" (2015) ਵਿੱਚੋਂ ਇਕ ਖੁੱਲ੍ਹੀ ਕਵਿਤਾ "ਸੁਚੱਜੀ ਮਾਂ" ਜਿਸ ਵਿਚ ਬੀਜੀ ਨੇ ਮਾਂ ਦੇ ਗੁਣਾਂ ਨੂੰ ਦਰਸ਼ਾਉਂਦੇ ਹੋਏ ਜੀਵਨ ਸੇਧ ਦਿੱਤੀ ਹੈ ਆਪ ਜੀ ਨਾਲ ਸਾਂਝ ਕਰ ਰਿਹਾ ਹਾਂ -

ਸੁਚੱਜੀ-ਮਾਂ !

ਆਪਣੇ ਵਿਆਹ ਤੋਂ ਪਹਿਲਾਂ, ਚੰਗੀ ਪੜ੍ਹਾਈ, ਚੌੜਾ ਗਿਆਨ, ਅਮਲੀ ਜੀਵਨ, ਉੱਚੇ ਆਚਰਣ, ਕੁੰਆਰਾਪਨ ਅਤੇ ਸੱਚਾ-ਧਰਮੀ ਜੀਵਨ ਬਣਾਉਂਦੀ ਹੈ, ਸੁਚੱਜੀ-ਮਾਂ !

ਆਪਣੇ ਵਿਆਹ ਮਗਰੋਂ, ਪੇਕੇ ਪਰਿਵਾਰ ਤੋਂ ਚੰਗੇ ਗੁਣ ਲੈ ਕੇ ਸਹੁਰੇ ਘਰ `ਚ ਉਨਹਾਂ ਗੁਣਾਂ ਨੂੰ ਅਮਲ `ਚ ਲਿਆਉਂਦੀ ਹੈ। ਸਹੁਰੇ ਪਰਿਵਾਰ ਦੇ ਹਰੇਕ ਰਿਸ਼ਤੇ ਦੀਆਂ ਕਦਰਾਂ-ਕੀਮਤਾਂ, ਦਰਦਾਂ-ਪੀੜਾਂ, ਜਜ਼ਬਾਤਾਂ ਨੂੰ ਸਮਝਦੀ, ਪਿਆਰਦੀ, ਨਿਹਾਰਦੀ ਅਤੇ ਨਿਖਾਰਦੀ ਹੈ, ਸੁਚੱਜੀ-ਮਾਂ !

ਜਿਵੇਂ ਪੇਕਿਆਂ ਦਾ ਹਰ ਵਕਤ ਧਿਆਨ ਰਖਦੀ ਹੈ ਉਸੀ ਤਰ੍ਹਾਂ ਆਪਣੇ ਸਹੁਰੇ ਪਰਿਵਾਰ ਦੇ ਅਵਗੁਣਾਂ ਨੂੰ ਸੰਵਾਰਦੀ, ਕੱਜ ਕੇ ਰਖਦੀ ਹੈ ਨਾ ਕਿ ਭੰਡਦੀ ਹੈ, ਸੁਚੱਜੀ-ਮਾਂ !

ਘਰ ਦੇ ਕੰਮਾਂ ਨੂੰ ਖਿੜੇ ਮੱਥੇ ਕਰਨਾ ਆਪਣਾ ਫ਼ਰਜ਼ ਸਮਝਦੀ ਹੈ, ਆਪਣੇ ਸੱਸ-ਸਹੁਰੇ ਨੂੰ ਆਪਣੇ ਮਾਂ-ਪਿਓ ਤੇ ਨਨਾਣ-ਦਿਉਰ ਨੂੰ ਆਪਣਾ ਭੈਣ-ਭਰਾ ਹੀ ਮਾਣ ਕੇ ਵਰਤਦੀ ਹੈ, ਸੁਚੱਜੀ-ਮਾਂ !

ਇਸੇ ਤਰ੍ਹਾਂ ਆਸ-ਪੜੋਸ ਨਾਲ ਮਿਲਵਰਤਨ, ਭਾਈਚਾਰਾ ਅਤੇ ਸਮਾਜ ਵਿਚ ਲੋੜਵੰਦਾਂ ਦੇ ਕੰਮ ਆਉਂਦੀ ਹੈ, ਸੁਚੱਜੀ-ਮਾਂ !

ਕਿਸੀ ਨਾਲ ਦੁਨਿਆਵੀ ਪਦਾਰਥਾਂ ਦੀ ਜਿੱਤ-ਹਾਰ ਜਾਂ ਬਹੁਗਿਣਤੀ ਦੀ ਦੌੜ, ਵਿਤਕਰਾ ਜਾਂ ਈਰਖਾ `ਚ ਨਹੀਂ ਪੈਂਦੀ ਹੈ, ਸੁਚੱਜੀ-ਮਾਂ !

ਗਿਲੇ-ਸ਼ਿਕਵੇ, ਨਿਹੋਰੇ, ਸਿੱਡੇ, ਪੇਕਿਆਂ ਦੇ ਪੈਸੇ ਅਤੇ ਉੱਚੀ ਜ਼ਾਤ ਦਾ ਮਾਣ ਨਹੀਂ ਕਰਦੀ ਹੈ। ਆਪਣੇ ਸਮੇਂ ਨੂੰ ਕਪੜੇ, ਫੈਸ਼ਨ, ਵਿਖਾਵੇ `ਚ ਜ਼ਾਇਆ ਵੀ ਨਹੀਂ ਕਰਦੀ ਹੈ ਬਲਕਿ ਸਤਸੰਗਤ, ਚੰਗੀਆਂ ਪੁਸਤਕਾਂ ਰਾਹੀਂ ਸਮਾਂ ਸਫਲਾ ਕਰਦੀ ਹੈ, ਸੁਚੱਜੀ-ਮਾਂ !

ਸੁਚੱਜੀ-ਮਾਂ ਬਰਾਬਰਤਾ ਦਾ ਮਤਲਬ, ਪਤੀ ਨਾਲ ਬਦਲੇ ਲੈਣਾ ਜਾਂ ਉਸ ਪਾਸੋਂ ਘਰ ਦੇ ਕੰਮਾਂ ਦੀ ਵੰਡ ਕਰਾਉਣਾ ਨਹੀ ਸਮਝਦੀ, ਬਲਕਿ ਆਪਣੀ ਸ਼ਰੀਰਕ ਕੋਮਲਤਾ, ਨਾਜ਼ੁਕਤਾ ਅਤੇ ਇਸਤ੍ਰੀ ਪੁਣੇ ਦੇ ਫਰਜ਼ਾਂ ਨੂੰ ਪਛਾਣਦੀ ਅਤੇ ਪੂਰਦੀ ਹੈ। ਰੱਬੀ ਰਜ਼ਾ `ਚ ਆਪਣੇ ਇਸਤ੍ਰੀ ਪੱਖ ਨੂੰ ਮਨੋਰਥ ਭਰਪੂਰ ਜੀਵਨੀ ਵੱਲ ਲਗਾਉਂਦੀ ਹੈ, ਸੁਚੱਜੀ-ਮਾਂ !

ਆਪਣੇ ਪਤੀ ਨਾਲ ਸ਼ਰੀਰਕ ਸੰਬੰਧਾਂ ਤੋਂ ਪਹਿਲਾਂ, ਆਤਮਿਕ ਤਲ ਦੀ ਉੱਚਤਾ ਤਕ ਅਪੜਨ ਦਾ ਹਰੇਕ ਜਤਨ ਕਰਦੀ ਹੈ ਤਾਂ ਕਿ ਜਿਸ ਬੱਚੇ ਨੂੰ ਮਾਂ ਦੇ ਉਦਰ `ਚ ਤਿਆਰ ਕੀਤਾ ਜਾਵੇਗਾ - ਉਸ ਬੱਚੇ ਦੇ ਬੀਜ ਨੂੰ ਵਧੀਆ ਧਰਤੀ ਮਿਲ ਸਕੇ ਅਤੇ ਪਤੀ ਨੂੰ ਵੀ ਉੱਚੇ ਜੀਵਨ ਵੱਲ ਪਰੇਰ ਕੇ ਵਧੀਆ ਬੀਜ ਦੀ ਆਸ ਕੀਤੀ ਜਾ ਸਕੇ - ਇਹੋ ਲੋਚਦੀ ਹੈ, ਸੁਚੱਜੀ-ਮਾਂ !

ਬੱਚਾ ਜੰਮਣ ਤੋਂ ਪਹਿਲਾਂ ਆਪਣੇ ਅਵਗੁਣਾਂ ਦੀ ਖੁਲ੍ਹ ਕੇ ਸੁਧਾਈ ਕਰਦੀ ਅਤੇ ਗੁਣਾਂ ਨੂੰ ਹੋਰ ਵਧਾਉਂਦੀ ਹੈ। ਰਸੋਈ, ਘਰ, ਸਮਾਜ, ਪਰਿਵਾਰ, ਧਾਰਮਿਕ ਖੇਤਰਾਂ ਦੇ ਦਾਇਰੇ ਨੂੰ ਸਮਝਦੀ, ਪੜ੍ਹਦੀ ਅਤੇ ਆਪਣੀ ਸ਼ਖ਼ਸੀਅਤ ਦਾ ਹਿੱਸਾ ਉਨ੍ਹਾਂ `ਚ ਪਾਉਂਦੀ ਹੈ ਅਤੇ ਆਪਣੇ ਤਨ, ਮਨ, ਧਨ ਬਾਰੇ ਗਿਆਨ ਵਧਾਉਂਦੀ ਹੈ, ਸੁਚੱਜੀ-ਮਾਂ !

ਸੁਚੱਜੀ-ਮਾਂ ਦਾ, ਗਰਭ `ਚ ਬੱਚੇ ਦਾ ਬੀਜ ਪੈਣ ਵਾਲੇ ਦਿਨ ਤੋਂ ਪਹਿਲੋਂ, ਸੱਚ ਦੇ ਇਨਸਾਨੀਅਤ ਭਰਪੂਰ ਗਿਆਨ ਕਾਰਣ ਦਿਮਾਗ਼ ਉੱਚਾ ਹੋ ਚੁਕਾ ਹੁੰਦਾ ਹੈ ਇਸ ਕਰਕੇ ਮਨ `ਚੋਂ ਮੁੰਡੇ-ਕੁੜੀ ਦਾ ਵਿਤਕਰਾ ਨਿਕਲ ਗਿਆ ਹੁੰਦਾ ਹੈ ਤੇ ਸਿੱਟੇ ਵਜੋਂ ਬੱਚੇ ਨੂੰ ਬਿਨਾਂ ਵਿਤਕਰੇ ਤੋਂ ਆਪਣੇ ਗਰਭ `ਚ ਪਾਲਦੀ ਅਤੇ ਵਡਿਆਂ ਕਰਦੀ ਹੈ, ਸੁਚੱਜੀ-ਮਾਂ !

ਗਰਭ ਦੌਰਾਨ 9-ਮਹੀਨਿਆਂ ਦੇ ਸਮੇਂ `ਚ ਸਤਸੰਗ ਨੂੰ 24 ਘੰਟੇ ਪਹਿਲ ਦਿੰਦੀ ਹੈ, ਗੁਰਬਾਣੀ, ਕੀਰਤਨ, ਸੰਗੀਤ, ਚੰਗੀਆਂ ਪੁਸਤਕਾਂ, ਚੰਗੀ ਸੋਚ, ਚੜ੍ਹਦੀ ਕਲ੍ਹਾਂ ਦੀ ਬਿਰਤੀ ਵਾਲਾ ਜੀਵਨ ਜੀਉਂਦੀ ਹੈ, ਸੁਚੱਜੀ-ਮਾਂ !

ਗਰਭ ਸਮੇਂ ਕਿਸੀ ਨਾਲ ਵੈਰ, ਈਰਖਾ, ਨਿੰਦਾ, ਬੈਹਸ, ਮਾੜੇ ਬੋਲ, ਤਿੱਖੇ ਤੇਵਰ, ਉੱਚਾ ਬੋਲ, ਗੁੱਸਾ ਨਹੀਂ ਕਰਦੀ ਹੈ ਬਲਕਿ ਕਿਸੀ ਦਾ ਅਵਗੁਣ ਵੇਖ ਕੇ ਅਣਡਿਠ ਕਰ ਦਿੰਦੀ ਹੈ ਕਿਉਂਕਿ ਇਹਨਾਂ ਸਭ ਮਾੜੀਆਂ ਆਦਤਾਂ ਦਾ ਬੱਚੇ `ਤੇ ਮਾੜਾ ਅਸਰ ਪੈਂਦਾ ਹੈ। ਇਸੇ ਕਰਕੇ ਤਾਂ ਮਾੜੀਆਂ, ਡਰਾਉਣੀਆਂ, ਸਸਪੈਂਸਫੁਲ ਫਿਲਮਾਂ ਅਤੇ ਗੰਦੇ ਨਾਵਲ ਵੀ ਨਹੀਂ ਪੜ੍ਹਦੀ ਅਤੇ ਨਾ ਹੀ ਤੱਕਦੀ ਹੈ, ਸੁਚੱਜੀ-ਮਾਂ !

ਆਪਣੇ ਬੱਚੇ ਦੀ ਆਤਮਿਕ ਉਸਾਰੀ ਵਾਲੇ ਆਚਰਣ ਲਈ, ਚੰਗੇ ਮਨੁੱਖ, ਗੁਰੂਆਂ ਅਤੇ ਚੜ੍ਹਦੀ ਕਲਾਂ ਵਾਲੀ ਜੀਵਨੀ ਦੀਆਂ ਪੁਸਤਕਾਂ ਪੜ੍ਹਦੀ ਅਤੇ ਵਿਚਾਰਦੀ ਹੈ। ਕੁਸੰਗੀਆਂ ਦਾ ਸਾਥ ਨਹੀਂ ਕਰਦੀ ਹੈ, ਸੁਚੱਜੀ-ਮਾਂ !

ਆਪਣੀ ਸਿਹਤ ਅਤੇ ਬੱਚੇ ਦੀ ਚੰਗੀ ਉਸਾਰੀ ਲਈ ਮੈਡੀਕਲ ਸਾਇੰਸ ਦਾ ਵੱਧ ਤੋਂ ਵੱਧ ਗਿਆਨ ਲੈ ਕੇ ਆਪਣੇ ਖਾਣ-ਪੀਣ, ਸੌਣ, ਜਾਗਣ, ਸੈਰ, ਵਰਜਿਸ਼ ਦਾ ਧਿਆਨ ਰਖਦੀ ਹੈ, ਸੁਚੱਜੀ-ਮਾਂ !

ਸਾਰੇ ਪਰਿਵਾਰ ਨਾਲ ਘਰ ਦਾ ਸੁਖਾਵਾਂ ਮਾਹੌਲ ਬਣਾਉਣ ਦਾ ਜਤਨ ਕਰਦੀ ਹੈ, ਸੁਚੱਜੀ-ਮਾਂ ! ਕਿਉਂਕਿ ਘਰ ਦੇ ਕਲ-ਕਲ, ਕੁਰਬਲ-ਕੁਰਬਲ ਕਰਦੇ ਮਾਹੌਲ ਦਾ ਅਸਰ ਬੱਚੇ `ਤੇ ਪੈਂਦਾ ਹੈ ਤੇ ਬੱਚੇ ਦਾ ਸੁਭਾਵ ਚਿੜਚਿੜਾ ਬਣ ਜਾਂਦਾ ਹੈ। ਸੁਚੱਜੀ-ਮਾਂ !

ਬੱਚਾ ਵਡਾ ਹੋਣ ਤੇ, ਚੰਗੀ ਪੜ੍ਹਈ ਦੇ ਨਾਲ-ਨਾਲ ਉਸਨੂੰ ਚੰਗਾ ਇਨਸਾਨੀਅਤ ਭਰਪੂਰ ਆਦਰਸ਼ ਮਨੁੱਖ ਬਣਾਉਣ ਵੱਲ ਵੱਧ ਤੋਂ ਵੱਧ ਧਿਆਨ ਕਰਦੀ ਹੈ। ਨਾ ਕਿ ਕੇਵਲ ਦੁਨਿਆਵੀ ਪੜ੍ਹਾਈ ਨੂੰ ਪਹਿਲ ਦਿੰਦੀ ਹੈ ਬਲਕਿ ਧਾਰਮਿਕਤਾ ਨੂੰ ਸਭ ਤੋਂ ਜਿਆਦਾ ਅਹਿਮ ਸਮਝ ਕੇ ਬੱਚੇ ਦੇ ਅੰਦਰ ਦ੍ਰਿੜਾਉਂਦੀ ਰਹਿੰਦੀ ਹੈ, ਸੁਚੱਜੀ-ਮਾਂ !

ਆਪਣੇ ਪਤੀ ਦੇ ਅਵਗੁਣ ਬੱਚਿਆਂ ਨੂੰ ਨਹੀਂ ਸੁਣਾਂਉਂਦੀ ਬਲਕਿ ਬੱਚਿਆਂ ਨੂੰ ਸਹਜ, ਸੰਤੋਖ ਅਤੇ ਮਿਲਵਰਤਨ ਭਰਪੂਰ ਜੀਵਨ ਨਾਲ ਵੇਖ ਕੇ ਅਣਡਿਠ ਕਰਨਾ ਵੀ ਸਿਖਾਉਂਦੀ ਹੈ, ਸੁਚੱਜੀ-ਮਾਂ !

ਜਿਉਂ ਹੀ ਪਤੀ, ਸ਼ਾਮ ਨੂੰ ਕੰਮ ਤੋਂ ਘਰ ਆਉਂਦਾ ਹੈ ਉਸਨੂੰ ਸੱਸ-ਸਹੁਰੇ, ਨਨਾਣ-ਭਰਜਾਈ ਜਾਂ ਆਪਣੇ ਬੱਚਿਆਂ ਦੇ ਅਵਗੁਣ, ਹਾਦਸੇ ਜਾਂ ਢਹਿੰਦੀ ਕਲ੍ਹਾਂ ਦੇ ਤਾਣੇ-ਮੇਣੇ ਅਤੇ ਖਬਰਾਂ ਨਹੀਂ ਸੁਣਾਂਉਂਦੀ ਹੈ, ਸੁਚੱਜੀ-ਮਾਂ !

ਘਰੋਂ ਬਾਹਰ ਪਾਰਟੀਆਂ ਵਿਚ ਪੱਕੀਆਂ-ਪਕਾਈਆਂ ਦੇ ਬਦਲੇ ਘਰ `ਚ ਆਪ ਪਕਾ ਕੇ, ਸਭ ਨੂੰ ਆਪਣੀ ਹੱਥੀਂ ਪਰੋਸ ਕੇ, ਖੁਆਉਣ ਦਾ ਪਿਆਰ ਮਾਣਦੀ ਹੈ, ਸੁਚੱਜੀ-ਮਾਂ !

ਵਿਖਾਵੇ ਦੇ ਰੀਤ-ਰਿਵਾਜ਼ ਅਤੇ ਉਹਨਾਂ ਦੇ ਬੇਲੋੜੇ ਖਰਚ ਤੋਂ ਬਚ ਕੇ ਰਹਿੰਦੀ ਹੈ, ਸੁਚੱਜੀ-ਮਾਂ ! ਬਲਕਿ ਵਿਆਹ-ਸ਼ਾਦੀ, ਜੰਮਣ-ਮਰਣ ਦੀਆਂ ਬੇਲੋੜੀਆਂ ਰੀਤਾਂ, ਰਸਮਾਂ ਅਤੇ ਦਾਜ ਪ੍ਰਥਾ ਤੋਂ ਉਪਰ ਰਹਿੰਦੀ ਹੈ ਅਤੇ ਬੱਚਿਆਂ ਨੂੰ ਵੀ ਇਹੀ ਸਿਖਾਉਂਦੀ ਹੈ, ਸੁਚੱਜੀ-ਮਾਂ !

ਆਪਣੇ ਆਪ ਨੂੰ ਘਰ ਦੀ ਸੁਚੱਜੀ ਇਸਤ੍ਰੀ ਬਣਾਉਣ ਦੇ ਸਾਰੇ ਹੀਲੇ-ਵਸੀਲੇ ਵਰਤਦੀ ਹੈ, ਸੁਚੱਜੀ-ਮਾਂ ! ਪਰ ਜੇ ਸਹੁਰੇ ਪਰਿਵਾਰ ਦੀ ਮਾਲੀ ਹਾਲਤ ਕਾਰਨ, ਪਤੀ ਦੀ ਬੀਮਾਰੀ ਕਾਰਨ ਜਾਂ ਕਿਸੀ ਉੱਚੇ ਆਦਰਸ਼ ਕਾਰਣ ਘਰੋਂ ਬਾਹਰ ਕੰਮ ਤੇ ਮਾਇਆ ਕਮਾਉਣ ਵੀ ਜਾਣਾ ਪੈ ਜਾਵੇ ਤਾਂ ਆਪਣੀ ਪੜ੍ਹਾਈ ਅਤੇ ਸਿਆਣਫ ਦੀ ਪੂਰੀ ਵਰਤੋਂ ਕਰਦੀ ਹੈ, ਵਰਨਾ ਘਰੇਲੂ ਇਸਤ੍ਰੀ ਬਣਨ ਨੂੰ ਹੀ ਪਹਿਲ ਦਿੰਦੀ ਹੈ, ਸੁਚੱਜੀ-ਮਾਂ !

ਘਰ `ਚ ਕੋਈ ਵੀ ਵਾਧ-ਘਾਟ, ਬਿਪਤਾ ਆਣ ਬਣੇ ਤਾਂ ਛਿੱਥੇ ਪੈਣ ਅਤੇ ਡਰਪੋਕ ਬਣਨ ਦੀ ਬਜਾਏ ਸਾਰੇ ਘਰ ਵਾਲਿਆਂ ਨੂੰ ਦਿਲਾਸਾ, ਸਹਜ-ਸੰਤੋਖ ਸਿਖਾਉਂਦੀ ਹੈ ਅਤੇ ਬਿਪਤਾ ਸਮੇਂ ਜੇ ਲੋੜ ਪਵੇ ਤਾਂ ਆਪਣਾ ਸੋਨਾ, ਜੇਵਰ, ਤਨ-ਮਨ-ਧਨ ਵੀ ਲਗਾ ਕੇ ਆਪਣੇ ਘਰ ਦੀ ਥੰਮੀ ਸੰਭਾਲਦੀ ਹੈ, ਸੁਚੱਜੀ-ਮਾਂ !

ਸਾਦਗੀ ਅਤੇ ਫਬਵੇ, ਕੱਜਵੇ ਪਹਿਰਾਵੇ ਨਾਲ ਆਪਣੇ ਤਨ ਨੂੰ ਕੱਜਦੀ ਹੈ ਲੇਕਿਨ ਅਗਿਆਨਤਾ ਨੂੰ ਆਪਣਾ ਨੰਗੇਜ਼ ਸਮਝ ਕੇ, ਆਪਣੇ ਅੰਤਰ-ਆਤਮੇ ਨੂੰ ਗਿਆਨ ਰੂਪੀ ਸ਼ਿੰਗਾਰ ਪੁਆਉਂਦੀ ਹੈ, ਸੁਚੱਜੀ-ਮਾਂ !

ਭਰਮ-ਵਹਿਮ, ਅੰਧ-ਵਿਸ਼ਵਾਸ, ਜਾਦੂ-ਟੂਣੇ, ਜੰਤਰ-ਮੰਤਰ ਅਤੇ ਸਾਧੂ ਬਾਬਿਆਂ ਵਾਲੇ ਸਾਰੇ ਅੰਧ-ਵਿਸ਼ਵਾਸਾਂ, ਕਰਮਕਾਂਡਾਂ ਅਤੇ ਕਰਾਮਾਤਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਦੀ ਹੈ, ਸੁਚੱਜੀ-ਮਾਂ !

ਸਾਰੇ ਮਜ਼੍ਹਬਾਂ ਵਾਲਿਆਂ ਨਾਲ ਪਿਆਰ, ਉਨ੍ਹਾਂ ਦਾ ਸਤਿਕਾਰ, ਵੰਡ-ਛਕਣਾ ਸਿਖਾਉਂਦੀ ਹੈ ਤੇ ਕਿਸੀ ਵੀ ਮਜ਼੍ਹਬ ਨਾਲ ਨਫ਼ਰਤ, ਵਿਤਕਰਾ ਨਹੀਂ ਸਿਖਾਉਂਦੀ। ਪਰ ਆਪਣੇ ਮਜ਼ਬ ਦੀ ਪੂਰੀ-ਪੂਰੀ ਜਾਨਕਾਰੀ ਸਭ ਤੋਂ ਪਹਿਲੋਂ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਕਰਾਉਂਦੀ ਹੈ, ਸੁਚੱਜੀ-ਮਾਂ !

ਸਮਾਜਕ, ਪਰਿਵਾਰਕ ਤੌਰ ਤੇ ਵਧੀਕੀਆਂ ਅਤੇ ਜ਼ੁਲਮ ਦੇ ਖ਼ਿਲਾਫ਼ ਡਟ ਕੇ ਸੰਤ-ਸਿਪਾਹੀ ਦੀ ਤਰ੍ਹਾਂ ਖਲੋ ਜਾਂਦੀ ਹੈ ਅਤੇ ਮੁਕਾਬਲਾ ਵੀ ਕਰਦੀ ਹੈ, ਸੁਚੱਜੀ-ਮਾਂ !

ਆਗਿਆ ਕੌਰ




.